ਦੁਨੀਆਂ 'ਚ ਸਭ ਤੋਂ ਦਰਦਨਾਕ ਡੰਗ ਕਿਹੜੇ ਜੀਵ ਦਾ ਹੈ ਅਤੇ ਕਿਸ ਦੇ ਡੰਗ ਕਾਰਨ ਮੌਤ ਨੇੜੇ ਲੱਗਣ ਲੱਗਦੀ ਹੈ

ਕੀੜੇ ਦਾ ਡੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਥੇ ਕਟਣ ਵਾਲੇ ਜੀਵ (ਜਿਵੇਂ ਮਕੜੀਆਂ ਅਤੇ ਸੱਪ) ਆਪਣੇ ਦੰਦਾਂ ਰਾਹੀਂ ਜ਼ਹਿਰ ਦਿੰਦੇ ਹਨ, ਉੱਥੇ ਡੰਗ ਮਾਰਨ ਵਾਲਿਆਂ ਦੇ ਪਿਛਲੇ ਹਿੱਸੇ ਤੋਂ ਦੂਰ ਰਹਿਣਾ ਚਾਹੀਦਾ ਹੈ
    • ਲੇਖਕ, ਐਲਿਜ਼ਾਬੈਥ ਐਨ ਬ੍ਰਾਊਨ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 10 ਮਿੰਟ

ਸਭ ਤੋਂ ਭਿਆਨਕ ਡੰਗ ਦੇ ਦਾਅਵੇਦਾਰਾਂ ਵਿੱਚ ਬੁਲਟ ਕੀੜੀਆਂ ਤੋਂ ਲੈ ਕੇ ਵਾਰੀਅਰ ਭੂੰਡ (ਵੈਸਪਸ) ਅਤੇ ਛੋਟੀਆਂ ਜੈਲੀਫ਼ਿਸ਼ ਤੱਕ ਸ਼ਾਮਲ ਹਨ। ਇਹ ਪਤਾ ਕਰਨ ਲਈ ਕਿ ਕਿਹੜਾ ਸਭ ਤੋਂ ਵੱਧ ਦਰਦ ਦਿੰਦਾ ਹੈ, ਕੁਝ ਹਿੰਮਤੀ ਮਾਹਰਾਂ ਨੇ ਆਪਣੀ ਜ਼ਿੰਦਗੀ ਹੀ ਡੰਗ ਖਾਣ ਵਿੱਚ ਬਿਤਾ ਦਿੱਤੀ ਹੈ।

ਕੀ ਤੁਸੀਂ ਚਾਹੋਗੇ ਕਿ ਮਸ਼ਹੂਰ ਬਾਕਸਰ ਮਾਈਕ ਟਾਇਸਨ ਤੁਹਾਨੂੰ ਮਾਰੇ ਜਾਂ ਆਪਣੇ ਗੁਰਦਿਆਂ 'ਤੇ ਜੈਕਹੈਮਰ ਚੱਲਣ ਦਿਓਗੇ?

ਕੁਝ ਇਸੇ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਜਦੋਂ ਤੁਸੀਂ ਦੁਨੀਆ ਦੇ ਸਭ ਤੋਂ ਦਰਦਨਾਕ ਡੰਗਾਂ ਵਿੱਚੋਂ ਦੋ ਦਾ ਸਾਹਮਣਾ ਕਰਦੇ ਹੋ। ਸਭ ਤੋਂ ਮਾੜਾ ਕਿਹੜਾ ਹੈ, ਇਹ ਹਰੇਕ ਦੇ ਤਜਰਬੇ 'ਤੇ ਨਿਰਭਰ ਕਰਦਾ ਹੈ।

ਡੰਗ ਮਾਰਨ ਵਾਲੇ ਜੀਵ ਆਮ ਤੌਰ 'ਤੇ ਵਿਹੜੇ ਵਿੱਚ ਉੱਡਣ ਵਾਲੇ ਕੀੜਿਆਂ ਤੋਂ ਲੈ ਕੇ ਅਜੀਬ ਸਮੁੰਦਰੀ ਜੀਵਾਂ ਤੱਕ, ਆਪਣੇ ਆਪ ਦੀ ਰੱਖਿਆ ਕਰਨ ਜਾਂ ਸ਼ਿਕਾਰ ਨੂੰ ਕਾਬੂ ਕਰਨ ਲਈ ਰਸਾਇਣਕ ਤੱਤਾਂ ਦਾ ਮਿਸ਼ਰਣ ਵਰਤਦੇ ਹਨ, ਜਿਸ ਵਿੱਚ ਨਿਊਰੋਟਾਕਸਿਨ ਅਤੇ ਸੋਜਿਸ਼ ਪੈਦਾ ਕਰਨ ਵਾਲੇ ਏਜੰਟ ਸ਼ਾਮਲ ਹੁੰਦੇ ਹਨ।

ਜਿੱਥੇ ਕਟਣ ਵਾਲੇ ਜੀਵ (ਜਿਵੇਂ ਮਕੜੀਆਂ ਅਤੇ ਸੱਪ) ਆਪਣੇ ਦੰਦਾਂ ਰਾਹੀਂ ਜ਼ਹਿਰ ਦਿੰਦੇ ਹਨ, ਉੱਥੇ ਡੰਗ ਮਾਰਨ ਵਾਲਿਆਂ ਦੇ ਪਿਛਲੇ ਹਿੱਸੇ ਤੋਂ ਦੂਰ ਰਹਿਣਾ ਚਾਹੀਦਾ ਹੈ।

ਅਸੀਂ ਮਾਹਰਾਂ ਨੂੰ ਪੁੱਛਿਆ ਕਿ ਜਾਨਵਰਾਂ ਦੀ ਦੁਨੀਆ ਵਿੱਚ ਮੌਤ ਦੇ ਖ਼ਤਰੇ ਨੂੰ ਪਾਸੇ ਰੱਖ ਕੇ, ਜੇ ਦੇਖੀਏ ਤਾਂ ਸਭ ਤੋਂ ਦਰਦਨਾਕ ਡੰਗ ਕਿਹੜੇ ਹਨ। ਉਨ੍ਹਾਂ ਮੁਤਾਬਕ ਇਹ ਰਹੀ ਉਨ੍ਹਾਂ ਦੀ ਰੈਂਕਿੰਗ।

ਡੰਗ ਮਾਰਨ ਵਾਲੇ ਕੀੜੇ: ਭੂੰਡ, ਕੀੜੀਆਂ ਅਤੇ ਮੱਖੀਆਂ

ਆਧੁਨਿਕ "ਗੈਟਿੰਗ ਸਟੰਗ ਆਨ ਪਰਪਸ (ਜਾਣ-ਬੁੱਝ ਕੇ ਡੰਗ ਖਾਣ)" ਦੇ ਖੇਤਰ ਦੇ ਸੰਸਥਾਪਕ ਜਸਟਿਨ ਸ਼ਮਿਟ ਸਨ, ਜੋ ਅਮਰੀਕਾ ਦੇ ਅਰੀਜ਼ੋਨਾ ਦੇ ਇੱਕ ਕੀਟ ਵਿਗਿਆਨੀ (ਐਂਟੋਮੋਲੇਜਿਸਟ) ਸਨ।

ਉਨ੍ਹਾਂ ਨੇ ਆਪਣੇ ਆਪ ਨੂੰ ਘੱਟੋ-ਘੱਟ 96 ਕਿਸਮਾਂ ਦੇ ਕੀੜਿਆਂ, ਜਿਵੇਂ ਮੱਖੀਆਂ, ਭੂੰਡ (ਹਾਰਨੇਟਸ), ਵਾਸਪਸ ਅਤੇ ਕੀੜੀਆਂ, ਦੇ ਡੰਗਾਂ ਨਾਲ ਵਾਰ-ਵਾਰ ਡੰਗ ਮਰਵਾ ਕੇ ਇੱਕ ਆਪਣਾ "ਡੰਗ ਦਰਦ ਸੂਚਕਾਂਕ (ਇੰਡੈਕਸ)" ਤਿਆਰ ਕੀਤਾ।

ਉਨ੍ਹਾਂ ਨੇ ਡੰਗਾਂ ਨੂੰ ਦਰਦ ਦੇ ਚਾਰ ਪੱਧਰਾਂ ਵਿੱਚ ਵੰਡਿਆ ਅਤੇ ਹਰ ਇੱਕ ਅਨੁਭਵ ਲਈ ਕਾਵਿ-ਜਿਹੀਆਂ ਅਤੇ ਬਹੁਤ ਹੀ ਜੀਵੰਤ ਲਿਖਤਾਂ ਲਿਖੀਆਂ (ਖੁਸ਼ਕਿਸਮਤੀ ਨਾਲ ਸ਼ਮਿਟ ਇੱਕ ਕਵੀ-ਜਿਹੀ ਸੋਚ ਵਾਲੇ ਵਿਗਿਆਨੀ ਸਨ)।

ਪਹਿਲੇ ਪੱਧਰ ਵਿੱਚ ਹਲਕੇ ਡੰਗ ਆਉਂਦੇ ਹਨ। ਉਦਾਹਰਨ ਲਈ, ਐਂਥੋਫੋਰਿਡ ਮੱਖੀ ਦਾ ਡੰਗ "ਲਗਭਗ ਸੁਖਦਾਈ, ਜਿਵੇਂ ਕਿਸੇ ਪ੍ਰੇਮੀ ਨੇ ਤੁਹਾਡੀ ਕੰਨ ਨੂੰ ਥੋੜ੍ਹਾ ਜ਼ਿਆਦਾ ਜ਼ੋਰ ਨਾਲ ਕੱਟ ਲਿਆ ਹੋਵੇ"।

ਦੂਜੇ ਪੱਧਰ ਵਿੱਚ ਜ਼ਿਆਦਾ ਤਿੱਖੇ ਡੰਗ ਹਨ, ਜਿਵੇਂ ਸ਼ਹਿਦ ਵਾਲਾ ਭੂੰਡ: "ਤੇਜ਼, ਸੜਨ ਵਾਲਾ। ਜਿਵੇਂ ਕਿਸੇ ਬੇਹੱਦ ਤਿੱਖੀ ਸੌਸ ਵਿੱਚ ਡੁੱਬਿਆ ਰੂਈ ਦਾ ਟੁਕੜਾ ਨੱਕ ਵਿੱਚ ਪਾ ਦਿੱਤਾ ਗਿਆ ਹੋਵੇ।" ਅਤੇ ਕਾਲਾ ਪੌਲੀਬੀਆ ਭੂੰਡ: "ਜਿਵੇਂ ਕਿਸੇ ਪੁਰਾਣੇ ਚਰਚ ਵਿੱਚ ਲੈਂਪ ਬਾਲਦੇ ਸਮੇਂ ਅਚਾਨਕ ਧਮਾਕਾ ਹੋ ਜਾਵੇ ਤੇ ਉਹ ਤੁਹਾਡੇ ਮੂੰਹ 'ਤੇ ਫਟ ਪਏ, ਬਹੁਤ ਹੀ ਤੇਜ਼ ਤੇ ਡਰਾਉਣਾ ਦਰਦ।"

ਜੀਵਾਂ ਦੇ ਡੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਮਿਟ ਨੇ ਘੱਟੋ-ਘੱਟ 96 ਕਿਸਮਾਂ ਦੇ ਕੀੜਿਆਂ ਨੂੰ ਪਰਖਿਆ

ਤੀਜੇ ਪੱਧਰ ਵਿੱਚ ਸੱਤ ਕਿਸਮਾਂ ਦੇ ਡੰਗ ਆਉਂਦੇ ਹਨ ਜੋ ਬਹੁਤ ਹੀ ਤੇਜ਼ ਦਰਦ ਦਿੰਦੇ ਹਨ। ਉਦਾਹਰਨ ਲਈ ਦਾਸੀਮੁਟੀਲਾ ਕਲੂਗੀ ਕੀੜਾ: "ਧਮਾਕੇਦਾਰ ਅਤੇ ਲੰਬੇ ਸਮੇਂ ਤੱਕ ਰਹਿਣ ਵਾਲਾ, ਤੁਹਾਡੀ ਚੀਕ ਸੁਣ ਕੇ ਲੱਗਦਾ ਹੈ ਜਿਵੇਂ ਤੁਸੀਂ ਪਾਗ਼ਲ ਹੋ ਗਏ ਹੋ। ਜਿਵੇਂ ਤਲਣ ਵਾਲੇ ਗਰਮ ਤੇਲ ਵਿੱਚ ਪੂਰਾ ਹੱਥ 'ਤੇ ਪੈ ਗਿਆ ਹੋਵੇ।"

ਸਿਰਫ ਤਿੰਨ ਕਿਸਮਾਂ ਨੂੰ ਹੀ ਸ਼ਮਿਟ ਵੱਲੋਂ ਚੌਥੇ ਪੱਧਰ ਵਿੱਚ ਰੱਖਿਆ ਗਿਆ।

ਸ਼ਮਿਟ ਦਾ ਅਗਲਾ ਪੱਧਰ ਬੁਲੈਟ ਕੀੜੀ ਦਾ ਸੀ, ਜੋ ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਵਰਖਾ-ਜੰਗਲਾਂ ਵਿੱਚ ਮਿਲਣ ਵਾਲੀ ਇੱਕ ਇੰਚ ਲੰਬੀ ਕੀੜੀ ਹੈ। ਇਸਨੂੰ "24-ਘੰਟੇ ਵਾਲੀ ਕੀੜੀ" ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਦਰਦ ਲੰਬੇ ਸਮੇਂ ਤੱਕ ਰਹਿੰਦਾ ਹੈ, "ਸ਼ੁੱਧ, ਬਹੁਤ ਤੇਜ਼, ਤੇ ਚੁਭਣ ਵਾਲਾ ਦਰਦ। ਜਿਵੇਂ ਤੁਸੀਂ ਕੋਇਲੇ 'ਤੇ ਚੱਲ ਰਹੇ ਹੋ ਅਤੇ ਤੁਹਾਡੇ ਅੱਡੀ ਵਿੱਚ ਤਿੰਨ ਇੰਚ ਦਾ ਕਿੱਲ ਖੁਬ ਗਿਆ ਹੋਵੇ।"

ਫਿਰ ਟਾਰੈਂਟੁਲਾ ਹੌਕ ਆਉਂਦੀ ਹੈ, ਜੋ ਮੱਕੜੀਆਂ ਦਾ ਸ਼ਿਕਾਰ ਕਰਨ ਵਾਲਾ ਭੂੰਡ ਹੈ ਅਤੇ ਗੋਲਫ ਟੀ ਦੇ ਆਕਾਰ ਦੀ ਹੁੰਦੀ ਹੈ ਅਤੇ ਦੁਨੀਆ ਭਰ ਵਿੱਚ ਮਿਲਦੀ ਹੈ।

ਸ਼ਮਿਟ ਨੇ ਲਿਖਿਆ, "ਅੰਨ੍ਹਾ ਕਰ ਦੇਣ ਵਾਲਾ, ਬਹੁਤ ਤਿੱਖਾ, ਬਿਜਲੀ ਵਰਗਾ ਝਟਕਾ। ਜਿਵੇਂ ਚੱਲਦਾ ਹੋਇਆ ਹੇਅਰ ਡ੍ਰਾਇਰ ਤੁਹਾਡੇ ਬਾਥਟਬ ਵਿੱਚ ਸੁੱਟ ਦਿੱਤਾ ਗਿਆ ਹੋਵੇ।" ਇਸ ਦਾ ਪ੍ਰਭਾਵ ਕੁਝ ਮਿੰਟ ਹੀ ਰਹਿੰਦਾ ਹੈ।

ਹਾਰਨੇਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਪਾਨੀ ਵਿਸ਼ਾਲ ਹਾਰਨੇਟ ਦੇ ਡੰਗ, ਜਿਸਨੂੰ "ਕਤਲ ਹਾਰਨੇਟ" ਵੀ ਕਿਹਾ ਜਾਂਦਾ ਹੈ ਦੀ ਤੁਲਨਾ ਕੋਯੋਟ ਪੀਟਰਸਨ ਦੁਆਰਾ "ਮਾਈਕ ਟਾਈਸਨ ਦੁਆਰਾ ਚਿਹਰੇ 'ਤੇ ਮੁੱਕਾ ਮਾਰਨ" ਨਾਲ ਕੀਤੀ ਗਈ ਹੈ

ਆਖ਼ਿਰ ਵਿੱਚ ਵਾਰੀਅਰ ਭੂੰਡ (ਸਾਇਨੋਇਕਾ ਸੈਪਟੈਂਟ੍ਰਿਓਨਾਲਿਸ) ਹੈ, ਜੋ ਕੇਂਦਰੀ ਅਤੇ ਦੱਖਣੀ ਅਮਰੀਕਾ ਵਿੱਚ ਰਹਿਣ ਵਾਲੀ ਕਾਲੋਨੀ ਬਣਾਉਣ ਵਾਲਾ ਭੂੰਡ ਹੈ। ਸ਼ਮਿਟ ਨੇ ਇਸਨੂੰ "ਤਸ਼ੱਦਦ" ਕਿਹਾ, "ਤੁਸੀਂ ਇਕ ਸਰਗਰਮ ਜਵਾਲਾਮੁਖੀ ਦੇ ਵਹਾਅ ਵਿੱਚ ਜੰਜੀਰਾਂ ਨਾਲ ਬੰਨ੍ਹੇ ਹੋ। ਇਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਇਹ ਸੂਚੀ ਕਿਉਂ ਸ਼ੁਰੂ ਕੀਤੀ?"

ਸ਼ਮਿਟ ਦੀ ਮੌਤ 2023 ਵਿੱਚ ਪਾਰਿਕਨਸਨ ਦੀਆਂ ਜਟਿਲਤਾਵਾਂ ਕਾਰਨ ਹੋਈ। ਉਨ੍ਹਾਂ ਦੇ ਬਾਅਦ ਇਸ ਖੇਤਰ ਵਿੱਚ ਅੱਗੇ ਵਧਣ ਵਾਲੇ ਵਜੋਂ ਕੋਯੋਟੀ ਪੀਟਰਸਨ ਨੂੰ ਦੇਖਿਆ ਜਾਂਦਾ ਹੈ, ਜੋ ਇੱਕ ਯੂਟਿਊਬ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਪ੍ਰਜਾਤੀਆਂ ਦੇ ਡੰਗ ਵੀ ਸਹੇ ਹਨ ਜਿਨ੍ਹਾਂ ਨੂੰ ਸ਼ਮਿਟ ਨੇ ਰੈਂਕ ਨਹੀਂ ਕੀਤਾ ਸੀ।

ਹਾਲਾਂਕਿ ਉਨ੍ਹਾਂ ਕੋਲ ਰਸਮੀ ਵਿਗਿਆਨਕ ਟ੍ਰੇਨਿੰਗ ਨਹੀਂ ਹੈ, ਪਰ ਉਹ ਆਪਣੀ ਖੱਬੀ ਬਾਂਹ ਨੂੰ ਡੰਗਾਂ ਲਈ ਵਰਤ ਕੇ ਦੁਨੀਆ ਭਰ ਦੇ ਲੱਖਾਂ ਦਰਸ਼ਕਾਂ ਨੂੰ ਸਿਖਾਉਣ ਅਤੇ ਮਨੋਰੰਜਨ ਦੇਣ ਲਈ ਜਾਣੇ ਜਾਂਦੇ ਹਨ, ਆਪਣੇ ਚੈਨਲ ਬ੍ਰੇਵ ਵਾਇਲਡਰਨੈੱਸ 'ਤੇ।

ਕੋਯੋਟੀ ਪੀਟਰਸਨ ਨੇ ਜਸਟਿਨ ਸ਼ਮਿਟ ਦੇ ਪੇਨ ਇੰਡੈਕਸ ਨੂੰ ਇੱਕ ਰੋਡਮੈਪ ਵਜੋਂ ਵਰਤਿਆ। ਉਨ੍ਹਾਂ ਦਾ ਮਕਸਦ ਸੀ ਕਿ ਸ਼ਮਿਟ ਦੀ 2016 ਦੀ ਕਿਤਾਬ ਸਟਿੰਗ ਆਫ ਦਿ ਵਾਇਲਡ ਨੂੰ ਇੱਕ "ਫਿਲਮ ਵਰਗਾ ਤਜਰਬਾ" ਬਣਾਇਆ ਜਾਵੇ।

ਉਹ ਕਹਿੰਦੇ ਹਨ, "ਆਓ 1 ਤੋਂ 4 ਵਾਲੇ ਸਕੇਲ ਦੀ ਇੱਜ਼ਤ ਕਰੀਏ, ਪਰ ਇਹ ਵੀ ਵੇਖੀਏ ਕਿ ਹੋਰ ਕਿਹੜੇ 'ਨੰਬਰ 4' ਮੌਜੂਦ ਹਨ।"

ਪੀਟਰਸਨ

ਦੁਨੀਆ ਭਰ ਵਿੱਚ ਘੁੰਮ ਕੇ 30 ਕਿਸਮਾਂ ਦੇ ਡੰਗ ਅਜ਼ਮਾਉਣ ਤੋਂ ਬਾਅਦ, ਪੀਟਰਸਨ ਨੇ ਦੋ ਹੋਰ ਜੀਵਾਂ ਨੂੰ ਵੀ ਪੱਧਰ 4 ਵਿੱਚ ਦਰਜ ਕੀਤਾ, ਜਪਾਨੀ ਵੱਡਾ ਭੂੰਡ, ਜਿਸਨੂੰ "ਮਰਡਰ ਹੋਰਨੇਟ" ਵੀ ਕਿਹਾ ਗਿਆ ਅਤੇ ਏਗਜ਼ਿਕਿਊਸ਼ਨਰ ਭੂੰਡ।

ਪੀਟਰਸਨ ਕਹਿੰਦੇ ਹਨ, "ਜਪਾਨੀ ਵੱਡਾ ਭੂੰਡ ਡੰਗ ਲੱਗਣ ਦੇ ਸਮੇਂ ਸਭ ਤੋਂ ਖ਼ਤਰਨਾਕ ਸੀ, ਜਿਵੇਂ ਮੂੰਹ 'ਤੇ ਮਾਈਕ ਟਾਇਸਨ ਵੱਲੋਂ ਮੁੱਕਾ ਮਾਰਿਆ ਗਿਆ ਹੋਵੇ। ਮੈਂ ਇਕਦਮ ਸੁੰਨ ਹੋ ਗਿਆ ਸੀ। ਇਹ ਤੁਰੰਤ ਅਤੇ ਧਮਾਕੇਦਾਰ ਸੀ।"

ਇਹ ਭੂੰਡ ਮੁੱਖ ਤੌਰ 'ਤੇ ਏਸ਼ੀਆ ਵਿੱਚ ਮਿਲਦਾ ਹੈ ਅਤੇ 2019 ਤੋਂ 2024 ਤੱਕ ਅਮਰੀਕਾ ਦੇ ਪੈਸਿਫਿਕ ਨਾਰਥਵੈਸਟ ਖੇਤਰ ਵਿੱਚ ਕੁਝ ਸਮੇਂ ਲਈ ਨਜ਼ਰ ਆਇਆ।

ਪਰ ਏਗਜ਼ਿਕਿਊਸ਼ਨਰ ਭੂੰਡ (ਪੋਲਿਸਟੇਸ ਕਾਰਨੀਫੈਕਸ) ਨੂੰ ਪੀਟਰਸਨ ਸਭ ਤੋਂ ਵੱਧ ਦਰਦਨਾਕ ਮੰਨਦੇ ਹਨ। ਉਹ ਕਹਿੰਦੇ ਹਨ, "ਦਰਦ ਲਗਭਗ 12 ਘੰਟੇ ਤੱਕ ਰਿਹਾ, ਪਰ ਇਸ ਦੇ ਜ਼ਹਿਰ ਦੇ ਬਾਅਦ ਵਾਲੇ ਅਸਰ ਹੀ ਅਸਲ ਵਿੱਚ ਲੰਬੇ ਸਮੇਂ ਤੱਕ ਰਹੇ।"

ਪੀਟਰਸਨ ਕਹਿੰਦੇ ਹਨ, "ਇਸ ਵਿੱਚ ਕੁਝ ਅਜਿਹੀਆਂ ਖ਼ਾਸੀਅਤਾਂ ਸਨ ਜਿਨ੍ਹਾਂ ਨਾਲ ਮਾਸ ਸੜ ਗਿਆ, ਜਿਵੇਂ ਚਮੜੀ 'ਤੇ ਖੱਡੇ ਬਣ ਗਏ ਹੋਣ। ਇਹ ਇਕੱਲਾ ਡੰਗ ਸੀ ਜਿਸ ਨੇ ਸੱਚਮੁੱਚ ਮਾਸ ਨੂੰ ਖਾ ਲਿਆ ਅਤੇ ਅੱਜ ਵੀ ਮੇਰੇ ਕੋਲ ਨਿਸ਼ਾਨ ਹੈ… ਜਿਵੇਂ ਸਿਗਰਟ ਨਾਲ ਸਾੜੇ ਜਾਣ ਦੇ ਨਿਸ਼ਾਨ ਹੁੰਦੇ ਹਨ।"

ਵਿਗਿਆਨੀ ਹਾਲੇ ਤੱਕ ਇਸ ਭੂੰਡ ਦੇ ਜ਼ਹਿਰ ਦੀ ਪੂਰੀ ਬਣਤਰ ਨਹੀਂ ਜਾਣ ਸਕੇ, ਪਰ ਇਸ ਨਾਲ ਸਬੰਧਿਤ ਕੁਝ ਹੋਰ ਜੀਵ ਐਂਜ਼ਾਈਮ ਵਰਤਦੇ ਹਨ ਜੋ ਸਰੀਰ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਾਉਂਦੇ ਹਨ।

 ਇਰੂਕੈਂਡਜੀ ਜੈਲੀਫਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛੋਟੀ ਇਰੂਕੈਂਡਜੀ ਜੈਲੀਫਿਸ਼ ਦੇ ਡੰਗ ਬਦਕਿਸਮਤ ਪੀੜਤਾਂ ਨੂੰ ਦਰਦਨਾਕ ਦਰਦ ਦੇ ਸਕਦੇ ਹਨ ਜੋ ਦਹਾਕਿਆਂ ਤੱਕ ਰਹਿ ਸਕਦਾ ਹੈ

ਜੈਲੀਫ਼ਿਸ਼: ਸਿਰਫ ਨਰਮ ਨਹੀਂ, ਡੰਗ ਵੀ ਭਿਆਨਕ

ਪਰ ਸਿਰਫ਼ ਕੀੜੇ ਹੀ ਡੰਗ ਨਹੀਂ ਮਾਰਦੇ। ਜੈਲੀਫ਼ਿਸ਼ ਦੇ ਸਰੀਰ ਵਿੱਚ ਛੋਟੀਆਂ ਕੋਸ਼ਿਕਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨੇਮਾਟੋਸਿਸਟ ਕਿਹਾ ਜਾਂਦਾ ਹੈ, ਜੋ ਬਹੁਤ ਤੇਜ਼ ਜ਼ਹਿਰ ਛੱਡਦੀਆਂ ਹਨ।

ਇਰੂਕੈਂਡਜੀ ਜੈਲੀਫ਼ਿਸ਼, ਇੱਕ ਬਹੁਤ ਛੋਟੀ ਜੈਲੀਫ਼ਿਸ਼ ਹੁੰਦੀ ਹੈ, ਜਿਸਦਾ ਸਰੀਰ ਅੰਗੂਠੇ ਜਿੰਨਾ ਹੋ ਸਕਦਾ ਹੈ ਪਰ ਇਸ ਦੀਆਂ ਬਾਹਾਂ ਇੱਕ ਮੀਟਰ ਤੱਕ ਲੰਬੀਆਂ ਹੁੰਦੀਆਂ ਹਨ। ਇਸ ਦਾ ਡੰਗ ਇੱਕ ਅਜਿਹੀ ਬੀਮਾਰੀ ਪੈਦਾ ਕਰ ਸਕਦਾ ਹੈ ਜੋ ਮੱਧਕਾਲੀ ਤਸ਼ੱਦਦ ਵਰਗੀ ਲੱਗਦੀ ਹੈ।

ਡੰਗ ਲੱਗਣ ਦਾ ਪਲ਼ ਆਪਣੇ ਆਪ ਵਿੱਚ ਵੱਡੀ ਗੱਲ ਨਹੀਂ ਲੱਗਦਾ। ਜੈਲੀਫ਼ਿਸ਼ ਦੀ ਖੋਜਕਾਰ ਲੀਸਾ-ਐਨ ਗਰਸ਼ਵਿਨ ਦੱਸਦੀ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ।

ਉਨ੍ਹਾਂ ਨੇ ਆਸਟ੍ਰੇਲੀਆ ਦੇ ਜੇਮਜ਼ ਕੁੱਕ ਯੂਨੀਵਰਸਿਟੀ, ਕਵੀਨਜ਼ਲੈਂਡ ਵਿੱਚ ਆਪਣੇ ਪੀਐੱਚਡੀ ਕੰਮ ਦੌਰਾਨ ਇਰੂਕੈਂਡਜੀ ਪ੍ਰਜਾਤੀ ਦੀਆਂ 16 ਵਿੱਚੋਂ 14 ਕਿਸਮਾਂ ਦੀ ਪਛਾਣ ਅਤੇ ਨਾਮਕਰਨ ਕੀਤਾ ਸੀ।

ਦਰਅਸਲ, ਲੱਛਣ ਦੇਰੀ ਨਾਲ ਆਉਂਦੇ ਹਨ, ਇਸ ਕਰਕੇ ਕਈ ਦਹਾਕਿਆਂ ਤੱਕ ਡਾਕਟਰਾਂ ਨੂੰ ਸਮਝ ਨਹੀਂ ਆਇਆ ਕਿ ਗਰਮੀਆਂ ਵਿੱਚ ਸਮੁੰਦਰ 'ਤੇ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਭਿਆਨਕ ਦਰਦ ਕਿਉਂ ਹੁੰਦਾ ਹੈ। ਇਹ ਭੇਦ ਉਸ ਵੇਲੇ ਖੁਲ੍ਹਿਆ ਜਦੋਂ ਇੱਕ ਸਥਾਨਕ ਡਾਕਟਰ ਜੈਕ ਬਾਰਨੈਸ ਨੇ ਚਾਰ ਸਾਲ ਤੱਕ ਇਸ ਕਾਰਨ ਦੀ ਖੋਜ ਕੀਤੀ ਅਤੇ ਆਖ਼ਿਰ 1961 ਵਿੱਚ ਖ਼ੁਦ 'ਤੇ, ਆਪਣੇ ਦੱਸ ਸਾਲ ਦੇ ਪੁੱਤਰ ਅਤੇ ਇੱਕ ਲਾਈਫਗਾਰਡ 'ਤੇ ਜਾਨ-ਬੁੱਝ ਕੇ ਡੰਗ ਲਗਵਾ ਕੇ ਮਾਮਲੇ ਨੂੰ ਸਪੱਸ਼ਟ ਕੀਤਾ।

ਗਾਰਸ਼ਵਿਨ ਦੱਸਦੀ ਹੈ ਕਿ ਉਹ 50 ਤੋਂ ਵੱਧ ਇਰੂਕੈਂਡਜੀ ਸਿੰਡਰੋਮ ਨਾਲ ਪੀੜਤ ਲੋਕਾਂ ਨਾਲ ਗੱਲ ਕਰ ਚੁੱਕੀ ਹੈ ਅਤੇ ਘੱਟੋ-ਘੱਟ 100 ਇਤਿਹਾਸਕ ਕੇਸ ਰਿਪੋਰਟਾਂ ਵੀ ਪੜ੍ਹ ਚੁੱਕੀ ਹੈ। ਹਾਲਾਂਕਿ ਹਰ ਡੰਗ ਇਸ ਭਿਆਨਕ ਸਿੰਡਰੋਮ ਦਾ ਕਾਰਨ ਨਹੀਂ ਬਣਦਾ ਅਤੇ ਹਰ ਕਿਸੇ ਦਾ ਤਜਰਬਾ ਵੱਖਰਾ ਹੋ ਸਕਦਾ ਹੈ, ਪਰ ਇੱਕ ਆਮ ਕੇਸ ਕੁਝ ਇਸ ਤਰ੍ਹਾਂ ਹੁੰਦਾ ਹੈ-

ਲਗਭਗ 20 ਮਿੰਟ ਬਾਅਦ ਪਹਿਲਾ ਲੱਛਣ ਹੁੰਦਾ ਹੈ ਬਹੁਤ ਥਕਾਵਟ ਜਾਂ ਬਿਮਾਰ ਜਿਹਾ ਅਹਿਸਾਸ। ਇਸ ਤੋਂ ਬਾਅਦ ਜਲਦੀ ਹੀ ਗੁਰਦਿਆਂ ਵਿੱਚ ਜੈਕਹੈਮਰ ਵਰਗਾ ਤਿੱਖਾ ਦਰਦ ਸ਼ੁਰੂ ਹੁੰਦਾ ਹੈ, ਜੋ 12 ਘੰਟਿਆਂ ਤੱਕ ਰਹਿ ਸਕਦਾ ਹੈ। ਫਿਰ ਮਰੀਜ਼ ਨੂੰ ਲਗਾਤਾਰ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਨਾਲ ਬਿਸਤਰੇ ਦੀਆਂ ਚਾਦਰਾਂ ਵੀ ਵਾਰ-ਵਾਰ ਭਿੱਜ ਜਾਂਦੀਆਂ ਹਨ, ਅਤੇ ਹਰ ਕੁਝ ਮਿੰਟਾਂ ਵਿੱਚ ਬਿਨਾਂ ਰੁਕੇ ਉਲਟੀਆਂ ਹੁੰਦੀਆਂ ਹਨ, ਜੋ 24 ਘੰਟਿਆਂ ਤੱਕ ਚੱਲ ਸਕਦੀਆਂ ਹਨ।

ਗਾਰਸ਼ਵਿਨ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ "ਸਿਰਫ ਸ਼ੁਰੂਆਤ" ਵਿੱਚ ਹੁੰਦਾ ਹੈ। ਇਸ ਤੋਂ ਬਾਅਦ ਵਿਅਕਤੀ ਪੂਰਾ ਇਰੂਕੈਂਡਜੀ ਸਿੰਡਰੋਮ ਸਹਿੰਦਾ ਹੈ, ਜਿਸ ਵਿੱਚ "ਦਰਦ ਦੀ ਲਹਿਰ ਦੇ ਪਿੱਛੇ ਲਹਿਰ" ਆਉਂਦੀ ਹੈ। ਪੂਰੇ ਸਰੀਰ ਵਿੱਚ ਖਿੱਚ ਅਤੇ ਦੌਰੇ ਪੈਂਦੇ ਹਨ ਅਤੇ ਹਰ ਵਾਰ ਦਰਦ ਹੋਰ ਵੱਧਦਾ ਜਾਂਦਾ ਹੈ।

ਪਰ ਇਰੂਕੈਂਡਜੀ ਜੈਲੀਫ਼ਿਸ਼ ਦਰਦ ਦੀ ਇੱਕ ਹੋਰ ਕਿਸਮ ਵੀ ਪੈਦਾ ਕਰਦੀ ਹੈ, ਉਹ ਹੈ ਮਾਨਸਿਕ ਜਾਂ ਅੰਦਰੂਨੀ ਦਰਦ।

ਇਸ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਬਹੁਤ ਭਾਰੀ ਡਰ, ਜਿਸ ਵਿੱਚ ਇਨਸਾਨ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਮੌਤ ਨੇੜੇ ਹੈ। ਲੀਸਾ-ਐਨ ਗਾਰਸ਼ਵਿਨ ਜ਼ੋਰ ਦੇ ਕੇ ਕਹਿੰਦੀ ਹੈ ਕਿ ਇਹ ਅਹਿਸਾਸ ਦੂਜੇ ਸਰੀਰਕ ਲੱਛਣਾਂ ਦੀ ਤੀਬਰਤਾ ਤੋਂ ਵੱਖਰਾ ਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਕਈ ਮਰੀਜ਼ਾਂ ਨੇ ਤਾਂ ਆਪਣੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਮਾਰ ਦਿਓ, ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਉਹ ਮਰਨ ਵਾਲੇ ਹਨ, ਉਹ ਸਿਰਫ਼ ਇਸ ਦਰਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ।"

ਸਟੋਨਫਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਸਟੋਨਫਿਸ਼ ਅਕਸਰ ਚੱਟਾਨਾਂ ਅਤੇ ਦਰਾਰਾਂ ਵਿੱਚ ਲੁਕੀ ਰਹਿੰਦੀ ਹੈ, ਜਿਸ ਨਾਲ ਬੇਖ਼ਬਰ ਨਹਾਉਣ ਵਾਲਿਆਂ ਲਈ ਇਸ ਉੱਤੇ ਤੁਰਨਾ ਆਸਾਨ ਹੋ ਜਾਂਦਾ ਹੈ

ਲੀਸਾ-ਐਨ ਗਾਰਸ਼ਵਿਨ ਦਾ ਕਹਿਣਾ ਹੈ ਕਿ ਅਜੇ ਤੱਕ ਸਾਨੂੰ ਇਸ ਜ਼ਹਿਰ ਦੇ ਅੰਦਰਲੇ ਤੱਤਾਂ ਦੀ ਪੂਰੀ ਸਮਝ ਨਹੀਂ ਹੈ ਜਾਂ ਇਹ ਕਿਵੇਂ ਇਰੂਕੈਂਡਜੀ ਸਿੰਡਰੋਮ ਪੈਦਾ ਕਰਦਾ ਹੈ, ਪਰ ਕੁਝ ਇਸ਼ਾਰੇ ਮਿਲਦੇ ਹਨ।

ਜੈਲੀਫ਼ਿਸ਼ ਦੇ ਜ਼ਹਿਰ ਵਿੱਚ ਪੋਰਿਨਸ ਨਾਮ ਦੇ ਜ਼ਹਿਰੀਲੇ ਤੱਤ ਹੁੰਦੇ ਹਨ, ਜੋ ਸੈੱਲਾਂ ਦੀ ਝਿੱਲੀ ਵਿੱਚ ਛੇਦ ਕਰ ਦਿੰਦੇ ਹਨ। ਇਸ ਨਾਲ ਸੈੱਲ ਮਰ ਜਾਂਦੇ ਹਨ ਅਤੇ ਸਰੀਰ ਵਿੱਚ ਰਸਾਇਣਕ ਗੜਬੜ ਪੈਦਾ ਹੋ ਜਾਂਦੀ ਹੈ, ਕਿਉਂਕਿ ਕਈ ਮਹੱਤਵਪੂਰਨ ਅਣੂ ਇੱਕੋ ਵਾਰ ਬਾਹਰ ਨਿਕਲ ਜਾਂਦੇ ਹਨ।

ਖੋਜਕਾਰ ਇਹ ਵੀ ਮੰਨਦੇ ਹਨ ਕਿ ਇਹ ਜ਼ਹਿਰ ਨਰਵ ਸੈੱਲਾਂ ਦੇ ਸੋਡੀਅਮ ਚੈਨਲਾਂ 'ਤੇ ਅਸਰ ਕਰਦਾ ਹੈ, ਜਿਸ ਨਾਲ ਐਡ੍ਰੀਨਲਿਨ, ਨੋਰਐਡ੍ਰੀਨਲਿਨ ਅਤੇ ਡੋਪਾਮੀਨ ਵੱਧ ਜਾਂਦੇ ਹਨ। ਇਹ ਪ੍ਰਕਿਰਿਆ ਮਨੋਵਿਗਿਆਨਕ ਅਤੇ ਦਿਲ ਨਾਲ ਜੁੜੇ ਲੱਛਣਾਂ ਨੂੰ ਵਧਾਉਂਦੀ ਹੈ।

ਉਨ੍ਹਾਂ ਨੂੰ ਭਾਵੇਂ ਇਹ ਮਹਿਸੂਸ ਹੁੰਦਾ ਹੈ ਕਿ ਮੌਤ ਨੇੜੇ ਹੈ, ਪਰ ਹਕੀਕਤ ਵਿੱਚ ਜ਼ਿਆਦਾਤਰ ਲੋਕ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਇਲਾਜ ਵਿੱਚ ਅਕਸਰ ਤਾਕਤਵਰ ਦਰਦ-ਨਾਸ਼ਕ ਦਵਾਈਆਂ ਵਰਤੀਆਂ ਜਾਂਦੀਆਂ ਹਨ, ਜਿਵੇਂ ਮੋਰਫੀਨ, ਤਾਂ ਜੋ ਦਰਦ ਦੀਆਂ ਲਹਿਰਾਂ ਨੂੰ ਬਰਦਾਸ਼ਤ ਕੀਤਾ ਜਾ ਸਕੇ।

ਸਮੁੰਦਰੀ ਜੀਵਾਂ ਵਿੱਚ ਹੋਰ ਵੀ ਕਈ ਮਜ਼ਬੂਤ ਦਾਅਵੇਦਾਰ ਹਨ ਜੋ ਬਹੁਤ ਦਰਦਨਾਕ ਡੰਗ ਮਾਰਦੇ ਹਨ। ਇਸ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਆਸਟ੍ਰੇਲੀਆਈ ਬਾਕਸ ਜੈਲੀਫ਼ਿਸ਼, ਜਿਸਨੂੰ ਦੁਨੀਆ ਦੀ ਸਭ ਤੋਂ ਖ਼ਤਰਨਾਕ ਜੈਲੀਫ਼ਿਸ਼ ਮੰਨਿਆ ਜਾਂਦਾ ਹੈ।

ਇਸ ਦੀਆਂ ਬਾਹਾਂ 3 ਮੀਟਰ ਤੱਕ ਲੰਬੀਆਂ ਹੋ ਸਕਦੀਆਂ ਹਨ, ਜੋ ਪੀੜਤ ਦੇ ਸਰੀਰ 'ਤੇ ਲੰਬੇ ਨਿਸ਼ਾਨ ਛੱਡ ਦਿੰਦੀਆਂ ਹਨ।

ਫਾਇਰਵੋਰਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਇਰਵਰਮ ਇੱਕ ਸਮੁੰਦਰੀ ਕੀੜਾ ਹੈ ਜੋ ਦੇਖਣ ਵਿੱਚ ਕੰਨਖਜੂਰੇ ਵਰਗਾ ਲੱਗਦਾ ਹੈ

ਲੀਸਾ-ਐਨ ਗਾਰਸ਼ਵਿਨ ਮੁਤਾਬਕ, "ਤੁਹਾਡੇ ਸਰੀਰ 'ਤੇ ਅਜਿਹੇ ਨਿਸ਼ਾਨ ਬਣ ਜਾਂਦੇ ਹਨ ਜਿਵੇਂ ਕਿਸੇ ਨੇ ਚਾਬੁਕ ਨਾਲ ਮਾਰਿਆ ਹੋਵੇ। ਅਜਿਹਾ ਲੱਗਦਾ ਹੈ ਜਿਵੇਂ ਤਪਦਾ ਤੇਲ ਸਰੀਰ 'ਤੇ ਪਾਇਆ ਗਿਆ ਹੋਵੇ।"

ਫਾਇਰਵਰਮ ਇੱਕ ਸਮੁੰਦਰੀ ਕੀੜਾ ਹੈ ਜੋ ਦੇਖਣ ਵਿੱਚ ਸੈਂਟੀਪੀਡ (ਕੰਨਖਜੂਰੇ) ਵਰਗਾ ਲੱਗਦਾ ਹੈ। ਇਹ ਆਪਣੇ ਆਪ ਨੂੰ ਬਚਾਉਣ ਲਈ ਛੋਟੇ-ਛੋਟੇ ਵਾਲਾਂ ਵਰਗੇ ਕੰਡੇ (ਅਰਟੀਕੇਟਿੰਗ ਹੈਅਰਜ਼) ਵਰਤਦਾ ਹੈ।

ਇਹ ਕੰਡੇ ਛੁੱਟ ਕੇ ਉਸ ਵਿਅਕਤੀ ਦੀ ਚਮੜੀ ਵਿੱਚ ਫਸ ਜਾਂਦੇ ਹਨ ਜੋ ਇਸ ਨੂੰ ਛੂਹ ਲੈਂਦਾ ਹੈ। ਕੁਝ ਡਾਈਵਰ ਇਸਨੂੰ "ਫਾਇਬਰਗਲਾਸ ਵੋਰਮ" ਵੀ ਕਹਿੰਦੇ ਹਨ। ਵਿਗਿਆਨੀਆਂ ਦੇ ਅਨੁਸਾਰ, ਇਹਨਾਂ ਕੰਡਿਆਂ ਦੀ ਬਣਤਰ ਅਤੇ ਉਨ੍ਹਾਂ ਵਿੱਚ ਮੌਜੂਦ ਜ਼ਹਿਰ ਦੋਵੇਂ ਮਿਲ ਕੇ ਬਹੁਤ ਤੇਜ਼ ਸੜਨ ਵਾਲਾ ਦਰਦ ਪੈਦਾ ਕਰਦੇ ਹਨ, ਜੋ ਕਈ ਘੰਟਿਆਂ ਤੱਕ ਰਹਿ ਸਕਦਾ ਹੈ।

ਸਟੋਨਫ਼ਿਸ਼ ਰੇਤਲੇ ਥੱਲੇ, ਕੋਰਲ ਰੀਫ ਅਤੇ ਪੱਥਰੀਲੇ ਪਾਣੀ ਵਾਲੇ ਇਲਾਕਿਆਂ ਵਿੱਚ ਪੱਥਰ ਵਾਂਗ ਲੁਕ ਕੇ ਬੈਠਦੀ ਹੈ। ਬੇਖ਼ਬਰ ਲੋਕ ਕਈ ਵਾਰ ਇਸ 'ਤੇ ਪੈਰ ਰੱਖ ਦਿੰਦੇ ਹਨ, ਜਿਸ ਨਾਲ ਇਸ ਦੀ ਪਿੱਠ ਦੇ ਤਿੱਖੇ ਕੰਟੇ ਚੁੱਭ ਜਾਂਦੇ ਹਨ ਅਤੇ ਭਾਰੀ ਮਾਤਰਾ ਵਿੱਚ ਜ਼ਹਿਰ ਛੱਡਦੇ ਹਨ।

ਇਸ ਨਾਲ ਬਹੁਤ ਤੇਜ਼ ਸੜਨ ਵਾਲਾ ਦਰਦ ਹੁੰਦਾ ਹੈ ਜੋ 48 ਘੰਟਿਆਂ ਤੱਕ ਰਹਿ ਸਕਦਾ ਹੈ ਅਤੇ ਨਾਲ ਹੀ ਭਾਰੀ ਸੋਜਿਸ਼ ਵੀ ਹੁੰਦੀ ਹੈ। ਯੂਨੀਵਰਸਿਟੀ ਆਫ਼ ਫਲੋਰਿਡਾ ਦੇ ਮੁਤਾਬਕ ਸੁੰਨਾਪਨ ਅਤੇ ਸੁਈਆਂ ਚੁੱਭਣ ਵਰਗਾ ਅਹਿਸਾਸ ਹਫ਼ਤਿਆਂ ਤੱਕ ਰਹਿ ਸਕਦਾ ਹੈ।

ਜੈਲੀਫਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਤਾਬਕ, ਜੈਲੀਫ਼ਿਸ਼ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ

ਸਭ ਤੋਂ ਖ਼ਤਰਨਾਕ ਕੌਣ?

ਜ਼ਮੀਨ, ਹਵਾ ਅਤੇ ਸਮੁੰਦਰ, ਤਿੰਨਾਂ ਵਿੱਚੋਂ ਸਭ ਤੋਂ ਦਰਦਨਾਕ ਡੰਗ ਵਾਲੇ ਜੀਵ ਨੂੰ ਚੁਣਨਾ ਆਸਾਨ ਨਹੀਂ ਹੈ। ਇਸ ਲਈ ਕਿਸੇ ਨੂੰ ਇਹ ਸਾਰੇ ਤਜਰਬੇ ਕਰਨੇ ਪੈਣਗੇ ਪਰ ਕੋਯੋਟੀ ਪੀਟਰਸਨ ਕਹਿੰਦੇ ਹਨ ਕਿ ਉਹ ਇਹ ਨਹੀਂ ਕਰਨਗੇ।

ਉਹ ਕਹਿੰਦੇ ਹਨ ਕਿ ਜੈਲੀਫ਼ਿਸ਼ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ ਅਤੇ ਇਨ੍ਹਾਂ ਨਾਲ ਮੌਤ ਦਾ ਅਸਲ ਖ਼ਤਰਾ ਹੁੰਦਾ ਹੈ, ਕੁਝ ਕਿਸਮਾਂ ਤਾਂ "ਬਿਲਕੁਲ ਹੀ ਨਜ਼ਦੀਕ ਜਾਣ ਦੇ ਕਾਬਲ ਨਹੀਂ"।

ਲੀਸਾ-ਐਨ ਗਾਰਸ਼ਵਿਨ ਅਤੇ ਕੋਯੋਟੀ ਪੀਟਰਸਨ ਦੋਵੇਂ ਸਹਿਮਤ ਹਨ ਕਿ ਜਾਨ-ਬੁੱਝ ਕੇ ਇਰੂਕੈਂਡਜੀ ਜੈਲੀਫ਼ਿਸ਼ ਦਾ ਡੰਗ ਲੈਣਾ ਬਹੁਤ ਖ਼ਤਰਨਾਕ ਹੈ ਕਿਉਂਕਿ ਕੁਝ ਕਿਸਮਾਂ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ, ਜਿਵੇਂ ਦਿਮਾਗ਼ ਵਿੱਚ ਖੂਨ ਵਗਣਾ ਜਾਂ ਦਿਲ ਫੇਲ੍ਹ ਹੋ ਜਾਣਾ।

ਫਿਰ ਅਸੀਂ ਕਿਵੇਂ ਪਤਾ ਲਗਾਵਾਂ ਕਿ ਸਭ ਤੋਂ ਖ਼ਤਰਨਾਕ ਕੌਣ ਹੈ?

ਸ਼ਾਇਦ ਇਕੱਲਾ ਤਰੀਕਾ ਇਹ ਹੈ ਕਿ ਇਰੂਕੈਂਡਜੀ ਸਿੰਡਰੋਮ ਤੋਂ ਬਚੇ ਕਿਸੇ ਵਿਅਕਤੀ ਨੂੰ ਦੁਨੀਆ ਭਰ ਦੇ ਦੌਰੇ 'ਤੇ ਭੇਜਿਆ ਜਾਵੇ, ਜਿੱਥੇ ਉਹ ਸ਼ਮਿਟ ਦੇ ਲੈਵਲ 4 ਵਾਲੇ ਕੀੜਿਆਂ ਦੇ ਡੰਗ ਵੀ ਅਜ਼ਮਾਏ। ਸੁਣਨ ਵਿੱਚ ਤਾਂ ਇਹ ਇੱਕ ਬੀਬੀਸੀ ਅਰਥ ਦੇ ਪ੍ਰੋਗਰਾਮ ਵਾਂਗ ਲੱਗਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)