ਪਤੀ ਦਾ ਕਤਲ ਕਰਨ ਅਤੇ ਫਿਰ ਅਸ਼ਲੀਲ ਵੀਡੀਓਜ਼ ਦੇਖਣ ਦੇ ਇਲਜ਼ਾਮ ਤਹਿਤ ਮਹਿਲਾ ਖ਼ਿਲਾਫ਼ ਸ਼ਿਕਾਇਤ ਦਰਜ, ਕੀ ਹੈ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਗਰੀਕੀਪਤੀ ਉਮਾਕਾਂਤ
- ਰੋਲ, ਬੀਬੀਸੀ ਸਹਿਯੋਗੀ
ਆਂਧਰ ਪ੍ਰਦੇਸ਼ ਵਿੱਚ ਇੱਕ ਔਰਤ ਉੱਤੇ ਇਲਜ਼ਾਮ ਹਨ ਕਿ ਉਸ ਨੇ ਆਪਣੇ ਇੱਕ ਕਰੀਬੀ ਦੋਸਤ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕੀਤੀ ਅਤੇ ਫਿਰ ਰਾਤ ਭਰ ਅਸ਼ਲੀਲ ਫ਼ਿਲਮਾਂ ਦੇਖੀਆਂ।
ਇਹ ਮਾਮਲਾ ਆਂਧਰਾ ਪ੍ਰਦੇਸ਼ ਸੂਬੇ ਦੇ ਗੁੰਟੂਰ ਜ਼ਿਲ੍ਹੇ ਦੇ ਦੁੱਗਿਰਾਲਾ ਮੰਡਲ ਦੇ ਚਿਲੁਮੁਰੂ ਪਿੰਡ ਦਾ ਹੈ। ਦੁੱਗਿਰਾਲਾ ਥਾਣੇ ਦੇ ਐਸਆਈ ਵੈਂਕਟਾ ਰਵੀ ਨੇ ਬੀਬੀਸੀ ਨੂੰ ਇਸ ਘਟਨਾ ਸਬੰਧੀ ਵੇਰਵੇ ਦੱਸੇ।
ਬੀਬੀਸੀ ਨੇ ਇਸ ਮਾਮਲੇ 'ਚ ਮ੍ਰਿਤਕ ਦੇ ਰਿਸ਼ਤੇਦਾਰਾਂ ਸਿਵਕ੍ਰਿਸ਼ਨਾ ਅਤੇ ਸਿਵਾਰਾਮਕ੍ਰਿਸ਼ਨਾ, ਅਤੇ ਹੱਤਿਆ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਮਹਿਲਾ ਦੀ ਮਾਂ ਨਾਲ ਵੀ ਗੱਲ ਕੀਤੀ।
ਚਿਲੁਮੁਰੂ ਦੇ ਰਹਿਣ ਵਾਲੇ 45 ਸਾਲਾ ਲੋਕਮ ਨਾਗਾਰਾਜੂ ਨੇ ਸਾਲ 2007 ਵਿੱਚ ਕ੍ਰਿਸ਼ਨਾ ਜ਼ਿਲ੍ਹੇ ਦੇ ਲਕਸ਼ਮੀ ਮਾਧੁਰੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਪੁੱਤਰ ਹਨ।

ਤਸਵੀਰ ਸਰੋਤ, Getty Images
ਨਾਗਾਰਾਜੂ ਪਹਿਲਾਂ ਪ੍ਰਾਈਵੇਟ ਨੌਕਰੀਆਂ ਕਰਦੇ ਸਨ ਅਤੇ ਕੁਝ ਸਾਲਾਂ ਤੱਕ ਪਿਆਜ਼ ਦੇ ਕਾਰੋਬਾਰ ਨਾਲ ਵੀ ਜੁੜੇ ਰਹੇ। ਹਾਲਾਂਕਿ, ਮਾਧੁਰੀ ਨੂੰ ਆਪਣੇ ਪਤੀ ਦਾ ਪਿਆਜ਼ ਦਾ ਕਾਰੋਬਾਰ ਪਸੰਦ ਨਹੀਂ ਸੀ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ, "ਮਾਧੁਰੀ ਪੰਜ ਸਾਲ ਪਹਿਲਾਂ ਵਿਜੈਵਾੜਾ ਦੇ ਇੱਕ ਸਿਨੇਮਾ ਹਾਲ ਵਿੱਚ ਕੰਮ ਕਰਦੇ ਸਨ ਅਤੇ ਬਾਅਦ ਵਿੱਚ ਇੱਕ ਨਿੱਜੀ ਮਾਰਟ ਵਿੱਚ ਕੰਮ ਕਰਦੇ ਸਨ।"
"ਇਸੇ ਦੌਰਾਨ, ਮਾਧੁਰੀ ਦੀ ਮੁਲਾਕਾਤ ਸੱਤੇਨਾਪੱਲੀ ਦੇ ਗੋਪੀ ਨਾਮਕ ਵਿਅਕਤੀ ਨਾਲ ਹੋਈ। ਉਨ੍ਹਾਂ ਨੇ ਆਪਣੇ ਪਤੀ ਨੂੰ ਕਿਹਾ ਕਿ ਗੋਪੀ ਦੇ ਨਾਲ ਕਾਰ ਟਰੈਵਲਜ਼ ਦਾ ਕੰਮ ਕਰੇ, ਜੋ ਹੈਦਰਾਬਾਦ ਵਿੱਚ ਕਾਰ ਟਰੈਵਲ ਦਾ ਕਾਰੋਬਾਰ ਚਲਾਉਂਦਾ ਹੈ। ਨਾਗਾਰਾਜੂ ਨੇ ਵੀ ਹਾਂ ਕਰ ਦਿੱਤੀ ਅਤੇ ਹੈਦਰਾਬਾਦ ਚਲੇ ਗਏ।''
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਉਹ ਹੈਦਰਾਬਾਦ ਵਿੱਚ ਸਨ, ਨਾਗਾਰਾਜੂ ਨੂੰ ਸ਼ੱਕ ਹੋਣ ਲੱਗਾ ਕਿ ਗੋਪੀ ਉਨ੍ਹਾਂ ਦੇ ਇਲਾਕੇ ਵਿੱਚ ਹੀ ਰਹਿੰਦਾ ਹੈ ਅਤੇ ਉਨ੍ਹਾਂ ਦੀ ਪਤਨੀ ਨੂੰ ਵਾਰ-ਵਾਰ ਮਿਲਦਾ ਹੈ। ਇਸ ਕਰਕੇ ਉਨ੍ਹਾਂ ਨੇ ਉੱਥੋਂ ਨੌਕਰੀ ਛੱਡ ਦਿੱਤੀ ਅਤੇ ਘਰ ਵਾਪਸ ਆ ਗਏ। ਉਹ ਲੋਕਲ ਰਹਿ ਕੇ ਹੀ ਦੁਕਾਨਾਂ ਨੂੰ ਸਮਾਨ ਸਪਲਾਈ ਕਰਨ ਦਾ ਛੋਟਾ ਕਾਰੋਬਾਰ ਕਰਨ ਲੱਗ ਪਏ। ਇਸ ਨਾਲ ਪਤੀ-ਪਤਨੀ ਵਿਚਕਾਰ ਤਕਰਾਰ ਵਧ ਗਈ।''
ਤਿੰਨ ਮਹੀਨੇ ਪਹਿਲਾਂ ਵੀ ਥਾਣੇ ਵਿੱਚ ਕੌਂਸਲਿੰਗ ਹੋਈ ਸੀ

ਮਾਧੁਰੀ ਨੇ ਤਿੰਨ ਮਹੀਨੇ ਪਹਿਲਾਂ ਦੁੱਗਿਰਾਲਾ ਥਾਣੇ ਵਿੱਚ ਆਪਣੇ ਪਤੀ ਨਾਗਾਰਾਜੂ ਵੱਲੋਂ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਕਿਹਾ ਕਿ ਦੋਵੇਂ ਪਰਿਵਾਰਾਂ ਨੂੰ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿੱਚ ਜੋੜੇ ਦੀ ਕੌਂਸਲਿੰਗ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਹਾਲਾਂਕਿ, ਮ੍ਰਿਤਕ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਕੌਂਸਲਿੰਗ ਤੋਂ ਬਾਅਦ ਵੀ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਤਣਾਅ ਅਤੇ ਝਗੜੇ ਜਾਰੀ ਰਹੇ।
ਐਸਆਈ ਵੈਂਕਟਾ ਰਵੀ ਨੇ ਮ੍ਰਿਤਕ ਨਾਗਾਰਾਜੂ ਦੇ ਪਿਤਾ ਵੱਲੋਂ ਪੁਲਿਸ ਵਿੱਚ ਦਿੱਤੀ ਗਈ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਬੀਬੀਸੀ ਨੂੰ ਦੱਸਿਆ, "ਮਾਧੁਰੀ ਨੇ ਆਪਣੇ ਕਰੀਬੀ ਸਾਥੀ ਗੋਪੀ ਨਾਲ ਮਿਲ ਕੇ ਨਾਗਾਰਾਜੂ ਨੂੰ ਮਾਰਣ ਦੀ ਯੋਜਨਾ ਬਣਾਈ। 18 ਜਨਵਰੀ ਦੀ ਰਾਤ ਨੂੰ ਉਨ੍ਹਾਂ ਨੇ ਬਿਰਯਾਨੀ ਵਿੱਚ ਨਸ਼ੇ ਦੀਆਂ 20 ਗੋਲੀਆਂ ਮਿਲਾ ਕੇ ਨਾਗਾਰਾਜੂ ਨੂੰ ਖੁਆ ਦਿੱਤੀਆਂ। ਜਦੋਂ ਨਾਗਾਰਾਜੂ ਬੇਹੋਸ਼ ਹੋ ਗਏ ਤਾਂ ਮਾਧੁਰੀ ਅਤੇ ਗੋਪੀ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।"
ਉਨ੍ਹਾਂ ਦੱਸਿਆ, "ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਾਗਾਰਾਜੂ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਗੋਪੀ ਉੱਥੋਂ ਚਲਾ ਗਿਆ ਅਤੇ ਮਾਧੁਰੀ ਨੇ ਸਵੇਰੇ 4 ਵਜੇ ਤੱਕ ਆਪਣੇ ਫ਼ੋਨ 'ਤੇ ਅਸ਼ਲੀਲ ਵੀਡੀਓਜ਼ ਦੇਖੇ। ਇਸ ਤੋਂ ਬਾਅਦ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਜਗਾਇਆ ਅਤੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।''
ਨਾਗਾਰਾਜੂ ਦੇ ਭਰਾ ਸਿਵਕ੍ਰਿਸ਼ਨਾ ਨੇ ਬੀਬੀਸੀ ਨੂੰ ਦੱਸਿਆ, ''ਜਦੋਂ ਪਿੰਡ ਵਿੱਚ ਸਾਡੇ ਰਿਸ਼ਤੇਦਾਰ ਨਾਗਾਰਾਜੂ ਨੂੰ ਦੇਖਣ ਆਏ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿਉਂਕਿ ਉਸ ਦੇ ਨੱਕ ਅਤੇ ਕੰਨਾਂ ਤੋਂ ਖ਼ੂਨ ਨਿਕਲ ਰਿਹਾ ਸੀ। ਇਸ ਤੋਂ ਬਾਅਦ ਅਸੀਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।"

ਪੋਸਟਮਾਰਟਮ ਰਿਪੋਰਟ ਵਿੱਚ ਕੀ ਸਾਹਮਣੇ ਆਇਆ?
ਐਸਆਈ ਰਵੀ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਮੌਤ ਦਾ ਕਾਰਨ ਛਾਤੀ ਦੀਆਂ ਹੱਡੀਆਂ ਟੁੱਟਣਾ ਅਤੇ ਦਮ ਘੁੱਟਣਾ ਸੀ।"
"ਅਸੀਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੇ ਹਾਂ।"
'ਮੇਰਾ ਪਤੀ ਮੈਨੂੰ ਅਸ਼ਲੀਲ ਤਸਵੀਰਾਂ ਦਿਖਾਉਂਦਾ ਸੀ… ਅਤੇ ਪਰੇਸ਼ਾਨ ਕਰਦਾ ਸੀ'
ਪੁਲਿਸ ਨੇ ਕਿਹਾ ਕਿ ਮਾਧੁਰੀ ਨੇ ਜਾਂਚ ਦੌਰਾਨ ਕਿਹਾ ਕਿ ਉਨ੍ਹਾਂ ਦੇ ਪਤੀ ਨੇ (ਮ੍ਰਿਤਕ ਨਾਗਾਰਾਜੂ) ਉਨ੍ਹਾਂ ਨੂੰ ਅਸ਼ਲੀਲ ਵੀਡੀਓਜ਼ ਦੇਖਣ ਦੀ ਆਦਤ ਪਾ ਦਿੱਤੀ ਸੀ।
ਮੰਗਲਾਗਿਰੀ ਰੂਰਲ ਦੇ ਸੀਆਈ ਵੈਂਕਟਾ ਬ੍ਰਹਮਮ ਨੇ ਬੀਬੀਸੀ ਨੂੰ ਦੱਸਿਆ ਕਿ ਮ੍ਰਿਤਕ ਨਾਗਾਰਾਜੂ ਦੇ ਪਿਤਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਹਾਲਾਂਕਿ, ਪੁਲਿਸ ਨੇ ਕਿਹਾ ਕਿ ਮੁਲਜ਼ਮ ਦੇ ਰਿਸ਼ਤੇਦਾਰ ਉਸ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕਰ ਰਹੇ ਹਨ।
ਸੀਆਈ ਮੁਤਾਬਕ, ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਧੀ ਦੀ ਬਦਨਾਮੀ ਕੀਤੀ ਜਾ ਰਹੀ ਹੈ।
ਸੀਆਈ ਵੈਂਕਟਾ ਬ੍ਰਹਮਮ ਨੇ ਬੀਬੀਸੀ ਨੂੰ ਦੱਸਿਆ ਕਿ ਪੂਰੀ ਜਾਂਚ ਤੋਂ ਬਿਨਾਂ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਸਕਦਾ ਅਤੇ ਸੱਚਾਈ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਮੁਲਜ਼ਮ ਦੇ ਸਾਥੀ ਦੱਸੇ ਜਾ ਰਹੇ ਗੋਪੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
'ਉਹ ਗਲਤ ਜਾਣਕਾਰੀ ਫੈਲਾ ਰਹੇ ਹਨ' - ਮਾਧੁਰੀ ਦੀ ਮਾਂ

ਤਸਵੀਰ ਸਰੋਤ, Getty Images
ਮਾਧੁਰੀ ਦੀ ਮਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ "ਉਹ ਮੇਰੀ ਧੀ ਖ਼ਿਲਾਫ਼ ਬਹੁਤ ਹੀ ਗਲਤ ਜਾਣਕਾਰੀ ਫੈਲਾ ਰਹੇ ਹਨ।''
ਉਨ੍ਹਾਂ ਕਿਹਾ, "ਮੇਰੀ ਧੀ ਅਤੇ ਜਵਾਈ ਵਿੱਚ ਮਤਭੇਦ ਸਨ। ਕਈ ਵਾਰ ਉਹ ਪੇਕੇ ਆ ਜਾਂਦੀ ਸੀ… ਪਰ ਫਿਰ ਇਹ ਕਹਿ ਕੇ ਵਾਪਸ ਚਲੀ ਜਾਂਦੀ ਸੀ ਕਿ ਬੱਚਿਆਂ ਨਾਲ ਨਾਇਨਸਾਫ਼ੀ ਹੋਵੇਗੀ। ਤਿੰਨ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਮਸਲਿਆਂ 'ਤੇ ਪੰਚਾਇਤਾਂ ਹੋਈਆਂ ਸਨ। ਮੈਨੂੰ ਨਹੀਂ ਪਤਾ ਹੁਣ ਕੀ ਹੋਇਆ ਹੈ, ਪਰ ਬਹੁਤ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਮੇਰੀ ਬੱਚੀ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦੀ।''
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਪੁਲਿਸ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਇਸ ਤਰ੍ਹਾਂ ਲਿਖ ਰਹੇ ਹਨ ਜਿਵੇਂ ਸਾਰਾ ਕੁਝ ਸਾਬਤ ਹੋ ਚੁੱਕਿਆ ਹੋਵੇ। ਇਹ ਬਹੁਤ ਵੱਡੀ ਬੇਇਨਸਾਫ਼ੀ ਹੈ, ਉਹ ਇੱਕ ਮਹਿਲਾ ਦੀ ਬਦਨਾਮੀ ਕਰ ਰਹੇ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












