ਕੰਗਨਾ ਰਣੌਤ ਚੋਣ ਲੜਨ ਦੇ ਐਲਾਨ ਮਗਰੋਂ ਕਿਹੜੇ-ਕਿਹੜੇ ਵਿਵਾਦਾਂ 'ਚ ਘਿਰੀ, ਕਿਉਂ ਦੇਣਾ ਪਿਆ ਬੀਫ ਬਾਰੇ ਸਪਸ਼ਟੀਕਰਨ

ਤਸਵੀਰ ਸਰੋਤ, Getty Images
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।
24 ਮਾਰਚ ਨੂੰ ਹੋਏ ਇਸ ਐਲਾਨ ਨੂੰ ਹਾਲੇ ਕੁਝ ਦਿਨ ਹੀ ਲੰਘੇ ਹਨ ਪਰ ਕੰਗਨਾ ਇੱਕ ਤੋਂ ਬਾਅਦ ਇੱਕ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਆ ਗਏ ਹਨ।
ਹਾਲ ਹੀ ’ਚ ਕੰਗਨਾ ’ਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਇੱਕ ਵਾਰ ਬੀਫ ਯਾਨੀ ਗਾਂ ਦਾ ਮਾਂਸ ਖਾਦਾ ਹੈ। ਇਹ ਇਲਜ਼ਾਮ ਉਨ੍ਹਾਂ ਤੇ ਮਹਾਰਾਸ਼ਟਰ ਕਾਂਗਰਸ ਦੇ ਲੀਡਰ ਵਿਜੇ ਵਰਡਿਟੀਵਾਰ ਨੇ ਲਾਏ ਸਨ।
ਭਾਰਤ ਵਿੱਚ ਬੀਫ ਖਾਣ ਦਾ ਮੁੱਦਾ ਕਾਫੀ ਸੰਵੇਦਨਸ਼ੀਲ ਹੈ ਕਿਉਂਕਿ ਗਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਆਪਣੇ ‘ਐਕਸ’ ਅਕਾਊਂਟ ਉੱਤੇ ਉਨ੍ਹਾਂ ਉੱਤੇ ਲੱਗੇ ਇਲਜ਼ਾਮਾਂ ਦਾ ਸਪਸ਼ਟੀਕਰਨ ਦਿੰਦਿਆ ਲਿਖਿਆ ਕਿ ਉਹ ‘ਬੀਫ’ ਨਹੀਂ ਖਾਂਦੇ।

ਤਸਵੀਰ ਸਰੋਤ, X/Kangana Ranaut
ਉਨ੍ਹਾਂ ਨੇ ਲਿਖਿਆ, “ਮੈਂ ਬੀਫ ਜਾਂ ਕਿਸੇ ਹੋਰ ਤਰੀਕੇ ਦਾ ਲਾਲ ਮਾਸ ਨਹੀਂ ਖਾਂਦੀ, ਇਹ ਬਹੁਤ ਸ਼ਰਮਨਾਕ ਹੈ ਕਿ ਮੇਰੇ ਬਾਰੇ ਬਿਨਾ ਕਿਸੇ ਅਧਾਰ ਦੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਮੈਂ ਦਹਾਕਿਆਂ ਤੋਂ ਯੋਗ ਅਤੇ ਆਯੁਰਵੇਦ ਦਾ ਪ੍ਰਚਾਰ ਅਤੇ ਵਕਾਲਤ ਕਰਦੀ ਰਹੀ ਹਾਂ।”
ਉਹ ਕਹਿੰਦੇ ਹਨ, “ਮੇਰੀ ਛਵੀ ਖ਼ਰਾਬ ਕਰਨ ਦੇ ਇਹ ਤਰੀਕੇ ਕੰਮ ਨਹੀਂ ਕਰਨਗੇ, ਮੇਰੇ ਲੋਕ ਮੈਨੂੰ ਜਾਣਦੇ ਹਨ , ਉਹ ਜਾਣਦੇ ਹਨ ਕਿ ਮੈਂ ਇੱਕ ‘ਪਰਾਊਡ ਹਿੰਦੂ’ ਹਾਂ ਅਤੇ ਉਨ੍ਹਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦੇ, ਜੈ ਸ਼੍ਰੀ ਰਾਮ।”
ਸੁਭਾਸ਼ ਚੰਦਰ ਬੋਸ ਬਾਰੇ ਬਿਆਨ ’ਤੇ ਕੀ ਵਿਵਾਦ ਛਿੜਿਆ

ਤਸਵੀਰ ਸਰੋਤ, @KANGANATEAM
ਇਸ ਤੋਂ ਪਹਿਲਾਂ ਕੰਗਨਾ ਰਣੌਤ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਹੇ ਜਾਣ ਕਰਕੇ ਵੀ ਚਰਚਾ ਵਿੱਚ ਆਏ ਸਨ।
ਸੁਭਾਸ਼ ਚੰਦਰ ਬੋਸ ਇੱਕ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਵਿਰੁੱਧ ਲੜਾਈ ਲੜੀ ਸੀ।
ਉਨ੍ਹਾਂ ਦੀ ਇੱਕ ਜਹਾਜ਼ ਹਾਦਸੇ ਵਿੱਚ 18 ਅਗਸਤ 1945 ਨੂੰ ਮੌਤ ਹੋ ਗਈ ਸੀ।
ਇਸ ਮਗਰੋਂ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਨਿਊਜ਼ ਪੋਰਟਲ ਦਾ ਸਕ੍ਰੀਨਸ਼ੌਟ ਪਾ ਕੇ ਆਪਣੇ ਆਪ ਨੂੰ ਸਹੀ ਠਹਿਰਾਇਆ ਸੀ।

ਤਸਵੀਰ ਸਰੋਤ, kangana TW
ਕਾਂਗਰਸੀ ਆਗੂ ਦੇ ਬਿਆਨ ਉੱਤੇ ਵਿਵਾਦ

ਤਸਵੀਰ ਸਰੋਤ, X/@SUPRIYASHRINATE
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਇੱਕ ਕਾਂਗਰਸੀ ਆਗੂ ਸੁਪ੍ਰਿਆ ਸ਼੍ਰੀਨੇਤ ਦੇ ਅਕਾਊਂਟ ਤੋਂ ਕੀਤੀ ਗਈ ਇੱਕ ਇਤਰਾਜ਼ਯੋਗ ਟਿੱਪਣੀ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ।
ਇੱਹ ਟਿੱਪਣੀ ਸੁਪ੍ਰਿਆ ਸ਼੍ਰੀਨੇਤ ਦੇ ਨਾਮ ਵਾਲੇ ਇੰਸਟਾਗ੍ਰਾਮ ਅਕਾਊਂਟ ਤੋਂ ਕੀਤੀ ਗਈ ਸੀ। ਸੁਪ੍ਰਿਆ ਸ਼੍ਰੀਨੇਤ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਟਿੱਪਣੀ ਉਨ੍ਹਾਂ ਦੇ ਵੱਲੋਂ ਨਹੀਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਦਾ ਐਕਸਸ ਕਈ ਲੋਕਾਂ ਦੇ ਕੋਲ ਹੈ।
ਇਸ ਉੱਤੇ ਕੰਗਨਾ ਰਣੌਤ ਨੇ ਐੱਕਸ ਉੱਤੇ ਲਿਖਿਆ ਸੀ ਕਿ, “ਸੁਪ੍ਰਿਆ ਜੀ, ਇੱਕ ਕਲਾਕਾਰ ਦੇ ਰੂਪ ਵਿੱਚ ਆਪਣੇ ਕਰੀਅਰ ਦੇ ਪਿਛਲੇ 20 ਸਾਲਾਂ ਵਿੱਚ ਮੈਂ ਹਰ ਤਰੀਕੇ ਦੀਆਂ ਔਰਤਾਂ ਦਾ ਕਿਰਦਾਰ ਨਿਭਾਇਆ ਹੈ।”

ਤਸਵੀਰ ਸਰੋਤ, X/NCW
ਉਨ੍ਹਾਂ ਨੇ ਅੱਗੇ ਲਿਖਿਆ, “ਕੁਈਨ ਵਿੱਚ ਇੱਕ ਮਾਮੂਲੀ ਕੁੜੀ ਤੋਂ ਲੈ ਕੇ ਧਾਕੜ ਵਿੱਚ ਇੱਕ ਜਸੂਸ ਤੱਕ, ਮਣੀਕਰਨਿਕਾ ਵਿੱਚ ਇੱਕ ਦੇਵੀ ਤੋਂ ਲੈ ਕੇ ਚੰਦਰਮੁਖੀ ਫਿਲਮ ਵਿੱਚ ਰਾਖ਼ਸ਼ਸ ਤੱਕ, ਰੱਜੋਂ ਵਿੱਚ ਇੱਕ ਵੇਸ਼ਵਾ ਤੋਂ ਲੈ ਕੇ ਥਲਾਇਵੀ ਵਿੱਚ ਇੱਕ ਕ੍ਰਾਂਤੀਕਾਰੀ ਆਗੂ ਤੱਕ ਦੀ ਭੂਮਿਕਾ ਮੈਂ ਨਿਭਾਈ।”
ਰਨੋਤ ਨੇ ਲਿਖਿਆ, “ਸਾਨੂੰ ਆਪਣੀਆਂ ਕੁੜੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਨਫ਼ਰਤੀ ਭਾਵਨਾ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨਾ ਚਾਹੀਦਾ ਹੈ, ਸਾਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਾਰੇ ਉਤਸੁਕਤਾ ਤੋਂ ਉੱਪਰ ਉੱਠਣਾ ਚਾਹੀਦਾ ਹੈ।”
ਉਨ੍ਹਾਂ ਕਿਹਾ, “ਸਾਨੂੰ ਸੈਕਸ ਵਰਕਰਾਂ ਦੀਆਂ ਚੁਣੌਤੀਪੂਰਨ ਹਾਲਾਤਾਂ ਅਤੇ ਜ਼ਿੰਦਗੀ ਨੂੰ ਇੱਕ ਗਾਲ੍ਹ ਵਜੋਂ ਨਹੀਂ ਵਰਤਣਾ ਚਾਹੀਦਾ, ਹਰੇਕ ਔਰਤ ਨੂੰ ਮਾਣ ਨਾਲ ਜੀਣ ਦਾ ਹੱਕ ਹੈ।”
ਉਨ੍ਹਾਂ ਅੱਗੇ ਲਿਖਿਆ, “ਜੇਕਰ ਇੱਕ ਨੌਜਵਾਨ ਮਰਦ ਨੂੰ ਟਿਕਟ ਮਿਲਦੀ ਹੈ ਤਾਂ ਉਸ ਦੀ ਵਿਚਾਰਧਾਰਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਅਤੇ ਜੇਕਰ ਇੱਕ ਨੌਜਵਾਨ ਔਰਤ ਨੂੰ ਟਿਕਟ ਮਿਲਦੀ ਹੈ ਤਾਂ ਉਸ ਦੇ ਲਿੰਗਤਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਇਸ ਦੇ ਨਾਲ ਹੀ ਕਾਂਗਰਸ ਇੱਕ ਛੋਟੇ ਜਿਹੇ ਕਸਬੇ ਦੇ ਨਾਮ ਨੂੰ ਜਿਨਸੀ ਰੰਗਤ ਦੇ ਰਹੀ ਹੈ।”
ਉਨ੍ਹਾਂ ਅੱਗੇ ਲਿਖਿਆ ਸੀ, "ਮੰਡੀ ਨੂੰ ਜਿਨਸੀ ਪ੍ਰਸੰਗ ਵਿੱਚ ਸਾਰੀਆਂ ਥਾਵਾਂ ਉੱਤੇ ਵਰਤਿਆ ਜਾ ਰਿਹਾ ਹੈ ਕਿਉਂਕਿ ਇੱਥੋਂ ਇੱਕ ਨੌਜਵਾਨ ਔਰਤ ਉਮੀਦਵਾਰ ਹੈ।”
ਉਨ੍ਹਾਂ ਨੇ ਕਾਂਗਰਸ ਦੀ ਅਜਿਹਾ ਕਰਨ ਲਈ ਨਿੰਦਾ ਕੀਤੀ।

ਤਸਵੀਰ ਸਰੋਤ, X/ Supriya Shrinate
ਸੁਪ੍ਰਿਆ ਸ਼੍ਰੀਨੇਤ ਇਸ ਸਮੇਂ ਉਸ ਵਿਭਾਗ ਦੀ ਚੇਅਰਪਰਸਨ ਹਨ ਜੋ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਨੂੰ ਹੈਂਡਲ ਕਰਦਾ ਹੈ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਰਹੀ ਸੁਪ੍ਰੀਆ ਸ਼੍ਰੀਨੇਤ ਨੇ ਐਕਸ 'ਤੇ ਆਪਣੇ ਸਪੱਸ਼ਟੀਕਰਨ ਵਿੱਚ ਇੱਕ ਵੀਡੀਓ ਵੀ ਜਾਰੀ ਕੀਤਾ ਹੈ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ, "ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਦਾ ਐਕਸੈੱਸ ਹੈ। ਉਨ੍ਹਾਂ ਵਿੱਚੋਂ ਇੱਕ ਨੇ ਅੱਜ ਬਹੁਤ ਹੀ ਘਿਣਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ।"
"ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ, ਮੈਂ ਪੋਸਟ ਨੂੰ ਡਿਲੀਟ ਕਰ ਦਿੱਤਾ। ਜੋ ਵੀ ਮੈਨੂੰ ਜਾਣਦਾ ਹੈ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਿਸੇ ਵੀ ਔਰਤ ਬਾਰੇ ਨਿੱਜੀ ਟਿੱਪਣੀ ਨਹੀਂ ਕਰਦੀ।"
"ਮੇਰੀ ਜਾਣਕਾਰੀ ਵਿੱਚ ਆਇਆ ਹੈ ਕਿ ਇਹ ਪੋਸਟ ਪਹਿਲਾਂ ਇੱਕ ਪੈਰੋਡੀ ਖਾਤੇ 'ਤੇ ਚੱਲ ਰਹੀ ਸੀ। ਕਿਸੇ ਨੇ ਇੱਥੋਂ ਇਸ ਪੋਸਟ ਨੂੰ ਚੁੱਕਿਆ ਅਤੇ ਇਸਨੂੰ ਮੇਰੇ ਖਾਤੇ 'ਤੇ ਪੋਸਟ ਕਰ ਦਿੱਤਾ।"
"ਮੈਂ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜਿਸ ਨੇ ਅਜਿਹਾ ਕੀਤਾ। ਮੈਂ ਐਕਸ ਨੂੰ ਮੇਰੇ ਨਾਮ ਦੀ ਦੁਰਵਰਤੋਂ ਕਰਕੇ ਬਣਾਏ ਪੈਰੋਡੀ ਖਾਤੇ ਦੀ ਰਿਪੋਰਟ ਵੀ ਕੀਤੀ ਹੈ।"
ਕਿਸਾਨ ਅੰਦੋਲਨ ਦੌਰਾਨ ਕੀ ਵਿਵਾਦ ਉੱਠੇ ਸਨ

ਤਸਵੀਰ ਸਰੋਤ, FB/KANGANA
ਸਾਲ 2020 ਵਿੱਚ ਦੇਸ਼ ਭਰ ਦੇ ਕਿਸਾਨਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਅੰਦੋਲਨ ਦੌਰਾਨ ਵੀ ਕੰਗਨਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹੀ ਸੀ।
ਸਤੰਬਰ 2020 ਵਿੱਚ ਉਨ੍ਹਾਂ ਨੇ ਮੁਜ਼ਾਹਰਾਕਾਰੀ ਕਿਸਾਨਾਂ ਬਾਰੇ ਇੱਕ ਟਵੀਟ ਵਿੱਚ ਲਿਖਿਆ ਸੀ, “ਉਹ ਲੋਕ ਜੋ ਸੀਏਏ ਬਾਰੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਅ ਰਹੇ ਸਨ, ਜਿਨ੍ਹਾਂ ਕਾਰਨ ਦੰਗੇ ਹੋਏ, ਉਹੀ ਲੋਕ ਹੁਣ ਕਿਸਾਨ ਬਿੱਲ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ।”
“ਦੇਸ਼ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ, ਉਹ 'ਅੱਤਵਾਦੀ' ਹਨ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕਿਹਾ ਪਰ ਗ਼ਲਤ ਜਾਣਕਾਰੀ ਫੈਲਾਉਣਾ ਕੁਝ ਲੋਕਾਂ ਨੂੰ ਪੰਸਦ ਹੈ।"
ਇਸ ਤੋਂ ਬਾਅਦ ਕੰਗਨਾ ਨੇ ਫਿਰ ਟਵੀਟ ਕੀਤਾ ਅਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਸਾਬਤ ਕਰਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ 'ਅੱਤਵਾਦੀ' ਕਿਹਾ ਹੈ ਤਾਂ ਉਹ ਟਵਿੱਟਰ ਡਿਲੀਟ ਕਰ ਦੇਵੇਗੀ।
ਕੰਗਨਾ ਨੇ ਪਹਿਲੇ ਟਵੀਟ ਤੋਂ ਬਾਅਦ ਆਪਣੀ ਸਫਾਈ ਵਿਚ ਦੋ ਟਵੀਟ ਕੀਤੇ। ਹਾਲਾਂਕਿ, ਉਨ੍ਹਾਂ ਨੇ ਪਹਿਲਾ ਟਵੀਟ ਡਿਲੀਟ ਨਹੀਂ ਕੀਤਾ ਸੀ।
ਕੰਗਨਾ ਆਪਣੇ ਕਹੀ 'ਤੇ ਅੜੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਖੇਤੀ ਬਿੱਲ ਬਾਰੇ ਅਫਵਾਹਾਂ ਫ਼ੈਲਾਉਣ ਵਾਲਿਆਂ ਨੂੰ 'ਅੱਤਵਾਦੀ' ਕਿਹਾ ਹੈ ਨਾ ਕਿ ਕਿਸਾਨਾਂ ਨੂੰ।
ਦਿਲਜੀਤ ਨੂੰ ਟੈਗ ਕਰਕੇ ਖ਼ਾਲਿਸਤਾਨ ਦਾ ਜ਼ਿਕਰ

ਤਸਵੀਰ ਸਰੋਤ, Getty Images
ਮਾਰਚ 2023 ਵਿੱਚ ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।
ਕੰਗਨਾ ਨੇ ਕਿਹਾ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ 'ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ' ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ।
ਉਸ ਪੋਸਟ ਨੂੰ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ, “ਪੰਜਾਬ ਮੇਰਾ ਰਹੇ ਵਸਦਾ’।
ਕੰਗਨਾ ਤੇ ਦਿਲਜੀਤ ਦਰਮਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿਚੋਤਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਕਈ ਲੋਕਾਂ ਨੇ ਕੰਗਨਾ ਦੀ ਅਲੋਚਨਾ ਕੀਤੀ ਸੀ।
ਕੰਗਨਾ ਨੇ ਦਾਲਾਂ ਵਾਲੀ ਇੱਕ ਪੋਸਟ ਵਿੱਚ ਤਾਂ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਸੀ ਜਿਸ ਨੂੰ ਪੁਲਿਸ ਆਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ ਜਿਸ ਵਿੱਚ ਦਿਲਜੀਤ ਨੂੰ ਸਵਾਲ ਕੀਤੇ ਗਏ ਹਨ।
ਕੰਗਨਾ ਨੇ ਲਿਖਿਆ, “ਪਹਿਲਾਂ ਦਿਲਜੀਤ ਦੋਸਾਂਝ ਧਮਕੀਆਂ ਦਿੰਦਾ ਸੀ ਤੇ ਉਸ ਦੇ ਖ਼ਾਲਿਸਤਾਨੀ ਸਮਰਥਕ ਵੀ ਬਹੁਤ ਬੋਲਦੇ ਸਨ...ਹੁਣ ਚੁੱਪ ਕਿਉਂ ਕਰ ਗਏ ਹਨ?”
“ਪਹਿਲਾਂ ਕਿਸ ਦੇ ਹੌਸਲੇ ਉੱਤੇ ਉੱਡ ਰਹੇ ਸਨ ਤੇ ਹੁਣ ਕਿਸ ਤੋਂ ਡਰ ਗਏ ਹਨ? ਇਸ ਬਾਰੇ ਦੱਸੋ?”
ਇੱਕ ਹੋਰ ਪੋਸਟ 'ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ ਹੈ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਜਾਂ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।’
ਇਸ ਪੋਸਟ ਵਿੱਚ ਕੰਗਨਾ ਨੇ ਹਥਕੜੀ ਦੇ ਨਾਲ-ਨਾਲ ਇੱਕ ਮਹਿਲਾ ਪੁਲਿਸ ਕਰਮੀ ਦਾ ਸਟਿੱਕਰ ਵੀ ਲਗਾਇਆ ਹੈ।












