ਡੇਰਾ ਬੱਲਾਂ ਪਹੁੰਚੇ ਪੀਐੱਮ ਮੋਦੀ, ਮਾਹਰਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਰਾਜਨੀਤੀ ਵਿੱਚ ਡੇਰਾਵਾਦ ਦੇ ਪ੍ਰਭਾਵ ਦੀ ਮਿਸਾਲ ਕਿਉਂ ਦੱਸਿਆ

ਤਸਵੀਰ ਸਰੋਤ, Pal Singh Nauli/BBC
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਵਿਦਾਸ ਜਯੰਤੀ ਮੌਕੇ ਜਲੰਧਰ ਨੇੜੇ ਡੇਰਾ ਸਚਖੰਡ ਬੱਲਾਂ ਦਾ ਦੌਰਾ ਕੀਤਾ ਹੈ। ਪ੍ਰਧਾਨ ਮੰਤਰੀ ਦੀ ਇਹ ਫੇਰੀ ਉਸ ਸਮੇਂ ਆਈ ਹੈ, ਜਦੋਂ ਪੰਜਾਬ ਆਗਾਮੀ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ।
ਡੇਰਾ ਬੱਲਾਂ ਵਿਖੇ ਪਹੁੰਚੇ ਪ੍ਰਧਾਨ ਮੰਤਰੀ ਨੇ ਪਹਿਲਾਂ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਦੇ ਨਾਮ 'ਤੇ ਰੱਖਣ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਇਆ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਹਲਵਾਰਾ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ।
ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇ ਕਿਹਾ, "ਅਸੀਂ ਸਾਰੇ ਗੁਰੂ ਰਵਿਦਾਸ ਜੀ ਤੋਂ ਪ੍ਰੇਰਨਾ ਲੈਂਦੇ ਹਾਂ। ਮੈਂ ਉਨ੍ਹਾਂ ਦੀ ਪ੍ਰੇਰਨਾ ਦੀ ਧਰਤੀ, ਪੰਜਾਬ ਆਇਆ ਹਾਂ। ਇੱਥੇ ਹੋਣਾ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਅਤੇ ਮੈਂ ਡੇਰਾ ਬੱਲਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਸੱਦਾ ਦਿੱਤਾ।"
ਆਪਣੇ ਸਬੰਧੋਨ ਵਿੱਚ ਪੀਐੱਮ ਮੋਦੀ ਨੇ ਕਿਹਾ, "ਮੇਰੇ ਜਨਮਦਿਨ 'ਤੇ ਡੇਰਾ ਬੱਲਾਂ ਵਿਖੇ ਮੇਰੇ ਲਈ ਅਰਦਾਸ ਕੀਤੀ ਗਈ। ਇਹ ਕੋਈ ਛੋਟਾ ਜਿਹਾ ਉਪਰਾਲਾ ਨਹੀਂ ਸੀ ਅਤੇ ਮੈਂ ਇਸ ਲਈ ਦਿਲੋਂ ਧੰਨਵਾਦ ਕਰਦਾ ਹਾਂ।"
ਵਿਧਾਨ ਸਭਾ ਚੋਣਾਂ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਬਚਿਆ ਹੈ। ਪੰਜਾਬ ਦੇ ਦੁਆਬਾ ਖੇਤਰ ਦੇ ਵਿਚਕਾਰ ਸਥਿਤ ਇਹ ਡੇਰਾ ਰਵਿਦਾਸੀਆ ਭਾਈਚਾਰੇ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇਸ ਖੇਤਰ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਹੋਣ ਕਰਕੇ ਡੇਰੇ ਦਾ ਦੁਆਬੇ ਵਿੱਚ ਅਹਿਮ ਪ੍ਰਭਾਵ ਹੈ।
ਇਸ ਅਹਿਮ ਪ੍ਰਭਾਵ ਕਰਕੇ ਡੇਰਾ ਸਚਖੰਡ ਬੱਲਾਂ ਚੋਣਾਂ ਦੇ ਮੌਸਮ ਦੌਰਾਨ ਹਰ ਰੰਗ ਦੇ ਰਾਜਨੀਤਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਲਈ ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ।
ਮਾਹਰ, ਇਸਨੂੰ ਭਾਜਪਾ ਵੱਲੋਂ ਪਾਰਟੀ ਦੇ ਦਲਿਤ ਭਾਈਚਾਰੇ ਨਾਲ ਸੰਪਰਕ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।

ਤਸਵੀਰ ਸਰੋਤ, PM Modi/X
ਪ੍ਰਧਾਨ ਮੰਤਰੀ ਦੀ ਫੇਰੀ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਡੇਰੇ ਦੇ ਮੁਖੀ ਨਿਰੰਜਨ ਦਾਸ ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਲਈ ਚੁਣਿਆ ਸੀ।
ਜਦੋਂ ਡੇਰਾ ਮੁਖੀ ਨੂੰ ਇਹ ਸਨਮਾਨ ਮਿਲਿਆ ਸੀ, ਤਾਂ ਭਾਜਪਾ ਨੇ ਖ਼ਾਸ ਤੌਰ 'ਤੇ ਪ੍ਰੈੱਸ ਬਿਆਨ ਜਾਰੀ ਕਰ ਕੇ ਵਧਾਈਆਂ ਦਿੱਤੀਆਂ ਸਨ।
ਇਸ ਤੋਂ ਇਲਾਵਾ ਡੇਰਾ ਮੁਖੀ ਨਿਰੰਜਨ ਦਾਸ ਨੇ ਦਸੰਬਰ ਮਹੀਨੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ।
ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰੇ ਦੀ ਫੇਰੀ ਤੋਂ ਪੰਜਾਬ ਦੀ ਸਿਆਸਤ ਅੰਦਰ ਡੇਰਿਆਂ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।"

ਤਸਵੀਰ ਸਰੋਤ, @thevijaysampla/X
ਡੇਰਾ ਬੱਲਾਂ ਕੀ ਹੈ
ਡੇਰਾ ਸਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ। ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਹਰਵਾਰ ਪਠਾਨਕੋਟ ਰੋਡ 'ਤੇ ਪਿੰਡ ਬੱਲਾਂ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ।
ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖ਼ਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਧਾਰਮਿਕ ਆਸਥਾ ਰੱਖਦੇ ਹਨ।
ਡੇਰੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਇਸ ਡੇਰੇ ਦੀ ਮਾਨਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਦੇ ਨਾਲ ਨਾਲ ਵੱਡੇ ਸਿਆਸੀ ਆਗੂ ਖ਼ਾਸ ਕਰਕੇ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ, ਉਸ ਤੋਂ ਇਸ ਦੀ ਸਮਾਜਿਕ ਅਤੇ ਸਿਆਸੀ ਪੱਖੋਂ ਵੀ ਅਹਿਮੀਅਤ ਸਮਝ ਆਉਂਦੀ ਹੈ।
ਡੇਰਾ ਬੱਲਾਂ ਦੀ ਸ਼ੁਰੂਆਤ ਜ਼ਿਲ੍ਹਾ ਬਠਿੰਡਾ ਦੀ ਗਿੱਲ ਪੱਤੀ ਵਿੱਚ ਜਨਮੇ ਹਰਮਾਨ ਦਾਸ ਨੇ ਕੀਤੀ ਸੀ।

ਤਸਵੀਰ ਸਰੋਤ, Pal Singh Nauli /BBC

- ਹਰਨਾਮ ਦਾਸ ਉਰਫ਼ ਪਿੱਪਲ ਦਾਸ ਨੇ ਡੇਰਾ ਬੱਲਾਂ ਦੀ ਸ਼ੁਰੂਆਤ ਕੀਤੀ
- ਡੇਰੇ ਦੀ ਮੁੱਖ ਭੂਮਿਕਾ ਲੋਕਾਂ ਨੂੰ ਗੁਰੂ ਰਵੀਦਾਸ ਦੀ ਬਾਣੀ ਤੇ ਵਿਚਾਰਧਾਰਾ ਨਾਲ ਜੋੜਨਾ ਸੀ
- ਡੇਰੇ ਨੇ ਆਉਣ ਵਾਲੀ ਸੰਗਤ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ
- ਬਹੁਤੇ ਸਿਆਸੀ ਮਾਹਰ ਵੱਡੀ ਗਿਣਤੀ ਸੰਗਤ ਦੇ ਚਲਦਿਆਂ ਡੇਰੇ ਵਿੱਚ ਨਤਮਸਕਤ ਹੋਣ ਆਉਂਦੇ ਹਨ


ਤਸਵੀਰ ਸਰੋਤ, Pal SIngh Nauli/BBC
ਡੇਰਾ ਬੱਲਾਂ ਦੀ ਪ੍ਰਭਾਵਸ਼ਾਲੀ ਭੂਮਿਕਾ
ਬੱਲਾਂ ਪਿੰਡ ਵਿੱਚ ਸਥਿਤ ਇਹ ਡੇਰਾ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਤੋਂ ਆਪਣੀ ਤਾਕਤ ਹਾਸਲ ਕਰਦਾ ਹੈ।
ਦਲਿਤ ਦੁਆਬੇ ਵਿੱਚ ਇੱਕ ਮਹੱਤਵਪੂਰਨ ਅਤੇ ਵੱਡਾ ਵੋਟ ਬੈਂਕ ਹਨ। ਪੰਜਾਬ ਵਿੱਚ ਦਲਿਤ ਆਬਾਦੀ 32 ਫ਼ੀਸਦੀ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਹੈ। ਸੂਬੇ ਦੀ ਜ਼ਿਆਦਾਤਰ ਦਲਿਤ ਆਬਾਦੀ ਦੁਆਬਾ ਖੇਤਰ ਵਿੱਚ ਹੈ। ਇੱਥੇ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 45 ਫ਼ੀਸਦੀ ਹੈ।
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਵਿੱਚੋਂ 23 ਸੀਟਾਂ ਇਕੱਲੇ ਦੁਆਬੇ ਵਿੱਚ ਹਨ। ਇਸ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਉਹ ਉਚੇਚੇ ਤੌਰ ਉੱਤੇ ਡੇਰੇ ਪਹੁੰਚੇ ਸਨ।
ਇਸ ਤੋਂ ਇਲਾਵਾ ਪਿਛਲੇ ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਡੇਰੇ ਵਿੱਚ ਹਾਜ਼ਰੀ ਲਗਵਾਈ ਸੀ।

ਫੇਰੀ ਦੇ ਸਿਆਸੀ ਮਾਇਨੇ ਕਿਉਂ ਕੱਢੇ ਜਾ ਰਹੇ ਹਨ
ਮਾਹਰਾਂ ਮੁਤਾਬਕ ਪ੍ਰਧਾਨ ਮੰਤਰੀ ਦਾ ਡੇਰਾ ਸਚਖੰਡ ਬੱਲਾਂ ਦਾ ਦੌਰਾ ਕਈ ਸਿਆਸੀ ਪੱਖਾਂ ਤੋਂ ਮਹੱਤਵਪੂਰਨ ਹੈ। ਇੱਕ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ, ਦੂਜਾ ਭਾਜਪਾ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਦੇ ਰਾਹ ਉੱਤੇ ਤੁਰੀ ਹੋਈ ਹੈ।
ਦਲਿਤ ਭਾਈਚਾਰਾ ਦੁਆਬੇ ਖੇਤਰ ਵਿੱਚ ਵੱਡਾ ਵੋਟ ਬੈਂਕ ਹੈ। ਸਾਲ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਆਪਣੀ ਸੁਨਾਮੀ ਹੋਣ ਦੇ ਬਾਵਜੂਦ ਦੁਆਬੇ ਵਿੱਚੋਂ ਸਿਰਫ਼ 10 ਸੀਟਾਂ ਜਿੱਤ ਸਕੀ ਸੀ।
10 ਸੀਟਾਂ ਕਾਂਗਰਸ ਨੇ ਜਿੱਤੀਆਂ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ), ਬਹੁਜਨ ਸਮਾਜ ਪਾਰਟੀ ਅਤੇ ਭਾਜਪਾ ਨੇ ਇੱਕ-ਇੱਕ ਸੀਟ ਜਿੱਤੀ ਸੀ।
ਰਾਜਨੀਤੀ ਸ਼ਾਸਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਫੇਰੀ ਡੇਰਾ ਬੱਲਾਂ ਦੀ ਸਿਆਸੀ ਅਤੇ ਸਮਾਜਿਕ ਮਾਨਤਾ ਨੂੰ ਦਰਸਾਉਂਦੀ ਹੈ।
ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, "ਪ੍ਰਧਾਨ ਮੰਤਰੀ ਦੀ ਫੇਰੀ ਦਾ ਮਕਸਦ ਵੋਟਾਂ ਦੀ ਰਾਜਨੀਤੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਭਾਜਪਾ ਸਰਕਾਰ ਦੇ ਕਈ ਫ਼ੈਸਲਿਆਂ ਕਰਕੇ ਪਾਰਟੀ ਦੇ ਦਲਿਤ ਭਾਈਚਾਰੇ ਵਿੱਚ ਪੈਰ ਨਹੀਂ ਲੱਗ ਰਹੇ। ਭਾਜਪਾ ਦਲਿਤ ਭਾਈਚਾਰੇ ਦੇ ਨਜ਼ਦੀਕ ਹੋਣਾ ਚਾਹੁੰਦੀ ਹੈ।"
"ਪ੍ਰਧਾਨ ਮੰਤਰੀ ਅਜਿਹੇ ਪਹਿਲੇ ਅਤੇ ਆਖ਼ਰੀ ਲੀਡਰ ਨਹੀਂ ਹਨ, ਜੋ ਡੇਰੇ ਵਿੱਚ ਜਾਣਗੇ। ਪਹਿਲਾਂ ਵੀ ਸਿਆਸੀ ਆਗੂ ਡੇਰੇ ਵਿੱਚ ਹਾਜ਼ਰੀ ਭਰਦੇ ਰਹੇ ਹਨ। ਬੱਸ ਗੱਲ ਏਨੀ ਹੀ ਹੈ ਕਿ ਭਾਜਪਾ ਨੇ ਸ਼ੁਰੂਆਤ ਜਲਦੀ ਕਰ ਦਿੱਤੀ ਹੈ। ਪੰਜਾਬ ਦੇ ਬਾਕੀ ਸਿਆਸੀ ਆਗੂ ਵੀ ਹੌਲੀ-ਹੌਲੀ ਡੇਰਿਆਂ ਵਿੱਚ ਜਾਣਗੇ।"

ਤਸਵੀਰ ਸਰੋਤ, Pal Singh Nauli/BBC
ਮਾਨਸਿਕਤਾ ਅਤੇ ਅੰਦਰੂਨੀ ਜਾਤੀਵਾਦ ਉੱਤੇ ਅਸਰ
ਰਾਜਨੀਤੀ ਸ਼ਾਸਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਨੇ ਕਿਹਾ, "ਪ੍ਰਧਾਨ ਮੰਤਰੀ ਦੀ ਫੇਰੀ ਨਾਲ ਇਹ ਸੰਦੇਸ਼ ਸਪੱਸ਼ਟ ਹੋਇਆ ਹੈ ਕਿ ਵੋਟ ਬੈਂਕ ਵਿੱਚ ਰਵਿਦਾਸ ਭਾਈਚਾਰੇ ਦੀ ਕੀ ਭੂਮਿਕਾ ਜਾਂ ਪ੍ਰਭਾਵ ਹੈ।"
"ਇਸ ਫੇਰੀ ਨਾਲ ਰਵਿਦਾਸ ਭਾਈਚਾਰੇ ਦਾ ਸਮਾਜਿਕ ਅਤੇ ਸਿਆਸੀ ਮਾਣ ਵਧੇਗਾ। ਜਦੋਂ ਕੋਈ ਇੰਨੀ ਵੱਡੀ ਸ਼ਖ਼ਸੀਅਤ ਉਨ੍ਹਾਂ ਕੋਲ ਪਹੁੰਚ ਕਰੇਗੀ, ਤਾਂ ਉਨ੍ਹਾਂ ਦੀ ਮਾਨਸਿਕਤਾ ਉੱਤੇ ਅਸਰ ਪਵੇਗਾ।"
"ਰਵਿਦਾਸ ਭਾਈਚਾਰੇ ਦੇ ਲੋਕ ਖ਼ੁਦ ਦੇ ਸਵੈਮਾਣ ਵਿੱਚ ਵਾਧਾ ਮਹਿਸੂਸ ਕਰਨਗੇ। ਹੁਣ ਇਹ ਸਵੈਮਾਣ ਵੋਟਾਂ ਵਿੱਚ ਕਿਵੇਂ ਬਦਲਦਾ ਹੈ, ਇਹ ਦੇਖਣਾ ਪਵੇਗਾ।"
ਪ੍ਰੋਫੈਸਰ ਜਤਿੰਦਰ ਕਹਿੰਦੇ ਹਨ, "ਪ੍ਰਧਾਨ ਮੰਤਰੀ ਦੀ ਫੇਰੀ ਨਾਲ ਦਲਿਤ ਸਮਾਜ ਦੇ ਹੋਰ ਭਾਈਚਾਰੇ ਨਾਰਾਜ਼ ਵੀ ਹੋ ਸਕਦੇ ਹਨ। ਦਲਿਤ ਸਮਾਜ ਦੇ ਅੰਦਰ ਵੀ ਅੰਦਰੂਨੀ ਜਾਤੀਵਾਦ ਹੈ। ਇਸ ਲਈ ਜਦੋਂ ਇੱਕ ਖ਼ਾਸ ਭਾਈਚਾਰੇ ਨੂੰ ਇੰਨੀ ਮਾਨਤਾ ਮਿਲੇਗੀ, ਤਾਂ ਦੂਜੇ ਭਾਈਚਾਰੇ ਨਾਰਾਜ਼ ਵੀ ਹੋ ਸਕਦੇ ਹਨ।"
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, "ਇਸ ਫੇਰੀ ਦੇ ਧਾਰਮਿਕ ਉਦੇਸ਼ ਨਹੀਂ ਸਗੋਂ ਰਾਜਨੀਤਕ ਉਦੇਸ਼ ਹਨ। ਪ੍ਰਧਾਨ ਮੰਤਰੀ ਦਾ ਡੇਰੇ ਵਿੱਚ ਆਉਣਾ, ਡੇਰਾ ਮੁਖੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਇਹ ਸੰਕੇਤ ਦਿੰਦੀ ਹੈ ਕਿ ਇਹ ਦਲਿਤਾਂ ਵਿੱਚ ਅਧਾਰ ਬਣਾਉਣ ਦੀ ਕੋਸ਼ਿਸ਼ ਨਹੀਂ ਹੈ, ਸਗੋਂ ਅਧਾਰ ਬਣ ਚੁੱਕਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































