ਫਾਈਬਰ ਭਰਪੂਰ ਖਾਣਾ ਵਧਦੀ ਉਮਰ ਦੇ ਅਸਰ ਤੋਂ ਤੁਹਾਡੇ ਦਿਮਾਗ ਨੂੰ ਕਿਵੇਂ ਬਚਾ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਮੇਲਿਸਾ ਹੋਗਨਬੂਮ
- ਰੋਲ, ਬੀਬੀਸੀ ਪੱਤਰਕਾਰ
ਫਾਈਬਰ ਖਾਣ ਨਾਲ ਸਾਡੀ ਸਿਹਤ ਸੁਧਰ ਸਕਦੀ ਹੈ, ਉਮਰ ਲੰਬੀ ਹੋ ਸਕਦੀ ਹੈ ਅਤੇ ਦਿਮਾਗੀ ਸਿਹਤ ਬਚੀ ਰਹਿ ਸਕਦੀ ਹੈI ਪਰ ਸਾਡੇ ਵਿੱਚੋਂ ਅਜੇ ਵੀ ਬਹੁਤ ਸਾਰੇ ਲੋਕਾਂ ਵਿੱਚ ਇਸ "ਜ਼ਰੂਰੀ ਪੌਸ਼ਟਿਕ ਤੱਤ" ਦੀ ਘਾਟ ਹੈI
ਅਜਿਹੀ ਖੁਰਾਕ ਜਿਸ ਵਿਚ ਸਾਬਤ ਅਨਾਜ, ਫਲ, ਦਾਲਾਂ, ਗਿਰੀਆਂ ਅਤੇ ਬੀਜ ਹੋਣ, ਉਹ ਸਾਡੇ ਸਰੀਰ ਅਤੇ ਦਿਮਾਗ ਦੋਵਾਂ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ ਕਿਉਂਕਿ ਇਹ ਖੁਰਾਕ ਵਿਚ ਰੇਸ਼ੇ ਭਰਪੂਰ ਮਾਤਰਾ 'ਚ ਹੁੰਦੇ ਹਨI
ਨਵੀਆਂ ਖੋਜਾਂ ਦੱਸਦੀਆਂ ਹਨ ਕਿ ਫਾਈਬਰ, ਗੱਟ ਮਾਈਕ੍ਰੋਬਾਇਓਮ ਨੂੰ ਸ਼ਕਤੀ ਦਿੰਦਾ ਹੈ ਨਾਲ ਹੀ ਆਂਦਰਾਂ ਅਤੇ ਦਿਮਾਗ ਦੇ ਵਿਚਕਾਰ ਸੰਚਾਰ ਚੈਨਲ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਨਾਲ ਬੋਧਿਕ ਸ਼ਕਤੀ ਵਿੱਚ ਨਿਘਾਰ ਦੇ ਲੱਛਣਾਂ ਦੀ ਗਤੀ ਵਿੱਚ ਕਮੀ ਆਉਂਦੀ ਹੈI
ਐਂਬਰਡੀਨ ਯੂਨੀਵਰਸਿਟੀ ਦੇ ਰੋਵੇਟ ਇੰਸਟੀਚਿਊਟ ਤੋਂ ਇੰਟਸਟਾਈਨਲ ਬਾਇਓਲੋਜੀ ਦੇ ਪ੍ਰੋਫੈਸਰ ਕੈਰਨ ਸਕਾਟ ਦੱਸਦੇ ਹਨ ਕਿ ਰੇਸ਼ੇ ਦੀ ਮਾਤਰਾ ਵਧਾਉਣਾ ਬੌਧਿਕ ਸਿਹਤ (ਕਾਨੇਟਿਵ ਹੈਲਥ) ਲਈ ਸਭ ਤੋਂ ਪ੍ਰਭਾਵਸ਼ਾਲੀ ਖੁਰਾਕੀ ਤਬਦੀਲੀਆਂ ਵਿੱਚੋਂ ਇੱਕ ਹੈI ਭੋਜਨ ਵਿੱਚ ਰੇਸ਼ੇ ਦੀ ਕਮੀ ਹੋਣਾ ਮਾੜੀ ਸਿਹਤ ਲਈ ਬਹੁਤ ਖ਼ਤਰਨਾਕ ਮੰਨੀ ਗਈ ਹੈ।
ਫਿਰ ਵੀ ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸਨੂੰ ਢੁਕਵੀਂ ਮਾਤਰਾ ਵਿਚ ਨਹੀਂ ਉਪਯੋਗ ਨਹੀਂ ਕਰਦੇI ਅਮਰੀਕਾ ਵਿੱਚ ਲਗਭਗ 97% ਆਦਮੀ ਅਤੇ 90% ਔਰਤਾਂ ਢੁਕਵੀਂ ਮਾਤਰਾ ਵਿੱਚ ਰੇਸ਼ੇ ਨਹੀਂ ਖਾਂਦੇI ਜ਼ਿਆਦਾਤਰ ਲੋਕ ਸਿਫਾਰਿਸ਼ ਕੀਤੀ ਗਈ ਰੋਜ਼ਾਨਾ ਮਾਤਰਾ ਦੀ ਅੱਧੇ ਤੋਂ ਵੀ ਘੱਟ ਰੇਸ਼ੇ ਖਾਂਦੇ ਹਨI ਯੂਕੇ ਵਿਚ 90% ਤੋਂ ਵੱਧ ਬਾਲਗਾਂ ਵਿਚ ਇਸ ਦੀ ਕਮੀ ਹੈ ਨਾਲ ਹੀ ਹੋਰ ਬਹੁਤ ਸਾਰੇ ਦੇਸਾਂ ਵਿੱਚ ਵੀ ਇਸੇ ਤਰ੍ਹਾਂ ਦੀ ਕਮੀ ਦੇਖੀ ਗਈ ਹੈI
ਫਾਈਬਰ ਇੰਨਾ ਲਾਭਦਾਇਕ ਕਿਉਂ ਹੈ, ਅਤੇ ਅਸੀਂ ਇਸਨੂੰ ਹੋਰ ਕਿਵੇਂ ਖਾ ਸਕਦੇ ਹਾਂ?
ਗਟ ਫੀਲਿੰਗ: ਫਾਈਬਰ ਕਿਵੇਂ ਕੰਮ ਕਰਦਾ ਹੈ
ਰੇਸ਼ਾ ਜਾਂ ਫਾਈਬਰ ਅਸਲ ਵਿੱਚ ਇੱਕ ਕਾਰਬੋਹਾਈਡ੍ਰੇਟ ਹੈ ਜਿਸ ਨੂੰ ਪਾਚਨ ਐਨਜ਼ਾਈਮ ਆਸਾਨੀ ਨਾਲ ਤੋੜ ਨਹੀਂ ਸਕਦੇI ਇਸ ਕਰਕੇ ਜ਼ਿਆਦਾਤਰ ਫਾਈਬਰ ਉਵੇਂ-ਜਿਵੇਂ ਹੀ ਆਂਦਰਾਂ ਵਿਚੋਂ ਲੰਘ ਜਾਂਦੇ ਹਨI
ਫਾਈਬਰ ਮਲ ਦੀ ਮਾਤਰਾ ਵਧਾਉਂਦੇ ਹਨI ਫਾਈਬਰ ਪੇਟ ਸਾਫ਼ ਰੱਖਣ ਵਿੱਚ ਮਦਦ ਕਰਦੇ ਹਨ। ਇਸ ਨਾਲ ਪੇਟ ਕਾਫ਼ੀ ਦੇਰ ਤੱਕ ਭਰਿਆ ਰਹਿੰਦਾ ਹੈ ਅਤੇ ਭੋਜਨ ਹੌਲੀ-ਹੌਲੀ ਹਜ਼ਮ ਹੋਣ ਕਾਰਨ ਬਲੱਡ ਸ਼ੂਗਰ ਵੀ ਇੱਕਦਮ ਨਹੀਂ ਵਧਦੀ। ਜਿਹੜੇ ਲੋਕ ਪ੍ਰਤੀ ਦਿਨ ਜ਼ਿਆਦਾ ਮਾਤਰਾ ਵਿਚ ਸਾਬਤ ਅਨਾਜ ਖਾਣ ਵਾਲਿਆਂ ਵਿੱਚ ਰਿਫਾਇੰਡ ਅਨਾਜ ਖਾਣ ਵਾਲਿਆਂ ਨਾਲੋਂ ਬੀਐਮਆਈ ਅਤੇ ਪੇਟ ਦੀ ਚਰਬੀ ਘੱਟ ਹੁੰਦੀ ਹੈI

ਤਸਵੀਰ ਸਰੋਤ, Serenity Strull/ BBC
ਡੰਡੀ ਯੂਨੀਵਰਸਿਟੀ ਦੇ ਐਕਸਪੈਰੀਮੈਂਟਲ ਗੈਸਟ੍ਰੋਐਂਟਰੌਲੋਜੀ ਦੇ ਪ੍ਰੋਫੈਸਰ ਐਮਰੀਟਸ ਜੌਨ ਕਮਿੰਗਜ਼ ਕਹਿੰਦੇ ਹਨ ਕਿ ਭਰਪੂਰ ਫਾਈਬਰ ਵਾਲੀ ਖੁਰਾਕ, ਉਮਰ ਵਧਾਉਣ ਵਿਚ ਮਦਦ ਕਰ ਸਕਦੀ ਹੈ ਇਸ ਲਈ ਇਸ ਨੂੰ ਜ਼ਰੂਰੀ ਪੌਸ਼ਟਿਕ ਤੱਤ ਮੰਨਿਆ ਜਾਣਾ ਚਾਹੀਦਾ ਹੈI
ਕਮਿੰਗਸ ਦੇ ਸਹਿਯੋਗ ਨਾਲ ਲਿਖੀ ਇੱਕ ਸਮੀਖਿਆ ਵਿਚ ਮਿਲਿਆ ਹੈ ਕਿ ਜਿਨ੍ਹਾਂ ਨੇ ਜ਼ਿਆਦਾ ਫਾਈਬਰ ਖਾਧਾ, ਉਨ੍ਹਾਂ ਵਿੱਚ ਘੱਟ ਖਾਣ ਵਾਲਿਆਂ ਦੇ ਮੁਕਾਬਲੇ ਮੌਤ ਦਰ 15-30% ਘੱਟ ਗਈ। ਫਾਈਬਰ ਦੀ ਸਹੀ ਮਾਤਰਾ, ਜੋ ਖੋਜਕਰਤਾਵਾਂ ਅਨੁਸਾਰ 30 ਗ੍ਰਾਮ ਪ੍ਰਤੀ ਦਿਨ ਹੈ, ਉਸ ਨਾਲ ਦਿਲ ਦੀ ਬਿਮਾਰੀ, ਸਟ੍ਰੋਕ, ਟਾਈਪ 2 ਸ਼ੂਗਰ ਅਤੇ ਕੋਲਨ ਕੈਂਸਰ ਦੇ ਖ਼ਤਰੇ ਨੂੰ ਘਟਾਉਂਦੀ ਹੈ ਅਤੇ ਪ੍ਰਤੀ 1,000 ਲੋਕਾਂ ਵਿੱਚ 13 ਮੌਤਾਂ ਘੱਟ ਹੁੰਦੀਆਂ ਹਨ।
ਸਭ ਤੋਂ ਵੱਧ ਫ਼ਾਇਦੇ ਪ੍ਰਤੀ ਦਿਨ 25-29 ਗ੍ਰਾਮ ਫਾਈਬਰ ਖਾਣ 'ਤੇ ਦੇਖੇ ਗਏI ਇਸਨੂੰ ਪ੍ਰਾਪਤ ਕਰਨ ਲਈ ਤੁਸੀਂ ਹਰ ਖਾਣੇ ਅਤੇ ਸਨੈਕ ਵਿਚ ਫਲਾਂ ਜਾਂ ਸਬਜ਼ੀਆਂ ਦੀ ਮਾਤਰਾ ਦੀ ਮਾਤਰਾ ਵਧਾ ਸਕਦੇ ਹੋI ਉਦਾਹਰਣ ਵਜੋਂ, ਬੇਕਡ ਬੀਨਜ਼ ਨਾਲ ਛਿਲਕੇ ਵਾਲਾ ਆਲੂ ਅਤੇ ਇੱਕ ਸੇਬ ਲਗਭਗ 15.7 ਗ੍ਰਾਮ ਫਾਈਬਰ ਦਿੰਦਾ ਹੈI ਗਿਰੀਆਂ ਅਤੇ ਬੀਜ ਖਾਣ ਨਾਲ ਵੀ ਫਾਈਬਰ ਦਾ ਸੇਵਨ ਵਧਦਾ ਹੈI ਮੁੱਠੀਭਰ ਗਿਰੀਆਂ (ਲਗਭਗ 30 ਗ੍ਰਾਮ) ਵਿੱਚ 3.8 ਗ੍ਰਾਮ ਰੇਸ਼ੇ ਹੁੰਦੇ ਹਨI
ਇਸ ਦਾ ਸਭ ਤੋਂ ਵੱਡਾ ਅਸਰ ਆਂਦਰਾਂ ਵਿੱਚ ਮੌਜੂਦ ਮਾਈਕ੍ਰੋਬਾਇਓਮ ਅਤੇ ਫਾਈਬਰ ਦਰਮਿਆਨ ਹੋਵੇਗਾI
ਕਮਿੰਗਜ਼ ਦੱਸਦੇ ਹਨ ਕਿ ਜਦੋਂ ਸਾਡੀਆਂ ਆਂਦਰਾਂ ਦੇ ਬੈਕਟੀਰੀਆ ਫਾਈਬਰ ਨੂੰ ਹਜ਼ਮ ਕਰਦੇ ਹਨ, ਤਾਂ ਲਾਭਦਾਇਕ ਉਪ-ਉਤਪਾਦ ਪੈਦਾ ਹੁੰਦੇ ਹਨ, ਜਿਸ ਵਿੱਚ ਸ਼ਾਰਟ-ਚੇਨ ਫੈਟੀ ਐਸਿਡ ਐਸੀਟੇਟ, ਪ੍ਰੋਪੀਓਨੇਟ ਅਤੇ ਬਿਊਟੀਰੇਟ ਸ਼ਾਮਲ ਹਨ। ਇਹ ਉਹ ਪਾਚਕ ਉਤਪਾਦ ਹਨ ਜੋ ਸੈੱਲਾਂ ਨੂੰ ਮਹੱਤਵਪੂਰਨ ਊਰਜਾ ਦਿੰਦੇ ਹਨ ਅਤੇ ਮੌਤ ਦਰ ਵਿੱਚ ਮਹੱਤਵਪੂਰਨ ਕਮੀ ਨਾਲ ਜੁੜੇ ਹੋਏ ਹਨ।
ਇਹ ਸਾਰਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਫਾਈਬਰ ਸਾਡੇ ਪੇਟ ਦੇ ਬੈਕਟੀਰੀਆ ਨਾਲ ਮਿਲ ਕੇ ਕਿਵੇਂ ਕੰਮ ਕਰਦੇ ਹਨ।

ਤਸਵੀਰ ਸਰੋਤ, Serenity Strull/ BBC
ਫਾਈਬਰ ਦਿਮਾਗ ਦੀ ਰੱਖਿਆ ਕਿਵੇਂ ਕਰਦਾ ਹੈ?

ਸਕਾਟ ਨੇ ਦਸਿਆ ਕਿ ਹੁਣ ਦਿਮਾਗੀ ਸਿਹਤ ਲਈ ਜ਼ਿਆਦਾ ਫਾਈਬਰ ਵਾਲੀ ਖੁਰਾਕ ਨੂੰ ਖਾਸ ਤੌਰ 'ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਫੈਟੀ-ਐਸਿਡ ਬਿਊਟੀਰੇਟ ਦੀ ਮੌਜੂਦਗੀ ਆਂਦਰਾਂ ਦੀ ਪਰਤ ਬਣੀ ਰਹਿੰਦੀ ਹੈ, ਇਸ ਨਾਲ ਖ਼ਤਰਨਾਕ ਤੱਤਾਂ ਦੇ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਕੇ ਦਿਮਾਗ ਉੱਤੇ ਅਸਰ ਪਾਉਣ ਦਾ ਖ਼ਤਰਾ ਘਟਦਾ ਹੈ।
ਇਸੇ ਕਾਰਨ ਆਂਦਰਾਂ ਦਾ ਮਾਈਕ੍ਰੋਬਾਇਓਟਾ ਦਿਮਾਗ (ਸੋਚਣ ਸ਼ਕਤੀ) ਨੂੰ ਬਿਹਤਰ ਬਣਾ ਸਕਦਾ ਹੈ। "ਤੁਸੀਂ ਜਿੰਨਾ ਜ਼ਿਆਦਾ ਫਾਈਬਰ ਖਾਓਗੇ, ਓਨਾ ਹੀ ਜ਼ਿਆਦਾ ਬਿਊਟੀਰੇਟ ਪੈਦਾ ਹੋਵੇਗਾ, ਓਨੇ ਹੀ ਸਹੀ ਢੰਗ ਨਾਲ ਕਾਗਨੀਸ਼ਨ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈI
ਸਾਲ 2022 ਦਾ ਅਧਿਐਨ ਜਿਸ ਵਿਚ 3,700 ਤੋਂ ਵੱਧ ਬਾਲਗ ਸ਼ਾਮਲ ਕੀਤੇ ਗਏ, ਉਸ ਵਿਚ ਦੇਖਿਆ ਗਿਆ ਕਿ ਉੱਚ ਖੁਰਾਕ ਫਾਈਬਰ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵਿਚ ਡਿਮੈਂਸ਼ੀਆ (ਭੁੱਲਣ ਦੀ ਬਿਮਾਰੀ) ਹੋਣ ਦਾ ਖ਼ਤਰਾ ਘੱਟ ਹੁੰਦਾ ਹੈI ਜਿਨ੍ਹਾਂ ਨੇ ਘੱਟ ਫਾਈਬਰ ਖਾਧਾ ਉਨ੍ਹਾਂ ਨੂੰ ਵਧੇਰੇ ਖ਼ਤਰਾ ਦੇਖਿਆ ਗਿਆ।
ਇਸੇ ਤਰ੍ਹਾਂ, ਉਦਾਹਰਣ ਵਜੋਂ 60 ਸਾਲ ਤੋਂ ਵੱਡੇ ਬਾਲਗਾਂ ਦੇ ਇੱਕ ਹੋਰ ਅਧਿਐਨ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਦੀ ਖੁਰਾਕ ਵਿਚ ਡਾਇਟਰੀ ਫਾਈਬਰ ਜ਼ਿਆਦਾ ਸੀ, ਉਨ੍ਹਾਂ ਨੇ ਬੋਧਾਤਮਕ ਕਾਰਜ (ਕਾਗਨਿਟੇਵ ਫੰਕਸ਼ਨ) ਵਿੱਚ ਵਾਧਾ ਦੇਖਿਆ ਗਿਆ।
ਉਪਰੋਕਤ ਖੋਜਾਂ ਸਹਿ-ਸੰਬੰਧਿਤ, ਇੱਕ ਹੋਰ ਜੁੜਵਾਂ ਜੋੜਿਆਂ ਦੇ ਇੱਕ ਤਾਜ਼ੇ ਰੈਂਡਮ ਕੰਟਰੋਲ ਟ੍ਰਾਇਲ ਵਿੱਚ ਨੇ ਵੀ ਫਾਈਬਰ ਅਤੇ ਬੋਧ ਦਰਮਿਆਨ ਇੱਕ ਕਾਰਨ ਪ੍ਰਭਾਵ ਦੀ ਪਛਾਣ ਕੀਤੀ।
ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਪ੍ਰੀਬਾਇਓਟਿਕ ਫਾਈਬਰ ਸਪਲੀਮੈਂਟ ਦਾ ਸੇਵਨ ਕੀਤਾ, ਉਨ੍ਹਾਂ ਨੇ ਨਕਲੀ ਗੋਲ਼ੀਆਂ (ਪਲੇਸਬੋ) ਵਾਲਿਆਂ ਨਾਲੋਂ ਤਿੰਨ ਮਹੀਨਿਆਂ ਵਿੱਚ ਬੋਧਿਕ ਟੈਸਟਾਂ ਵਿੱਚ ਬਿਹਤਰ ਨਤੀਜੇ ਦਿਖਾਏ।
ਪ੍ਰੀਬਾਇਓਟਿਕਸ ਸਧਾਰਨ ਫਾਈਬਰ ਹਨ ਜੋ ਆਂਦਰਾਂ ਵਿੱਚ ਬੈਕਟੀਰੀਆ ਨੂੰ ਲਾਭ ਪਹੁੰਚਾਉਂਦੇ ਹਨ ਅਤੇ ਸਪਲੀਮੈਂਟਸ ਵਜੋਂ ਖਾਏ ਜਾ ਸਕਦੇ ਹਨ। ਮਲ ਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਫਾਈਬਰ ਸਪਲੀਮੈਂਟ ਨੇ ਅਧਿਐਨ ਵਿੱਚ ਸ਼ਾਮਲ ਲੋਕਾਂ ਦੀਆਂ ਆਂਦਰਾਂ ਦੇ ਮਾਈਕ੍ਰੋਬਾਇਓਮ ਨੂੰ ਬਦਲ ਦਿੱਤਾ, ਜਿਸ ਨਾਲ ਲਾਭਦਾਇਕ ਬੈਕਟੀਰੀਆ ਜਿਵੇਂ ਬਿਫਿਡੋਬੈਕਟੀਰੀਅਮ ਦੇ ਪੱਧਰ ਵਿੱਚ ਵਾਧਾ ਹੋਇਆ।
ਕਿੰਗਜ਼ ਕਾਲਜ ਲੰਡਨ ਤੋਂ ਜੈਰੀਐਟ੍ਰਿਕ (ਬਜੁਰਗਾਂ) ਮੈਡੀਸਨ ਦੇ ਕਲੀਨਿਕਲ ਲੈਕਚਰਾਰ, ਮੈਰੀ ਨੀ ਲੋਚਲੇਨ ਨੇ ਇਸ ਅਧਿਐਨ ਦੀ ਅਗਵਾਈ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਅਧਿਐਨ ਨਾਲ ਖੁਰਾਕ ਰਾਹੀਂ ਬਜੁਰਗਾਂ ਦੀ ਦਿਮਾਗੀ ਸਿਹਤ ਅਤੇ ਯਾਦਦਾਸ਼ਤ ਨੂੰ ਵਧਾਉਣ ਵਿੱਚ ਮਦਦ ਕੀਤੀ ਜਾਵੇਗੀ। "ਮਾਈਕ੍ਰੋਬਾਇਓਮ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਹ ਨਰਮ ਹੁੰਦਾ ਹੈ ਅਤੇ ਕੁਝ ਰੋਗਾਣੂ ਸਿਹਤ ਨਾਲ ਹਾਂਮੁਖੀ ਢੰਗ ਨਾਲ ਜੁੜੇ ਹੋਏ ਲੱਗਦੇ ਹਨ।"
ਨੀ ਲੋਚਲੇਨ ਇਹ ਜਾਣਨਾ ਚਾਹੁੰਦੇ ਹਨ ਕਿ ਅਸੀਂ ਪੇਟ (ਆਂਦਰਾਂ) ਦੇ ਬੈਕਟੀਰੀਆ ਦੀ ਵਰਤੋਂ ਕਰਕੇ, ਵਧਦੀ ਉਮਰ ਦੇ ਨਾਲ ਸਰੀਰ ਅਤੇ ਦਿਮਾਗ ਵਿੱਚ ਆਉਣ ਵਾਲੀ ਕਮਜ਼ੋਰੀ ਨੂੰ ਕਿਵੇਂ ਰੋਕ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ "ਇਹ ਇੱਕ ਅਣਵਰਤਿਆ ਸਰੋਤ ਹੈ ਅਤੇ ਇੱਕ ਘੱਟ ਖੋਜਿਆ ਖੇਤਰ ਹੈ ਜਿਸ ਬਾਰੇ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ" ਅਤੇ ਇਹ "ਬੁੱਢਾ ਹੋਣਾ ਆਸਾਨ ਬਣਾ ਸਕਦਾ ਹੈ"।
ਖੋਜ ਇਹ ਵੀ ਦਰਸਾਉਂਦੀ ਹੈ ਕਿ ਵੱਡੇ ਪੱਧਰ 'ਤੇ ਬਿਊਟੀਰੇਟ ਬਣਨ ਦਾ ਡਿਪਰੈਸ਼ਨ, ਬਿਹਤਰ ਨੀਂਦ ਅਤੇ ਬਿਹਤਰ ਕਾਗਨੇਟਿਵ ਕਾਰਜ 'ਤੇ ਹਾਂਮੁਖੀ ਅਸਰ ਪੈਂਦਾ ਹੈ। ਮਿਸਾਲ ਵਜੋਂ, ਬਿਊਟੀਰੇਟ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਵਧੇਰੇ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਬਿਮਾਰੀ ਘਟਾਉਣ ਨਾਲ ਜੋੜਿਆ ਗਿਆ ਹੈ।

ਤਸਵੀਰ ਸਰੋਤ, Serenity Strull/ BBC
ਹਾਲ ਹੀ ਵਿਚ, ਸਕਾਟ ਦੀ ਟੀਮ ਦੇ ਦੇਖਿਆ ਕਿ ਅਲਜ਼ਾਈਮਰ ਰੋਗ ਵਾਲੇ ਮਰੀਜ਼ਾਂ ਦੇ ਮਲ ਦੇ ਨਮੂਨਿਆਂ ਵਿੱਚ ਪ੍ਰੋ-ਇਨਫਲੇਮੇਟਰੀ ਮਾਰਕਰਾਂ ਦੀ ਗਿਣਤੀ ਜ਼ਿਆਦਾ ਸੀ ਅਤੇ ਬਿਊਟੀਰੇਟ ਪੈਦਾ ਕਰਨ ਵਾਲੇ ਬੈਕਟੀਰੀਆ ਦੀ ਗਿਣਤੀ ਘੱਟ ਸੀ, ਬਿਊਟੀਰੇਟ ਵੀ ਘੱਟ ਸੀ।
ਉਹ ਕਹਿੰਦੇ ਹਨ ਕਿ "ਇਹ ਬਿਊਟੀਰੇਟ ਅਤੇ ਦਿਮਾਗ ਵਿਚਕਾਰ ਸਬੰਧ ਨਾਲ ਜੁੜਦਾ ਹੈ ਅਤੇ ਇਹ ਇੱਕ ਕੋ-ਰੀਲੇਸ਼ਨਲ ਅਧਿਐਨ ਸੀI" ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੀਆਂ ਆਂਦਰਾਂ ਦੇ ਬੈਕਟੀਰੀਆ ਵਿੱਚ ਹੋਣ ਵਾਲੀ ਤਬਦੀਲੀ ਦਾ ਸਿੱਧਾ ਅਸਰ ਦਿਮਾਗ ਦੀ ਸਿਹਤ 'ਤੇ ਪੈਂਦਾ ਹੈ, ਅਤੇ ਹੁਣ ਇਸ ਗੱਲ ਦੇ ਪੱਕੇ ਸਬੂਤ ਵੀ ਮਿਲ ਰਹੇ ਹਨ।
ਜ਼ਿਆਦਾ ਫਾਈਬਰ ਕਿਵੇਂ ਖਾਈਏ?
ਖੋਜ ਨੇ ਦਰਸਾਇਆ ਹੈ ਕਿ ਲੰਬੇ ਸਿਹਤਮੰਦ ਜੀਵਨ ਵਾਲੇ ਵਿਅਕਤੀਆਂ ਵਿੱਚ ਆਂਦਰਾਂ ਦੇ ਵਿਭਿੰਨਤਾ ਭਰਭੂਰ ਮਾਈਕ੍ਰੋਬਾਇਓਮ ਹੁੰਦੇ ਹਨ। ਕਮਿੰਗਜ਼ ਕਹਿੰਦੇ ਹਨ ਕਿ ਵੱਖ-ਵੱਖ ਰੂਪਾਂ ਦੇ ਫਾਈਬਰ ਵਾਲੀ ਖੁਰਾਕ ਇਸ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੀ ਹੈ।
ਫਾਈਬਰ ਦੇ ਬਹੁਤ ਸਾਰੇ ਵੱਖ-ਵੱਖ ਸਰੋਤ ਹੋ ਸਕਦੇ ਹਨ ਜਿਨ੍ਹਾਂ ਵਿੱਚ ਗਿਰੀਆਂ, ਫਲ ਅਤੇ ਸਬਜ਼ੀਆਂ ਸ਼ਾਮਲ ਕਰਕੇ ਫਾਈਬਰ ਦੇ ਸੇਵਨ ਨੂੰ ਵਧਾਉਣਾ ਸੌਖਾ ਹੈ।
ਪੌਦਿਆਂ-ਅਧਾਰਿਤ ਭੋਜਨ, ਖਾਸ ਕਰਕੇ ਦਾਲਾਂ ਨੂੰ ਵਧਾਉਣਾ ਇੱਕ ਸਹੀ ਕਦਮ ਹੈ ਕਿਉਂਕਿ ਮਟਰ, ਬੀਨਜ਼ ਅਤੇ ਦਾਲਾਂ ਵਿੱਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ । ਕੁਝ ਸੌਖੇ ਢੰਗਾਂ ਵਿੱਚ ਪੈਨਕੇਕ ਬੈਟਰ ਵਿੱਚ ਛੋਲਿਆਂ ਨੂੰ ਮਿਲਾਉਣਾ ਜਾਂ ਪਾਸਤੇ ਵਿੱਚ ਮਟਰ ਪਾਉਣਾ ਸ਼ਾਮਲ ਹੋ ਸਕਦਾ ਹੈ।
ਚਿੱਟੀ ਬਰੈੱਡ ਅਤੇ ਪਾਸਤਾ ਦੀ ਥਾਂ ਬ੍ਰਾਊਨ ਬਰੈੱਡ ਦੀ ਵਰਤੋਂ ਕਰਨਾ ਹੋਰ ਸਧਾਰਨ ਸੁਧਾਰ ਹਨ। ਜੇਕਰ ਤੁਹਾਨੂੰ ਚਿੱਟਾ ਪਾਸਤਾ ਪਸੰਦ ਹੈ, ਤਾਂ ਦੋਵਾਂ ਨੂੰ ਮਿਲਾਉਣ ਨਾਲ ਬਹੁਤ ਘੱਟ ਫ਼ਰਕ ਨਜ਼ਰ ਆਉਂਦਾ ਹੈ। ਜੇਕਰ ਤੁਹਾਡੇ ਨਾਸ਼ਤੇ ਵਿਚ ਸਾਬਤ ਅਨਾਜਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਉਸ ਨਾਲ ਹੋਰ ਮਦਦ ਮਿਲਦੀ ਹੈ।
ਸਨੈਕਸ ਦੇ ਤੌਰ 'ਤੇ ਪੌਪਕੌਰਨ, ਸੇਬ, ਬੀਜ ਅਤੇ ਗਿਰੀਆਂ ਖਾਣ ਨਾਲ ਫਾਈਬਰ ਦੀ ਮਾਤਰਾ ਹੋਰ ਵਧਦੀ ਹੈ, ਕਿਉਂਕਿ ਵੱਖ-ਵੱਖ ਤਰ੍ਹਾਂ ਦੀ ਖੁਰਾਕ ਦੇ ਸਿਹਤ 'ਤੇ ਵੱਖ-ਵੱਖ ਪ੍ਰਭਾਵ ਹੁੰਦੇ ਹਨ।
ਇਸ ਤੋਂ ਇਲਾਵਾ ਫਾਈਬਰ ਸਪਲੀਮੈਂਟਸ ਵਿੱਚ ਵੀ ਮਿਲ ਸਕਦਾ ਹੈ, ਜੋ ਕਿ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਚੱਬਣ ਜਾਂ ਨਿਗਲਣ ਵਿੱਚ ਔਖਿਆਈ ਆਉਂਦੀ ਹੈ, ਜਿਵੇਂ ਪਾਰਕਿੰਸਨਸ ਬਿਮਾਰੀ ਵਾਲੇ ਵਿਅਕਤੀ ਹੋ ਸਕਦੇ ਹਨ।
ਸਕਾਟ ਅਨੁਸਾਰ, ਫਾਈਬਰ ਦੇ ਫਾਇਦੇ ਇੰਨੇ ਜ਼ਿਆਦਾ ਹਨ ਕਿ "ਆਪਣੇ ਫਾਈਬਰ ਦੀ ਮਾਤਰਾ ਵਧਾਉਣਾ ਅਸਲ ਵਿੱਚ ਸਭ ਤੋਂ ਵੱਧ ਲਾਭਦਾਇਕ ਚੀਜ਼ ਹੈ" ਜੋ ਲੋਕ ਆਪਣੀ ਸਮੁੱਚੀ ਸਿਹਤ ਲਈ ਕਰ ਸਕਦੇ ਹਨ।
*ਮੇਲਿਸਾ ਹੋਗਨਬੂਮ ਬੀਬੀਸੀ ਗਲੋਬਲ ਦੀ ਸੀਨੀਅਰ ਹੈਲਥ ਕਾਰਸਪਾਂਡੈਂਟ ਅਤੇ 'ਬ੍ਰੈੱਡਵਿਨਰਜ਼' ਕਿਤਾਬ ਦੀ ਲੇਖਿਕਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












