ਨੀਟ ਪੇਪਰ ਲੀਕ ਤੇ ਸੀਜੇਪੀ ਮਾਰਚ ’ਚ ਪੁਲਿਸ ਦੀ ਕਾਰਵਾਈ: ਵੀਡੀਓ ਸੁਨੇੇਹੇ ਰਾਹੀਂ ਸੋਨਮ ਵਾਂਗਚੁਕ ਨੇ ਸਰਕਾਰ ਸਾਹਮਣੇ ਕਿਹੜੀਆਂ ਮੰਗਾਂ ਰੱਖੀਆਂ

ਸੋਨਮ ਅਤੇ ਇੱਕ ਵਿਦਿਆਰਥਣ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਨਮ ਨੇ ਵਿਦਿਆਰਥੀਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਐਫ਼ਆਈਆਰ ਦਰਜ ਨਾ ਕਰਨ ਦੀ ਮੰਗ ਕੀਤੀ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 11 ਮਿੰਟ

ਸੋਨਮ ਵਾਂਗਚੁਕ ਨੇ ਬੁੱਧਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਤੋਂ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਸ਼ਾਂਤੀਪੂਰਨ ਪ੍ਰਦਰਸ਼ਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਐਫ਼ਆਈਆਰ ਦਰਜ ਨਾ ਕਰਨ ਦੀ ਮੰਗ ਕੀਤੀ।

ਉਨ੍ਹਾਂ ਬੁੱਧਵਾਰ ਨੂੰ ਕਿਹਾ, "ਮੈਂ ਅਜੇ ਵੀ ਜ਼ਿੰਦਾ ਹਾਂ। ਅੱਜ ਮੇਰੀ ਭੁੱਖ ਹੜਤਾਲ ਦਾ 25ਵਾਂ ਦਿਨ ਹੈ। ਹੁਣ ਤੱਕ ਮੇਰਾ ਕਰੀਬ 11 ਕਿੱਲੋਗ੍ਰਾਮ ਵਜ਼ਨ ਘਟ ਚੁੱਕਾ ਹੈ। ਨਾਲ ਹੀ, ਮੇਰੀਆਂ ਮਾਸਪੇਸ਼ੀਆਂ ਵੀ ਘੱਟ ਹੋਣ ਲੱਗੀਆਂ ਹਨ, ਪਰ ਮੈਂ ਠੀਕ ਹਾਂ। ਮੰਗਲਵਾਰ ਰਾਤ ਨੂੰ ਮੈਨੂੰ ਸਫ਼ਦਰਜੰਗ ਤੋਂ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ।"

"ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕਰਨੀ ਚਾਹੁੰਦਾ ਹਾਂ, ਜਿਨ੍ਹਾਂ ਨੇ ਇੰਨੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕੀਤਾ। ਆਪਣੇ ਉੱਤੇ ਡਾਂਗਾਂ ਖਾਂਦੇ ਹੋਏ ਵੀ ਕੋਈ ਜਵਾਬੀ ਹਮਲਾ ਨਹੀਂ ਕੀਤਾ। ਬਹੁਤ ਉਕਸਾਏ ਜਾਣ ਦੇ ਬਾਵਜੂਦ ਵੀ ਤੁਸੀਂ ਸਬਰ ਨਾਲ ਕੰਮ ਲਿਆ। ਇਸ ਨਾਲ ਮੇਰਾ ਦਿਲ ਬਹੁਤ ਪਿਘਲ ਗਿਆ ਹੈ।"

ਉਨ੍ਹਾਂ ਕਿਹਾ, "ਵਿਦਿਆਰਥੀਆਂ 'ਤੇ ਬੇਰਹਿਮੀ ਨਾਲ ਹਮਲੇ ਹੋ ਰਹੇ ਸਨ, ਇਸ ਲਈ ਮੈਂ ਭੁੱਖ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਅਜੇ ਵੀ ਭੁੱਖ ਹੜਤਾਲ ਤੋੜਣ ਦੀ ਅਪੀਲ ਨਾਲ ਬਹੁਤ ਸਾਰੇ ਆਗੂ ਆਏ। ਸੱਤਾਧਾਰੀ ਦਲ ਦੇ ਆਗੂ ਵੀ ਆਏ ਅਤੇ 55 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਵੀ ਆਏ, ਜੋ ਅਪੀਲ ਕਰ ਰਹੇ ਹਨ ਕਿ ਮੈਂ ਭੁੱਖ ਹੜਤਾਲ ਤੋੜਾਂ ਅਤੇ ਮੁੜ ਦੇਸ਼ ਸੇਵਾ ਵਿੱਚ ਲੱਗ ਜਾਵਾਂ।

"ਮੈਂ ਖੁਦ ਵੀ ਇਹੀ ਚਾਹੁੰਦਾ ਹਾਂ। ਮੇਰੇ ਲਈ ਮੇਰਾ ਕੰਮ ਬਹੁਤ ਜ਼ਰੂਰੀ ਹੈ।"

"ਪਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੱਚਿਆਂ 'ਤੇ ਹੋਰ ਬਲ ਪ੍ਰਯੋਗ ਨਾ ਕਰੇ। ਦੂਜੀ ਗੱਲ, ਸਰਕਾਰ ਮੈਨੂੰ ਇਹ ਭਰੋਸਾ ਦੇਵੇ ਕਿ ਪ੍ਰਦਰਸ਼ਨਕਾਰੀਆਂ 'ਤੇ ਐਫ਼ਆਈਆਰ ਦਰਜ ਨਹੀਂ ਕੀਤੀ ਜਾਵੇਗੀ।''

ਜੇਪੀ ਨੱਡਾ ਦੀ ਪ੍ਰੈਸ ਕਾਨਫਰੈਂਸ ਦੇ ਬਾਅਦ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਭ ਦਾਸ ਨੇ ਕਿਹਾ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਵੇਗਾ

ਤਸਵੀਰ ਸਰੋਤ, ANi

ਤਸਵੀਰ ਕੈਪਸ਼ਨ, ਜੇਪੀ ਨੱਡਾ ਦੀ ਪ੍ਰੈਸ ਕਾਨਫਰੈਂਸ ਦੇ ਬਾਅਦ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਭ ਦਾਸ ਨੇ ਕਿਹਾ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਵੇਗਾ

ਉਧਰ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੇ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ।

ਸੌਰਵ ਦਾਸ ਨੇ ਕਿਹਾ, "ਮੈਂ ਸੋਨਮ ਵਾਂਗਚੁਕ ਨਾਲ ਕਈ ਵਾਰ ਗੱਲ ਕੀਤੀ। ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਇਸ ਧਰਨੇ ਨੂੰ ਸਹੀ ਢੰਗ ਨਾਲ ਚਲਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇਸ਼ ਵਿੱਚ ਪਹਿਲਾਂ ਹੋਏ ਕਈ ਅੰਦੋਲਨਾਂ ਦੌਰਾਨ ਸੱਤਾਧਾਰੀ ਪਾਰਟੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਘੁਸਪੈਠ ਕਰਵਾਈ ਗਈ ਅਤੇ ਬਾਅਦ ਵਿੱਚ ਇਸਜ਼ਾਮ ਅੰਦੋਲਨ 'ਤੇ ਹੀ ਮੜ੍ਹ ਦਿੱਤਾ ਗਿਆ। ਅਜਿਹਾ ਨਹੀਂ ਹੋਣਾ ਚਾਹੀਦਾ।"

ਕੇਂਦਰੀ ਮੰਤਰੀ ਜੇ.ਪੀ. ਨੱਢਾ ਦੀ ਪ੍ਰੈੱਸ ਕਾਨਫਰੈਂਸ ਬਾਰੇ ਉਨ੍ਹਾਂ ਨੇ ਕਿਹਾ, "ਲੋਕ ਇੱਥੇ 30 ਦਿਨਾਂ ਤੋਂ ਵੱਧ ਸਮੇਂ ਤੋਂ ਬੈਠੇ ਹਨ ਅਤੇ ਉਹ ਕਹਿ ਰਹੇ ਹਨ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ। ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਨੂੰ ਅਹੁਦਾ ਛੱਡਣਾ ਹੀ ਪਵੇਗਾ। ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।"

ਰਾਹੁਲ ਗਾਂਧੀ ਅਤੇ ਜੇਪੀ ਨੱਢਾ

ਤਸਵੀਰ ਸਰੋਤ, Getty Images/ANI

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਅਤੇ ਜੇਪੀ ਨੱਢਾ

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਬੁੱਧਵਾਰ ਸ਼ਾਮ ਪ੍ਰੈੱਸ ਕਾਨਫ਼ਰੰਸ ਕਰਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਕਿਹਾ ਕਿ ਅਤੀਤ ਵਿੱਚ ਵੀ ਕਈ ਵਾਰ ਕਈ ਰਾਜਾਂ ਵਿੱਚ ਪੇਪਰ ਲੀਕ ਹੁੰਦੇ ਰਹੇ ਹਨ।

ਉਨ੍ਹਾਂ ਕਿਹਾ, "ਜੇ ਮੈਂ ਜੰਮੂ-ਕਸ਼ਮੀਰ ਦੇ ਸਰਵਿਸ ਸਿਲੈਕਸ਼ਨ ਬੋਰਡ ਦੀ ਪ੍ਰੀਖਿਆ ਵਿੱਚ ਹੋਏ ਪੇਪਰ ਲੀਕ ਦੀ ਗੱਲ ਕਰਾਂ, ਜਿੱਥੇ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਦੀ ਸਰਕਾਰ ਹੈ।"

"ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਹਿਮਾਚਲ ਪ੍ਰਦੇਸ਼ ਸਕੂਲ ਐਗਜ਼ਾਮੀਨੇਸ਼ਨ ਬੋਰਡ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ, ਉੱਥੇ ਵੀ ਕਾਂਗਰਸ ਦੀ ਸਰਕਾਰ ਹੈ। ਝਾਰਖੰਡ ਵਿੱਚ ਜੇਏਸੀ ਦੀ ਹਿੰਦੀ ਅਤੇ ਵਿਗਿਆਨ ਦੀ ਪ੍ਰੀਖਿਆ ਦੇ ਪੇਪਰ ਲੀਕ ਹੋਏ, ਜਿੱਥੇ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਹੈ।"

ਉਨ੍ਹਾਂ ਅੱਗੇ ਕਿਹਾ, "ਤੇਲੰਗਾਨਾ ਵਿੱਚ ਇੰਟਰਮੀਡੀਏਟ ਦੀ ਭਾਸ਼ਾ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਅਤੇ ਉੱਥੇ ਵੀ ਸਰਕਾਰ ਨੂੰ ਕਾਂਗਰਸ ਅਤੇ ਸੀਪੀਆਈ ਦਾ ਸਮਰਥਨ ਪ੍ਰਾਪਤ ਹੈ। ਤੇਲੰਗਾਨਾ ਵਿੱਚ ਹੀ ਐੱਸਐੱਸਸੀ ਦੀ ਭਾਸ਼ਾ ਦੀ ਪ੍ਰੀਖਿਆ ਦਾ ਪੇਪਰ ਵੀ ਲੀਕ ਹੋਇਆ ਅਤੇ ਉੱਥੇ ਵੀ ਸਰਕਾਰ ਨੂੰ ਕਾਂਗਰਸ ਅਤੇ ਸੀਪੀਆਈ ਦਾ ਸਮਰਥਨ ਪ੍ਰਾਪਤ ਹੈ।"

ਨੱਢਾ ਨੇ ਕਿਹਾ, "ਤੁਸੀਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹੋ, ਜੋ ਕਿ ਬਦਕਿਸਮਤੀ ਵਾਲੀ ਗੱਲ ਹੈ। ਇਹ ਇੱਕ ਗੰਭੀਰ ਮਸਲਾ ਹੈ। ਇੱਕ ਲੰਬੀ ਸੂਚੀ ਹੈ ਜਿੱਥੇ ਯੂਪੀਏ ਦੀਆਂ ਸਰਕਾਰਾਂ ਸਨ ਅਤੇ ਪੇਪਰ ਲੀਕ ਹੋਏ।"

ਉਨ੍ਹਾਂ ਕਿਹਾ, "ਅਸੀਂ ਚਰਚਾ ਲਈ ਤਿਆਰ ਹਾਂ। ਡੂੰਘੀ ਚਰਚਾ ਹੋਵੇ। ਸੰਸਦ ਹੀ ਢੁੱਕਵੀਂ ਥਾਂ ਹੈ ਜਿੱਥੇ ਡੂੰਘਾਈ ਨਾਲ ਚਰਚਾ ਕੀਤੀ ਜਾ ਸਕਦੀ ਹੈ। ਅਸੀਂ ਠੋਸ ਨੀਤੀ ਲੈ ਕੇ ਆਈਏ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਹ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਦੀ ਵੀ ਜ਼ਿੰਮੇਵਾਰੀ ਹੈ।"

ਜੇਪੀ ਨੱਢਾ ਨੇ ਦੱਸਿਆ ਕਿ ਉਹ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਲਈ ਤਿਆਰ ਹਨ। ਮੁਜ਼ਾਹਰਾਕਾਰੀਆਂ ਜਦੋਂ ਕਹਿਣਗੇ, ਸਰਕਾਰ ਗੱਲਬਾਤ ਕਰੇਗੀ। ਹਾਲਾਂਕਿ ਅੱਜ ਕੋਈ ਚਰਚਾ ਨਹੀਂ ਹੋਈ।

ਰਾਹੁਲ ਗਾਂਧੀ ਦੀਆਂ ਮੰਗਾਂ

ਰਾਹੁਲ ਗਾਂਧੀ

ਤਸਵੀਰ ਸਰੋਤ, Rahul Gandhi/FB

ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੀਟ ਪੇਪਰ ਲੀਕ ਮਾਮਲੇ ਅਤੇ ਵਿਦਿਆਰਥੀਆਂ 'ਤੇ ਹੋਈ ਪੁਲਿਸ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ।

ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਹੋਈਆਂ ਬੇਨਿਯਮੀਆਂ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

ਦੂਜੀ ਮੰਗ ਤਹਿਤ ਉਨ੍ਹਾਂ ਵਿਦਿਆਰਥੀਆਂ 'ਤੇ ਲਾਠੀਚਾਰਜ ਅਤੇ ਅੱਥਰੂ ਗੈਸ ਵਰਗੀਆਂ ਕਾਰਵਾਈਆਂ ਕਰਨ ਵਾਲੇ ਪੁਲਿਸ ਕਰਮਚਾਰੀਆਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਜਵਾਬਦੇਹੀ ਦੀ ਮੰਗ ਕੀਤੀ ਹੈ।

ਤੀਜੀ ਮੰਗ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਵਿਦਿਆਰਥੀਆਂ ਲਈ ਅਧਿਕਾਰਕ ਮਾਫ਼ੀ ਦੀ ਮੰਗ ਕੀਤੀ ਹੈ।

ਪੁਲਿਸ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਸੋਨਮ ਵਾਂਗਚੁਕ ਨਾਲ ਮਿਲਣ ਤੋਂ ਰੋਕਿਆ, ਸੋਨਮ ਦੀ ਪਤਨੀ ਨੇ ਕੀ ਕਿਹਾ

ਸੰਜੇ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੰਜੇ ਸਿੰਘ ਤੋਂ ਇਲਾਵਾ ਉੱਥੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੰਸਦ ਮੈਂਬਰ ਸੰਜੇ ਯਾਦਵ ਵੀ ਮੌਜੂਦ ਸਨ

ਵਿਰੋਧੀ ਧਿਰ ਦੇ ਸੰਸਦ ਮੈਂਬਰ ਬੁੱਧਵਾਰ ਸ਼ਾਮ ਸੋਨਮ ਵਾਂਗਚੁਕ ਨੂੰ ਮਿਲਣ ਲਈ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਪਹੁੰਚੇ, ਪਰ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, "ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਪੁਲਿਸ ਹਸਪਤਾਲ ਵਿੱਚ ਦਾਖ਼ਲ ਕਿਸੇ ਮਰੀਜ਼ ਨੂੰ ਮਿਲਣ ਤੋਂ ਲੋਕਾਂ ਨੂੰ ਰੋਕ ਰਹੀ ਹੈ। ਅਸੀਂ ਸੋਨਮ ਵਾਂਗਚੁਕ ਨੂੰ ਮਿਲਣ ਆਏ ਹਾਂ, ਜੋ ਹਸਪਤਾਲ ਵਿੱਚ ਦਾਖ਼ਲ ਹਨ।"

ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਸਮਾਜਵਾਦੀ ਪਾਰਟੀ, ਆਰਜੇਡੀ, ਸੀਪੀਆਈ (ਐੱਮ), ਜੇਐੱਮਐੱਮ, ਬੀਜੇਡੀ ਅਤੇ ਆਪ ਦੇ 15 ਸੰਸਦ ਮੈਂਬਰਾਂ ਨੂੰ ਸੋਨਮ ਵਾਂਗਚੁਕ ਨਾਲ ਮਿਲ ਕੇ 55 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਸੌਂਪਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, "ਸੋਨਮ ਵਾਂਗਚੁਕ ਨੇ ਸੰਸਦ ਮੈਂਬਰਾਂ ਤੋਂ ਭਰੋਸਾ ਮਿਲਣ ਤੋਂ ਬਾਅਦ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਪਰ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਇਹ ਭਰੋਸਾ ਵੀ ਚਾਹੀਦਾ ਹੈ ਕਿ ਮੁਜ਼ਾਹਰਾਕਾਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆਂ ਨਹੀਂ ਹੋਵੇਗਾ।"

ਗੀਤਾਂਜਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਭਰੋਸਾ ਵੀ ਚਾਹੀਦਾ ਹੈ ਕਿ ਅੱਜ ਰਾਤ ਮੁਜ਼ਾਹਰਾਕਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰਕ ਹਿੰਸਾ ਨਹੀਂ ਹੋਵੇਗੀ।

ਸੋਨਮ ਵਾਂਗਚੁਕ ਨੇ ਅਣਸ਼ਨ ਤੋੜਨ ਸਬੰਧੀ ਸਰਕਾਰ ਨੂੰ ਪੱਤਰ ਲਿਖ ਕੇ ਇੱਕ ਅਪੀਲ ਕੀਤੀ ਹੈ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ, "ਇੱਕ ਵਾਰ ਸਰਕਾਰ ਵੱਲੋਂ ਭਰੋਸਾ ਮਿਲ ਜਾਣ ਤੋਂ ਬਾਅਦ, ਮੈਂ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਫ਼ਿਲਹਾਲ ਆਪਣਾ ਅੰਦੋਲਨ ਰੋਕ ਦੇਣ ਅਤੇ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ।"

ਚੀਫ਼ ਜਸਟਿਸ ਨੇ ਕਿਹਾ, ‘ਸਾਡਾ ਵਕਤ ਬਰਬਾਦ ਨਾ ਕਰੋ’

ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ

ਤਸਵੀਰ ਸਰੋਤ, Getty Images

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਿੱਲੀ ਵਿੱਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਦਿੱਲੀ ਪੁਲਿਸ ਦੇ ਹਮਲੇ ਦੇ ਮੁੱਦੇ ਨੂੰ ਉਠਾਉਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਲਾਈਵ ਲਾਅ ਅਤੇ ਬਾਰ ਐਂਡ ਬੈਂਚ ਵੈੱਬਸਾਈਟ ਮੁਤਾਬਕ, ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਇਸ ਮਾਮਲੇ ਦਾ ਜ਼ਿਕਰ ਕਰਨ ਵਾਲੇ ਵਕੀਲ ਨੂੰ ਕਿਹਾ, "ਸਾਡਾ ਸਮਾਂ ਬਰਬਾਦ ਨਾ ਕਰੋ, ਅਤੇ ਆਪਣਾ ਸਮਾਂ ਬਰਬਾਦ ਨਾ ਕਰੋ।"

ਵਕੀਲ ਨੇ ਕਿਹਾ ਕਿ ਵਿਦਿਆਰਥੀ ਨੀਟ ਪ੍ਰੀਖਿਆ ਦੇ ਸਹੀ ਸੰਚਾਲਨ ਅਤੇ ਰਾਸ਼ਟਰੀ ਟੈਸਟਿੰਗ ਏਜੰਸੀ ਵਿੱਚ ਸੁਧਾਰਾਂ ਵਰਗੇ ਮਹੱਤਵਪੂਰਨ ਮੁੱਦੇ ਉਠਾ ਰਹੇ ਹਨ। ਵਕੀਲ ਨੂੰ ਟੋਕਦਿਆਂ ਸੀਜੇਆਈ ਨੇ ਕਿਹਾ, "ਤੁਹਾਡਾ ਬਹੁਤ ਧੰਨਵਾਦ।"

ਜਦੋਂ ਵਕੀਲ ਨੇ ਕਿਹਾ ਕਿ ਪੁਲਿਸ ਦੀਆਂ ਵਧੀਕੀਆਂ ਨੂੰ ਦਰਸਾਉਂਦੇ ਵੀਡੀਓ ਹਨ, ਤਾਂ ਸੀਜੇਆਈ ਨੇ ਕਿਹਾ, "ਸਾਨੂੰ ਵੀਡੀਓ ਵਿੱਚ ਦਿਲਚਸਪੀ ਨਹੀਂ ਹੈ; ਸਾਡੇ ਕੋਲ ਇਨ੍ਹਾਂ ਨੂੰ ਦੇਖਣ ਲਈ ਸਮਾਂ ਨਹੀਂ ਹੈ।"

ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਇਸੇ ਤਰ੍ਹਾਂ ਦੇ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਤੋਂ ਇਹ ਕਹਿੰਦਿਆ ਇਨਕਾਰ ਕਰ ਦਿੱਤਾ ਸੀ ਕਿ, "ਅਦਾਲਤ ਨੂੰ ਇਸ ਵਿੱਚ ਨਾ ਘਸੀਟੋ।"

ਜੇਪੀ ਨੱਢਾ ਨੇ ਰਾਜ ਸਭਾ ਵਿੱਚ ਕੀ ਕਿਹਾ

ਜੇਪੀ ਨੱਢਾ

ਤਸਵੀਰ ਸਰੋਤ, SANSAD TV

ਤਸਵੀਰ ਕੈਪਸ਼ਨ, ਰਾਜ ਸਭਾ ਵਿੱਚ ਬੋਲਦਿਆਂ ਜੇਪੀ ਨੱਢਾ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ਗ਼ੈਰ-ਜ਼ਿਮੇਵਾਰਾਨਾ ਦੱਸਿਆ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਨੇ ਰਾਜ ਸਭਾ ਵਿੱਚ ਬੋਲਦਿਆਂ ਕਿਹਾ, "ਇੰਡੀਆ ਗਠਜੋੜ ਦਾ ਇਹ ਰਵੱਈਆ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਹੈ। ਉਹ ਸੰਸਦ ਦੀ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ਲੋਕਤੰਤਰੀ ਕਦਰਾਂ-ਕੀਮਤਾਂ ਦੀ ਉਲੰਘਣਾ ਕਰ ਰਹੇ ਹਨ।"

ਉਨ੍ਹਾਂ ਕਿਹਾ, "ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ। ਨੀਟ ਪੇਪਰ ਲੀਕ ਅਤੇ ਇਸ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ 'ਤੇ ਵੀ ਸਰਕਾਰ ਵਿਸਥਾਰ ਨਾਲ ਚਰਚਾ ਕਰਨ ਲਈ ਤਿਆਰ ਹੈ।"

ਨੱਢਾ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇੱਕ ਪਾਰਦਰਸ਼ੀ ਸਰਕਾਰ ਹੈ। ਪਰ ਵਿਰੋਧੀ ਧਿਰ ਨੂੰ ਨਾ ਤਾਂ ਲੋਕਤੰਤਰ ਵਿੱਚ ਵਿਸ਼ਵਾਸ ਹੈ ਅਤੇ ਨਾ ਹੀ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ।"

ਕਾਲੇ ਕੱਪੜੇ ਪਾ ਕੇ ਕਾਂਗਰਸ ਦਾ ਸੰਸਦ ਬਾਹਰ ਪ੍ਰਦਰਸ਼ਨ

ਕਾਲੇ ਕੱਪੜੇ ਪਹਿਨ ਕੇ ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਸਾਂਸਦ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੰਸਦ ਬਾਹਰ ਪ੍ਰਦਰਸ਼ਨ ਦੌਰਾਨ ਕਾਂਗਰਸ ਸਾਂਸਦ

ਬੀਤੇ ਦਿਨ ਕਾਂਗਰਸ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਧਰਨਾ ਲਗਾ ਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਨ ਬਾਅਦ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਕਾਂਗਰਸ ਲੀਡਰਾਂ ਨੇ ਸੰਸਦ ਬਾਹਰ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਮੁਜ਼ਾਹਰਾ ਕੀਤਾ।

ਇਸ ਮੌਕੇ ਬੋਲਦਿਆਂ ਕਾਂਗਰਸੀ ਸਾਂਸਦ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਇੱਕ ਜਾਇਜ਼ ਮਾਮਲਾ ਹੈ। ਵਿਦਿਆਰਥੀ ਸਿਰਫ਼ ਆਪਣਾ ਅਧਿਕਾਰ ਮੰਗ ਰਹੇ ਹਨ, ਹੋਰ ਕੁਝ ਨਹੀਂ ਮੰਗ ਰਹੇ ਹਨ।

ਉਨ੍ਹਾਂ ਕਿਹਾ, "ਤੁਸੀਂ ਹਰ ਪ੍ਰੀਖਿਆ ਦਾ ਪੇਪਰ ਲੀਕ ਕਰਵਾ ਰਹੇ ਹੋ। ਬੱਚੇ ਇੰਨਾ ਸੰਘਰਸ਼ ਕਰਕੇ ਪੜ੍ਹਾਈ ਕਰਦੇ ਹਨ, ਆਪਣੇ ਲਈ ਇੱਕ ਭਵਿੱਖ ਦੇਖਦੇ ਹਨ। ਤੁਸੀਂ ਉਸ ਭਵਿੱਖ ਨੂੰ ਵਿਗਾੜ ਰਹੇ ਹੋ।"

ਉਨ੍ਹਾਂ ਕਿਹਾ, "ਇਸ ਵਿੱਚ ਕੁਝ ਵੀ ਗੈਰ-ਲੋਕਤੰਤਰਿਕ ਗੱਲ ਨਹੀਂ ਹੈ। ਗੈਰ-ਲੋਕਤੰਤਰਿਕ ਗੱਲ ਇਹ ਹੈ ਜੋ ਇਸ ਸਦਨ ਵਿੱਚ ਹੋ ਰਿਹਾ ਹੈ ਜੋ ਸੜਕਾਂ 'ਤੇ ਹੋ ਰਿਹਾ ਹੈ। ਸਦਨ ਵਿੱਚ ਤੁਸੀਂ ਚਰਚਾ ਨਹੀਂ ਕਰਦੇ, ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦਿੰਦੇ।"

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ਬੱਚੇ ਨੂੰ ਜੇ ਕੰਡਾ ਵੀ ਲੱਗ ਜਾਵੇ ਤਾਂ ਮਾਂ ਬਾਪ ਦੀ ਜਾਨ ਨਿਕਲ ਜਾਂਦੀ ਹੈ। ਇਥੇ ਤਾਂ ਲਾਠੀਆਂ ਬਰਸ ਰਹੀਆਂ ਹਨ।

ਪੇਪਰ ਲੀਕ ਦੇ ਮਾਮਲੇ ਵਿਚ ਉਨ੍ਹਾਂ ਪੁੱਛਿਆ ਕਿ ਹੁਣ ਤੱਕ ਕਿਉਂ ਉਚਿਤ ਜਾਂਚ ਨਹੀਂ ਕੀਤੀ ਗਈ ਹੈ?

ਦੂਜੇ ਪਾਸੇ ਬੀਜੇਪੀ ਦਾ ਇਲਜ਼ਾਮ ਹੈ ਕਿ ਕਾਂਗਰਸ ਦੇ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਜ਼ਰੀਏ ਸੰਸਦ ਦੀ ਕਾਰਵਾਈ ਵਿੱਚ ਰੁਕਾਵਟ ਪਾ ਰਹੀ ਹੈ। ਬੀਜੇਪੀ ਸਾਂਸਦ ਕੰਗਨਾ ਰਣੌਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਕੱਲ੍ਹ ਉੱਥੇ ਬੈਠ ਕੇ ਕੀਤਾ ਉਹ ਸਭ ਲਈ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ, "ਜੋ ਗੱਲ ਨੀਟ ਦੀ ਹੋ ਰਹੀ ਹੈ ਜਾਂ ਪੇਪਰ ਲੀਕ ਦੀ ਹੋ ਰਹੀ ਹੈ ਲਗਾਤਾਰ ਸਾਡੀ ਸਰਕਾਰ ਸੰਵਾਦ ਕਰ ਰਹੀ ਹੈ। ਕੱਲ੍ਹ ਵੀ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਘੰਟਾ ਚਰਚਾ ਕੀਤੀ ਕਿ ਕਿਵੇਂ ਅੱਗੇ ਚੱਲ ਕੇ ਚੀਜ਼ਾਂ ਬਿਹਤਰ ਕੀਤੀਆਂ ਜਾ ਸਕਣ? ਸਾਡੇ ਨਾਲ ਗੱਲ ਕੀਤੀ। ਫਿਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦੇ ਹਨ। ਉਹ ਦੁਨੀਆਂ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹਨ, ਉਹ ਅਸਤੀਫ਼ਾ ਕਿਉਂ ਦੇਣਗੇ?"

ਰਾਹੁਲ ਗਾਂਧੀ ਦੀਆਂ ਸਰਕਾਰ ਤੋਂ ਪੰਜ ਮੰਗਾਂ

ਇੱਕ ਤਸਵੀਰ ਵਿੱਚ ਰਾਹੁਲ ਗਾਂਧੀ ਅਤੇ ਦੂਜੀ ਤਸਵੀਰ ਵਿੱਚ ਉੱਧਵ ਠਾਕਰੇ ਨਾਲ ਅਭੀਜੀਤ ਦੀਪਕੇ

ਤਸਵੀਰ ਸਰੋਤ, REUTERS/@COCKROACHISBACK

ਮੰਗਲਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਸਰਕਾਰ ਸਾਹਮਣੇ ਪੰਜ ਮੰਗਾਂ ਰੱਖੀਆਂ ਹਨ।

ਉਨ੍ਹਾਂ ਨੇ ਇਹ ਵੀਡੀਓ ਛਤਰਸਾਲ ਸਟੇਡੀਅਮ ਵਿੱਚ ਹਿਰਾਸਤ ਦੌਰਾਨ ਸ਼ੂਟ ਕੀਤਾ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਨੇ ਐਕਸ 'ਤੇ ਸਾਂਝਾ ਕੀਤਾ।

ਰਾਹੁਲ ਗਾਂਧੀ ਨੇ ਵੀਡੀਓ ਵਿੱਚ ਦੱਸਿਆ ਕਿ ਉਨ੍ਹਾਂ ਨੇ ਪੀਐਮ ਨਿਵਾਸ ਦੇ ਬਾਹਰ ਧਰਨਾ ਦੇਣ ਦਾ ਫ਼ੈਸਲਾ ਕਿਉਂ ਕੀਤਾ।

ਨਾਲ ਹੀ, ਸ਼ਿਵਸੇਨਾ ਦੇ ਨੇਤਾ ਉੱਧਵ ਠਾਕਰੇ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਸਮੇਤ ਕਈ ਲੋਕ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਉੱਥੇ ਪਹੁੰਚੇ।

ਰਾਹੁਲ ਗਾਂਧੀ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਵਿਦਿਆਰਥੀਆਂ ਦੇ ਮੁੱਦੇ 'ਤੇ ਸਦਨ ਵਿੱਚ ਬਹਿਸ ਦੀ ਮੰਗ ਕੀਤੀ ਜਿਸ ਦੇ ਜਵਾਬ ਵਿੱਚ ਸਪੀਕਰ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਨੂੰ ਸਰਕਾਰ ਦੀ ਇਜਾਜ਼ਤ ਚਾਹੀਦੀ ਹੋਵੇਗੀ।

ਰਾਹੁਲ ਗਾਂਧੀ ਨੇ ਕਿਹਾ, "ਪਰ ਜਦੋਂ ਮੈਨੂੰ ਦਿਨ ਵੇਲੇ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਦਿਸਿਆ ਤਾਂ ਉਸ ਤੋਂ ਬਾਅਦ ਅਸੀਂ ਪੀਐਮ ਨਿਵਾਸ ਬਾਹਰ ਧਰਨਾ ਦੇਣ ਦਾ ਫ਼ੈਸਲਾ ਕੀਤਾ ਤਾਂ ਕਿ ਵਿਦਿਆਰਥੀਆਂ ਨਾਲ ਜੋ ਹੋ ਰਿਹਾ ਹੈ, ਉਸ ਵੱਲ ਦੇਸ਼ ਦਾ ਧਿਆਨ ਦਵਾ ਸਕੀਏ।"

ਰਾਹੁਲ ਦੇ ਸਵਾਲ ਅਤੇ ਪੰਜ ਮੰਗਾਂ

ਰਾਹੁਲ ਗਾਂਧੀ ਨੇ ਕਿਹਾ, "ਸਿੱਖਿਆ ਵਿਵਸਥਾ ਕਿਉਂ ਬਰਬਾਦ ਹੋ ਰਹੀ ਹੈ? ਪੇਪਰ ਕਿਉਂ ਲੀਕ ਹੋ ਰਹੇ ਹਨ? ਭਾਰਤ ਵਿੱਚ ਸਿੱਖਿਆ ਕਿਉਂ ਇੰਨੀ ਮਹਿੰਗੀ ਹੈ ? ਬੱਚਿਆਂ ਨੂੰ ਪੜ੍ਹਾਉਣ ਲਈ ਲੋਕ ਵਿੱਤੀ ਰੂਪ ਵਿੱਚ ਬਰਬਾਦ ਕਿਉਂ ਹੋ ਜਾਂਦੇ ਹਨ? ਅਜਿਹੇ ਸਵਾਲ ਪੁੱਛਣ ਵਿੱਚ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। "

ਰਾਹੁਲ ਗਾਂਧੀ ਨੇ ਸਰਕਾਰ ਦੇ ਸਾਹਮਣੇ ਪੰਜ ਮੰਗਾਂ ਰੱਖੀਆਂ ਹਨ।

  • ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ।
  • ਜਿਨ੍ਹਾਂ ਲੋਕਾਂ ਨੇ ਵਿਦਿਆਰਥੀਆਂ ਨੂੰ ਮਾਰਿਆ ਅਤੇ ਬੇਇੱਜ਼ਤ ਕੀਤਾ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।
  • ਵਿਦਿਆਰਥੀਆਂ 'ਤੇ ਦਰਜ ਕੇਸ ਹਟਾਏ ਜਾਣ।
  • ਸਦਨ ਵਿੱਚ ਇਸ ਮੁੱਦੇ 'ਤੇ ਬਹਿਸ ਹੋਵੇ।
  • ਮੋਦੀ ਜੀ ਦੀ ਸਰਕਾਰ ਅਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ਨਾਲ ਜੋ ਵਿਹਾਰ ਕੀਤਾ ਉਸ ਲਈ ਉਹ ਦੇਸ਼ ਤੋਂ ਮਾਫ਼ੀ ਮੰਗਣ।

ਧਰਮੇਂਦਰ ਪ੍ਰਧਾਨ ਨੇ ਕੀਤੀ ਰਾਹੁਲ ਗਾਂਧੀ ਦੀ ਅਲੋਚਨਾ

ਉੱਧਵ ਠਾਕਰੇ

ਤਸਵੀਰ ਸਰੋਤ, @ABHIJEET_DIPKE

ਤਸਵੀਰ ਕੈਪਸ਼ਨ, ਸ਼ਿਵਸੇਨਾ ਦੇ ਨੇਤਾ ਉੱਧਵ ਠਾਕਰੇ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਸਮੇਤ ਕਈ ਲੋਕ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਉੱਥੇ ਪਹੁੰਚੇ।

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਦਿਆਰਥੀਆਂ ਦਾ ਸਿਆਸੀ ਇਸਤੇਮਾਲ ਕਰਕੇ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਰੁਕਾਵਟ ਪਾਉਣਾ ਚਾਹੁੰਦੇ ਹਨ।

ਧਰਮੇਂਦਰ ਪ੍ਰਧਾਨ ਨੇ ਮੰਗਲਵਾਰ ਦੇਰ ਰਾਤ ਐਕਸ 'ਤੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਘਰ ਬਾਹਰ ਧਰਨਾ ਦਿੱਤਾ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ।

ਧਰਮੇਂਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਲਗਾਤਾਰ ਵਿਦਿਆਰਥੀਆਂ ਦਾ ਸਿਆਸੀ ਇਸਤੇਮਾਲ ਕਰ ਰਹੇ ਹਨ ਤਾਂ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਰੁਕਾਵਟ ਪੈਦਾ ਕੀਤੀ ਜਾ ਸਕੇ।"

"ਰਾਹੁਲ ਗਾਂਧੀ ਅਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਘਰ ਬਾਹਰ ਧਰਨਾ ਦੇਣ ਦਾ ਫ਼ੈਸਲਾ ਕੀਤਾ। ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਅਤੇ ਤੈਅ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਗਈ।"

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ

ਸਰਕਾਰ ਨੇ ਪੂਰੀ ਚਰਚਾ ਲਈ ਆਪਣੀ ਤਿਆਰੀ ਸਾਫ਼ ਕਰ ਦਿੱਤੀ ਸੀ। ਇਸ ਤੋਂ ਬਾਅਦ ਵੀ ਕਾਂਗਰਸ ਨੇ ਲੋਕਤੰਤਰਿਕ ਬਹਿਸ ਦੀ ਥਾਂ ਸਿਆਸੀ ਪ੍ਰਦਰਸ਼ਨ ਨੂੰ ਚੁਣਿਆ।

ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਦੀ ਸਮੱਸਿਆ ਦਾ ਹੱਲ ਕੱਢਣਾ ਨਹੀਂ ਸੀ ਬਲਕਿ ਸਿਆਸੀ ਸੁਰਖੀਆਂ ਬਟੋਰਨ ਲਈ ਰੁਕਾਵਟ ਪੈਦਾ ਕਰਨਾ ਸੀ।

ਰਾਹੁਲ ਗਾਂਧੀ ਲਈ ਇਹ ਮਾਮਲਾ ਵਿਦਿਆਰਥੀਆਂ ਦਾ ਨਹੀਂ ਹੈ। ਇਹ ਹਰ ਉਸ ਮੌਕੇ ਬਾਅਦ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਹੈ, ਜਦੋਂ ਚਰਚਾ ਦਾ ਸਹੀ ਰਾਹ ਪਹਿਲਾਂ ਹੀ ਖੁੱਲ੍ਹ ਚੁੱਕਿਆ ਹੈ।

ਉੱਧਵ ਠਾਕਰੇ ਅਤੇ ਮਹੂਆ ਮੋਇਤਰਾ ਪਹੁੰਚੇ ਜੰਤਰ ਮੰਤਰ

ਮੋਹੂਆ ਮੋਇਤਰਾ
ਤਸਵੀਰ ਕੈਪਸ਼ਨ, ਮੋਹੂਆ ਮੋਇਤਰਾ ਵੀ ਵਿਦਿਆਰਥੀਆਂ ਦੇ ਧਰਨੇ ਵਿੱਚ ਪਹੁੰਚੇ।

ਮੰਗਲਵਾਰ ਰਾਤ ਕਈ ਨੇਤਾ ਵੀ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਮਰਥਨ ਦੇਣ ਜੰਤਰ ਮੰਤਰ ਪਹੁੰਚੇ। ਕਾਕਰੋਚ ਜਨਤਾ ਪਾਰਟੀ ਨੇ ਆਪਣੇ ਐਕਸ ਹੈਂਡਲ 'ਕਾਕਰੋਚ ਇਜ਼ ਬੈਕ' ਤੋਂ ਪੋਸਟ ਕਰਦਿਆਂ ਇਸ ਲਈ ਦੋਹਾਂ ਦਾ ਸ਼ੁਕਰੀਆ ਅਦਾ ਕੀਤਾ।

ਮਹੂਆ ਮੋਇਤਰਾ ਨੇ ਜੰਤਰ ਮੰਤਰ 'ਤੇ ਵਿਦਿਆਰਥੀਆਂ ਦੇ ਨਾਲ ਇੱਕ ਸੈਲਫੀ ਵੀਡੀਓ ਪੋਸਟ ਕਰਦਿਆਂ ਕਿਹਾ, "ਮੋਦੀ ਅਤੇ ਸ਼ਾਹ ਨੂੰ ਇਹ ਪਤਾ ਹੀ ਨਹੀਂ ਕਿ ਜੋ ਲੋਕ ਉਨ੍ਹਾਂ ਤੋਂ ਡਰਦੇ ਨਹੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਈਏ। ਇਹ ਉਨ੍ਹਾਂ ਲਈ ਆਊਟ ਆਫ ਸਿਲੇਬਸ ਹੈ।"

ਉਧਰ, ਸੈਂਟਰਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਬੈਰੀਕੇਡਿੰਗ ਕੀਤੀ ਹੈ। ਪਾਰਲੀਮੈਂਟ ਹਾਊਸ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬੱਧਵਾਰ ਨੂੰ ਵੀ ਪ੍ਰਦਰਸ਼ਨ ਦੇ ਖ਼ਦਸ਼ੇ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਉਧਰ, ਕੇਰਲ ਅਤੇ ਅਸਾਮ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿੱਲੀ ਵਿਚ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਅਤੇ ਉਸ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।

ਅਲੀਗੜ੍ਹ ਵਿੱਚ ਸਮਾਜਵਾਦੀ ਪਾਰਟੀ ਦੇ ਕਾਰਜਕਰਤਾਵਾਂ ਨੇ ਅਖਿਲੇਸ਼ ਯਾਦਵ ਨੂੰ ਹਿਰਾਸਤ ਵਿੱਚ ਲਏ ਜਾਣ ਖਿਲਾਫ ਪ੍ਰਦਰਸ਼ਨ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)