ਪੁਰੂਲੀਆ ਵਿੱਚ ਜਦੋਂ ਅਸਮਾਨ ਤੋਂ ਵਰ੍ਹਿਆ ਬੰਦੂਕਾਂ ਦਾ ਮੀਂਹ - ਵਿਵੇਚਨਾ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਸਹਿਯੋਗੀ
ਗੱਲ ਦਸੰਬਰ,1995 ਦੀ ਹੈ। 17 ਦਸੰਬਰ ਦੀ ਰਾਤ ਨੂੰ ਲਗਭਗ ਚਾਰ ਟਨ ਵਜ਼ਨ ਦੇ ਖ਼ਤਰਨਾਕ ਹਥਿਆਰ ਲੱਦ ਕੇ ਇੱਕ ਰੂਸੀ ਐਂਟੋਨੋਵ ਏਐੱਨ 26 ਜਹਾਜ਼ ਨੇ ਕਰਾਚੀ ਤੋਂ ਢਾਕਾ ਲਈ ਉਡਾਣ ਭਰੀ।
ਉਸ ਜਹਾਜ਼ ਵਿੱਚ ਅੱਠ ਯਾਤਰੀ ਸਵਾਰ ਸਨ। ਇੱਕ ਡੈਨਿਸ਼ ਵਿਅਕਤੀ ਕਿਮ ਪੀਟਰ ਡੇਵੀ, ਇੱਕ ਬ੍ਰਿਟਿਸ਼ ਹਥਿਆਰ ਡੀਲਰ ਪੀਟਰ ਬਲੀਚ, ਸਿੰਗਾਪੁਰ ਦਾ ਰਹਿਣ ਵਾਲਾ ਭਾਰਤੀ ਮੂਲ ਦਾ ਇੱਕ ਵਿਅਕਤੀ ਦੀਪਕ ਮਣੀਕਨ ਅਤੇ ਪੰਜ ਚਾਲਕ ਦਲ ਦੇ ਮੈਂਬਰ।
ਇਹ ਪੰਜੇ ਵਿਅਕਤੀ ਰੂਸੀ ਬੋਲਦੇ ਸਨ ਅਤੇ ਲਾਤਵੀਆ ਦੇ ਨਾਗਰਿਕ ਸਨ। ਜਹਾਜ਼ ਨੇ ਵਾਰਾਣਸੀ ਦੇ ਬਾਬਤਪੁਰ ਹਵਾਈ ਅੱਡੇ 'ਤੇ ਤੇਲ ਭਰਵਾਇਆ। ਉੱਥੇ, ਤਿੰਨ ਪੈਰਾਸ਼ੂਟਾਂ ਨੂੰ ਜਹਾਜ਼ ਵਿੱਚ ਲੱਦੇ ਹਥਿਆਰਾਂ ਨਾਲ ਜੋੜਿਆ ਗਿਆ।
ਪੀਟਰ ਬਲੀਚ ਨੇ ਸੀਬੀਆਈ ਨੂੰ ਦਿੱਤੇ ਆਪਣੇ ਬਿਆਨ ਵਿੱਚ ਇਨ੍ਹਾਂ ਗੱਲਾਂ ਨੂੰ ਸਵੀਕਾਰ ਕੀਤਾ ਸੀ ਅਤੇ ਇਹ ਵੀ ਮੰਨਿਆ ਸੀ ਕਿ ਕਰਾਚੀ ਆਉਣ ਤੋਂ ਪਹਿਲਾਂ ਬੁਲਗਾਰੀਆ ਦੇ ਬਰਗਾਸ ਵਿੱਚ ਸਾਰੇ ਹਥਿਆਰ ਇਸ ਜਹਾਜ਼ ਵਿੱਚ ਲੱਦੇ ਗਏ ਸਨ।
ਸੀਨੀਅਰ ਪੱਤਰਕਾਰ ਚੰਦਨ ਨੰਦੀ ਆਪਣੀ ਬਹੁ-ਚਰਚਿਤ ਕਿਤਾਬ 'ਦ ਨਾਈਟ ਇਟ ਰੇਨਡ ਗਨਜ਼' ਵਿੱਚ ਲਿਖਦੇ ਹਨ, "ਵਾਰਾਨਸੀ ਤੋਂ ਉਡਾਣ ਭਰਨ ਤੋਂ ਬਾਅਦ, ਜਹਾਜ਼ ਨੇ ਗਯਾ ਦੇ ਉੱਪਰ ਆਪਣਾ ਰਸਤਾ ਬਦਲ ਲਿਆ। ਜਿਵੇਂ ਹੀ ਇਹ ਪੱਛਮੀ ਬੰਗਾਲ ਦੇ ਇੱਕ ਬਹੁਤ ਹੀ ਪਛੜੇ ਜ਼ਿਲ੍ਹੇ ਪੁਰੂਲੀਆ ਪਹੁੰਚਿਆ, ਤਾਂ ਇਹ ਬਹੁਤ ਨੀਵਾਂ ਉੱਡਣ ਲੱਗ ਪਿਆ। ਉੱਥੇ, ਪੈਰਾਸ਼ੂਟ ਨਾਲ ਜੁੜੇ ਹੋਏ ਲੱਕੜ ਦੇ ਤਿੰਨ ਵੱਡੇ ਡੱਬੇ ਥੱਲੇ ਸੁੱਟੇ ਗਏ, ਜਿਹਨਾਂ ਵਿੱਚ ਸੈਂਕੜੇ ਏਕੇ 47 ਰਾਈਫਲਾਂ ਭਰੀਆਂ ਹੋਈਆਂ ਸਨ।"
"ਇਹ ਸਮਾਨ ਝਾਲਦਾ ਪਿੰਡ ਦੇ ਨੇੜੇ ਸੁੱਟਿਆ ਗਿਆ ਸੀ, ਜੋ ਆਨੰਦ ਮਾਰਗ ਦੇ ਮੁੱਖ ਦਫਤਰ ਦੇ ਬਹੁਤ ਨੇੜੇ ਸੀ। ਸਮਾਨ ਸੁੱਟਦੇ ਹੀ ਜਹਾਜ਼ ਨੇ ਆਪਣੇ ਪਹਿਲਾਂ ਤੋਂ ਤੈਅ ਰਸਤੇ 'ਤੇ ਮੁੜ ਉੱਡਣਾ ਸ਼ੁਰੂ ਕਰ ਦਿੱਤਾ। ਉਸਨੇ ਕਲਕੱਤਾ ਵਿੱਚ ਉੱਤਰ ਕੇ ਮੁੜ ਤੇਲ ਭਰਵਾਇਆ ਅਤੇ ਥਾਈਲੈਂਡ ਦੇ ਫੁਕੇਤ ਲਈ ਉਡਾਣ ਗਿਆ।"

ਤਸਵੀਰ ਸਰੋਤ, Rupa
ਪੀਟਰ ਬਲੀਚ ਦਾ ਸ਼ੱਕ
ਚੰਦਨ ਨੰਦੀ ਅਤੇ ਬ੍ਰਿਟਿਸ਼ ਪੱਤਰਕਾਰ ਪੀਟਰ ਪੋਫਹੈਮ ਦੇ ਮੁਤਾਬਕ, ਜਹਾਜ਼ ਵਿੱਚ ਸਵਾਰ ਹਥਿਆਰਾਂ ਦੇ ਡੀਲਰ ਪੀਟਰ ਬਲੀਚ ਦਾ ਸੰਬੰਧ ਬ੍ਰਿਟਿਸ਼ ਖੁਫੀਆ ਏਜੰਸੀ ਐੱਮਆਈ 6 ਨਾਲ ਜੁੜਿਆ ਹੋਇਆ ਸੀ। ਉਹ ਕਈ ਵਾਰ ਉਨ੍ਹਾਂ ਦੇ ਜਾਸੂਸੀ ਮਿਸ਼ਨਾਂ ਵਿੱਚ ਉਨ੍ਹਾਂ ਦੀ ਮਦਦ ਕਰਦੇ ਸਨ।
ਜਦੋਂ ਜਹਾਜ਼ ਨੇ ਵਾਰਾਣਸੀ ਤੋਂ ਉਡਾਣ ਭਰੀ ਤਾਂ ਉਹਨਾਂ ਨੂੰ ਡਰ ਸੀ ਕਿ ਉਹਨਾਂ ਦੇ ਜਹਾਜ਼ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।
ਬ੍ਰਿਟੇਨ ਦੇ ਮਸ਼ਹੂਰ ਅਖ਼ਬਾਰ 'ਦਿ ਇੰਡੀਪੈਂਡੈਂਟ' ਦੇ 6 ਮਾਰਚ, 2011 ਦੇ ਅੰਕ ਵਿੱਚ ਛਪੇ 'ਅਪ ਇਨ ਆਰਮਜ਼: ਦਿ ਬਿਜ਼ਾਰ ਕੇਸ ਆਫ ਦਿ ਬ੍ਰਿਟਿਸ਼ ਗਨ ਰਨਰ, ਦਿ ਇੰਡੀਅਨ ਰੈਬਲਜ਼ ਐਂਡ ਦਿ ਮਿਸਿੰਗ ਡੇਨ' ਸਿਰਲੇਖ ਵਾਲੇ ਇੱਕ ਲੇਖ ਵਿੱਚ, ਪੀਟਰ ਪੋਫਹੈਮ ਨੇ ਲਿਖਿਆ ਸੀ, "ਪੀਟਰ ਬਲੀਚ ਨੇ ਮੈਨੂੰ ਦੱਸਿਆ ਸੀ ਕਿ ਉਡਾਣ ਤੋਂ ਤਿੰਨ ਮਹੀਨੇ ਪਹਿਲਾਂ, ਇੱਕ ਡੈਨਿਸ਼ ਗਾਹਕ ਨੂੰ ਵੱਡੀ ਮਾਤਰਾ ਵਿੱਚ ਹਥਿਆਰ ਪ੍ਰਦਾਨ ਕਰਨ ਲਈ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਹਥਿਆਰ ਕਿਸੇ ਦੇਸ਼ ਲਈ ਨਹੀਂ ਸਗੋਂ ਇੱਕ ਕੱਟੜਪੰਥੀ ਸੰਗਠਨ ਲਈ ਹਨ, ਤਾਂ ਉਹਨਾਂ ਨੇ ਬ੍ਰਿਟਿਸ਼ ਖੁਫੀਆ ਵਿਭਾਗ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਸੀ।"
"ਬ੍ਰਿਟਿਸ਼ ਖੁਫੀਆ ਏਜੰਸੀ ਨੇ ਉਹਨਾਂ ਨੂੰ ਸਲਾਹ ਦਿੱਤਾ ਸੀ ਕਿ ਉਹ ਆਪਣੀ ਨੌਕਰੀ ਜਾਰੀ ਰੱਖਣ। ਉਹ ਇਸ ਵਿਸ਼ਵਾਸ ਨਾਲ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ ਸਨ ਕਿ ਉਹ ਇੱਕ ਕੱਟੜਪੰਥੀ ਸੰਗਠਨ ਵਿਰੋਧੀ ਸਟਿੰਗ ਆਪ੍ਰੇਸ਼ਨ ਵਿੱਚ ਹਿੱਸਾ ਲੈ ਰਹੇ ਸੀ ਅਤੇ ਹਥਿਆਰਾਂ ਨੂੰ ਸੁੱਟਣ ਤੋਂ ਪਹਿਲਾਂ ਭਾਰਤੀ ਏਜੰਸੀਆਂ ਇਸਨੂੰ ਰੋਕ ਦੇਣਗੀਆਂ ਅਤੇ ਉਹ ਇਸ ਵਿੱਚੋਂ ਬਾਹਰ ਨਿਕਲ ਜਾਣਗੇ।"

ਤਸਵੀਰ ਸਰੋਤ, Getty Images
ਪੁਰੂਲੀਆ ਵਿੱਚ ਹਥਿਆਰ ਸੁੱਟੇ ਗਏ
ਪਰ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਦੇ ਕੋਈ ਸੰਕੇਤ ਨਹੀਂ ਮਿਲੇ ਸਨ ਕਿ ਭਾਰਤੀ ਪ੍ਰਸ਼ਾਸਨ ਇਸਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੀਟਰ ਪੋਫਹੈਮ ਲਿਖਦੇ ਹਨ, "ਬਲੀਚ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੇ ਵਾਰਾਣਸੀ ਤੋਂ ਉਡਾਣ ਭਰੀ, ਤਾਂ ਉਹਨਾਂ ਨੂੰ ਚਿੰਤਾ ਸਤਾਉਣ ਲੱਗ ਗਈ। ਉਹਨਾਂ ਨੂੰ ਲੱਗਿਆ ਕਿ ਭਾਰਤੀਆਂ ਨੇ ਜਹਾਜ਼ ਨੂੰ ਡੇਗਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੂੰ ਡਰ ਸੀ ਕਿ ਉਹਨਾਂ ਦਾ ਅੰਤ ਨੇੜੇ ਹੈ।"
ਪਰ ਜਹਾਜ਼ ਨੇ ਰਾਤ ਦੇ ਹਨੇਰੇ ਵਿੱਚ ਹਥਿਆਰ ਸੁੱਟ ਦਿੱਤੇ ਅਤੇ ਕੁਝ ਨਹੀਂ ਹੋਇਆ। ਬਲੀਚ ਦੀ ਨਜ਼ਰ ਵਿੱਚ ਉਹਨਾਂ ਦੀ ਮੁਸੀਬਤ ਖਤਮ ਹੋ ਗਈ ਸੀ, ਪਰ ਇੱਥੋਂ ਉਹਨਾਂ ਦੀਆਂ ਮੁਸੀਬਤਾਂ ਸ਼ੁਰੂ ਹੋ ਰਹੀਆਂ ਸਨ।
ਸੈਂਕੜੇ ਏਕੇ-47 ਰਾਈਫਲਾਂ ਅਤੇ ਹਥਿਆਰ ਜ਼ਮੀਨ 'ਤੇ ਖਿੰਡੇ ਹੋਏ ਮਿਲੇ।
18 ਦਸੰਬਰ ਦੀ ਸਵੇਰ ਨੂੰ ਪੁਰੂਲੀਆ ਜ਼ਿਲ੍ਹੇ ਦੇ ਗਨੂਡੀਹ ਪਿੰਡ ਦੇ ਸੁਭਾਸ਼ ਤੰਤੂਬਾਈ ਆਪਣੇ ਪਸ਼ੂ ਚਰਾਉਣ ਲਈ ਬਾਹਰ ਨਿਕਲੇ।
ਅਚਾਨਕ ਉਹਨਾਂ ਦੀ ਨਜ਼ਰ ਇੱਕ ਟਿੱਲੇ ਦੇ ਸਾਹਮਣੇ ਘਾਹ ਦੇ ਮੈਦਾਨ 'ਤੇ ਪਈ, ਜਿੱਥੇ ਇੱਕ ਚੀਜ਼ ਚਮਕ ਰਹੀ ਸੀ।

ਝਾਲਦਾ ਪੁਲਿਸ ਸਟੇਸ਼ਨ ਦੀ ਕੇਸ ਡਾਇਰੀ ਵਿੱਚ ਲਿਖਿਆ ਗਿਆ ਸੀ ਕਿ ਜਦੋਂ ਸੁਭਾਸ਼ ਨੇੜੇ ਗਏ ਤਾਂ ਉਹਨਾਂ ਦੀ ਨਜ਼ਰ ਇੱਕ ਬੰਦੂਕ 'ਤੇ ਟਿੱਕ ਗਈ ਜਿਸਨੂੰ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਉੱਥੇ ਆਲੇ-ਦੁਆਲੇ ਲਗਭਗ 35 ਬੰਦੂਕਾਂ ਖਿੰਡੀਆਂ ਪਈਆਂ ਸਨ। ਇਹ ਦੇਖਦੇ ਹੀ ਉਹ ਝਾਲਦਾ ਪੁਲਿਸ ਥਾਣੇ ਵੱਲ ਭੱਜੇ।
ਥਾਣੇ ਦੇ ਇੰਚਾਰਜ ਪ੍ਰਣਵ ਕੁਮਾਰ ਮਿੱਤਰ ਨੇ ਚੰਦਨ ਨੰਦੀ ਨੂੰ ਦੱਸਿਆ ਸੀ, "ਖ਼ਬਰ ਸੁਣਦੇ ਹੀ ਮੈਂ ਆਪਣੀ ਵਰਦੀ ਪਾ ਕੇ ਚਿਤਮੂ ਪਿੰਡ ਵੱਲ ਰਵਾਨਾ ਹੋ ਗਿਆ।"
"ਜਦੋਂ ਮੈਂ ਉੱਥੇ ਪਹੁੰਚਿਆ, ਤਾਂ ਮੈਂ ਦੇਖਿਆ ਕਿ ਜ਼ਮੀਨ 'ਤੇ ਗਿਰੇ ਜੈਤੂਨੀ ਰੰਗ ਦੇ ਲੱਕੜ ਦੇ ਬਕਸੇ ਤੋੜ ਦਿੱਤੇ ਗਏ ਸਨ ਅਤੇ ਉਨ੍ਹਾਂ ਵਿੱਚ ਰੱਖੇ ਹਥਿਆਰ ਗਾਇਬ ਸਨ।"
"ਮੇਰੇ ਇੱਕ ਸਾਥੀ ਨੇ ਇੱਕ ਭਾਰਤੀ ਫੌਜ ਦੇ ਇੱਕ ਸਿਪਾਹੀ ਨੂੰ ਬੁਲਾ ਲਿਆ ਸੀ । ਮੇਰੇ ਕਹਿਣ 'ਤੇ ਉਸਨੇ ਨੇੜੇ ਤਲਾਅ ਵਿੱਚ ਗੋਤਾ ਲਾਇਆ।"
"ਜਦੋਂ ਉਹ ਬਾਹਰ ਆਇਆ, ਤਾਂ ਉਸਦੇ ਹੱਥ ਵਿੱਚ ਇੱਕ ਟੈਂਕ-ਨਾਸ਼ਕ ਗ੍ਰਨੇਡ ਸੀ। ਉਦੋਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਇਹ ਇੱਕ ਗੰਭੀਰ ਮਾਮਲਾ ਸੀ।"
ਇਸ ਤੋਂ ਬਾਅਦ ਲਾਊਡਸਪੀਕਰਾਂ ਰਾਹੀਂ ਐਲਾਨ ਕਰਵਾਇਆ ਗਿਆ ਕਿ ਜਿਨ੍ਹਾਂ ਕੋਲ ਹਥਿਆਰ ਹਨ, ਉਹ ਉਨ੍ਹਾਂ ਨੂੰ ਪੁਲਿਸ ਨੂੰ ਵਾਪਸ ਕਰ ਦੇਣ।
ਬਾਅਦ ਵਿੱਚ ਨੇੜਲੇ ਪਿੰਡਾਂ ਖਟੰਗਾ, ਬੇਲਾਮੂ, ਮਾਰਾਮੂ, ਪਾਗੜੋ ਅਤੇ ਬੇਰਾਡੀਹ ਵਿੱਚ ਕਈ ਏਕੇ 47 ਰਫਲਾਂ ਪਈਆਂ ਮਿਲੀਆਂ।
ਇੱਕ ਵਿਅਕਤੀ ਨੇ ਆ ਕੇ ਦੱਸਿਆ ਕਿ ਖੇਤ ਵਿੱਚ ਨਾਈਲੋਨ ਦਾ ਇੱਕ ਵੱਡਾ ਪੈਰਾਸ਼ੂਟ ਪਿਆ ਹੈ, ਜਿਸਦੇ ਹੇਠਾਂ ਬਹੁਤ ਸਾਰੀਆਂ ਰਫਲਾਂ ਪਾਈਆਂ ਸਨ।
ਕਲਕੱਤਾ ਅਦਾਲਤ ਵੱਲੋਂ ਬ੍ਰਿਟੇਨ, ਬੁਲਗਾਰੀਆ, ਲਾਤਵੀਆ ਅਤੇ ਦੱਖਣੀ ਅਫਰੀਕਾ ਦੇ ਸਬੰਧਤ ਅਧਿਕਾਰੀਆਂ ਨੂੰ ਭੇਜੇ ਗਏ ਇੱਕ ਬੇਨਤੀ ਪੱਤਰ ਵਿੱਚ ਕਿਹਾ ਗਿਆ ਸੀ, "ਪੂਰੁਲੀਆ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਕੁੱਲ ਮਿਲਾਕੇ 300 ਏਕੇ-47 ਰਫ਼ਲਾਂ, 25 9 ਐੱਮਐੱਮ ਪਿਸਤੌਲ, ਦੋ 7.62 ਸਨਾਈਪਰ ਰਫ਼ਲਾਂ, 2 ਨਾਈਟ ਵਿਜ਼ਨ ਦੂਰਬੀਨ, 100 ਗ੍ਰਨੇਡ ਅਤੇ 16000 ਰਾਉਂਡ ਗੋਲੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਸਾਰਿਆਂ ਦਾ ਕੁੱਲ ਭਾਰ 4375 ਕਿਲੋਗ੍ਰਾਮ ਸੀ।"

ਤਸਵੀਰ ਸਰੋਤ, Getty Images
ਜਹਾਜ਼ ਨੂੰ ਜ਼ਬਰਦਸਤੀ ਮੁੰਬਈ ਵਿੱਚ ਉਤਾਰਿਆ ਗਿਆ
ਹਥਿਆਰ ਸੁੱਟਣ ਵਾਲਿਆਂ ਲਈ ਚੀਜ਼ਾਂ ਉਦੋਂ ਵਿਗੜਨੀਆਂ ਸ਼ੁਰੂ ਹੋਈਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੁਆਰਾ ਸੁੱਟੇ ਗਏ ਹਥਿਆਰ ਭਾਰਤੀ ਸੁਰੱਖਿਆ ਬਲਾਂ ਦੇ ਹੱਥ ਲੱਗ ਗਏ ਹਨ।
ਇਸ ਦੇ ਬਾਵਜੂਦ ਉਹਨਾਂ ਨੇ ਕਰਾਚੀ ਲਈ ਵਾਪਸੀ ਦੀ ਉਡਾਨ ਭਰੀ। ਫੁਕੇਤ ਤੋਂ ਵਾਪਸੀ ਦੀ ਉਡਾਣ 'ਤੇ, ਉਨ੍ਹਾਂ ਨੇ ਕਲਕੱਤਾ ਦੀ ਥਾਂ ਚੇਨਈ ਵਿੱਚ ਤੇਲ ਭਰਵਾਇਆ ਅਤੇ ਉੱਥੋਂ ਉਡਾਣ ਭਰੀ।
ਅਜੇ ਉਨ੍ਹਾਂ ਦਾ ਜਹਾਜ਼ ਮੁੰਬਈ ਤੋਂ 15-20 ਮਿੰਟ ਦੂਰੀ 'ਤੇ ਹੀ ਸੀ ਕਿ ਕਾਕਪਿਟ ਦੇ ਰੇਡੀਓ 'ਤੇ ਇੱਕ ਆਵਾਜ਼ ਗੂੰਜੀ ਅਤੇ ਭਾਰਤੀ ਹਵਾਈ ਸੈਨਾ ਦੇ ਮਿਗ 21 ਜਹਾਜ਼ ਨੇ ਰੂਸੀ ਜਹਾਜ਼ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਰਨ ਦਾ ਆਦੇਸ਼ ਦਿੱਤਾ।
ਚੰਦਨ ਨੰਦੀ ਲਿਖਦੇ ਹਨ, "ਜਦੋਂ ਜਹਾਜ਼ ਉਤਰਨ ਲੱਗਾ, ਤਾਂ ਕਿਮ ਦੇ ਚਿਹਰੇ 'ਤੇ ਚਿੰਤਾ ਦੀਆਂ ਰੇਖਾਵਾਂ ਵੱਧ ਗਈਆਂ। ਉਹਨਾਂ ਨੇ ਆਪਣੇ ਬ੍ਰੀਫਕੇਸ ਵਿੱਚੋਂ ਕੁਝ ਕਾਗਜ਼ ਕੱਢ ਕੇ ਉਨ੍ਹਾਂ ਨੂੰ ਛੋਟੇ-ਛੋਟੇ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਟਾਇਲਟ ਵਿੱਚ ਲਿਜਾ ਕੇ ਫਲੱਸ਼ ਕਰ ਦਿੱਤਾ।"
"ਫਿਰ ਉਹਨਾਂ ਨੇ ਆਪਣੇ ਬ੍ਰੀਫਕੇਸ ਵਿੱਚੋਂ ਚਾਰ ਫਲਾਪੀ ਡਿਸਕਾਂ ਕੱਢੀਆਂ ਅਤੇ ਉਨ੍ਹਾਂ ਦੇ ਵੀ ਟੁੱਕੜੇ ਕਰ ਦਿੱਤੇ। ਫਿਰ ਉਸਨੇ ਬਲੀਚ ਦਾ ਲਾਈਟਰ ਲੈ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ।"
"ਜਦੋਂ ਤੱਕ ਉਹਨਾਂ ਨੇ ਇਹ ਕੰਮ ਖਤਮ ਕੀਤਾ, ਜਹਾਜ਼ ਦੇ ਪਹੀਏ ਮੁੰਬਈ ਹਵਾਈ ਅੱਡੇ ਦੇ ਰਨਵੇਅ ਨੂੰ ਛੂਹ ਰਹੇ ਸਨ।"

ਤਸਵੀਰ ਸਰੋਤ, Getty Images
ਕਿਮ ਡੇਵੀ ਭੱਜਣ ਵਿੱਚ ਕਾਮਯਾਬ ਹੋ ਗਿਆ
ਜਦੋਂ ਜਹਾਜ਼ ਸਹਾਰ ਅੰਤਰਰਾਸ਼ਟਰੀ ਹਵਾਈ ਅੱਡੇ (ਮੁੰਬਈ) 'ਤੇ ਉਤਰਿਆ ਤਾਂ ਉਸ ਸਮੇਂ ਰਾਤ ਦੇ ਇੱਕ ਵੱਜ ਕੇ 40 ਮਿੰਟ ਹੋਏ ਸਨ। ਪਰ ਜਹਾਜ਼ ਲਈ ਉੱਥੇ ਇੱਕ ਵੀ ਵਿਅਕਤੀ ਮੌਜੂਦ ਨਹੀਂ ਸੀ।
ਪੀਟਰ ਬਲੀਚ ਨੇ ਸੀਬੀਆਈ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ 10 ਮਿੰਟ ਬਾਅਦ ਹਵਾਈ ਅੱਡੇ ਦੀ ਇੱਕ ਜੀਪ ਉੱਥੇ ਪਹੁੰਚੀ ਜਿਸ ਵਿੱਚ ਦੋ ਲੋਕ ਸਵਾਰ ਸਨ।
ਉਹਨਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਲੋਕ ਉੱਥੇ ਕੀ ਕਰ ਰਹੇ ਹਨ ਅਤੇ ਜਹਾਜ਼ ਬਿਨ੍ਹਾਂ ਇਜਾਜ਼ਤ ਦੇ ਉੱਥੇ ਕਿਉਂ ਉਤਰਿਆ ਹੈ?
ਚੰਦਨ ਨੰਦੀ ਲਿਖਦੇ ਹਨ, "ਡੇਵੀ ਅਤੇ ਬਲੀਚ ਉਨ੍ਹਾਂ ਦੋ ਅਧਿਕਾਰੀਆਂ ਨਾਲ ਗੱਲਾਂ ਕਰਦੇ ਰਹੇ। ਭਾਰਤੀ ਅਧਿਕਾਰੀਆਂ ਦੀ ਮੂਰਖਤਾ ਅਤੇ ਅਯੋਗਤਾ ਆਪਣੇ ਸਿਖਰ 'ਤੇ ਸੀ।"
"ਜਦੋਂ ਡੇਵੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਸਨੂੰ ਲੈਂਡਿੰਗ ਫੀਸ ਦੇਣੀ ਪਵੇਗੀ, ਤਾਂ ਅਧਿਕਾਰੀ ਦਾ ਜਵਾਬ ਸੀ - ਹਾਂ।"
"ਜਹਾਜ਼ ਦੇ ਉਤਰਨ ਤੋਂ ਲਗਭਗ 45 ਮਿੰਟ ਬਾਅਦ ਇੱਕ ਹੋਰ ਜੀਪ ਉੱਥੇ ਪਹੁੰਚੀ, ਜਿਸ ਵਿੱਚ ਸਾਦੇ ਕੱਪੜਿਆਂ ਵਿੱਚ ਛੇ ਜਾਂ ਸੱਤ ਲੋਕ ਸਵਾਰ ਸਨ। ਉਨ੍ਹਾਂ ਨੇ ਆਪਣੀ ਪਛਾਣ ਕਸਟਮ ਅਧਿਕਾਰੀਆਂ ਵਜੋਂ ਦੱਸੀ ਅਤੇ ਕਿਹਾ ਕਿ ਉਹ ਜਹਾਜ਼ ਦੀ ਤਲਾਸ਼ੀ ਲੈਣਾ ਚਾਹੁੰਦੇ ਹਨ।"
"ਕਸਟਮ ਅਧਿਕਾਰੀਆਂ ਦੇ ਜਹਾਜ਼ ਵਿੱਚ ਦਾਖਲ ਹੋਣ ਤੋਂ ਬਾਅਦ ਡੇਵੀ ਜਹਾਜ਼ ਵਿੱਚ ਦਾਖਲ ਹੋਇਆ। ਉਸਨੇ ਕਾਗਜ਼ਾਂ ਦਾ ਇੱਕ ਫੋਲਡਰ ਚੁੱਕਿਆ ਅਤੇ ਚੁੱਪਚਾਪ ਜਹਾਜ਼ ਤੋਂ ਉਤਰ ਗਿਆ। ਇਸ ਤੋਂ ਬਾਅਦ, ਕਿਸੇ ਨੇ ਡੇਵੀ ਨੂੰ ਨਹੀਂ ਦੇਖਿਆ। ਥੋੜ੍ਹੀ ਦੇਰ ਬਾਅਦ, ਜਹਾਜ਼ ਨੂੰ 50 ਤੋਂ 70 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਨੇ ਘੇਰ ਲਿਆ।"

ਤਸਵੀਰ ਸਰੋਤ, Getty Images
ਜਹਾਜ਼ ਦੇ ਚਾਲਕ ਦਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ
ਪੀਟਰ ਬਲੀਚ ਅਤੇ ਪੰਜ ਚਾਲਕ ਦਲ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਸਾਰਿਆਂ 'ਤੇ ਭਾਰਤ ਵਿਰੁੱਧ ਜੰਗ ਛੇੜਨ ਦਾ ਮੁਕੱਦਮਾ ਚਲਾਇਆ ਗਿਆ ਸੀ।
ਦੋ ਸਾਲ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਲਗਭਗ 10 ਸਾਲਾਂ ਬਾਅਦ ਕਿਮ ਡੇਵੀ ਮੁੜ ਦਿਖੇ। ਡੇਵੀ ਨੇ ਪੂਰੇ ਡੈਨਮਾਰਕ ਵਿੱਚ ਘੁੰਮ ਕੇ ਆਪਣੇ ਕੰਮ ਦੇ ਕਸੀਦੇ ਪੜ੍ਹੇ।
ਭਾਰਤ ਨੇ ਡੇਵੀ ਦੀ ਹਵਾਲਗੀ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲੀ।

ਤਸਵੀਰ ਸਰੋਤ, Getty Images
ਡੇਵੀ ਦਾ ਸਨਸਨੀਖੇਜ਼ ਦਾਅਵਾ
ਡੇਵੀ ਨੇ 27 ਅਪ੍ਰੈਲ, 2011 ਨੂੰ ਇੱਕ ਟੀਵੀ ਇੰਟਰਵਿਊ ਵਿੱਚ ਦਾਅਵਾ ਕੀਤਾ, "ਇਸ ਪੂਰੇ ਘਟਨਾਕ੍ਰਮ ਵਿੱਚ ਭਾਰਤੀ ਖੁਫੀਆ ਏਜੰਸੀ ਰਾਅ ਦੀ ਭੂਮਿਕਾ ਸੀ ਅਤੇ ਹਥਿਆਰ ਸੁੱਟੇ ਜਾਣ ਦੇ ਬਾਰੇ ਭਾਰਤ ਸਰਕਾਰ ਨੂੰ ਪਹਿਲਾਂ ਤੋਂ ਜਾਣਕਾਰੀ ਸੀ।"
"ਇਹ ਅਪ੍ਰੇਸ਼ਨ ਰਾਅ ਅਤੇ ਬ੍ਰਿਟਿਸ਼ ਖੁਫੀਆ ਏਜੰਸੀ ਐੱਮਆਈ 6 ਦਾ ਸਾਂਝਾ ਆਪ੍ਰੇਸ਼ਨ ਸੀ।"
ਸਰਕਾਰ ਨੇ ਇਸ ਬਿਆਨ ਦਾ ਖੰਡਨ ਕੀਤਾ ਅਤੇ ਸੀਬੀਆਈ ਨੇ ਬਿਆਨ ਦਿੱਤਾ ਕਿ ਇਸ ਘਟਨਾ ਵਿੱਚ ਕੋਈ ਵੀ ਸਰਕਾਰੀ ਏਜੰਸੀ ਦਾ ਹੱਥ ਨਹੀਂ ਸੀ। ਬਾਅਦ ਵਿੱਚ, ਕਿਮ ਡੇਵੀ ਨੇ ਇੱਕ ਕਿਤਾਬ 'ਦੇਅ ਕਾਲਡ ਮੀ ਟੈਰੇਰਿਸਟ' ਲਿਖੀ।
ਇਸ ਵਿੱਚ ਕਿਮ ਡੇਵੀ ਨੇ ਦਾਅਵਾ ਕੀਤਾ, "ਭਾਰਤ ਤੋਂ ਭੱਜਣ ਵਿੱਚ ਬਿਹਾਰ ਦੇ ਇੱਕ ਸਿਆਸਤਦਾਨ ਨੇ ਉਹਨਾਂ ਦੀ ਮਦਦ ਕੀਤੀ ਸੀ। ਉਸਦੀ ਮਦਦ ਨਾਲ ਹੀ ਹਵਾਈ ਸੈਨਾ ਦੇ ਰਾਡਾਰਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਈ ਤਾਂ ਜੋ ਹਥਿਆਰਾਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਥੱਲੇ ਸੁੱਟਿਆ ਜਾ ਸਕੇ।"
"ਇਨ੍ਹਾਂ ਹਥਿਆਰਾਂ ਦਾ ਉਦੇਸ਼ ਆਨੰਦ ਮਾਰਗੀਆਂ ਰਾਹੀਂ ਪੱਛਮੀ ਬੰਗਾਲ ਵਿੱਚ ਹਿੰਸਾ ਫੈਲਾਉਣਾ ਸੀ ਤਾਂ ਉਸਦਾ ਬਹਾਨਾ ਬਣਾ ਕੇ ਜਯੋਤੀ ਬਸੂ ਦੀ ਅਗਵਾਈ ਵਾਲੀ ਰਾਜ ਸਰਕਾਰ ਨੂੰ ਬਰਖਾਸਤ ਕੀਤਾ ਜਾ ਸਕੇ।"
ਆਨੰਦ ਮਾਰਗ ਨੇ ਪਹਿਲਾਂ ਅਤੇ ਕਿਮ ਡੇਵੀ ਦੇ ਦਾਅਵਿਆਂ ਤੋਂ ਬਾਅਦ ਵੀ ਸਾਰੇ ਆਰੋਪਾਂ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਸੰਗਠਨ ਨੂੰ ਬਦਨਾਮ ਕਰਨਾ ਚਾਹੁੰਦੇ ਸਨ।
ਪੁਲਿਸ ਨੇ ਹਥਿਆਰ ਸੁੱਟੇ ਜਾਣ ਤੋਂ ਬਾਅਦ ਜਾਂਚ ਕੀਤੀ ਸੀ। ਆਨੰਦ ਮਾਰਗ ਦਾ ਦਾਅਵਾ ਸੀ ਕਿ ਪੁਲਿਸ ਨੂੰ ਉੱਥੇ ਕੋਈ ਹਥਿਆਰ ਨਹੀਂ ਮਿਲੇ ਹਨ।
ਜਦੋਂ ਭਾਰਤੀ ਸੰਸਦ ਵੱਲੋਂ ਬਣਾਈ ਗਈ ਪੁਰੂਲੀਆ ਆਰਮਜ਼ ਡਰੌਪਿੰਗ ਕਮੇਟੀ ਦੇ ਕੁਝ ਸੰਸਦ ਮੈਂਬਰਾਂ ਨੇ ਸਵਾਲ ਪੁੱਛਿਆ ਕਿ ਕੀ ਭਾਰਤੀ ਹਵਾਈ ਸੈਨਾ ਦੇ ਰਾਡਾਰ 24 ਘੰਟੇ ਕੰਮ ਕਰਦੇ ਹਨ, ਤਾਂ ਭਾਰਤੀ ਹਵਾਈ ਸੈਨਾ ਦੇ ਪ੍ਰਤੀਨਿਧੀ ਏਅਰ ਵਾਈਸ ਮਾਰਸ਼ਲ ਐੱਮ ਮੈਕਮਹੋਨ ਨੇ ਜਵਾਬ ਦਿੱਤਾ ਸੀ, "ਰਾਡਾਰਾਂ ਨੂੰ 24 ਘੰਟੇ ਸਰਗਰਮ ਰੱਖਣਾ ਸੰਭਵ ਨਹੀਂ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਸੜ ਜਾਣ ਦਾ ਖ਼ਤਰਾ ਬਣ ਜਾਂਦਾ ਹੈ।"
(ਪੁਰੂਲੀਆ ਆਰਮਜ਼ ਡਰੌਪਿੰਗ ਕਮੇਟੀ ਦੀ ਤੀਜੀ ਰਿਪੋਰਟ, ਪੰਨਾ 7)

ਤਸਵੀਰ ਸਰੋਤ, People’s Press
ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਕਿਹਾ- ਭਾਰਤ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ
ਕਿਮ ਡੇਵੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਪ੍ਰਸ਼ਾਸਨ ਨੂੰ ਉਹਨਾਂ ਦੀ ਉਡਾਣ ਯੋਜਨਾ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ, ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ, ਜਹਾਜ਼ ਵਿੱਚ ਕਿੰਨੇ ਹਥਿਆਰ ਸਨ ਅਤੇ ਉਨ੍ਹਾਂ ਨੂੰ ਕਿੱਥੇ ਸੁੱਟਿਆ ਜਾਣਾ ਸੀ।
ਡੇਵੀ ਨੇ ਸਵਾਲ ਕੀਤਾ ਕਿ ਕੋਈ ਵੀ ਸਮਝਦਾਰ ਵਿਅਕਤੀ ਬਿਨ੍ਹਾਂ ਸਰਕਾਰ ਦੀ ਜਾਣਕਾਰੀ ਤੋਂ ਇੱਕ ਦੁਸ਼ਮਣ ਦੇਸ਼ ਤੋਂ ਹਥਿਆਰਾਂ ਨਾਲ ਭਰਿਆ ਜਹਾਜ਼ ਭਾਰਤ ਦੀ ਸੀਮਾ ਵਿੱਚ ਕਿਉਂ ਲਿਆਵੇਗਾ?
ਰਾਅ ਦੇ ਇੱਕ ਸਾਬਕਾ ਅਧਿਕਾਰੀ ਆਰ ਕੇ ਯਾਦਵ ਨੇ ਆਪਣੀ ਕਿਤਾਬ 'ਮਿਸ਼ਨ ਰਾਅ' ਵਿੱਚ ਲਿਖਿਆ, "ਡੇਵੀ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਭਾਰਤ ਦੇ ਦੌਰੇ 'ਤੇ ਆਏ ਬ੍ਰਿਟਿਸ਼ ਗ੍ਰਹਿ ਮੰਤਰੀ ਮਾਈਕਲ ਹਾਵਰਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਨੂੰ ਹਥਿਆਰ ਸੁੱਟਣ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।"
"ਇਸ ਸਭ ਦੇ ਬਾਵਜੂਦ, ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਹਾਜ਼ ਨੂੰ ਕਲਕੱਤਾ ਵਿੱਚ ਉਤਰਨ ਦੀ ਇਜਾਜ਼ਤ ਕਿਉਂ ਦਿੱਤੀ?
ਜੇਕਰ ਰਾਅ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ, ਤਾਂ ਸਰਕਾਰ ਦੀਆਂ ਦੂਜੀਆਂ ਏਜੰਸੀਆਂ ਜਿਵੇਂ ਇੰਟੈਲੀਜੈਂਸ ਬਿਊਰੋ, ਸਥਾਨਕ ਪੁਲਿਸ ਜਾਂ ਕਸਟਮ ਵਿਭਾਗ ਨੇ ਵਾਰਾਣਸੀ ਵਿੱਚ ਹੀ ਜਹਾਜ਼ ਦੀ ਤਲਾਸ਼ੀ ਕਿਉਂ ਨਹੀਂ ਲਈ?"

ਤਸਵੀਰ ਸਰੋਤ, Manas Publication
ਪੀਟਰ ਬਲੀਚ ਅਤੇ ਚਾਲਕ ਦਲ ਦੀ ਰਿਹਾਈ
ਆਰ ਕੇ ਯਾਦਵ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਰੂਸ ਦੇ ਜਹਾਜ਼ ਨੂੰ ਜਾਣਬੁੱਝ ਕੇ ਹਵਾਈ ਅੱਡੇ ਦੀ ਇਮਾਰਤ ਤੋਂ ਛੇ ਕਿਲੋਮੀਟਰ ਦੂਰ ਖੜ੍ਹਾ ਕੀਤਾ ਗਿਆ ਸੀ।"
"ਜਦੋਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਉੱਥੇ ਪਹੁੰਚੀਆਂ ਤਾਂ ਜਹਾਜ਼ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਡੇਵੀ ਨੂੰ ਹਵਾਈ ਅੱਡੇ ਦੇ ਇੱਕ ਸਰਕਾਰੀ ਵਾਹਨ ਵਿੱਚ ਉੱਥੋਂ ਲਿਜਾਇਆ ਗਿਆ ਅਤੇ ਬਿਨ੍ਹਾਂ ਕਿਸੇ ਕਸਟਮ ਅਤੇ ਇਮੀਗ੍ਰੇਸ਼ਨ ਜਾਂਚ ਦੇ ਉਸਨੂੰ ਉੱਥੋਂ ਭੱਜਣ ਦਿੱਤਾ ਗਿਆ।"
ਇਹ ਗੱਲ ਕਲਪਨਾ ਤੋਂ ਪਰੇ ਜਾਪਦੀ ਹੈ ਕਿ ਇੱਕ ਵਿਦੇਸ਼ੀ ਜਹਾਜ਼ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਦਾ ਹੈ ਅਤੇ ਪੈਰਾਸ਼ੂਟ ਦੀ ਮਦਦ ਨਾਲ ਉਸਦੇ ਇਲਾਕੇ ਵਿੱਚ ਹਥਿਆਰ ਸੁੱਟਦਾ ਹੈ।
ਚੰਦਨ ਨੰਦੀ ਲਿਖਦੇ ਹਨ, "ਇਹ ਗੱਲ ਵੀ ਨਾ ਸਮਝ ਆਉਣ ਵਾਲੀ ਹੈ ਕਿ ਜਹਾਜ਼ ਦੀ ਜ਼ਬਰਦਸਤੀ ਲੈਂਡਿੰਗ ਦੇ ਬਾਵਜੂਦ, ਇਸ ਪੂਰੇ ਅਪ੍ਰੇਸ਼ਨ ਦਾ ਮਾਸਟਰਮਾਈਂਡ, ਕਿਮ ਡੇਵੀ ਉਰਫ਼ ਨੀਲ ਨੀਲਸਨ ਭਾਰਤੀ ਸੁਰੱਖਿਆ ਏਜੰਸੀਆਂ ਦੇ ਹੱਥੋਂ ਖਿਸਕ ਕੇ ਰਹੱਸਮਈ ਹਾਲਾਤਾਂ ਵਿੱਚ ਮੁੰਬਈ ਦੇ ਸਹਾਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੱਚ ਨਿਕਲਿਆ।"
ਕਿਮ ਡੇਵੀ ਦੇ ਸਾਥੀ ਪੀਟਰ ਬਲੀਚ ਨੇ ਗ੍ਰਿਫਤਾਰ ਹੋਣ ਤੋਂ ਬਾਅਦ ਇਸ ਉਮੀਦ ਨਾਲ ਪੂਰੀ ਘਟਨਾ ਦਾ ਭਾਂਡਾ ਭੰਨਿਆ ਕਿ ਉਸਨੂੰ ਬਖਸ਼ ਦਿੱਤਾ ਜਾਵੇਗਾ।
ਪਰ ਉਸ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਇਹ ਵੱਖਰੀ ਗੱਲ ਹੈ ਕਿ 2004 ਵਿੱਚ ਟੋਨੀ ਬਲੇਅਰ ਦੀ ਲੇਬਰ ਸਰਕਾਰ ਦੀ ਬੇਨਤੀ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਸ ਸਮੇਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਸਨ।
ਉਸਤੋਂ ਚਾਰ ਸਾਲ ਪਹਿਲਾਂ, 22 ਜੁਲਾਈ, 2000 ਨੂੰ, ਰੂਸ ਸਰਕਾਰ ਦੀ ਬੇਨਤੀ 'ਤੇ ਚਾਲਕ ਦਲ ਦੇ ਬਾਕੀ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਇਹ ਕਦਮ ਉਸ ਸਾਲ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ ਤੋਂ ਪਹਿਲਾਂ ਸਦਭਾਵਨਾ ਵਜੋਂ ਚੁੱਕਿਆ ਗਿਆ ਸੀ। ਉਸ ਸਮੇਂ ਵੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਸਨ।

ਤਸਵੀਰ ਸਰੋਤ, Getty Images
ਡੈਨਮਾਰਕ ਨੇ ਡੇਵੀ ਨੂੰ ਭਾਰਤ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ
ਸੀਬੀਆਈ ਨੇ ਇਸ ਕੇਸ ਦੀ ਜਾਂਚ ਕੀਤੀ। ਪਹਿਲੇ ਪੰਜ ਸਾਲਾਂ ਬਾਅਦ ਜਾਂਚ ਪ੍ਰਕਿਰਿਆ ਹੌਲੀ ਹੋ ਗਈ ਅਤੇ ਇੱਕ ਸਮਾਂ ਅਜਿਹਾ ਆਇਆ ਕਿ ਜਾਂਚ ਪੂਰੀ ਤਰ੍ਹਾਂ ਰੁਕ ਗਈ। ਚੰਦਨ ਨੰਦੀ ਦਾ ਮੰਨਣਾ ਹੈ ਕਿ 'ਇਸਨੂੰ ਠੱਪ ਹੋ ਜਾਣ ਦਿੱਤਾ ਗਿਆ'।
ਉਨ੍ਹਾਂ ਦੇ ਸ਼ਬਦਾਂ ਵਿੱਚ, "ਸੀਬੀਆਈ ਨਿਰਦੇਸ਼ਕ ਪੀਸੀ ਸ਼ਰਮਾ ਦੇ ਜਾਣ ਤੋਂ ਬਾਅਦ, ਕਿਸੇ ਵੀ ਸੀਬੀਆਈ ਮੁਖੀ ਨੇ ਇਸ ਮਾਮਲੇ ਵਿੱਚ ਕੋਈ ਦਿਲਚਸਪੀ ਨਹੀਂ ਲਈ। 2001 ਤੋਂ 2011 ਤੱਕ ਦਾ ਸਮਾਂ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ।"
"ਹਾਲਾਂਕਿ ਅਪ੍ਰੈਲ 2011 ਵਿੱਚ ਪੀਟਰ ਡੇਵੀ ਨੂੰ ਕੋਪੇਨਹੇਗਨ ਵਿੱਚ ਇੱਕ ਦਿਨ ਲਈ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਸੀ, ਪਰ ਇੱਕ ਦਿਨ ਬਾਅਦ ਡੈਨਿਸ਼ ਪੁਲਿਸ ਨੇ ਉਸਨੂੰ ਰਿਹਾਅ ਕਰ ਦਿੱਤਾ।"
"ਡੈਨਿਸ਼ ਪੁਲਿਸ ਨੇ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਹੋਣ ਦੇ ਬਾਵਜੂਦ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।"
ਡੈੱਨਮਾਰਕ ਦੀ ਨਿਆਂਪਾਲਿਕਾ ਨੇ ਡੇਵੀ ਨੂੰ ਇਸ ਆਧਾਰ 'ਤੇ ਭਾਰਤ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸਨੂੰ ਡਰ ਸੀ ਕਿ ਉਸਨੂੰ ਤਸੀਹੇ ਦਿੱਤੇ ਜਾਣਗੇ ਅਤੇ ਭਾਰਤ ਵਿੱਚ ਉਸਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਵੇਗੀ।

ਤਸਵੀਰ ਸਰੋਤ, Getty Images
ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ
ਚੰਦਨ ਨੰਦੀ ਲਿਖਦੇ ਹਨ, "ਪੂਰੀ ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਇਸ ਕਾਂਡ ਦੀ ਯੋਜਨਾ ਘੱਟੋ-ਘੱਟ ਤਿੰਨ ਸਾਲ ਪਹਿਲਾਂ ਬਣਾਈ ਗਈ ਸੀ।"
"ਕਿਮ ਕੋਲ ਦੋ ਜਾਅਲੀ ਪਾਸਪੋਰਟ ਸਨ। ਇੱਕ ਪਾਸਪੋਰਟ ਵਿੱਚ ਉਸਦਾ ਨਾਮ ਕਿਮ ਪਾਲਗ੍ਰੇਵ ਡੇਵੀ ਸੀ ਅਤੇ ਦੂਜੇ ਪਾਸਪੋਰਟ ਵਿੱਚ ਉਸਦਾ ਨਾਮ ਕਿਮ ਪੀਟਰ ਡੇਵੀ ਸੀ।"
ਇਹ ਦੋਵੇਂ ਪਾਸਪੋਰਟ 1991 ਅਤੇ 1992 ਵਿੱਚ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ ਜਾਰੀ ਕੀਤੇ ਗਏ ਸਨ।
ਇਸ ਘਟਨਾ ਦੇ ਲਗਭਗ 30 ਸਾਲ ਬਾਅਦ ਵੀ, ਕੁਝ ਸਵਾਲਾਂ ਦੇ ਸਪੱਸ਼ਟ ਜਵਾਬ ਅਜੇ ਤੱਕ ਨਹੀਂ ਮਿਲੇ ਹਨ, ਜਿਵੇਂ ਕਿ ਇਹ ਹਥਿਆਰ ਕਿਸ ਲਈ ਸੁੱਟੇ ਗਏ ਸਨ? ਇਨ੍ਹਾਂ ਨੂੰ ਕਿਸਨੇ ਸੁੱਟਵਾਇਆ ਅਤੇ ਇਨ੍ਹਾਂ ਲਈ ਕਿਸਨੇ ਪੈਸੇ ਦਿੱਤੇ?
ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਹੀ ਉਸ ਜਹਾਜ਼ ਨੂੰ ਕਿਉਂ ਨਹੀਂ ਰੋਕਿਆ ਗਿਆ?
ਕੀ ਰਾਅ ਨੂੰ ਇਨ੍ਹਾਂ ਹਥਿਆਰਾਂ ਦੇ ਸੁੱਟਣ ਬਾਰੇ ਪਹਿਲਾਂ ਹੀ ਪਤਾ ਸੀ ਅਤੇ ਜੇ ਹਾਂ, ਤਾਂ ਪਹਿਲਾਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਉਸਨੇ ਹੋਰ ਏਜੰਸੀਆਂ ਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ?
ਕਿਮ ਡੇਵੀ ਨੂੰ ਮੁੰਬਈ ਹਵਾਈ ਅੱਡੇ ਤੋਂ ਕਿਵੇਂ ਨਿਕਲਣ ਦਿੱਤਾ ਗਿਆ ਅਤੇ ਉਹ ਆਪਣੇ ਦੇਸ਼ ਤੋਂ ਡੈਨਮਾਰਕ ਵਾਪਸ ਕਿਵੇਂ ਪਹੁੰਚਿਆ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












