ਭਾਰਤ ਵੱਲੋਂ ਡਰੋਨ ਬਟਾਲੀਅਨ ਬਣਾਉਣ ਦੀਆਂ ਤਿਆਰੀਆਂ, ਕੀ ਇਸ ਨਾਲ ਵਾਕਈ ਭਾਰਤੀ ਫੌਜ ਨੂੰ ਫਾਇਦਾ ਮਿਲੇਗਾ?

ਤਸਵੀਰ ਸਰੋਤ, Getty Images
- ਲੇਖਕ, ਸ਼ਕੀਲ ਅਖ਼ਤਰ
- ਰੋਲ, ਬੀਬੀਸੀ ਉਰਦੂ
ਇਸ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਫੌਜੀ ਟਕਰਾਅ ਤੋਂ ਬਾਅਦ, ਭਵਿੱਖ ਦੀਆਂ ਜੰਗਾਂ ਦੀ ਤਿਆਰੀ ਲਈ ਇੱਕ ਰਣਨੀਤੀ ਵਜੋਂ ਭਾਰਤੀ ਫੌਜ ਨੇ ਆਪਣੀਆਂ ਵੱਖ-ਵੱਖ ਸ਼ਾਖਾਵਾਂ ਲਈ ਵਿਸ਼ੇਸ਼ 'ਡਰੋਨ ਬਟਾਲੀਅਨ' ਤਿਆਰ ਕਰਨ ਦਾ ਫੈਸਲਾ ਕੀਤਾ ਹੈ।
ਇਸ ਰਣਨੀਤੀ ਦੇ ਤਹਿਤ, ਫੌਜ ਦੇ ਤੋਪਖਾਨੇ, ਪੈਦਲ ਸੈਨਾ ਅਤੇ ਬਖਤਰਬੰਦ ਡਿਵੀਜ਼ਨ ਵਿੱਚ ਇੱਕ-ਇੱਕ ਡਰੋਨ ਯੂਨਿਟ ਬਣਾਈ ਜਾਵੇਗੀ। ਇਨ੍ਹਾਂ ਨਵੀਆਂ ਯੂਨਿਟਾਂ ਦਾ ਮਕਸਦ ਸਿਰਫ ਡਰੋਨ ਸੰਚਾਲਨ ਹੋਵੇਗਾ।
ਅਧਿਕਾਰੀਆਂ ਦੇ ਅਨੁਸਾਰ, ਇਸ ਉਦੇਸ਼ ਲਈ ਫੌਜੀ ਅਧਿਕਾਰੀਆਂ ਨੂੰ ਵੱਖਰੇ ਤੌਰ 'ਤੇ ਡਰੋਨ ਦੇ ਵੱਖ-ਵੱਖ ਸੰਚਾਲਨਾਂ ਵਿੱਚ ਉੱਚ-ਪੱਧਰੀ ਸਿਖਲਾਈ ਦਿੱਤੀ ਜਾਵੇਗੀ।
26 ਜੁਲਾਈ ਨੂੰ 'ਕਾਰਗਿਲ ਵਿਜੇ ਦਿਵਸ' ਦੇ ਮੌਕੇ 'ਤੇ ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਫੌਜ ਵਿੱਚ 30 ਲਾਈਟ ਕਮਾਂਡੋ ਬਟਾਲੀਅਨ ਅਤੇ ਡਰੋਨ ਸਮੇਤ ਸਾਰੇ ਹਥਿਆਰਾਂ ਅਤੇ ਉਪਕਰਣਾਂ ਨਾਲ ਲੈਸ ਇੱਕ 'ਰੁਦਰ ਬ੍ਰਿਗੇਡ' ਬਣਾਉਣ ਦਾ ਐਲਾਨ ਕੀਤਾ ਸੀ।
ਭਾਰਤੀ ਡਰੋਨ ਬਟਾਲੀਅਨ ਕੀ ਕੰਮ ਕਰੇਗੀ?

ਤਸਵੀਰ ਸਰੋਤ, Getty Images
ਡਰੋਨ ਬਟਾਲੀਅਨ ਬਣਾਉਣ ਦੀ ਰਣਨੀਤੀ ਭਾਰਤੀ ਫੌਜ ਨੂੰ ਆਧੁਨਿਕ ਬਣਾਉਣ ਅਤੇ ਇਸਦੇ ਤਿੰਨਾਂ ਅੰਗਾਂ ਦਾ ਤਾਲਮੇਲ ਬਣਾਉਣ ਦੀ ਇੱਕ ਵਿਆਪਕ ਯੋਜਨਾ ਦਾ ਹਿੱਸਾ ਹੈ।
ਰੱਖਿਆ ਵਿਸ਼ਲੇਸ਼ਕ ਰਾਹੁਲ ਬੇਦੀ ਕਹਿੰਦੇ ਹਨ ਕਿ ਡਰੋਨ ਬਟਾਲੀਅਨ ਬਣਾਉਣ ਲਈ ਪਹਿਲਾਂ ਤੋਂ ਹੀ ਵਿਚਾਰ-ਵਟਾਂਦਰਾ ਚੱਲ ਰਿਹਾ ਸੀ।
ਉਹ ਕਹਿੰਦੇ ਹਨ, "ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਫੌਜ ਵਿੱਚ ਡਰੋਨਾਂ ਨੂੰ ਇੱਕ ਕਾਮਬੈਟ ਯੂਨਿਟ ਵਜੋਂ ਸ਼ਾਮਲ ਕਰਨਾ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਬਣ ਗਿਆ ਹੈ। ਪਿਛਲੇ ਦਸ ਸਾਲਾਂ ਵਿੱਚ ਹੋਈਆਂ ਜੰਗਾਂ, ਭਾਵੇਂ ਉਹ ਅਜੇ ਵੀ ਜਾਰੀ ਯੂਕਰੇਨ-ਰੂਸ ਜੰਗ ਹੋਵੇ, ਅਜ਼ਰਬਾਈਜਾਨ ਦੀ ਜੰਗ ਹੋਵੇ ਜਾਂ ਇਜ਼ਰਾਈਲ, ਲੇਬਨਾਨ ਅਤੇ ਈਰਾਨ ਵਿਚਕਾਰ ਜੰਗ ਹੋਵੇ, ਇਨ੍ਹਾਂ ਸਾਰੀਆਂ ਵਿੱਚ ਡਰੋਨਾਂ ਦਾ ਵਿਆਪਕ ਅਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ ਗਿਆ ਹੈ।"
ਉਨ੍ਹਾਂ ਕਿਹਾ, "ਡਰੋਨਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਆਮ ਤੌਰ 'ਤੇ ਸਸਤੇ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਅਰਬਾਂ ਰੁਪਏ ਦੇ ਆਧੁਨਿਕ ਟੈਂਕਾਂ ਨੂੰ ਤਬਾਹ ਕਰਨ ਲਈ ਕੀਤੀ ਜਾ ਰਹੀ ਹੈ। ਇਸ ਲਈ ਇਨ੍ਹਾਂ ਨੂੰ ਇੱਕ ਸਸਤੇ ਅਤੇ ਪ੍ਰਭਾਵਸ਼ਾਲੀ ਹਥਿਆਰ ਵਜੋਂ ਦੇਖਿਆ ਜਾਂਦਾ ਹੈ।"

ਰਾਹੁਲ ਬੇਦੀ ਕਹਿੰਦੇ ਹਨ ਕਿ ਭਾਰਤੀ ਫੌਜ ਹੁਣ ਡਰੋਨਾਂ ਲਈ ਇੱਕ ਵਿਸ਼ੇਸ਼ ਬ੍ਰਿਗੇਡ ਬਣਾ ਰਹੀ ਹੈ, ਜਿਸ ਵਿੱਚ 25 ਤੋਂ 100 ਸੈਨਿਕਾਂ ਅਤੇ ਤਕਨੀਕੀ ਮਾਹਿਰਾਂ ਨੂੰ ਸਿਰਫ ਡਰੋਨ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਉਹ ਕਹਿੰਦੇ ਹਨ, "ਡਰੋਨ ਦੋ ਤਰ੍ਹਾਂ ਦੇ ਹੋਣਗੇ। ਇੱਕ ਅਟੈਕ ਡਰੋਨ ਅਤੇ ਦੂਜਾ ਸਰਵੀਲਾਂਸ ਡਰੋਨ, ਭਾਵ ਜਾਣਕਾਰੀ ਹਾਸਿਲ ਕਰਨ ਲਈ ਇੱਕ ਖੂਫੀਆ ਉਡਾਣ ਭਰਨ ਵਾਲਾ। ਸਰਵੀਲਾਂਸ ਡਰੋਨ ਇਹ ਦੇਖੇਗਾ ਕਿ ਨਿਸ਼ਾਨਾ ਕਿੱਥੇ ਹੈ ਅਤੇ ਅਟੈਕ ਡਰੋਨ ਨੂੰ ਸੰਕੇਤ ਦੇਵੇਗਾ। ਅਟੈਕ ਡਰੋਨ ਉਸ ਨਿਸ਼ਾਨੇ 'ਤੇ ਇਕੱਲੇ ਜਾਂ 20-25 ਡਰੋਨਾਂ ਦੇ ਸਮੂਹ ਨਾਲ ਹਮਲਾ ਕਰ ਸਕੇਗਾ।"

ਤਸਵੀਰ ਸਰੋਤ, Corbis via Getty Images
ਡਰੋਨ ਤਿੰਨ ਸ਼੍ਰੇਣੀਆਂ ਦੇ ਹੁੰਦੇ ਹਨ। ਛੋਟੀ ਦੂਰੀ ਵਾਲੇ ਡਰੋਨ, ਜੋ 20 ਤੋਂ 50 ਕਿਲੋਮੀਟਰ ਤੱਕ ਕੰਮ ਕਰਦੇ ਹਨ। ਦਰਮਿਆਨੇ ਅਤੇ ਉੱਚ-ਪੱਧਰੀ ਡਰੋਨ, ਜੋ ਲੰਬੀ ਦੂਰੀ ਤੱਕ ਉੱਡ ਸਕਦੇ ਹਨ ਅਤੇ ਅਤਿ-ਆਧੁਨਿਕ ਅਟੈਕ ਡਰੋਨ, ਜਿਵੇਂ ਕਿ ਐਮਕਿਯੂ-ਐਨਬੀ।
ਭਾਰਤ ਨੇ ਅਮਰੀਕਾ ਤੋਂ 3.5 ਬਿਲੀਅਨ ਡਾਲਰ ਦੇ 31 ਅਜਿਹੇ ਡਰੋਨ ਖਰੀਦੇ ਹਨ। ਭਾਰਤ ਨੇ 1990 ਦੇ ਦਹਾਕੇ ਦੇ ਅਖੀਰ ਤੋਂ ਡਰੋਨ ਖਰੀਦਣੇ ਸ਼ੁਰੂ ਕਰ ਦਿੱਤੇ ਸਨ।
ਭਾਰਤ ਨੇ ਇਜ਼ਰਾਈਲ ਤੋਂ ਹਾਰਪੀ, ਹੈਰੋਪ ਅਤੇ ਹੈਰੋਨ ਸ਼੍ਰੇਣੀ ਦੇ ਡਰੋਨ ਖਰੀਦੇ ਹਨ, ਜੋ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਵੀ ਵਿਆਪਕ ਤੌਰ 'ਤੇ ਵਰਤੇ ਗਏ ਸਨ। ਭਾਰਤ ਆਪਣੇ ਘਰੇਲੂ ਡਰੋਨ ਵੀ ਬਣਾ ਰਿਹਾ ਹੈ।
ਡਰੋਨ ਦਾ ਇਸਤੇਮਾਲ ਹੁਣ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਉਚਾਈ ਵਾਲੇ ਪਹਾੜੀ ਖੇਤਰਾਂ ਵਿੱਚ ਫੌਜੀਆਂ ਨੂੰ ਜੰਗੀ ਸਮੱਗਰੀ ਅਤੇ ਰਸਦ ਪਹੁੰਚਾਉਣ ਲਈ ਵੀ ਕੀਤਾ ਜਾ ਰਿਹਾ ਹੈ।
ਡਰੋਨ ਤਕਨਾਲੋਜੀ ਵਿੱਚ ਤਿੰਨ ਦੇਸ਼ਾਂ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ - ਸਭ ਤੋਂ ਪਹਿਲਾਂ ਇਜ਼ਰਾਈਲ ਨੇ ਅਤਿ-ਆਧੁਨਿਕ ਡਰੋਨ ਬਣਾਏ, ਫਿਰ ਅਮਰੀਕਾ ਨੇ ਇਸ ਵਿੱਚ ਮੁਹਾਰਤ ਹਾਸਲ ਕੀਤੀ, ਅਤੇ ਹੁਣ ਚੀਨ ਇਸ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
'ਭਵਿੱਖ ਦੀਆਂ ਜੰਗਾਂ ਵਿੱਚ ਮਨੁੱਖਾਂ ਦੀ ਘੱਟ ਲੋੜ ਪਵੇਗੀ'

ਤਸਵੀਰ ਸਰੋਤ, ASISGUARD.COM
ਭਾਰਤ ਅਤੇ ਪਾਕਿਸਤਾਨ ਵਿਚਕਾਰ ਮਈ ਵਿੱਚ ਹੋਏ ਸੰਘਰਸ਼ ਵਿੱਚ ਪਾਕਿਸਤਾਨ ਨੇ ਚੀਨ ਅਤੇ ਤੁਰਕੀਏ ਦੇ ਡਰੋਨ ਵਰਤੇ ਸਨ। ਹਾਈ-ਟੈਕ ਡਰੋਨ ਵਾਰਫੇਅਰ ਹੁਣ ਵਧਦਾ ਜਾ ਰਿਹਾ ਹੈ।
ਰੱਖਿਆ ਵਿਸ਼ਲੇਸ਼ਕ ਰਾਹੁਲ ਬੇਦੀ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਪੈਦਲ ਫੌਜਾਂ ਦੀਆਂ ਲੜਾਈਆਂ ਹੁੰਦੀਆਂ ਸਨ, ਗੋਲੀਆਂ ਚੱਲਦੀਆਂ ਸਨ। ਇਸਨੂੰ ਕਾਨਟੈਕਟ ਵਾਰਫੇਅਰ ਕਿਹਾ ਜਾਂਦਾ ਸੀ।
ਉਹ ਕਹਿੰਦੇ ਹਨ, "ਹੁਣ ਉਹ ਸਭ ਖਤਮ ਹੁੰਦਾ ਜਾ ਰਿਹਾ ਹੈ। ਹੁਣ ਇਹ ਕੰਮ ਮਸ਼ੀਨਾਂ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਤਾਂ ਕੰਪਿਊਟਰਾਂ ਨਾਲ ਕੰਟਰੋਲ ਹੋਣ ਵਾਲੇ ਬਿਨਾਂ ਪਾਇਲਟ ਦੇ ਲੜਾਕੂ ਜਹਾਜ਼ ਵੀ ਬਣਨ ਲੱਗੇ ਹਨ।"
"ਪਾਇਲਟ ਕੋਲੋਂ ਤਾਂ ਟਾਰਗੇਟ ਨੂੰ ਨਿਸ਼ਾਨਾ ਬਣਾਉਣ 'ਚ ਗਲਤੀ ਹੋ ਸਕਦੀ ਹੈ ਪਰ ਇਨ੍ਹਾਂ ਮਸ਼ੀਨਾਂ ਨਾਲ ਗਲਤੀ ਦੀ ਸੰਭਾਵਨਾ ਨਾ ਹੋਣ ਦੇ ਬਰਾਬਰ ਹੈ।"
ਰਾਹੁਲ ਬੇਦੀ ਕਹਿੰਦੇ ਹਨ ਕਿ ਭਵਿੱਖ ਦੀਆਂ ਜੰਗਾਂ ਵਿੱਚ ਮਨੁੱਖ ਦੀ ਜ਼ਰੂਰਤ ਘੱਟ ਹੋ ਜਾਵੇਗੀ ਅਤੇ ਮਸ਼ੀਨਾਂ ਦੀ ਜ਼ਰੂਰਤ ਵਧਦੀ ਜਾਵੇਗੀ।
ਉਹ ਕਹਿੰਦੇ ਹਨ, "ਜੋ ਆਧੁਨਿਕ ਤਕਨਾਲੋਜੀ ਨੂੰ ਅਪਣਾਏਗਾ ਅਤੇ ਜਿਸ ਦਾ ਇਸ 'ਤੇ ਕੰਟਰੋਲ ਹੋਵੇਗਾ, ਉਹੀ ਜਿੱਤੇਗਾ।"
ਕੀ ਭਾਰਤੀ ਫੌਜ ਪਾਕਿਸਤਾਨ 'ਤੇ ਚੜਾਈ ਕਰ ਸਕੇਗੀ?

ਤਸਵੀਰ ਸਰੋਤ, Getty Images
ਰੱਖਿਆ ਵਿਸ਼ਲੇਸ਼ਕ ਅਤੇ ਫੌਜੀ ਮਾਮਲਿਆਂ ਦੀ ਪਤ੍ਰਿਕਾ 'ਫੋਰਸ' ਦੇ ਸੰਪਾਦਕ ਪ੍ਰਵੀਣ ਸਾਹਨੀ ਕਹਿੰਦੇ ਹਨ ਕਿ ਭਾਰਤ ਆਪਣੀ ਫੌਜ ਵਿੱਚ ਜੋ ਡਰੋਨ ਬਟਾਲੀਅਨ ਬਣਾ ਰਿਹਾ ਹੈ, ਉਸ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਵੇਗਾ।
ਉਹ ਕਹਿੰਦੇ ਹਨ ਕਿ ਜਦੋਂ ਤੱਕ ਭਾਰਤ ਕੋਲ 24 ਘੰਟੇ ਜ਼ਮੀਨ 'ਤੇ ਨਜ਼ਰ ਰੱਖਣ ਲਈ ਆਪਣਾ ਇੱਕ ਪ੍ਰਭਾਵਸ਼ਾਲੀ ਸੈਟੇਲਾਈਟ ਸਿਸਟਮ ਨਹੀਂ ਬਣ ਪਾਉਂਦਾ, ਉਦੋਂ ਤੱਕ ਇਹ ਡਰੋਨ ਪ੍ਰਭਾਵਸ਼ਾਲੀ ਢੰਗ ਨਾਲ ਕਾਰਗਰ ਨਹੀਂ ਹੋ ਸਕਦੇ।
ਉਹ ਕਹਿੰਦੇ ਹਨ, "ਆਪ੍ਰੇਸ਼ਨ ਸਿੰਦੂਰ ਦੌਰਾਨ ਅਸੀਂ ਦੇਖਿਆ ਸੀ ਕਿ ਚੀਨ ਦੇ ਸੈਟੇਲਾਈਟ ਨੈੱਟਵਰਕ ਰਾਹੀਂ ਪਾਕਿਸਤਾਨ ਨੂੰ 24 ਘੰਟੇ ਸਰਵੀਲਾਂਸ ਮਿਲੀ ਹੋਈ ਸੀ। ਇਸਦਾ ਮਤਲਬ ਹੈ ਕਿ ਭਾਰਤੀ ਫੌਜ ਦੀਆਂ ਗਤੀਵਿਧੀਆਂ ਉਨ੍ਹਾਂ ਨੂੰ 24 ਘੰਟੇ ਦਿਖਾਈ ਦੇ ਰਹੀਆਂ ਸਨ। ਉਹ ਜਾਣਦੇ ਸਨ ਕਿ ਕਿਹੜੀ ਚੀਜ਼ ਕਿੱਥੇ ਹੈ।"
ਉਹ ਕਹਿੰਦੇ ਹਨ ਕਿ ਡਰੋਨ ਉਦੋਂ ਮਹੱਤਵਪੂਰਨ ਹੁੰਦੇ ਹਨ ਜਦੋਂ ਜੰਗ ਦੇ ਮੈਦਾਨ ਬਾਰੇ ਜਾਣਕਾਰੀ ਮਿਲ ਜਾਂਦੀ ਹੈ। "ਤੁਸੀਂ ਇੱਕ ਅਜਿਹੀ ਜੰਗ ਲੜ ਰਹੇ ਹੋ ਜਦੋਂ ਦੋਵੇਂ ਨਹੀਂ ਜਾਣਦੇ ਕਿ ਅੱਗੇ ਕੀ ਹੈ। ਦੋਵੇਂ ਦੇਸ਼ ਜ਼ਿਆਦਾਤਰ ਮਿਜ਼ਾਈਲਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦੀ ਪਹੁੰਚ ਹਰ ਜਗ੍ਹਾ ਹੈ।"
ਪ੍ਰਵੀਣ ਸਾਹਨੀ ਕਹਿੰਦੇ ਹਨ ਕਿ ਜਦੋਂ ਤੱਕ ਤੁਹਾਡੇ ਕੋਲ ਰਾਉਂਡ ਦਿ ਕਲੌਕ ਵਿਜ਼ੀਬਿਲਿਟੀ (24 ਘੰਟੇ ਦੀ ਨਿਗਰਾਨੀ) ਨਹੀਂ ਹੈ, ਉਹ ਤੱਕ ਉਨ੍ਹਾਂ ਯੂਨਿਟਾਂ ਦਾ ਕੋਈ ਮਤਲਬ ਨਹੀਂ ਹੈ।
ਉਹ ਕਹਿੰਦੇ ਹਨ, "ਮੈਂ ਇਹ ਨਹੀਂ ਕਹਿ ਰਿਹਾ ਕਿ ਇਸਦੀ ਕੋਈ ਲੋੜ ਨਹੀਂ ਹੈ, ਪਰ ਮੌਜੂਦਾ ਸਥਿਤੀ ਵਿੱਚ ਇਸਨੂੰ ਤਰਜੀਹ ਦੇਣ ਦੀ ਕੋਈ ਲੋੜ ਨਹੀਂ ਹੈ।"
ਉਨ੍ਹਾਂ ਦੀ ਰਾਇ ਵਿੱਚ, ਭਾਰਤੀ ਫੌਜ ਦੀ ਪਹਿਲੀ ਲੋੜ ਸੈਟੇਲਾਈਟ ਰਾਹੀਂ 24 ਘੰਟੇ ਜੰਗ ਦੇ ਮੈਦਾਨ ਦੀ ਸਪਸ਼ਟ ਤਸਵੀਰ ਦੀ ਨਿਗਰਾਨੀ ਹੈ, ਜੋ ਕਿ ਚੀਨ ਰਾਹੀਂ ਪਾਕਿਸਤਾਨ ਨੂੰ ਮਿਲੀ ਹੋਈ ਹੈ।
ਉਹ ਕਹਿੰਦੇ ਹਨ, "ਫਿਰ ਸਾਨੂੰ ਇਲੈਕਟ੍ਰਾਨਿਕ ਵਾਰਫੇਅਰ ਦੀ ਸਮਰੱਥਾ ਚਾਹੀਦੀ ਹੈ, ਜੋ ਇਸ ਸਮੇਂ ਪਾਕਿਸਤਾਨ ਕੋਲ ਹੈ।"
"ਇਸ ਸਮੇਂ ਭਾਰਤੀ ਫੌਜ ਸਰਹੱਦ ਪਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਯੂਏਵੀ ਦੀ ਵਰਤੋਂ ਕਰਦੀ ਹੈ। ਇਸ ਸਮੇਂ ਜੋ ਗੱਲ ਭਾਰਤ ਲਈ ਸਭ ਤੋਂ ਮਹੱਤਵਪੂਰਨ ਹੈ, ਉਹ ਹੈ ਫੌਜ ਦਾ ਇੰਟੀਗ੍ਰੇਸ਼ਨ ਭਾਵ ਇਸਦੇ ਤਿੰਨਾਂ ਅੰਗਾਂ ਨੂੰ ਪੂਰੀ ਤਰ੍ਹਾਂ ਤਾਲਮੇਲ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਜੋ ਆਧੁਨਿਕੀਕਰਣ ਹੋ ਰਿਹਾ ਹੈ ਉਹ ਤਾਲਮੇਲ ਵਾਲਾ ਨਹੀਂ ਹੈ। ਇੱਥੇ ਇੰਟੀਗ੍ਰੇਟਿਡ ਥੀਏਟਰ ਕਮਾਨ ਬਣਾਉਣ ਦੀ ਗੱਲ 2020 ਤੋਂ ਚੱਲ ਰਹੀ ਹੈ, ਪਰ ਅਜੇ ਤੱਕ ਇਸ ਬਾਰੇ ਕੁਝ ਸਪਸ਼ਟ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












