ਡੌਨਲਡ ਟਰੰਪ ਅਤੇ ਮਾਰਕ ਕਾਰਨੀ ਇੱਕ-ਦੂਜੇ ਨਾਲ ਇੰਨੇ ਰੁੱਸੇ ਕਿਉਂ ਹੋਏ ਹਨ, ਕੈਨੇਡਾ ਦੇ ਪੀਐੱਮ ਨੇ ਅਜਿਹਾ ਕੀ ਕਿਹਾ ਜੋ ਟਰੰਪ ਨੂੰ ਰਾਸ ਨਹੀਂ ਆਇਆ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਰਮਿਆਨ ਰੋਸਾ ਵੱਧਦਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨੂੰ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਪਰ ਹੁਣ ਉਨ੍ਹਾਂ ਨੇ ਇਸ ਨੂੰ ਵਾਪਸ ਲੈ ਲਿਆ ਹੈ।
ਟਰੰਪ ਨੇ ਇਹ ਕਦਮ ਅਜਿਹੇ ਸਮੇਂ 'ਤੇ ਚੁੱਕਿਆ ਹੈ ਜਦੋਂ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ 'ਵਰਲਡ ਇਕਨਾਮਿਕ ਫੋਰਮ' ਵਿੱਚ ਕੈਨੇਡਾ ਦੇ ਪੀਐਮ ਕਾਰਨੀ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ।
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ, "ਪਿਆਰੇ ਪ੍ਰਧਾਨ ਮੰਤਰੀ ਕਾਰਨੀ, ਕਿਰਪਾ ਕਰਕੇ ਇਸ ਪੱਤਰ ਨੂੰ ਇਸ ਸੂਚਨਾ ਵਜੋਂ ਲਓ ਕਿ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਵਾਪਸ ਲਿਆ ਜਾ ਰਿਹਾ ਹੈ, ਇਸ ਮਾਮਲੇ ਵੱਲ ਧਿਆਨ ਦੇਣ ਲਈ ਧੰਨਵਾਦ।"
ਇਸ ਤੋਂ ਪਹਿਲਾਂ 'ਵਰਲਡ ਇਕਨਾਮਿਕ ਫੋਰਮ' ਦੇ ਮੰਚ 'ਤੇ ਮਾਰਕ ਕਾਰਨੀ ਦਾ ਭਾਸ਼ਣ ਕਾਫ਼ੀ ਚਰਚਾ ਵਿੱਚ ਰਿਹਾ ਹੈ। ਉਨ੍ਹਾਂ ਦਾ ਦਾਵੋਸ ਵਿੱਚ ਦਿੱਤਾ ਭਾਸ਼ਣ ਵਾਇਰਲ ਹੋ ਰਿਹਾ ਹੈ।
"ਕਾਰਨੀ ਨੇ ਕੁਝ ਵੀ ਨਵਾਂ ਨਹੀਂ ਕਿਹਾ, ਸਿਵਾਏ ਇਸ ਦੇ ਕਿ ਮਿਡਲ ਪਾਵਰਾਂ (ਦਰਮਿਆਨੀਆਂ ਤਾਕਤਾਂ) ਮਿਲ ਕੇ ਦਾਦਾਗਿਰੀ ਕਰਨ ਵਾਲਿਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ।"
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕੈਨੇਡਾ ਦੇ ਸਾਬਕਾ ਪੀਐਮ ਜਸਟਿਨ ਟਰੂਡੋ ਨਾਲ ਵੀ ਸੰਬੰਧ ਬਹੁਤ ਖ਼ਰਾਬ ਰਹੇ ਹਨ। ਹੁਣ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ ਕੈਨੇਡਾ ਦੇ ਮੌਜੂਦਾ ਪੀਐਮ ਮਾਰਕ ਕਾਰਨੀ ਵੀ ਆ ਗਏ ਹਨ। ਹਾਲਾਂਕਿ, ਇਹ ਸਮਝਣਾ ਵੀ ਜ਼ਰੂਰੀ ਹੈ ਕਿ ਦਾਵੋਸ ਦੇ ਸੰਮੇਲਨ ਵਿੱਚ ਹੋਈ ਬਿਆਨਬਾਜ਼ੀ ਤੋਂ ਪਹਿਲਾਂ ਦੋਵਾਂ ਦੇ ਰਿਸ਼ਤੇ ਕਿਹੋ ਜਿਹੇ ਰਹੇ ਹਨ?
ਅਮਰੀਕੀ ਟਿੱਪਣੀਕਾਰ ਕ੍ਰਿਸ ਹੇਜ਼ ਨੇ ਵੀ ਕਾਰਨੀ ਦੇ ਭਾਸ਼ਣ ਦੀ ਤਾਰੀਫ਼ ਵਿੱਚ ਲਿਖਿਆ, "ਮਾਰਕ ਕਾਰਨੀ ਦਾ ਦਾਵੋਸ ਵਿੱਚ ਦਿੱਤਾ ਗਿਆ ਭਾਸ਼ਣ ਬਹੁਤ ਲੰਬੇ ਸਮੇਂ ਵਿੱਚ ਕਿਸੇ ਵੀ ਰਾਜਨੇਤਾ ਦੁਆਰਾ ਦਿੱਤੇ ਗਏ ਸਭ ਤੋਂ ਵਧੀਆ ਭਾਸ਼ਣਾਂ ਵਿੱਚੋਂ ਇੱਕ ਹੈ।"
'ਦ ਵਾਇਰ' ਦੇ ਮੋਢੀ ਮੈਂਬਰ ਐਮ.ਕੇ. ਵੇਣੂ ਨੇ ਕਿਹਾ, "ਦਾਵੋਸ ਵਿੱਚ ਮਾਰਕ ਕਾਰਨੀ ਦਾ ਭਾਸ਼ਣ ਇੰਨਾ ਵਾਇਰਲ ਕਿਉਂ ਹੋ ਰਿਹਾ ਹੈ ਅਤੇ ਦੁਨੀਆ ਭਰ ਦੇ ਦੇਸਾਂ ਨੂੰ ਉਤਸ਼ਾਹਿਤ ਕਿਉਂ ਕਰ ਰਿਹਾ ਹੈ? ਕਿਉਂਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਗੱਲਾਂ ਨੂੰ ਜ਼ਾਹਿਰ ਕੀਤਾ ਹੈ ਜੋ ਹੋਰ ਰਾਸ਼ਟਰ ਮੁਖੀ ਕਹਿਣਾ ਤਾਂ ਚਾਹੁੰਦੇ ਹਨ ਪਰ ਕਹਿਣ ਦੀ ਹਿੰਮਤ ਨਹੀਂ ਪੈ ਰਹੀ।"
"ਕਾਰਨੀ ਨੇ ਕੁਝ ਵੀ ਨਵਾਂ ਨਹੀਂ ਕਿਹਾ, ਸਿਵਾਏ ਇਸ ਦੇ ਕਿ ਮਿਡਲ ਪਾਵਰਜ਼ (ਦਰਮਿਆਨੀਆਂ ਤਾਕਤਾਂ) ਮਿਲ ਕੇ ਦਾਦਾਗਿਰੀ ਕਰਨ ਵਾਲਿਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ।"
ਮਾਰਕ ਕਾਰਨੀ ਨੇ ਕੀ ਕਿਹਾ ਜੋ ਟਰੰਪ ਨੂੰ ਰਾਸ ਨਹੀਂ ਆਇਆ?
ਵਰਲਡ ਇਕਨਾਮਿਕ ਫੋਰਮ ਦੇ ਮੰਚ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ 'ਨਵੇਂ ਵਰਲਡ ਆਰਡਰ' 'ਤੇ ਭਾਸ਼ਣ ਦਿੱਤਾ ਸੀ।
ਉਨ੍ਹਾਂ ਨੇ ਇਸ ਗੱਲ ਨੂੰ ਵੀ ਮਜ਼ਬੂਤੀ ਨਾਲ ਰੱਖਿਆ ਕਿ ਕੈਨੇਡਾ ਵਰਗੇ ਮਿਡਲ ਪਾਵਰ (ਦਰਮਿਆਨੀ ਤਾਕਤ) ਵਾਲੇ ਦੇਸ਼ ਆਪਸੀ ਸਹਿਯੋਗ ਨਾਲ ਲਾਭ ਉਠਾ ਸਕਦੇ ਹਨ। ਕਾਰਨੀ ਨੇ ਦੁਨੀਆ ਵਿੱਚ ਵੱਡੇ ਦੇਸ਼ਾਂ ਦੇ ਦਬਦਬੇ ਦੇ ਖ਼ਿਲਾਫ਼ ਆਪਣੀ ਗੱਲ ਰੱਖੀ।
ਉਨ੍ਹਾਂ ਨੇ ਕਿਹਾ, "ਸਾਨੂੰ ਇਹ ਯਾਦ ਦਿਵਾਇਆ ਜਾਂਦਾ ਹੈ ਕਿ ਅਸੀਂ ਮਹਾਂਸ਼ਕਤੀਆਂ ਦੇ ਮੁਕਾਬਲੇ ਦੇ ਯੁੱਗ ਵਿੱਚ ਜੀ ਰਹੇ ਹਾਂ। ਨਿਯਮਾਂ 'ਤੇ ਅਧਾਰਿਤ ਵਿਵਸਥਾ ਕਮਜ਼ੋਰ ਪੈ ਰਹੀ ਹੈ। ਸ਼ਕਤੀਸ਼ਾਲੀ ਦੇਸ਼ ਉਹੀ ਕਰਦੇ ਹਨ ਜੋ ਉਹ ਕਰ ਸਕਦੇ ਹਨ ਅਤੇ ਕਮਜ਼ੋਰਾਂ ਨੂੰ ਸਹਿਣਾ ਪੈ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਅਸੀਂ ਜਾਣਦੇ ਸੀ ਕਿ ਨਿਯਮਾਂ 'ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀ ਕਹਾਣੀ ਅੰਸ਼ਕ ਤੌਰ 'ਤੇ ਝੂਠੀ ਸੀ। ਸਭ ਤੋਂ ਸ਼ਕਤੀਸ਼ਾਲੀ ਦੇਸ਼ ਸਹੂਲਤ ਹੋਣ 'ਤੇ ਖ਼ੁਦ ਨੂੰ ਛੋਟ ਦੇ ਦਿੰਦੇ ਹਨ। ਵਪਾਰਕ ਨਿਯਮ ਗੈਰ-ਬਰਾਬਰੀ ਨਾਲ ਲਾਗੂ ਹੁੰਦੇ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਸ਼ਖ਼ਤੀ ਮੁਲਜ਼ਮ ਜਾਂ ਪੀੜਤ ਦੀ ਪਛਾਣ 'ਤੇ ਨਿਰਭਰ ਕਰਦੀ ਹੈ।"
"ਮੈਂ ਕਹਾਂਗਾ ਕਿ ਮਹਾਂਸ਼ਕਤੀਆਂ ਇਕੱਲੇ ਚੱਲਣ ਦਾ ਖ਼ਤਰਾ ਚੁੱਕ ਸਕਦੀਆਂ ਹਨ। ਉਨ੍ਹਾਂ ਕੋਲ ਬਾਜ਼ਾਰ ਦਾ ਆਕਾਰ, ਫੌਜੀ ਸਮਰੱਥਾ ਅਤੇ ਸ਼ਰਤਾਂ ਤੈਅ ਕਰਨ ਦੀ ਤਾਕਤ ਹੈ। ਮਿਡਲ ਪਾਵਰ ਵਾਲੇ ਦੇਸ਼ਾਂ ਕੋਲ ਇਹ ਸਭ ਨਹੀਂ ਹੈ। ਜਦੋਂ ਅਸੀਂ ਕਿਸੇ ਤਾਕਤਵਰ ਨਾਲ ਦੁਵੱਲੀ ਗੱਲਬਾਤ ਕਰਦੇ ਹਾਂ, ਤਾਂ ਅਸੀਂ ਕਮਜ਼ੋਰੀ ਦੀ ਸਥਿਤੀ ਤੋਂ ਗੱਲਬਾਤ ਕਰਦੇ ਹਾਂ। ਜੋ ਦਿੱਤਾ ਜਾਂਦਾ ਹੈ, ਉਹੀ ਸਵੀਕਾਰ ਕਰਦੇ ਹਾਂ।"

ਟਰੰਪ ਦਾ ਜਵਾਬ ਅਤੇ ਕਾਰਨੀ ਦਾ ਮੋੜਵਾਂ ਜਵਾਬ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਦਾਵੋਸ ਦੇ ਵਰਲਡ ਇਕਨਾਮਿਕ ਫੋਰਮ ਵਿੱਚ ਮਾਰਕ ਕਾਰਨੀ ਦੇ ਭਾਸ਼ਣ ਦਾ ਜਵਾਬ ਦਿੱਤਾ। ਨਾਲ ਹੀ ਇਲਜ਼ਾਮ ਲਾਇਆ ਕਿ ਕੈਨੇਡਾ ਉਨ੍ਹਾਂ ਪ੍ਰਤੀ ਅਹਿਸਾਨਮੰਦ ਨਹੀਂ ਹੈ।
ਟਰੰਪ ਨੇ ਕਿਹਾ, "ਕੈਨੇਡਾ ਸਾਡੇ ਕੋਲੋਂ ਬਹੁਤ ਸਾਰੀਆਂ ਮੁਫ਼ਤ ਸਹੂਲਤਾਂ ਹਾਸਲ ਕਰਦਾ ਹੈ। ਉਨ੍ਹਾਂ ਨੂੰ ਧੰਨਵਾਦ ਪ੍ਰਗਟ ਕਰਨਾ ਚਾਹੀਦਾ ਹੈ ਪਰ ਉਹ ਅਜਿਹਾ ਨਹੀਂ ਕਰ ਰਹੇ ਹਨ।"
ਟਰੰਪ ਨੇ ਕਿਹਾ, "ਮੈਂ ਮਾਰਕ ਕਾਰਨੀ ਨੂੰ ਦੇਖਿਆ, ਉਹ ਸਾਡੇ ਪ੍ਰਤੀ ਜ਼ਿਆਦਾ ਸ਼ੁਕਰਗੁਜ਼ਾਰ ਨਹੀਂ ਸਨ। ਕੈਨੇਡਾ ਅਮਰੀਕਾ ਦੀ ਵਜ੍ਹਾ ਕਰਕੇ ਹੀ ਹੋਂਦ ਵਿੱਚ ਹੈ। ਅਗਲੀ ਵਾਰ ਜਦੋਂ ਮਾਰਕ ਬਿਆਨ ਦੇਣਗੇ ਤਾਂ ਉਨ੍ਹਾਂ ਨੂੰ ਇਹ ਗੱਲ ਚੇਤੇ ਵਿੱਚ ਰੱਖਣੀ ਚਾਹੀਦੀ ਹੈ।"
ਟਰੰਪ 'ਤੇ ਮੋੜਵਾਂ ਹਮਲਾ ਕਰਦਿਆਂ ਮਾਰਕ ਕਾਰਨੀ ਨੇ ਵੀਰਵਾਰ ਨੂੰ ਕਿਊਬੈਕ ਸਿਟੀ ਵਿੱਚ ਇੱਕ ਰਾਸ਼ਟਰੀ ਸੰਬੋਧਨ ਵਿੱਚ ਕਿਹਾ, "ਕੈਨੇਡਾ ਅਤੇ ਅਮਰੀਕਾ ਨੇ ਸ਼ਾਨਦਾਰ ਸਾਂਝੇਦਾਰੀ ਬਣਾਈ ਹੈ। ਲੇਕਿਨ, ਕੈਨੇਡਾ ਅਮਰੀਕਾ ਦੀ ਵਜ੍ਹਾ ਕਰਕੇ ਜਿਉਂਦਾ ਨਹੀਂ ਹੈ। ਕੈਨੇਡਾ ਇਸ ਲਈ ਅੱਗੇ ਵਧ ਰਿਹਾ ਹੈ ਕਿਉਂਕਿ ਅਸੀਂ ਕੈਨੇਡੀਅਨ ਹਾਂ।"
ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਦੁਨੀਆ ਭਰ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਨਿਘਾਰ ਆਇਆ ਹੈ, ਉਦੋਂ ਕੈਨੇਡਾ ਇੱਕ ਆਦਰਸ਼ ਮਾਡਲ ਵਜੋਂ ਸਾਹਮਣੇ ਹੈ। ਕੈਨੇਡਾ ਦੁਨੀਆ ਦੀਆਂ ਤਮਾਮ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ, ਪਰ ਅਸੀਂ ਦਿਖਾ ਸਕਦੇ ਹਾਂ ਕਿ ਇੱਕ ਹੋਰ ਤਰੀਕਾ ਸੰਭਵ ਹੈ।"
ਮਾਰਕ ਕਾਰਨੀ ਨੂੰ ਇੰਨਾ ਗੁੱਸਾ ਕਿਉਂ ਆਇਆ?

ਤਸਵੀਰ ਸਰੋਤ, Getty Images
ਪੀਐਮ ਕਾਰਨੀ ਨੇ ਚੋਣ ਪ੍ਰਚਾਰ ਦੌਰਾਨ ਆਪਣਾ ਅਕਸ 'ਟਰੰਪ ਨਾਲ ਨਜਿੱਠਣ ਵਿੱਚ ਮਾਹਿਰ' ਵਜੋਂ ਪੇਸ਼ ਕੀਤਾ ਸੀ। ਲੇਕਿਨ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਮਰੀਕਾ ਨੇ ਕੈਨੇਡਾ 'ਤੇ ਟੈਰਿਫ਼ (ਚੂੰਗੀ) ਹੋਰ ਵਧਾ ਦਿੱਤੇ।
ਕੈਨੇਡਾ ਦੇ ਸਾਮਾਨ 'ਤੇ 35 ਫ਼ੀਸਦੀ ਟੈਰਿਫ਼ ਲਗਾਏ ਗਏ ਹਨ। ਹਾਲਾਂਕਿ, ਜ਼ਿਆਦਾਤਰ ਸਾਮਾਨ ਨੂੰ ਅਮਰੀਕਾ-ਕੈਨੇਡਾ-ਮੈਕਸੀਕੋ ਮੁਕਤ ਵਪਾਰ ਸਮਝੌਤੇ (USMCA/CUSMA) ਤਹਿਤ ਛੋਟ ਪ੍ਰਾਪਤ ਹੈ। ਇਸ ਤੋਂ ਇਲਾਵਾ, ਦਰਾਮਦ ਕੀਤੀਆਂ ਧਾਤਾਂ 'ਤੇ 50% ਦਾ ਬਲੈਂਕੇਟ ਲੇਵੀ (ਸਾਂਝਾ ਟੈਕਸ) ਅਤੇ ਅਮਰੀਕਾ ਤੋਂ ਬਾਹਰ ਬਣੀਆਂ ਗੈਰ-ਅਮਰੀਕੀ ਕਾਰਾਂ 'ਤੇ 25% ਡਿਊਟੀ ਵੀ ਲਗਾਈ ਗਈ ਹੈ।
ਅਕਤੂਬਰ 2025 ਵਿੱਚ ਟਰੰਪ ਨੇ ਗੱਲਬਾਤ ਮੁਲਤਵੀ ਕਰ ਦਿੱਤੀ ਅਤੇ ਕੈਨੇਡਾ 'ਤੇ 10 ਫ਼ੀਸਦੀ ਵਾਧੂ ਟੈਰਿਫ਼ ਲਾਉਣ ਦੀ ਧਮਕੀ ਦਿੱਤੀ। ਇਸ ਦੀ ਵਜ੍ਹਾ ਕੈਨੇਡਾ ਦਾ ਇੱਕ 'ਐਂਟੀ-ਟੈਰਿਫ਼ ਇਸ਼ਤਿਹਾਰ' ਸੀ, ਜਿਸ ਨੂੰ ਪ੍ਰਸਾਰਿਤ ਕੀਤਾ ਗਿਆ ਸੀ।
ਇਹ ਇਸ਼ਤਿਹਾਰ ਓਨਟਾਰੀਓ ਸੂਬੇ ਨੇ ਬਣਵਾਇਆ ਸੀ ਅਤੇ ਇਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪੁਰਾਣੇ ਭਾਸ਼ਣ ਦੇ ਕਲਿੱਪ ਵਰਤੇ ਗਏ ਸਨ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਾਫ਼ੀ ਵੀ ਮੰਗੀ ਸੀ।
ਇਸ ਤੋਂ ਇਲਾਵਾ, ਟਰੰਪ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣਾ ਚਾਹੁੰਦੇ ਹਨ ਅਤੇ ਉਸਨੂੰ 51ਵਾਂ ਰਾਜ ਬਣਾਉਣਾ ਚਾਹੁੰਦੇ ਹਨ। ਜਦਕਿ ਮਾਰਕ ਕਾਰਨੀ ਨੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਟਰੰਪ ਨਾਲ ਹੋਈ ਪਹਿਲੀ ਅਧਿਕਾਰਤ ਮੀਟਿੰਗ ਵਿੱਚ ਵੀ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਸੀ ਕਿ ਕੈਨੇਡਾ ਵਿਕਣ ਲਈ ਤਿਆਰ ਨਹੀਂ ਹੈ। ਜਦਕਿ ਟਰੰਪ, ਕਾਰਨੀ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸਨ।
ਪੀਐਮ ਬਣਨ ਤੋਂ ਪਹਿਲਾਂ ਕਾਰਨੀ ਟਰੰਪ ਬਾਰੇ ਕੀ ਰਾਇ ਸੀ?
ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇੰਗਲੈਂਡ ਦੇ ਸੈਂਟਰਲ ਬੈਂਕ ਦੇ ਗਵਰਨਰ ਹੁੰਦੇ ਸਨ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਮਾਰਕ ਕਾਰਨੀ ਉਨ੍ਹਾਂ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟ ਕਰ ਚੁੱਕੇ ਸਨ।
ਸਾਲ 2018 ਵਿੱਚ ਕਾਰਨੀ ਨੇ ਕਿਹਾ ਸੀ, "ਜੇਕਰ ਹਰ ਦੇਸ, ਹਰ ਦੂਜੇ ਦੇਸ 'ਤੇ ਟੈਰਿਫ਼ ਲਾ ਦੇਵੇਗਾ ਤਾਂ ਦੁਨੀਆ ਦੀ ਜੀਡੀਪੀ (ਕੁੱਲ ਘਰੇਲੂ ਉਤਪਾਦ) ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ।"
ਮਾਰਕ ਕਾਰਨੀ ਸਿਰਫ਼ ਆਰਥਿਕ ਮੋਰਚੇ 'ਤੇ ਹੀ ਟਰੰਪ ਦੇ ਵਿਰੋਧੀ ਨਹੀਂ ਰਹੇ। ਉਹ ਹੋਰ ਮੁੱਦਿਆਂ 'ਤੇ ਵੀ ਟਰੰਪ ਦੀ ਅਸਿੱਧੀ ਆਲੋਚਨਾ ਕਰਦੇ ਰਹੇ ਹਨ।
ਸਾਲ 2020 ਵਿੱਚ ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਸਨ। ਉਨ੍ਹਾਂ ਨੇ ਦਾਵੋਸ ਵਿੱਚ ਬਲੂਮਬਰਗ ਵੱਲੋਂ ਰੱਖੇ ਇੱਕ ਪ੍ਰੋਗਰਾਮ ਵਿੱਚ ਡੌਨਲਡ ਟਰੰਪ ਨਾਲ ਟਕਰਾਅ ਵਿੱਚ ਗ੍ਰੇਟਾ ਥਨਬਰਗ ਦੀ ਹਮਾਇਤ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਗ੍ਰੇਟਾ ਥਨਬਰਗ ਬਿਲਕੁਲ ਸਹੀ ਹੈ ਜਦੋਂ ਉਹ ਦੱਸਦੀ ਹੈ ਕਿ ਦੁਨੀਆਂ ਤੇਜ਼ੀ ਨਾਲ ਆਪਣੇ ਬਚੇ ਹੋਏ ਕਾਰਬਨ ਬਜਟ ਨੂੰ ਖ਼ਤਮ ਕਰ ਰਹੀ ਹੈ ਅਤੇ ਅਮਰੀਕਾ ਦਾ ਰੁਖ਼ ਵਿਸ਼ਵਵਿਆਪੀ ਤਾਪਮਾਨ ਵਾਧੇ (ਗਲੋਬਲ ਵਾਰਮਿੰਗ) ਨਾਲ ਨਜਿੱਠਣਾ ਹੋਰ ਮੁਸ਼ਕਲ ਬਣਾ ਰਿਹਾ ਹੈ।"
ਟਰੰਪ ਨਾਲ ਮੁਕਾਬਲਾ ਕਰਨ ਦੀ ਤਸਵੀਰ ਦਿਖਾ ਕੇ ਜਿੱਤੇ ਸੀ ਚੋਣ

ਤਸਵੀਰ ਸਰੋਤ, Getty Images
ਟਰੰਪ ਦੇ ਪਹਿਲੇ ਕਾਰਜਕਾਲ (2017-2021) ਵਿੱਚ ਕੈਨੇਡਾ ਦੇ ਸਾਬਕਾ ਪੀਐਮ ਜਸਟਿਨ ਟਰੂਡੋ ਨਾਲ ਉਨ੍ਹਾਂ ਦਾ ਰਿਸ਼ਤਾ ਤਣਾਅਪੂਰਨ ਸੀ, ਜਿਸ ਵਿੱਚ ਟੈਰਿਫ਼ ਅਤੇ ਕੈਨੇਡਾ ਨੂੰ '51ਵਾਂ ਰਾਜ' ਬਣਾਉਣ ਦੀਆਂ ਗੱਲਾਂ ਸ਼ਾਮਲ ਸਨ।
ਜਦੋਂ ਕੈਨੇਡਾ ਵਿੱਚ ਚੋਣਾਂ ਹੋਈਆਂ ਤਾਂ ਕਾਰਨੀ ਨੇ ਕੈਨੇਡਾ ਦੇ ਲੋਕਾਂ ਦੀ ਨਬਜ਼ ਫੜੀ ਅਤੇ ਆਪਣਾ ਚੋਣ ਪ੍ਰਚਾਰ ਇਸ ਦਿਸ਼ਾ ਵਿੱਚ ਰੱਖਿਆ ਕਿ ਉਹ ਟਰੰਪ ਨਾਲ 'ਸੌਦੇਬਾਜ਼ੀ' ਕਰਨ ਵਿੱਚ ਸਮਰੱਥ ਹਨ।
ਸਕਾਈ ਨਿਊਜ਼ ਵਿੱਚ ਪ੍ਰਕਾਸ਼ਿਤ ਹੋਏ ਇੱਕ ਵਿਸ਼ਲੇਸ਼ਣ ਵਿੱਚ ਲਿਖਿਆ ਸੀ ਕਿ ਮਾਰਕ ਕਾਰਨੀ ਨੇ ਚੋਣਾਂ ਵਿੱਚ ਖ਼ੁਦ ਨੂੰ ਡੌਨਲਡ ਟਰੰਪ ਦਾ ਮੁਕਾਬਲਾ ਕਰਨ ਵਾਲਾ ਵਿਅਕਤੀ ਦੱਸਿਆ ਸੀ। ਕੈਨੇਡਾ ਦੇ ਲੋਕਾਂ ਨੇ ਉਨ੍ਹਾਂ ਦੀ ਇਸ ਗੱਲ 'ਤੇ ਭਰੋਸਾ ਵੀ ਦਿਖਾਇਆ।
ਕਾਰਨੀ ਦੇ ਵਿਹਾਰ ਵਿੱਚ ਟਰੰਪ ਪ੍ਰਤੀ ਇੱਕ ਹਮਲਾਵਰ ਰੁਖ਼ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਆਪਣੇ ਤਜਰਬੇ ਦਾ ਹਵਾਲਾ ਦਿੰਦੇ ਹੋਏ ਆਪਣੇ-ਆਪ ਨੂੰ ਟਰੰਪ ਨਾਲ ਗੱਲਬਾਤ ਅਤੇ ਵਿਵਾਦਾਂ ਵਿੱਚ ਮਾਹਿਰ ਵਜੋਂ ਪੇਸ਼ ਕੀਤਾ।
ਉਨ੍ਹਾਂ ਨੇ ਅੱਗੇ ਲਿਖਿਆ, "ਕਾਰਨੀ ਨੇ ਸਿਆਸੀ ਸੂਝ-ਬੂਝ ਦਿਖਾਈ ਜਦੋਂ ਉਨ੍ਹਾਂ ਨੇ ਟਰੰਪ ਨੂੰ ਕੈਨੇਡਾ ਲਈ ਹੋਂਦ ਦਾ ਖ਼ਤਰਾ ਦੱਸਿਆ ਅਤੇ ਖ਼ੁਦ ਨੂੰ ਇਸ ਦੇ ਇਲਾਜ 'ਐਂਟੀਡੋਟ' ਵਜੋਂ ਪੇਸ਼ ਕੀਤਾ। ਕਾਰਨੀ ਨੇ ਰਾਸ਼ਟਰ ਦੀ ਭਾਵਨਾ ਨੂੰ ਭਾਂਪਿਆ ਅਤੇ ਉਸ ਨੂੰ ਫੜ ਲਿਆ।"
ਟਰੰਪ ਨੇ ਵੀ ਕਾਰਨੀ ਦੀ ਜਿੱਤ 'ਤੇ ਕੋਈ ਖ਼ਾਸ ਖ਼ੁਸ਼ੀ ਜ਼ਾਹਿਰ ਨਹੀਂ ਕੀਤੀ ਸੀ। ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹੀ ਜਿੱਤਿਆ ਹੈ ਜਿਸ ਨੂੰ ਟਰੰਪ ਨਾਲ ਸਭ ਤੋਂ ਘੱਟ ਨਫ਼ਰਤ ਕੀਤੀ।"
ਕਾਰਨੀ ਨੇ ਬੀਬੀਸੀ ਨੂੰ ਦੱਸਿਆ, "ਸਾਡੀ ਸਾਂਝੇਦਾਰੀ ਸਾਡੀਆਂ ਸ਼ਰਤਾਂ 'ਤੇ ਹੋਵੇਗੀ। ਮੈਂ ਰਾਸ਼ਟਰਪਤੀ (ਟਰੰਪ) ਦੀ ਇੱਛਾ ਅਤੇ ਉਨ੍ਹਾਂ ਦੀਆਂ ਉਮੀਦਾਂ ਵਿਚਕਾਰ ਅੰਤਰ ਸਪੱਸ਼ਟ ਕਰਨਾ ਚਾਹਾਂਗਾ।
ਅਮਰੀਕਾ ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਪਾਣੀ ਅਤੇ ਸਾਡਾ ਦੇਸ ਚਾਹੁੰਦਾ ਹੈ। ਲੇਕਿਨ ਇਹ ਸਿਰਫ਼ ਕੋਰੀਆਂ ਧਮਕੀਆਂ ਨਹੀਂ ਹਨ। ਰਾਸ਼ਟਰਪਤੀ ਟਰੰਪ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਸਾਡੇ 'ਤੇ ਕਬਜ਼ਾ ਕਰ ਸਕੇ।" ਕਾਰਨੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਉਹ ਟਰੰਪ ਦੀਆਂ ਨੀਤੀਆਂ ਦੇ ਸਖ਼ਤ ਆਲੋਚਕ ਰਹੇ ਹਨ।
ਮੈਕਗਿਲ ਯੂਨੀਵਰਸਿਟੀ ਦੇ ਪ੍ਰੋਫੈਸਰ ਡੈਨੀਅਲ ਬੇਲੈਂਡ ਨੇ 'ਦਿ ਗਾਰਡੀਅਨ' ਅਖ਼ਬਾਰ ਨੂੰ ਕਾਰਨੀ ਬਾਰੇ ਕਿਹਾ ਸੀ, "ਉਹ ਇੱਕ ਟੈਕਨੋਕ੍ਰੇਟ ਹਨ, ਯਾਨੀ ਬਹੁਤ ਪੜ੍ਹੇ-ਲਿਖੇ ਅਤੇ ਮਾਹਿਰ। ਲੇਕਿਨ ਉਹ ਇੱਕ ਨੀਰਸ ਇਨਸਾਨ ਹਨ। ਉਨ੍ਹਾਂ ਵਿੱਚ ਬਹੁਤਾ ਚਾਰਮ ਜਾਂ ਜੋਸ਼ ਨਹੀਂ ਹੈ। ਲੇਕਿਨ ਇਸ ਵੇਲੇ ਕੈਨੇਡਾ ਵਿੱਚ ਟਰੰਪ ਦੀ ਵਪਾਰਕ ਜੰਗ ਅਤੇ ਦੇਸ ਦੀ ਆਜ਼ਾਦੀ 'ਤੇ ਹਮਲੇ ਕਾਰਨ ਲੋਕ ਡਰੇ ਹੋਏ ਹਨ।"
"ਅਜਿਹੀ ਸਥਿਤੀ ਵਿੱਚ ਕਾਰਨੀ ਦੀ ਗੰਭੀਰ ਸੂਝ-ਬੂਝ ਅਤੇ ਬਿਨਾਂ ਕਿਸੇ ਡਰਾਮੇ ਵਾਲੀ ਕਾਬਲੀਅਤ ਚੰਗੀ ਲੱਗ ਰਹੀ ਹੈ। ਉਹ ਇੱਕ ਅਜਿਹੇ ਵਿਅਕਤੀ ਵਜੋਂ ਦਿਖਾਈ ਦਿੰਦੇ ਹਨ ਜੋ ਸਭ ਕੁਝ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਭਰੋਸਾ ਦਿਵਾਉਂਦੇ ਹਨ।"
ਰਿਸ਼ਤੇ ਸਹਿਜ ਕਰਨ ਦੀ ਕੋਸ਼ਿਸ਼ ਵੀ ਅਸਫਲ ਰਹੀ

ਤਸਵੀਰ ਸਰੋਤ, Getty Images
ਕੈਨੇਡਾ ਦੀ ਸੱਤਾ ਤੋਂ ਜਸਟਿਨ ਟਰੂਡੋ ਦੀ ਵਿਦਾਈ ਤੋਂ ਬਾਅਦ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਕਾਰਨੀ ਆਪਣੀਆਂ ਸ਼ਰਤਾਂ ਤੋਂ ਪਿੱਛੇ ਨਹੀਂ ਹਟੇ ਅਤੇ ਟਰੰਪ ਵੀ ਕੈਨੇਡਾ ਨੂੰ ਲੈ ਕੇ ਆਪਣੀਆਂ ਨੀਤੀਆਂ ਵਿੱਚ ਕੋਈ ਢਿੱਲ ਦੇਣ ਲਈ ਤਿਆਰ ਨਹੀਂ ਸਨ।
ਪ੍ਰਧਾਨ ਮੰਤਰੀ ਬਣਨ ਤੋਂ ਦੋ ਮਹੀਨੇ ਬਾਅਦ ਹੀ ਕਾਰਨੀ ਅਮਰੀਕਾ ਦੌਰੇ 'ਤੇ ਗਏ ਸਨ। ਇੱਥੇ ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਟਰੰਪ ਨਾਲ ਮੁਲਾਕਾਤ ਕੀਤੀ।
ਕਾਰਨੇਲ ਯੂਨੀਵਰਸਿਟੀ ਵਿੱਚ ਨਾਰਥ ਅਮਰੀਕਨ ਹਿਸਟਰੀ ਦੇ ਪ੍ਰੋਫੈਸਰ ਜੌਨ ਪਾਰਮੈਂਟਰ ਨੇ ਇਸ ਮੁਲਾਕਾਤ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਇਸ ਬੈਠਕ ਤੋਂ ਮਿਲੇ-ਜੁਲੇ ਨਤੀਜੇ ਸਾਹਮਣੇ ਆਏ, ਜੋ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਲਿਆ ਸਕੇ।
ਉਨ੍ਹਾਂ ਕਿਹਾ, "ਇੱਕ ਪਾਸੇ ਰਾਸ਼ਟਰਪਤੀ ਟਰੰਪ ਇਸ ਗੱਲ ਨੂੰ ਛੱਡਣ ਲਈ ਤਿਆਰ ਨਹੀਂ ਸਨ ਕਿ ਉਹ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾ ਲੈਣਗੇ। ਦੂਜੇ ਪਾਸੇ ਪ੍ਰਧਾਨ ਮੰਤਰੀ ਕਾਰਨੀ ਨੇ ਸਾਫ਼ ਕਰ ਦਿੱਤਾ ਕਿ ਕੈਨੇਡਾ ਵਿਕਰੀ ਲਈ ਨਹੀਂ ਹੈ ਅਤੇ ਇਹ ਕਦੇ ਵੀ ਨਹੀਂ ਹੋਵੇਗਾ।"
ਉਨ੍ਹਾਂ ਕਿਹਾ, "ਇਸ ਮੀਟਿੰਗ ਵਿੱਚ ਰਾਸ਼ਟਰਪਤੀ ਟਰੰਪ ਦੇ ਲਹਿਜ਼ੇ ਵਿੱਚ ਰਚਨਾਤਮਕਤਾ ਨਜ਼ਰ ਆਈ, ਜੋ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਦੌਰਾਨ ਨਹੀਂ ਦਿਖਾਈ ਦਿੰਦੀ ਸੀ। ਪਰ ਇਹ ਵੀ ਸਪੱਸ਼ਟ ਹੈ ਕਿ ਦੋਹਾਂ ਦੇਸ਼ਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਰਿਸ਼ਤਿਆਂ ਵਿੱਚ ਸਥਿਰਤਾ ਵਾਪਸ ਲਿਆਉਣ ਲਈ ਅਜੇ ਕਾਫ਼ੀ ਕੰਮ ਬਾਕੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












