ਤੁਹਾਨੂੰ ਉਮਰ ਦੇ ਵੱਖ-ਵੱਖ ਪੜਾਵਾਂ 'ਤੇ ਕੀ-ਕੀ ਖਾਣਾ ਚਾਹੀਦਾ ਹੈ, ਬਚਪਨ ਦੀ ਚੰਗੀ ਖੁਰਾਕ ਕਿਵੇਂ ਕੰਮ ਆਉਂਦੀ ਹੈ

ਤਸਵੀਰ ਸਰੋਤ, Serenity Strull/ BBC
- ਲੇਖਕ, ਜੈਸਿਕਾ ਬ੍ਰੈਡਲੀ
- ਰੋਲ, ਬੀਬੀਸੀ ਫਿਊਚਰ
ਦੂਜੇ ਵਿਸ਼ਵ ਯੁੱਧ ਦੌਰਾਨ, ਬ੍ਰਿਟਿਸ਼ ਸਰਕਾਰ ਨੇ ਇੱਕ ਰਾਸ਼ਨ ਪਾਲਿਸੀ ਸ਼ੁਰੂ ਕੀਤੀ ਸੀ ਜਿਸ ਤਹਿਤ ਪਰਿਵਾਰਾਂ ਨੂੰ ਹਰ ਹਫ਼ਤੇ ਰਾਸ਼ਨ ਮਿਲਦਾ ਸੀ। ਇਸ ਦਾ ਮਕਸਦ ਜਿੱਥੇ ਲੋਕਾਂ ਨੂੰ ਉਨ੍ਹਾਂ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਸੀ, ਨਾਲ ਹੀ ਇਹ ਵੀ ਯਕੀਨੀ ਬਣਾਉਣਾ ਸੀ ਕਿ ਖਾਣਾ ਪੂਰੇ ਦੇਸ਼ ਵਿੱਚ ਬਰਾਬਰ ਵੰਡਿਆ ਜਾ ਸਕੇ।
ਚੀਨੀ ਉਨ੍ਹਾਂ ਖਾਣ ਦੀਆਂ ਚੀਜ਼ਾਂ ਵਿੱਚੋਂ ਇੱਕ ਸੀ ਜਿਸਨੂੰ ਰਾਸ਼ਨ ਵਿੱਚ ਦਿੱਤਾ ਜਾਂਦਾ ਸੀ। ਲੋਕਾਂ ਨੂੰ ਪ੍ਰਤੀ ਹਫ਼ਤੇ ਲਗਭਗ 8 ਔਂਸ (227 ਗ੍ਰਾਮ) ਮਿੱਠਾ ਖਾਣ ਦੀ ਇਜਾਜ਼ਤ ਸੀ। ਹਾਲਾਂਕਿ, ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਸੀ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਨਹੀਂ ਦਿੱਤਾ ਜਾਂਦਾ।
ਜਦੋਂ 1953 ਵਿੱਚ ਚੀਨੀ ਦੀ ਰਾਸ਼ਨ ਵਜੋਂ ਨਿਯਮਤ ਮਾਤਰਾ ਦੇਣੀ ਬੰਦ ਹੋ ਗਈ, ਤਾਂ ਬਾਲਗਾਂ ਵਿੱਚ ਚੀਨੀ ਦੀ ਔਸਤ ਖਪਤ ਦੁੱਗਣੀ ਹੋ ਗਈ। ਉਸ ਸਮੇਂ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਨਾਲ ਭਵਿੱਖ ਵਿੱਚ ਵਿਗਿਆਨੀਆਂ ਨੂੰ ਸਾਡੀ ਸਿਹਤ 'ਤੇ ਸ਼ੁਰੂਆਤੀ ਜੀਵਨ ਵਿੱਚ ਚੀਨੀ ਦੀ ਖਪਤ ਦੇ ਅਸਰ ਦਾ ਪਤਾ ਲਗਾਉਣ ਦਾ ਇੱਕ ਵੱਡਾ ਮੌਕਾ ਮਿਲੇਗਾ।
ਸਾਲ 2025 ਦੇ ਇੱਕ ਪੇਪਰ ਵਿੱਚ ਖੋਜਕਰਤਾਵਾਂ ਦੀ ਇੱਕ ਵਿਸ਼ਵਵਿਆਪੀ ਟੀਮ ਨੇ 1951 ਅਤੇ 1956 ਦੇ ਵਿਚਕਾਰ ਯੂਕੇ ਵਿੱਚ ਪੈਦਾ ਹੋਏ 63,000 ਲੋਕਾਂ ਦੇ ਮੈਡੀਕਲ ਰਿਕਾਰਡਾਂ ਦੀ ਗਹਿਰਾਈ ਨਾਲ ਜਾਂਚ ਕੀਤੀ। ਇਸ ਦੌਰ ਦੌਰਾਨ ਚੀਨੀ ਦੀ ਰਾਸ਼ਨ ਵਜੋਂ ਨਿਯਮਤ ਮਾਤਰਾ ਦੇਣਾ ਪੂਰੀ ਤਰ੍ਹਾਂ ਲਾਗੂ ਸੀ।
ਉਨ੍ਹਾਂ ਨੇ ਦੇਖਿਆ ਕਿ ਜਿਨ੍ਹਾਂ ਬੱਚਿਆਂ ਨੂੰ ਗਰਭ ਵਿੱਚ ਅਤੇ ਜ਼ਿੰਦਗੀ ਦੇ ਪਹਿਲੇ 1,000 ਦਿਨਾਂ ਵਿੱਚ ਘੱਟ ਚੀਨੀ ਖਾਣ ਨੂੰ ਮਿਲੀ, ਉਨ੍ਹਾਂ ਵਿੱਚ ਬਾਅਦ ਦੀ ਜ਼ਿੰਦਗੀ ਵਿੱਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ 20% ਘੱਟ ਸੀ, ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 25% ਘੱਟ ਸੀ; ਅਤੇ ਸਟ੍ਰੋਕ ਹੋਣ ਦੀ ਸੰਭਾਵਨਾ 31% ਘੱਟ ਸੀ।
ਇਹ ਉਨ੍ਹਾਂ ਬੱਚਿਆਂ ਦੀ ਤੁਲਨਾ ਵਿੱਚ ਕੀਤੀ ਗਈ ਸੀ ਜਿਨ੍ਹਾਂ ਨੂੰ ਰਾਸ਼ਨ ਵਿੱਚ ਚੀਨੀ ਦੀ ਨਿਯਮਤ ਮਾਤਰਾ ਦੇਣਾ ਬੰਦ ਹੋਣ ਤੋਂ ਬਾਅਦ ਮਨ ਭਰ ਕੇ ਮਠਿਆਈਆਂ ਖਾਣ ਦਿੱਤੀਆਂ ਗਈਆਂ ਸਨ।
ਇਹ ਜਾਣ ਕੇ ਸ਼ਾਇਦ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਚੀਨੀ ਦੇ ਸੇਵਨ ਅਤੇ ਸਿਹਤ ਵਿਚਕਾਰ ਇਹ ਮਜ਼ਬੂਤ ਸਬੰਧ ਸਾਡੇ ਪੈਦਾ ਹੋਣ ਦੇ ਬਾਅਦ ਵੀ ਬਣਿਆ ਰਹਿੰਦਾ ਹੈ।
ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣਾ ਸਾਡੇ ਲਈ ਬੁਰਾ ਹੈ, ਭਾਵੇਂ ਸਾਡੀ ਉਮਰ ਕੁਝ ਵੀ ਹੋਵੇ।
ਪਰ ਕੁਝ ਦੂਜੀਆਂ ਖਾਣ ਵਾਲੀਆਂ ਚੀਜ਼ਾਂ ਨਾਲ ਪੌਸ਼ਟਿਕ ਲਾਭ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਕਿਸ ਪੜਾਅ 'ਤੇ ਹੋ।
ਉਦਾਹਰਣ ਵਜੋਂ, ਛੋਟੇ ਬੱਚਿਆਂ ਅਤੇ ਨਵਜੰਮੇ ਬੱਚਿਆਂ ਨੂੰ ਡੇਅਰੀ ਅਤੇ ਪੂਰੇ ਦੁੱਧ ਵਿੱਚ ਮੌਜੂਦ ਫੈਟ ਦੀ ਭਰਪੂਰ ਮਾਤਰਾ ਦੀ ਲੋੜ ਹੁੰਦੀ ਹੈ, ਪਰ 20 ਅਤੇ 30 ਸਾਲ ਦੀ ਉਮਰ ਵਾਲਿਆਂ ਲਈ ਅਜਿਹਾ ਖਾਣਾ ਓਨਾ ਸਿਹਤਮੰਦ ਨਹੀਂ ਮੰਨਿਆ ਜਾਵੇਗਾ।
ਯੂਕੇ ਦੇ ਇੰਪੀਰੀਅਲ ਕਾਲਜ ਲੰਡਨ ਦੀ ਪੋਸ਼ਣ ਵਿਗਿਆਨੀ ਫੈਡਰਿਕਾ ਅਮਾਤੀ ਦੇ ਅਨੁਸਾਰ, ਬੱਚਿਆਂ ਦੀ ਜ਼ਿਆਦਾ ਊਰਜਾ ਦੀਆਂ ਜ਼ਰੂਰਤਾਂ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਜਿਹੇ ਖਾਣੇ ਦੀ ਜ਼ਰੂਰਤ ਹੈ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ।
ਇੱਕ ਵਧਦੇ ਬੱਚੇ ਦੇ ਰੂਪ ਵਿੱਚ ਸਾਨੂੰ ਜਿਨ੍ਹਾਂ ਖਾਣ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹ ਹਮੇਸ਼ਾ ਉਹ ਨਹੀਂ ਹੁੰਦੀਆਂ ਜਿਨ੍ਹਾਂ ਦੀ ਜ਼ਰੂਰਤ ਸਾਨੂੰ ਬਾਅਦ ਦੀ ਜ਼ਿੰਦਗੀ ਵਿੱਚ ਹੁੰਦੀ ਹੈ।
ਅਮਾਤੀ ਕਹਿੰਦੇ ਹਨ, ''ਦਰਅਸਲ, ਬਚਪਨ ਵਿੱਚ ਭੋਜਨ ਸਰੀਰ ਅਤੇ ਦਿਮਾਗ ਦਾ ਨਿਰਮਾਣ ਕਰਦਾ ਹੈ।''
ਸਿਹਤਮੰਦ ਕੈਲੋਰੀਆਂ ਦੇ ਇਲਾਵਾ ਬੱਚਿਆਂ ਨੂੰ ਇਮਿਊਨਿਟੀ, ਦਿਮਾਗ ਦੇ ਵਿਕਾਸ ਅਤੇ ਮਾਸਪੇਸ਼ੀਆਂ ਦੇ ਵਿਕਾਸ ਲਈ ਆਇਰਨ, ਆਇਓਡੀਨ ਅਤੇ ਕਈ ਤਰ੍ਹਾਂ ਦੇ ਵਿਟਾਮਿਨਾਂ ਦੀ ਵੀ ਲੋੜ ਹੁੰਦੀ ਹੈ।
ਇਸ ਦਾ ਮਤਲਬ ਹੈ ਬਹੁਤ ਸਾਰੇ ਫਲ ਅਤੇ ਸਬਜ਼ੀਆਂ, ਸਾਬਤ ਅਨਾਜ, ਫਲੀਆਂ ਅਤੇ ਦਾਲਾਂ, ਗਿਰੀਆਂ ਅਤੇ ਬੀਜਾਂ ਸਮੇਤ ਚੰਗੀ ਗੁਣਵੱਤਾ ਵਾਲੀ ਫੈਟ ਅਤੇ ਘੱਟੋ ਘੱਟ ਅਲਟਰਾ-ਪ੍ਰੋਸੈਸਡ ਭੋਜਨ।
ਅਮਾਤੀ ਕਹਿੰਦੇ ਹਨ, ''ਗਰਭਧਾਰਨ ਤੋਂ ਲੈ ਕੇ ਪਹਿਲੇ 1,000 ਦਿਨਾਂ ਤੱਕ ਅਤੇ ਸਕੂਲ ਦੇ ਸਾਲਾਂ ਤੱਕ, ਬੱਚੇ ਤੇਜ਼ੀ ਨਾਲ ਵਧਦੇ ਹਨ ਅਤੇ ਆਪਣੇ ਭਵਿੱਖ ਦੀਆਂ ਜ਼ਿਆਦਾਤਰ ਹੱਡੀਆਂ ਦਾ ਨਿਰਮਾਣ ਕਰਦੇ ਹਨ।''
''ਇਸ ਲਈ ਇਸ ਪੜਾਅ 'ਤੇ ਕੈਲਸ਼ੀਅਮ ਅਤੇ ਵਿਟਾਮਿਨ ਡੀ ਜ਼ਰੂਰੀ ਪੌਸ਼ਟਿਕ ਤੱਤ ਹਨ; ਇਹ ਹੱਡੀਆਂ ਦੇ ਆਮ ਵਿਕਾਸ ਅਤੇ 'ਹੈਲਦੀ ਪੀਕ ਬੋਨ ਮਾਸ' (ਪੀਬੀਐੱਮ-ਇਸ ਦਾ ਅਰਥ ਹੈ ਸ਼ੁਰੂਆਤੀ ਬਾਲਗ ਉਮਰ (ਲਗਭਗ 30 ਸਾਲ) ਤੱਕ ਹੱਡੀਆਂ ਦੇ ਟਿਸ਼ੂ (ਆਕਾਰ, ਘਣਤਾ, ਤਾਕਤ) ਦੀ ਵੱਧ ਤੋਂ ਵੱਧ ਮਾਤਰਾ ਪ੍ਰਾਪਤ ਕਰਨਾ।) ਲਈ ਜ਼ਰੂਰੀ ਹਨ, ਜਿਸ ਨਾਲ ਜ਼ਿੰਦਗੀ ਵਿੱਚ ਓਸਟੀਓਪੋਰੋਸਿਸ ਅਤੇ ਹੱਡੀਆਂ ਟੁੱਟਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।''
ਅਮਾਤੀ ਕਹਿੰਦੇ ਹਨ ਕਿ ਅਸਲ ਵਿੱਚ ਇਸ ਦਾ ਮਤਲਬ ਹੈ ਕੈਲਸ਼ੀਅਮ ਦੇ ਨਿਯਮਤ ਸਰੋਤ ਜਿਵੇਂ ਕਿ ਦੁੱਧ, ਦਹੀਂ, ਪਨੀਰ, ਕੈਲਸ਼ੀਅਮ ਵਾਲਾ ਟੋਫੂ ਜਾਂ ਫੋਰਟੀਫਾਈਡ ਪਲਾਂਟ ਡ੍ਰਿੰਕਸ ਅਤੇ ਵਿਟਾਮਿਨ ਡੀ, ਜੋ ਧੁੱਪ, ਮੱਛੀ ਅਤੇ ਅੰਡੇ ਵਰਗੇ ਖਾਣੇ ਤੋਂ ਮਿਲਦਾ ਹੈ।
ਇਸ ਗੱਲ ਦੇ ਚੰਗੇ ਸਬੂਤ ਹਨ ਕਿ ਬਚਪਨ ਵਿੱਚ ਸਹੀ ਭੋਜਨ ਖਾਣ ਨਾਲ ਬਾਅਦ ਵਿੱਚ ਜ਼ਿੰਦਗੀ ਵਿੱਚ ਸਿਹਤ ਨੂੰ ਲਾਭ ਹੋ ਸਕਦਾ ਹੈ।
ਸਾਲ 2023 ਦੇ ਇੱਕ ਅਧਿਐਨ ਵਿੱਚ ਖੋਜਕਰਤਾਵਾਂ ਨੇ ਬੱਚਿਆਂ ਦੀ ਖੁਰਾਕ ਨੂੰ ਦੇਖਿਆ ਅਤੇ ਇਸ ਦੀ ਤੁਲਨਾ ਬੱਚਿਆਂ ਅਤੇ ਬਾਲਗ ਨੌਜਵਾਨਾਂ ਦੇ ਤੌਰ 'ਤੇ ਉਨ੍ਹਾਂ ਦੀ ਸਿਹਤ ਨਾਲ ਕੀਤੀ।
ਉਨ੍ਹਾਂ ਨੇ ਦੇਖਿਆ ਕਿ ਜਿਨ੍ਹਾਂ ਬੱਚਿਆਂ ਨੇ ਸੱਤ ਸਾਲ ਦੀ ਉਮਰ ਵਿੱਚ ਯੂਕੇ ਦੀ ਈਟਵੈੱਲ ਗਾਈਡ ਦੀਆਂ ਤਿੰਨ ਜਾਂ ਉਸ ਤੋਂ ਵੱਧ ਖਾਣ ਸਬੰਧੀ ਸਿਫ਼ਾਰਸ਼ਾਂ ਨੂੰ ਮੰਨਿਆ ਸੀ, ਉਨ੍ਹਾਂ ਵਿੱਚ 24 ਸਾਲ ਦੀ ਉਮਰ ਵਿੱਚ ਦਿਲ ਦੀ ਬਿਮਾਰੀ ਦਾ ਖਤਰਾ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਘੱਟ ਸੀ, ਜਿਨ੍ਹਾਂ ਨੇ ਕੋਈ ਵੀ ਸ਼ਰਤ ਪੂਰੀ ਨਹੀਂ ਕੀਤੀ ਸੀ।

ਕਿਸ਼ੋਰ ਅਤੇ 20ਵੇਂ ਦਹਾਕੇ ਵਾਲੇ
ਹਾਲਾਂਕਿ, ਬਚਪਨ ਇੱਕ ਮਹੱਤਵਪੂਰਨ ਸਮਾਂ ਹੁੰਦਾ ਹੈ, ਪਰ ਅਸੀਂ ਆਪਣੀ ਅੱਲ੍ਹੜ ਉਮਰ ਅਤੇ 20ਵੇਂ ਦਹਾਕੇ ਵਿੱਚ ਜੋ ਖਾਣਾ ਖਾਂਦੇ ਹਾਂ, ਉਹ ਵੀ ਭਵਿੱਖ ਦੀ ਸਿਹਤ ਲਈ ਨੀਂਹ ਰੱਖ ਸਕਦਾ ਹੈ।
ਅਮਾਤੀ ਦੇ ਅਨੁਸਾਰ, ਜ਼ਿੰਦਗੀ ਦਾ ਇਹ ਉਹ ਦੌਰ ਹੁੰਦਾ ਹੈ ਜਦੋਂ ਅਸੀਂ ਹੱਡੀਆਂ ਅਤੇ ਮਾਸਪੇਸ਼ੀਆਂ ਬਣਾਉਣਾ ਸ਼ੁਰੂ ਕਰਦੇ ਹਾਂ, ਅਤੇ ਘੰਟਿਆਂ ਤੱਕ ਪੜ੍ਹਾਈ, ਕੰਮ ਕਰਨ ਅਤੇ ਸਮਾਜਿਕ ਮੇਲ-ਜੋਲ ਵਿੱਚ ਬਿਤਾਉਣਾ ਸ਼ੁਰੂ ਕਰਦੇ ਹਾਂ। ਇਹ ਸਭ ਪੌਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਨੂੰ ਵਧਾਉਂਦੇ ਹਨ।
ਅਮਾਤੀ ਕਹਿੰਦੇ ਹਨ, "ਕਿਸ਼ੋਰ ਅਵਸਥਾ ਅਤੇ ਜਵਾਨੀ ਦੀ ਸ਼ੁਰੂਆਤ ਪੋਸ਼ਣ ਲੈਣ ਲਈ ਇੱਕ ਹੋਰ ਵੱਡਾ ਮੌਕਾ ਹੈ।"
"20ਵੇਂ ਦਹਾਕੇ ਵਿੱਚ ਵਿਕਾਸ ਹੌਲੀ ਹੋ ਜਾਂਦਾ ਹੈ, ਪਰ ਇਹ ਅਜੇ ਵੀ ਅਜਿਹੀਆਂ ਆਦਤਾਂ ਸਥਾਪਤ ਕਰਨ ਲਈ ਇੱਕ ਮਹੱਤਵਪੂਰਨ ਦਹਾਕਾ ਹੈ ਜੋ ਬਾਅਦ ਦੀ ਜ਼ਿੰਦਗੀ ਵਿੱਚ ਦਿਲ ਅਤੇ ਦਿਮਾਗ ਦੀ ਸਿਹਤ ਦੀ ਰੱਖਿਆ ਕਰਦੀਆਂ ਹਨ।"
"ਅਸੀਂ ਦੇਖਦੇ ਹਾਂ ਕਿ ਦਿਲ ਦੀ ਬਿਮਾਰੀ ਦੀ ਬਹੁਤ ਸਾਰੀ ਨੀਂਹ ਇਸੇ ਉਮਰ ਵਿੱਚ ਪੈ ਜਾਂਦੀ ਹੈ, ਭਾਵੇਂ ਲੱਛਣ ਬਹੁਤ ਬਾਅਦ ਵਿੱਚ ਦਿਖਾਈ ਦਿੰਦੇ ਹਨ।"
ਸਾਡੀ ਅੱਲ੍ਹੜ ਉਮਰ ਵਿੱਚ ਸਰੀਰ ਨੂੰ ਬਾਅਦ ਦੀ ਉਮਰ ਦੇ ਮੁਕਾਬਲੇ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਆਇਰਨ ਸ਼ਾਮਲ ਹਨ ਜੋ ਮਾਹਵਾਰੀ ਆਉਣ ਵਾਲੀਆਂ ਲੜਕੀਆਂ ਲਈ ਖਾਸ ਤੌਰ 'ਤੇ ਜ਼ਰੂਰੀ ਹਨ।
ਅਮਾਤੀ ਕਹਿੰਦੇ ਹਨ ਕਿ ਪ੍ਰੋਟੀਨ ਅਤੇ ਬੀ ਵਿਟਾਮਿਨ ਵੀ ਜ਼ਰੂਰੀ ਹਨ।
ਤਾਂ ਇਹ ਡਾਈਟ ਕਿਹੋ ਜਿਹੀ ਹੈ? ਅਮਾਤੀ ਦੇ ਅਨੁਸਾਰ, ਅੱਲ੍ਹੜਾਂ ਅਤੇ ਨੌਜਵਾਨ ਬਾਲਗਾਂ ਨੂੰ ਜ਼ਿਆਦਾਤਰ ਪਲਾਂਟ-ਬੇਸਡ ਭੋਜਨ ਲੈਣਾ ਚਾਹੀਦਾ ਹੈ ਅਤੇ ਅਲਟਰਾ-ਪ੍ਰੋਸੈਸਡ ਭੋਜਨਾਂ ਤੋਂ ਬਚਣਾ ਚਾਹੀਦਾ ਹੈ। ਯਾਨੀ ਬਹੁਤ ਸਾਰੇ ਫਲ, ਸਬਜ਼ੀਆਂ, ਸਾਬਤ ਅਨਾਜ, ਫਲੀਆਂ, ਗਿਰੀਆਂ, ਦਾਲਾਂ ਅਤੇ ਬੀਜ।
ਉਹ ਕਹਿੰਦੇ ਹਨ ਕਿ ਹਰ ਖਾਣੇ ਵਿੱਚ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਲੈਣਾ ਵੀ ਜ਼ਰੂਰੀ ਹੈ, ਜੋ ਕਿ ਪਲਾਂਟ-ਬੇਸਡ ਵੀ ਹੋ ਸਕਦਾ ਹੈ।
ਅਧਿਐਨ ਦਰਸਾਉਂਦੇ ਹਨ ਕਿ ਅਜਿਹੀ ਡਾਈਟ ਲੈਣ ਨਾਲ ਨਾ ਸਿਰਫ਼ ਸਰੀਰ ਨੂੰ ਲਾਭ ਹੁੰਦਾ ਹੈ, ਬਲਕਿ ਇਹ ਮਾਨਸਿਕ ਸਿਹਤ 'ਤੇ ਵੀ ਅਸਰ ਪਾ ਸਕਦੀ ਹੈ।
ਅਮਾਤੀ ਕਹਿੰਦੇ ਹਨ, "ਇਸ ਗੱਲ ਦੇ ਬਹੁਤ ਸਬੂਤ ਹਨ ਕਿ ਅੱਲ੍ਹੜ ਉਮਰ ਵਿੱਚ ਖਾਣ ਦੀਆਂ ਆਦਤਾਂ ਮਾਨਸਿਕ ਸਿਹਤ ਦੇ ਜੋਖਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜ਼ਿਆਦਾ ਅਲਟਰਾ-ਪ੍ਰੋਸੈਸਡ ਭੋਜਨ ਅਤੇ ਘੱਟ ਰੇਸ਼ੇਦਾਰ ਭੋਜਨ ਖਾਣ ਨਾਲ ਡਿਪਰੈਸ਼ਨ ਅਤੇ ਚਿੰਤਾ ਵਧਦੀ ਹੈ, ਜਦੋਂ ਕਿ ਮੈਡੀਟੇਰੀਅਨ ਡਾਈਟ ਜ਼ਿਆਦਾ ਸੁਰੱਖਿਆਤਮਕ ਲੱਗਦੀ ਹੈ।"
ਮੈਡੀਟੇਰੀਅਨ ਡਾਈਟ ਵਿੱਚ ਸਬਜ਼ੀਆਂ, ਫਲੀਆਂ, ਗਿਰੀਆਂ ਅਤੇ ਜੈਤੂਨ ਦੇ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਮੱਛੀ, ਡੇਅਰੀ ਉਤਪਾਦ ਅਤੇ ਪੋਲਟਰੀ ਘੱਟ ਮਾਤਰਾ ਵਿੱਚ ਹੁੰਦੇ ਹਨ।
ਮੈਡੀਟੇਰੀਅਨ ਡਾਈਟ ਉਨ੍ਹਾਂ ਮਰਦਾਂ ਅਤੇ ਔਰਤਾਂ ਲਈ ਵੀ ਫਾਇਦੇਮੰਦ ਹੋ ਸਕਦੀ ਹੈ ਜੋ ਆਪਣਾ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਹਨ, ਜੋ ਅਕਸਰ 20, 30 ਅਤੇ 40 ਸਾਲ ਦੀ ਉਮਰ ਵਿੱਚ ਹੁੰਦਾ ਹੈ।
ਅਧਿਐਨ ਤੋਂ ਪਤਾ ਲੱਗਦਾ ਹੈ ਕਿ ਮੈਡੀਟੇਰੀਅਨ ਡਾਈਟ ਫਰਟਿਲਿਟੀ 'ਤੇ ਸਕਾਰਾਤਮਕ ਅਸਰ ਪਾ ਸਕਦੀ ਹੈ, ਜਦੋਂ ਕਿ ਵੈਸਟਰਨ ਡਾਈਟ ਜਿਸ ਵਿੱਚ ਸੈਚੂਰੇਟੇਡ ਫੈਟ, ਮੀਟ ਅਤੇ ਸਫ਼ੈਦ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਹਨ। ਉਸ ਦਾ ਸਬੰਧ ਔਰਤਾਂ ਅਤੇ ਮਰਦਾਂ ਦੋਵਾਂ ਵਿੱਚ ਬਾਂਝਪਣ ਨਾਲ ਹੈ।
ਔਰਤਾਂ ਲਈ ਕੀਤੇ ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਫੋਲੇਟ ਨਾਲ ਭਰਪੂਰ ਡਾਈਟ ਫਰਟਿਲਿਟੀ ਟਰੀਟਮੈਂਟ ਵਿੱਚ ਮਦਦ ਕਰ ਸਕਦੀ ਹੈ।
ਫੋਲੇਟ ਨਾਲ ਭਰਪੂਰ ਭੋਜਨ ਵਿੱਚ ਗੂੜ੍ਹੇ ਰੰਗ ਦੀਆਂ ਹਰੀਆਂ ਪੱਤੇਦਾਰ ਸਬਜ਼ੀਆਂ, ਅੰਕੁਰਿਤ ਅਨਾਜ, ਬ੍ਰੋਕਲੀ ਅਤੇ ਛੋਲੇ ਸ਼ਾਮਲ ਹਨ।
ਅਧਖੜ ਉਮਰ

ਤਸਵੀਰ ਸਰੋਤ, Serenity Strull/ BBC
ਯੂਕੇ ਦੀ ਸ਼ੈਫੀਲਡ ਯੂਨੀਵਰਸਿਟੀ ਵਿੱਚ ਮਨੁੱਖੀ ਪੋਸ਼ਣ ਦੀ ਪ੍ਰੋਫੈਸਰ ਐਲਿਜ਼ਾਬੈਥ ਵਿਲੀਅਮਜ਼ ਦੇ ਅਨੁਸਾਰ, ਜੀਵਨ ਦੇ ਮੱਧ ਯਾਨੀ ਅਧਖੜ ਉਮਰ ਵਿੱਚ ਸਾਨੂੰ ਬਾਅਦ ਦੀ ਜ਼ਿੰਦਗੀ ਵਿੱਚ ਸਿਹਤ ਲਈ ਆਪਣੀ ਡਾਈਟ ਨੂੰ ਬਿਹਤਰ ਬਣਾਉਣ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਵਿਲੀਅਮਜ਼ ਕਹਿੰਦੇ ਹਨ, ''ਇਹ ਗੱਲ ਖਾਸ ਤੌਰ 'ਤੇ ਮੀਨੋਪੌਜ਼ ਦੀ ਉਮਰ ਦੇ ਆਸ-ਪਾਸ ਦੀਆਂ ਔਰਤਾਂ ਲਈ ਸੱਚ ਹੈ, ਜਦੋਂ ਹੱਡੀਆਂ ਦੀ ਘਣਤਾ ਵਿੱਚ ਤੇਜ਼ੀ ਨਾਲ ਕਮੀ ਆਉਂਦੀ ਹੈ, ਸਰਕੋਪੇਨੀਆ [ਉਮਰ ਨਾਲ ਸਬੰਧਤ ਮਾਸਪੇਸ਼ੀਆਂ ਦਾ ਨੁਕਸਾਨ] ਅਤੇ ਓਸਟੀਓਪੋਰੋਸਿਸ (ਹੱਡੀਆਂ ਦਾ ਕਮਜ਼ੋਰ ਹੋਣਾ) ਹੁੰਦਾ ਹੈ।''
ਓਸਟੀਓਪੋਰੋਸਿਸ ਦੇ ਇਲਾਵਾ ਮੀਨੋਪੌਜ਼ ਨਾਲ ਮੋਟਾਪਾ, ਦਿਲ ਦੀ ਬਿਮਾਰੀ ਅਤੇ ਟਾਈਪ 2 ਸ਼ੂਗਰ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਬੱਚਾ ਪੈਦਾ ਕਰਨ ਦੀ ਉਮਰ ਦੀਆਂ ਔਰਤਾਂ ਵਿੱਚ ਐਸਟ੍ਰੋਜਨ ਸੈਂਟਰਲ ਨਰਵਸ ਸਿਸਟਮ 'ਤੇ ਕੰਮ ਕਰਕੇ ਭੁੱਖ ਘਟਾ ਸਕਦਾ ਹੈ। ਇਹ ਇੰਸੁਲਿਨ ਸੈਂਸਿਟਿਵਿਟੀ ਅਤੇ ਮਾਸਪੇਸ਼ੀਆਂ ਦੁਆਰਾ ਗਲੂਕੋਜ਼ ਗ੍ਰਹਿਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ।
ਹਾਲਾਂਕਿ, ਮੀਨੋਪੌਜ਼ ਵਿੱਚ ਸਰੀਰ ਵਿੱਚ ਐਸਟ੍ਰੋਜਨ ਘੱਟ ਹੋ ਜਾਂਦਾ ਹੈ। ਨਤੀਜੇ ਵਜੋਂ ਭਾਰ ਅਤੇ ਵਿਸਰਲ ਫੈਟ ਵਧਣ ਲੱਗਦਾ ਹੈ।
ਹਾਲਾਂਕਿ, ਚੰਗੀ ਖੁਰਾਕ ਦੀ ਪਾਲਣਾ ਕਰਕੇ ਇਸ ਜੋਖਮ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਉਦਾਹਰਣ ਵਜੋਂ, ਹਾਲ ਹੀ ਵਿੱਚ ਇੱਕ ਸਟੱਡੀ ਵਿੱਚ ਖੋਜਕਰਤਾਵਾਂ ਨੇ ਘੱਟੋ-ਘੱਟ 39 ਸਾਲ ਜਾਂ ਉਸ ਤੋਂ ਵੱਧ ਉਮਰ ਦੇ 100,000 ਤੋਂ ਵੱਧ ਅਮਰੀਕੀ ਮਰਦਾਂ ਅਤੇ ਔਰਤਾਂ ਦੀ ਡਾਈਟ ਅਤੇ ਸਿਹਤ ਨੂੰ ਦੇਖਿਆ।
ਉਨ੍ਹਾਂ ਨੇ ਪਾਇਆ ਕਿ ਫਲ, ਸਬਜ਼ੀਆਂ, ਸਾਬਤ ਅਨਾਜ, ਅਨਸੈਚੂਰੇਟੇਡ ਫੈਟ, ਗਿਰੀਆਂ, ਫਲ਼ੀਆਂ ਅਤੇ ਘੱਟ ਫੈਟ ਵਾਲੇ ਡੇਅਰੀ ਉਤਪਾਦਾਂ ਵਾਲੀ 'ਹੈਲਦੀ ਡਾਟੀਟ' ਦਾ ਸਬੰਧ 'ਹੈਲਦੀ ਏਜਿੰਗ' ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਸੀ (ਜਿਸ ਨੂੰ ਉਨ੍ਹਾਂ ਨੇ ਘੱਟੋ-ਘੱਟ 70 ਸਾਲ ਤੱਕ ਬਿਨਾਂ ਕਿਸੇ ਪੁਰਾਣੀ ਬਿਮਾਰੀ ਦੇ, ਚੰਗੇ ਦਿਮਾਗੀ ਅਤੇ ਸਰੀਰਕ ਕੰਮਕਾਜ ਅਤੇ ਮਾਨਸਿਕ ਸਿਹਤ ਨਾਲ ਜਿਉਣਾ ਦੱਸਿਆ।)।
ਅਮਾਤੀ ਕਹਿੰਦੇ ਹਨ, "ਜਿਵੇਂ-ਜਿਵੇਂ ਔਰਤਾਂ 40 ਅਤੇ 50 ਦੀ ਉਮਰ ਵਿੱਚ ਦਾਖਲ ਹੁੰਦੀਆਂ ਹਨ, ਤਾਂ ਪੋਸ਼ਣ ਸਬੰਧੀ ਦੋ ਵੱਡੀਆਂ ਤਰਜੀਹਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ: ਦਿਲ ਦੀ ਸਿਹਤ ਅਤੇ ਹੱਡੀਆਂ ਅਤੇ ਮਾਸਪੇਸ਼ੀਆਂ ਦੀ ਸਿਹਤ।"
"ਮੀਨੋਪੌਜ਼ ਦੌਰਾਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਜਾਂਦਾ ਹੈ, ਜਿਸ ਦਾ ਇੱਕ ਕਾਰਨ ਇਹ ਹੈ ਕਿ ਐਸਟ੍ਰੋਜਨ ਦੀ ਘਾਟ ਨਾਲ ਬਲੱਡ ਲਿਪਿਡ, ਖੂਨ ਦੀਆਂ ਨਾੜੀਆਂ ਅਤੇ ਸਰੀਰ ਵਿੱਚ ਫੈਟ ਦੀ ਵੰਡ 'ਤੇ ਅਸਰ ਪੈਂਦਾ ਹੈ।"
ਅਮਾਤੀ ਦਾ ਕਹਿਣਾ ਹੈ ਕਿ ਓਮੇਗਾ 3 ਫੈਟ, ਖਾਸ ਕਰਕੇ ਮੈਕੇਰਲ ਅਤੇ ਸੈਲਮਨ ਵਰਗੀਆਂ ਤੇਲਯੁਕਤ ਮੱਛੀਆਂ ਵਿੱਚ ਪਾਈਆਂ ਜਾਣ ਵਾਲੀਆਂ ਕਿਸਮਾਂ, ਇਸ ਵਿੱਚ ਮਦਦ ਕਰਦੀਆਂ ਹਨ ਕਿਉਂਕਿ ਇਹ ਦਿਲ ਦੀ ਬਿਮਾਰੀ ਦੇ ਜੋਖਮ ਦੇ ਕਾਰਕਾਂ ਨੂੰ ਘਟਾਉਂਦੀਆਂ ਹਨ। ਇਨ੍ਹਾਂ ਵਿੱਚ 'ਐਂਟੀ-ਇੰਫਲੇਮੇਟਰੀ' ਪ੍ਰਭਾਵ ਹੁੰਦੇ ਹਨ।
ਇਸ ਵਿਚਕਾਰ ਅਮਾਤੀ ਨੇ ਮਾਸਪੇਸ਼ੀਆਂ ਦੇ ਨੁਕਸਾਨ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਪ੍ਰੋਟੀਨ ਦੀ ਮਾਤਰਾ ਵਿੱਚ ਥੋੜ੍ਹਾ ਵਾਧਾ ਕਰਨ ਅਤੇ ਬਿਹਤਰ ਕਾਰਡੀਓਮੈਟਾਬੋਲਿਕ ਸਿਹਤ ਦੇ ਨਾਲ ਨਾਲ ਆਂਦਰਾਂ ਦੀ ਤੰਦਰੁਸਤੀ ਅਤੇ ਮਾਨਸਿਕ ਸਿਹਤ ਲਈ ਮੈਡੀਟੇਰੀਅਨ-ਸ਼ੈਲੀ ਦੀ ਡਾਈਟ ਲੈਣ ਦੀ ਸਲਾਹ ਦਿੱਤੀ ਹੈ।
ਅੰਤ ਵਿੱਚ, ਉਹ ਕਹਿੰਦੇ ਹਨ ਕਿ ਅਲੱਗ ਅਲੱਗ ਤਰ੍ਹਾਂ ਦੇ ਪੌਦਿਆਂ ਨਾਲ ਭਰਪੂਰ, ਮੈਡੀਟੇਰੀਅਨ-ਸਟਾਈਲ ਵਾਲੀ ਡਾਈਟ ਲੈਣਾ ਜ਼ਰੂਰੀ ਹੈ ਜਿਸ ਵਿੱਚ ਕਾਫ਼ੀ ਮਾਤਰਾ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਅਤੇ ਓਮੇਗਾ-3 ਹੋਵੇ ਜੋ ਦਿਲ, ਹੱਡੀਆਂ ਅਤੇ ਦਿਮਾਗ ਦੀ ਸਿਹਤ ਨੂੰ ਸਪੋਰਟ ਕਰਨ। ਇਸ ਦੇ ਨਾਲ ਹੀ ਅਲਟਰਾ-ਪ੍ਰੋਸੈਸਡ ਭੋਜਨ ਦਾ ਸੇਵਨ ਘੱਟ ਕੀਤਾ ਜਾਵੇ।

ਅਖੀਰਲੀ ਜ਼ਿੰਦਗੀ
ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਸਰੀਰ ਦੀ ਬਣਤਰ ਬਦਲਦੀ ਹੈ ਅਤੇ ਸਾਡੀਆਂ ਊਰਜਾ ਦੀਆਂ ਲੋੜਾਂ ਘੱਟ ਜਾਂਦੀਆਂ ਹਨ। ਇਸ ਲਈ ਸਾਨੂੰ ਘੱਟ ਕੈਲੋਰੀਆਂ ਖਪਤ ਕਰਨ ਦੀ ਲੋੜ ਹੁੰਦੀ ਹੈ।
ਹਾਲਾਂਕਿ, ਸਾਨੂੰ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਨੂੰ ਹੱਡੀਆਂ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਬਣਾਈ ਰੱਖਣ ਲਈ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਰਹਿਣ।
ਵਿਲੀਅਮਜ਼ ਦੇ ਅਨੁਸਾਰ, ਬੁਢਾਪੇ ਵਿੱਚ ਸਾਨੂੰ ਦੋ ਮੁੱਖ ਪੌਸ਼ਟਿਕ ਤੱਤਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਉਹ ਹਨ ਕੈਲਸ਼ੀਅਮ ਅਤੇ ਵਿਟਾਮਿਨ ਡੀ। ਜਿਨ੍ਹਾਂ ਬਜ਼ੁਰਗਾਂ ਨੂੰ ਉਚਿੱਤ ਕੈਲਸ਼ੀਅਮ ਜਾਂ ਵਿਟਾਮਿਨ ਡੀ ਨਹੀਂ ਮਿਲਦਾ, ਉਨ੍ਹਾਂ ਵਿੱਚ ਓਸਟੀਓਪੋਰੋਸਿਸ ਅਤੇ ਹੱਡੀਆਂ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ।
ਕੈਲਸ਼ੀਅਮ ਦੁੱਧ ਅਤੇ ਫੋਰਟੀਫਾਈਡ ਵਿਕਲਪਕ ਪੀਣ ਵਾਲੇ ਪਦਾਰਥ, ਹਾਰਡ ਚੀਜ਼, ਦਹੀਂ, ਸਾਰਡੀਨ, ਟੋਫੂ ਅਤੇ ਪਾਲਕ ਵਿੱਚ ਪਾਇਆ ਜਾਂਦਾ ਹੈ।
ਵਿਟਾਮਿਨ ਡੀ ਨਾਲ ਭਰਪੂਰ ਭੋਜਨਾਂ ਵਿੱਚ ਤੇਲਯੁਕਤ ਮੱਛੀ, ਅੰਡੇ ਦੀ ਜ਼ਰਦੀ ਅਤੇ ਫੋਰਟੀਫਾਈਡ ਭੋਜਨ ਸ਼ਾਮਲ ਹਨ।
ਯੂਕੇ ਦੀ ਬੌਰਨਮਾਊਥ ਯੂਨੀਵਰਸਿਟੀ ਵਿਖੇ ਏਜਿੰਗ ਐਂਡ ਡਿਮੈਂਸ਼ੀਆ ਰਿਸਰਚ ਸੈਂਟਰ ਦੀ ਡਾਇਟੀਸ਼ੀਅਨ ਅਤੇ ਸਹਿ-ਮੁਖੀ ਜੇਨ ਮਰਫੀ ਕਹਿੰਦੇ ਹਨ ਕਿ ਜਿਵੇਂ ਜਿਵੇਂ ਸਾਡੀ ਉਮਰ ਵਧਦੀ ਹੈ, ਸਾਨੂੰ ਚੰਗੀ ਗੁਣਵੱਤਾ ਵਾਲਾ ਪ੍ਰੋਟੀਨ ਖਾਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਉਹ ਕਹਿੰਦੇ ਹਨ, ''ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡਾ ਸਰੀਰ ਅਤੇ ਉਸ ਦੇ ਕਾਰਜ ਵਿਗੜਨ ਲੱਗਦੇ ਹਨ, ਸਾਡੀਆਂ ਮਾਸਪੇਸ਼ੀਆਂ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਸਰਕੋਪੇਨੀਆ ਤੋਂ ਬਚਣ ਲਈ ਸਾਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ।''
ਮਰਫੀ ਅੱਗੇ ਕਹਿੰਦੇ ਹਨ ਕਿ ਇਹ ਯਕੀਨੀ ਬਣਾਉਣ ਲਈ ਕਿ ਸਾਡਾ ਸਰੀਰ ਪ੍ਰੋਟੀਨ ਦੀ ਸਹੀ ਵਰਤੋਂ ਕਰੇ, ਇਸ ਲਈ ਪ੍ਰੋਟੀਨ ਨੂੰ ਸੰਤੁਲਿਤ ਡਾਈਟ ਦਾ ਹਿੱਸਾ ਹੋਣਾ ਚਾਹੀਦਾ ਹੈ ਜਿਸ ਵਿੱਚ ਕਾਰਬੋਹਾਈਡਰੇਟ, ਚੰਗੀ ਗੁਣਵੱਤਾ ਵਾਲੀ ਫੈਟ (ਜਿਵੇਂ ਅਨਸੈਚੂਰੇਟੇਡ ਫੈਟ ਜਿਸ ਵਿੱਚ ਜੈਤੂਨ ਦਾ ਤੇਲ , ਐਵੋਕਾਡੋ, ਗਿਰੀਆਂ ਅਤੇ ਤੇਲਯੁਕਤ ਮੱਛੀ ਸ਼ਾਮਲ ਹਨ), ਅਤੇ ਵਿਟਾਮਿਨ ਅਤੇ ਖਣਿਜ ਸ਼ਾਮਲ ਹੋਣ।
ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਸੂਖਮ ਜੀਵ (ਮਾਈਕ੍ਰੋਬਾਇਓਮ) ਵੀ ਬਦਲਦੇ ਹਨ, ਜਿਨ੍ਹਾਂ ਵਿੱਚ ਫਰਮੀਕਿਊਟਸ ਅਤੇ ਬਿਫਿਡੋਬੈਕਟੀਰੀਅਮ ਵਰਗੇ ਲਾਭਦਾਇਕ ਬੈਕਟੀਰੀਆ ਘੱਟ ਹੋ ਜਾਂਦੇ ਹਨ।
ਇਸ ਦੇ ਨਾਲ-ਨਾਲ ਕਲੋਸਟ੍ਰਿਡੀਅਮ ਵਰਗੀਆਂ ਸੰਭਾਵੀ ਤੌਰ 'ਤੇ ਨੁਕਸਾਨਦੇਹ ਪ੍ਰਜਾਤੀਆਂ ਵਧ ਜਾਂਦੀਆਂ ਹਨ।
ਇਹ ਅਸੰਤੁਲਨ ਕਈ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ ਅਲਜ਼ਾਈਮਰ, ਸਟ੍ਰੋਕ ਅਤੇ ਦਿਲ ਦੀ ਬਿਮਾਰੀ।
ਹਾਲਾਂਕਿ ਖੋਜਾਂ ਅਜੇ ਤੱਕ ਹਰ ਅਲੱਗ ਅਲੱਗ ਬਿਮਾਰੀ ਦੀ ਪ੍ਰਕਿਰਿਆ ਦੇ ਸਬੰਧ ਵਿੱਚ ਆਂਦਰਾਂ ਦੇ ਮਾਈਕ੍ਰੋਬਾਇਓਮ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੀਆਂ ਹਨ, ਪਰ ਯੂਕੇ ਦੇ ਕਿੰਗਜ਼ ਕਾਲਜ ਲੰਡਨ ਵਿਖੇ ਜੇਰੀਐਟ੍ਰਿਕ ਮੈਡੀਸਨ ਦੀ ਕਲੀਨਿਕਲ ਲੈਕਚਰਾਰ ਮੈਰੀ ਨੀ ਲੋਚਲੇਨ ਦੇ ਅਨੁਸਾਰ, ਅਸੀਂ ਸੌ ਸਾਲ ਤੋਂ ਜ਼ਿਆਦਾ ਜਿਉਣ ਵਾਲੇ ਲੋਕਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
ਲੋਚਲੇਨ ਕਹਿੰਦੇ ਹਨ, "ਜੋ ਲੋਕ 100 ਸਾਲ ਤੱਕ ਜਿਉਂਦੇ ਹਨ, ਉਹ ਬੁਢਾਪੇ ਦੇ ਕਈ ਦੂਜੇ ਪਹਿਲੂਆਂ ਨੂੰ ਚੁਣੌਤੀ ਦਿੰਦੇ ਦਿਖਦੇ ਹਨ ਜੋ ਦੂਜੇ ਲੋਕਾਂ ਵਿੱਚ ਆਮ ਹੁੰਦੇ ਹਨ ।"
"ਉਨ੍ਹਾਂ ਦਾ ਮਾਈਕ੍ਰੋਬਾਇਓਮ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਹੈ ਜੋ ਦੂਜੇ ਬਜ਼ੁਰਗ ਲੋਕਾਂ ਨਾਲੋਂ ਵੱਖਰਾ ਦਿਖਾਈ ਦਿੰਦਾ ਹੈ।"

ਤਸਵੀਰ ਸਰੋਤ, Serenity Strull/ BBC
ਆਮ ਤੌਰ 'ਤੇ, ਸਿਹਤਮੰਦ ਜਾਂ ਗੈਰ-ਸਿਹਤਮੰਦ ਆਂਦਰਾਂ ਦੇ ਬੈਕਟੀਰੀਆ ਦੀ ਕੋਈ ਪਰਿਭਾਸ਼ਾ ਨਹੀਂ ਹੈ, ਕਿਉਂਕਿ ਇਹ ਜ਼ਿਆਦਾਤਰ ਰੋਗਾਣੂਆਂ ਦੇ ਵਿਚਕਾਰ ਸੰਤੁਲਨ ਬਣਾਏ ਰੱਖਣ ਬਾਰੇ ਹੈ ਜੋ ਮਿਲ ਕੇ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ।
ਹਾਲਾਂਕਿ, ਕੁਝ ਖਾਸ ਬੈਕਟੀਰੀਆ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ, ਜਿਵੇਂ ਕਿ ਫੈਕੈਲੀਬੈਕਟੀਰੀਅਮ ਪ੍ਰੌਸਨਿਟਜ਼ੀ, ਜੋ ਸਿਹਤ ਲਈ ਫਾਇਦੇਮੰਦ ਲੱਗਦੀਆਂ ਹਨ।
ਨੀ ਲੋਚਲੇਨ ਕਹਿੰਦੇ ਹਨ ਕਿ ਜੋ ਲੋਕ ਚੰਗੀ ਤਰ੍ਹਾਂ ਨਾਲ ਉਮਰਦਰਾਜ਼ ਹੋ ਰਹੇ ਹਨ, ਉਨ੍ਹਾਂ ਵਿੱਚ ਫੈਕੈਲੀਬੈਕਟੀਰੀਅਮ ਪ੍ਰੌਸਨਿਟਜ਼ੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਪਰ ਜਦੋਂ ਕਿ ਖੋਜਕਰਤਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਵਿੱਚ ਸੁਰੱਖਿਆਤਮਕ, ਸਕਾਰਾਤਮਕ ਗੁਣ ਹੁੰਦੇ ਹਨ, ਫਿਰ ਵੀ ਉਹ ਪੂਰੀ ਤਰ੍ਹਾਂ ਨਹੀਂ ਸਮਝਦੇ ਕਿ ਇਹ ਕਿਵੇਂ ਕੰਮ ਕਰਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਫੈਕੈਲੀਬੈਕਟੀਰੀਅਮ ਪ੍ਰੌਸਨਿਟਜ਼ੀ ਤੁਹਾਡੇ ਪੇਟ ਵਿੱਚ ਰਹੇ ਤਾਂ ਫਾਈਬਰ ਅਤੇ ਪੌਲੀਫੇਨੌਲ (ਫਲਾਂ ਅਤੇ ਸਬਜ਼ੀਆਂ ਵਿੱਚ ਭਰਪੂਰ ਮਾਤਰਾ ਵਿੱਚ ਹੁੰਦੇ ਹਨ) ਵਾਲਾ ਖਾਣਾ ਸਭ ਤੋਂ ਵਧੀਆ ਤਰੀਕਾ ਹੈ।
ਆਂਦਰਾਂ ਦਾ ਸਿਹਤਮੰਦ ਹੋਣਾ ਕੁਝ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ ਜੋ ਵਧਦੀ ਉਮਰ ਨਾਲ ਹੋ ਸਕਦੀ ਹੈ, ਕਿਉਂਕਿ ਜ਼ਿਆਦਾ ਉਮਰ ਦੇ ਲੋਕ ਨੌਜਵਾਨਾਂ ਦੇ ਮੁਕਾਬਲੇ ਵਿਟਾਮਿਨਾਂ ਨੂੰ ਭੋਜਨ ਤੋਂ ਘੱਟ ਚੰਗੀ ਤਰ੍ਹਾਂ ਸੋਖ ਸਕਦੇ ਹਨ।
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸਿਹਤਮੰਦ ਆਂਦਰਾਂ ਦੇ ਬੈਕਟੀਰੀਆ ਉਸ ਵਿਅਕਤੀ ਦੀਆਂ ਜ਼ਰੂਰਤਾਂ ਲਈ ਕਾਫ਼ੀ B12 ਬਣਾ ਸਕਦੇ ਹਨ, ਜਦੋਂ ਕਿ ਕੁਝ ਆਂਦਰਾਂ ਦੇ ਬੈਕਟੀਰੀਆ ਫੋਲਿਕ ਐਸਿਡ ਵੀ ਬਣਾ ਸਕਦੇ ਹਨ।
ਸਿਹਤਮੰਦ ਆਂਦਰਾਂ ਦਾ ਮਾਈਕ੍ਰੋਬਾਇਓਮ ਬੁਢਾਪੇ ਵਿੱਚ ਮਾਸਪੇਸ਼ੀਆਂ ਦੇ ਨੁਕਸਾਨ ਅਤੇ ਸਰਕੋਪੇਨੀਆ ਦੇ ਜੋਖਮ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦਾ ਹੈ।
ਅੰਤ ਵਿੱਚ, ਕੁਝ ਸਪਲੀਮੈਂਟਸ ਬੁਢਾਪੇ ਵਿੱਚ ਲਾਭਦਾਇਕ ਹੋ ਸਕਦੇ ਹਨ। ਨੀ ਲੋਚਲੇਨ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਪ੍ਰੀਬਾਇਓਟਿਕ ਸਪਲੀਮੈਂਟਸ–ਅਜਿਹੇ ਕੁਦਰਤੀ ਮਿਸ਼ਰਣ ਹਨ ਜੋ ਲਾਭਦਾਇਕ ਸੂਖਮ ਜੀਵਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ, ਉਹ 12 ਹਫ਼ਤਿਆਂ ਵਿੱਚ ਬਜ਼ੁਰਗਾਂ ਵਿੱਚ ਸੋਚਣ ਸਮਝਣ ਦੀ ਸਮਰੱਥਾ ਨੂੰ ਬਿਹਤਰ ਬਣਾ ਸਕਦੇ ਹਨ।
ਨੀ ਲੋਚਲੇਨ ਦੇ ਪ੍ਰੀਬਾਇਓਟਿਕਸ ਵਿੱਚ ਇਨੂਲਿਨ ਹੁੰਦੀ ਹੈ ਜੋ ਇੱਕ ਤਰ੍ਹਾਂ ਦਾ ਡਾਇਟਰੀ ਫਾਈਬਰ ਹੈ ਅਤੇ ਇਸ ਦੇ ਨਾਲ ਹੀ ਪੌਦਿਆਂ ਵਿੱਚ ਪਾਈ ਜਾਣ ਵਾਲੀ ਸ਼ੱਕਰ ਫਰੂਟੋ-ਓਲਿਗੋਸੈਕੇਰਾਈਡਜ਼ ਹੁੰਦੀ ਹੈ।
ਇੱਕ ਹੋਰ ਖੋਜ ਤੋਂ ਪਤਾ ਲੱਗਦਾ ਹੈ ਕਿ ਬਜ਼ੁਰਗ ਖਾਸ ਕਰਕੇ ਕੇਅਰ ਹੋਮ ਵਿੱਚ ਰਹਿਣ ਵਾਲਿਆਂ ਨੂੰ ਵਿਟਾਮਿਨ ਡੀ ਸਪਲੀਮੈਂਟਸ ਫਾਇਦਾ ਤੋਂ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












