'ਆਪ੍ਰੇਸ਼ਨ ਸਿੰਦੂਰ' ਦੌਰਾਨ ਪਾਕਿਸਤਾਨ ਦੇ ਛੇ ਜਹਾਜ਼ ਡੇਗੇ ਗਏ: ਭਾਰਤੀ ਹਵਾਈ ਫੌਜ ਦੇ ਮੁਖੀ

ਏਅਰ ਚੀਫ ਮਾਰਸ਼ਲ ਏਪੀ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਏਅਰ ਚੀਫ ਮਾਰਸ਼ਲ ਏਪੀ ਸਿੰਘ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਬੰਗਲੁਰੂ ਵਿੱਚ ਇੱਕ ਪ੍ਰੋਗਰਾਮ ਵਿੱਚ ਦੱਸਿਆ ਕਿ ਇਸ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਟਕਰਾਅ ਦੌਰਾਨ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ਾਂ ਅਤੇ ਇੱਕ ਵੱਡੇ ਜਹਾਜ਼ ਨੂੰ ਡੇਗ ਦਿੱਤਾ ਗਿਆ ਸੀ।

ਏਅਰ ਚੀਫ ਮਾਰਸ਼ਲ ਬੰਗਲੁਰੂ ਵਿੱਚ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਨਾਲ ਜੁੜੀ ਜਾਣਕਾਰੀ ਦੇ ਰਹੇ ਸਨ। 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਕਿਹਾ ਸੀ ਕਿ 6-7 ਮਈ ਦੀ ਰਾਤ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਆਪ੍ਰੇਸ਼ਨ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਗਿਆ ਸੀ।

ਇਸ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਸ਼ੁਰੂ ਹੋ ਗਿਆ।

16ਵੇਂ ਏਅਰ ਚੀਫ ਮਾਰਸ਼ਲ ਐੱਲਐੱਮ ਕਾਤਰੇ ਲੈਕਚਰ ਵਿੱਚ ਏਪੀ ਸਿੰਘ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਇਸ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਦੇ ਘੱਟੋ-ਘੱਟ ਪੰਜ ਲੜਾਕੂ ਜਹਾਜ਼ਾਂ ਅਤੇ ਇੱਕ ਵੱਡੇ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ।

ਉਹਨਾਂ ਨੇ ਕਿਹਾ ਕਿ ਇਹ ਵੱਡਾ ਜਹਾਜ਼ ਈਐੱਲਆਈਐੱਨਟੀ ਜਾਂ ਏ.ਈ.ਡਬਲਯੂ.ਐਂਡ ਸੀ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਜਹਾਜ਼ ਨੂੰ ਜ਼ਮੀਨ ਤੋਂ ਹਵਾ ਵਿੱਚ 300 ਕਿਲੋਮੀਟਰ ਦੀ ਦੂਰੀ 'ਤੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇੱਕ ਤਰੀਕੇ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ, ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਦਾ ਰਿਕਾਰਡ ਹੈ।

'ਇਹ ਇੱਕ ਹਾਈਟੈੱਕ ਵਾਰ ਸੀ ਜੋ 80-90 ਘੰਟੇ ਚੱਲੀ'

 ਏਅਰ ਚੀਫ ਮਾਰਸ਼ਲ ਏਪੀ ਸਿੰਘ

ਤਸਵੀਰ ਸਰੋਤ, ANI

ਏਅਰ ਚੀਫ ਮਾਰਸ਼ਲ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ 'ਹਾਈਟੈੱਕ ਵਾਰ' ਦੱਸਿਆ ਹੈ।

ਉਨ੍ਹਾਂ ਨੇ ਕਿਹਾ, "ਮੈਂ ਕਹਿ ਸਕਦਾ ਹਾਂ ਕਿ ਇਹ ਇੱਕ 'ਹਾਈਟੈੱਕ ਵਾਰ' (ਉੱਚ-ਤਕਨੀਕੀ ਜੰਗ) ਤੋਂ ਵੱਧ ਸੀ ਜੋ ਅਸੀਂ ਲੜੀ। ਇਹ ਲਗਭਗ 80-90 ਘੰਟੇ ਚੱਲੀ ਜੰਗ ਸੀ । ਇਸ ਵਿੱਚ, ਅਸੀਂ ਵੱਡੇ ਪੈਮਾਨੇ ਉੱਤੇ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਦਾ ਨੁਕਸਾਨ ਕੀਤਾ।"

"ਇਸ ਨੁਕਸਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਸਪੱਸ਼ਟ ਹੋ ਗਿਆ ਸੀ ਕਿ ਜੇਕਰ ਇਹ ਜਾਰੀ ਰਿਹਾ, ਤਾਂ ਉਨ੍ਹਾਂ ਨੂੰ ਹੋਰ ਨੁਕਸਾਨ ਝੱਲਣਾ ਪਵੇਗਾ। ਇਸੇ ਲਈ ਉਹ ਅੱਗੇ ਆਏ ਅਤੇ ਉਹਨਾਂ ਨੇ ਸਾਡੇ ਡੀਜੀਐਮਓ ਨੂੰ ਦੁਬਾਰਾ ਸੁਨੇਹਾ ਭੇਜਿਆ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਉੱਚ ਪੱਧਰ 'ਤੇ ਇਸ ਨੂੰ ਸਵੀਕਾਰ ਕਰ ਲਿਆ ਗਿਆ।"

7 ਤੋਂ 10 ਮਈ ਦਰਮਿਆਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਫੌਜੀ ਟਕਰਾਅ ਦੌਰਾਨ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਹਨ।

31 ਮਈ ਨੂੰ, ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਫੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ।

ਉਨ੍ਹਾਂ ਨੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਪਿਛਲੇ ਮਹੀਨੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਟਕਰਾਅ ਵਿੱਚ 'ਪੰਜ ਲੜਾਕੂ ਜਹਾਜ਼ਾਂ ਨੂੰ ਡੇਗੇ ਗਏ'।

ਹਾਲਾਂਕਿ, ਟਰੰਪ ਨੇ ਇਹ ਨਹੀਂ ਦੱਸਿਆ ਕਿ ਕਿਸ ਦੇਸ਼ ਦੇ ਕਿੰਨੇ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਵੀ ਭਾਰਤ ਦੇ 'ਪੰਜ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਣ' ਦਾ ਦਾਅਵਾ ਕੀਤਾ ਹੈ। ਹਾਲਾਂਕਿ, ਭਾਰਤ ਨੇ ਹਮੇਸ਼ਾ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)