ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਦਿੱਤਾ ਕਾਂਗਰਸ ਤੋਂ ਅਸਤੀਫ਼ਾ, ਜਾਣੋ ਉਨ੍ਹਾਂ ਨਾਲ ਜੁੜੇ ਅਤੀਤ ਦੇ ਪੰਜ ਵਿਵਾਦ

ਤਸਵੀਰ ਸਰੋਤ, Getty Images
ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੇ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਇਲਜ਼ਾਮ ਲਗਾਇਆ ਕਿ "ਕਾਂਗਰਸ ਵਿੱਚ ਕਿਸੇ ਭਰੋਸੇਮੰਦ ਆਗੂ ਦੀ ਗੱਲ ਨਹੀਂ ਸੁਣੀ ਜਾਂਦੀ।''
ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਪਾਰਟੀ ਸੰਗਠਨ ਨੂੰ "ਨੁਕਸਾਨ ਪਹੁੰਚਾਉਣ" ਦਾ ਇਲਜ਼ਾਮ ਲਗਾਇਆ।
ਨਵਜੋਤ ਕੌਰ ਸਿੱਧੂ ਨੇ ਵੜਿੰਗ ਨੂੰ "ਹੁਣ ਤੱਕ ਦਾ ਸਭ ਤੋਂ ਅਯੋਗ ਅਤੇ ਭ੍ਰਿਸ਼ਟ ਪ੍ਰਧਾਨ" ਦੱਸਦੇ ਹੋਏ ਐਕਸ 'ਤੇ ਪੋਸਟ ਕੀਤਾ, "ਮੇਰੇ ਕੋਲ ਤੁਹਾਡੇ (ਅਮਰਿੰਦਰ ਸਿੰਘ ਰਾਜਾ ਵੜਿੰਗ) ਵਿਰੁੱਧ ਬਹੁਤ ਸਾਰੇ ਸਬੂਤ ਹਨ, ਪਰ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਮੈਂ ਖੁਦ ਕਾਂਗਰਸ ਛੱਡ ਦਿੱਤੀ ਹੈ, ਜਿੱਥੇ ਕਿਸੇ ਭਰੋਸੇਯੋਗ ਆਗੂ ਦੀ ਗੱਲ ਨਹੀਂ ਸੁਣੀ ਜਾਂਦੀ।''
ਇੱਕ ਹੋਰ ਪੋਸਟ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ।
ਇੱਕ ਹੋਰ ਪੋਸਟ ਵਿੱਚ ਨਵਜੋਤ ਕੌਰ ਸਿੱਧੂ ਨੇ ਲਿਖਿਆ, "ਮੈਂ ਸ਼ਾਇਦ ਉਨ੍ਹਾਂ ਬਹੁਤ ਘੱਟ ਲੋਕਾਂ ਵਿੱਚੋਂ ਇੱਕ ਹਾਂ ਜੋ ਸਿਆਸੀ ਕਾਰਨਾਂ ਕਰਕੇ ਕਿਸੇ ਭਾਜਪਾ, ਆਮ ਆਦਮੀ ਪਾਰਟੀ, ਜਾਂ ਕਿਸੇ ਹੋਰ ਪਾਰਟੀ ਆਗੂ ਨੂੰ ਨਹੀਂ ਮਿਲੀ ਹਾਂ ਅਤੇ ਨਾ ਹੀ ਕਿਸੇ ਪਾਰਟੀ ਦੇ ਕਿਸੇ ਵਿਅਕਤੀ ਨੇ ਮੇਰੇ ਨਾਲ ਸੰਪਰਕ ਕੀਤਾ ਹੈ।"
"ਮੈਂ ਸਿਰਫ਼ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ, ਜੋ ਮੈਂ ਇੱਕ ਐਨਜੀਓ ਬਣਾ ਕੇ ਕਰ ਸਕਦੀ ਹਾਂ।"
ਦਰਅਸਲ ਨਵਜੋਤ ਕੌਰ ਸਿੱਧੂ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਲਈ '500 ਕਰੋੜ ਰੁਪਏ' ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ।
ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ '500 ਕਰੋੜ ਰੁਪਏ ਦਾ ਸੂਟਕੇਸ' ਚਾਹੀਦਾ ਹੈ।"
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ "ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਵਾਪਸ ਆਉਣਗੇ, ਜੇਕਰ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ, ਪਰ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ।"
ਹਾਲਾਂਕਿ ਉਸ ਤੋਂ ਬਾਅਦ ਵੀ ਨਵਜੋਤ ਕੌਰ ਵੱਲੋਂ ਰਾਜਾ ਵੜਿੰਗ ਖ਼ਿਲਾਫ਼ ਸਖਤ ਬਿਆਨਬਾਜ਼ੀ ਜਾਰੀ ਰਹੀ।
ਇਸ ਮੌਕੇ ਪੜ੍ਹੋ ਨਵਜੋਤ ਕੌਰ ਸਿੱਧੂ ਨਾਲ ਜੁੜੇ ਅਤੀਤ ਦੇ ਪੰਜ ਵਿਵਾਦਾਂ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਦੀ ਇਹ ਰਿਪੋਰਟ
ਅਕਾਲੀ ਸਰਕਾਰ ਖ਼ਿਲਾਫ਼ ਮੋਰਚਾ

ਤਸਵੀਰ ਸਰੋਤ, Getty Images
ਨਵਜੋਤ ਕੌਰ ਸਿੱਧੂ, ਜੋ ਕਿ ਡਾਕਟਰ ਅਤੇ ਸਾਬਕਾ ਵਿਧਾਇਕਾ ਹਨ, ਨੇ 2012 ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਟਿਕਟ ਤੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤੀ ਸੀ, ਫਿਰ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵਿੱਚ ਚੀਫ਼ ਪਾਰਲੀਮੈਂਟਰੀ ਸੈਕਟਰੀ (ਸੀਪੀਐੱਸ) ਬਣੇ ਸਨ।
2007 ਤੋਂ 2017 ਤੱਕ ਚੱਲੀ ਇਸ ਸਰਕਾਰ ਵਿੱਚ ਉਨ੍ਹਾਂ ਦੇ ਅਕਾਲੀ ਨੇਤਾਵਾਂ, ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਖੁੱਲ੍ਹ ਕੇ ਕੀਤੇ ਵਿਰੋਧ ਕਾਰਨ ਉਨ੍ਹਾਂ ਨਾਲ ਕਈ ਵਿਵਾਦ ਖੜ੍ਹੇ ਹੋ ਗਏ ਸਨ।
ਸੀਪੀਐੱਸ ਬਣਨ ਤੋਂ ਬਾਅਦ ਡਾ. ਨਵਜੋਤ ਕੌਰ ਨੇ ਤਤਕਾਲੀ ਸਰਕਾਰ ਉੱਤੇ ਆਪਣੇ ਹਲਕੇ ਲਈ ਵਿਕਾਸ ਫ਼ੰਡ ਦੇ ਮਸਲੇ ਉੱਤੇ ਭੇਦਭਾਵ ਵਾਲੀ ਨੀਤੀ ਅਪਣਾਉਣ ਦੇ ਇਲਜ਼ਾਮ ਲਗਾਏ ਸਨ।
ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖ਼ਿਲਾਫ਼ ਮੋਰਚਾ

ਤਸਵੀਰ ਸਰੋਤ, FB/NavjotSidhu
ਅਕਾਲੀ-ਭਾਜਪਾ ਸਰਕਾਰ ਵਿੱਚ ਸੀਪੀਐੱਸ ਰਹਿੰਦੇ ਹੋਏ ਡਾਕਟਰ ਨਵਜੋਤ ਕੌਰ ਸਿੱਧੂ ਨੇ ਸੂਬੇ ਵਿੱਚ 'ਮਾਫ਼ੀਆ ਰਾਜ ਦੀ ਸਰਪ੍ਰਸਤੀ' ਕਰਨ ਦੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਉੱਤੇ ਲਗਾ ਕੇ ਉਸ ਸਮੇਂ ਰਾਜਨੀਤਿਕ ਤੌਰ ਉੱਤੇ ਤਰਥੱਲੀ ਮਚਾ ਦਿੱਤੀ ਸੀ।
ਸਾਲ 2015 ਅਤੇ 2016 ਤੱਕ ਉਨ੍ਹਾਂ ਨੇ ਕਈ ਜਨਤਕ ਰੈਲੀਆਂ ਵਿੱਚ ਇਸ ਬਿਆਨ ਨੂੰ ਵਾਰ ਵਾਰ ਦੁਹਰਾਇਆ ਸੀ।
ਇਸ ਬਿਆਨ ਨੇ ਉਸ ਸਮੇਂ ਅਕਾਲੀ-ਭਾਜਪਾ ਗਠਜੋੜ ਵਿੱਚ ਭੂਚਾਲ ਲਿਆ ਦਿੱਤਾ ਸੀ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਨੇ ਬੀਜੇਪੀ ਤੋਂ ਅਸਤੀਫ਼ਾ ਦਿੱਤਾ ਤਾਂ ਇਸ ਨੂੰ ਹੀ ਮੁੱਖ ਆਧਾਰ ਬਣਾਇਆ ਸੀ।
ਕਾਂਗਰਸ ਵਿੱਚ ਸ਼ਾਮਲ ਹੋਣਾ ਤੇ ਪਾਰਟੀ ਲੀਡਰਸ਼ਿਪ ਦੀ ਅਲੋਚਨਾ
2017 ਵਿੱਚ ਡਾ. ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਵਿੱਚ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਨਾਲ ਸ਼ਾਮਲ ਹੋ ਗਏ। ਫਿਰ ਡਾ. ਨਵਜੋਤ ਕੌਰ ਨੇ ਆਪਣੀ ਪੂਰਬੀ ਹਲਕੇ ਦੀ ਸੀਟ ਨਵਜੋਤ ਸਿੰਘ ਸਿੱਧੂ ਲਈ ਛੱਡ ਦਿੱਤੀ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਬਣ ਗਏ ਸਨ।
ਕਾਂਗਰਸ ਸਰਕਾਰ ਵਿੱਚ ਵੀ ਸਿੱਧੂ ਜੋੜੇ ਨੇ ਖੁੱਲ੍ਹ ਕੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਗ਼ਾਵਤ ਕੀਤੀ ਸੀ।
ਦਰਅਸਲ 2019 ਦੀ ਲੋਕ ਸਭਾ ਚੋਣ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਲੜਾਉਣਾ ਚਾਹੁੰਦੇ ਸਨ ਪਰ ਸਿੱਧੂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਉਸ ਸਮੇਂ ਟਿਕਟ ਨਾ ਮਿਲਣ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਤਕਾਲੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ 'ਤੇ ਇਲਜ਼ਾਮ ਲਗਾਇਆ ਸੀ ਕਿ ਦੋਵਾਂ ਕਰਕੇ ਹੀ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਸਕੀ।
ਫਿਰ ਡਾ. ਨਵਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਨੇ ਹਰੇਕ ਮੰਚ ਤੋਂ ਕੈਪਟਨ ਖਿਲਾਫ਼ ਮੋਰਚਾ ਖੋਲ੍ਹਿਆ। ਸਟੇਜਾਂ ਤੋਂ ਕਥਿਤ 75/25 (ਸਰਕਾਰ/ਵਿਰੋਧੀ ਧਿਰ ਦਾ ਹਿੱਸਾ) ਵਰਗੇ ਬਿਆਨ ਵੀ ਦੇਣੇ ਸ਼ੁਰੂ ਕਰ ਦਿੱਤੇ ਸਨ।
2022 ਦੀਆਂ ਵਿਧਾਨ ਸਭਾ ਚੋਣ ਤੋਂ ਪਹਿਲਾਂ ਪਹਿਲਾਂ ਇਹ ਵਿਵਾਦ ਇਨ੍ਹਾਂ ਵਧ ਗਿਆ ਕਿ 2021 ਵਿੱਚ ਕਾਂਗਰਸ ਹਾਈਕਮਾਨ ਨੇ ਪੰਜਾਬ ਅੰਦਰ ਵੱਡਾ ਫੇਰਬਦਲ ਕੀਤਾ।
ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲ ਕੇ ਨਵਜੋਤ ਸਿੰਘ ਸਿੱਧੂ ਨੂੰ ਕਮਾਨ ਸੌਂਪ ਦਿੱਤੀ ਗਈ। ਇਸ ਫੇਰਬਦਲ ਨੇ ਪਾਰਟੀ ਵਿੱਚ ਅੰਦਰੂਨੀ ਕਲੇਸ਼ ਨੂੰ ਹੋਰ ਭੜਕਾ ਦਿੱਤਾ।
ਪਾਰਟੀ ਆਗੂਆਂ 'ਤੇ ਟਿਕਟਾਂ ਵੇਚਣ ਦਾ ਇਲਜ਼ਾਮ

ਤਸਵੀਰ ਸਰੋਤ, Getty Images
ਡਾਕਟਰ ਨਵਜੋਤ ਕੌਰ ਸਿੱਧੂ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਕੋਲੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਉੱਤੇ ਪੈਸੇ ਲੈ ਕੇ ਟਿਕਟ ਦੇਣ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਗੱਲ ਦੇ ਉਨ੍ਹਾਂ ਕੋਲ ਸਬੂਤ ਵੀ ਹਨ। ਪਰ ਦੂਜੇ ਪਾਸੇ ਤਰਨਤਾਰਨ ਜ਼ਿਮਨੀ ਚੋਣ ਲੜਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਡਾ. ਨਵਜੋਤ ਕੌਰ ਸਿੱਧੂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ।
ਤਰਨਤਾਰਨ ਤੋਂ ਚੋਣ ਲੜਨ ਵਾਲੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਨਾ ਤਾਂ ਪਾਰਟੀ ਦੇ ਕਿਸੇ ਆਗੂ ਅਤੇ ਨਾ ਹੀ ਪਾਰਟੀ ਫ਼ੰਡ ਲਈ ਕੋਈ ਪੈਸਾ ਦਿੱਤਾ ਹੈ।
ਕੈਂਸਰ ਇਲਾਜ ਵਾਲੇ ਦਾਅਵੇ ਨਾਲ ਵਿਵਾਦ (ਨਵੰਬਰ 2024)

ਤਸਵੀਰ ਸਰੋਤ, FB/NavjotSidhu
2022 ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਗਏ ਅਤੇ ਕਾਫ਼ੀ ਸਮੇਂ ਤੱਕ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਰਹੇ।
2025 ਵਿੱਚ ਕੈਂਸਰ ਦੀ ਬਿਮਾਰੀ ਤੋਂ ਉੱਭਰਨ ਬਾਅਦ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਡਾਕਟਰ ਨਵਜੋਤ ਕੌਰ ਦਾ ਚੌਥੇ ਸਟੇਜ ਦਾ ਕੈਂਸਰ ਨਿੰਬੂ ਪਾਣੀ, ਹਲਦੀ, ਨਿੰਮ ਪੱਤੇ ਅਤੇ ਆਯੁਰਵੈਦਿਕ ਤਰੀਕਿਆਂ ਨਾਲ ਠੀਕ ਹੋ ਗਿਆ।
ਇਸ ਨੇ ਮੈਡੀਕਲ ਕਮਿਊਨਿਟੀ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ। ਛੱਤੀਸਗੜ੍ਹ ਦੀ ਇੱਕ ਸਿਵਲ ਸੁਸਾਇਟੀ ਨੇ ਉਨ੍ਹਾਂ ਨੂੰ 850 ਕਰੋੜ ਰੁਪਏ ਦਾ ਨੋਟਿਸ ਜਾਰੀ ਕਰ ਦਿੱਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































