ਦੁਬਈ ਦਾ ਸੋਨਾ ਭਾਰਤ ਦੇ ਸੋਨੇ ਨਾਲੋਂ ਜ਼ਿਆਦਾ ਚਮਕਦਾਰ ਕਿਉਂ ਹੁੰਦਾ ਹੈ? ਕਿਹੜਾ ਸੋਨਾ ਵਧੀਆ ਹੈ?

ਤਸਵੀਰ ਸਰੋਤ, Getty Images
- ਲੇਖਕ, ਸਾਰਦਾ ਮਿਆਂਪੁਰਮ
- ਰੋਲ, ਬੀਬੀਸੀ ਪੱਤਰਕਾਰ
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਦੁਬਈ ਤੋਂ ਭਾਰਤ ਆਉਣ ਵਾਲੇ ਰਿਸ਼ਤੇਦਾਰ ਜਾਂ ਦੋਸਤ ਸੋਨਾ ਨਾਲ ਲਿਆਉਂਦੇ ਹਨ। ਖ਼ਾਸ ਕਰਕੇ ਰੋਜ਼ਗਾਰ ਲਈ ਦੁਬਈ ਗਏ ਲੋਕ ਜਦੋਂ ਵਾਪਸ ਆਉਂਦੇ ਹਨ ਤਾਂ ਆਪਣੀ ਪਹੁੰਚ ਮੁਤਾਬਕ ਸੋਨਾ ਲਿਆਉਣਾ ਆਮ ਗੱਲ ਹੈ।
ਕੁਝ ਲੋਕ ਕਹਿੰਦੇ ਹਨ ਕਿ ਦੁਬਈ ਵਿੱਚ ਸੋਨਾ ਘੱਟ ਕੀਮਤ 'ਤੇ ਮਿਲਦਾ ਹੈ। ਉਹ ਚਮਕਦਾਰ ਪੀਲੇ ਰੰਗ ਦਾ ਹੁੰਦਾ ਹੈ ਅਤੇ ਉਸ ਦੀ ਗੁਣਵੱਤਾ ਵੀ ਬਹੁਤ ਵਧੀਆ ਹੁੰਦੀ ਹੈ। ਪਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ।
ਕੀ ਵਾਕਈ ਸੋਨੇ ਦੀ ਗੁਣਵੱਤਾ ਵਿੱਚ ਕੋਈ ਫ਼ਰਕ ਹੁੰਦਾ ਹੈ। ਕੀ ਕੀਮਤ ਦਾ ਅੰਤਰ ਇੰਨਾ ਵੱਡਾ ਹੈ।

ਤਸਵੀਰ ਸਰੋਤ, Getty Images
ਦੂਜੇ ਪਾਸੇ, ਭਾਰਤ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਇਸ ਵੇਲੇ 1.5 ਲੱਖ ਰੁਪਏ ਤੋਂ ਟੱਪ ਗਈ ਹੈ। ਬੁੱਧਵਾਰ (26 ਜਨਵਰੀ) ਦੁਪਹਿਰ 12:30 ਵਜੇ ਇੰਡੀਆ ਬੁਲਿਅਨ ਐਂਡ ਜੂਅਲਰਜ਼ ਐਸੋਸੀਏਸ਼ਨ ਨੇ 24 ਕੈਰਟ ਖ਼ਾਲਿਸ ਸੋਨੇ ਦੀ ਕੀਮਤ 15,672 ਰੁਪਏ ਪ੍ਰਤੀ ਗ੍ਰਾਮ ਐਲਾਨੀ।
ਇਹ ਸੰਸਥਾ ਦਿਨ ਵਿੱਚ ਦੋ ਵਾਰ ਸੋਨੇ ਦੀਆਂ ਕੀਮਤਾਂ ਜਾਰੀ ਕਰਦੀ ਹੈ। ਇਸ ਹਿਸਾਬ ਨਾਲ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 1,56,720 ਰੁਪਏ ਤੱਕ ਪਹੁੰਚ ਗਈ ਹੈ।
ਦੁਬਈ ਦਾ ਸੋਨਾ ਬਨਾਮ ਭਾਰਤੀ ਸੋਨਾ: ਕਿਹੜਾ ਵਧੀਆ ਹੈ?

ਤਸਵੀਰ ਸਰੋਤ, Getty Images
ਹੈਦਰਾਬਾਦ ਦੀ ਪੌਟ ਮਾਰਕੀਟ ਜਿਊਲਰੀ ਐਸੋਸੀਏਸ਼ਨ ਦੇ ਜੋਇੰਟ ਸਕੱਤਰ ਸੁਨੀਲ ਕੁਮਾਰ ਜੈਨ ਨੇ ਬੀਬੀਸੀ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੁਬਈ ਦੇ ਸੋਨੇ ਅਤੇ ਭਾਰਤ ਵਿੱਚ ਉਪਲਬਧ ਸੋਨੇ ਦੀ ਗੁਣਵੱਤਾ ਵਿੱਚ ਕੋਈ ਫ਼ਰਕ ਨਹੀਂ ਹੈ।
ਉਨ੍ਹਾਂ ਕਿਹਾ, "1990 ਦੇ ਦਹਾਕੇ ਵਿੱਚ ਭਾਰਤ ਵਿੱਚ ਜ਼ਿਆਦਾਤਰ 18 ਕੈਰਟ ਸੋਨਾ ਵਰਤੋਂ ਵਿੱਚ ਸੀ। ਉਸ ਸਮੇਂ 22 ਕੈਰਟ ਸੋਨਾ ਆਸਾਨੀ ਨਾਲ ਉਪਲਬਧ ਨਹੀਂ ਸੀ। ਗਾਹਕਾਂ ਵਿੱਚ ਵੀ 22 ਕੈਰਟ ਸੋਨੇ ਬਾਰੇ ਜਾਣਕਾਰੀ ਘੱਟ ਸੀ। ਜਿਊਲਰੀ ਵਪਾਰੀ ਵੀ ਉਸ ਗੁਣਵੱਤਾ ਦਾ ਸੋਨਾ ਮੁਹੱਈਆ ਨਹੀਂ ਕਰ ਸਕਦੇ ਸਨ। ਪਰ ਭਾਰਤ ਵਿੱਚ ਹਾਲਮਾਰਕਿੰਗ ਲਾਗੂ ਹੋਣ ਤੋਂ ਬਾਅਦ ਦੁਬਈ ਦੇ ਸੋਨੇ ਅਤੇ ਦੇਸੀ ਸੋਨੇ ਦੀ ਸ਼ੁੱਧਤਾ ਇੱਕੋ ਜਿਹੀ ਹੋ ਗਈ ਹੈ।"
ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਵਿੱਚ ਕੈਰਟ ਗਿਣਤੀ ਅਤੇ ਸੋਨੇ ਦੀ ਗੁਣਵੱਤਾ ਦੀ ਜਾਂਚ ਲਈ ਲਗਭਗ ਇੱਕੋ ਜਿਹੇ ਅਤੇ ਸਖ਼ਤ ਨਿਯਮ ਲਾਗੂ ਹਨ।
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਜਿਊਲਰੀ ਦੇ ਡਿਜ਼ਾਇਨ ਅਤੇ ਤਿਆਰੀ ਦੇ ਤਰੀਕਿਆਂ ਵਿੱਚ ਫ਼ਰਕ ਹੋ ਸਕਦਾ ਹੈ।
ਉਨ੍ਹਾਂ ਸਮਝਾਇਆ, "ਦੁਬਈ ਵਿੱਚ ਜਿਊਲਰੀ ਜ਼ਿਆਦਾਤਰ ਮਸ਼ੀਨਾਂ ਨਾਲ ਬਣਾਈ ਜਾਂਦੀ ਹੈ। ਭਾਰਤ ਵਿੱਚ ਲੋਕ ਰਵਾਇਤੀ ਗਹਿਣਿਆਂ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗਹਿਣੇ ਹੱਥ ਨਾਲ ਬਣੇ ਹੁੰਦੇ ਹਨ।"
ਕੀ ਦੋਵਾਂ ਦੇਸ਼ਾਂ ਵਿੱਚ ਕੈਰਟ ਦੀ ਗਣਨਾ ਇੱਕੋ ਜਿਹੀ ਹੈ?

ਕਰੀਮਨਗਰ ਅਤੇ ਪੇਡਾਪੱਲੀ ਦੇ ਸੁਨਿਆਰੇ ਨੇ ਦੱਸਿਆ ਕਿ ਦੋਵਾਂ ਥਾਵਾਂ 'ਤੇ ਗਹਿਣੇ ਬਣਾਉਣ ਲਈ ਇੱਕੋ ਜਿਹੇ ਮਿਆਰ ਵਰਤੇ ਜਾਂਦੇ ਹਨ, ਜਿਵੇਂ ਕਿ 22 ਕੈਰਟ (91.6 ਫ਼ੀਸਦੀ ਸੋਨਾ) ਅਤੇ 18 ਕੈਰਟ। ਜੇ ਕੈਰਟ ਇੱਕੋ ਹੋਵੇ, ਤਾਂ ਸ਼ੁੱਧਤਾ ਵੀ ਇੱਕੋ ਰਹਿੰਦੀ ਹੈ।
ਸੁਨੀਲ ਜੈਨ ਨੇ ਸਪਸ਼ਟ ਕੀਤਾ ਕਿ ਤਕਨੀਕੀ ਤੌਰ 'ਤੇ 22 ਕੈਰਟ ਸੋਨੇ ਦੀ ਸ਼ੁੱਧਤਾ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ 91.6 ਫ਼ੀਸਦੀ ਹੀ ਰਹਿੰਦੀ ਹੈ।
ਉਨ੍ਹਾਂ ਕਿਹਾ, "ਜਦੋਂ ਸੋਨੇ ਦੀ ਧਾਤ ਨੂੰ ਗਹਿਣਿਆਂ ਵਿੱਚ ਬਦਲਿਆ ਜਾਂਦਾ ਹੈ, ਤਾਂ ਉਸ ਦੀ ਸ਼ੁੱਧਤਾ 100 ਫ਼ੀਸਦੀ ਨਹੀਂ ਰਹਿ ਸਕਦੀ। ਗਹਿਣੇ ਬਣਾਉਣ ਲਈ ਸੋਨੇ ਵਿੱਚ ਹੋਰ ਧਾਤਾਂ ਮਿਲਾਉਣੀਆਂ ਪੈਂਦੀਆਂ ਹਨ।"
"ਇਸ ਤਰ੍ਹਾਂ ਤਿਆਰ ਹੋਏ ਸੋਨੇ ਦੀ ਸ਼ੁੱਧਤਾ 91.6 ਫ਼ੀਸਦੀ ਹੁੰਦੀ ਹੈ, ਜਿਸਨੂੰ ਅਸੀਂ 22 ਕੈਰਟ ਜਾਂ 916 ਸੋਨਾ ਕਹਿੰਦੇ ਹਾਂ। ਬਾਕੀ 8.4 ਫ਼ੀਸਦੀ ਵਿੱਚ ਤਾਂਬਾ, ਜ਼ਿੰਕ ਅਤੇ ਚਾਂਦੀ ਵਰਗੀਆਂ ਧਾਤਾਂ ਹੁੰਦੀਆਂ ਹਨ। ਇਸੇ ਤਰ੍ਹਾਂ 18 ਕੈਰਟ ਸੋਨਾ 75 ਫ਼ੀਸਦੀ ਸ਼ੁੱਧ ਹੁੰਦਾ ਹੈ ਅਤੇ ਇਹ ਮਿਆਰ ਵੀ ਹਰ ਥਾਂ ਇੱਕੋ ਜਿਹਾ ਹੈ।"
ਉਨ੍ਹਾਂ ਮੁਤਾਬਕ, ਇਸ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਤੁਸੀਂ ਦੁਬਈ ਤੋਂ ਖਰੀਦੋ ਜਾਂ ਭਾਰਤ ਤੋਂ, ਸੋਨੇ ਦੀ ਗੁਣਵੱਤਾ ਇੱਕੋ ਜਿਹੀ ਰਹਿੰਦੀ ਹੈ।
ਹਾਲਾਂਕਿ, ਸੁਨਿਆਰਿਆਂ ਦਾ ਕਹਿਣਾ ਹੈ ਕਿ ਗਹਿਣੇ ਬਣਾਉਣ ਸਮੇਂ ਸੋਨੇ ਵਿੱਚ ਮਿਲਾਈਆਂ ਜਾਣ ਵਾਲੀਆਂ ਧਾਤਾਂ ਦੇ ਅਨੁਪਾਤ ਅਨੁਸਾਰ ਰੰਗ ਵਿੱਚ ਹਲਕਾ ਫ਼ਰਕ ਆ ਸਕਦਾ ਹੈ।
ਕੀ ਚਮਕਦਾਰ ਪੀਲਾ ਸੋਨਾ ਜ਼ਿਆਦਾ ਖ਼ਾਲਿਸ ਹੁੰਦਾ ਹੈ?

ਤਸਵੀਰ ਸਰੋਤ, Getty Images
ਸੁਨੀਲ ਜੈਨ ਨੇ ਦੱਸਿਆ ਕਿ ਦੁਬਈ ਵਿੱਚ ਸੋਨੇ ਦੇ ਗਹਿਣੇ ਬਣਾਉਣ ਲਈ ਜ਼ਿੰਕ ਅਤੇ ਚਾਂਦੀ ਦਾ ਵਰਤੋਂ ਵੱਧ ਕੀਤੀ ਜਾਂਦੀ ਹੈ। ਸੁਨਿਆਰੇ ਦੇ ਪੇਸ਼ੇ ਨਾਲ 20 ਸਾਲ ਤੋਂ ਜੁੜੇ ਭਰਾ ਰਾਵੁਲਾ ਬ੍ਰਹਮਮ ਅਤੇ ਸ੍ਰੀਨਿਵਾਸ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹਨ।
ਉਨ੍ਹਾਂ ਕਿਹਾ, "ਜੇ ਸੋਨੇ ਵਿੱਚ ਜ਼ਿੰਕ ਦੀ ਮਾਤਰਾ ਵੱਧ ਮਿਲਾਈ ਜਾਵੇ, ਤਾਂ ਸੋਨਾ ਹੋਰ ਚਮਕਦਾਰ ਪੀਲੇ ਰੰਗ ਦਾ ਦਿੱਖ ਦਿੰਦਾ ਹੈ। ਇਸ ਕਰਕੇ ਉਹ ਜ਼ਿਆਦਾ ਚਮਕਦਾ ਲੱਗਦਾ ਹੈ। ਭਾਰਤ ਵਿੱਚ ਜਿਊਲਰੀ ਬਣਾਉਣ ਲਈ ਅਕਸਰ ਚਾਂਦੀ ਅਤੇ ਤਾਂਬਾ ਮਿਲਾਇਆ ਜਾਂਦਾ ਹੈ।"
"ਤਾਂਬਾ ਮਿਲਾਉਣ ਨਾਲ ਸੋਨੇ ਵਿੱਚ ਹਲਕੀ ਲਾਲੀ ਆ ਜਾਂਦੀ ਹੈ। ਚਾਂਦੀ ਅਤੇ ਤਾਂਬੇ ਦੇ ਅਨੁਪਾਤ ਦੇ ਅਨੁਸਾਰ ਰੰਗ ਬਦਲ ਸਕਦਾ ਹੈ। ਪਰ ਰੰਗ ਵਿੱਚ ਫ਼ਰਕ ਹੋਣਾ ਸੋਨੇ ਦੀ ਗੁਣਵੱਤਾ ਵਿੱਚ ਫ਼ਰਕ ਹੋਣ ਦਾ ਮਤਲਬ ਨਹੀਂ ਹੁੰਦਾ।"
ਸੋਨੇ ਦੀ ਗੁਣਵੱਤਾ ਕੌਣ ਤੈਅ ਕਰਦਾ ਹੈ?

ਤਸਵੀਰ ਸਰੋਤ, BIS
ਸਥਾਨਕ ਸੁਨਿਆਰਾ ਕਹਿੰਦਾ ਹੈ ਕਿ ਕਦੇ ਭਾਰਤ ਵਿੱਚ ਸੋਨੇ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।
ਪਰ ਕੇਂਦਰ ਸਰਕਾਰ ਨੇ 15 ਜੂਨ 2021 ਤੋਂ ਭਾਰਤ ਵਿੱਚ ਸੋਨੇ ਦੇ ਗਹਿਣਿਆਂ ਲਈ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ। ਇਸ ਤੋਂ ਇਲਾਵਾ, ਅਪ੍ਰੈਲ 2023 ਤੋਂ ਗਹਿਣਿਆਂ 'ਤੇ ਛੇ ਅੰਕਾਂ ਵਾਲਾ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਲਗਾਉਣਾ ਵੀ ਲਾਜ਼ਮੀ ਹੈ। ਉਪਭੋਗਤਾ ਇਸ ਐੱਚਯੂਆਈਡੀ (HUID) ਨੰਬਰ ਨੂੰ ਬੀਆਈਐੱਸ (BIS) ਕੇਅਰ ਐਪ ਵਿੱਚ ਦਰਜ ਕਰਕੇ ਆਪਣੇ ਗਹਿਣਿਆਂ ਦੀ ਗੁਣਵੱਤਾ ਦੀ ਜਾਂਚ ਕਰ ਸਕਦੇ ਹਨ।
ਕਰੀਮਨਗਰ ਦੇ ਸੁਨਾਰ ਕੰਦੂਕੂਰੀ ਨਾਗਰਾਜੂ ਨੇ ਕਿਹਾ ਕਿ ਭਾਰਤ ਵਿੱਚ ਹਾਲਮਾਰਕਿੰਗ ਲਾਗੂ ਹੋਣ ਤੋਂ ਬਾਅਦ ਸੋਨੇ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਦੇ ਸਾਰੇ ਸੰਦੇਹ ਦੂਰ ਹੋ ਗਏ ਹਨ।
ਹਾਲਮਾਰਕਿੰਗ ਇੱਕ ਅਧਿਕਾਰਤ ਪ੍ਰਕਿਰਿਆ ਹੈ, ਜਿਸ ਅਧੀਨ ਕਿਸੇ ਕੀਮਤੀ ਧਾਤ ਵਿੱਚ ਮੌਜੂਦ ਸ਼ੁੱਧਤਾ ਦੀ ਫੀਸਦ ਨੂੰ ਸਹੀ ਤਰੀਕੇ ਨਾਲ ਜਾਂਚ ਕੇ ਮੋਹਰ ਲਗਾਈ ਜਾਂਦੀ ਹੈ। ਕਈ ਦੇਸ਼ਾਂ ਵਿੱਚ ਇਹ ਕੀਮਤੀ ਧਾਤਾਂ ਦੀ ਸ਼ੁੱਧਤਾ ਦੀ ਗਾਰੰਟੀ ਮੰਨੀ ਜਾਂਦੀ ਹੈ। ਇਸ ਦਾ ਮੁੱਖ ਮਕਸਦ ਮਿਲਾਵਟ ਨੂੰ ਰੋਕਣਾ ਅਤੇ ਨਿਰਮਾਤਿਆਂ ਨੂੰ ਕਾਨੂੰਨੀ ਮਿਆਰਾਂ 'ਤੇ ਖਰਾ ਉਤਾਰਨਾ ਹੈ।
ਭਾਰਤ ਵਿੱਚ ਬਿਊਰੋ ਆਫ਼ ਇੰਡੀਆਨ ਸਟੈਂਡਰਡਜ਼ ਹਾਲਮਾਰਕਿੰਗ ਦੇ ਲਾਇਸੈਂਸ ਜਾਰੀ ਕਰਦਾ ਹੈ।
ਲਾਇਸੈਂਸ ਪ੍ਰਾਪਤ ਜਿਊਲਰੀ ਦੁਕਾਨਦਾਰ ਹੀ ਹਾਲਮਾਰਕ ਮੋਹਰ ਲਗਾ ਸਕਦੇ ਹਨ। ਬਿਨਾਂ ਹਾਲਮਾਰਕ ਦੇ ਗਹਿਣੇ ਵੇਚਣਾ ਅਪਰਾਧ ਹੈ।
ਗਾਹਕ ਬੀਆਈਐੱਸ ਵੱਲੋਂ ਮਾਨਤਾ ਪ੍ਰਾਪਤ ਅਸੇਅਿੰਗ ਅਤੇ ਹਾਲਮਾਰਕਿੰਗ ਸੈਂਟਰਾਂ 'ਤੇ ਆਪਣੇ ਗਹਿਣਿਆਂ ਦੀ ਜਾਂਚ ਕਰਵਾ ਸਕਦੇ ਹਨ।
ਦੁਬਈ ਵਿੱਚ ਸੋਨਾ, ਚਾਂਦੀ ਅਤੇ ਪਲੈਟਿਨਮ ਵਰਗੀਆਂ ਕੀਮਤੀ ਧਾਤਾਂ ਦੀ ਸ਼ੁੱਧਤਾ ਦੀ ਪੁਸ਼ਟੀ ਲਈ 'ਬਰੀਕ' ਨਾਮ ਦਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।
ਕੀ ਦੁਬਈ ਵਿੱਚ ਸੋਨਾ ਸਸਤਾ ਹੁੰਦਾ ਹੈ?

ਤਸਵੀਰ ਸਰੋਤ, Getty Images
ਸੁਨੀਲ ਜੈਨ ਨੇ ਦੱਸਿਆ ਕਿ ਭਾਰਤ ਅਤੇ ਦੁਬਈ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕੁਝ ਅੰਤਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦੁਬਈ ਵਿੱਚ ਕਸਟਮ ਡਿਊਟੀ ਨਾ ਹੋਣ ਕਾਰਨ ਸੋਨਾ ਕੁਝ ਹੱਦ ਤੱਕ ਸਸਤਾ ਹੁੰਦਾ ਹੈ।
ਉਨ੍ਹਾਂ ਕਿਹਾ, "ਭਾਵੇਂ ਦੁਬਈ ਵਿੱਚ ਸੋਨਾ ਸਸਤਾ ਹੋਵੇ, ਪਰ ਜੇ ਤੁਸੀਂ ਤੈਅ ਹੱਦ ਤੋਂ ਵੱਧ ਸੋਨਾ ਭਾਰਤ ਲਿਆਉਂਦੇ ਹੋ, ਤਾਂ ਕਸਟਮ ਡਿਊਟੀ ਦੇਣੀ ਪੈਂਦੀ ਹੈ। ਅਜਿਹੇ ਵਿੱਚ ਟੈਕਸ ਜੋੜਨ ਤੋਂ ਬਾਅਦ ਸੋਨੇ ਦੀ ਕੀਮਤ ਲਗਭਗ ਭਾਰਤ ਵਾਲੀ ਕੀਮਤ ਦੇ ਬਰਾਬਰ ਹੋ ਜਾਂਦੀ ਹੈ। ਇਸ ਲਈ ਕੀਮਤ ਵਿੱਚ ਕੋਈ ਵੱਡਾ ਫ਼ਰਕ ਨਹੀਂ ਰਹਿੰਦਾ।"
ਹੈਦਰਾਬਾਦ ਦੇ ਇੱਕ ਕਸਟਮ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਵਿਦੇਸ਼ ਤੋਂ ਵਾਪਸ ਆਉਣ ਵਾਲੇ ਵਿਅਕਤੀ ਨੂੰ ਛੇ ਮਹੀਨੇ ਦੇ ਅੰਦਰ ਸੋਨਾ ਲਿਆਉਣ 'ਤੇ 38.5 ਫ਼ੀਸਦੀ ਕਸਟਮ ਡਿਊਟੀ ਦੇਣੀ ਪੈਂਦੀ ਹੈ।
ਛੇ ਮਹੀਨੇ ਤੋਂ ਇੱਕ ਸਾਲ ਤੱਕ ਵਿਦੇਸ਼ ਰਹਿਣ 'ਤੇ 13.75 ਫ਼ੀਸਦੀ ਕਸਟਮ ਡਿਊਟੀ ਲਾਗੂ ਹੁੰਦੀ ਹੈ।
ਡਿਊਟੀ ਫ਼ਰੀ ਛੂਟ ਤਹਿਤ ਮਰਦ 20 ਗ੍ਰਾਮ ਅਤੇ ਔਰਤਾਂ 40 ਗ੍ਰਾਮ ਸੋਨਾ ਬਿਨਾਂ ਕਸਟਮ ਡਿਊਟੀ ਦੇ ਲਿਆ ਸਕਦੀਆਂ ਹਨ।
ਕਾਨੂੰਨੀ ਕਾਰਵਾਈ ਬਾਰੇ ਉਨ੍ਹਾਂ ਕਿਹਾ, "ਕੁਝ ਲੋਕ ਕਸਟਮ ਡਿਊਟੀ ਤੋਂ ਬਚਣ ਲਈ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਸੋਨਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਥੋੜ੍ਹੇ ਸਮੇਂ ਲਈ ਵਿਦੇਸ਼ ਜਾ ਕੇ 250 ਗ੍ਰਾਮ ਤੋਂ ਇੱਕ ਕਿਲੋ ਤੱਕ ਸੋਨਾ ਲਿਆਉਂਦੇ ਹਨ।"
"ਅਜਿਹੇ ਮਾਮਲਿਆਂ ਵਿੱਚ ਜੇ 38.5 ਫ਼ੀਸਦੀ ਡਿਊਟੀ ਅਦਾ ਨਾ ਕੀਤੀ ਜਾਵੇ, ਤਾਂ ਅਸੀਂ ਸੋਨਾ ਜ਼ਬਤ ਕਰ ਲੈਂਦੇ ਹਾਂ। ਜੇ ਕੋਈ ਇੱਕ ਕਿਲੋ ਤੋਂ ਵੱਧ ਸੋਨਾ ਲਿਆਉਂਦਾ ਹੈ, ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












