ਦਾਊਦ ਦੇ ਜਨਮ 'ਤੇ ਦਾਵਤ ਦੇਣ ਵਾਲੇ ਡੌਨ ਕਰੀਮ ਲਾਲਾ ਦੀ ਕਹਾਣੀ, ਉਨ੍ਹਾਂ ਦੀ 'ਸੋਟੀ' ਦਾ ਡਰ ਜਦੋਂ ਸਾਰੇ ਪਿੰਡ ਵਾਲਿਆਂ 'ਚ ਪੈ ਗਿਆ

ਤਸਵੀਰ ਸਰੋਤ, Roli Books
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਨਿਊਜ਼
1936 ਵਿੱਚ ਅਫ਼ਗਾਨਿਸਤਾਨ ਤੋਂ ਮੁੰਬਈ ਪਹੁੰਚੇ ਕਰੀਮ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਕਿਤੇ ਵੱਧ ਦਿਲਚਸਪ ਹੈI ਕਰੀਮ ਨੇ ਸ਼ੁਰੂ ਵਿੱਚ ਮੁੰਬਈ ਦੇ ਪੋਰਟ 'ਤੇ ਕੁਲੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀI
1940 ਦੇ ਦਹਾਕੇ ਦੇ ਅਖ਼ੀਰਲੇ ਸਾਲਾਂ 'ਚ ਇੱਕ ਦਿਨ ਉਹ ਆਪਣੇ ਅਫ਼ਗ਼ਾਨੀ ਸਾਥੀਆਂ ਨਾਲ ਬੈਠਾ ਸੀ।
ਜਦੋਂ ਮਲਾਬਾਰੀਆਂ ਦੇ ਇੱਕ ਗੈਂਗ ਲੀਡਰ ਨੇ ਕੰਮ ਦੇ ਬਦਲੇ ਉਸ ਤੋਂ ਰਿਸ਼ਵਤ ਮੰਗਣੀ ਸ਼ੁਰੂ ਕਰ ਦਿੱਤੀ।
ਮੁੰਬਈ ਦੇ ਪੁਲਿਸ ਕਮਿਸ਼ਨਰ ਰਹੇ ਰਕੇਸ਼ ਮਾਰੀਆ ਆਪਣੀ ਕਿਤਾਬ 'ਵੈਨ ਇਟ ਆਲ ਬਿਗੇਨ' ਵਿੱਚ ਲਿਖਦੇ ਹਨ, "ਕਰੀਮ ਨੇ ਅੱਗੇ ਵੱਧ ਕੇ ਮਲਾਬਾਰੀ ਨੂੰ ਕਿਹਾ, 'ਮੈਂ ਮਿਹਨਤ ਕਰਦਾ ਹਾਂ, ਤੂੰ ਮਿਹਨਤ ਕਰਦਾ ਹੈI ਸਾਡੇ ਵਿੱਚ ਕੋਈ ਫ਼ਰਕ ਨਹੀਂ, ਮੈਂ ਪੈਸੇ ਨਹੀਂ ਦੇਵਾਂਗਾI ਹੁਣ ਤੋਂ ਵਸੂਲੀ ਬੰਦ'!"
ਮਾਰੀਆ ਨੇ ਘਟਨਾ ਦਾ ਦਿਲਚਸਪ ਵੇਰਵਾ ਦਿੱਤਾ ਹੈ, "ਮਲਾਬਾਰੀ ਨੇ ਕਰੀਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀI ਪਰ ਦੋਨਾਂ ਵਿੱਚ ਕੋਈ ਮੁਕਾਬਲਾ ਨਹੀਂ ਸੀI ਕਰੀਮ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆI ਉਦੋਂ ਤੱਕ ਉਸਦੇ ਦੂਜੇ ਪਠਾਨ ਦੋਸਤ ਵੀ ਉੱਥੇ ਪਹੁੰਚ ਗਏI ਇਹ ਦੇਖਦੇ ਹੀ ਮਲਾਬਾਰੀ ਕੁਲੀਆਂ ਦਾ ਸਮੂਹ ਉਥੋਂ ਭੱਜ ਗਿਆI ਇੱਥੋਂ ਹੀ ਕਰੀਮ ਖ਼ਾਨ ਪਠਾਨ 'ਕਰੀਮ ਲਾਲਾ' ਬਣ ਗਿਆI"
ਕੁਝ ਹੀ ਸਾਲਾਂ ਵਿੱਚ ਉਸਨੇ ਪੋਰਟ ਤੋਂ ਸਮਾਨ ਚੋਰੀ ਕਰ ਕੇ ਬਜ਼ਾਰ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਕੋਲ ਪੈਸੇ ਆਉਣ ਲੱਗੇ, ਤਾਂ ਉਸਨੇ ਵਿਆਜ 'ਤੇ ਪੈਸੇ ਉਧਾਰ ਦੇਣੇ ਸ਼ੁਰੂ ਕਰ ਦਿੱਤੇ।

ਤਸਵੀਰ ਸਰੋਤ, Vintage
ਸੂਦ ਦਾ ਕਾਰੋਬਾਰ ਵਧਿਆ
ਜੂਏ ਵਿੱਚ ਹਾਰਨ ਵਾਲੇ ਲੋਕ ਆਪਣੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖਰੀਦਣ ਲਈ ਕਰੀਮ ਤੋਂ ਵਿਆਜ 'ਤੇ ਉਧਾਰ ਲੈਂਦੇ ਸਨI ਕਰੀਮ ਨੇ ਇਹ ਨਿਯਮ ਬਣਾਇਆ ਕਿ ਹਰ ਮਹੀਨੇ ਦੀ ਦਸ ਤਰੀਕ ਨੂੰ ਕਰਜ਼ੇ ਦਾ ਵਿਆਜ ਦਿੱਤਾ ਜਾਣਾ ਚਾਹੀਦਾ ਹੈ।
ਨਤੀਜਾ ਇਹ ਹੋਇਆ ਕਿ ਹਰ ਦਸ ਤਰੀਕ ਨੂੰ ਉਸਦੇ ਖ਼ਜ਼ਾਨੇ ਭਰਨ ਲੱਗ ਪਏI ਪੈਸੇ ਉਧਾਰ ਦੇਣ ਤੋਂ ਇਲਾਵਾ ਉਸਨੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ਅਤੇ ਕਿਰਾਏਦਾਰਾਂ ਤੋਂ ਘਰ ਖਾਲ੍ਹੀ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾI
1950 ਦੇ ਦਹਾਕੇ ਵਿੱਚ, ਹਰ ਐਤਵਾਰ ਨੂੰ ਉਸਨੇ ਆਪਣੇ ਘਰ ਦੀ ਛੱਤ ਉੱਤੇ ਲੋਕਾਂ ਦੇ ਝਗੜੇ ਸੁਲਝਾਉਣ ਲਈ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾI ਜਲਦੀ ਹੀ ਦੱਖਣੀ ਮੁੰਬਈ ਦੇ ਹਰ ਘਰ ਵਿੱਚ ਕਰੀਮ ਲਾਲਾ ਦਾ ਨਾਮ ਜਾਣਿਆ ਜਾਣ ਲੱਗਾI
ਸ਼ੀਲਾ ਰਾਵਲ ਆਪਣੀ ਕਿਤਾਬ 'ਗੌਡਫਾਦਰਜ਼ ਆਫ਼ ਕ੍ਰਾਈਮ' ਵਿੱਚ ਲਿਖਦੇ ਹਨI "ਕਰੀਮ ਲਾਲਾ ਇੱਕ ਚੰਗੇ ਜੀਵਨ ਦੀ ਭਾਲ ਵਿੱਚ ਮੁੰਬਈ ਆਇਆ ਸੀI ਪੜ੍ਹੇ ਲਿਖੇ ਨਾ ਹੋਣ ਕਾਰਨ ਉਸਨੇ ਸ਼ੁਰੂ ਵਿੱਚ ਅਮੀਰ ਕਾਰੋਬਾਰੀਆਂ ਅਤੇ ਕਪੜੇ ਦੇ ਉਦਯੋਗਪਤੀਆਂ ਲਈ ਕੰਮ ਕਰਨਾ ਸ਼ੁਰੂ ਕੀਤਾ ਸੀI ਉਨ੍ਹਾਂ ਨੇ ਪੈਸੇ ਵਸੂਲਣ ਲਈ ਉਸਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕੀਤੀਆਂI ਇਥੋਂ ਹੀ, ਪਠਾਨ ਗੈਂਗ ਦੀ ਸ਼ੁਰੂਆਤ ਹੋਈ ਸੀI
ਸਮੇਂ ਅਤੇ ਮੌਕੇ ਮੁਤਾਬਿਕ, ਕਰੀਮ ਨੇ ਗ਼ੈਰ-ਕਾਨੂੰਨੀ ਸ਼ਰਾਬ ਦਾ ਵਪਾਰ, ਜੂਆ, ਵੇਸਵਾਗਮਨੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ।
ਹੌਲੀ-ਹੌਲੀ ਉਹ ਗਰੀਬ, ਬੇਰੁਜ਼ਗਾਰ ਅਤੇ ਮੁਸਲਿਮ ਨੌਜਵਾਨਾਂ ਵਿੱਚ ਇੱਕ 'ਗੌਡਫਾਦਰ' ਬਣ ਗਿਆ ਸੀ।

ਤਸਵੀਰ ਸਰੋਤ, Hachette
ਵਾਕਿੰਗ ਸਟਿੱਕ ਦਾ ਕਮਾਲ
ਹੌਲੀ-ਹੌਲੀ ਉਹ ਇੰਨਾ ਬਦਨਾਮ ਹੋ ਗਿਆ ਕਿ ਉਸਦਾ ਨਾਮ ਲੈਣ 'ਤੇ ਕਿਰਾਏਦਾਰ ਆਪ ਹੀ ਘਰ ਖਾਲ੍ਹੀ ਕਰ ਦਿੰਦੇ ਸਨ।
ਐੱਸ ਹੁਸੈਨ ਜ਼ੈਦੀ ਆਪਣੀ ਕਿਤਾਬ 'ਡੋਂਗਰੀ ਟੂ ਦੁਬਈ, ਸਿਕਸ ਡਿਕੇਡਜ਼ ਆਫ਼ ਦਿ ਮੁੰਬਈ ਮਾਫੀਆ' ਵਿੱਚ ਲਿਖਦੇ ਹਨ, "ਜਿਵੇਂ ਹੀ ਮਕਾਨ ਮਾਲਕ ਕਹਿੰਦਾ ਸੀ, 'ਹੁਣ ਤਾਂ ਲਾਲਾ ਨੂੰ ਬੁਲਾਉਣਾ ਪਵੇਗਾ', ਕਿਰਾਏਦਾਰ ਘਰ ਛੱਡ ਦਿੰਦੇ ਸਨ। ਉਸਨੇ ਪਠਾਨੀ ਸੂਟ ਪਾਉਣਾ ਬੰਦ ਕਰ ਦਿੱਤਾ ਸੀ ਅਤੇ ਚਿੱਟੇ ਸਫਾਰੀ ਸੂਟ ਪਹਿਨਣੇ ਸ਼ੁਰੂ ਕਰ ਦਿੱਤੇ ਸਨ। ਉਹ ਕਾਲੇ ਰੰਗ ਦੀ ਐਨਕ ਪਹਿਨਣ ਦਾ ਸ਼ੌਕੀਨ ਸੀ ਅਤੇ ਉਸਨੂੰ ਅਕਸਰ ਮਹਿੰਗੇ ਸਿਗਾਰ ਅਤੇ ਪਾਈਪ ਪੀਂਦੇ ਦੇਖਿਆ ਜਾਂਦਾ ਸੀ।"
ਉਸਦੇ ਪੰਜਾਹਵੇਂ ਜਨਮਦਿਨ 'ਤੇ, ਕਿਸੇ ਨੇ ਉਸਨੂੰ ਇੱਕ ਮਹਿੰਗੀ ਸੋਟੀ ਦਿੱਤੀ। ਉਸਨੂੰ ਇਹ ਤੋਹਫ਼ਾ ਪਸੰਦ ਨਹੀਂ ਆਇਆ। ਉਸਨੇ ਕਿਹਾ ਕਿ ਉਹ ਸਰੀਰਕ ਤੌਰ 'ਤੇ ਅਜੇ ਵੀ ਮਜ਼ਬੂਤ ਹੈ ਅਤੇ ਉਸਨੂੰ ਤੁਰਨ ਲਈ ਸੋਟੀ ਦੀ ਲੋੜ ਨਹੀਂ ਹੈ।
ਪਰ ਜਦੋਂ ਉਸਦੇ ਦੋਸਤਾਂ ਨੇ ਸੁਝਾਅ ਦਿੱਤਾ ਕਿ ਸੋਟੀ ਨਾਲ ਉਸਦੀ ਸ਼ਖਸੀਅਤ ਹੋਰ ਨਿਖਰੇਗੀ, ਤਾਂ ਉਸਨੇ ਇਸਨੂੰ ਸਵੀਕਾਰ ਕਰ ਲਿਆ। ਫਿਰ ਇਹ ਸੋਟੀ ਕਰੀਮ ਲਾਲਾ ਦੀ ਸਮਾਨਾਰਥੀ ਬਣ ਗਈ।
ਜ਼ੈਦੀ ਲਿਖਦੇ ਹਨ, "ਜੇਕਰ ਉਹ ਸੋਟੀ ਛੱਡ ਕੇ ਮਸਜਿਦ ਵਜ਼ੂ ਕਰਨ ਚਲਾ ਜਾਂਦਾ ਸੀ ਤਾਂ ਮਸਜਿਦ ਭਰੀ ਹੋਣ ਦੇ ਬਾਵਜੂਦ ਵੀ ਕਿਸੇ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਸਦੀ ਜਗ੍ਹਾ ਬੈਠ ਜਾਵੇI"

ਤਸਵੀਰ ਸਰੋਤ, Roli Books
ਪਠਾਨਾਂ ਦਾ ਆਗੂ ਬਣਿਆ
ਹੌਲੀ-ਹੌਲੀ ਉਸਦੇ ਸਾਥੀ ਉਸਦੀ ਸੋਟੀ ਨੂੰ ਹੋਰ ਉਦੇਸ਼ਾਂ ਲਈ ਵਰਤਣ ਲੱਗੇI ਜਦੋਂ ਕਰੀਮ ਲਾਲਾ 'ਤੇ ਪੁਲਿਸ ਅਤੇ ਸੀਆਈਡੀ ਦੀ ਪਕੜ ਮਜ਼ਬੂਤ ਹੋਈ ਤਾਂ ਉਸਦੇ ਸਾਥੀਆਂ ਨੇ ਉਸਨੂੰ ਸਲਾਹ ਦਿੱਤੀ ਕਿ ਘਰ ਖਾਲ੍ਹੀ ਕਰਵਾਉਣ ਦੇ ਕੰਮ ਵਿੱਚ ਉਹ ਆਪ ਨਾ ਜਾਵੇ ਅਤੇ ਆਪਣੇ ਸਾਥੀਆਂ ਨੂੰ ਵੀ ਨਾ ਭੇਜੇI
ਹੁਸੈਨ ਜ਼ੈਦੀ ਲਿਖਦੇ ਹਨ, "ਇਹ ਸਲਾਹ ਸੁਣ ਕੇ ਕਰੀਮ ਲਾਲਾ ਨੇ ਕਿਹਾ, 'ਤਾਂ ਕਮਰਾ ਕਿਵੇਂ ਖਾਲ੍ਹੀ ਹੋਇਆ ਕਰੇਗਾ? ਉਸਦੇ ਸਾਥੀਆਂ ਨੇ ਕਿਹਾ, 'ਸਾਡੇ ਦਿਮਾਗ਼ ਵਿੱਚ ਇੱਕ ਸ਼ਾਨਦਾਰ ਵਿਚਾਰ ਹੈ ਜਿਸ ਨਾਲ ਸੱਪ ਵੀ ਮਰ ਜਾਵੇਗਾ ਅਤੇ ਲਾਠੀ ਵੀ ਨਹੀਂ ਟੁੱਟੇਗੀ।"
"ਉਸ ਤੋਂ ਬਾਅਦ, ਜਦੋਂ ਵੀ ਕੋਈ ਘਰ ਖਾਲ੍ਹੀ ਕਰਵਾਉਣਾ ਹੁੰਦਾ ਸੀ, ਲਾਲਾ ਦੇ ਆਦਮੀ ਉਸ ਜਗ੍ਹਾ ਤੇ ਕਰੀਮ ਲਾਲਾ ਦੀ ਸੋਟੀ ਛੱਡ ਆਉਂਦੇ ਸਨI ਕਿਰਾਏਦਾਰ ਉਸ ਸੋਟੀ ਨੂੰ ਦੇਖਦਿਆਂ ਹੀ, ਘਰ ਖਾਲ੍ਹੀ ਕਰ ਦਿੰਦੇ ਸਨI ਇਸਤੋਂ ਪਹਿਲਾਂ ਮੁੰਬਈ ਵਿੱਚ ਕੋਈ ਵੀ ਗੈਂਗਸਟਰ ਦਾ ਇੰਨਾ ਪ੍ਰਭਾਵ ਅਤੇ ਦਬਦਬਾ ਨਹੀਂ ਸੀI"
ਮਕਾਨ ਜਾਂ ਜ਼ਮੀਨ ਖਾਲ੍ਹੀ ਕਰਵਾਉਣ ਲਈ ਕਰੀਮ ਲਾਲਾ ਦੇ ਬਹੁਤ ਕਿੱਸੇ ਹਨ, ਉਨ੍ਹਾਂ ਵਿੱਚੋਂ ਇੱਕ ਕਿੱਸਾ ਮਸ਼ਹੂਰ ਅਦਾਕਾਰਾ ਹੈਲਨ ਦਾ ਘਰ ਖਾਲ੍ਹੀ ਕਰਵਾਉਣ ਦਾ ਵੀ ਹੈ।

ਤਸਵੀਰ ਸਰੋਤ, Lotus
ਗੱਫ਼ਾਰ ਖ਼ਾਨ ਤੋਂ ਪ੍ਰਭਾਵਿਤ
ਸੰਨ 1911 ਵਿੱਚ, ਅਫ਼ਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਪੈਦਾ ਹੋਏ ਅਬਦੁੱਲ ਕਰੀਮ ਖਾਨ ਉਰਫ਼ ਕਰੀਮ ਲਾਲਾ ਦਾ ਕੱਦ ਲਗਭਗ ਸੱਤ ਫੁੱਟ ਸੀ।
ਆਪਣੇ ਸ਼ੁਰੂਆਤੀ ਜੀਵਨ ਵਿੱਚ ਉਹ ਸਰਹੱਦੀ ਗਾਂਧੀ ਖ਼ਾਨ ਅਬਦੁੱਲ ਗੱਫਾਰ ਖ਼ਾਨ ਤੋਂ ਬਹੁਤ ਪ੍ਰਭਾਵਿਤ ਸੀ।
23 ਅਪ੍ਰੈਲ, 1930 ਨੂੰ ਪੇਸ਼ਾਵਰ ਦੇ ਕਿੱਸਾਖਵਾਨੀ ਬਜ਼ਾਰ ਵਿੱਚ ਜਦੋਂ ਸਰਹੱਦੀ ਗਾਂਧੀ ਵਜੋਂ ਜਾਣੇ ਜਾਂਦੇ ਗੱਫਾਰ ਖ਼ਾਨ ਦੇ ਵਰਕਰਾਂ 'ਤੇ ਗੋਲੀ ਚਲਾਈ ਗਈ, ਤਾਂ ਕਰੀਮ ਉੱਥੇ ਮੌਜੂਦ ਸੀI
ਸੰਨ 1936 ਵਿੱਚ ਉਹ ਕਲਕੱਤੇ ਤੋਂ ਮੁੰਬਈ ਆਉਣ ਲਈ ਇੰਪੀਰੀਅਲ ਇੰਡੀਅਨ ਮੇਲ ਟ੍ਰੇਨ ਵਿੱਚ ਸਵਾਰ ਹੋਇਆI ਭਾਰਤ ਦੀ ਵੰਡ ਤੋਂ ਬਾਅਦ ਬਹੁਤ ਸਾਰੇ ਪਠਾਨਾਂ ਨੇ ਭਾਰਤ ਵਿੱਚ ਵੱਸਣ ਦਾ ਫ਼ੈਸਲਾ ਲਿਆ, ਜਿਨ੍ਹਾਂ ਵਿੱਚ ਕਰੀਮ ਵੀ ਸ਼ਾਮਿਲ ਸੀI
ਆਜ਼ਾਦੀ ਤੋਂ ਬਾਅਦ ਮੁੰਬਈ ਪੁਲਿਸ ਕੋਲ ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੇ ਪਰਮਿਟਾਂ ਦੇ ਨਵੀਨੀਕਰਨ ਲਈ ਦਫ਼ਤਰ ਹੁੰਦਾ ਸੀI ਇਸ ਦਫ਼ਤਰ ਵਿੱਚ ਇੱਕ ਪਠਾਨ ਸ਼ਾਖਾ ਵੀ ਹੁੰਦੀ ਸੀI
1950 ਦੇ ਦਹਾਕੇ ਵਿੱਚ, ਕਰੀਮ ਲਾਲਾ ਅਕਸਰ ਇਸ ਸ਼ਾਖਾ ਵਿੱਚ ਜਾਣ ਲੱਗਾ ਅਤੇ ਪਠਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਲੱਗਾ।
ਜਲਦੀ ਹੀ, ਮੁੰਬਈ ਵਿੱਚ ਰਹਿਣ ਵਾਲੇ ਪਠਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਰੀਮ ਲਾਲਾ ਕੋਲ ਆਉਣ ਲੱਗੇ। ਕਰੀਮ ਨੇ ਉਨ੍ਹਾਂ ਦੇ ਬੇਰੁਜ਼ਗਾਰੀ ਤੋਂ ਲੈ ਕੇ ਵਿੱਤੀ ਮਾਮਲਿਆਂ ਤੱਕ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰਕ ਮਾਮਲਿਆਂ ਵਿੱਚ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾI

ਤਸਵੀਰ ਸਰੋਤ, Getty Images
ਕਰੀਮ ਲਾਲਾ ਅਤੇ ਹਾਜੀ ਮਸਤਾਨ ਦੀ ਜੁਗਲਬੰਦੀ
ਹੌਲੀ-ਹੌਲੀ ਕਰੀਮ ਲਾਲਾ ਦੀ ਖ਼ਬਰ ਮੁੰਬਈ ਅੰਡਰਵਰਲਡ ਦੇ ਇੱਕ ਹੋਰ ਬਦਨਾਮ ਵਿਅਕਤੀ ਹਾਜੀ ਮਸਤਾਨ ਤੱਕ ਪਹੁੰਚਣ ਲੱਗੀI
ਮਸਤਾਨ ਨੂੰ ਹਮੇਸ਼ਾ ਤੋਂ ਇੱਕ ਅਜਿਹੇ ਵਿਅਕਤੀ ਦੀ ਜ਼ਰੂਰਤ ਸੀ, ਜੋ ਉਸਦੇ ਗੁੰਝਲਦਾਰ ਕੰਮ ਸੁਲਝਾਉਣ ਵਿੱਚ ਮਦਦ ਕਰੇI 1970 ਦੇ ਦਹਾਕੇ ਵਿੱਚ ਉਸਨੇ ਕਰੀਮ ਲਾਲਾ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀI
ਹੁਸੈਨ ਜ਼ੈਦੀ ਲਿਖਦੇ ਹਨ, "ਗ੍ਰਾਂਟ ਰੋਡ ਮਸਜਿਦ ਵਿੱਚ ਜੁੱਮੇ ਦੀ ਨਮਾਜ਼ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਮੁਲਾਕਾਤ ਹੋਈI ਇਸ ਤੋਂ ਬਾਅਦ ਕਰੀਮ ਉਸਨੂੰ ਆਪਣੇ ਘਰ ਤਾਹੇਰ ਮੰਜ਼ਿਲ ਲੈ ਗਿਆI ਮਸਤਾਨ ਨੇ ਕਰੀਮ ਨੂੰ ਕਿਹਾ, 'ਬੰਬੇ ਪੋਰਟ ਟਰੱਸਟ ਦੇ ਡੌਕ 'ਤੇ ਮੇਰਾ ਬਹੁਤ ਸਮਾਨ ਉਤਰਦਾ ਹੈI"
"ਮੈਂ ਉਹ ਉਤਰਵਾ ਕੇ ਗੋਦਾਮ ਵਿੱਚ ਰੱਖਣਾ ਹੁੰਦਾ ਹੈ ਅਤੇ ਫ਼ਿਰ ਉਹ ਬਾਹਰ ਭੇਜਣਾ ਹੁੰਦਾ ਹੈI ਮੈਂ ਚਾਹੁੰਦਾ ਹਾਂ ਕਿ, ਜਦੋਂ ਤੱਕ ਉਹ ਸਮਾਨ ਬਜ਼ਾਰ ਵਿੱਚ ਵਿੱਕ ਨਹੀਂ ਜਾਂਦਾ, ਤੁਹਾਡੇ ਲੋਕ ਉਸ ਦੀ ਰੱਖਿਆ ਕਰਨI"
ਕਰੀਮ ਲਾਲਾ ਨੇ ਮਸਤਾਨ ਤੋਂ ਪੁੱਛਿਆ, "ਕੀ ਇਸ ਪੂਰੇ ਮਾਮਲੇ 'ਚ ਕੁਝ ਹਿੰਸਾ ਹੋਣ ਦੀ ਉਮੀਦ ਹੈ?' ਮਸਤਾਨ ਨੇ ਹੱਸ ਕੇ ਕਿਹਾ, "ਖਾਨ ਸਾਹਿਬ, ਜੇ ਤੁਹਾਡੇ ਲੋਕ ਆਲੇ-ਦੁਆਲੇ ਰਹਿਣਗੇ ਤਾਂ ਕੋਈ ਵੀ ਸਾਡੇ ਨੇੜੇ ਆਉਣ ਦੀ ਹਿੰਮਤ ਨਹੀਂ ਕਰੇਗਾ।"
ਇਸ ਤਰ੍ਹਾਂ ਮੁੰਬਈ ਅੰਡਰਵਰਲਡ ਦਾ ਬਹੁਤ ਵੱਡਾ ਸੌਦਾ ਕੀਤਾ ਗਿਆI ਇਸਦੇ ਨਾਲ ਹੀ, ਕਰੀਮ ਲਾਲਾ ਨੂੰ ਮੁੰਬਈ ਦੇ ਚੋਟੀ ਦੇ ਡੌਨਾਂ ਵਿੱਚ ਸ਼ਾਮਲ ਕੀਤਾ ਗਿਆ।

ਤਸਵੀਰ ਸਰੋਤ, Lotus
ਪਠਾਨ ਗੈਂਗ ਦੀ ਨੀਂਹ
ਜਦੋਂ ਕਰੀਮ ਲਾਲਾ ਮੁੰਬਈ ਦਾ ਡੌਨ ਬਣਨ ਵੱਲ ਕਦਮ ਵਧਾ ਰਿਹਾ ਸੀ, ਉਸਦੇ ਗਿਰੋਹ ਵਿੱਚ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।
ਮਾਜਿਦ ਦਿਵਾਨਾ ਉਸ ਗੈਂਗ ਦਾ ਹਿੱਸਾ ਸੀI ਉਸਦਾ ਇੱਕ ਹੋਰ ਸਾਥੀ ਨਵਾਬ ਖ਼ਾਨ ਸੀ ਜੋ ਪਹਿਲੇ ਡੌਕ 'ਤੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।
ਬਾਅਦ ਵਿੱਚ ਕਰੀਮ ਨੇ ਉਸਨੂੰ ਇਜ਼ਰਾਈਲੀ ਮੁਹੱਲੇ ਵਿੱਚ ਸ਼ਰਾਬ ਦੇ ਅੱਡਿਆਂ ਦੀ ਜ਼ਿੰਮੇਵਾਰੀ ਦੇ ਦਿੱਤੀ ਸੀI ਉਸਦਾ ਇੱਕ ਹੋਰ ਕਰੀਬੀ ਅਤੇ ਵਫ਼ਾਦਾਰ ਸਾਥੀ ਨਾਸਿਰ ਖ਼ਾਨ ਸੀI ਉਸਨੂੰ 'ਚਿੱਟਾ ਹਾਥੀ' ਕਹਿ ਕੇ ਬੁਲਾਇਆ ਜਾਂਦਾ ਸੀ ਕਿਉਂਕਿ ਉਸਦਾ ਰੰਗ ਗੋਰਾ ਸੀ ਅਤੇ ਉਸਦਾ ਸਰੀਰ ਹਾਥੀ ਵਰਗਾ ਭਾਰਾ ਸੀI
ਕਰੀਮ ਦੇ ਗਿਰੋਹ ਵਿੱਚ ਹੀਰੋ ਲਾਲਾ, ਬਸ਼ਰੀਨ ਮਾਮਾ, ਕਰਮ ਖ਼ਾਨ ਅਤੇ ਲਾਲ ਖ਼ਾਨ ਵੀ ਸ਼ਾਮਲ ਸਨ। ਇਹ ਲੋਕ ਬਿਨਾਂ ਅੱਖ ਝਪਕੇ, ਕਰੀਮ ਲਾਲਾ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸਨ।
ਇਨ੍ਹਾਂ ਨਾਲ ਹੀ ਮਿਲ ਕੇ ਮੁੰਬਈ ਦੇ ਬਦਨਾਮ ਪਠਾਨ ਗੈਂਗ ਦੀ ਸਥਾਪਨਾ ਕੀਤੀ ਗਈ ਸੀ। ਇਸ ਤਰ੍ਹਾਂ, ਅਫਗਾਨਿਸਤਾਨ ਦੇ ਪਹਾੜੀ ਖੇਤਰ ਕੁਨਾਰ ਦੇ ਇਸ ਕਿਸ਼ੋਰ ਨੇ ਨਾ ਸਿਰਫ਼ ਹਜ਼ਾਰਾਂ ਮੀਲ ਦੂਰ ਮੁੰਬਈ ਨੂੰ ਆਪਣਾ ਘਰ ਬਣਾਇਆ, ਸਗੋਂ ਮਹਾਂਨਗਰ ਦਾ ਪਹਿਲਾ "ਡੌਨ" ਵੀ ਬਣ ਗਿਆ ਸੀ।

ਤਸਵੀਰ ਸਰੋਤ, Lotus
ਕਰੀਮ ਅਤੇ ਇੰਦਰਾ ਗਾਂਧੀ ਦੀ ਮੁਲਾਕਾਤ
ਕਰੀਮ ਲਾਲਾ ਦੀ ਮੌਤ ਤੋਂ ਕਈ ਸਾਲਾਂ ਬਾਅਦ ਇੱਕ ਫੋਟੋ ਵਾਇਰਲ ਹੋਈ ਜਿਸ ਵਿੱਚ ਉਸਨੂੰ ਇੰਦਰਾ ਗਾਂਧੀ ਨਾਲ ਗੱਲ ਕਰਦੇ ਦਿਖਾਇਆ ਗਿਆ ਸੀ।
ਇਸ ਤਸਵੀਰ ਵਿੱਚ ਉਸਦੇ ਨਾਲ ਪਦਮ ਭੂਸ਼ਣ ਪੁਰਸਕਾਰ ਜੇਤੂ ਕਲਾਕਾਰ ਹਰਿੰਦਰਨਾਥ ਚਟੋਪਾਧਿਆਏ ਵੀ ਖੜ੍ਹੇ ਸਨ, ਜੋ ਸੁਤੰਤਰਤਾ ਸੰਗਰਾਮੀ ਸਰੋਜਨੀ ਨਾਇਡੂ ਦੇ ਭਰਾ ਸਨ।
ਬਾਅਦ ਵਿੱਚ, ਇੱਕ ਪੱਤਰਕਾਰ ਬਲਜੀਤ ਪਰਮਾਰ ਨੇ ਲਿਖਿਆ, "ਕਰੀਮ ਲਾਲਾ ਨੇ ਹੀ ਉਨ੍ਹਾਂ (ਚਟੋਪਾਧਿਆਏ) ਨੂੰ ਦੱਸਿਆ ਸੀ ਕਿ ਉਹ ਕਦੇ ਰਾਸ਼ਟਰਪਤੀ ਭਵਨ ਨਹੀਂ ਗਏ, ਇਸ ਲਈ ਜਦੋਂ ਹਰਿੰਦਰਨਾਥ ਨੂੰ 1973 ਵਿੱਚ ਪਦਮ ਪੁਰਸਕਾਰ ਮਿਲਿਆ, ਤਾਂ ਉਨ੍ਹਾਂ ਨੇ ਹਰਿੰਦਰਨਾਥ ਨੂੰ ਰਾਸ਼ਟਰਪਤੀ ਭਵਨ ਜਾਣ ਦੀ ਇੱਛਾ ਪ੍ਰਗਟ ਕੀਤੀ। ਉੱਥੇ, ਹਰਿੰਦਰਨਾਥ ਚਟੋਪਾਧਿਆਏ ਨੇ ਇੰਦਰਾ ਗਾਂਧੀ ਨਾਲ ਇਹ ਕਹਿ ਕੇ ਮੁਲਾਕਾਤ ਕਰਵਾਈ ਕਿ ਉਹ ਮੁੰਬਈ ਦੇ ਪਠਾਨਾਂ ਦੇ ਆਗੂ ਹਨ।"
ਇਹ ਕਰੀਮ ਅਤੇ ਇੰਦਰਾ ਗਾਂਧੀ ਦੀ ਪਹਿਲੀ ਅਤੇ ਆਖ਼ਰੀ ਮੁਲਾਕਾਤ ਸੀ।

ਤਸਵੀਰ ਸਰੋਤ, Lotus
ਦਾਊਦ ਦੇ ਪਿਤਾ ਇਬਰਾਹਿਮ ਨਾਲ ਕਰੀਮ ਦੀ ਦੋਸਤੀ
1975 ਤੋਂ 1977 ਵਿੱਚਕਾਰ, ਐਮਰਜੈਂਸੀ ਦੌਰਾਨ ਜਦੋਂ ਹਾਜੀ ਮਸਤਾਨ, ਯੂਸੁਫ਼ ਪਟੇਲ ਅਤੇ ਸੁਕੁਰ ਨਾਰਾਇਣ ਬਖੀਆ ਨੂੰ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਕਰੀਮ ਲਾਲਾ ਨੂੰ ਹੱਥ ਵੀ ਨਹੀਂ ਲਗਾਇਆ ਗਿਆI
ਪਰ ਬਾਅਦ ਵਿੱਚ ਉਸਨੂੰ ਕੁਝ ਹੋਰ ਮਾਮਲਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮੁੰਬਈ ਵਿੱਚ ਸਿਰਫ਼ ਇੱਕ ਪੁਲਿਸ ਮੁਲਾਜ਼ਮ ਦੀ ਕਰੀਮ ਲਾਲਾ ਇੱਜ਼ਤ ਕਰਦਾ ਸੀ, ਉਹ ਹਵਲਦਾਰ ਇਬਰਾਹਿਮ ਕਾਸਕਰ ਸੀI ਕਾਸਕਰ ਮਾਫੀਆ ਡੌਨ ਦਾਊਦ ਇਬਰਾਹਿਮ ਦਾ ਪਿਤਾ ਸੀ।
ਉਸ ਨੇ ਕਦੇ ਵੀ ਕਰੀਮ ਤੋਂ ਪੈਸੇ ਨਹੀਂ ਮੰਗੇ ਅਤੇ ਨਾ ਹੀ ਉਸਦੀ ਪ੍ਰਸ਼ੰਸਾ ਕੀਤੀ। ਇਬਰਾਹਿਮ ਨੇ ਆਪਣੀ 75 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਅਤੇ ਕਰੀਮ ਤੋਂ ਕਦੇ ਵੀ ਇੱਕ ਪੈਸਾ ਵੀ ਨਹੀਂ ਲਿਆ, ਜਦੋਂ ਕਿ ਕਰੀਮ ਲਾਲਾ ਮੁੰਬਈ ਪੁਲਿਸ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜੇਬਾਂ ਭਰ ਰਿਹਾ ਸੀ।
ਕਰੀਮ ਨੇ ਇਬਰਾਹਿਮ ਨੂੰ ਹਮੇਸ਼ਾ 'ਇਬਰਾਹਿਮ ਭਾਈ' ਕਹਿ ਕੇ ਬੁਲਾਇਆ ਭਾਵੇਂ ਉਹ ਉਸ ਤੋਂ ਦਸ ਸਾਲ ਛੋਟਾ ਸੀ।

ਤਸਵੀਰ ਸਰੋਤ, Getty Images
ਰਕੇਸ਼ ਮਾਰੀਆ ਲਿਖਦੇ ਹਨ, "ਕਰੀਮ ਦੇ ਮੰਨ ਵਿੱਚ ਇਬਰਾਹਿਮ ਲਈ ਇਸ ਲਈ ਇੱਜ਼ਤ ਸੀ ਕਿਉਂਕਿ ਉਹ ਭ੍ਰਿਸ਼ਟ ਨਹੀਂ ਸੀI ਜਦੋਂ ਦਾਊਦ ਦਾ ਜਨਮ ਹੋਇਆ ਤਾਂ ਇਬਰਾਹਿਮ ਕੋਲ ਦਾਵਤ ਦੇਣ ਲਈ ਪੈਸੇ ਨਹੀਂ ਸਨI ਤਾਂ ਕਰੀਮ ਲਾਲਾ ਨੇ ਪੁੱਤਰ ਦੇ ਜਨਮ ਦੀ ਖੁਸ਼ੀ ਮਨਾਉਣ ਲਈ ਇਬਰਾਹਿਮ ਵਲੋਂ ਦਾਵਤ ਦਿੱਤੀ ਸੀI ਇਸ ਕਾਰਨ ਇਬਰਾਹਿਮ ਉਸਨੂੰ ਮਨ੍ਹਾਂ ਨਹੀਂ ਕਰ ਸਕਦਾ ਸੀI"
ਦਾਊਦ ਦੇ ਜਨਮ ਦੀ ਦਾਵਤ ਸਾਲ 1955 ਦੇ ਦਸੰਬਰ ਮਹੀਨੇ ਵਿੱਚ ਹੋਈ ਸੀ, ਪਰ 1980 ਆਉਣ ਤੱਕ ਮੁੰਬਈ ਅੰਡਰਵਰਲਡ ਵਿੱਚ ਦਾਊਦ ਇਬਰਾਹਿਮ ਦੀਆਂ ਜੜ੍ਹਾਂ ਜੰਮਦੀਆਂ ਰਹੀਆਂI ਕਰੀਮ ਲਾਲਾ ਅਤੇ ਉਸਦੇ ਵਿੱਚਕਾਰ ਦੂਰੀ ਵੀ ਵਧਦੀ ਗਈI ਦੋਨੋਂ ਇੱਕ ਦੂਜੇ ਦੇ ਪਰਿਵਾਰਿਕ ਦੁਸ਼ਮਣ ਬਣ ਗਏI
1980 ਦੇ ਦਹਾਕੇ ਤੋਂ ਪਹਿਲਾਂ ਪੰਜ ਸਾਲਾਂ ਵਿੱਚ ਦਾਊਦ ਅਤੇ ਪਠਾਨ ਗੈਂਗ ਵਿੱਚਕਾਰ ਕਤਲੇਆਮਾਂ ਦਾ ਦੌਰ ਸ਼ੁਰੂ ਹੋਇਆ ਜਿਸਨੇ ਮੁੜ ਰੁਕਣ ਦਾ ਨਾਮ ਨਹੀਂ ਲਿਆI ਦਾਊਦ ਨੇ ਆਪਣੇ ਭਰਾ ਸ਼ਬੀਰ ਨੂੰ ਗਵਾਇਆ ਅਤੇ ਕਰੀਮ ਲਾਲਾ ਨੂੰ ਵੀ ਆਪਣਾ ਭਰਾ ਰਹੀਮ ਖ਼ਾਨ ਗਵਾਉਣਾ ਪਿਆI
ਇਸ ਗੈਂਗ ਵਾਰ ਤੋਂ ਬਾਅਦ, ਦਾਊਦ ਇਬਰਾਹਿਮ ਨੇ ਮੁੰਬਈ ਛੱਡ ਕੇ, ਦੁਬਈ ਨੂੰ ਆਪਣਾ ਅੱਡਾ ਬਣਾ ਲਿਆ।

ਤਸਵੀਰ ਸਰੋਤ, Getty Images
ਕਰੀਮ ਲਾਲਾ ਦੀ ਚਮਕ ਫਿੱਕੀ ਪੈ ਗਈ
1980 ਦੇ ਦਹਾਕੇ ਦੇ ਅੱਧ ਤੱਕ ਆਉਂਦੇ, ਕਰੀਮ ਲਾਲਾ ਦਾ ਰੁਤਬਾ ਫਿੱਕਾ ਪੈਣ ਲੱਗਾI ਕਰੀਮ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਉਹ ਸੇਵਾਮੁਕਤ ਹੋ ਗਿਆ ਹੈI ਹੁਣ ਉਹ ਇੱਕ ਸਮਾਜਿਕ ਕਾਰਕੂਨ ਅਤੇ ਮੁੰਬਈ 'ਚ ਰਹਿਣ ਵਾਲੇ ਅਫ਼ਗਾਨਾਂ ਦਾ ਆਗੂ ਸੀI
ਇਹ ਵੱਖਰੀ ਗੱਲ ਹੈ ਕਿ ਉਸਦੇ ਗੁੰਡੇ ਹਮੇਸ਼ਾ ਦਾਅਵਾ ਕਰਦੇ ਸਨ ਕਿ ਡੋਂਗਰੀ ਵਿੱਚ ਇੱਕ ਵੀ ਜੇਬ ਕਰੀਮ ਲਾਲਾ ਦੀ ਜਾਣਕਾਰੀ ਤੋਂ ਬਿਨ੍ਹਾਂ ਨਹੀਂ ਕੱਟੀ ਜਾਂਦੀ।
ਪਠਾਨ ਗੈਂਗ ਦੇ ਨੌਜਵਾਨਾਂ ਨੂੰ ਹਿੰਸਾ ਕਰਨ ਅਤੇ ਬਦਲਾ ਲੈਣ ਤੋਂ ਰੋਕਣ ਵਿੱਚ ਅਸਮਰੱਥ ਹੋਣ ਤੋਂ ਬਾਅਦ, ਕਰੀਮ ਲਾਲਾ ਨੇ ਪਿਛੋਕੜ ਵਿੱਚ ਚਲੇ ਜਾਣਾ ਸਹੀ ਸਮਝਿਆ। ਪਠਾਨ ਗੈਂਗ ਦੀ ਅਗਵਾਈ ਉਸਦੇ ਭਤੀਜੇ, ਸਮਦ ਖਾਨ ਨੂੰ ਦਿੱਤੀ ਗਈI
ਰਾਕੇਸ਼ ਮਾਰੀਆ ਲਿਖਦੇ ਹਨ, "ਉਸਨੇ ਆਪਣੇ ਅਤੀਤ ਨੂੰ ਆਪਣੇ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਇੱਕ ਅਜਿਹੇ ਸੱਭਿਆਚਾਰ ਤੋਂ ਆਇਆ ਸੀ ਜਿੱਥੇ ਆਪਣੇ ਵਿਰੋਧੀ ਨੂੰ ਸ਼ਾਂਤੀ ਦੀ ਪੇਸ਼ਕਸ਼ ਕਰਨਾ ਨਿਰਾਦਰਯੋਗ ਸਮਝਿਆ ਜਾਂਦਾ ਸੀ।"
"ਪਰ ਇਸ ਦੇ ਬਾਵਜੂਦ, ਉਸਨੇ ਦਾਊਦ ਇਬਰਾਹਿਮ ਨਾਲ ਸ਼ਾਂਤੀ ਸਥਾਪਤ ਕਰਨ ਲਈ ਖ਼ਾਸ ਤੌਰ 'ਤੇ ਸਤੰਬਰ 1987 ਨੂੰ ਮੱਕਾ ਜਾ ਕੇ ਮੁਲਾਕਾਤ ਕੀਤੀ। ਕਰੀਮ ਨੇ ਹੰਝੂ ਭਰੀਆਂ ਅੱਖਾਂ ਨਾਲ ਦਾਊਦ ਨੂੰ ਗਲੇ ਲਗਾਇਆ। ਉਸਨੇ ਦੋਵਾਂ ਧਿਰਾਂ ਨੂੰ ਸਮਝਾਇਆ ਕਿ ਕਾਫ਼ੀ ਖੂਨ ਵਹਿ ਚੁੱਕਾ ਹੈ। ਮੈਨੂੰ ਹੁਣ ਸ਼ਾਂਤੀ ਨਾਲ ਮਰਨ ਦਿਓ।"

ਤਸਵੀਰ ਸਰੋਤ, Lotus
90 ਸਾਲ ਦੀ ਉਮਰ 'ਚ ਮੌਤ
ਜਿਵੇਂ-ਜਿਵੇਂ ਉਮਰ ਵਧੀ ਕਰੀਮ ਲਾਲਾ ਦੀਆਂ ਨਿੱਜੀ ਲੋੜਾਂ ਘੱਟ ਹੋਣ ਲੱਗੀਆਂI ਇੱਕ ਜ਼ਮਾਨੇ 'ਚ ਸੜਕ 'ਤੇ ਮੰਜੀ ਡਾਹ ਕੇ ਲੋਕਾਂ ਦੀਆਂ ਲੜਾਈਆਂ ਸੁਲਝਾਉਣ ਵਾਲਾ ਕਰੀਮ ਹੁਣ ਸਧਾਰਨ ਜੀਵਨ ਜਿਊਣ ਵਿੱਚ ਵਿਸ਼ਵਾਸ ਕਰਦਾ ਸੀI
ਜਿਵੇਂ-ਜਿਵੇਂ ਉਹ ਅਮੀਰ ਹੁੰਦਾ ਗਿਆ ਉਸਨੇ ਦੇਸੀ ਸ਼ਰਾਬ ਦੀ ਜਗ੍ਹਾ ਮਹਿੰਗੀ ਸਕਾਚ ਵਿਸਕੀ ਪੀਣੀ ਸ਼ੁਰੂ ਕਰ ਦਿੱਤੀ, ਪਰ ਅੰਤ ਵਿੱਚ ਉਸਨੇ ਸ਼ਰਾਬ ਪੀਣੀ ਵੀ ਛੱਡ ਦਿੱਤੀ।
ਕਰੀਮ ਵਰਗੇ ਡੌਨ ਆਲੀਸ਼ਾਨ ਘਰਾਂ ਵਿੱਚ ਰਹਿਣ ਲੱਗੇ ਪਰ ਕਰੀਮ ਨੇ ਅਖ਼ੀਰ ਤੱਕ ਨਾਵਲਟੀ ਸਿਨੇਮਾ ਦੇ ਪਿੱਛੇ ਆਪਣਾ ਪੁਰਾਣਾ ਘਰ ਨਹੀਂ ਛੱਡਿਆI 18 ਫਰਵਰੀ, 2002 ਨੂੰ 90 ਸਾਲ ਦੀ ਉਮਰ ਵਿੱਚ ਮੁੰਬਈ ਅੰਡਰਵਰਲਡ ਦੇ ਇਸ ਪਹਿਲੇ ਡੌਨ ਨੇ ਆਖ਼ਰੀ ਸਾਹ ਲਏI
ਕਿਸੇ ਚਾਕੂ, ਗੋਲੀ, ਬਦਲਾ ਜਾਂ ਸਾਜ਼ਿਸ਼ ਨਾਲ ਉਸਦਾ ਅੰਤ ਨਹੀਂ ਹੋਇਆI ਉਸਦੀ ਛਾਤੀ ਵਿੱਚ ਅਚਾਨਕ ਦਰਦ ਹੋਇਆ ਅਤੇ ਉਹੀ ਉਸਦੀ ਮੌਤ ਦਾ ਕਾਰਨ ਬਣਿਆI
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












