ਕੇਂਦਰੀ ਬਜਟ 2026: ਇਨਕਮ ਟੈਕਸ ਨਿਯਮਾਂ ਬਾਰੇ ਕੀ ਐਲਾਨ ਹੋਇਆ, ਕੀ ਸਸਤਾ ਤੇ ਕੀ ਮਹਿੰਗਾ ਹੋਵੇਗਾ

ਮੰਤਰੀ ਨਿਰਮਲਾ ਸੀਤਾਰਮ

ਤਸਵੀਰ ਸਰੋਤ, Sansad TV

ਤਸਵੀਰ ਕੈਪਸ਼ਨ, ਭਾਰਤ ਦੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਅੱਜ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ
ਪੜ੍ਹਨ ਦਾ ਸਮਾਂ: 9 ਮਿੰਟ

ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ।

ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨਵਾਂ ਇਨਕਮ ਟੈਕਸ ਐਕਟ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ।

ਉਨ੍ਹਾਂ ਕਿਹਾ ਕਿ ਇਨਕਮ ਟੈਕਸ ਨਿਯਮਾਂ ਨੂੰ ਹੋਰ ਸਰਲ ਬਣਾਇਆ ਜਾਵੇਗਾ, ਜਿਨ੍ਹਾਂ ਨੂੰ ਜਲਦੀ ਨੋਟੀਫਾਈ ਕੀਤਾ ਜਾਵੇਗਾ।

ਆਈਟੀਆਰ-1 ਅਤੇ ਆਈਟੀਆਰ-2 ਫਾਈਲ ਕਰਨ ਵਾਲੇ ਹੁਣ 31 ਜੁਲਾਈ ਤੱਕ ਆਪਣੀ ਰਿਟਰਨ ਫਾਈਲ ਕਰ ਸਕਦੇ ਹਨ।

ਹਾਲਾਂਕਿ, ਇਸ ਵਾਰ ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ, "ਭਾਰਤ ਦਾ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (ਏਵੀਜੀਸੀ) ਸੈਕਟਰ ਇੱਕ ਵਧਦਾ ਹੋਇਆ ਉਦਯੋਗ ਹੈ, ਜਿਸਨੂੰ 2030 ਤੱਕ 20 ਲੱਖ ਪੇਸ਼ੇਵਰਾਂ ਦੀ ਲੋੜ ਹੋਵੇਗੀ।"

ਵਿੱਤ ਮੰਤਰੀ ਨੇ ਇੰਡੀਅਨ ਇੰਸਟੀਚਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼, ਮੁੰਬਈ ਨੂੰ 15,000 ਸੈਕੰਡਰੀ ਸਕੂਲਾਂ ਅਤੇ 500 ਕਾਲਜਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬ ਸਥਾਪਤ ਕਰਨ ਵਿੱਚ ਮਦਦ ਕਰਨ ਦਾ ਪ੍ਰਸਤਾਵ ਰੱਖਿਆ ਹੈ।

ਕੇਂਦਰੀ ਬਜਟ

ਵਿੱਤ ਮੰਤਰੀ ਨੇ ਕਿਹਾ, "ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਕਾਇਮ ਰੱਖਣ ਲਈ ਮੈਂ ਛੇ ਖੇਤਰਾਂ ਵਿੱਚ ਸੁਧਾਰਾਂ ਦਾ ਪ੍ਰਸਤਾਵ ਰੱਖਦੀ ਹਾਂ - ਸੱਤ ਰਣਨੀਤਕ ਖੇਤਰਾਂ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨਾ; ਪੁਰਾਣੇ ਉਦਯੋਗਿਕ ਖੇਤਰਾਂ ਨੂੰ ਮੁੜ ਸੁਰਜੀਤ ਕਰਨਾ; ਚੈਂਪੀਅਨ ਐਮਐਸਐਮਈ ਬਣਾਉਣਾ; ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨਾ; ਲੰਬੇ ਸਮੇਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣਾ; ਸ਼ਹਿਰੀ ਆਰਥਿਕ ਖੇਤਰਾਂ ਦਾ ਵਿਕਾਸ ਕਰਨਾ।"

ਉਨ੍ਹਾਂ ਕਿਹਾ ਕਿ 2026-27 ਦੇ ਬਜਟ ਵਿੱਚ, ਅਗਲੇ 5 ਸਾਲਾਂ ਵਿੱਚ ਬਾਇਓਫਾਰਮਾ ਵਿੱਚ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਹੈ।

ਬਜਟ ਦੀਆਂ ਮੁੱਖ ਗੱਲਾਂ

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਜ਼ੋਰ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਪਿਛਲੇ ਸਾਲ 15 ਅਗਸਤ ਤੋਂ 350 ਤੋਂ ਵੱਧ ਆਰਥਿਕ ਸੁਧਾਰ ਲਾਗੂ ਕੀਤੇ ਗਏ ਹਨ।

ਕੀ ਹੋਇਆ ਸਸਤਾ

  • ਵਿੱਤ ਮੰਤਰੀ ਸੀਤਾਰਮਨ ਨੇ ਸੀਐਨਜੀ ਅਤੇ ਬਾਇਓਗੈਸ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ
  • ਕੈਂਸਰ ਨਾਲ ਸਬੰਧਤ 17 ਦਵਾਈਆਂ ਸਸਤੀਆਂ ਹੋ ਜਾਣਗੀਆਂ
  • ਸੱਤ ਦੁਰਲੱਭ ਬਿਮਾਰੀਆਂ ਦੀਆਂ ਦਵਾਈਆਂ ਵੀ ਸਸਤੀਆਂ ਕੀਤੀਆਂ ਜਾਣਗੀਆਂ
  • ਦਵਾਈਆਂ ਅਤੇ ਮੈਡੀਕਲ ਉਪਕਰਣਾਂ 'ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ
  • ਮਾਈਕ੍ਰੋਵੇਵ ਅਤੇ ਸੂਰਜੀ ਊਰਜਾ ਨਾਲ ਸਬੰਧਤ ਚੀਜ਼ਾਂ ਸਸਤੀਆਂ ਹੋ ਜਾਣਗੀਆਂ
  • ਜੁੱਤੇ ਅਤੇ ਬੈਟਰੀਆਂ ਸਸਤੀਆਂ ਹੋ ਜਾਣਗੀਆਂ
  • ਵਿਦੇਸ਼ੀ ਯਾਤਰਾ ਨੂੰ ਸਸਤਾ ਬਣਾਉਣ ਲਈ, ਵਿਦੇਸ਼ੀ ਯਾਤਰਾ 'ਤੇ ਟੀਡੀਐਸ ਵਿੱਚ ਕਟੌਤੀ ਦਾ ਐਲਾਨ
  • ਲੈਦਰ, ਕੱਪੜਾ, ਏਅਰਕ੍ਰਾਫਟ ਨਿਰਮਾਣ ਨਾਲ ਸਬੰਧਿਤ ਚੀਜ਼ਾਂ, ਈਵੀ ਬੈਟਰੀਆਂ ਸਸਤੀਆਂ
ਬਜਟ 2026-27

ਕੀ ਹੋਇਆ ਮਹਿੰਗਾ

  • ਬਜਟ ਵਿੱਚ ਐਲਾਨ ਕੀਤਾ ਗਿਆ ਹੈ ਕਿ ਸ਼ਰਾਬ ਹੋਰ ਮਹਿੰਗੀ ਹੋ ਜਾਵੇਗੀ
  • ਖਣਿਜ ਵੀ ਹੋਰ ਮਹਿੰਗੇ ਹੋ ਜਾਣਗੇ
  • ਸ਼ੇਅਰ ਬਜ਼ਾਰ ਵਿੱਚ ਆਪਸ਼ਨਜ਼ ਟ੍ਰੇਡਿੰਗ 'ਤੇ ਟੈਕਸ ਵਧਾ ਦਿੱਤਾ ਗਿਆ ਹੈ

ਕਿਸਾਨਾਂ ਲਈ ਬਜਟ ਵਿੱਚ ਕੀ ਹੈ

ਖੇਤੀਬਾੜੀ ਲਈ ਬਜਟ ਵਿੱਚ ਜੋ ਇੱਕ ਅਹਿਮ ਐਲਾਨ ਕੀਤਾ ਗਿਆ ਹੈ ਉਹ ਆਰਟੀਫਿਸ਼ਲ ਇੰਟੈਲੀਜੈਂਸ ਤਕਨੀਕ ਦੇ ਇਸਤੇਮਾਲ ਨਾਲ ਜੁੜਿਆ ਹੋਇਆ ਹੈ। ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ 'ਭਾਰਤ ਵਿਸਤਾਰ' ਨਾਮ ਦਾ ਏਆਈ ਟੂਲ ਖੇਤੀ ਸਬੰਧੀ ਢੁੱਕਵੀਆਂ ਜਾਣਕਾਰੀਆਂ ਅਤੇ ਸਲਾਹਾਂ ਦੇ ਕਿ ਉਤਪਾਦਨ ਵਧਾਉਣ ਵਿੱਚ ਕਿਸਾਨਾਂ ਦੀ ਮਦਦ ਕਰੇਗਾ। ਇਹ ਟੂਲ ਭਾਰਤ ਵਿਸਤਾਰ ਨਾਮ ਹੇਠ ਵੱਖ-ਵੱਖ ਭਾਸ਼ਾਵਾਂ ਵਿੱਚ ਹੋਵੇਗਾ।

ਮਾਹਰਾਂ ਮੁਤਾਬਕ ਬਜਟ ਵਿੱਚ ਭਾਵੇਂ ਪੰਜਾਬ ਦਾ ਜ਼ਿਕਰ ਕਰਕੇ ਕੋਈ ਖ਼ਾਸ ਐਲਾਨ ਨਹੀਂ ਕੀਤਾ ਗਿਆ ਪਰ ਕਿਸਾਨੀ ਲਈ ਕੁਝ ਐਲਾਨ ਕੀਤੇ ਗਏ ਹਨ।

ਚੰਡੀਗੜ੍ਹ ਦੇ ਜੀਜੀਡੀਐੱਸਡੀ ਕਾਲਜ ਵਿੱਚ ਅਰਥ-ਸ਼ਾਸਤਰ ਦੇ ਪ੍ਰੋਫੈਸਰ ਡਾ. ਮਧੁਰ ਮਹਾਜਨ ਇਸ ਬਾਰੇ ਦੱਸਦੇ ਹੋਏ ਕਹਿੰਦੇ ਹਨ, "ਖੇਤੀ ਨਾਲ ਜੁੜੀਆਂ ਕਈ ਗੱਲਾਂ ਦਾ ਜ਼ਿਕਰ ਬਜਟ ਵਿੱਚ ਹੋਇਆ ਹੈ, ਹਾਲਾਂਕਿ ਇਸ ਨਾਲ ਕੋਈ ਸਿੱਧਾ ਫਾਇਦਾ ਨਹੀਂ ਹੋਵੇਗਾ ਪਰ ਅਸਿੱਧੇ ਤੌਰ ਉੱਤੇ ਕਿਸਾਨਾਂ ਨੂੰ ਲਾਹਾ ਹੋ ਵੀ ਸਕਦਾ ਹੈ।"

"ਸਰਕਾਰਾਂ ਨੇ ਦਾਲਾਂ ਦਾ ਉਤਪਾਦਨ ਵਧਾਉਣ ਲਈ 6 ਸਾਲ ਦਾ ਇੱਕ ਮਿਸ਼ਨ ਲਾਂਚ ਕੀਤਾ ਹੈ। ਫਾਇਬਰ ਮਿਸ਼ਨ ਵੀ ਲਾਂਚ ਕੀਤਾ ਗਿਆ ਹੈ, ਜਿਸ ਨਾਲ ਕਪਾਹ-ਨਰਮੇ ਦੇ ਉਤਪਾਦਨ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ ਜਾਣਾ ਜਿਸ ਨਾਲ ਪੰਜਾਬ ਦੀ ਕਾਟਨ ਬੈਲਟ ਨੂੰ ਫਾਇਦਾ ਹੋ ਸਕਦਾ ਹੈ। ਹਾਈ ਵਰਾਇਟੀ ਸੀਡਜ਼ ਲਈ ਵੀ ਮਿਸ਼ਨ ਆਰੰਭਿਆ ਗਿਆ ਹੈ, ਜਿਸ ਦਾ ਮਕਸਦ ਕੀੜੇ ਅਤੇ ਮੌਸਮੀ ਤਬਦੀਲੀਆਂ ਨੂੰ ਸਹਿਣ ਵਾਲੇ ਬੀਜ ਤਿਆਰ ਕਰਨਾ ਹੈ।"

ਖੇਤੀਬਾੜੀ ਲਈ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਬਾਰੇ ਦੱਸਦਿਆ ਡਾ. ਮਹਾਜਨ ਕਹਿੰਦੇ ਹਨ, "ਮੋਬਾਈਲ ਫੋਨ ਅੱਜ-ਕੱਲ੍ਹ ਲਗਭਗ ਹਰ ਕਿਸੇ ਦੀ ਪਹੁੰਚ ਵਿੱਚ ਹੈ, ਇਸ ਲਈ ਜਦੋਂ ਬਾਕੀ ਸੈਕਟਰਾਂ ਵਿੱਚ ਏਆਈ ਦਾ ਇਸਤੇਮਾਲ ਹੋ ਰਿਹਾ ਤਾਂ ਕਿਸਾਨੀ ਵਿੱਚ ਵੀ ਨਵੀਂ ਤਕਨੀਕ ਦਾ ਫਾਇਦਾ ਮਿਲਣਾ ਚਾਹੀਦਾ ਹੈ, ਇਸ ਲਈ ਇਹ ਚੰਗੀ ਸਕੀਮ ਸਾਬਿਤ ਹੋ ਸਕਦੀ ਹੈ।"

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਰਥ-ਸ਼ਾਸ਼ਤਰ ਦੇ ਸਾਬਕਾ ਪ੍ਰੋਫੈਸਰ ਡਾ. ਓਪਿੰਦਰ ਸਾਹਨੀ ਕਹਿੰਦੇ ਹਨ,"ਹਰੀ ਕ੍ਰਾਂਤੀ ਲਿਆਉਣ ਵਾਲੀ ਬੈਲਟ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਇਸ ਬਜਟ ਵਿੱਚ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ। ਇਹ ਸਮਝ ਆਇਆ ਕਿ ਜੋ ਰਾਹਤ ਦਿੱਤੀ ਗਈ ਹੈ ਉਹ ਕੋਸਟ ਸਟੇਟਸ ਨੂੰ ਦਿੱਤਾ ਗਿਆ ਹੈ, ਜਿਵੇਂ ਕਿ ਕਾਜੂ, ਨਾਰੀਅਲ ਦਾ ਉਦਪਾਦਨ ਕਰਨ ਵਾਲੇ ਖੇਤਰਾਂ ਨੂੰ, ਜਿੱਥੇ ਅਸੀਂ ਫ਼ਸਲੀ ਵਭਿੰਨਤਾ, ਕਿਸਾਨ ਖੁਦਕੁਸ਼ੀਆਂ ਅਤੇ ਪਾਣੀ ਦੇ ਮਸਲੇ ਦੀ ਗੱਲ ਕਰਦੇ ਹਾਂ, ਉਸ ਬਾਰੇ ਸਾਡੇ ਇਲਾਕੇ ਨੂੰ ਛੂਹਣ ਵਾਲੀ ਕੋਈ ਗੱਲ ਨਹੀਂ ਕੀਤੀ ਗਈ।"

ਔਰੈਂਜ ਇਕੋਨਮੀ ਕੀ ਹੈ?

ਡਾ. ਮਧੁਰ ਅੱਗੇ ਕਹਿੰਦੇ ਹਨ, "ਜਦੋਂ ਅਸੀਂ ਰਚਨਾਤਮਕਤਾ ਭਾਵ ਕ੍ਰਿਏਟੀਵਿਟੀ, ਕੰਨਟੈਂਟ ਕ੍ਰਿਏਸ਼ਨ, ਗੇਮਿੰਗ, ਕਾਮਿਕਸ ਅਤੇ ਐਨੀਮੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਔਰੇਂਜ ਇਕੌਨਮੀ ਕਹਿੰਦੇ ਹਾਂ ਜਿਸ ਦਾ ਜ਼ਿਕਰ ਬਜਟ ਵਿੱਚ ਵੀ ਕੀਤਾ ਗਿਆ ਹੈ।"

"ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (ਏਬੀਜੀਸੀ) ਸੈਕਟਰ ਨੂੰ ਹੁਲਾਰਾ ਦੇਣ ਲਈ ਦੇਸ਼ ਭਰ ਦੇ 15,000 ਸੈਕੰਡਰੀ ਸਕੂਲਾਂ ਅਤੇ 500 ਕਾਲਜਾਂ ਵਿੱਚ ਕੰਟੈਂਟ ਕ੍ਰਿਏਟਰ ਲੈਬ ਸਥਾਪਤ ਕੀਤੇ ਜਾਣਗੇ। ਨੌਜਵਾਨਾਂ ਲਈ ਇਹ ਕਦਮ ਲਾਹੇਵੰਦ ਸਾਬਿਤ ਹੋ ਸਕਦਾ ਹੈ।"

ਇੰਡਸਟਰੀ ਲਈ ਬਜਟ ਵਿੱਚ ਕੀ-ਕੀ ਰੱਖਿਆ ਗਿਆ?

ਮਾਹਰਾਂ ਮੁਤਾਬਕ ਖੇਤੀਬਾੜੀ ਦੀ ਤਰ੍ਹਾਂ ਖਜ਼ਾਨਾ ਮੰਤਰੀ ਨੇ ਜਦੋਂ ਇੰਡਸਟਰੀ ਦੀ ਗੱਲ ਕੀਤੀ ਤਾਂ ਪੂਰੇ ਭਾਰਤ ਬਾਰੇ ਗੱਲ ਕੀਤੀ ਹੈ, ਪੰਜਾਬ ਲਈ ਹਾਲਾਂਕਿ ਵਿਸ਼ੇਸ਼ ਗੱਲ ਨਹੀਂ ਕੀਤੀ ਗਈ।

ਦਰਅਸਲ ਸਰਕਾਰ ਨੇ 10 ਹਜ਼ਾਰ ਕਰੋੜ ਐੱਸਐੱਮਈ ਗਰੋਥ ਫੰਡ ਰੱਖਿਆ ਐੱਮਐੱਸਐੱਮਈ ਚੈਂਪੀਅਨਜ਼ ਬਣਾਉਣ ਲਈ ਰੱਖੇ ਹਨ। ਮਾਈਕ੍ਰੋ ਇੰਟਰਪ੍ਰਾਈਜ਼ਰ ਦੇ ਲਈ 2 ਕਰੋੜ ਰੁਪਏ ਦਿੱਤੇ ਜਾਣਗੇ। ਅਰਥ ਸ਼ਾਸਤਰੀ ਉਮੀਦ ਜਤਾਉਂਦੇ ਹਨ ਕਿ ਇਸ ਤਰ੍ਹਾਂ ਦੀ ਸਕੀਮਾਂ ਨਾਲ ਹੋ ਸਕਦਾ ਹੈ ਕਿ ਉਦਯੋਗਾਂ ਨੂੰ ਫਾਇਦਾ ਪਹੁੰਚੇ।

ਕਿਹੜੇ ਖੇਤਰਾਂ ਵਿੱਚ ਹੋਰ ਧਿਆਨ ਦੀ ਲੋੜ ਹੈ?

ਮਾਹਰ ਕਹਿੰਦੇ ਹਨ ਕਿ ਸਿੱਖਿਆ ਖੇਤਰ ਅਤੇ ਸਿਹਤ ਖੇਤਰ ਵਿੱਚ ਸਰਕਾਰ ਵੱਲੋਂ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਡਾ. ਮਹਾਜਨ ਕਹਿੰਦੇ ਹਨ, "ਅਸੀਂ ਦੇਖਦੇ ਹਾਂ ਕਿ ਬਜਟ ਵਿੱਚ ਸਿੱਖਿਆ ਨੂੰ ਬਹੁਤੀ ਮਹੱਤਤਾ ਨਹੀਂ ਦੇ ਰਹੇ। ਹਾਲਾਂਕਿ ਬਾਇਓਫਾਰਮ ਦੇ ਐਕਸਪੋਰਟ ਲਈ ਜੋ ਸਰਕਾਰ ਨੇ ਫੈਸਲਾ ਲਿਆ ਉਹ ਸਹੀ ਕਦਮ ਹੈ, ਕਿਉਂਕਿ ਇਸ ਖੇਤਰ ਵਿੱਚ ਭਾਰਤ ਦੀਆਂ ਬਹੁਤ ਸੰਭਾਵਨਾਵਾਂ ਹਨ।"

ਸਾਬਕਾ ਪ੍ਰੋਫੈਸਰ ਡਾ. ਓਪਿੰਦਰ ਸਾਹਨੀ ਮੁਤਾਬਕ ਇਸ ਬਜਟ ਵਿੱਚ ਆਮ ਲੋਕਾਂ ਦੇ ਲਾਹੇ ਦੀਆਂ ਗੱਲਾਂ ਬਹੁਤੀਆਂ ਦੇਖਣ ਨੂੰ ਨਹੀਂ ਮਿਲੀਆਂ। ਉਹ ਕਹਿੰਦੇ ਹਨ,"ਇਸ ਬਜਟ ਵਿੱਚ ਹਾਊਸ ਹੋਲਡ ਨੂੰ ਲੈ ਕੇ ਬਹੁਤਾ ਜ਼ਿਕਰ ਨਹੀਂ ਕੀਤਾ ਗਿਆ।"

ਰੇਅਰ ਅਰਥ ਬਾਰੇ ਵੱਡੇ ਐਲਾਨ

  • ਓਡੀਸ਼ਾ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰੇਅਰ ਅਰਥ ਲਈ ਇੱਕ ਵਿਸ਼ੇਸ਼ ਗਲਿਆਰਾ
  • ਇਸ ਗਲਿਆਰੇ ਦਾ ਨਾਮ ਹੋਵੇਗਾ ਰੇਅਰ ਅਰਥ ਮੈਗਨੇਟ ਕਾਰੀਡੋਰ

ਮੈਨਿਊਫੈਕਚਰਿੰਗ ਅਤੇ ਉਦਯੋਗ

  • ਇਲੈਕਟ੍ਰਾਨਿਕਸ ਕੰਪੋਨੈਂਟਸ ਮੈਨਿਊਫੈਕਚਰਿੰਗ ਲਈ ₹40,000 ਕਰੋੜ ਦਾ ਪ੍ਰਸਤਾਵ ਹੈ
  • ਕੰਟੇਨਰ ਨਿਰਮਾਣ ਲਈ ₹10,000 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ
  • ਐਸਐਮਈ ਸੈਕਟਰ ਲਈ ₹10,000 ਕਰੋੜ ਦਾ ਗ੍ਰੋਥ ਫੰਡ ਜਾਰੀ ਕੀਤਾ ਜਾਵੇਗਾ
  • ਮਾਈਕ੍ਰੋ ਇੰਟਰਪ੍ਰਾਈਜ਼ੇਜ਼ ਲਈ ₹2,000 ਕਰੋੜ ਰੁਪਏ ਦਿੱਤੇ ਜਾਣਗੇ
  • 7 ਹਾਈ-ਸਪੀਡ ਰੇਲ ਕੋਰੀਡੋਰ ਬਣਾਉਣ ਦਾ ਪ੍ਰਸਤਾਵ ਹੈ
  • ਦੇਸ਼ ਵਿੱਚ ਵੱਡੇ ਟੈਕਸਟਾਈਲ ਪਾਰਕ ਬਣਾਏ ਜਾਣਗੇ
  • ਅਗਲੇ ਪੰਜ ਸਾਲਾਂ ਵਿੱਚ 100 ਨਵੇਂ ਜਲ ਮਾਰਗ ਬਣਾਏ ਜਾਣਗੇ

ਬਾਇਓ-ਫਾਰਮਾ ਸਬੰਧੀ ਐਲਾਨ

  • 10,000 ਕਰੋੜ ਰੁਪਏ ਦੇ ਨਿਵੇਸ਼ ਨਾਲ 'ਬਾਇਓ-ਫਾਰਮਾ ਸ਼ਕਤੀ' ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ ਦੇ ਤਹਿਤ ਤਿੰਨ ਨਵੇਂ ਸੰਸਥਾਨ ਖੋਲ੍ਹੇ ਜਾਣਗੇ
  • ਤਿੰਨ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦੀ ਸਥਾਪਨਾ ਦਾ ਐਲਾਨ
  • ਜਾਮਨਗਰ ਵਿੱਚ ਆਯੁਰਵੇਦ ਖੋਜ ਕੇਂਦਰ ਬਣਾਇਆ ਜਾਵੇਗਾ
ਵਿੱਤ ਮੰਤਰੀ

ਤਸਵੀਰ ਸਰੋਤ, Sansad TV

ਇਲੈਕਟ੍ਰਾਨਿਕ ਅਤੇ ਤਕਨੀਕ

  • ਭਾਰਤ ਆਪਣਾ ਸੈਮੀਕੰਡਕਟਰ ਮਿਸ਼ਨ, ISM 2.0 ਲਾਂਚ ਕਰੇਗਾ
  • ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਪੁਰਜ਼ਿਆਂ ਦੇ ਨਿਰਮਾਣ ਲਈ ਬਜਟ ਵਧਾ ਕੇ 40,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ
  • 20,000 ਨੌਜਵਾਨਾਂ ਨੂੰ ਸੈਰ-ਸਪਾਟਾ ਗਾਈਡ ਵਜੋਂ ਸਿਖਲਾਈ ਦਿੱਤੀ ਜਾਵੇਗੀ
  • ਖੇਤੀਬਾੜੀ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ
  • ਇਹ ਟੂਲ ਭਾਰਤ ਵਿਸਤਾ ਨਾਮ ਹੇਠ ਵੱਖ-ਵੱਖ ਭਾਸ਼ਾਵਾਂ ਵਿੱਚ ਹੋਵੇਗਾ

ਆਰੇਂਜ ਇਕੋਨਾਮੀ ਲਈ ਵੀ ਕਈ ਐਲਾਨ

  • ਗੇਮਿੰਗ ਅਤੇ ਕੰਟੈਂਟ ਸੈਕਟਰ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ
  • ਸਾਲ 2030 ਤੱਕ 20 ਲੱਖ ਪੇਸ਼ੇਵਰ ਲੋਕ ਤਿਆਰ ਹੋਣਗੇ
  • 15,000 ਸੈਕੰਡਰੀ ਸਕੂਲਾਂ ਵਿੱਚ ਕੰਟੈਂਟ ਕ੍ਰੀਏਟਰ ਲੈਬ ਸਥਾਪਤ ਹੋਣਗੇ

ਆਰੇਂਜ ਇਕੋਨਾਮੀ ਜਾਂ ਕ੍ਰਿਏਟਿਵ ਇਕੋਨਾਮੀ, ਉਹਨਾਂ ਖੇਤਰਾਂ ਨੂੰ ਕਹਿੰਦੇ ਹਨ ਜੋ ਵਿਅਕਤੀਗਤ ਕ੍ਰੀਏਟਿਵਿਟੀ, ਹੁਨਰ (ਸਕਿਲ) ਅਤੇ ਇੰਟਲੈਕਚੁਅਲ ਪ੍ਰੋਪਰਟੀ 'ਤੇ ਆਧਾਰਿਤ ਹੁੰਦੇ ਹਨ, ਜਿਸ ਵਿੱਚ ਕਲਾ, ਡਿਜ਼ਾਈਨ, ਫੈਸ਼ਨ, ਫਿਲਮ, ਸੰਗੀਤ ਅਤੇ ਡਿਜੀਟਲ ਸਮੱਗਰੀ ਸ਼ਾਮਲ ਹੁੰਦੇ ਹਨ।

ਨਿਰਮਲਾ ਸੀਤਾਰਮਨ

ਤਸਵੀਰ ਸਰੋਤ, ANI

ਹੋਰ ਐਲਾਨ:

  • ਹਰ ਜ਼ਿਲ੍ਹੇ ਵਿੱਚ ਕੁੜੀਆਂ ਦਾ ਇੱਕ ਹੋਸਟਲ ਬਣਾਉਣ ਦਾ ਪ੍ਰਸਤਾਵ ਹੈ
  • ਵਿੱਤ ਮੰਤਰੀ ਨੇ ਫਿਊਚਰਜ਼ ਅਤੇ ਆਪਸ਼ਨਜ਼ 'ਤੇ ਐਸਟੀਟੀ (ਸਿਕਿਓਰਿਟੀ ਟ੍ਰਾਂਜ਼ੈਕਸ਼ਨ ਟੈਕਸ) ਨੂੰ 0.02% ਤੋਂ ਵਧਾ ਕੇ 0.05% ਕਰਨ ਦਾ ਪ੍ਰਸਤਾਵ ਰੱਖਿਆ ਹੈ
  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨਵਾਂ ਇਨਕਮ ਟੈਕਸ ਐਕਟ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ
  • ਇਨਕਮ ਟੈਕਸ ਨਿਯਮਾਂ ਨੂੰ ਹੋਰ ਸਰਲ ਬਣਾਇਆ ਜਾਵੇਗਾ, ਜਿਨ੍ਹਾਂ ਨੂੰ ਜਲਦ ਹੀ ਨੋਟੀਫਾਈ ਕੀਤਾ ਜਾਵੇਗਾ
  • ਇਨਕਮ ਟੈਕਸ ਫਾਰਮਾਂ ਨੂੰ ਸਰਲ ਬਣਾਇਆ ਜਾਵੇਗਾ
  • ਰਿਵਾਈਜ਼ਡ ਰਿਟਰਨ 31 ਮਾਰਚ ਤੱਕ ਮਾਮੂਲੀ ਫੀਸ ਨਾਲ ਜਮ੍ਹਾਂ ਕੀਤੇ ਜਾ ਸਕਦੇ ਹਨ

ਬਜਟ ਕੀ ਹੁੰਦਾ ਹੈ ?

ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਦੇ ਹੋਏ

ਤਸਵੀਰ ਸਰੋਤ, SansadTV

ਤਸਵੀਰ ਕੈਪਸ਼ਨ, ਸਾਲ 2025 ਵਿੱਚ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਦੇ ਹੋਏ

ਸਰਲ ਸ਼ਬਦਾਂ ਵਿੱਚ ਬਜਟ ਇੱਕ ਵਿੱਤੀ ਪ੍ਰਕਿਰਿਆ ਹੈ ਜਿੱਥੇ ਸਰਕਾਰ ਸੰਸਦ ਅਤੇ ਜਨਤਾ ਨੂੰ ਆਪਣੀ ਆਮਦਨ, ਖਰਚ ਅਤੇ ਉਧਾਰ ਲੈਣ ਬਾਰੇ ਸੂਚਿਤ ਕਰਦੀ ਹੈ।

ਇਸ 'ਚ ਪਿਛਲੇ ਵਿੱਤੀ ਸਾਲ ਦੀ ਸਮੀਖਿਆ ਹੁੰਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਦੇਸ਼ ਨੇ ਉਸ ਸਾਲ 'ਚ ਕਿੰਨੀ ਕਮਾਈ ਕੀਤੀ, ਖਰਚ ਕੀਤਾ ਅਤੇ ਉਧਾਰ ਲਿਆ ਗਿਆ।

ਇਸ ਤੋਂ ਇਲਾਵਾ ਬਜਟ ਆਉਣ ਵਾਲੇ ਵਿੱਤੀ ਸਾਲ ਲਈ ਅਨੁਮਾਨ ਪ੍ਰਦਾਨ ਕਰਦਾ ਹੈ, ਉਮੀਦ ਕੀਤੀ ਆਮਦਨ, ਯੋਜਨਾਬੱਧ ਖਰਚ ਅਤੇ ਕਿਸੇ ਵੀ ਘਾਟ ਨੂੰ ਪੂਰਾ ਕਰਨ ਲਈ ਅਨੁਮਾਨਤ ਉਧਾਰ ਲੈਣ ਦੀ ਰੂਪਰੇਖਾ ਬਾਰੇ ਦੱਸਦਾ ਹੈ।

ਇਹ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰੇ ਸਾਲ ਦਾ ਬਜਟ ਹੈ।

ਇਸ ਬਜਟ ਨਾਲ ਸੀਤਾਰਮਨ, ਮੋਰਾਰਜੀ ਦੇਸਾਈ ਵਾਂਗ 10 ਬਜਟ ਪੇਸ਼ ਕਰਨ ਦੇ ਨੇੜੇ ਆ ਗਏ ਹਨ। ਵਿੱਤ ਮੰਤਰੀ ਵਜੋਂ ਮੋਰਾਰਜੀ ਦੇਸਾਈ ਨੇ 1959 ਤੋਂ 1964 ਦਰਮਿਆਨ ਛੇ ਬਜਟ ਅਤੇ 1967 ਤੋਂ 1969 ਦਰਮਿਆਨ ਚਾਰ ਬਜਟ ਪੇਸ਼ ਕੀਤੇ ਸਨ।

ਵੱਖ-ਵੱਖ ਪ੍ਰਧਾਨ ਮੰਤਰੀਆਂ ਦੀ ਅਗਵਾਈ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਨੌਂ ਅਤੇ ਪ੍ਰਣਬ ਮੁਖਰਜੀ ਨੇ ਅੱਠ ਬਜਟ ਪੇਸ਼ ਕੀਤੇ ਸਨ।

ਹਾਲਾਂਕਿ ਲਗਾਤਾਰ ਅੱਠ ਬਜਟ ਪੇਸ਼ ਕਰਨ ਦਾ ਰਿਕਾਰਡ ਨਿਰਮਲਾ ਸੀਤਾਰਮਨ ਦੇ ਨਾਮ ਪਹਿਲਾਂ ਹੀ ਹੋ ਗਿਆ ਹੈ।

2019 ਵਿੱਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ ਅਤੇ 2024 ਵਿੱਚ ਤੀਜੀ ਵਾਰ ਬਣੀ ਐੱਨਡੀਏ ਸਰਕਾਰ 'ਚ ਇਹ ਮੰਤਰਾਲਾ ਸੀਤਾਰਮਨ ਕੋਲ ਹੀ ਰੱਖਿਆ ਗਿਆ ਹੈ।

ਬਜਟ ਛਪਣ ਤੋਂ ਪਹਿਲਾਂ ਹਲਵਾ ਸੈਰੇਮਨੀ

ਹਰ ਸਾਲ ਬਜਟ ਦੀ ਛਪਾਈ ਦੀ ਸ਼ੁਰੂਆਤ ਨਾਰਥ ਬਲਾਕ ਵਿੱਚ ਹਲਵਾ ਸੈਰੇਮਨੀ ਨਾਲ ਹੁੰਦੀ ਹੈ। ਵਿੱਤ ਮੰਤਰਾਲੇ ਵਿੱਚ ਇੱਕ ਵੱਡੀ ਕੜਾਹੀ ਵਿੱਚ ਹਲਵਾ ਬਣਾਇਆ ਜਾਂਦਾ ਹੈ।

ਵਿੱਤ ਮੰਤਰੀ ਅਤੇ ਵਿੱਤ ਮੰਤਰਾਲੇ ਦੇ ਸਾਰੇ ਅਧਿਕਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹਨ। ਉੱਥੇ ਮੌਜੂਦ ਲੋਕਾਂ ਨੂੰ ਹਲਵਾ ਵੰਡਿਆ ਜਾਂਦਾ ਹੈ। ਕੋਵਿਡ ਮਹਾਂਮਾਰੀ ਦੌਰਾਨ ਹਲਵਾ ਸੈਰੇਮਨੀ ਨਹੀਂ ਹੋਈ ਸੀ। ਇਸ ਵਾਰ 24 ਜਨਵਰੀ ਨੂੰ ਵਿੱਤ ਮੰਤਰੀ ਹਲਵਾ ਸੈਰੇਮਨੀ ਵਿੱਚ ਸ਼ਾਮਲ ਹੋਏ ਸਨ।

ਅਰੁਣ ਜੇਟਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2017 ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ 1 ਫ਼ਰਵਰੀ ਕਰ ਦਿੱਤੀ ਸੀ

ਬਜਟ ਪੇਸ਼ ਕਰਨ ਦੀ ਤਰੀਕ ਵਿੱਚ ਬਦਲਾਅ

ਸਾਲ 2016 ਤੱਕ ਭਾਰਤ ਵਿੱਚ ਫ਼ਰਵਰੀ ਮਹੀਨੇ ਦੇ ਆਖ਼ਰੀ ਦਿਨ ਆਮ ਬਜਟ ਪੇਸ਼ ਕੀਤਾ ਜਾਂਦਾ ਸੀ। ਪਰ 2017 ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ 1 ਫ਼ਰਵਰੀ ਕਰ ਦਿੱਤੀ ਸੀ।

ਰੇਲ ਬਜਟ ਨੂੰ ਆਮ ਬਜਟ ਵਿੱਚ ਮਿਲਾਇਆ ਗਿਆ

2017 ਤੋਂ ਪਹਿਲਾਂ ਰੇਲ ਬਜਟ ਵੱਖਰੇ ਤੌਰ 'ਤੇ ਪੇਸ਼ ਕੀਤਾ ਜਾਂਦਾ ਸੀ, ਪਰ 2017 ਵਿੱਚ ਇਸਨੂੰ ਆਮ ਬਜਟ ਵਿੱਚ ਸ਼ਾਮਲ ਕਰ ਦਿੱਤਾ ਗਿਆ।

ਬਜਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 2019 ਤੋਂ ਪਹਿਲਾਂ ਬਜਟ ਦਸਤਾਵੇਜ਼ ਸੂਟਕੇਸ ਵਿੱਚ ਹੁੰਦੇ ਸਨ

ਸੂਟਕੇਸ ਤੋਂ ਬਹੀਖ਼ਾਤੇ ਤੱਕ

ਪਹਿਲਾਂ ਵਿੱਤ ਮੰਤਰੀ ਬਜਟ ਦਸਤਾਵੇਜ਼ ਸੂਟਕੇਸ ਵਿੱਚ ਲੈ ਕੇ ਆਉਂਦੇ ਸਨ। ਪਰ 2019 ਵਿੱਚ ਨਿਰਮਲਾ ਸੀਤਾਰਮਨ ਇੱਕ ਫ਼ਾਈਲ ਵਿੱਚ ਬਜਟ ਦੇ ਦਸਤਾਵੇਜ਼ ਲੈ ਕੇ ਆਏ।

ਉਸ ਫ਼ਾਈਲ 'ਤੇ ਰਾਸ਼ਟਰੀ ਪ੍ਰਤੀਕ ਛਪਿਆ ਹੋਇਆ ਸੀ। ਇਸਨੂੰ ਬਹੀਖ਼ਾਤਾ ਕਿਹਾ ਗਿਆ। ਦਰਅਸਲ ਬਜਟ ਫ਼ਰਾਂਸੀਸੀ ਸ਼ਬਦ bougette ਤੋਂ ਨਿਕਲਿਆ ਹੈ, ਜਿਸਦਾ ਮਤਲਬ ਹੁੰਦਾ ਹੈ ਸੂਟਕੇਸ।

ਪੇਪਰਲੈੱਸ ਬਜਟ

2021 ਵਿੱਚ ਨਿਰਮਲਾ ਸੀਤਾਰਮਨ ਨੇ ਇੱਕ ਟੈਬਲੇਟ ਤੋਂ ਬਜਟ ਭਾਸ਼ਣ ਪੜ੍ਹਿਆ ਸੀ। ਹਾਲਾਂਕਿ 2018 ਵਿੱਚ ਇਹ ਪਰੰਪਰਾ ਆਂਧਰਾ ਪ੍ਰਦੇਸ਼ ਅਤੇ ਅਸਮ ਵਿੱਚ ਸ਼ੁਰੂ ਹੋ ਗਈ ਸੀ, ਪਰ ਕੇਂਦਰ ਵਿੱਚ ਟੈਕਨਾਲੋਜੀ ਨੂੰ ਮਹੱਤਵ ਦਿੰਦਿਆਂ 2021 ਵਿੱਚ ਹੀ ਪੇਪਰਲੈੱਸ ਬਜਟ ਦੀ ਸ਼ੁਰੂਆਤ ਹੋਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)