'ਅਗਲੇ ਮਹੀਨੇ ਵਿਆਹ ਸੀ, ਮੈਂ ਘਰਵਾਲੀ ਨੂੰ ਕਿਹਾ ਪੁੱਤ ਨੂੰ ਖੁਸ਼ੀ ਨਾਲ ਵਿਦਾ ਕਰਾਂਗੇ'- ਜੰਮੂ-ਕਸ਼ਮੀਰ 'ਚ ਜਾਨ ਗਵਾਉਣ ਵਾਲੇ ਫੌਜੀਆਂ ਨੂੰ ਇਓਂ ਕੀਤਾ ਵਿਦਾ

ਤਸਵੀਰ ਸਰੋਤ, Bimal Seni/Kamal Seni
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਫ਼ੌਜ ਦਾ ਇੱਕ ਵਾਹਨ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 10 ਜਵਾਨਾਂ ਦੀ ਜਾਨ ਚਲੀ ਗਈ ਸੀ।
ਡੋਡਾ ਦੇ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ ਨੇ ਹਾਦਸੇ ਬਾਰੇ ਦੱਸਦੇ ਹੋਏ ਕਿਹਾ ਸੀ ਕਿ, "ਭੱਦਰਵਾਹ-ਚੰਬਾ ਰੋਡ 'ਤੇ ਇੱਕ ਦੁਖਦਾਈ ਹਾਦਸਾ ਹੋਇਆ ਹੈ। ਸਾਡੇ 10 ਜਵਾਨ ਸ਼ਹੀਦ ਹੋਏ ਹਨ। 11 ਹੋਰ ਜਵਾਨ ਸਨ, ਉਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਏਅਰਲਿਫਟ ਕਰਕੇ ਕਮਾਂਡ ਹਸਪਤਾਲ ਊਧਮਪੁਰ ਲਿਜਾਇਆ ਗਿਆ ਹੈ।"
ਇਸ ਹਾਦਸੇ ਦਾ ਕਾਰਨ ਪੁੱਛੇ ਜਾਣ 'ਤੇ ਡੀਸੀ ਨੇ ਕਿਹਾ ਸੀ, "ਇਹ ਸੜਕ ਹਾਦਸਾ ਹੈ। ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਸੜਕ 'ਤੇ ਬਰਫ਼ ਜੰਮੀ ਹੋਈ ਸੀ, ਜਿਸ ਕਾਰਨ ਗੱਡੀ ਤਿਲਕ ਗਈ।"
ਜਿਨ੍ਹਾਂ ਜਵਾਨਾਂ ਦੀ ਜਾਨ ਗਈ ਉਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਜਵਾਨ ਵੀ ਸ਼ਾਮਿਲ ਸਨ। ਪੰਜਾਬ ਦੇ ਰੂਪਨਗਰ ਦੇ ਜੋਬਨਜੀਤ ਸਿੰਘ ਨੂੰ ਸ਼ਨਿੱਚਰਵਾਰ ਨੂੰ ਪਰਿਵਾਰ ਨੇ ਭਿੱਜੀਆਂ ਅੱਖਾਂ ਨਾਲ ਆਖ਼ਰੀ ਵਿਦਾਈ ਦਿੱਤੀ।
ਰੂਪਨਗਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਬਿਮਲ ਸੈਣੀ ਮੁਤਾਬਕ, ਜੰਮੂ–ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਰੂਪਨਗਰ ਤੋਂ ਭਾਰਤੀ ਫ਼ੌਜ ਦੇ ਜਵਾਨ ਜੋਬਨਜੀਤ ਸਿੰਘ ਦੀ ਮੌਤ ਹੋ ਗਈ।
ਮਰਹੂਮ ਜੋਬਨਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਘਰ ਰੂਪ ਨਗਰ ਵਿਖੇ ਪਹੁੰਚੀ, ਜਿੱਥੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹ 23 ਸਾਲ ਦੇ ਸਨ।
ਅੰਤਿਮ ਸੰਸਕਾਰ ਦੌਰਾਨ ਸਭ ਤੋਂ ਭਾਵੁਕ ਦ੍ਰਿਸ਼ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਜੋਬਨਜੀਤ ਦੇ ਪਿਤਾ ਬਲਵੀਰ ਸਿੰਘ, ਜੋ ਖੁਦ ਵੀ ਸਾਬਕਾ ਫ਼ੌਜੀ ਹਨ, ਨੇ ਆਪਣੀ ਫ਼ੌਜੀ ਵਰਦੀ ਪਾ ਕੇ ਆਪਣੇ ਪੁੱਤਰ ਨੂੰ ਅੰਤਿਮ ਸਲਾਮੀ ਦਿੱਤੀ।
ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਕੇ ਉੱਤੇ ਮੌਜੂਦ ਹਰ ਸ਼ਖ਼ਸ ਦੀ ਅੱਖ ਨਮ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਭਾਰਤੀ ਫ਼ੌਜ ਦੀ ਇੱਕ ਗੱਡੀ ਭਦਰਵਾਹ ਤੋਂ ਖਾਨਈ ਟੋਪ ਵੱਲ ਡਿਊਟੀ ਲਈ ਜਾ ਰਹੀ ਸੀ। ਡੋਡਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਰਸਤੇ ਦੌਰਾਨ ਗੱਡੀ ਅਚਾਨਕ ਲਗਭਗ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ।
ਇਸ ਹਾਦਸੇ ਵਿੱਚ ਜੋਬਨਜੀਤ ਸਿੰਘ ਸਮੇਤ 10 ਸੈਨਿਕਾਂ ਦੀ ਵੀ ਮੌਤ ਹੋ ਗਈ, ਜਦਕਿ ਕਈ ਸੈਨਿਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜੋਬਨਜੀਤ ਸਿੰਘ ਸਤੰਬਰ 2019 ਵਿੱਚ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ ਅਤੇ ਇਸ ਸਮੇਂ 8 ਕੈਵਲਰੀ ਆਰਮਡ ਯੂਨਿਟ (4 ਆਰਆਰ) ਵਿੱਚ ਤਾਇਨਾਤ ਸਨ।
ਦੇਸ਼ ਸੇਵਾ ਦਾ ਜਜ਼ਬਾ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ
ਪਰਿਵਾਰ ਨੇ ਦੱਸਿਆ ਕਿ ਜੋਬਨਜੀਤ ਸਿੰਘ ਦਾ ਵਿਆਹ 28 ਫ਼ਰਵਰੀ ਨੂੰ ਹੋਣਾ ਤੈਅ ਹੋਇਆ ਸੀ ਅਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਹਾਲਾਂਕਿ, ਇਸ ਅਚਾਨਕ ਹਾਦਸੇ ਨੇ ਸਾਰੇ ਪਰਿਵਾਰਕ ਸੁਪਨੇ ਗ਼ਮ ਵਿੱਚ ਬਦਲ ਦਿੱਤੇ।
ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਚਨੋਲੀ, ਨੂਰਪੁਰਬੇਦੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜੋਬਨਜੀਨਤ ਸਿੰਘ ਦੇ ਪਿਤਾ ਬਲਵੀਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ,
"ਸੂਚਨਾ ਮਿਲਣ 'ਤੇ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ, ਪਰ ਜਦੋਂ ਮੈਂ ਫ਼ੌਜ ਦੀ ਵਰਦੀ ਪਾਈ ਤਾਂ ਮੈਨੂੰ ਅੰਦਰੋਂ ਤਾਕਤ ਮਿਲੀ। ਮੈਨੂੰ ਲੱਗਿਆ ਜਿਵੇਂ ਭਾਰਤ ਮਾਤਾ ਨੇ ਮੈਨੂੰ ਹੌਸਲਾ ਦਿੱਤਾ ਹੋਵੇ। ਮੇਰੇ ਪੁੱਤਰ ਵਾਂਗ ਦੇਸ ਲਈ ਸ਼ਹੀਦ ਹੋਏ ਸਾਰੇ ਵੀਰਾਂ ਨੂੰ ਮੈਂ ਨਮਨ ਕਰਦਾ ਹਾਂ।"

ਤਸਵੀਰ ਸਰੋਤ, Bimal Seni
ਜੋਬਨਜੀਤ ਸਿੰਘ ਉਨਾਂ ਦਾ ਇਕਲੌਤਾ ਪੁੱਤਰ ਸੀ ਜਿਸ ਨੂੰ ਅੱਜ ਉਨ੍ਹਾਂ ਨੇ ਆਖਰੀ ਵਿਦਾਈਗੀ ਦੇ ਦਿੱਤੀ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਬੇਟਾ ਦੇਸ਼ ਦੇ ਲਈ ਸ਼ਹੀਦ ਹੋਇਆ ਹੈ।
ਉਨ੍ਹਾਂ ਨੇ ਕਿਹਾ, "ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਮੇਰਾ ਪੁੱਤ ਨਹੀਂ ਸੀ। ਉਹ ਖਾਲਸੇ ਦਾ ਪੁੱਤ ਸੀ, ਭਾਰਤ ਮਾਤਾ ਦਾ ਪੁੱਤ ਸੀ। ਉਹ ਪੰਜ ਕਕਾਰਾਂ ਵਿੱਚ ਗਿਆ ਹੈ, ਉਹ ਦੇਸ਼ ਵਾਸਤੇ ਸ਼ਹੀਦ ਹੋਇਆ। ਉਸ ਨੇ ਪੰਜਾਬ ਦਾ ਨਾਮ, ਰੋਪੜ ਦਾ ਨਾਮ ਅਤੇ ਮੇਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ,"ਲੋਕਾਂ ਦੇ ਬਾਪ ਰੋਂਦੇ ਨੇ ਭੁੱਬਾਂ ਮਾਰਦੇ ਨੇ ਪਰ ਮੈਂ ਆਪਣੀ ਘਰ ਵਾਲੀ ਨੂੰ ਕਹਿ ਦਿੱਤਾ ਸੀ ਕਿ ਰੋਣਾ ਨਹੀਂ ਅਤੇ ਆਪਣੇ ਬੱਚੇ ਨੂੰ ਖੁਸ਼ੀ ਨਾਲ ਵਿਦਾ ਕਰਨਾ ਹੈ। ਸੁਪਨੇ ਤਾਂ ਕਿਸੇ ਦੇ ਪੂਰੇ ਨਹੀਂ ਹੁੰਦੇ, ਉਹ ਵੀ ਅਧੂਰੇ ਛੱਡ ਗਿਆ।"
ਜੋਬਨਜੀਤ ਦੇ ਗੁਆਂਢ ਵਿੱਚੋਂ ਹੀ ਗੁਰਚੇਤ ਸਿੰਘ ਸਾਬਕਾ ਸੂਬੇਦਾਰ ਨੇ ਦੱਸਿਆ,"ਉਹ ਬਹੁਤ ਹੋਣਹਾਰ ਬੱਚਾ ਸੀ। ਅਨੁਸ਼ਾਸ਼ਨ ਵਿੱਚ ਰਹਿਣ ਵਾਲਾ ਅਤੇ ਅੰਮ੍ਰਿਤਧਾਰੀ ਬੱਚਾ ਸੀ। ਉਹ ਫੌਜ ਵਿੱਚ ਵੀ ਬਹੁਤ ਛੋਟੀ ਉਮਰ ਵਿੱਚ ਭਰਤੀ ਹੋ ਗਿਆ ਸੀ। ਭਰਤੀ ਹੋਣ ਤੋਂ ਬਾਅਦ ਉਹ ਫਾਇਰਿੰਗ ਟੀਮ ਵਿੱਚ ਹਿੱਸਾ ਲਿਆ, ਜਿੱਥੇ ਉਸ ਨੇ ਛੇ ਗੋਲਡ ਮੈਡਲ ਹਾਸਲ ਕੀਤੇ।"

ਤਸਵੀਰ ਸਰੋਤ, Bimal Seni
ਉੱਥੇ ਹੀ ਇਸ ਮੌਕੇ ਤੇ ਪੁਲਵਾਮਾ ਵਿੱਚ ਮਾਰੇ ਗਏ ਮਰਹੂਮ ਕੁਲਵਿੰਦਰ ਸਿੰਘ ਪਿੰਡ ਰੋਲੀ ਦੇ ਪਿਤਾ ਦਰਸ਼ਨ ਸਿੰਘ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ। ਉਨ੍ਹਾਂ ਨੇ ਵੀ ਆਪਣਾ ਇਕਲੋਤਾ ਪੁੱਤਰ ਦੇਸ ਦੀ ਸੇਵਾ ਦੇ ਲਈ ਕੁਰਬਾਨ ਕਰ ਦਿੱਤਾ ਸੀ।
ਉਹ ਆਪਣੇ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੀ ਵਰਦੀ ਹਮੇਸ਼ਾ ਪਾ ਕੇ ਰੱਖਦੇ ਹਨ ਅਤੇ ਅੱਜ ਵੀ ਪਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਅਤੇ ਜੋਬਨਜੀਤ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ।
ਅੰਤਿਮ ਸੰਸਕਾਰ ਮੌਕੇ ਇਲਾਕਾ ਵਾਸੀਆਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਅਤੇ ਫ਼ੌਜੀ ਅਧਿਕਾਰੀ ਵੀ ਮੌਜੂਦ ਰਹੇ।
ਸੈਂਕੜੇ ਸੇਜਲ ਅੱਖਾਂ ਨਾਲ ਰੋਪੜ ਦੇ ਸ਼ਮਸ਼ਾਨ ਘਾਟ ਵਿੱਚ ਆਪਣੇ ਇਸ ਵੀਰ ਸਪੂਤ ਨੂੰ ਆਖ਼ਰੀ ਵਿਦਾਈ ਦਿੱਤੀ ਗਈ।
ਹਰਿਆਣਾ: ਸੁਧੀਰ ਨਰਵਾਲ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਤਸਵੀਰ ਸਰੋਤ, kamal saini
ਹਰਿਆਣਾ ਦੇ ਸੁਧੀਰ ਨਰਵਾਲ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੁਧੀਰ ਨਰਵਾਲ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੀ ਹੋਈ ਆਈ। ਉਨ੍ਹਾਂ ਦੀ ਦੇਹ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਸਭ ਤੋਂ ਭਾਵੁਕ ਪਲ ਉਦੋਂ ਆਇਆ, ਜਦੋਂ ਉਨ੍ਹਾਂ ਦੇ 4 ਸਾਲ ਦੇ ਬੇਟੇ ਨੇ ਆਪਣੇ ਪਿਤਾ ਨੂੰ ਮੁੱਖ ਅਗਨੀ ਦਿੱਤੀ।
ਮੌਕੇ ਉੱਤੇ ਮੌਜੂਦ ਪਿੰਡ ਵਾਸੀ, ਸੁਰੇਸ਼ ਪਾਲ ਨੇ ਦੱਸਿਆ ਕਿ ਸੁਧੀਰ ਨਰਵਾਲ ਬਹੁਤ ਹੀ ਲਗਨ ਵਾਲਾ ਲੜਕਾ ਸੀ ਅਤੇ ਉਨ੍ਹਾਂ ਨੇ ਅਜਿਹਾ ਕੋਈ ਲੜਕਾ ਨਹੀਂ ਦੇਖਿਆ ਜੋ ਇੰਨੀ ਲਗਨ ਨਾਲ ਆਰਮੀ ਵਿੱਚ ਭਰਤੀ ਹੋਇਆ ਹੋਵੇ। ਉਹ ਦੀਵਾਲੀ ਮੌਕੇ ਹੀ 15-20 ਦਿਨਾਂ ਦੀ ਛੁੱਟੀ ਨਾਲ ਘਰ ਆਏ ਸਨ।
ਸੁਧੀਰ ਨਰਵਾਲ ਦੇ ਜੱਦੀ ਪਿੰਡ ਸ਼ੇਰਪੁਰ ਵਿੱਚ ਭਾਰੀ ਇਕੱਠ ਹੋਇਆ। ਹਰਿਆਣਾ ਦੇ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ, ਸਾਬਕਾ ਮੰਤਰੀ ਕੰਵਰਪਾਲ ਗੁੱਜਰ ਸਮੇਤ ਕਈ ਸੀਨੀਅਰ ਆਗੂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਫ਼ੌਜ ਦੇ ਨੁਮਾਇੰਦੇ ਮੌਜੂਦ ਸਨ।
ਸ਼ਿਆਮ ਸਿੰਘ ਰਾਣਾ ਨੇ ਇਸ ਮੌਕੇ ਕਿਹਾ ਕਿ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੈ।
ਯਮੁਨਾਨਗਰ ਦੇ ਏਡੀਸੀ, ਏਐੱਸਪੀ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਮਰਹੂਮ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













