ਕਿੰਨਾ ਸੋਨਾ ਘਰ ਵਿੱਚ ਰੱਖਿਆ ਜਾ ਸਕਦਾ ਹੈ, ਇਸ ਵੇਲੇ ਸੋਨੇ ਦੀ ਖਰੀਦ ਦਾ ਕੀ ਰੁਝਾਨ ਹੈ

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬੇਸ਼ੱਕ ਮੌਜੂਦਾ ਸਮੇਂ ਦੌਰਾਨ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਪਰ ਤਿਉਹਾਰਾਂ ਦੇ ਇਸ ਸੀਜ਼ਨ ਮੌਕੇ ਲੋਕ ਸੋਨੇ ਦੇ ਗਹਿਣੇ ਅਤੇ ਖ਼ਰਾ ਸੋਨਾ ਖ਼ਰੀਦ ਰਹੇ ਹਨ।
ਭਾਰਤ ਵਿੱਚ ਦੀਵਾਲੀ ਮੌਕੇ ਸੋਨਾ ਖਰੀਦਣ ਨੂੰ ਜਿੱਥੇ ਸ਼ੁੱਭ ਮੰਨਿਆ ਜਾਂਦਾ ਹੈ, ਉੱਥੇ ਹੀ ਸੋਨੇ ਨੂੰ ਵਿਰਾਸਤ ਅਤੇ ਰਵਾਇਤ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾਂਦਾ ਹੈ।
ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 75,000 ਰੁਪਏ ਸੀ ਜੋ ਹੁਣ 1 ਲੱਖ 20 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ।
ਪਰ ਸਵਾਲ ਹੈ ਕਿ ਇੱਕ ਇਨਸਾਨ ਘਰ ਵਿੱਚ ਕਿੰਨਾ ਸੋਨਾ ਰੱਖ ਸਕਦਾ ਹੈ? ਇਸ ਬਾਰੇ ਭਾਰਤੀ ਕਾਨੂੰਨ ਕੀ ਕਹਿੰਦਾ ਹੈ ਅਤੇ ਘਰ ਵਿੱਚ ਸੋਨਾ ਰੱਖਣ ਬਾਰੇ ਸਰਕਾਰ ਦੀਆਂ ਕੀ ਹਦਾਇਤਾਂ ਹਨ?
ਕੋਈ ਘਰ 'ਚ ਕਿੰਨਾ ਸੋਨਾ ਰੱਖ ਸਕਦਾ ਹੈ?

ਤਸਵੀਰ ਸਰੋਤ, Getty Images
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ ਸੋਨਾ ਅਤੇ ਗਹਿਣੇ ਰੱਖਣ ਦੀ ਕੋਈ ਸੀਮਾ ਨਹੀਂ ਹੈ ਪਰ ਬਸ਼ਰਤੇ ਇਹ ਵਾਜਬ ਆਮਦਨ ਦੇ ਦੱਸਣ ਯੋਗ ਸਰੋਤਾਂ ਰਾਹੀਂ ਲਿਆ ਗਿਆ ਹੋਵੇ, ਜਿਸ ਵਿੱਚ ਵਿਰਾਸਤ ਵੀ ਸ਼ਾਮਲ ਹੈ।
ਸੈਂਟਰਲ ਬੋਰਡ ਆਫ ਡਰਾਇਕਟ ਟੈਕਸਸ ਮੁਤਾਬਕ ਘੋਸ਼ਿਤ ਆਮਦਨ, ਛੋਟ ਪ੍ਰਾਪਤ ਮਾਲੀਆ (ਜਿਵੇਂ ਖੇਤੀਬਾੜੀ ਆਮਦਨ), "ਵਾਜਬ ਘਰੇਲੂ ਬੱਚਤ", ਜਾਂ ਸਪੱਸ਼ਟੀਕਰਨਯੋਗ ਸਰੋਤਾਂ ਤੋਂ ਪ੍ਰਾਪਤ ਕਾਨੂੰਨੀ ਤੌਰ 'ਤੇ ਵਿਰਾਸਤ ਵਿੱਚ ਮਿਲੇ ਪੈਸੇ ਨਾਲ ਕੀਤੀ ਗਈ ਸੋਨੇ ਦੀ ਖਰੀਦਦਾਰੀ ਟੈਕਸ ਦੇ ਅਧੀਨ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਨਿਯਮ ਕਹਿੰਦੇ ਹਨ ਕਿ ਅਧਿਕਾਰੀ ਘਰੇਲੂ ਤਲਾਸ਼ੀ ਦੌਰਾਨ ਸੋਨੇ ਦੇ ਗਹਿਣੇ ਜ਼ਬਤ ਨਹੀਂ ਕਰ ਸਕਦੇ ਜੇਕਰ ਇਨ੍ਹਾਂ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਘੱਟ ਹੈ।
ਟੈਕਸ ਮਾਮਲਿਆਂ ਦੇ ਜਾਣਕਾਰ ਐਡਵੋਕੇਟ ਕਮਲ ਅਨੰਦ ਕਹਿੰਦੇ ਹਨ, "ਕੋਈ ਵੀ ਵਿਅਕਤੀ ਆਪਣੀ ਆਮਦਨ ਦੇ ਹਿਸਾਬ ਨਾਲ ਕਿੰਨਾ ਵੀ ਸੋਨਾ ਖ਼ਰੀਦ ਜਾਂ ਰੱਖ ਸਕਦਾ ਹੈ ਪਰ ਉਸ ਕੋਲੋ ਪੁੱਛੇ ਜਾਣ ਸਮੇਂ, ਉਹ ਇਸ ਦੇ ਸਰੋਤਾਂ ਬਾਰੇ ਦੱਸ ਸਕੇ। ਲੋੜ ਪੈਣ ਅਤੇ ਮੰਗੇ ਜਾਣ ਉਪਰ ਤੁਸੀਂ ਇਸ ਦੇ ਬਿਲ ਅਤੇ ਰਸੀਦਾਂ ਦਿਖਾ ਸਕੋ।"
ਇੱਕ ਔਰਤ ਕਿੰਨਾ ਸੋਨਾ ਰੱਖ ਸਕਦੀ ਹੈ?

ਤਸਵੀਰ ਸਰੋਤ, Getty Images
ਭਾਰਤ ਦੇ ਵਿੱਤ ਮੰਤਰਾਲੇ ਆਨੁਸਾਰ ਇੱਕ ਵਿਆਹੁਤਾ ਔਰਤ 500 ਗ੍ਰਾਮ ਤੱਕ ਅਤੇ ਅਣਵਿਆਹੀ ਔਰਤ 250 ਗ੍ਰਾਮ ਤੱਕ ਸੋਨਾ ਰੱਖ ਸਕਦੀ ਹੈ।
ਇਸ ਦੇ ਨਾਲ ਹੀ ਵਿਆਹਿਆ ਅਤੇ ਅਣਵਿਆਹਿਆ ਹੋਇਆ ਮਰਦ 100 ਗ੍ਰਾਮ ਤੱਕ ਸੋਨਾ ਰੱਖ ਸਕਦਾ ਹੈ।
ਐਡਵੋਕੇਟ ਕਮਲ ਅਨੰਦ ਕਹਿੰਦੇ ਹਨ, "ਕਿਸੇ ਛਾਪੇਮਾਰੀ ਜਾਂ ਪੁੱਛਗਿੱਛ ਸਮੇਂ ਔਰਤ ਅਤੇ ਮਰਦ ਇਸ ਨਿਰਧਾਰਿਤ ਸੋਨੇ ਦੀ ਮਾਤਰਾ ਲਈ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ। ਭਾਰਤ ਵਿੱਚ ਵਿਆਹੁਤਾ ਔਰਤ ਨੂੰ 500 ਗ੍ਰਾਮ ਸੋਨਾ ਰੱਖਣ ਦੀ ਆਗਿਆ ਹੈ ਜਿਸ ਲਈ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ।"
ਮੌਜੂਦਾ ਸਮੇਂ ਸੋਨੇ ਦੀ ਖ਼ਰੀਦ ਦਾ ਕੀ ਰੁਝਾਨ ਹੈ?

ਤਸਵੀਰ ਸਰੋਤ, Getty Images
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਬੁਲਾਰੇ ਸੁਰਿੰਦਰ ਮਹਿਤਾ ਕਹਿੰਦੇ ਹਨ ਕਿ ਇਸ ਵਾਰ ਨਰਾਤਿਆਂ ਅਤੇ ਦੁਸ਼ਹਿਰੇ ਮੌਕੇ ਵੱਡੀ ਗਿਣਤੀ ਵਿੱਚ ਬੁਲੀਅਨ (ਬਿਸਕੁਟ) ਅਤੇ ਸਿੱਕਿਆਂ ਦੀ ਵਿਕਰੀ ਹੋਏ ਹੈ।
ਸੁਰਿੰਦਰ ਮਹਿਤਾ ਮੁਤਾਬਕ ਗਹਿਣਿਆਂ ਦੀ ਮੰਗ ਘੱਟ ਰਹੀ ਹੈ ਪਰ ਸੋਨੇ ਵਿੱਚ ਨਿਵੇਸ਼ ਵੱਧ ਰਿਹਾ ਹੈ। ਲੋਕ ਗਹਿਣੇ ਘੱਟ ਪਰ ਬੁਲੀਅਨ (ਬਿਸਕੁਟ) ਤੇ ਸਿੱਕੇ ਜ਼ਿਆਦਾ ਖ਼ਰੀਦ ਰਹੇ ਹਨ। ਫ਼ਿਲਹਾਲ ਬਾਜ਼ਾਰ ਵਿੱਚ ਲੋਕ ਇੱਕ ਜਾਂ ਦੋ ਗ੍ਰਾਮ ਦੇ ਸਿੱਕੇ ਵੱਧ ਖ਼ਰੀਦ ਰਹੇ ਹਨ।
ਪੰਜਾਬ ਦੇ ਫ਼ਿਰੋਜ਼ਪੁਰ ਵਿੱਚ 'ਸ਼ਿਵਮ ਜਵੈਲਰਜ਼' ਚਲਾ ਰਹੇ ਸ਼ਿਵਮ ਵਰਮਾ ਕਹਿੰਦੇ ਹਨ ਕਿ ਇਸ ਸਮੇਂ ਉਹਨਾਂ ਕੋਲੋਂ ਲੋਕ ਜ਼ਿਆਦਾਤਰ ਖ਼ਰੇ ਸੋਨੇ ਦੀ ਹੀ ਮੰਗ ਕਰਦੇ ਹਨ।
ਬਰਨਾਲਾ ਵਿੱਚ ਮਿੱਤਲ ਜਵੈਲਰਜ਼ ਦੇ ਮਾਲਕ ਅਮਨਦੀਪ ਮਿੱਤਲ ਕਹਿੰਦੇ ਹਨ ਕਿ ਇੱਕ ਸਾਲ ਦੌਰਾਨ 60 ਫ਼ੀਸਦ ਦੇ ਕਰੀਬ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ।
ਉਹ ਕਹਿੰਦੇ ਹਨ, "ਪਹਿਲਾਂ ਇਹਨਾਂ ਦਿਨਾਂ ਵਿੱਚ ਲੋਕ ਸੋਨਾ ਵੇਚਣ ਵੀ ਆਉਂਦੇ ਸਨ ਪਰ ਅੱਜ-ਕੱਲ੍ਹ ਕੋਈ ਵੇਚ ਨਹੀਂ ਰਿਹਾ ਸਗੋਂ ਲੋਕ ਸੋਨੇ ਦੀਆਂ ਡਲੀਆਂ ਖ਼ਰੀਦ ਰਹੇ ਹਨ।"
ਕੀ ਸੋਨੇ ਨੂੰ ਸੰਭਾਲਣਾ ਚੁਣੌਤੀ ਹੈ?

ਤਸਵੀਰ ਸਰੋਤ, Getty Images
ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦਰਜ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਪਾ ਕੇ ਘਰੋਂ ਬਾਹਰ ਨਿਕਲਣਾ ਜਾਂ ਘਰ ਵਿੱਚ ਸੰਭਾਲ ਕੇ ਰੱਖਣਾ ਵੀ ਇੱਕ ਚੁਣੌਤੀ ਅਤੇ ਫ਼ਿਕਰ ਵਾਲੀ ਗੱਲ ਮੰਨਿਆ ਜਾ ਰਿਹਾ ਹੈ।
ਸੁਰਿੰਦਰ ਮਹਿਤਾ ਮੁਤਾਬਕ, "ਹਰ ਕਿਸੇ ਨੂੰ ਲੱਗਦਾ ਹੈ ਕਿ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਅਜਿਹੇ ਵਿੱਚ ਗਹਿਣਿਆਂ ਵਿੱਚ ਨਿਵੇਸ਼ ਕਰਨ ਦਾ ਕੋਈ ਮਤਲਬ ਨਹੀਂ ਕਿਉਂਕਿ ਜੇ ਲਗਾਤਾਰ ਕੀਮਤਾਂ ਵੱਧਣਗੀਆਂ ਤਾਂ ਤੁਸੀਂ ਗਹਿਣੇ ਪਾ ਕੇ ਬਾਹਰ ਨਹੀਂ ਨਿੱਕਲ ਸਕਦੇ ਸਗੋਂ ਜੇਕਰ ਉਹਨਾਂ ਕੋਲ ਬੁਲੀਅਨ ਹੋਣਗੇ ਤਾਂ ਲੋਕਾਂ ਨੂੰ ਬਣਾਈ ਦੀ ਕੀਮਤ ਨਹੀਂ ਦੇਣੀ ਪਵੇਗੀ, ਉਹ ਕਦੋਂ ਵੀ ਬੁਲੀਅਨ ਅਤੇ ਸਿੱਕਿਆਂ ਨੂੰ ਵੇਚ ਸਕਦੇ ਹਨ ਅਤੇ ਬਦਲ ਵੀ ਸਕਦੇ ਹਨ।"
ਪਟਿਆਲਾ ਦੇ ਰਹਿਣ ਵਾਲੇ ਡਾ. ਅਰਚਨਾ ਗੁਪਤਾ ਵੀ ਦੀਵਾਲੀ ਮੌਕੇ ਸੋਨਾ ਖ਼ਰੀਦ ਰਹੇ ਹਨ।
ਉਹ ਕਹਿੰਦੇ ਹਨ, "ਮੈਂ ਦੀਵਾਲੀ ਮੌਕੇ ਕੁਝ ਗਹਿਣੇ ਖ਼ਰੀਦ ਰਹੀ ਹਾਂ। ਸੋਨੇ ਨੂੰ ਸੰਭਾਲਣਾ ਥੋੜੀ ਚੁਣੌਤੀ ਤਾਂ ਹੈ। ਇਸ ਨੂੰ ਸੰਭਾਲਣ ਦੀ ਵੀ ਹਰ ਸਮੇਂ ਚਿੰਤਾ ਰਹਿੰਦੀ ਹੈ, ਹਾਲਾਂਕਿ ਅੱਜ-ਕੱਲ੍ਹ ਬੈਂਕਾਂ ਵਿੱਚ ਲਾਕਰ ਅਸਾਨੀ ਨਾਲ ਮਿਲ ਜਾਂਦੇ ਹਨ ਜਿਸ ਦੀ ਅਸੀਂ ਵਰਤੋਂ ਕਰ ਸਕਦੇ ਹਾਂ।"
ਰੋਪੜ ਦੇ ਵਸਨੀਕ ਗੁਰਮੀਤ ਸਿੰਘ ਮੁਤਾਬਕ, "ਸੋਨੇ ਨੂੰ ਸੰਭਾਲਣ ਦੀ ਸਮੱਸਿਆ ਪੁਰਾਣੇ ਸਮੇਂ ਵਿੱਚ ਆਉਂਦੀ ਸੀ, ਇੱਕ ਅੱਜ ਵੀ ਇੱਕ ਕੀਮਤੀ ਚੀਜ਼ ਹੈ। ਪਰ ਹੁਣ ਅਸੀ ਇੱਕ ਹੱਦ ਤੱਕ ਬੈਂਕ ਵਿੱਚ ਲਾਕਰ ਦੇ ਭਰੋਸਾ ਕਰ ਸਕਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












