ਕੈਨੇਡਾ 'ਚ ਫਿਰੌਤੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਕੰਟਰੋਲ ਕਿਉਂ ਨਹੀਂ ਹੋ ਰਹੀਆਂ, ਸਰੀ ਦੀ ਮੇਅਰ ਨੇ ਐਮਰਜੈਂਸੀ ਐਲਾਨਣ ਦੀ ਮੰਗ ਕਿਉਂ ਕੀਤੀ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੀ ਮੇਅਰ ਨੇ ਸ਼ਹਿਰ ਵਿੱਚ ਫਿਰੌਤੀ ਦੀਆਂ ਵਧਦੀਆਂ ਘਟਨਾਵਾਂ ਨਾਲ ਨਜਿੱਠਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਇਸ ਕਰ ਕੇ ਉਨ੍ਹਾਂ ਫੈਡਰਲ ਸਰਕਾਰ (ਕੇਂਦਰ ਸਰਕਾਰ) ਨੂੰ ਇਸ ਮੁੱਦੇ ਉੱਤੇ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਸਰੀ ਸ਼ਹਿਰ ਦੀ ਮੇਅਰ ਬਰੈਂਡਾ ਲੌਕ ਵੱਲੋਂ ਬਕਾਇਦਾ ਹਾਊਸ ਵਿੱਚ ਮਤਾ ਪੇਸ਼ ਕੀਤਾ, ਜਿਸ ਨੂੰ ਪਾਸ ਵੀ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਕੈਨੇਡਾ ਸਰਕਾਰ ਨੇ ਸਰੀ ਮੇਅਰ ਦੀ ਐਮਰਜੈਂਸੀ ਦੀ ਮੰਗ ਤਾਂ ਫ਼ਿਲਹਾਲ ਸਵੀਕਾਰ ਨਹੀਂ ਕੀਤੀ ਪਰ ਫੈਡਰਲ ਸਰਕਾਰ ਹਰਕਤ ਵਿੱਚ ਜ਼ਰੂਰ ਆ ਗਈ ਹੈ।
ਕੈਨੇਡਾ ਸਰਕਾਰ ਨੇ ਸਪਸ਼ਟ ਕੀਤਾ ਹੈ, "ਫਿਰੌਤੀ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧ ਵਿੱਚ ਰਾਇਲ ਮਾਊਟਿਡ ਕੈਨੇਡੀਅਨ ਪੁਲਿਸ (ਆਰਸੀਐੱਮਪੀ) ਦੇ 20 ਅਧਿਕਾਰੀਆਂ ਦੀ ਸਰੀ ਸ਼ਹਿਰ ਵਿੱਚ ਤੁਰੰਤ ਤੈਨਾਤੀ ਕਰ ਦਿੱਤੀ ਗਈ ਹੈ।"
ਸਰੀ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਕੈਨੇਡਾ ਵਿੱਚ ਸਿਆਸਤ ਵੀ ਗਰਮਾ ਗਈ ਹੈ।
ਕੰਜ਼ਰਵੇਟਿਵ ਦੇ ਆਗੂ ਪੀਏਰ ਪੋਲੀਏਵ ਨੇ ਐਕਸ ਉੱਤੇ ਲਿਖਿਆ, "ਸਰੀ ਐਮਰਜੈਂਸੀ ਦੇ ਹਾਲਤ ਨਾਲ ਜੂਝ ਰਿਹਾ ਹੈ, ਇੱਕ ਮਹੀਨੇ ਵਿੱਚ ਫਿਰੌਤੀ ਦੀਆਂ 35 ਰਿਪੋਰਟਾਂ ਆਈਆਂ ਹਨ, ਭਾਈਚਾਰਾ ਖ਼ਤਰੇ ਵਿੱਚ ਹੈ, ਲੋਕ ਆਪਣਾ ਘਰ ਛੱਡਣ ਤੋਂ ਡਰਦੇ ਹਨ, ਕਾਰੋਬਾਰ ਬੰਦ ਹੋ ਰਹੇ ਹਨ।"
"ਲਿਬਰਲ ਸਰਕਾਰ ਨੇ ਫਿਰੌਤੀ ਦੀਆਂ ਘਟਨਾਵਾਂ ਨਾਲ ਜੂਝਣ ਵਾਲੇ ਕਾਨੂੰਨ ਨੂੰ ਕਮਜ਼ੋਰ ਬਣਾ ਦਿੱਤਾ ਹੈ ਅਤੇ ਮਾਰਕ ਕਾਰਨੀ ਨੇ ਆਪਣੇ ਕਾਰਜਕਾਲ ਦੇ ਇੱਕ ਸਾਲ ਬਾਅਦ ਵੀ ਜ਼ਮਾਨਤ ਕਾਨੂੰਨ ਵਿੱਚ ਕੋਈ ਬਦਲਾਅ ਨਹੀਂ ਕੀਤਾ, ਬਹੁਤ ਹੋ ਗਿਆ ਹੁਣ ਅਪਰਾਧ ਕਰਨ ਵਾਲੇ ਗ਼ੈਰ-ਨਾਗਰਿਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢੋ।"

ਤਸਵੀਰ ਸਰੋਤ, Getty Images
ਦੂਜੇ ਪਾਸੇ ਸਰੀ ਦੀ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਪਿਛਲੇ ਤਿੰਨ ਸਾਲ ਤੋਂ ਇਸ ਸੰਕਟ ਨਾਲ ਜੂਝ ਰਿਹਾ ਹੈ, ਪੁਲਿਸ ਅਤੇ ਸੂਬਾਈ ਸਰਕਾਰ ਦੇ ਯਤਨਾਂ ਦੇ ਬਾਵਜੂਦ ਇਹ ਅੰਤਰਰਾਸ਼ਟਰੀ ਅਪਰਾਧ ਰੁਕ ਨਹੀਂ ਪਾ ਰਿਹਾ ਅਤੇ ਹੁਣ ਇਸ ਮੁੱਦੇ ਉੱਤੇ ਕੌਮੀ ਪੱਧਰ ਉੱਤੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।
ਯਾਦ ਰਹੇ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵੱਡੀ ਗਿਣਤੀ ਵਿੱਚ ਦੱਖਣੀ ਏਸ਼ੀਆਈ ਖ਼ਾਸ ਤੌਰ ਉੱਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ ਅਤੇ ਇੱਥੇ ਹੀ ਇਨ੍ਹਾਂ ਦੇ ਕਾਰੋਬਾਰ ਹਨ।
ਸਰੀ ਤੋਂ ਇਲਾਵਾ ਐਬਟਸਫੋਰਡ, ਡੈਲਟਾ ਇਲਾਕੇ ਵਿੱਚ ਰਹਿਣ ਵਾਲੇ ਲੋਕ ਅਤੇ ਕਾਰੋਬਾਰੀ ਫਿਰੌਤੀ ਮੰਗਣ ਦੀਆਂ ਵਧਦੀਆਂ ਘਟਨਾਵਾਂ ਤੋਂ ਪਰੇਸ਼ਾਨ ਹਨ। ਇਸ ਕਰ ਕੇ ਬੀਤੇ ਐਤਵਾਰ ਨੂੰ ਸਰੀ ਵਿੱਚ ਕਾਰੋਬਾਰੀਆਂ ਅਤੇ ਆਮ ਲੋਕਾਂ ਨੇ ਇਕੱਠੇ ਹੋਏ ਕੇ ਜਬਰਨ ਵਸੂਲੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪ੍ਰਦਰਸ਼ਨ ਕੀਤਾ।
ਇਕੱਲਾ ਸਰੀ ਹੀ ਨਹੀਂ ਬਲਕਿ ਟੋਰਾਂਟੋ ਅਤੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਵਾਲੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕ ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਸਹਿਮ ਵਿੱਚ ਹਨ।
ਯਾਦ ਰਹੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸਰੀ ਸਥਿਤ ਕੈਫ਼ੇ ਉੱਤੇ ਵੀ ਕਈ ਵਾਰ ਗੋਲੀਆਂ ਚੱਲ ਚੁੱਕੀਆਂ ਹਨ।
ਕੈਨੇਡਾ ਦੇ ਸੀਬੀਸੀ ਚੈਨਲ ਦੀ ਰਿਪੋਰਟ ਦੇ ਮੁਤਾਬਕ ਬੀਤੇ ਸਾਲ 2025 ਇਕੱਲੇ ਸਰੀ ਸ਼ਹਿਰ ਵਿੱਚ ਵਿੱਚ ਫਿਰੌਤੀ ਵਸੂਲਣ ਦੀਆਂ 132 ਕੋਸ਼ਿਸ਼ ਹੋਈਆਂ, ਜਿਸ ਵਿੱਚ 49 ਮਾਮਲਿਆਂ ਵਿੱਚ ਘਰਾਂ ਅਤੇ ਵਪਾਰਕ ਸਥਾਨਾਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ।
ਇਸੀ ਤਰੀਕੇ ਨਾਲ ਐਬਟਸਫੋਰਡ ਅਤੇ ਡੈਲਟਾ ਵਿੱਚ ਵੀ ਦਰਜਨਾਂ ਹੋਰ ਮਾਮਲੇ ਰਿਪੋਰਟ ਕੀਤੇ ਗਏ ਹਨ।

ਤਸਵੀਰ ਸਰੋਤ, TheKapsCafe/Insta/Kapil Sharma/FB
ਫੈਡਰਲ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਵਿੱਚ ਕੀ ਹੈ
ਫੈਡਰਲ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਵਿੱਚ ਸਰੀ ਕੌਂਸਲ ਨੇ ਸੂਬਾਈ ਸਰਕਾਰ ਨੂੰ ਫਿਰੌਤੀ ਸੰਕਟ ਨਾਲ ਨਜਿੱਠਣ ਲਈ ਵਾਧੂ ਸਾਧਨ ਅਤੇ ਅਸਥਾਈ ਅਧਿਕਾਰ ਦੇਣ ਦੀ ਗੱਲ ਕੀਤੀ ਹੈ, ਕਿਉਂਕਿ ਮੌਜੂਦਾ ਯਤਨ ਇਸ ਸੰਕਟ ਨਾਲ ਨਜਿੱਠਣ ਦੇ ਲਈ ਕਾਫ਼ੀ ਨਹੀਂ ਹੈ।
ਮੇਅਰ ਮੁਤਾਬਕ, "ਸਰੀ ਨੂੰ ਸੰਗਠਿਤ ਜਬਰਨ ਵਸੂਲੀ, ਧਮਕਾਉਣ ਅਤੇ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਣ ਵਰਗੇ ਗੰਭੀਰ ਅਪਰਾਧਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਸਰੀ ਦੇ ਨਿਵਾਸੀ ਅਤੇ ਕਾਰੋਬਾਰੀ ਡਰ ਦੇ ਮਾਹੌਲ ਵਿੱਚ ਹਨ, ਜਨਤਕ ਸੁਰੱਖਿਆ ਖ਼ਤਰੇ ਵਿੱਚ ਹੈ, ਜਿਸ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਸਪਸ਼ਟ ਹਨ।"
"ਇਸ ਲਈ ਫੈਡਰਲ ਸਰਕਾਰ (ਕੇਂਦਰ ਸਰਕਾਰ) ਨੂੰ ਹੁਣ ਤੁਰੰਤ ਕਾਰਵਾਈ ਕਰਨ ਚਾਹੀਦੀ ਹੈ ਤਾਂ ਜੋ ਅਧਿਕਾਰੀਆਂ ਨੂੰ ਵਾਧੂ ਸਾਧਨ ਮਿਲ ਸਕਣ, ਜਿਸ ਨਾਲ ਅਸੀਂ ਆਪਣੇ ਨਿਵਾਸੀਆਂ ਨੂੰ ਸੁਰੱਖਿਆ ਦੇ ਸਕੀਏ।"

ਤਸਵੀਰ ਸਰੋਤ, Getty Images
ਐਮਰਜੈਂਸੀ ਦਾ ਕੀ ਹੈ ਮਤਲਬ
ਕੈਨੇਡਾ ਵਿੱਚ ਕ੍ਰਾਈਮ ਨੂੰ ਲੈ ਕੇ ਐਮਰਜੈਂਸੀ ਦਾ ਮਤਾ ਪਾਸ ਕਰਨ ਦਾ ਮਤਲਬ ਹੈ ਪੁਲਿਸ ਨੂੰ ਅਪਰਾਧ ਨੂੰ ਰੋਕਣ ਦੇ ਲਈ ਜ਼ਿਆਦਾ ਅਧਿਕਾਰ ਅਤੇ ਸਾਧਨ ਮੁਹੱਈਆ ਕਰਵਾਏ ਜਾਣ।
ਇਸ ਤੋਂ ਇਲਾਵਾ ਸਿਟੀ ਵਿੱਚ ਸਥਾਨਕ ਪੁਲਿਸ ਤੋਂ ਇਲਾਵਾ ਰਾਇਲ ਮਾਊਟਿਡ ਕੈਨੇਡੀਅਨ ਪੁਲਿਸ (ਆਰਸੀਐੱਮਪੀ) ਅਤੇ ਫੈਡਰਲ ਕ੍ਰਾਈਮ ਯੂਨਿਟ ਦੀ ਤੈਨਾਤੀ ਕੀਤੀ ਜਾਵੇ ਜੋ ਕਿ ਹੁਣ ਹੋ ਵੀ ਗਈ ਹੈ।
ਇਸੀ ਤਹਿਤ ਫੈਡਰਲ-ਸੂਬਾਈ ਅਤੇ ਮਿਊਂਸੀਪਲ ਸਾਂਝੀ ਟਾਸਕ ਫੋਰਸ ਦੀ ਅਗਵਾਈ ਆਰਸੀਐੱਮਪੀ ਵੱਲੋਂ ਕੀਤੀ ਜਾਵੇਗੀ, ਜਿਸ ਨੂੰ ਫਿਰੌਤੀ ਨਾਲ ਸਬੰਧਿਤ ਅਪਰਾਧ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ।
ਇਸ ਦੇ ਨਾਲ ਹੀ ਫਿਰੌਤੀ, ਗੋਲੀਬਾਰੀ ਨਾਲ ਸਬੰਧਿਤ ਮਾਮਲਿਆਂ ਵਿੱਚ ਹਿੱਸੇਦਾਰੀ ਦੇ ਇਲਜ਼ਾਮਾਂ ਹੇਠ ਚਾਰਜ ਕੀਤੇ ਗਏ ਜਾਂ ਦੋਸ਼ੀ ਠਹਿਰਾਏ ਗਏ ਗ਼ੈਰ ਕੈਨੇਡੀਅਨ ਨਾਗਰਿਕਾਂ ਨੂੰ ਤੇਜ਼ੀ ਨਾਲ ਦੇਸ਼ ਤੋਂ ਬਾਹਰ ਕੀਤਾ ਜਾ ਸਕੇਗਾ।
ਸਰੀ ਸਿਟੀ ਕੌਂਸਲ ਵੱਲੋਂ ਪਾਸ ਕੀਤੇ ਗਏ ਪ੍ਰਸਤਾਵ ਤੋਂ ਬਾਅਦ ਫੈਡਰਲ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ।
ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਸੰਸਦ ਵਿੱਚ ਦੱਸਿਆ ਕਿ ਸਰਕਾਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅਪਰਾਧੀਆਂ ਖ਼ਿਲਾਫ਼ ਕਾਰਵਾਈ ਦੇ ਲਈ ਦੋ ਹੈਲੀਕਾਪਟਰਾਂ ਤੋਂ ਇਲਾਵਾ ਆਰਸੀਐੱਮਪੀ ਦੇ 20 ਅਧਿਕਾਰੀਆਂ ਦੀ ਤੈਨਾਤੀ ਕੀਤੀ ਗਈ ਹੈ।

ਕੁਦਰਤੀ ਖ਼ੂਬਸੂਰਤੀ ਲਈ ਮਸ਼ਹੂਰ ਸਰੀ ਕਿਵੇਂ ਬਣਾ ਗਿਆ ਅਪਰਾਧ ਦਾ ਗੜ੍ਹ
ਕੁਦਰਤੀ ਸੁੰਦਰਤਾ, ਝਰਨਿਆਂ, ਝੀਲਾਂ ਅਤੇ ਪਹਾੜੀਆਂ ਕੈਨੇਡਾ ਦੇ ਬ੍ਰਿਟਿਸ ਕੋਲੰਬੀਆਂ ਸ਼ਹਿਰ ਦੀ ਪਛਾਣ ਹੈ, ਪਰ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਵੀ ਸਰੀ ਸ਼ਹਿਰ ਨੂੰ ਅਪਰਾਧ ਦੀ ਦੁਨੀਆ ਦੇ ਨਕਸ਼ੇ ਉੱਤੇ ਵੀ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਸਰੀ ਵਿੱਚ ਫਿਰੌਤੀਆਂ ਵਸੂਲਣ ਦਾ ਅਪਰਾਧ ਕਿੰਨਾ ਵੱਧ ਚੁੱਕਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਟੀ ਪੁਲਿਸ ਨੇ ਬਕਾਇਦਾ ਇੱਕ ਵੱਖਰਾ ਯੂਨਿਟ ਇਸ ਅਪਰਾਧ ਨਾਲ ਨਜਿੱਠਣ ਲਈ ਸਥਾਪਤ ਕੀਤਾ ਹੋਇਆ ਹੈ।
ਸਰੀ ਪੁਲਿਸ ਚੀਫ਼ ਨੌਰਮ ਲਿਪਿੰਸਕੀ ਨੇ 15 ਸਤੰਬਰ 2025 ਨੂੰ ਪ੍ਰੈੱਸ ਨੋਟ ਵਿੱਚ ਮੰਨਿਆ ਸੀ, "ਫਿਰੌਤੀ ਦੇ ਮਾਮਲੇ ਦੀ ਜਾਂਚ ਬਹੁਤ ਜਟਿਲ ਹੈ ਕਿਉਂਕਿ ਇਸ ਦੀਆਂ ਤਾਰਾਂ ਅਕਸਰ ਦੇਸ਼ ਦੇ ਅੰਦਰ ਅਤੇ ਬਾਹਰ ਕੰਮ ਕਰਨ ਵਾਲੇ ਸੰਗਠਿਤ ਅਪਰਾਧੀ ਗਰੁੱਪਾਂ ਨਾਲ ਜੁੜੀਆਂ ਹੁੰਦੀਆਂ ਹਨ, ਇਸ ਕਰ ਕੇ ਪੁਲਿਸ ਜਾਂਚ ਨੂੰ ਅੱਗੇ ਵਧਾਉਣ ਵਾਲੀ ਜਾਣਕਾਰੀ ਹਾਸਲ ਕਰਨਾ ਚੁਣੌਤੀ ਭਰਿਆ ਹੈ।"
ਸਰੀ ਵਿੱਚ ਅਧਿਆਪਕ ਦੇ ਕਿੱਤੇ ਨਾਲ ਸਬੰਧਿਤ ਪਰਮਵੀਰ ਸਿੰਘ ਕਾਹਲੋਂ ਨੇ ਬੀਬੀਸੀ ਪੰਜਾਬੀ ਨੂੰ ਫ਼ੋਨ ਉੱਤੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਸ਼ਹਿਰ ਦੇ ਹਾਲਤ ਕਾਫ਼ੀ ਖ਼ਰਾਬ ਹੋ ਗਏ ਹਨ।
ਪਰਮਵੀਰ ਸਿੰਘ ਕਾਹਲੋਂ ਪਿਛਲੇ 15 ਸਾਲਾਂ ਤੋਂ ਸਰੀ ਵਿੱਚ ਰਹਿੰਦੇ ਹਨ, "ਉਨ੍ਹਾਂ ਮੁਤਾਬਕ ਪਹਿਲਾਂ ਅਜਿਹਾ ਮਾਹੌਲ ਨਹੀਂ ਸੀ, ਇਮੀਗ੍ਰੇਸ਼ਨ ਖੁੱਲਣ ਤੋਂ ਬਾਅਦ ਪਿਛਲੇ ਦੋ ਸਾਲਾਂ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਹੁਣ ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।"

ਤਸਵੀਰ ਸਰੋਤ, Getty Images
ਉਨ੍ਹਾਂ ਦੱਸਿਆ ਕੈਨੇਡਾ ਦਾ ਕਾਨੂੰਨ ਬਹੁਤ ਨਰਮ ਹੈ, ਜਿਸ ਨੂੰ ਸਖ਼ਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਅਤੇ ਪੁਲਿਸ ਨੂੰ ਫੜ੍ਹ ਵੀ ਲੈਂਦੀ ਹੈ ਤਾਂ ਉਹ ਦੂਜੇ ਦਿਨ ਜ਼ਮਾਨਤ ਲੈ ਕੇ ਬਾਹਰ ਆ ਜਾਂਦਾ ਹੈ, ਇਸ ਕਰਕੇ ਲੋਕਾਂ ਵਿੱਚ ਕਾਨੂੰਨ ਦਾ ਡਰ ਨਹੀਂ ਹੈ।
ਡਰ ਅਤੇ ਸਹਿਮ ਦੇ ਮਾਹੌਲ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਬੀਸੀ ਪੰਜਾਬੀ ਨੇ ਸਰੀ ਦੇ ਕਈ ਕਾਰੋਬਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਇਸ ਮੁੱਦੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਸਰੀ ਵਿੱਚ ਕਨੈਕਟ ਰੇਡੀਉ ਦੇ ਪੱਤਰਕਾਰ ਪਰਵੇਜ਼ ਸੰਧੂ ਨੇ ਦੱਸਿਆ ਕਿ ਫਿਰੌਤੀ ਦਾ ਮਸਲਾ ਇਕੱਲਾ ਸਰੀ ਦਾ ਨਹੀਂ ਬਲਕਿ ਪੂਰੇ ਕੈਨੇਡਾ ਦਾ ਮਸਲਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਸਰੀ ਤੋਂ ਇਲਾਵਾ ਡੈਲਟਾ, ਕੈਲਗਰੀ, ਐਡਮਿੰਟਨ ਅਤੇ ਗ੍ਰੇਟਰ ਟਰਾਂਟੋ ਇਲਾਕੇ ਵਿੱਚ ਵੀ ਲੋਕ ਫਿਰੌਤੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਹਨ।
ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਲੋਕ ਇਸ ਸਮੇਂ ਮਹਿੰਗਾਈ ਅਤੇ ਘਰਾਂ ਦੀ ਥੁੜ ਦੀ ਗੱਲ ਨਹੀਂ ਕਰਦੇ, ਸਗੋਂ ਵਿਗੜਦੀ ਕਾਨੂੰਨ ਵਿਵਸਥਾ ਦੀ ਚਰਚਾ ਜ਼ਿਆਦਾ ਕਰ ਰਹੇ ਹਨ।
ਉਨ੍ਹਾਂ ਦੱਸਿਆ, "ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਰੋਜ਼ਾਨਾ ਗੋਲੀਬਾਰੀ ਅਤੇ ਫਿਰੌਤੀ ਦੀਆਂ ਘਟਨਾਵਾਂ ਪੁਲਿਸ ਕੋਲ ਰਿਪੋਰਟ ਹੋ ਰਹੀਆਂ ਹਨ ਅਤੇ ਤੰਗ ਆਏ ਲੋਕਾਂ ਨੇ ਹੁਣ ਇਸ ਮੁੱਦੇ ਉੱਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬੀਤੇ ਵੀਕ ਐਂਡ ਉੱਤੇ ਦੋ ਪ੍ਰਦਰਸ਼ਨ ਹੋ ਚੁੱਕੇ ਹਨ।"
ਪਰਵੇਜ਼ ਸੰਧੂ ਮੁਤਾਬਕ "ਫੈਡਰਲ ਸਰਕਾਰ ਨੂੰ ਇਸ ਮੁੱਦੇ ਵਿੱਚ ਸ਼ਾਮਲ ਕਰਨ ਦਾ ਮਤਲਬ ਇਹ ਵੀ ਹੈ, ਜੇਕਰ ਕਿਸੇ ਵਿਅਕਤੀ ਨੂੰ ਦੇਸ਼ ਨਿਕਲਾ ਦੇਣਾ ਹੈ, ਤਾਂ ਇਹ ਅਧਿਕਾਰ ਖੇਤਰ ਫੈਡਰਲ ਸਰਕਾਰ ਕੋਲ ਹੈ, ਇਸ ਕਰ ਕੇ ਮੇਅਰ ਨੇ ਇਸ ਵਿੱਚ ਫੈਡਰਲ ਸਰਕਾਰ ਨੂੰ ਸ਼ਾਮਲ ਕੀਤਾ ਹੈ।"

ਤਸਵੀਰ ਸਰੋਤ, Getty Images
ਪੁਲਿਸ ਹਰਕਤ 'ਚ, ਪਰ ਨਹੀਂ ਰੁਕ ਰਹੀਆਂ ਘਟਨਾਵਾਂ
ਇੱਕ ਪਾਸੇ ਸਰੀ ਪੁਲਿਸ ਅਤੇ ਹੋਰ ਏਜੰਸੀਆਂ ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰਕਤ ਵਿੱਚ ਹੈ, ਪਰ ਇਸ ਸਭ ਦੇ ਬਾਵਜੂਦ ਘਟਨਾਵਾਂ ਰੁਕ ਨਹੀਂ ਰਹੀਆਂ।
28 ਜਨਵਰੀ ਨੂੰ ਸਰੀ ਨੇੜਲੇ ਇਲਾਕੇ ਨਿਊਟਨ ਵਿਖੇ ਇੱਕ ਇੰਡੀਅਨ ਹੋਟਲ ਨੂੰ ਨਿਸ਼ਾਨਾ ਬਣਾ ਕੇ ਉਸ ਉੱਤੇ ਗੋਲੀਆਂ ਚਲਾਈਆਂ ਗਈਆਂ।
ਸਰੀ ਪੁਲਿਸ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਸ਼ਹਿਰ ਦੇ 8100 ਬਲਾਕ ਆਫ਼ 120 ਸਟਰੀਟ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀਆਂ।
ਮੌਕੇ ਉੱਤੇ ਪਹੁੰਚਣ ਉੱਤੇ ਪੁਲਿਸ ਨੂੰ ਇੱਕ ਕਾਰੋਬਾਰ ਦੇ ਸ਼ੀਸ਼ੇ ਦੇ ਗੇਟ ਉੱਤੇ ਗੋਲੀਆਂ ਦੇ ਨਿਸ਼ਾਨ ਮਿਲੇ। ਇਸ ਘਟਨਾ ਵਿੱਚ ਕਿਸੇ ਨੂੰ ਵੀ ਚੋਟ ਨਹੀਂ ਲੱਗੀ। ਫ਼ਿਲਹਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਰੀ ਪੁਲਿਸ ਨੇ 26 ਜਨਵਰੀ 2026 ਨੂੰ ਇਸ ਤਰਾਂ ਦੇ ਇੱਕ ਹੋਰ ਮਾਮਲੇ ਵਿੱਚ ਲੋੜੀਂਦੇ ਦੋ ਨੌਜਵਾਨਾਂ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਉੱਤੇ ਲੱਗੇ ਇਲਜ਼ਾਮਾਂ ਦੇ ਸਬੰਧ ਵਿੱਚ ਉਨ੍ਹਾਂ ਦੀਆਂ ਫ਼ੋਟੋਆਂ ਜਾਰੀ ਕੀਤੀ ਹਨ।
ਸਰੀ ਪੁਲਿਸ ਦਾ ਕਹਿਣਾ ਹੈ ਕਿ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਦੀਆਂ ਤਸਵੀਰਾਂ ਜਨਤਕ ਤੌਰ ਉੱਤੇ ਜਾਰੀ ਕਰਨ ਨਾਲ ਗਵਾਹ, ਪੀੜਤ ਵਿਅਕਤੀ ਅੱਗੇ ਆ ਕੇ 26 ਜਨਵਰੀ ਜਾਂ ਇਸ ਤੋਂ ਪਹਿਲਾਂ ਦੀਆਂ ਇਨ੍ਹਾਂ ਦੋਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਵਿੱਚ ਮਦਦ ਮਿਲੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












