ਕੰਗਨਾ ਰਣੌਤ ਨੂੰ ਕੀਰਤਪੁਰ 'ਚ ਕਿਸਾਨਾਂ ਨੇ ਘੇਰ ਮਾਫ਼ੀ ਮੰਗਣ ਲਈ ਕਿਹਾ, ਕੰਗਨਾ ਬੋਲੀ 'ਪੰਜਾਬ ਜ਼ਿੰਦਾਬਾਦ'

ਤਸਵੀਰ ਸਰੋਤ, Gurminder grewal/bbc
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਪੰਜਾਬ ਦੇ ਸ੍ਰੀ ਕੀਰਤਪੁਰ ਸਾਹਿਬ ਪੁੱਜਣ 'ਤੇ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਘੇਰਾ ਪਾਇਆ ਗਿਆ।
ਹਾਲਾਂਕਿ ਇਸ ਦੌਰਾਨ ਕੰਗਨਾ ਰਣੌਤ ਗੱਡੀ ਵਿੱਚੋਂ ਸਿਰ ਬਾਹਰ ਕੱਢ ਕੇ ਕਿਸਾਨ ਬੀਬੀਆਂ ਨਾਲ ਗੱਲਬਾਤ ਕਰਦੀ ਨਜ਼ਰ ਆਈ।
ਸਾਹਮਣੇ ਆਈਆਂ ਤਸਵੀਰਾਂ 'ਚ ਕੰਗਨਾ ਰਣੌਤ 'ਪੰਜਾਬ ਜ਼ਿੰਦਾਬਾਦ' ਦਾ ਨਾਅਰਾ ਲਗਾਉਂਦੀ ਵੀ ਨਜ਼ਰ ਆਈ।
ਕੰਗਨਾ ਆਪਣੇ ਘਰ ਮੰਡੀ ਤੋਂ ਚੰਡੀਗੜ੍ਹ ਜਾ ਰਹੀ ਸੀ।

ਤਸਵੀਰ ਸਰੋਤ, Gurminder grewal/bbc
ਰੋਪੜ ਨੇੜੇ ਸ੍ਰੀ ਕੀਰਤਪੁਰ ਸਾਹਿਬ ਦੇ ਬੂੰਗਾ ਸਾਹਿਬ ਵਿੱਚ ਕਿਸਾਨਾਂ ਵੱਲੋਂ ਕੰਗਨਾ ਰਣੌਤ ਨੂੰ ਕੁਝ ਸਮੇਂ ਲਈ ਘੇਰੀ ਰੱਖਿਆ ਤੇ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਸੀ।
ਇਹ ਵੀ ਪੜ੍ਹੋ

ਕੰਗਨਾ ਨੂੰ ਕੀ ਬੋਲੀਆਂ ਮੁਜ਼ਾਹਰਾਕਾਰੀਆਂ ਔਰਤਾਂ?
ਦੋ ਮੁਜ਼ਾਹਰਾਕਾਰੀ ਔਰਤਾਂ ਨੇ ਕੰਗਨਾ ਰਣੌਤ ਨਾਲ ਗੱਡੀ ਨੇੜੇ ਆ ਕੇ ਗੱਲਬਾਤ ਵੀ ਕੀਤੀ।
ਇੱਕ ਔਰਤ ਨਾਲ ਗੱਲ ਕਰਦਿਆਂ ਕੰਗਨਾ ਨੇ ਪੰਜਾਬੀ ਭਾਸ਼ਾ ’ਚ ਕਿਹਾ, “ਤੁਸੀਂ ਮੇਰੀ ਮਾਂ ਵਰਗੇ ਹੋ।”
ਨਾਲ ਹੀ ਇੱਕ ਹੋਰ ਔਰਤ ਨੇ ਕੰਗਨਾ ਨੂੰ ਕਿਹਾ, “ਜਦੋਂ ਵੀ ਗੱਲ ਕਿਸਾਨਾਂ ਬਾਰੇ ਕਰਨੀ ਹੈ, ਸੋਚ ਕੇ ਕਰਨੀ ਹੈ।”
ਪਹਿਲੀ ਔਰਤ ਨੇ ਕੰਗਨਾ ਨਾਲ ਮੁੜ ਗੱਲਬਾਤ ਕਰਦਿਆਂ ਕਿਹਾ, “ਤੂੰ ਸਾਡੇ ਬੱਚਿਆ ਵਰਗੀ ਹੈ। ਸਾਨੂੰ 50 ਰੁਪਏ ਜਾਂ 100 ਰੁਪਏ ਲੈਕੇ ਬੈਠਣ ਬਾਰੇ ਕਿਹਾ।”
ਤਾਂ ਕੰਗਨਾ ਨੇ ਕਿਹਾ, “ਮੈਂ ਤੁਹਾਡੇ ਬਾਰੇ ਨਹੀਂ ਕਿਹਾ। ਸ਼ਾਹੀਨ ਬਾਗ ’ਚ ਬੈਠੀਆਂ ਔਰਤਾਂ ਬਾਰੇ ਕਿਹਾ।”
ਕੰਗਨਾ ਰਣੌਤ ਨੇ ਕੀ ਕਿਹਾ?
ਜਦੋਂ ਕੰਗਨਾ ਰਣੌਤ ਨੂੰ ਭੀੜ ਵੱਲੋਂ ਘੇਰਿਆ ਹੋਇਆ ਸੀ, ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਇਆ ਗਿਆ।
ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਮੇਰੇ ਨਾਮ 'ਤੇ ਸਿਆਸਤ ਖੇਡ ਰਹੇ ਹਨ ਅਤੇ ਇਹ ਜੋ ਵੀ ਹੋ ਰਿਹਾ ਹੈ, ਉਸੇ ਸਿਆਸਤ ਦਾ ਹਿੱਸਾ ਹੈ। ਪੂਰੀ ਤਰ੍ਹਾਂ ਮੇਰੇ ਗੱਡੀ ਨੂੰ ਭੀੜ ਨੇ ਘੇਰ ਲਿਆ ਹੈ।"
"ਜੇਕਰ ਇੱਥੇ ਪੁਲਿਸ ਨਾ ਹੋਵੇ ਤਾਂ ਇੱਥੇ ਪੂਰੀ ਤਰ੍ਹਾਂ ਲੀਚਿੰਗ ਹੋਵੇ। ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।"

ਤਸਵੀਰ ਸਰੋਤ, ANI
ਭੀੜ ਵਿੱਚੋਂ ਨਿਕਲਣ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਹੋਰ ਵੀਡੀਓ ਰਿਕਾਰਡ ਕੀਤੀ ਅਤੇ ਕਿਹਾ, "ਮੈਂ ਉੱਥੋਂ ਨਿਕਲ ਚੁੱਕੀ ਹਾਂ ਅਤੇ ਮੈਂ ਬਿਲਕੁਲ ਸੁਰੱਖਿਅਤ ਹਾਂ।"
"ਜਿਨ੍ਹਾਂ ਨੇ ਮੈਨੂੰ ਨਿਕਲਣ 'ਚ ਮਦਦ ਕੀਤੀ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਪੰਜਾਬ ਪੁਲਿਸ ਅਤੇ ਸੀਆਰਪੀਐਫ ਦਾ ਵੀ ਧੰਨਵਾਦ।"
ਕੀ ਬੋਲੇ ਮੁਜ਼ਾਹਰਾਕਾਰੀ ਕਿਸਾਨ?
ਉੱਥੇ ਮੌਜੂਦ ਕਿਸਾਨਾਂ ਦਾ ਦਾਅਵਾ ਹੈ ਕਿ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੁਆਫ਼ੀ ਮੰਗੀ ਹੈ। ਹਾਲਾਂਕਿ ਬੀਬੀਸੀ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਇੱਕ ਕਿਸਾਨ ਨੇ ਕਿਹਾ, “ਇਹ ਪੰਜਾਬੀਆਂ ਦੀ ਜਿੱਤ ਹੈ। ਪੰਜਾਬੀ ਕਿਸੇ ਨੂੰ ਮੁਆਫ਼ੀ ਤੋਂ ਬਿਨਾਂ ਨਹੀਂ ਜਾਣ ਦਿੰਦੇ। ਮਾਫ਼ੀ ਮੰਗੀ ਗਈ ਹੈ।”
ਇੱਕ ਹੋਰ ਕਿਸਾਨ ਨੇ ਕਿਹਾ, “ਜਿਹੜੀ ਟਵੀਟ ਕਰਦੀ ਸੀ ਉਹ ਪੰਜਾਬੀਆਂ ਕੋਲੋਂ ਮਾਫ਼ੀ ਮੰਗ ਕੇ ਗਈ ਹੈ। ਇਹ ਕੰਗਨਾ ਲਈ ਸਿੱਖਿਆ ਹੈ ਕਿ ਪੰਜਾਬੀਆਂ ਖ਼ਿਲਾਫ਼ ਜਾਂ ਕਿਸੇ ਕੌਮ ਖ਼ਿਲਾਫ ਇੰਝ ਬੋਲਣ ਤੋਂ ਪਹਿਲਾਂ ਸੋਚੇ। ਔਰਤ ਹੋਣ ਦੇ ਨਾਤੇ ਉਸ ਨੂੰ ਛੱਡ ਰਹੇ ਹਾਂ।”
ਇੱਕ ਹੋਰ ਕਿਸਾਨ ਨੇ ਕਿਹਾ ਕਿ ਕੰਗਨਾ ਕੋਲੋਂ ਹੱਥ ਜੁੜਾ ਕੇ ਹੀ ਛੱਡੇ। “ਹੱਥ ਜੋੜ ਕੇ ਗਈ ਹੈ ਅਤੇ ਮਾਫ਼ੀ ਮੰਗ ਕੇ ਗਈ ਹੈ।”
ਕੰਗਨਾ ਨੇ ਕਿਸਾਨਾਂ ਬਾਰੇ ਕੀ ਕਿਹਾ ਸੀ
ਕੰਗਨਾ ਨੇ ਬਠਿੰਡਾ ਦੇ ਬਹਾਦੜਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਡਿਲੀਟ ਵੀ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੁੰਦਿਆਂ ਦੀ ਮਹਿੰਦਰ ਕੌਰ ਦੀ ਤਸਵੀਰ 'ਤੇ ਲਿਖਿਆ ਸੀ ਕਿ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੀ ਦਾਦੀ 100 ਰੁਪਏ ਦਿਹਾੜੀ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ
ਫੈਕਟ ਚੈੱਕ ਕਰਨ ਵਾਲੀ ਸੰਸਥਾ ਆਲਟ ਨਿਊਜ਼ ਨੇ ਕੰਗਨਾ ਦੇ ਇਸ ਦਾਅਵੇ ਨੂੰ ਆਪਣੀ ਰਿਪੋਰਟ ਵਿੱਚ ਗਲਤ ਸਾਬਿਤ ਕੀਤਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














