ਕੰਗਨਾ ਰਣੌਤ ਨੂੰ ਭਾਜਪਾ ਨੇ ਟਿਕਟ ਦਿੱਤੀ, ਜਾਣੋ ਕਿਸਾਨੀ ਅੰਦੋਲਨ ਤੋਂ ਲੈ ਕੇ ਸੁਸ਼ਾਂਤ ਰਾਜਪੂਤ ਨਾਲ ਜੁੜੇ ਕਈ ਵਿਵਾਦਾਂ ਤੇ ਕਾਮਯਾਬੀ ਦੇ ਸਫਰ ਬਾਰੇ

ਤਸਵੀਰ ਸਰੋਤ, Getty Images
ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਐਲਾਨਿਆ ਹੈ।
ਐਤਵਾਰ ਦੇਰ ਸ਼ਾਮ ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੰਗਨਾ ਰਣੌਤ ਨੂੰ ਮੰਡੀ ਤੋਂ ਟਿਕਟ ਮਿਲੀ ਹੈ।
ਹਾਲਾਂਕਿ, ਇਹ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਕੰਗਨਾ ਭਾਜਪਾ ਦੀ ਟਿਕਟ 'ਤੇ ਚੋਣ ਲੜ ਸਕਦੀ ਹੈ।
ਕੰਗਨਾ ਰਣੌਤ ਨੇ ਇੱਕ ਦਿਨ ਪਹਿਲਾਂ ਹੀ ਚੋਣ ਲੜਨ ਦੇ ਸੰਕੇਤ ਦਿੱਤੇ ਸਨ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਬਗਲਾਮੁਖੀ ਮੰਦਿਰ 'ਚ ਦਰਸ਼ਨ ਕਰਨ ਗਈ ਕੰਗਨਾ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚ ਕਿਹਾ ਸੀ, 'ਜੇਕਰ ਮੇਰੀ ਮਾਂ ਦੀ ਕ੍ਰਿਪਾ ਹੋਵੇਗੀ ਤਾਂ ਮੈਂ ਮੰਡੀ ਸੰਸਦੀ ਸੀਟ ਤੋਂ ਜ਼ਰੂਰ ਚੋਣ ਲੜਾਂਗੀ।'
ਟਿਕਟ ਮਿਲਣ ਤੋਂ ਬਾਅਦ ਕੰਗਨਾ ਨੇ ਟਵੀਟ ਕੀਤਾ, "ਮੇਰੇ ਪਿਆਰੇ ਭਾਰਤ ਅਤੇ ਭਾਰਤੀ ਲੋਕਾਂ ਦੀ ਆਪਣੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਹਮੇਸ਼ਾ ਬਿਨਾਂ ਸ਼ਰਤ ਸਮਰਥਨ ਕੀਤਾ ਹੈ। ਅੱਜ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੇ ਮੈਨੂੰ ਹਿਮਾਚਲ ਪ੍ਰਦੇਸ਼ ਵਿੱਚ ਮੇਰੀ ਜਨਮ ਭੂਮੀ ਮੰਡੀ ਤੋਂ ਆਪਣਾ ਲੋਕ ਸਭਾ ਉਮੀਦਵਾਰ ਬਣਾਇਆ ਹੈ।"
ਕੰਗਨਾ ਪਿਛਲੇ ਕੁਝ ਸਾਲਾਂ 'ਚ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ।
ਮਹਾਰਾਸ਼ਟਰ ਵਿੱਚ, ਉਹ ਤਤਕਾਲੀ ਸੰਯੁਕਤ ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਵਿਕਾਸ ਅਗਾੜੀ ਸਰਕਾਰ ਅਤੇ ਮੁੱਖ ਮੰਤਰੀ ਊਧਵ ਠਾਕਰੇ ਬਾਰੇ ਆਪਣੀਆਂ ਵਿਵਾਦਿਤ ਟਿੱਪਣੀਆਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹੀ।
ਉਨ੍ਹਾਂ ਦੀਆਂ ਟਿੱਪਣੀਆਂ ਕਾਰਨ ਕਿਆਸ ਲਗਾਏ ਜਾਣ ਲੱਗੇ ਕਿ ਸ਼ਾਇਦ ਉਹ ਚੋਣ ਸਿਆਸਤ ਵਿਚ ਜ਼ਮੀਨ ਭਾਲ ਰਹੀ ਹੈ।
ਜਦੋਂ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਤਤਕਾਲੀ ਮਹਾਵਿਕਾਸ ਅਗਾੜੀ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਪਣਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ, ਤਾਂ ਇਹ ਕਿਆਸ ਅਰਾਈਆਂ ਵੀ ਸ਼ੁਰੂ ਹੋ ਗਈਆਂ ਕਿ ਉਹ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਵੇਗੀ।

ਤਸਵੀਰ ਸਰੋਤ, @KANGANATEAM
ਕੰਗਨਾ ਰਣੌਤ ਹਿੰਦੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਨਾਮ ਹੈ ਜੋ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਕਦੇ ਵਿਵਾਦਾਂ ਕਾਰਨ, ਕਦੇ ਆਪਣੀ ਠੋਸ ਅਦਾਕਾਰੀ ਕਰਕੇ ਅਤੇ ਕਦੇ ਲੜਾਈਆਂ ਕਾਰਨ।
ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਈ ਕੰਗਨਾ ਨੇ ਜਦੋਂ ਐਕਟਿੰਗ ਕਰਨ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਵਿੱਚ ਥੀਏਟਰ ਡਾਇਰੈਕਟਰ ਅਰਵਿੰਦ ਗੌੜ ਤੋਂ ਅਦਾਕਾਰੀ ਦੇ ਗੁਰ ਸਿੱਖੇ ਅਤੇ ਫਿਰ ਮੁੰਬਈ ਚਲੀ ਗਈ।
ਮੁੰਬਈ ਆਉਣ ਤੋਂ ਬਾਅਦ ਕੰਗਨਾ ਦਾ ਸੰਘਰਸ਼ ਸ਼ੁਰੂ ਹੋ ਗਿਆ ਪਰ ਉਨ੍ਹਾਂ ਨੂੰ ਆਦਿਤਿਆ ਪੰਚੋਲੀ ਦਾ ਸਾਥ ਮਿਲਿਆ। ਉਨ੍ਹਾਂ ਦੀ ਦੋਸਤੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਅਤੇ ਕੰਗਨਾ ਨੂੰ ਆਦਿਤਿਆ ਪੰਚੋਲੀ ਦੀ ਗਰਲਫਰੈਂਡ ਕਿਹਾ ਜਾਂਦਾ ਸੀ।
ਆਪਣੀ ਮੰਜ਼ਿਲ ਦੀ ਭਾਲ ਵਿਚ ਕੰਗਨਾ ਦੀ ਮੁਲਾਕਾਤ ਫਿਲਮ ਨਿਰਮਾਤਾ ਮਹੇਸ਼ ਭੱਟ ਨਾਲ ਹੋਈ, ਜਿਨ੍ਹਾਂ ਨੇ ਉਨ੍ਹਾਂ ਨੂੰ 2006 ਵਿਚ ਅਨੁਰਾਗ ਬਾਸੂ ਦੁਆਰਾ ਨਿਰਦੇਸ਼ਿਤ ਫਿਲਮ 'ਗੈਂਗਸਟਰ' ਵਿਚ ਮੁੱਖ ਭੂਮਿਕਾ ਦਿੱਤੀ।
ਇਸ ਪਹਿਲੀ ਫਿਲਮ ਦੇ ਕਿਰਦਾਰ ਨੇ ਕੰਗਨਾ ਨੂੰ ਲਾਈਮਲਾਈਟ ਵਿੱਚ ਲਿਆ ਖੜ੍ਹਾ ਕੀਤਾ।
ਕੰਗਨਾ ਨੇ ਆਪਣੀ ਪਹਿਲੀ ਫਿਲਮ 'ਚ ਇੰਨੀ ਵਧੀਆ ਅਦਾਕਾਰੀ ਕੀਤੀ ਕਿ ਉਨ੍ਹਾਂ ਨੂੰ ਨਾ ਸਿਰਫ਼ ਤਾਰੀਫ਼ ਮਿਲੀ, ਸਗੋਂ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਵੀ ਮਿਲਿਆ।
ਇੱਥੋਂ ਕੰਗਨਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਤਸਵੀਰ ਸਰੋਤ, Getty Images
'ਫੈਸ਼ਨ' ਨੇ ਦਿੱਤਾ ਵੱਖਰਾ ਮੁਕਾਮ
ਸਾਲ 2007 'ਚ ਕੰਗਨਾ ਦੀਆਂ 'ਵੋ ਲਮਹੇ' ਅਤੇ 'ਲਾਈਫ ਇਨ ਏ ਮੈਟਰੋ' ਵਰਗੀਆਂ ਫਿਲਮਾਂ ਰਿਲੀਜ਼ ਹੋਈਆਂ ਸਨ ਪਰ 2008 'ਚ ਆਈ ਫਿਲਮ 'ਫੈਸ਼ਨ' ਨੇ ਕੰਗਨਾ ਨੂੰ ਇਕ ਵੱਖਰਾ ਮੁਕਾਮ ਦਿੱਤਾ।
ਮਧੁਰ ਭੰਡਾਰਕਰ ਦੀ ਫਿਲਮ ਫੈਸ਼ਨ ਇੰਡਸਟਰੀ ਦੀ ਕਹਾਣੀ ਦੱਸ ਰਹੀ ਸੀ, ਜਿਸ ਵਿੱਚ ਪ੍ਰਿਅੰਕਾ ਚੋਪੜਾ ਮੁੱਖ ਭੂਮਿਕਾ ਵਿੱਚ ਸੀ।
ਇਸ ਫਿਲਮ 'ਚ ਕੰਗਨਾ ਦਾ ਕਿਰਦਾਰ ਛੋਟਾ ਸੀ ਪਰ ਉਹ ਛੋਟਾ ਕਿਰਦਾਰ ਇੰਨਾ ਜ਼ਬਰਦਸਤ ਹੋ ਗਿਆ ਕਿ ਉਨ੍ਹਾਂ ਨੂੰ ਸਪੋਰਟਿੰਗ ਰੋਲ ਲਈ ਨੈਸ਼ਨਲ ਐਵਾਰਡ ਮਿਲਿਆ।
ਇਸੇ ਸਾਲ ਉਨ੍ਹਾਂ ਦੀ ਫਿਲਮ 'ਰਾਜ਼-3' ਰਿਲੀਜ਼ ਹੋਈ ਸੀ।
2008 'ਚ ਕੰਗਨਾ ਫਿਰ ਤੋਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖ਼ੀਆਂ 'ਚ ਆਈ, ਜਦੋਂ ਰਾਜ਼-3 ਦੇ ਹੀਰੋ ਅਧਿਅਨ ਸੁਮਨ ਨਾਲ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਸੁਰਖ਼ੀਆਂ ਬਣਨੀਆਂ ਸ਼ੁਰੂ ਹੋਈਆਂ ਪਰ ਕੁਝ ਹੀ ਸਮੇਂ 'ਚ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।
ਇੱਥੋਂ ਤੱਕ ਕਿ ਕੰਗਨਾ ਨੇ ਬਾਲੀਵੁੱਡ ਵਿੱਚ ਆਪਣੇ ਲਈ ਇੱਕ ਵਧੀਆ ਮੁਕਾਮ ਹਾਸਲ ਕਰ ਲਿਆ ਸੀ, ਪਰ ਉਨ੍ਹਾਂ 'ਤੇ ਠੱਪਾ ਲੱਗ ਗਿਆ ਸੀਰੀਅਸ ਰੋਲ ਕਰਨ ਦਾ।

ਤਸਵੀਰ ਸਰੋਤ, Getty Images
ਕੌਮੀ ਪੁਰਸਕਾਰਾਂ ਦਾ ਦੌਰ
ਖ਼ੈਰ, ਇਹ ਵੀ ਸੱਚ ਹੈ ਕਿ ਫ਼ਿਲਮ ਇੰਡਸਟਰੀ ਵਿੱਚ ਜਦੋਂ ਵੀ ਕੋਈ ਕਿਰਦਾਰ ਜਾਂ ਫਾਰਮੂਲਾ ਹਿੱਟ ਹੁੰਦਾ ਹੈ ਤਾਂ ਉਸ ਦੀ ਲਾਈਨ ਲੱਗ ਜਾਂਦੀ ਹੈ।
ਕੰਗਨਾ ਦੇ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਸੀ, ਪਰ ਕਹਿੰਦੇ ਹਨ ਕਿ ਜੇਕਰ ਕਿਸਮਤ ਤੁਹਾਡੇ ਨਾਲ ਹੈ, ਤਾਂ ਮੰਜ਼ਿਲ 'ਤੇ ਪਹੁੰਚਣ ਲਈ ਲੋੜੀਂਦੀ ਹਰ ਚੀਜ਼ ਤੁਹਾਡੇ ਸਾਹਮਣੇ ਆ ਜਾਂਦੀ ਹੈ।
ਕੰਗਨਾ 2011 'ਚ ਆਈ ਰੋਮਾਂਟਿਕ ਕਾਮੇਡੀ ਫਿਲਮ 'ਤਨੂ ਵੈਡਸ ਮਨੂ' 'ਚ ਨਜ਼ਰ ਆਈ ਸੀ।
ਕੰਗਨਾ ਨੇ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਅਤੇ ਇਸ ਫਿਲਮ ਨੇ ਕੰਗਨਾ ਦੇ ਕਰੀਅਰ ਨੂੰ ਇੱਕ ਨਵੇਂ ਮੋੜ 'ਤੇ ਪਹੁੰਚ ਦਿੱਤਾ।
ਇਸ ਫਿਲਮ ਦਾ ਸੀਕਵਲ ਵੀ ਬਹੁਤ ਸਫ਼ਲ ਰਿਹਾ ਅਤੇ ਸਰਬੋਤਮ ਅਦਾਕਾਰ ਦਾ ਕੌਮੀ ਪੁਰਸਕਾਰ ਜਿੱਤਿਆ।
ਇਹ ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਸਫ਼ਲ ਰਹੀਆਂ ਅਤੇ ਦਰਸ਼ਕਾਂ ਤੋਂ ਲੈ ਕੇ ਆਲੋਚਕਾਂ ਦੀ ਸ਼ਲਾਘਾ ਵੀ ਮਿਲੀ।
ਇਸ ਫਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਸੀ ਅਤੇ ਕੰਗਨਾ ਨਾਲ ਆਰ ਮਾਧਵਨ ਮੁੱਖ ਭੂਮਿਕਾ 'ਚ ਸਨ।
ਸਾਲ 2014 ਆਇਆ, ਜਿਸ ਨੇ ਕੰਗਨਾ ਨੂੰ ਬਾਕਸ ਆਫਿਸ ਦੀ ਰਾਣੀ ਬਣਾ ਦਿੱਤਾ।
ਇਸ ਸਾਲ ਫਿਲਮ 'ਕੁਈਨ' ਰਿਲੀਜ਼ ਹੋਈ ਅਤੇ ਕੰਗਨਾ ਨੇ ਬਾਲੀਵੁੱਡ 'ਚ ਆਪਣੀ ਸਫ਼ਲਤਾ ਦੀ ਨਵੀਂ ਇਬਾਰਤ ਲਿਖੀ। ਵਿਕਾਸ ਬਹਿਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੇ ਕੰਗਨਾ ਨੂੰ ਕੌਮੀ ਪੁਰਸਕਾਰ ਵੀ ਦਿਵਾਇਆ।

ਤਸਵੀਰ ਸਰੋਤ, PARUL CHAWALA PR
ਫਿਲਮ ਇੰਡਸਟਰੀ ਦੇ ਟੌਪ ਦੇ ਲੋਕਾਂ ਨਾਲ ਮੁਕਾਬਲਾ
ਕਿਸਮਤ ਕੰਗਨਾ ਦਾ ਸਾਥ ਦਿੰਦੀ ਰਹੀ ਅਤੇ ਹਰ 2-4 ਫਲਾਪ ਫਿਲਮਾਂ ਤੋਂ ਬਾਅਦ ਉਸ ਦੇ ਕਰੀਅਰ ਵਿੱਚ ਇੱਕ ਅਜਿਹੀ ਫਿਲਮ ਆਉਂਦੀ ਰਹੀ ਜਿਸ ਨੇ ਕੰਗਨਾ ਨੂੰ ਸਿਖਰ 'ਤੇ ਰੱਖਿਆ।
'ਮਣੀਕਰਨਿਕਾ' 'ਚ ਕੰਗਨਾ ਝਾਂਸੀ ਦੀ ਰਾਣੀ ਬਣੀ ਸੀ। ਇਸ ਫਿਲਮ ਦਾ ਨਿਰਦੇਸ਼ਨ ਵੀ ਕੰਗਨਾ ਨੇ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਝਾਂਸੀ ਦੀ ਰਾਣੀ ਦਾ ਕਿਰਦਾਰ ਨਿਭਾਇਆ ਸੀ।
ਸ਼ੁਰੂ ਤੋਂ ਹੀ, ਕੰਗਨਾ ਜਿਵੇਂ-ਜਿਵੇਂ ਸਫ਼ਲਤਾ ਦੀ ਪੌੜੀ ਚੜ੍ਹਦੀ ਗਈ, ਉਹ ਵਿਵਾਦਾਂ ਦੀ ਰਾਣੀ ਬਣਦੀ ਗਈ।
ਕੰਗਨਾ ਨੇ ਉਨ੍ਹਾਂ ਲੋਕਾਂ 'ਤੇ ਵੀ ਨਿਸ਼ਾਨਾ ਸਾਧਿਆ, ਜਿਨ੍ਹਾਂ ਨੇ ਕੰਗਨਾ ਦੇ ਕਰੀਅਰ 'ਚ ਯੋਗਦਾਨ ਪਾਇਆ।
'ਗੈਂਗਸਟਰ', 'ਲਾਈਫ ਇਨ ਏ ਮੈਟਰੋ' ਦੀ ਸਫ਼ਲਤਾ ਤੋਂ ਬਾਅਦ ਕੰਗਨਾ ਨੇ ਆਦਿਤਿਆ ਪੰਚੋਲੀ ਦੇ ਖ਼ਿਲਾਫ਼ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਉਨ੍ਹਾਂ 'ਤੇ ਸ਼ਰਾਬ ਪੀ ਕੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ।
ਹਾਲਾਂਕਿ ਆਦਿਤਿਆ ਪੰਚੋਲੀ ਨੇ ਕੰਗਨਾ ਦੇ ਸੰਘਰਸ਼ 'ਚ ਸਾਥ ਦਿੱਤਾ ਸੀ। ਇਹ ਮਾਮਲਾ ਉਨ੍ਹਾਂ ਦਿਨਾਂ ਵਿੱਚ ਮੀਡੀਆ ਦੀਆਂ ਸੁਰਖੀਆਂ ਵਿੱਚ ਸੀ।
ਸਾਲ 2010 'ਚ ਜਦੋਂ ਫਿਲਮ 'ਕਾਈਟਸ' ਫਲਾਪ ਹੋਈ ਤਾਂ ਕੰਗਨਾ ਦੀ ਟੱਕਰ ਨਿਰਦੇਸ਼ਕ ਅਨੁਰਾਗ ਬਾਸੂ ਨਾਲ ਹੋ ਗਈ, ਜੋ ਉਨ੍ਹਾਂ ਦੀ ਪਹਿਲੀ ਫਿਲਮ 'ਗੈਂਗਸਟਰ' ਦੇ ਨਿਰਦੇਸ਼ਕ ਸਨ।
ਕੰਗਨਾ ਨੇ ਇਲਜ਼ਾਮ ਲਗਾਇਆ ਕਿ ਕਾਈਟਸ ਵਿੱਚ ਰੋਲ ਓਨਾ ਵੱਡਾ ਨਹੀਂ ਸੀ ਜਿੰਨਾ ਉਨ੍ਹਾਂ ਨੂੰ ਕਿਹਾ ਗਿਆ ਸੀ।
ਫਿਲਮ 'ਰਾਜ਼-3' ਦੀ ਸਫ਼ਲਤਾ ਤੋਂ ਬਾਅਦ ਅਧਿਅਨ ਸੁਮਨ ਨਾਲ ਕੰਗਨਾ ਦਾ ਬ੍ਰੇਕਅੱਪ ਹੋਇਆ ਅਤੇ ਕੰਗਨਾ ਕਾਫੀ ਵਿਵਾਦਾਂ 'ਚ ਰਹੀ।

ਤਸਵੀਰ ਸਰੋਤ, Getty Images
ਰਿਤਿਕ ਰੋਸ਼ਨ ਨਾਲ ਲੜਾਈ ਦੀਆਂ ਖਬਰਾਂ ਤੋਂ ਦੁਨੀਆ ਜਾਣੂ ਹੈ। ਕੰਗਨਾ ਨੇ ਰਿਤਿਕ 'ਤੇ ਰਿਲੇਸ਼ਨਸ਼ਿਪ ਦੇ ਕਈ ਇਲਜ਼ਾਮ ਲਗਾਏ ਸਨ।
ਰਿਤਿਕ ਰੋਸ਼ਨ 'ਤੇ ਕੰਗਨਾ ਇੰਨੀ ਹਮਲਾਵਰ ਹੋ ਗਈ ਕਿ ਮਾਮਲਾ ਥਾਣੇ ਤੱਕ ਪਹੁੰਚ ਗਿਆ ਸੀ।
ਕੰਗਨਾ ਅਤੇ ਰਿਤਿਕ ਦੀ ਉਸ ਲੜਾਈ 'ਚ ਅਧਿਅਨ ਸੁਮਨ ਵੀ ਰਿਤਿਕ ਦੇ ਸਮਰਥਨ 'ਚ ਸਾਹਮਣੇ ਆਏ ਅਤੇ ਦੱਸਿਆ ਕਿ ਕੰਗਨਾ ਕਿਸ ਤਰ੍ਹਾਂ ਉਨ੍ਹਾਂ 'ਤੇ ਤਸ਼ੱਦਦ ਕਰਦੀ ਸੀ।
ਰਿਤਿਕ ਤੋਂ ਬਾਅਦ ਕੰਗਨਾ ਕਰਨ ਜੌਹਰ ਦੇ ਪਿੱਛੇ ਪੈ ਗਈ। ਕਰਨ ਜੌਹਰ ਨੂੰ 'ਫਿਲਮ ਮਾਫੀਆ' ਦਾ ਦਰਜਾ ਦੇ ਦਿੱਤਾ ਗਿਆ ਸੀ।
ਕਰਨ ਜੌਹਰ 'ਤੇ ਨੈਪੋਟਿਜ਼ਮ ਦੇ ਇਲਜ਼ਾਮ ਲਗਾਏ ਅਤੇ ਹਰ ਰੋਜ਼ ਕਰਨ ਨੂੰ ਜੰਗ ਦੇ ਮੈਦਾਨ 'ਚ ਘਸੀਟਿਆ। ਹਾਲਾਂਕਿ ਕਰਨ ਜੌਹਰ ਵਿਵਾਦਾਂ ਤੋਂ ਬਚਦੇ ਹੋਏ ਨਜ਼ਰ ਆਏ।
ਹਾਲਾਂਕਿ ਕੰਗਨਾ ਨੇ ਕਰਨ ਨਾਲ ਫਿਲਮ 'ਉਂਗਲੀ' 'ਚ ਵੀ ਕੰਮ ਕੀਤਾ ਹੈ ਜੋ ਕਾਫੀ ਫਲਾਪ ਰਹੀ ਸੀ।
ਕੰਗਨਾ ਦਾ 'ਤਨੂ ਵੈਡਸ ਮਨੂ' ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਆਨੰਦ ਐਲ ਰਾਏ ਨਾਲ ਵੀ ਝਗੜਾ ਹੋ ਗਿਆ ਸੀ, ਜਿਸ ਨੇ ਕੰਗਨਾ ਦੇ ਕਰੀਅਰ ਨੂੰ ਇਕ ਨਵੇਂ ਮੋੜ 'ਤੇ ਪਹੁੰਚਿਆ ਸੀ।
ਮੀਡੀਆ ਵਿਚ ਲਗਾਤਾਰ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਆਨੰਦ ਹੁਣ ਕੰਗਨਾ ਨਾਲ ਕੰਮ ਨਹੀਂ ਕਰਨਗੇ।
ਫਿਲਮ 'ਸਿਮਰਨ' ਦੀ ਰਿਲੀਜ਼ ਤੋਂ ਪਹਿਲਾਂ ਵੀ ਕੰਗਨਾ ਸੁਰਖ਼ੀਆਂ ਵਿੱਚ ਆਈ। ਫਿਲਮ ਦਾ ਅਸਲੀ ਲੇਖਕ ਅਪੂਰਵਾ ਅਸਰਾਨੀ ਸੀ ਪਰ ਕੰਗਨਾ ਨੇ ਪੋਸਟਰ 'ਤੇ ਆਪਣਾ ਨਾਂ ਲਿਖਵਾ ਦਿੱਤਾ ਸੀ।
2018 'ਚ ਜਦੋਂ 'ਮੀ ਟੂ' ਮੂਵਮੈਂਟ ਸ਼ੁਰੂ ਹੋਇਆ ਸੀ ਤਾਂ ਵੀ ਕੰਗਨਾ ਨੇ ਇੰਡਸਟਰੀ 'ਤੇ ਨਿਸ਼ਾਨਾ ਸਾਧਿਆ ਸੀ।
ਉਨ੍ਹਾਂ ਨੇ ਫਿਲਮ ਕੁਈਨ ਦੇ ਨਿਰਦੇਸ਼ਕ ਵਿਕਾਸ ਬਹਿਲ 'ਤੇ ਇਲਜ਼ਾਮ ਲਗਾ ਦਿੱਤਾ ਅਤੇ ਕਿਹਾ, "ਵਿਕਾਸ ਅਜੀਬ ਢੰਗ ਨਾਲ ਸਾਨੂੰ ਜੱਫ਼ੀ ਪਾਉਂਦੇ ਸੀ ਅਤੇ ਕਹਿੰਦੇ ਸੀ ਕਿ ਤੁਹਾਡੇ ਵਾਲਾਂ ਤੋਂ ਬਹੁਤ ਚੰਗੀ ਖੁਸ਼ਬੂ ਆਉਂਦੀ ਹੈ।"

ਤਸਵੀਰ ਸਰੋਤ, Getty Images
ਫਿਲਮ 'ਮਣੀਕਰਨਿਕਾ' ਦੀ ਸ਼ੂਟਿੰਗ ਦੌਰਾਨ ਇੰਨਾ ਕੁਝ ਹੋ ਗਿਆ ਕਿ ਫਿਲਮ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੋਨੂੰ ਸੂਦ ਨੇ ਫਿਲਮ ਛੱਡ ਦਿੱਤੀ।
ਇੱਥੋਂ ਤੱਕ ਕਿ ਫ਼ਿਲਮ ਦੇ ਨਿਰਦੇਸ਼ਕ ਕ੍ਰਿਸ਼ ਨੂੰ ਵੀ ਫ਼ਿਲਮ ਅੱਧ ਵਿਚਾਲੇ ਛੱਡਣੀ ਪਈ ਸੀ। ਬਾਅਦ ਵਿੱਚ ਕੰਗਨਾ ਨੇ ਖ਼ੁਦ ਇਸ ਫਿਲਮ ਨੂੰ ਡਾਇਰੈਕਟ ਕੀਤਾ।
ਕੰਗਨਾ ਰਣੌਤ ਆਪਣੀ ਪਹਿਲੀ ਫਿਲਮ ਤੋਂ ਹੀ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੈਮਰੇ 'ਤੇ ਕਿਵੇਂ ਆਉਣਾ ਹੈ। ਉਨ੍ਹਾਂ ਨੂੰ ਸੁਰਖੀਆਂ ਕਿਵੇਂ ਮਿਲਣਗੀਆਂ।
ਜਦੋਂ ਫਿਲਮ 'ਗੈਂਗਸਟਰ' ਦੀ ਰਿਲੀਜ਼ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਦਾ ਇੰਟਰਵਿਊ ਕਰਨ ਗਿਆ ਤਾਂ ਉਹ ਫਿਲਮ 'ਵੋ ਲਮਹੇ' ਦੀ ਸ਼ੂਟਿੰਗ ਕਰ ਰਹੀ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਬਹੁਤ ਵਧੀਆ ਫਰੇਮ ਬਣਾ ਕੇ ਕੈਮਰਾ ਲਗਾਇਆ ਗਿਆ ਸੀ ਪਰ ਉਨ੍ਹਾਂ ਨੇ ਕੈਮਰੇ ਦਾ ਸੈੱਟਅੱਪ ਬਦਲਵਾ ਦਿੱਤਾ ਸੀ ਕਿਉਂਕਿ ਉਹ ਸੱਜੇ ਪਾਸੇ ਦੀ ਪ੍ਰੋਫਾਈਲ ਨਹੀਂ ਦੇਣਾ ਚਾਹੁੰਦੇ ਸਨ।
ਫਿਲਮ 'ਮਣੀਕਰਨਿਕਾ' ਦਾ ਮੁਹੂਰਤ ਬਨਾਰਸ ਦੇ 80 ਘਾਟ 'ਤੇ ਹੋਇਆ ਜਿੱਥੇ ਮਣੀਕਰਨਿਕਾ ਨੇ ਆਪਣਾ ਬਚਪਨ ਬਿਤਾਇਆ।
ਉਸ ਘਾਟ 'ਤੇ ਸਿਰਫ਼ ਗੰਗਾ ਆਰਤੀ ਦੇਖਣੀ ਸੀ ਪਰ ਕੰਗਨਾ ਬਿਨਾਂ ਕਿਸੇ ਪ੍ਰੋਗਰਾਮ ਦੇ ਅਚਾਨਕ ਪਾਣੀ 'ਚ ਉਤਰ ਗਈ ਅਤੇ ਗੰਗਾ 'ਚ ਡੁਬਕੀ ਲਗਾ ਲਈ।
ਉਹ ਜਾਣਦੀ ਸੀ ਕਿ ਗੰਗਾ ਵਿੱਚ ਡੁਬਕੀ ਵਾਲੀ ਵੀਜ਼ੂਅਲ ਮੀਡੀਆ ਵਿੱਚ ਬਹੁਤ ਚੱਲੇਗਾ ਅਤੇ ਅਜਿਹਾ ਹੀ ਹੋਇਆ, ਉਹ ਡੁਬਕੀ ਹੈੱਡਲਾਈਨ ਬਣ ਗਈ।
ਕਈ ਵਾਰ ਜਦੋਂ ਮੈਂ ਵਿਵਾਦਾਂ 'ਤੇ ਸਵਾਲ ਪੁੱਛੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨੇ ਦਲੇਰੀ ਨਾਲ ਕਿਹਾ, "ਮੈਂ ਜੋ ਵੀ ਹਾਂ, ਮੈਂ ਆਪਣੇ ਦਮ 'ਤੇ ਬਣੀ ਹਾਂ, ਇਸ ਲਈ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ।"
ਕੰਗਨਾ ਦੇ ਕਿਸਾਨਾਂ ਬਾਰੇ ਵਿਵਾਦਿਤ ਬਿਆਨ
ਸਾਲ 2020 ਵਿੱਚ ਦੇਸ਼ ਭਰ ਦੇ ਕਿਸਾਨਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਅੰਦੋਲਨ ਦੌਰਾਨ ਵੀ ਕੰਗਨਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹੀ ਸੀ।
ਸਤੰਬਰ 2020 ਵਿੱਚ ਉਨ੍ਹਾਂ ਨੇ ਮੁਜ਼ਾਹਰਾਕਾਰੀ ਕਿਸਾਨਾਂ ਬਾਰੇ ਇੱਕ ਟਵੀਟ ਵਿੱਚ ਲਿਖਿਆ ਸੀ, “ਉਹ ਲੋਕ ਜੋ ਸੀਏਏ ਬਾਰੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਅ ਰਹੇ ਸਨ, ਜਿਨ੍ਹਾਂ ਕਾਰਨ ਦੰਗੇ ਹੋਏ, ਉਹੀ ਲੋਕ ਹੁਣ ਕਿਸਾਨ ਬਿੱਲ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ।”
“ਦੇਸ਼ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ, ਉਹ 'ਅੱਤਵਾਦੀ' ਹਨ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕਿਹਾ ਪਰ ਗ਼ਲਤ ਜਾਣਕਾਰੀ ਫੈਲਾਉਣਾ ਕੁਝ ਲੋਕਾਂ ਨੂੰ ਪੰਸਦ ਹੈ।"
ਇਸ ਤੋਂ ਬਾਅਦ ਕੰਗਨਾ ਨੇ ਫਿਰ ਟਵੀਟ ਕੀਤਾ ਅਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਸਾਬਤ ਕਰਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ 'ਅੱਤਵਾਦੀ' ਕਿਹਾ ਹੈ ਤਾਂ ਉਹ ਟਵਿੱਟਰ ਡਿਲੀਟ ਕਰ ਦੇਵੇਗੀ।
ਕੰਗਨਾ ਨੇ ਪਹਿਲੇ ਟਵੀਟ ਤੋਂ ਬਾਅਦ ਆਪਣੀ ਸਫਾਈ ਵਿਚ ਦੋ ਟਵੀਟ ਕੀਤੇ। ਹਾਲਾਂਕਿ, ਉਨ੍ਹਾਂ ਨੇ ਪਹਿਲਾ ਟਵੀਟ ਡਿਲੀਟ ਨਹੀਂ ਕੀਤਾ ਸੀ।
ਕੰਗਨਾ ਆਪਣੇ ਕਹੀ 'ਤੇ ਅੜੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਖੇਤੀ ਬਿੱਲ ਬਾਰੇ ਅਫਵਾਹਾਂ ਫ਼ੈਲਾਉਣ ਵਾਲਿਆਂ ਨੂੰ 'ਅੱਤਵਾਦੀ' ਕਿਹਾ ਹੈ ਨਾ ਕਿ ਕਿਸਾਨਾਂ ਨੂੰ।

ਤਸਵੀਰ ਸਰੋਤ, Getty Images
ਦਿਲਜੀਤ ਨੂੰ ਟੈਗ ਕਰਕੇ ਖ਼ਾਲਿਸਤਾਨ ਦਾ ਜ਼ਿਕਰ
ਮਾਰਚ 2023 ਵਿੱਚ ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।
ਕੰਗਨਾ ਨੇ ਕਿਹਾ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ 'ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ' ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ।
ਉਸ ਪੋਸਟ ਨੂੰ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ, “ਪੰਜਾਬ ਮੇਰਾ ਰਹੇ ਵਸਦਾ’।
ਕੰਗਨਾ ਤੇ ਦਿਲਜੀਤ ਦਰਮਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿਚੋਤਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਕਈ ਲੋਕਾਂ ਨੇ ਕੰਗਨਾ ਦੀ ਅਲੋਚਨਾ ਕੀਤੀ।
ਕੰਗਨਾ ਨੇ ਦਾਲਾਂ ਵਾਲੀ ਇੱਕ ਪੋਸਟ ਵਿੱਚ ਤਾਂ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਸੀ ਜਿਸ ਨੂੰ ਪੁਲਿਸ ਆਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ ਜਿਸ ਵਿੱਚ ਦਿਲਜੀਤ ਨੂੰ ਸਵਾਲ ਕੀਤੇ ਗਏ ਹਨ।
ਕੰਗਨਾ ਨੇ ਲਿਖਿਆ, “ਪਹਿਲਾਂ ਦਿਲਜੀਤ ਦੋਸਾਂਝ ਧਮਕੀਆਂ ਦਿੰਦਾ ਸੀ ਤੇ ਉਸ ਦੇ ਖ਼ਾਲਿਸਤਾਨੀ ਸਰਮਥਕ ਵੀ ਬਹੁਤ ਬੋਲਦੇ ਸਨ...ਹੁਣ ਚੁੱਪ ਕਿਉਂ ਕਰ ਗਏ ਹਨ?”
“ਪਹਿਲਾਂ ਕਿਸ ਦੇ ਹੌਸਲੇ ਉੱਤੇ ਉੱਡ ਰਹੇ ਸਨ ਤੇ ਹੁਣ ਕਿਸ ਤੋਂ ਡਰ ਗਏ ਹਨ? ਇਸ ਬਾਰੇ ਦੱਸੋ?”
ਇੱਕ ਹੋਰ ਪੋਸਟ 'ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ ਹੈ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਜਾਂ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।’
ਇਸ ਪੋਸਟ ਵਿੱਚ ਕੰਗਨਾ ਨੇ ਹਥਕੜੀ ਦੇ ਨਾਲ-ਨਾਲ ਇੱਕ ਮਹਿਲਾ ਪੁਲਿਸ ਕਰਮੀ ਦਾ ਸਟਿੱਕਰ ਵੀ ਲਗਾਇਆ ਹੈ।

ਤਸਵੀਰ ਸਰੋਤ, FB/KANGANA
ਵਿਵਾਦਤ ਬੋਲ ਅਤੇ ਭਾਜਪਾ ਦਾ ਸਮਰਥਨ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਦੇ ਤੇਵਰ ਹੋਰ ਸਖਤ ਹੋ ਗਿਆ ਹੈ।
ਉਨ੍ਹਾਂ ਨੇ ਪੂਰੀ ਫਿਲਮ ਇੰਡਸਟਰੀ ਨੂੰ ਸਖ਼ਤ ਹੱਥੀਂ ਲਿਆ। ਇਕ ਵਾਰ ਫਿਰ ਕੰਗਨਾ ਨੇ ਨੈਪੋਟਿਜ਼ਮ ਅਤੇ 'ਫਿਲਮ ਮਾਫੀਆ' ਦਾ ਮੁੱਦਾ ਉਠਾਇਆ।
ਕਰਨ ਜੌਹਰ ਹੋਵੇ ਜਾਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਅਤੇ ਆਮਿਰ ਖਾਨ, ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇੰਨਾ ਹੀ ਨਹੀਂ, ਉਨ੍ਹਾਂ ਦੀ ਲੜਾਈ ਮਹੇਸ਼ ਭੱਟ ਨਾਲ ਵੀ ਹੋਈ ਜਿਨ੍ਹਾਂ ਨੇ ਕੰਗਨਾ ਨੂੰ ਪਹਿਲਾ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਗੈਂਗਸਟਰ, ਵੋਹ ਲਮਹੇ ਅਤੇ ਰਾਜ਼-3 ਵਰਗੀਆਂ ਸਫ਼ਲ ਫਿਲਮਾਂ ਦਾ ਹਿੱਸਾ ਬਣਾਇਆ।
ਸੁਸ਼ਾਂਤ ਦੀ ਮੌਤ ਦਾ ਰਹੱਸ ਸਾਹਮਣੇ ਆਉਣ 'ਤੇ ਕੰਗਨਾ ਨੇ ਕਿਹਾ ਕਿ ਬਾਲੀਵੁੱਡ 'ਚ 99 ਫੀਸਦੀ ਲੋਕ ਨਸ਼ਾ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਕੰਗਨਾ ਫਿਲਮ ਇੰਡਸਟਰੀ ਦੇ ਹਰ ਮੁੱਦੇ 'ਤੇ ਤਾਂ ਸਾਹਮਣੇ ਆਉਂਦੀ ਰਹੀ ਹੈ, ਇਸ ਦੇ ਨਾਲ ਹੀ ਦੇਸ਼ ਦੇ ਮੁੱਦਿਆਂ 'ਤੇ ਵੀ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੰਦੀ ਨਜ਼ਰ ਆਉਂਦੀ ਹੈ।
ਕੰਗਨਾ ਦੇ ਇਹ ਬਿਆਨ ਪੂਰੀ ਤਰ੍ਹਾਂ ਮੋਦੀ ਸਰਕਾਰ ਦੇ ਸਮਰਥਨ 'ਚ ਨਜ਼ਰ ਆਉਂਦੇ ਰਹੇ ਹਨ।
ਕਈ ਵਾਰ ਕੰਗਨਾ ਭਾਸ਼ਾ ਦੀਆਂ ਹੱਦਾਂ ਵੀ ਤੋੜਦੀ ਨਜ਼ਰ ਆਈ ਹੈ।
ਦਿੱਲੀ ਦੰਗਿਆਂ 'ਤੇ ਕੰਗਨਾ ਦੀ ਭੈਣ ਰੰਗੋਲੀ ਦੇ ਟਵਿੱਟਰ ਹੈਂਡਲ ਰਾਹੀਂ ਟਵੀਟ ਕਰ ਕੇ ਕਿਹਾ ਸੀ, "ਦਿੱਲੀ ਨੂੰ ਸੀਰੀਆ ਬਣਾ ਦਿੱਤਾ। ਇਨ੍ਹਾਂ ਬਾਲੀਵੁਡ ਜੇਹਾਦੀਆਂ ਦੇ ਸੀਨੇ 'ਚ ਠੰਢ ਪੈ ਗਈ। ਕੀੜਿਆਂ ਵਾਂਗ ਮਸਲ ਦਿਓ ਇਨ੍ਹਾਂ ਨੂੰ।"
ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਵੀ ਕੰਗਣਾ ਨੇ ਮਹਾਰਾਸ਼ਟਰ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜੋ ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਦੀ ਗੱਠਜੋੜ ਸਰਕਾਰ ਸੀ।
ਕੰਗਨਾ ਨੇ ਮੁੰਬਈ ਨੂੰ 'ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ' ਵੀ ਕਿਹਾ, ਜਿਸ 'ਤੇ ਸਿਆਸਤ ਵੀ ਤੇਜ਼ ਹੋ ਗਈ। ਭਾਜਪਾ ਤੇ ਸ਼ਿਵ ਸੈਨਾ ਆਹਮੋ-ਸਾਹਮਣੇ ਹੋ ਗਏ।
ਭਾਜਪਾ ਖੁੱਲ੍ਹ ਕੇ ਕੰਗਨਾ ਦੇ ਸਮਰਥਨ 'ਚ ਆਈ ਅਤੇ ਕੰਗਨਾ ਨੂੰ ਵਾਈ ਪਲੱਸ ਸੁਰੱਖਿਆ ਵੀ ਦਿੱਤੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਜਾਵੇਗੀ।
ਨਰਿੰਦਰ ਮੋਦੀ ਸਰਕਾਰ ਵਿੱਚ ਰਾਜ ਮੰਤਰੀ ਅਤੇ ਰਾਜ ਸਭਾ ਮੈਂਬਰ, ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਰਾਮਦਾਸ ਅਠਾਵਲੇ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਜਪਾ ਕੰਗਨਾ ਰਣੌਤ ਦਾ ਸਵਾਗਤ ਕਰੇਗੀ।
(ਇਹ ਰਿਪੋਰਟ ਸਾਲ 2020 ਵਿੱਚ ਇਕਬਾਲ ਪਰਵੇਜ਼ ਵੱਲੋਂ ਲਿਖੀ ਗਈ ਸੀ। )













