'ਮਾਈਕ੍ਰੋਬਾਇਓਮ': ਔਰਤਾਂ ਦੇ ਗੁਪਤ ਅੰਗ ਵਿੱਚ ਬੈਕਟੀਰੀਆ ਸਿਹਤ ਨੂੰ ਕਿਵੇਂ ਸੁਧਾਰ ਸਕਦੇ ਹਨ

ਤਸਵੀਰ ਸਰੋਤ, Prashanti Aswani
- ਲੇਖਕ, ਜੈਸਮਿਨ ਫੌਕਸ-ਸਕੈਲੀ
- ਰੋਲ, ਬੀਬੀਸੀ ਨਿਊਜ਼
ਆਂਦਰਾਂ ਦੇ ਮਾਈਕ੍ਰੋਬਾਇਓਮ (ਆਂਦਰਾਂ ਦਾ ਖ਼ਾਸ ਵਾਤਾਵਰਣ) ਦੇ ਮੁਕਾਬਲੇ ਯੋਨੀ (ਔਰਤਾਂ ਦਾ ਗੁਪਤ ਅੰਗ) ਦੇ ਮਾਈਕ੍ਰੋਬਾਇਓਮ ਵੱਲ ਘੱਟ ਧਿਆਨ ਦਿੱਤਾ ਗਿਆ ਹੈ।
ਪਰ ਯੋਨੀ ਦਾ ਚੰਗੀ ਤਰ੍ਹਾਂ ਮਾਈਕ੍ਰੋਬਾਇਓਮ ਸਮੁੱਚੀ ਸਿਹਤ ਦੀ ਰੱਖਿਆ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।
ਯੋਨੀ ਦੇ ਅੰਦਰ ਇੱਕ ਨਾਜ਼ੁਕ ਵਾਤਾਵਰਣ ਪ੍ਰਣਾਲੀ ਹੈ, ਜੋ ਹਜ਼ਾਰਾਂ ਵੱਖ-ਵੱਖ ਕਿਸਮਾਂ ਦੇ ਬੈਕਟੀਰੀਆ, ਫੰਗਸ ਅਤੇ ਵਾਇਰਸਾਂ ਤੋਂ ਬਣੀ ਹੈ ਜੋ ਇੱਕ ਦੂਜੇ ਦੇ ਨਾਲ-ਨਾਲ ਰਹਿ ਕੇ, ਪੌਸ਼ਟਿਕ ਤੱਤਾਂ ਅਤੇ ਜਗ੍ਹਾ ਲਈ ਮੁਕਾਬਲਾ ਕਰਦੇ ਹਨ।
ਯੋਨੀ ਵਿੱਚ ਰਹਿਣ ਵਾਲੇ ਕੁਝ ਸੂਖ਼ਮ ਜੀਵ, ਸਮੁੱਚੀ ਸਿਹਤ ਵਿੱਚ ਹੈਰਾਨੀਜਨਕ ਤੌਰ 'ਤੇ ਹਾਂਮੁਖੀ ਭੂਮਿਕਾ ਨਿਭਾ ਸਕਦੇ ਹਨ। ਇਹ ਬਿਮਾਰੀਆਂ ਨੂੰ ਰੋਕਣ ਤੋਂ ਲੈ ਕੇ ਗਰਭ ਅਵਸਥਾ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਤੱਕ ਮਦਦਗਾਰ ਹੋ ਸਕਦੇ ਹਨ।
ਜਦੋਂ ਇੱਥੇ ਲੈਕਟੋਬੈਸੀਲਸ ਨਾਮਕ ਬੈਕਟੀਰੀਆ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਤਾਂ ਬਾਂਝਪਨ, ਗਰਭਪਾਤ, ਸਮੇਂ ਤੋਂ ਪਹਿਲਾਂ ਜਨਮ ਅਤੇ ਇੱਥੋਂ ਤੱਕ ਕਿ ਸਰਵਾਈਕਲ ਕੈਂਸਰ) ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਵਿਗਿਆਨੀ ਹੁਣ ਇਨ੍ਹਾਂ ਜ਼ਰੂਰੀ ਸੂਖ਼ਮ ਜੀਵਾਂ ਦਾ ਬਿਹਤਰ ਪ੍ਰਬੰਧਨ ਕਰਨ ਲਈ ਇਲਾਜ ਜਾਂਚਾਂ ਅਤੇ ਇਲਾਜ ਵਿਕਸਤ ਕਰਨ ਵਿੱਚ ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ।
ਜੇ ਉਹ ਸਫ਼ਲ ਹੋ ਜਾਂਦੇ ਹਨ, ਤਾਂ ਮਰੀਜ਼-ਅਨੁਕੂਲ ਇਲਾਜ ਦਾ ਇਹ ਨਵਾਂ ਯੁੱਗ ਪ੍ਰਜਨਨ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆ ਸਕਦਾ ਹੈ।
ਇੱਥੇ ਨਵੇਂ ਯੁੱਗ ਤੋਂ ਭਾਵ ਡਾਕਟਰੀ ਇਲਾਜ ਦੀ ਇੱਕ ਅਜਿਹੀ ਪਹੁੰਚ ਜਿਸ ਵਿੱਚ ਕਿਸੇ ਵਿਅਕਤੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ, ਜਿਵੇਂ ਕਿ ਉਸ ਦੇ ਜੀਨ, ਜੀਵਨ ਸ਼ੈਲੀ ਅਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਇਲਾਜ ਅਤੇ ਰੋਕਥਾਮ ਦੀ ਰਣਨੀਤੀ ਬਣਾਈ ਜਾਂਦੀ ਹੈ।
ਤਾਂ, ਯੋਨੀ ਦਾ ਵਾਤਾਵਰਣ ਸਾਡੀ ਸਿਹਤ ਦੀ ਪੇਸ਼ੀਨਗੋਈ ਕਿਵੇਂ ਕਰਦਾ ਹੈ? ਇਸਦੀ ਰਾਖੀ ਲਈ ਕੀ ਕੀਤਾ ਜਾ ਸਕਦਾ ਹੈ?
ਬਚਪਨ ਵਿੱਚ, ਯੋਨੀ ਦੇ ਵਾਤਾਵਰਣ ਵਿੱਚ ਆਮ ਤੌਰ ਉੱਤੇ ਘੱਟ-ਆਕਸੀਜਨ ਵਾਲੀਆਂ ਸਥਿਤੀਆਂ ਵਿੱਚ ਵਧਣ-ਫੁੱਲਣ ਵਾਲੇ ਬੈਕਟੀਰੀਆ ਭਾਰੂ ਰਹਿੰਦੇ ਹਨ। ਇਨ੍ਹਾਂ ਨੂੰ ਐਨਾਰੋਬਿਕ ਮਾਈਕ੍ਰੋਬਜ਼ ਕਿਹਾ ਜਾਂਦਾ ਹੈ।
ਹਾਲਾਂਕਿ, ਜਵਾਨੀ ਦੌਰਾਨ ਜਿਵੇਂ-ਜਿਵੇਂ ਐਸਟ੍ਰੋਜਨ ਦੀ ਮਾਤਰਾ ਵਧਦੀ ਹੈ ਅਤੇ ਇੱਥੇ ਲੈਕਟੋਬੈਸੀਲਸ ਪਰਿਵਾਰ ਦੇ ਵਾਧਣ ਨਾਲ ਬੈਕਟੀਰੀਆ ਦੇ ਇੱਕ ਹੋਰ ਪਰਿਵਾਰ ਦੇ ਵਸੇਬੇ ਲਈ ਇੱਕ ਸੰਪੂਰਨ ਵਾਤਾਵਰਣ ਤਿਆਰ ਹੋ ਜਾਂਦਾ ਹੈ।
ਲੈਕਟੋਬੈਸੀਲਸ ਸਿਹਤ ਲਈ ਖ਼ਾਸ ਤੌਰ 'ਤੇ ਫਾਇਦੇਮੰਦ ਪ੍ਰਤੀਤ ਹੁੰਦੇ ਹਨ। ਲੋੜੀਂਦੀ ਗਿਣਤੀ ਵਿੱਚ, ਉਹ ਹਾਨੀਕਾਰਕ ਰੋਗਾਣੂਆਂ ਨੂੰ ਯੋਨੀ ਵਿੱਚ ਪੈਰ ਜਮਾਉਣ ਤੋਂ ਰੋਕ ਕੇ ਸਾਨੂੰ ਲਾਗਾਂ ਤੋਂ ਬਚਾਉਂਦੇ ਹਨ।
ਯੂਕੇ ਦੀ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮਐੱਚਆਰਏ) ਵਿਖੇ ਮਾਈਕ੍ਰੋਬਾਇਓਮ ਦੇ ਮੁਖੀ, ਕ੍ਰਾਈਸੀ ਸਰਗਾਕੀ ਕਹਿੰਦੇ ਹਨ, "ਉਹ ਪੌਸ਼ਟਿਕ ਤੱਤਾਂ ਅਤੇ ਜਗ੍ਹਾ ਲਈ ਮੁਕਾਬਲਾ ਕਰਦੇ ਹੋਏ, ਰੋਗਾਣੂਆਂ ਨੂੰ ਬਾਹਰ ਕੱਢ ਦਿੰਦੇ ਹਨ।"
ਲੈਕਟੋਬੈਸੀਲਸ ਲੈਕਟਿਕ ਐਸਿਡ ਵੀ ਪੈਦਾ ਕਰਦੇ ਹਨ, ਇਸ ਕਾਰਨ ਯੋਨੀ ਵਿੱਚ ਰੋਗਾਣੂਆਂ ਦਾ ਰਹਿ ਸਕਣਾ ਮੁਸ਼ਕਿਲ ਹੋ ਜਾਂਦਾ ਹੈ।
ਸਰਗਾਕੀ ਮੁਤਾਬਕ, "ਇਹ ਉਸ ਵਾਤਾਵਰਣ ਨੂੰ ਹਾਨੀਕਾਰਕ ਸੂਖ਼ਮ ਜੀਵਾਂ ਲਈ ਖ਼ਤਰਨਾਕ ਬਣਾ ਦਿੰਦਾ ਹੈ, ਇਸ ਲਈ ਸੂਖ਼ਮ ਜੀਵ ਉੱਥੇ ਆਉਣ ਦੀ ਹਿੰਮਤ ਨਹੀਂ ਕਰਦੇ।"
"ਉਹ (ਲੈਕਟੋਬੈਸੀਲਸ) ਲਾਗ ਤੋਂ ਬਚਾਅ ਲਈ ਸਥਾਨਕ ਪ੍ਰਤੀਰੋਧਕ ਪ੍ਰਤੀਕਿਰਿਆਵਾਂ ਨੂੰ ਵੀ ਨਿਯਮਤ ਕਰ ਸਕਦੇ ਹਨ। ਕੁਦਰਤੀ ਐਂਟੀਬਾਇਓਟਿਕਸ ਪੈਦਾ ਕਰਦੇ ਹਨ। ਇਸ ਲਈ ਲੈਕਟੋਬੈਸੀਲਸ ਯੋਨੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਹੋਰ ਬੈਕਟੀਰੀਆ ਨੂੰ ਮਾਰ ਸਕਦੇ ਹਨ।"
ਸਿੱਕੇ ਦਾ ਦੂਜਾ ਪਹਿਲੂ ਇਹ ਹੈ ਕਿ ਜੇਕਰ ਯੋਨੀ ਦਾ ਵਾਤਾਵਰਣ ਵਿਗੜ ਜਾਂਦਾ ਹੈ ਅਤੇ ਲੈਕਟੋਬੈਸੀਲਸ ਬੈਕਟੀਰੀਆ ਖ਼ਤਮ ਹੋ ਜਾਂਦਾ ਹੈ।
ਇਸ ਅਸੰਤੁਲਨ ਦੀ ਸਥਿਤੀ ਨੂੰ ਯੋਨੀ ਡਿਸਬਾਇਓਸਿਸ ਕਿਹਾ ਜਾਂਦਾ ਹੈ ਤਾਂ ਮੌਕਾਪ੍ਰਸਤ ਲਾਗਾਂ ਜਿਵੇਂ ਕਿ ਬੈਕਟੀਰੀਅਲ ਵੈਜੀਨੋਸਿਸ (ਬੀਵੀ), ਥ੍ਰਸ਼ ਅਤੇ ਪਿਸ਼ਾਬ ਦੇ ਰਸਤੇ ਦੀਆਂ ਲਾਗਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਸ ਤੋਂ ਇਲਾਵਾ, ਕਿਸੇ ਜਿਨਸੀ ਤੌਰ 'ਤੇ ਸਰਗਰਮ ਔਰਤ ਦੀ ਸਥਿਤੀ ਵਿੱਚ ਯੋਨੀ ਡਿਸਬਾਇਓਸਿਸ ਉਸ ਨੂੰ ਜਿਨਸੀ ਸੰਬੰਧਾਂ ਜ਼ਰੀਏ ਫੈਲਣ ਵਾਲੀਆਂ ਲਾਗਾਂ ਦੇ ਸੰਪਰਕ ਵਿੱਚ ਆਉਣ ਦਾ ਖ਼ਤਰਾ ਵਧ ਜਾਂਦਾ ਹੈ।
ਮਿਸਾਲ ਵਜੋਂ, ਜਿਨ੍ਹਾਂ ਔਰਤਾਂ ਵਿੱਚ ਲੈਕਟੋਬੈਸੀਲਸ ਦਾ ਪੱਧਰ ਘੱਟ ਹੁੰਦਾ ਹੈ, ਉਨ੍ਹਾਂ ਨੂੰ ਐੱਚਆਈਵੀ ਦਾ ਵੱਧ ਖ਼ਤਰਾ ਹੁੰਦਾ ਹੈ।

ਤਸਵੀਰ ਸਰੋਤ, Prashanti Aswani
ਯੂਨੀਵਰਸਿਟੀ ਆਫ ਲਿਵਰਪੂਲ, ਯੂਕੇ ਵਿਖੇ ਇਸਤਰੀ ਅਤੇ ਬਾਲ ਸਿਹਤ ਦੀ ਕਲੀਨਿਕਲ ਲੈਕਚਰਾਰ, ਲੌਰਾ ਗੁੱਡਫੇਲੋ ਮੁਤਾਬਕ, "ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਵਿੱਚ ਐੱਚਆਈਵੀ ਦੀ ਦਰ 20-30% ਦੇ ਵਿਚਕਾਰ ਹੈ, ਫਿਰ ਵੀ ਕੁਝ ਸੈਕਸ ਵਰਕਰ ਕਿਸਮਤ ਵਾਲੇ ਹੁੰਦੇ ਹਨ ਅਤੇ ਲਾਗ ਤੋਂ ਬਚ ਜਾਂਦੇ ਹਨ।"
"ਇਹ ਪਤਾ ਲੱਗਿਆ ਹੈ ਕਿ ਅਫ਼ਰੀਕਾ ਵਿੱਚ ਕਿਸੇ ਸੈਕਸ ਵਰਕਰ ਨੂੰ ਐੱਚਆਈਵੀ ਦੀ ਲਾਗ ਹੋਣ ਦੀ ਸੰਭਾਵਨਾ ਦਾ ਸੰਬੰਧ ਇਸ ਗੱਲ ਨਾਲ ਹੈ ਕਿ ਯੋਨੀ ਮਾਈਕ੍ਰੋਬਾਇਓਟਾ ਵਿੱਚ ਹੋਰ ਕੀ ਚੱਲ ਰਿਹਾ ਹੈ ਅਤੇ ਜੇਕਰ ਤੁਹਾਡੇ ਕੋਲ ਲੈਕਟੋਬੈਸੀਲਸ ਦਾ ਅਨੁਪਾਤ ਘੱਟ ਹੈ, ਤਾਂ ਤੁਹਾਨੂੰ ਐੱਚਆਈਵੀ ਹੋਣ ਦੀ ਸੰਭਾਵਨਾ ਜਿਆਦਾ ਹੈ।"
ਨੀਵੇਂ ਲੈਕਟੋਬੈਸੀਲਸ ਪੱਧਰ ਵਾਲੀਆਂ ਔਰਤਾਂ ਨੂੰ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਦੀ ਲਾਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜੋ ਕਿ ਸਰਵਾਈਕਲ (ਗਰਭ-ਗ੍ਰੀਵਾ, ਬੱਚੇਦਾਨੀ ਦਾ ਹੇਠਲਾ ਅਤੇ ਤੰਗ ਹਿੱਸਾ ਜੋ ਬੱਚੇਦਾਨੀ ਨੂੰ ਯੋਨੀ ਨਾਲ ਜੋੜਦਾ ਹੈ।), ਵਲਵਾ (ਵਲਵਾ ਨਾਰੀ ਜਣਨ ਅੰਗਾਂ ਦਾ ਬਾਹਰੀ ਹਿੱਸਾ ਹੈ ਜਿਸ ਵਿੱਚ ਲੈਬੀਆ, ਕਲਿਟੋਰਿਸ ਅਤੇ ਯੋਨੀ ਦਾ ਮੂੰਹ ਸ਼ਾਮਲ ਹੁੰਦਾ ਹੈ) ਅਤੇ ਯੋਨੀ ਕੈਂਸਰ ਦਾ ਮੁੱਖ ਕਾਰਨ ਹੈ।
ਯੋਨੀ ਡਿਸਬਾਇਓਸਿਸ ਵਾਲੀਆਂ ਔਰਤਾਂ ਨੂੰ ਹੈੱਚਪੀਵੀ ਲਾਗਾਂ ਨੂੰ ਖਤਮ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਉਹਨਾਂ ਵਿੱਚ ਲਾਗ ਦੇ ਸਰਵਾਈਕਲ ਕੈਂਸਰ ਵਿੱਚ ਬਦਲਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਗੁੱਡਫੇਲੋ ਮੁਤਾਬਕ, "ਮਾਈਕ੍ਰੋਬਾਇਓਮ ਕੁਝ ਹੱਦ ਤੱਕ ਇੱਕ ਜੰਗਲ ਵਰਗਾ ਹੈ। ਇੱਕ ਸਿਹਤਮੰਦ ਜੰਗਲ ਵਿੱਚ, ਜੇ ਤੁਸੀਂ ਜੰਗਲ ਦੇ ਫਰਸ਼ 'ਤੇ ਕੁਝ ਬੀਜ ਸੁੱਟਦੇ ਹੋ, ਤਾਂ ਉਹ ਉੱਗਣਗੇ ਨਹੀਂ, ਕਿਉਂਕਿ ਉੱਥੇ ਪਹਿਲਾਂ ਹੀ ਇੱਕ ਸਿਹਤਮੰਦ ਵਾਤਾਵਰਣ ਪ੍ਰਣਾਲੀ ਮੌਜੂਦ ਹੈ।"
"ਲੇਕਿਨ ਜੇ ਮੌਜੂਦ ਵਾਤਾਵਰਣ ਚੰਗੀ ਤਰ੍ਹਾਂ ਸਥਾਪਿਤ ਨਹੀਂ ਹੈ, ਤਾਂ ਬੁਰੇ ਬੈਕਟੀਰੀਆ ਜਾਂ ਵਾਇਰਸ ਵਧੇਰੇ ਆਸਾਨੀ ਨਾਲ ਵਧ ਸਕਦੇ ਹਨ।"
ਗਰਭ ਦੀ ਭਵਿੱਖਬਾਣੀ ਕਰਨ ਵਾਲਾ
ਦਿਲਚਸਪ ਗੱਲ ਇਹ ਹੈ ਕਿ, ਇੱਕ ਔਰਤ ਦੇ ਹੇਠਲੇ ਹਿੱਸਿਆਂ ਵਿੱਚ ਰਹਿਣ ਵਾਲਾ ਬੈਕਟੀਰੀਆ ਸਮੁਦਾਇ ਵੀ ਬੱਚੇ ਨੂੰ ਗਰਭ ਧਾਰਨ ਕਰਨ ਅਤੇ ਪੂਰੀ ਮਿਆਦ ਤੱਕ ਪਹੁੰਚਾਉਣ ਦੀ ਸੰਭਾਵਨਾ ਨੂੰ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਪ੍ਰਤੀਤ ਹੁੰਦਾ ਹੈ।
ਉਦਾਹਰਨ ਵਜੋਂ, ਘੱਟ ਲੈਕਟੋਬੈਸੀਲਸ ਪੱਧਰ ਵਾਲੀਆਂ ਔਰਤਾਂ ਵਿੱਚ ਗਰਭਪਾਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਾਂ ਉਹਨਾਂ ਨੂੰ ਐਕਟੋਪਿਕ ਗਰਭ ਅਵਸਥਾ (ਜਦੋਂ ਭਰੂਣ ਬੱਚੇਦਾਨੀ ਦੇ ਬਾਹਰ ਵਿਕਸਤ ਹੁੰਦਾ ਹੈ) ਵੀ ਹੋ ਸਕਦੀ ਹੈ।
ਯੋਨੀ ਡਿਸਬਾਇਓਸਿਸ ਵਾਲੀਆਂ ਔਰਤਾਂ ਵਿੱਚ ਅਗੇਤੇ ਜਣੇਪੇ ਦੀ ਸੰਭਾਵਨਾ ਵੀ ਥੋੜ੍ਹੀ ਵੱਧ ਹੁੰਦੀ ਹੈ। ਇਸ ਸਥਿਤੀ ਨੂੰ ਗਰਭ ਅਵਸਥਾ ਦੇ 37 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਕਿਹਾ ਜਾਂਦਾ ਹੈ।
ਗੁੱਡਫੇਲੋ ਦੱਸਦੇ ਹਨ, "ਇਹ ਅਗੇਤੇ ਜਨਮ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਅਤੇ ਡਿਸਬਾਇਓਸਿਸ ਵਾਲੀਆਂ ਬਹੁਤ ਸਾਰੀਆਂ ਔਰਤਾਂ ਸਹੀ ਸਮੇਂ 'ਤੇ ਬੱਚੇ ਨੂੰ ਜਨਮ ਦਿੰਦੀਆਂ ਹਨ, ਪਰ ਅਸੀਂ ਸੋਚਦੇ ਹਾਂ ਕਿ ਇਹ ਖ਼ਤਰੇ ਨੂੰ ਥੋੜ੍ਹਾ ਵਧਾਉਂਦਾ ਤਾਂ ਜ਼ਰੂਰ ਹੈ।
ਇਸ ਦੌਰਾਨ, ਬਾਈਫਿਡੋਬੈਕਟੀਰੀਅਮ, ਜੋ ਕਿ ਇੱਕ ਹੋਰ ਤੰਦਰੁਸਤੀ ਵਧਾਉਣ ਵਾਲਾ ਬੈਕਟੀਰੀਆ ਹੈ। ਅਗੇਤੇ ਜਨਮ ਤੋਂ ਬਚਾਉਣ ਵਾਲਾ ਮੰਨਿਆ ਜਾਂਦਾ ਹੈ। ਹਾਲਾਂਕਿ ਬਾਈਫਿਡੋਬੈਕਟੀਰੀਅਮ ਦੀ ਮੌਜੂਦਗੀ ਬਹੁਤ ਘੱਟ ਹੁੰਦੀ ਹੈ, ਅਤੇ ਆਮ ਤੌਰ 'ਤੇ 5% ਤੋਂ ਘੱਟ ਔਰਤਾਂ ਵਿੱਚ ਪਾਇਆ ਜਾਂਦਾ ਹੈ।
ਕੁਝ ਅਧਿਐਨਾਂ ਮੁਤਾਬਕ ਬਾਈਫਿਡੋਬੈਕਟੀਰੀਅਮ ਅਤੇ ਬਾਂਝਪਨ ਦੇ ਸਫ਼ਲ ਇਲਾਜ ਦੀ ਘੱਟ ਸੰਭਾਵਨਾ ਦੇ ਵਿਚਕਾਰ ਇੱਕ ਸਬੰਧ ਹੈ। ਗੁੱਡਫੇਲੋ ਕਹਿੰਦੇ ਹਨ, "ਇਸ ਲਈ ਜੇਕਰ ਕਿਸੇ ਨੂੰ ਡਿਸਬਾਇਓਸਿਸ ਹੈ ਅਤੇ ਉਹ ਆਈਵੀਐੱਫ (ਇਨ-ਵਿਟਰੋ ਫਰਟੀਟਲਾਈਜ਼ੇਸ਼ਨ ) ਕਰਵਾਉਂਦੇ ਹਨ, ਤਾਂ ਅਸੀਂ ਸੋਚਦੇ ਹਾਂ ਕਿ ਇਸਦੇ ਸਫਲ ਹੋਣ ਦੀ ਸੰਭਾਵਨਾ ਥੋੜ੍ਹੀ ਘੱਟ ਹੋ ਸਕਦੀ ਹੈ।"
ਇੱਕ ਸਿਧਾਂਤ ਕਿ ਯੋਨੀ ਡਿਸਬਾਇਓਸਿਸ ਗਰਭ ਅਵਸਥਾ ਦੇ ਮਾੜੇ ਨਤੀਜਿਆਂ ਦੀ ਸੰਭਾਵਨਾ ਨੂੰ ਕਿਉਂ ਵਧਾ ਸਕਦਾ ਹੈ, ਇਸਦਾ ਕਾਰਨ ਸੋਜਿਸ਼ (ਇਨਫਲਾਮੇਸ਼ਨ) ਹੈ, ਜੋ ਸੱਟ ਜਾਂ ਲਾਗ ਨਾਲ ਲੜਨ ਵਾਲੀ ਤੁਹਾਡੀ ਪ੍ਰਣਾਲੀ ਦੀ ਪ੍ਰਤੀਕਿਰਿਆ ਦਾ ਹਿੱਸਾ ਹੈ। ਸਰੀਰ ਵਿੱਚ ਇੱਕ ਖਾਸ ਮਾਤਰਾ ਵਿੱਚ ਸੋਜ ਜ਼ਰੂਰੀ ਹੈ।

ਲੇਕਿਨ ਬਹੁਤ ਜ਼ਿਆਦਾ ਸੋਜ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਵੇਂ, ਦਿਲ ਦੇ ਰੋਗ, ਸ਼ੂਗਰ, ਮੋਟਾਪਾ ਅਤੇ ਅਲਜ਼ਾਈਮਰ ਆਦਿ ਦੇ ਸ਼ਿਕਾਰ ਬਣਾ ਸਕਦੀ ਹੈ।
ਯੋਨੀ, ਪਲੇਸੈਂਟਾ (ਜ਼ੇਰ), ਜਾਂ ਵਿਕਾਸ ਕਰ ਰਹੇ ਬੱਚੇ ਵਿੱਚ ਸੋਜ ਸਮੇਂ ਤੋਂ ਅਗੇਤੇ ਜਨਮ ਜਾਂ ਗਰਭਪਾਤ ਦਾ ਕਾਰਨ ਬਣ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕਿਸੇ ਔਰਤ ਦੇ ਗਰਭ ਧਾਰਨ ਕਰਨ ਦੀ ਸੰਭਾਵਨਾ ਹੀ ਮੱਧਮ ਹੋ ਜਾਵੇ।
ਗੁੱਡਫੇਲੋ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਔਰਤਾਂ ਵਿੱਚ ਲੈਕਟੋਬੈਸੀਲਸ ਹੁੰਦਾ ਹੈ, ਉਹਨਾਂ ਦੀ ਯੋਨੀ ਦੇ ਅੰਦਰ ਤਰਲ ਪਦਾਰਥ ਵਿੱਚ ਘੱਟ ਸੋਜ ਵਾਲੇ ਪ੍ਰੋਟੀਨ ਹੁੰਦੇ ਹਨ।"
ਉਹ ਅੱਗੇ ਕਹਿੰਦੇ ਹਨ,"ਇਸ ਲਈ ਮੌਜੂਦਾ ਪਰਿਕਲਪਨਾ ਇਹ ਹੈ ਕਿ ਡਿਸਬਾਇਓਸਿਸ ਜ਼ਿਆਦਾ ਸੋਜ ਪੈਦਾ ਕਰਦਾ ਹੈ, ਅਤੇ ਇਹ ਉਹੀ ਸੋਜ ਵਾਲਾ ਰਸਤਾ ਹੈ ਜੋ ਕੁਝ ਔਰਤਾਂ ਵਿੱਚ ਅਗੇਤੇ ਜਨਮ ਨੂੰ ਸ਼ੁਰੂ ਕਰਦਾ ਹੈ।"
ਦਿਲਚਸਪ ਗੱਲ ਇਹ ਹੈ ਕਿ, ਲੈਕਟੋਬੈਸੀਲਸ ਨੂੰ (ਸੋਜ ਨੂੰ ਦਬਾਉਣ ਦੀ ਇਸਦੀ ਸਮਰੱਥਾ ਦੇ ਕਾਰਨ) ਆਂਦਰ ਵਿੱਚ ਰਹਿਣ ਵਾਲਾ ਇੱਕ "ਚੰਗਾ ਬੈਕਟੀਰੀਆ" ਵੀ ਮੰਨਿਆ ਜਾਂਦਾ ਹੈ।
ਇਸਦੇ ਇਲਾਵਾ, ਇਹ ਕੁਝ ਸਮੇਂ ਤੋਂ ਜਾਣਿਆ ਜਾਂਦਾ ਹੈ ਕਿ ਸਰੀਰਕ ਸੰਬੰਧਾਂ ਤੋਂ ਹੋਣ ਵਾਲੀਆਂ ਲਾਗਾਂ (ਸੈਕਸੁਅਲੀ ਟ੍ਰਾਂਸਮਿਟਿਡ ਇਨਫੈਕਸ਼ਨ) ਜਿਵੇਂ ਕਿ ਕਲੈਮੀਡੀਆ, ਗੋਨੋਰੀਆ, ਸਿਫਿਲਿਸ ਅਤੇ ਬੈਕਟੀਰੀਅਲ ਵੈਜੀਨੋਸਿਸ ਵੀ ਔਰਤਾਂ ਨੂੰ ਅਗੇਤੇ ਜਣੇਪੇ, ਬਾਂਝਪਨ, ਗਰਭਪਾਤ ਅਤੇ ਸਰਵਿਕਸ ਦੇ ਕੈਂਸਰ ਵੱਲ ਲਿਜਾ ਸਕਦੀਆਂ ਸਕਦੀਆਂ ਹਨ।
ਲੈਕਟੋਬੈਸੀਲਸ ਇਨ੍ਹਾਂ ਲਾਗਾਂ ਦਾ ਕਾਰਨ ਬਣਨ ਵਾਲੇ ਰੋਗਾਣੂਆਂ ਨਾਲ ਮੁਕਾਬਲਾ ਕਰਕੇ, ਉਨ੍ਹਾਂ ਨੂੰ ਪੈਰ ਜਮਾਉਣ ਤੋਂ ਰੋਕ ਸਕਦਾ ਹੈ ਤੇ ਰੱਖਿਆ ਕਰ ਸਕਦਾ ਹੈ।
ਸਰਗਾਕੀ ਕਹਿੰਦੇ ਹਨ, "ਇੱਕ ਚੰਗਾ ਮਾਈਕ੍ਰੋਬਾਇਓਮ ਹੋਣਾ ਬੈਕਟੀਰੀਅਲ ਵੈਜੀਨੋਸਿਸ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ, ਜੋ ਬਦਲੇ ਵਿੱਚ ਸਮੇਂ ਤੋਂ ਅਗੇਤੇ ਜਨਮ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ।"

ਤਸਵੀਰ ਸਰੋਤ, Prashanti Aswani
ਮਰੀਜ਼-ਅਨੁਕੂਲ ਇਲਾਜ ਦਾ ਇੱਕ ਨਵਾਂ ਯੁੱਗ
ਇਹ ਸਭ ਇੱਕ ਸਵਾਲ ਖੜ੍ਹਾ ਕਰਦਾ ਹੈ: ਕੀ ਅਸੀਂ ਯੋਨੀ ਮਾਈਕ੍ਰੋਬਾਇਓਮ ਨੂੰ ਬਦਲ ਕੇ, ਲੈਕਟੋਬੈਸੀਲਸ, ਬਾਈਫਿਡੋਬੈਕਟੀਰੀਅਮ ਜਾਂ ਹੋਰ ਲਾਭਕਾਰੀ ਬੈਕਟੀਰੀਆ (ਜੋ ਇੰਨੇ ਪ੍ਰਮੁੱਖ ਨਹੀਂ ਹਨ) ਦੀ ਸੰਖਿਆ ਵਧਾ ਕੇ, ਜਨਮ ਦੇ ਨਤੀਜਿਆਂ ਵਿੱਚ ਸੁਧਾਰ ਲਿਆ ਸਕਦੇ ਹਾਂ?
ਇੰਪੀਰੀਅਲ ਕਾਲਜ ਲੰਡਨ ਦੇ ਖੋਜੀ ਇੱਕ ਨਵੇਂ ਕਲੀਨਿਕਲ ਟ੍ਰਾਇਲ ਜ਼ਰੀਏ ਬਿਲਕੁਲ ਇਹੀ ਕਰਨ ਦਾ ਟੀਚਾ ਰੱਖ ਰਹੇ ਹਨ। ਇਹ ਟ੍ਰਾਇਲ ਜਾਂਚ ਕਰੇਗਾ ਕਿ ਕੀ ਲੈਕਟਿਨ-ਵੀ, ਇੱਕ ਪ੍ਰੋਬਾਇਓਟਿਕ ਜਿਸ ਵਿੱਚ ਸਜੀਵ ਬੈਕਟੀਰੀਆ ਲੈਕਟੋਬੈਸੀਲਸ ਕ੍ਰਿਸਪੈਟਸ ਸ਼ਾਮਲ ਹੈ, ਨਾਲ ਉੱਚ ਖ਼ਤਰੇ ਵਾਲੀਆਂ ਔਰਤਾਂ ਵਿੱਚ ਅਗੇਤੇ ਜਣੇਪੇ ਦੀ ਦਰ ਨੂੰ ਘਟਾ ਸਕਦਾ ਹੈ।
ਜਦੋਂ ਯੋਨੀ ਮਾਈਕ੍ਰੋਬਾਇਓਮ ਦੀ ਦੇਖਭਾਲ ਕਰਨ ਦੀ ਗੱਲ ਆਉਂਦੀ ਹੈ, ਤਾਂ ਕੁਝ ਚੀਜ਼ਾਂ ਹਨ ਜੋ ਲੋਕ ਕਰ ਸਕਦੇ ਹਨ, ਅਤੇ ਕੁਝ ਹਨ ਜੋ ਨਾ ਕਰਨਾ ਹੀ ਬਿਹਤਰ ਹੈ।
ਹੁਣ ਤੱਕ, ਟੀਮ ਦੀ ਖੋਜ ਨੇ ਦਿਖਾਇਆ ਹੈ ਕਿ ਲੈਕਟੋਬੈਸੀਲਸ ਕ੍ਰਿਸਪੈਟਸ ਦੇ ਦਬਦਬੇ ਵਾਲੇ ਯੋਨੀ ਮਾਈਕ੍ਰੋਬਾਇਓਮ ਕਾਰਨ ਅਗੇਤੇ ਜਨਮ ਦਾ ਖ਼ਤਰਾ ਘੱਟ ਹੁੰਦਾ ਹੈ। ਇਸਦੇ ਨਾਲ ਹੀ ਲੈਕਟੋਬੈਸੀਲਸ ਕ੍ਰਿਸਪੈਟਸ ਨਾਲ ਯੋਨੀ ਪੂਰਕਤਾ ਮਾਈਕ੍ਰੋਬਾਇਓਮ ਨੂੰ ਬਦਲ ਸਕਦੀ ਹੈ।
ਟੀਮ ਨੇ ਇੱਕ ਗਰਭਵਤੀ ਔਰਤ ਦੇ ਬਲੱਡ ਗਰੁੱਪ ਅਤੇ ਅਗੇਤੇ ਜਨਮ ਦੇ ਖ਼ਤਰੇ ਦੇ ਵਿਚਕਾਰ ਇੱਕ ਸਬੰਧ ਵੀ ਲੱਭਿਆ।
ਮਿਸਾਲ ਵਜੋਂ, ਅਧਿਐਨ ਵਿੱਚ ਸਾਹਮਣੇ ਆਇਆ ਕਿ ਬਲੱਡ ਗਰੁੱਪ-ਬੀ ਅਤੇ ਓ ਅਚਾਨਕ ਅਗੇਤੇ ਜਨਮ ਦੇ ਖ਼ਤਰੇ ਨਾਲ ਜ਼ਿਆਦਾ ਜੁੜੇ ਹੋਏ ਸਨ, ਜਦੋਂ ਕਿ ਬਲੱਡ ਗਰੁੱਪ-ਏ ਵਾਲੀਆਂ ਔਰਤਾਂ ਨੂੰ ਅਗੇਤੇ ਜਣੇਪੇ ਦਾ ਖ਼ਤਰਾ ਘੱਟ ਸੀ।
ਖੋਜੀਆਂ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਬਲੱਡ ਗਰੁੱਪ-ਏ ਵਾਲੀਆਂ ਔਰਤਾਂ ਵਿੱਚ ਲਾਭਕਾਰੀ ਲੈਕਟੋਬੈਸੀਲਸ ਕ੍ਰਿਸਪੈਟਸ ਦਾ ਅਨੁਪਾਤ ਜ਼ਿਆਦਾ ਹੁੰਦਾ ਹੋ ਸਕਦਾ ਹੈ।
ਹੋਰ ਥਾਵਾਂ ਉੱਤੇ ਵੀ ਜਿਵੇਂ, ਅਮਰੀਕਾ, ਯੂਕੇ ਅਤੇ ਦੱਖਣੀ ਅਫ਼ਰੀਕਾ ਦੇ ਵਿਗਿਆਨੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕੀ ਲੈਕਟਿਨ-ਵੀ ਐੱਚਆਈਵੀ ਹੋਣ ਦੇ ਉੱਚ ਜੋਖਮ ਵਾਲੀਆਂ ਔਰਤਾਂ ਨੂੰ ਬਚਾ ਸਕਦਾ ਹੈ।
ਸਰਗਾਕੀ ਅਤੇ ਗੁੱਡਫੇਲੋ ਵੀ ਖੋਜੀਆਂ ਦੇ ਇੱਕ ਸਮੂਹ ਦਾ ਹਿੱਸਾ ਹਨ ਜੋ ਇਸਾਜ ਦੇ ਮਾਈਕ੍ਰੋਬਾਇਓਮ-ਅਧਾਰਿਤ ਸਾਧਨਾਂ ਦੇ ਵਿਕਾਸ ਦੀ ਵਕਾਲਤ ਕਰ ਰਹੇ ਹਨ।
ਸਿਧਾਂਤਕ ਤੌਰ 'ਤੇ, ਇਹ ਸਾਧਨ ਕਿਸੇ ਔਰਤ ਦੇ ਵਿਲੱਖਣ ਯੋਨੀ ਬੈਕਟੀਰੀਆ "ਫਿੰਗਰਪ੍ਰਿੰਟ" ਨੂੰ ਤੇਜ਼ੀ ਨਾਲ ਅਤੇ ਗੈਰ-ਹਮਲਾਵਰ ਢੰਗ ਨਾਲ ਪੜ੍ਹ ਸਕਦੇ ਹਨ ਅਤੇ ਫਿਰ ਉਸਦੀ ਗਰਭਪਾਤ, ਅਗੇਤੇ ਜਣੇਪੇ, ਬਾਂਝਪਨ ਜਾਂ ਸਰਵਿਕਸ ਦੇ ਕੈਂਸਰ ਦੇ ਜੋਖਮ ਦੀ ਭਵਿੱਖਬਾਣੀ ਕਰਨ ਲਈ ਇਸਦੀ ਵਰਤੋਂ ਕਰ ਸਕਦੇ ਹਨ।
ਇਸ ਨਾਲ ਜਲਦੀ ਜਾਂਚ, ਅਤੇ ਸਥਿਤੀਆਂ ਦੀ ਵਧੇਰੇ ਕਾਰਗਰ ਰੋਕਥਾਮ ਤੋਂ ਇਲਾਵਾ ਮਰੀਜ਼-ਅਨੁਕੂਲ ਇਲਾਜ ਵੀ ਹੋ ਸਕਦੇ ਹਨ।
ਸਰਗਾਕੀ ਮੁਤਾਬਕ, "ਮੈਨੂੰ ਇਸ ਗੱਲ ਵਿੱਚ ਖਾਸ ਦਿਲਚਸਪੀ ਹੈ ਕਿ ਅਸੀਂ ਇਸ ਬਹੁਤ ਹੀ ਅਤਿ-ਆਧੁਨਿਕ ਵਿਗਿਆਨ ਨੂੰ ਆਪਣੇ ਮਰੀਜ਼ਾਂ ਦੇ ਨੇੜੇ, ਤੇਜ਼ੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਕਿਵੇਂ ਲਿਆ ਸਕਦੇ ਹਾਂ।"
"ਅਸੀਂ ਜਾਣਦੇ ਹਾਂ ਕਿ ਆਂਦਰ ਮਾਈਕ੍ਰੋਬਾਇਓਮ ਵਿੱਚ ਬੈਕਟੀਰੀਆ ਦੀਆਂ ਵਿਸ਼ੇਸ਼ ਨਿਸ਼ਾਨੀਆਂ ਹਨ ਜੋ ਕੁਝ ਬਿਮਾਰੀ ਦੀਆਂ ਸਥਿਤੀਆਂ ਨਾਲ ਜੁੜੀਆਂ ਹੋਈਆਂ ਹਨ। ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਯੋਨੀ ਮਾਈਕ੍ਰੋਬਾਇਓਮ ਨਾਲ ਵੀ ਅਜਿਹਾ ਹੀ ਹੈ।"
ਮਿਸਲ ਵਜੋਂ ਇਹ ਪਹਿਲਾਂ ਹੀ ਮੁੱਖ ਧਾਰਾ ਦੀ ਦਵਾਈ ਵਿੱਚ ਦਾਖਲ ਹੋ ਚੁੱਕਾ ਹੈ। ਇਸਦੀ ਵਰਤੋਂ ਕੈਂਸਰ ਵਾਲੇ ਜਾਂ ਕੈਂਸਰ ਤੋਂ ਪੂਰਬਲੇ ਵਾਲੇ ਸੈੱਲਾਂ ਦੀ ਪਛਾਣ ਕਰਨ ਦੀ ਥਾਂ ਸਮੀਅਰ ਟੈਸਟਾਂ ਦੌਰਾਨ ਐੱਚਆਈਵੀ ਵਾਇਰਸ ਦੀ ਮੌਜੂਦਗੀ ਦਾ ਪਤਾ ਕਰਨ ਲਈ ਕੀਤੀ ਜਾਂਦੀ ਹੈ।
ਐੱਚਆਈਵੀ ਟੈਸਟਿੰਗ ਹੁਣ ਸਰਵਾਈਕਲ ਸਕ੍ਰੀਨਿੰਗ ਵਿੱਚ ਪ੍ਰਾਇਮਰੀ ਤਰੀਕਾ ਹੈ, ਕਿਉਂਕਿ ਇਹ ਸਰਵਾਈਕਲ ਕੈਂਸਰ ਦੇ ਉੱਚ ਜੋਖਮ ਵਾਲੀਆਂ ਔਰਤਾਂ ਦਾ ਪਤਾ ਲਗਾਉਣ ਦਾ ਵਧੇਰੇ ਸਹੀ ਤਰੀਕਾ ਹੈ।

ਯੋਨੀ ਵਾਤਾਵਰਣ ਦੀ ਦੇਖਭਾਲ ਕਰਨਾ
ਇਸ ਦੌਰਾਨ, ਜਦੋਂ ਯੋਨੀ ਮਾਈਕ੍ਰੋਬਾਇਓਮ ਦੀ ਦੇਖਭਾਲ ਕਰਨ ਦੀ ਗੱਲ ਆਉਂਦੀ ਹੈ, ਤਾਂ ਕੁਝ ਚੀਜ਼ਾਂ ਹਨ ਜੋ ਲੋਕ ਕਰ ਸਕਦੇ ਹਨ ਅਤੇ ਕੁਝ ਹਨ ਜਿਨ੍ਹਾਂ ਤੋਂ ਪਰਹੇਜ਼ ਕਰਨਾ ਹੀ ਬਿਹਤਰ ਹੈ।
ਮਿਸਾਲ ਵਜੋਂ, ਜਿਣਸੀ ਸਫਾਈ ਦੇ ਢੰਗ ਜਿਵੇਂ ਕਿ ਯੋਨੀ ਡੂਸ਼ਿੰਗ, ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਸਕਦੇ ਹਨ।
ਡੂਸ਼ਿੰਗ ਵਿੱਚ ਯੋਨੀ ਵਿੱਚ ਪਾਣੀ ਅਤੇ/ਜਾਂ ਸਫਾਈ ਉਤਪਾਦਾਂ ਨੂੰ ਪਾਉਣਾ ਸ਼ਾਮਲ ਹੈ। ਯੋਨੀ ਦੀ ਸਿਹਤ ਵਿੱਚ ਸੁਧਾਰ ਕਰਨ ਦੀ ਬਜਾਏ, ਡੂਸ਼ਿੰਗ ਬੀਵੀ, ਅਗੇਤੇ ਜਨਮ, ਅਤੇ ਪੇਲਵਿਕ ਇਨਫਲਾਮੇਟਰੀ ਬਿਮਾਰੀ (ਪੀਆਈਡੀ) ਦੇ ਵਧੇ ਹੋਏ ਖ਼ਤਰੇ ਨਾਲ ਜੁੜੀ ਹੋਈ ਹੈ, ਜੋ ਬਾਂਝਪਨ ਦਾ ਕਾਰਨ ਬਣ ਸਕਦੀ ਹੈ। ਹੋਰ ਜਨਾਨਾ ਸਫਾਈ ਉਤਪਾਦ ਜਿਵੇਂ ਕਿ ਜੈੱਲ, ਸਪਰੇਅ ਅਤੇ ਵਾਈਪਸ ਵੀ ਨਾਜ਼ੁਕ ਸੂਖਮ-ਜੀਵੀ ਵਾਤਾਵਰਣ ਪ੍ਰਣਾਲੀ ਨੂੰ ਨੁਕਸਾਨ ਕਰ ਸਕਦੇ ਹਨ।
ਜੇ ਜਿਨਸੀ ਤੌਰ 'ਤੇ ਸਰਗਰਮ ਹੋ, ਤਾਂ ਬੈਰੀਅਰ ਗਰਭ ਨਿਰੋਧਕਾਂ ਦੀ ਵਰਤੋਂ ਯੋਨੀ ਮਾਈਕ੍ਰੋਬਾਇਓਟਾ ਦੀ ਰੱਖਿਆ ਕਰ ਸਕਦੀ ਹੈ। ਮਿਸਾਲ ਵਜੋਂ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਕੰਡੋਮ ਦੀ ਵਰਤੋਂ ਕਰਨ ਵਾਲਿਆਂ ਵਿੱਚ ਲੈਕਟੋਬੈਸੀਲਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵੀਰਜ ਵਿੱਚ ਸੂਖਮ ਜੀਵਾਂ ਦਾ ਇੱਕ ਆਪਣਾ ਸਮੁਦਾਇ ਹੁੰਦਾ ਹੈ ਜੋ ਯੋਨੀ ਵਿੱਚ ਰਹਿ ਰਹੇ ਬੈਕਟੀਰੀਆ ਦੇ ਨਾਜ਼ੁਕ ਸੰਤੁਲਨ ਵਿੱਚ ਦਖਲ ਦੇ ਸਕਦਾ ਹੈ।
ਇੱਕ ਸਿਹਤਮੰਦ ਖੁਰਾਕ ਖਾਣਾ ਵੀ ਇੱਕ ਚੰਗਾ ਵਿਚਾਰ ਹੈ। ਖੋਜ ਦਰਸਾਉਂਦੀ ਹੈ ਕਿ ਸੂਖਮ ਪੋਸ਼ਕ ਤੱਤ (ਮਾਈਕ੍ਰੋਨਿਊਟ੍ਰੀਐਂਟਸ) ਜਿਵੇਂ ਕਿ ਵਿਟਾਮਿਨ ਏ, ਸੀ, ਡੀ ਅਤੇ ਈ, ਬੀਟਾ-ਕੈਰੋਟੀਨ, ਫੋਲੇਟ ਅਤੇ ਕੈਲਸ਼ੀਅਮ ਵਧੇਰੇ ਮਾਤਰਾ ਵਿੱਚ ਲੈਣ ਨਾਲ ਬੀਵੀ ਦਾ ਖ਼ਤਰਾ ਵੱਧ ਸਕਦਾ ਹੈ।
ਉੱਚ ਖੁਰਾਕੀ ਚਰਬੀ ਦਾ ਸੇਵਨ ਵੀ ਬੀਵੀ ਦੇ ਵਧੇ ਹੋਏ ਜੋਖਮ ਨਾਲ ਜੁੜਿਆ ਹੋਇਆ ਹੈ। ਕੁਝ (ਸਾਰੇ ਨਹੀਂ) ਅਧਿਐਨਾਂ ਨੇ ਇਸ ਤੋਂ ਇਲਾਵਾ ਇਹ ਵੀ ਦਿਖਾਇਆ ਹੈ ਕਿ ਮੋਟੀਆਂ ਔਰਤਾਂ ਵਿੱਚ ਘੱਟ ਲੈਕਟੋਬੈਸੀਲਸ ਵਾਲਾ ਮਾਈਕ੍ਰੋਬਾਇਓਮ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਹ ਨਤੀਜੇ ਇੱਕ ਸਿਹਤਮੰਦ ਸਰੀਰ ਪੁੰਜ ਸੂਚਕਾਂਕ (ਬਾਡੀ ਮਾਸ ਇੰਡੈਕਸ-ਬੀਐੱਮਆਈ) ਕਾਇਮ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ।
ਅੰਤ ਵਿੱਚ, ਇਹ ਪ੍ਰਤੀਤ ਹੁੰਦਾ ਹੈ ਕਿ ਸਿਗਰਟਨੋਸ਼ੀ ਯੋਨੀ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੱਕ ਅਧਿਐਨ ਨੇ 20 ਸਿਗਰਟਨੋਸੀ ਕਰਨ ਵਾਲੀਆਂ ਅਤੇ ਨਾ ਕਰਨ ਵਾਲੀਆਂ ਔਰਤਾਂ ਤੋਂ ਯੋਨੀ ਸਵੈਬ (ਨਮੂਨੇ) ਲਏ।
ਸਿਗਰਟਨੋਸ਼ੀ ਨਾ ਕਰਨ ਵਾਲੀਆਂ ਔਰਤਾਂ ਦੇ ਸਿਰਫ਼ 15% ਨਮੂਨਿਆਂ ਦੀ ਤੁਲਨਾ ਵਿੱਚ ਅਤੇ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਦੇ ਅੱਧੇ ਨਮੂਨਿਆਂ ਵਿੱਚ ਲੈਕਟੋਬੈਸੀਲਸ-ਰਹਿਤ ਮਾਈਕ੍ਰੋਬਾਇਓਮ ਸਨ।
ਅਧਿਐਨਾਂ ਨੇ ਸਿਗਰਟਨੋਸ਼ੀ ਕਰਨ ਵਾਲੀਆਂ ਵਿੱਚ ਬੀਵੀ ਦੇ ਮਾਮਲੇ ਜਿਆਦਾ ਪਾਏ ਜਾਣ ਦੇ ਨਾਲ ਹੀ ਅਗੇਤੇ ਜਨਮ ਦੇ ਵਧੇ ਹੋਏ ਜੋਖਮ ਨੂੰ ਵੀ ਉਜਾਗਰ ਕੀਤਾ ਹੈ।
ਇਸ ਲਈ, ਸਿਗਰਟਨੋਸ਼ੀ ਛੱਡਣਾ, ਇੱਕ ਸਿਹਤਮੰਦ ਬੀਐੱਮਆਈ ਨੂੰ ਕਾਇਮ ਰੱਖਣਾ, ਅਤੇ ਵਿਟਾਮਿਨਾਂ ਨਾਲ ਭਰਪੂਰ ਖੁਰਾਕ ਖਾਣੀ, ਇਹ ਸਾਰੇ ਯੋਨੀ ਦੀ ਦੇਖਭਾਲ ਕਰਨ ਦੇ ਚੰਗੇ ਤਰੀਕੇ ਹੋ ਸਕਦੇ ਹਨ।
ਗੁੱਡਫੇਲੋ ਮੁਤਾਬਕ, "ਬਹੁਤ ਸਾਰੀਆਂ ਪੱਤੇਦਾਰ ਹਰੀਆਂ ਸਬਜ਼ੀਆਂ ਖਾਣਾ, ਭਰਭੂਰ ਨੀਂਦ ਲੈਣਾ, ਕਾਫ਼ੀ ਪਾਣੀ ਪੀਣਾ, ਇਹ ਸਾਰੀਆਂ ਉਹ ਆਮ ਚੀਜ਼ਾਂ ਜੋ ਤੁਹਾਡੀ ਸਿਹਤ ਵਿੱਚ ਸੁਧਾਰ ਕਰਦੀਆਂ ਹਨ, ਸੰਭਵ ਤੌਰ 'ਤੇ ਤੁਹਾਡੇ ਯੋਨੀ ਮਾਈਕ੍ਰੋਬਾਇਓਮ ਵਿੱਚ ਵੀ ਸੁਧਾਰ ਕਰਨਗੀਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












