ਇੱਕ ਔਰਤ ’ਤੇ ਆਪਣੇ ਪ੍ਰੇਮੀ ਦੀ ਪਤਨੀ ਨੂੰ ਐਚਆਈਵੀ ਦਾ ਟੀਕਾ ਲਾਉਣ ਦਾ ਇਲਜ਼ਾਮ ਲੱਗਾ, ਜਾਣੋ ਮਾਮਲੇ ਦਾ ਖੁਲਾਸਾ ਕਿਵੇਂ ਹੋਇਆ

ਸੀਸੀਟੀਵੀ ਫੁਟੇਜ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਪੁਲਿਸ ਨੇ ਬਰੀਕੀ ਨਾਲ ਸੀਸੀ-ਟੀਵੀ ਫੁਟੇਜ ਦੀ ਜਾਂਚ ਕੀਤੀ
    • ਲੇਖਕ, ਤੁਲਸੀ ਪ੍ਰਸਾਦ ਰੈਡੀ
    • ਰੋਲ, ਬੀਬੀਸੀ ਲਈ

ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ, ਇੱਕ ਔਰਤ ਨੇ ਕਥਿਤ ਤੌਰ 'ਤੇ ਆਪਣੇ ਪ੍ਰੇਮੀ ਦੀ ਪਤਨੀ ਨੂੰ ਐਚਆਈਵੀ ਦੀ ਲਾਗ ਵਾਲੇ ਖੂਨ ਦਾ ਟੀਕਾ ਲਗਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਦਮ ਪ੍ਰੇਮੀ ਵੱਲੋਂ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਣ ਕਾਰਨ ਪੈਦਾ ਹੋਈ ਰੰਜਿਸ਼ ਵਿੱਚ ਚੁੱਕਿਆ।

ਪੀੜਤ ਔਰਤ ਇੱਕ ਡਾਕਟਰ ਹੈ। ਉਸ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੁਰਨੂਲ ਥ੍ਰੀ ਟਾਊਨ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਵਾਕਿਆ 9 ਜਨਵਰੀ ਨੂੰ ਵਾਪਰਿਆ ਸੀ।

ਪੁਲਿਸ ਅਨੁਸਾਰ, ਕੁਰਨੂਲ ਦੇ ਇੱਕ ਸਰਕਾਰੀ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਜਦੋਂ ਸਕੂਟੀ 'ਤੇ ਹਸਪਤਾਲ ਤੋਂ ਘਰ ਜਾ ਰਹੀ ਸੀ, ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਡਿੱਗੀ ਹੋਈ ਡਾਕਟਰ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ, ਦੋ ਵਿਅਕਤੀਆਂ ਨੇ ਉਸ ਨੂੰ ਲਾਗ ਵਾਲੇ ਖੂਨ ਦਾ ਟੀਕਾ ਲਗਾ ਦਿੱਤਾ।

ਕੁਰਨੂਲ ਦੇ ਡੀਐੱਸਪੀ ਬਾਬੂ ਪ੍ਰਸਾਦ ਨੇ ਬੀਬੀਸੀ ਨੂੰ ਇਸ ਕੇਸ ਬਾਰੇ ਵਿਸਥਾਰ ਵਿੱਚ ਦੱਸਿਆ।

ਹੱਥਾਂ ਵਿੱਚ ਸਰਿੰਜ ਫੜੀ ਹੋਏ ਮੁਲਜ਼ਮ"

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਹੱਥਾਂ ਵਿੱਚ ਸਰਿੰਜ ਫੜੀ ਹੋਏ ਮੁਲਜ਼ਮ"

ਕੇਸ ਦੇ ਵੇਰਵੇ ਕੁਰਨੂਲ ਦੇ ਡੀ.ਐੱਸ.ਪੀ. ਬਾਬੂ ਪ੍ਰਸਾਦ ਦੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਹਨ...

"ਇੱਕ ਮਹਿਲਾ ਡਾਕਟਰ ਕੇ.ਸੀ. ਕੈਨਾਲ ਰੋਡ 'ਤੇ ਸਕੂਟੀ ਚਲਾ ਰਹੀ ਸੀ। ਇੱਕ ਹੋਰ ਵਾਹਨ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟੀ ਫਿਸਲ ਗਈ ਅਤੇ ਉਹ ਡਿੱਗ ਪਈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਤੁਰੰਤ ਉੱਥੇ ਮੌਜੂਦ ਦੋ ਔਰਤਾਂ ਨੇ ਉਸ ਨੂੰ ਇਹ ਕਹਿ ਕੇ ਆਟੋ ਵਿੱਚ ਬਿਠਾ ਲਿਆ ਕਿ ਉਹ ਉਸ ਨੂੰ ਹਸਪਤਾਲ ਲੈ ਕੇ ਜਾਣਗੀਆਂ। ਉਸ ਸਮੇਂ ਮਹਿਲਾ ਡਾਕਟਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਉਸ ਨੂੰ ਟੀਕੇ ਲਗਾਏ ਗਏ ਹਨ। ਡਾਕਟਰ ਦੇ ਪਤੀ ਨੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ।"

"ਮੁਲਜ਼ਮਾਂ ਵਿੱਚੋਂ ਇੱਕ ਨਰਸ ਹੈ। ਜਿਸ ਡਾਕਟਰ ਨੂੰ ਉਹ ਪਿਆਰ ਕਰਦੀ ਸੀ, ਉਸ ਵੱਲੋਂ ਨਕਾਰੇ ਜਾਣ ਅਤੇ ਕਿਸੇ ਹੋਰ ਮਹਿਲਾ ਡਾਕਟਰ ਨਾਲ ਵਿਆਹ ਕਰਵਾਉਣ ਤੋਂ ਬਾਅਦ, ਨਰਸ ਨੇ ਰੰਜਿਸ਼ ਤਹਿਤ ਡਾਕਟਰ ਦੀ ਪਤਨੀ ਨੂੰ ਟੀਕਾ ਲਗਾਉਣ ਦੀ ਯੋਜਨਾ ਬਣਾਈ।"

ਪੁਲਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਹੋਰ ਨਰਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਐਚਆਈਵੀ ਦੇ ਮਰੀਜ਼ਾਂ ਤੋਂ ਵਾਇਰਸ ਵਾਲਾ ਖੂਨ ਇਕੱਠਾ ਕੀਤਾ ਸੀ।

ਡੀਐੱਸਪੀ ਨੇ ਕਿਹਾ, "ਉਸ ਨੇ ਆਪਣੀ ਸਹੇਲੀ ਅਤੇ ਉਸ ਦੇ ਦੋ ਬੱਚਿਆਂ ਦੀ ਮਦਦ ਨਾਲ ਟੀਕਾ ਲਾਇਆ ਅਤੇ ਫਰਾਰ ਹੋ ਗਈ। ਪੁਲਿਸ ਜਾਂਚ ਵਿੱਚ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਅਸੀਂ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸੀਂ ਉਨ੍ਹਾਂ ਦੇ ਅਸਲ ਇਰਾਦੇ ਅਤੇ ਇੰਜੈਕਸ਼ਨ ਵਿੱਚ ਕਿਹੜੇ ਵਾਇਰਸ ਸਨ, ਇਸ ਦੀ ਵੀ ਜਾਂਚ ਕਰਾਂਗੇ।”

“ਅਸੀਂ ਇਸ ਗੱਲ ਦੀ ਵੀ ਪੜਤਾਲ ਕਰਾਂਗੇ ਕਿ, ਕੀ ਇਸ ਵਿੱਚ ਕੋਈ ਹੋਰ ਸ਼ਾਮਲ ਸੀ ਅਤੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਇਲ ਕਰਾਂਗੇ। ਇਸ ਕੇਸ ਵਿੱਚ ਤਕਨੀਕੀ ਸਬੂਤਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਅਸੀਂ ਸੀਸੀਟੀਵੀ ਕੈਮਰਿਆਂ ਤੋਂ ਬੜੀ ਸਾਵਧਾਨੀ ਨਾਲ ਵਿਜ਼ੁਅਲਸ ਇਕੱਠੇ ਕੀਤੇ ਹਨ।"

ਲੈਬ ਵਿੱਚ ਕੋਈ ਸੈਂਪਲ ਭਰੇ ਜਾਣ ਦਾ ਦ੍ਰਿਸ਼, ਸਿਰਫ਼ ਹੱਥ ਅਤੇ ਟੀਕਾ ਨਜ਼ਰ ਆ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਇੱਕ ਸਹੇਲੀ ਅਤੇ ਉਸਦੇ ਬੱਚਿਆਂ ਨੇ ਇਸ ਕਾਰੇ ਵਿੱਚ ਉਸਦੀ ਮਦਦ ਕੀਤੀ ਸੀ

'ਸਾੜੇ ਕਾਰਨ ਟੀਕਾ ਲਾਉਣ ਦੀ ਯੋਜਨਾ'

ਪੁਲਿਸ ਨੇ ਦੱਸਿਆ ਕਿ ਪ੍ਰੇਮੀ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਔਰਤ ਨੇ ਸੜਨ (ਈਰਖਾ) ਵਿੱਚ ਆ ਕੇ ਇਹ ਕਾਰਾ ਕੀਤਾ।

"ਪੜ੍ਹਾਈ ਦੌਰਾਨ ਡਾਕਟਰ ਦੀ ਆਪਣੀ ਇੱਕ ਜਮਾਤੀ ਨਾਲ ਦੋਸਤੀ ਹੋ ਗਈ ਸੀ। ਦੋਵਾਂ ਨੂੰ ਪਿਆਰ ਹੋ ਗਿਆ। ਬਾਅਦ ਵਿੱਚ ਉਹ ਵੱਖ ਹੋ ਗਏ। ਉਸ ਨੇ ਇੱਕ ਹੋਰ ਡਾਕਟਰ ਨਾਲ ਵਿਆਹ ਕਰ ਲਿਆ। ਪਰ ਉਹ ਲੜਕੀ, ਜੋ ਇੱਕ ਨਰਸ ਹੈ, ਅਣਵਿਆਹੀ ਰਹੀ।"

"ਵਿਆਹ ਤੋਂ ਬਾਅਦ ਮੁਲਜ਼ਮ ਔਰਤ ਦੇ ਮਨ ਵਿੱਚ ਡਾਕਟਰ ਦੀ ਪਤਨੀ ਪ੍ਰਤੀ ਸੜਨ ਪੈਦਾ ਹੋ ਗਈ। ਉਸ ਨੂੰ ਆਪਣੇ ਪ੍ਰੇਮੀ ਤੋਂ ਦੂਰ ਕਰਨ ਦੇ ਇਰਾਦੇ ਨਾਲ, ਉਸ ਨੇ ਪੀੜਤ ਨੂੰ ਜਾਣਕਾਰੀ ਦਿੱਤੇ ਬਿਨਾਂ ਟੀਕਾ ਲਾਉਣ ਦੀ ਯੋਜਨਾ ਬਣਾਈ। ਹਸਪਤਾਲ ਵਿੱਚ ਆਪਣੇ ਸੰਪਰਕਾਂ ਦੀ ਵਰਤੋਂ ਕਰਦਿਆਂ, ਉਸ ਨੇ ਐਚਆਈਵੀ ਵਾਇਰਸ ਹਾਸਲ ਕੀਤਾ ਅਤੇ ਉਸ ਦਿਨ ਔਰਤ ਨੂੰ ਟੀਕਾ ਲਗਾ ਦਿੱਤਾ।"

ਡੀਐੱਸਪੀ ਨੇ ਕਿਹਾ, "ਮੁਲਜ਼ਮ ਨੇ ਜ਼ਰੂਰੀ ਕੰਮ ਕਰਨ ਦਾ ਵਾਅਦਾ ਕਰਕੇ ਆਪਣੀ ਸਹੇਲੀ ਅਤੇ ਉਸਦੇ ਬੱਚਿਆਂ ਦੀ ਮਦਦ ਲਈ। ਉਨ੍ਹਾਂ ਨੂੰ ਵੀ ਇਸ ਅਪਰਾਧ ਵਿੱਚ ਭਾਈਵਾਲ ਬਣਾਇਆ ਗਿਆ।"

ਲੈਬ ਕੋਟ ਸਟੈਥੋ ਸਕੋਪ ਫੜੀ ਕਿਸੇ ਮਹਿਲਾ ਦੇ ਸਿਰਫ਼ ਹੱਥ ਨਜ਼ਰ ਆ ਰਹੇ ਹਨ, ਜੋ ਉਸ ਨੇ ਕਮਰ ਦੇ ਪਿੱਛੇ ਕੀਤੇ ਹੋਏ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਦੱਸਿਆ ਕਿ ਤਕਨੀਕੀ ਸਬੂਤਾਂ ਨੇ ਕੇਸ ਦੀ ਜਾਂਚ ਵਿੱਚ ਬਹੁਤ ਮਦਦ ਕੀਤੀ ਹੈ

ਮੁਲਜ਼ਮ ਦਾ ਪਤਾ ਕਿਵੇਂ ਲੱਗਿਆ?

ਸੀਆਈ ਸ਼ੇਸ਼ੱਈਆ ਦਾ ਕੋਟ

ਕੁਰਨੂਲ ਥ੍ਰੀ ਟਾਊਨ ਦੇ ਸੀਆਈ ਸ਼ੇਸ਼ੱਈਆ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਜ਼ਮ ਨੇ ਅਡੋਨੀ ਵਿੱਚ ਰਹਿਣ ਵਾਲੀ ਆਪਣੀ ਸਹੇਲੀ ਅਤੇ ਉਸਦੇ ਬੱਚਿਆਂ ਰਾਹੀਂ ਇਹ ਯੋਜਨਾ ਬਣਾਈ ਸੀ।

ਸੀਆਈ ਨੇ ਦੱਸਿਆ ਕਿ ਅਡੋਨੀ ਤੋਂ ਆਈ ਮੁਲਜ਼ਮ ਦੀ ਸਹੇਲੀ ਅਤੇ ਉਸ ਦਾ ਲੜਕਾ ਪਹਿਲਾਂ ਬਾਈਕ ਸਵਾਰ ਸਨ ਅਤੇ ਉਨ੍ਹਾਂ ਨੇ ਸਕੂਟੀ ਨੂੰ ਟੱਕਰ ਮਾਰੀ, ਜਿਸ ਕਾਰਨ ਮਹਿਲਾ ਡਾਕਟਰ ਡਿੱਗ ਗਈ। ਫਿਰ ਸਹੇਲੀ ਦੀ ਧੀ ਅਤੇ ਮੁਲਜ਼ਮ ਪਿੱਛੇ ਆਏ ਅਤੇ ਉਨ੍ਹਾਂ ਨੇ ਟੀਕਾ ਲਗਾ ਦਿੱਤਾ।

ਸੀਆਈ ਸ਼ੇਸ਼ੱਈਆ ਨੇ ਕਿਹਾ,"ਜਦੋਂ ਮਹਿਲਾ ਡਾਕਟਰ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨੇ ਉਸ ਨੂੰ ਟੀਕਾ ਲਾਇਆ ਹੈ, ਤਾਂ ਉਸ ਨੇ ਆਪਣੇ ਫੋਨ 'ਤੇ ਉਨ੍ਹਾਂ ਦੇ ਚਿਹਰਿਆਂ ਦੀਆਂ ਤਸਵੀਰਾਂ ਖਿੱਚ ਲਈਆਂ। ਉਨ੍ਹਾਂ ਤਸਵੀਰਾਂ, ਉਨ੍ਹਾਂ ਦੇ ਕੱਪੜਿਆਂ ਅਤੇ ਸੀਸੀਟੀਵੀ ਕੈਮਰਿਆਂ ਦੇ ਆਧਾਰ 'ਤੇ ਅਸੀਂ ਜਾਂਚ ਕੀਤੀ। ਅਸੀਂ ਵਾਹਨ ਦੇ ਨੰਬਰ ਦਾ ਪਤਾ ਲਗਾਇਆ ਅਤੇ ਦੇਖਿਆ ਕਿ ਇਹ ਕਿਸ ਦੇ ਨਾਂ 'ਤੇ ਸੀ। ਇਹ ਮੁਲਜ਼ਮ ਦੇ ਨਾਂ 'ਤੇ ਹੀ ਸੀ। ਪਰ ਅਸੀਂ ਉਸ ਤੋਂ ਕਿੰਨੀ ਵੀ ਪੁੱਛਗਿੱਛ ਕੀਤੀ, ਸ਼ੁਰੂ ਵਿੱਚ ਉਸ ਨੇ ਜੁਰਮ ਕਬੂਲ ਨਹੀਂ ਕੀਤਾ।"

ਸ਼ੇਸ਼ੱਈਆ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨੇ ਬਾਅਦ ਵਿੱਚ ਆਪਣਾ ਜੁਰਮ ਕਿਵੇਂ ਕਬੂਲ ਕੀਤਾ।

"ਅਸੀਂ ਉਸਦੀ ਕਾਲ ਲਿਸਟ ਦੀ ਜਾਂਚ ਕੀਤੀ। ਉਸਨੇ ਜਿਨ੍ਹਾਂ 17 ਲੋਕਾਂ ਨਾਲ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ 15 ਸਾਡੇ ਸੰਪਰਕ ਵਿੱਚ ਆ ਗਏ। ਸਿਰਫ਼ ਦੋ ਨਹੀਂ ਆਏ। ਉਨ੍ਹਾਂ ਸਾਰਿਆਂ ਨੇ ਆਮ ਵਾਂਗ ਗੱਲ ਕੀਤੀ, ਪਰ ਸਿਰਫ਼ ਇੱਕ ਨੇ ਝੂਠ ਬੋਲਿਆ। ਅਸੀਂ ਉਸ ਤੋਂ ਪੁੱਛਗਿੱਛ ਕੀਤੀ ਅਤੇ ਬਾਕੀ ਦੋਵਾਂ ਨੂੰ ਵੀ ਫੜ ਲਿਆ ਜੋ ਸੰਪਰਕ ਵਿੱਚ ਨਹੀਂ ਆਏ ਸਨ। ਅਸੀਂ ਪਤਾ ਲਗਾਇਆ ਕਿ ਉਹ ਸਾਰੇ ਵਾਰਦਾਤ ਵਾਲੀ ਥਾਂ 'ਤੇ ਮੌਜੂਦ ਸਨ।"

ਉਨ੍ਹਾਂ ਕਿਹਾ, "ਜਦੋਂ ਉਨ੍ਹਾਂ ਨੂੰ ਲਿਆ ਕੇ ਮੁਲਜ਼ਮ ਦੇ ਸਾਹਮਣੇ ਖੜ੍ਹਾ ਕੀਤਾ ਗਿਆ, ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।"

ਕੁਰਨੂਲ ਪੁਲਿਸ ਮੀਡੀਆ ਨੂੰ ਕੇਸ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦੀ ਹੋਈ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਕੁਰਨੂਲ ਪੁਲਿਸ ਮੀਡੀਆ ਨੂੰ ਕੇਸ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦੀ ਹੋਈ

ਐਚਆਈਵੀ ਦਾ ਸੈਂਪਲ ਬਾਹਰ ਕਿਵੇਂ ਆਇਆ?

ਸਰਕਾਰੀ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਜ਼ਮ ਨਰਸ ਨੇ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੀ ਇੱਕ ਹੋਰ ਨਰਸ ਦੀ ਮਦਦ ਨਾਲ ਐਚ.ਆਈ.ਵੀ. ਸੈਂਪਲ ਇਕੱਠਾ ਕੀਤਾ ਸੀ।

ਕੁਰਨੂਲ ਸਰਕਾਰੀ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ,"ਉਸ ਦਾ ਐਚਆਈਵੀ ਸੈਂਪਲ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਦੁਆਰਾ ਇਕੱਠਾ ਕੀਤਾ ਗਿਆ ਸੀ। ਉਹ ਦੋਵੇਂ ਪਹਿਲਾਂ ਕਿਤੇ ਟ੍ਰੇਨਿੰਗ ਦੌਰਾਨ ਮਿਲੀਆਂ ਸਨ। ਨਰਸ ਨੇ ਨਾਈਟ ਡਿਊਟੀ ਦੌਰਾਨ ਮੁਲਜ਼ਮ ਨੂੰ ਐਚਆਈਵੀ ਸੈਂਪਲ ਦੇ ਦਿੱਤਾ। ਅਸੀਂ ਉਸ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਪਤਾ ਲੱਗਾ ਹੈ ਕਿ ਪੁਲਿਸ ਨੇ ਉਸ ਨਰਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।"

ਦਸਤਾਨੇ ਵਾਲੇ ਹੱਥਾ ਵਿੱਚ ਇੱਕ ਸੈਂਪਲ ਫੜਿਆ ਹੋਇਆ ਹੈ, ਜਿਸ ਉੱਤੇ ਅੰਗਰੇਜ਼ੀ ਵਿੱਚ ਪਾਜ਼ਿਟੇਵ ਲਿਖਿਆ ਹੋਇਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਲਜ਼ਮ (ਔਰਤ) ਪੁਲਿਸ ਦੀ ਹਿਰਾਸਤ ਵਿੱਚ ਹੈ

ਜੇ ਮੈਂ ਮੰਗਾਂ ਤਾਂ ਕੀ ਤੁਸੀਂ ਮੈਨੂੰ ਵਾਇਰਸ ਦੇ ਦੇਵੋਗੇ?

ਸੀਆਈ ਸ਼ੇਸ਼ੱਈਆ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਮੁਲਜ਼ਮ ਔਰਤ ਦੀ ਸਹੇਲੀ, ਜੋ ਖੁਦ ਵੀ ਇੱਕ ਨਰਸ ਹੈ, ਨੇ ਉਸ ਨੂੰ ਐਚਆਈਵੀ ਵਾਇਰਸ ਵਾਲਾ ਖੂਨ ਕਿਉਂ ਮੁਹੱਈਆ ਕਰਵਾਇਆ ਸੀ, ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

"ਮੁਲਜ਼ਮ ਡਾਕਟਰ ਨੂੰ ਪਿਆਰ ਕਰਦੀ ਹੈ। ਉਹ ਇਸ ਗੱਲ ਤੋਂ ਸੜਦੀ ਹੈ ਕਿ ਉਸਨੇ ਉਸਦੀ ਬਜਾਏ ਇੱਕ ਮਹਿਲਾ ਡਾਕਟਰ ਨਾਲ ਵਿਆਹ ਕਰ ਲਿਆ। ਉਹ ਦੋਵੇਂ ਸਕੂਲ ਤੋਂ ਜਮਾਤੀ ਹਨ। ਮੁਲਜ਼ਮ ਨੇ ਨਰਸਿੰਗ ਵਿੱਚ ਐਮਐਸਸੀ ਕੀਤੀ ਹੋਈ ਹੈ।"

ਸੀਆਈ ਨੇ ਕਿਹਾ, "ਜਾਂਚ ਵਿੱਚ ਇਹ ਸਾਹਮਣੇ ਆਵੇਗਾ ਕਿ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਨੇ ਉਸ ਨੂੰ ਇਹ ਸੈਂਪਲ ਕਿਉਂ ਦਿੱਤੇ ਸਨ।"

ਬੀਬੀਸੀ ਨੇ ਫੋਨ ਰਾਹੀਂ ਪੀੜਤ ਦੇ ਪਤੀ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਫੋਨ ਨਹੀਂ ਚੁੱਕਿਆ।

ਅਸੀਂ ਮੁਲਜ਼ਮ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਉਪਲਬਧ ਨਹੀਂ ਸੀ।

(ਨੋਟ: ਨਿੱਜਤਾ ਨੂੰ ਬਰਕਰਾਰ ਰੱਖਣ ਲਈ ਵਿਅਕਤੀਆਂ ਅਤੇ ਸੰਸਥਾਵਾਂ ਦੇ ਨਾਮ ਸਮੇਤ ਹੋਰ ਵੇਰਵੇ ਗੁਪਤ ਰੱਖੇ ਗਏ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)