ਛੋਟਾ ਰਾਜਨ ਕਿਵੇਂ ਦਾਊਦ ਦੇ ਗੈਂਗ ਦਾ ਮੈਂਬਰ ਬਣ ਕੇ ਉਸ ਦਾ ਕਰੀਬੀ ਬਣ ਗਿਆ, ਫਿਰ ਕਿਸ ਨੇ ਕਿਸ ਨੂੰ ਧੋਖਾ ਦਿੱਤਾ

ਤਸਵੀਰ ਸਰੋਤ, ROLI BOOKS
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
2004 ਵਿੱਚ ਛੋਟਾ ਰਾਜਨ ਗੈਂਗ ਦੇ ਅਹਿਮ ਮੰਨੇ ਜਾਂਦੇ ਵਿੱਕੀ ਮਲਹੋਤਰਾ ਨੇ ਬੈਂਕੌਕ ਤੋਂ ਇੰਦੌਰ ਦੇ ਇੱਕ ਸ਼ਰਾਬ ਕਾਰੋਬਾਰੀ ਨੂੰ ਫੋਨ ਕਰ ਕੇ 4 ਕਰੋੜ ਰੁਪਏ ਮੰਗੇ।
ਉਸ ਨੇ ਕਾਰੋਬਾਰੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਅਗਵਾ ਕਰ ਲਿਆ ਜਾਵੇਗਾ। ਕਾਰੋਬਾਰੀ ਨੇ ਤੁਰੰਤ ਇਸ ਦੀ ਸੂਚਨਾ ਇੰਦੌਰ ਪੁਲਿਸ ਨੂੰ ਦਿੱਤੀ। ਇੰਦੌਰ ਪੁਲਿਸ ਨੇ ਉਹ ਨੰਬਰ ਮੁੰਬਈ ਕ੍ਰਾਈਮ ਬ੍ਰਾਂਚ ਨਾਲ ਸਾਂਝਾ ਕੀਤਾ। ਉਹਨਾਂ ਨੇ ਉਹ ਨੰਬਰ ਨਿਗਰਾਨੀ 'ਤੇ ਪਾ ਦਿੱਤਾ।
ਸਾਲ 2005 ਵਿੱਚ ਵਿੱਕੀ ਜਦੋਂ ਭਾਰਤ ਆਇਆ ਤਾਂ ਉਸ ਨੇ ਮੁੰਬਈ ਉਤਰਦੇ ਹੀ ਅਣਜਾਣੇ ਵਿੱਚ ਉਸ ਸਿਮ ਦੀ ਵਰਤੋਂ ਕੀਤੀ ਜਿਸ ਨਾਲ ਉਸ ਨੇ ਇੰਦੌਰ ਦੇ ਵਪਾਰੀ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ।
ਮੁੰਬਈ ਪੁਲਿਸ ਚੌਕਸ ਹੋ ਗਈ ਅਤੇ ਜਦੋਂ ਵਿੱਕੀ ਅਗਲੀ ਫਲਾਈਟ ਤੋਂ ਦਿੱਲੀ ਪਹੁੰਚਿਆ ਤਾਂ ਉਸ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇੰਦੌਰ 'ਚ ਉਸ ਖ਼ਿਲਾਫ਼ ਮਾਮਲਾ ਦਰਜ ਹੋਣ ਕਾਰਨ ਉਸ ਨੂੰ ਪੁੱਛਗਿੱਛ ਲਈ ਇੰਦੌਰ ਲਿਆਂਦਾ ਗਿਆ ਸੀ।
ਇਹ ਸਾਰੇ ਵੇਰਵੇ ਮੱਧ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸ਼ੈਲੇਂਦਰ ਸ੍ਰੀਵਾਸਤਵ ਦੀ ਕਿਤਾਬ 'ਸ਼ੈਕੇਲ ਦਿ ਸਟੋਰਮ' ਵਿੱਚ ਬਹੁਤ ਵਿਸਥਾਰ ਨਾਲ ਦਰਜ ਹਨ।

ਤਸਵੀਰ ਸਰੋਤ, SHAILENDRA SRIVASTAVA
ਸ਼ਾਹਰੁਖ ਖ਼ਾਨ ਦੇ ਕਰੈਕਟਰ 'ਤੇ ਨਾਮ ਰੱਖਿਆ ਵਿੱਕੀ ਮਲਹੋਤਰਾ
ਸ਼ੈਲੇਂਦਰ ਸ਼੍ਰੀਵਾਸਤਵ ਦੱਸਦੇ ਹਨ, “ਮੈਂ ਵਿੱਕੀ ਦੇ ਨਾਲ ਕੋਈ ਥਰਡ ਡਿਗਰੀ ਤਰੀਕਾ ਨਹੀਂ ਅਪਣਾਇਆ। ਮੈਂ ਉਸ ਨੂੰ ਪੁੱਛਿਆ ਕਿ ਉਹ ਕੀ ਖਾਣਾ ਪਸੰਦ ਕਰੇਗਾ? ਉਸ ਨੇ ਕਿਹਾ ਕਿ ਉਹ ਸ਼ਾਕਾਹਾਰੀ ਹੈ ਅਤੇ ਉਸ ਨੂੰ ਇਡਲੀ ਬਹੁਤ ਪਸੰਦ ਹੈ।"
"ਮੈਂ ਉਸਨੂੰ ਸ਼ਰਾਬ ਦੀ ਪੇਸ਼ਕਸ਼ ਵੀ ਕੀਤੀ ਪਰ ਉਸਨੇ ਕਿਹਾ ਕਿ ਉਹ ਸ਼ਰਾਬ ਨਹੀਂ ਪੀਂਦਾ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਪਰਿਵਾਰ ਨੂੰ ਮਿਲਣਾ ਚਾਹੇਗਾ? ਜਦੋਂ ਉਸ ਨੇ ਹਾਂ ਕਿਹਾ ਤਾਂ ਮੈਂ ਉਸ ਦੀ ਪਤਨੀ ਅਤੇ ਪੁੱਤਰ ਨੂੰ ਮਿਲਣ ਲਈ ਇੰਦੌਰ ਬੁਲਾਇਆ।”
ਸ਼ੈਲੇਂਦਰ ਲਿਖਦੇ ਹਨ, "ਇਕ ਦਿਨ ਮੈਂ ਸੋਫੇ 'ਤੇ ਬੈਠਾ ਵਿੱਕੀ ਨਾਲ ਚਾਹ ਪੀ ਰਿਹਾ ਸੀ, ਅਚਾਨਕ ਉਹ ਭਾਵੁਕ ਹੋ ਗਿਆ ਅਤੇ ਮੇਰੇ ਮੋਢੇ 'ਤੇ ਸਿਰ ਰੱਖ ਕੇ ਰੋਣ ਲੱਗਾ। ਇਸ ਤੋਂ ਬਾਅਦ ਉਸਨੇ ਆਪਣੇ ਅਪਰਾਧਿਕ ਜੀਵਨ ਦੀਆਂ ਪਰਤਾਂ ਅਤੇ ਉਹਨਾਂ ਸਾਰੇ ਓਪਰੇਸ਼ਨਾਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ ਜਿਸਦਾ ਉਹ ਹਿੱਸਾ ਰਿਹਾ ਸੀ।"

ਤਸਵੀਰ ਸਰੋਤ, SHAILENDRA SRIVASTAVA
ਵਿੱਕੀ ਦਾ ਅਸਲੀ ਨਾਮ ਵਿਜੇ ਕੁਮਾਰ ਯਾਦਵ ਸੀ। ਉਹ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦਾ ਵਸਨੀਕ ਸੀ। ਬਚਪਨ ਵਿੱਚ ਉਹ ਛੋਟੇ-ਮੋਟੇ ਅਪਰਾਧ ਕਰਦਾ ਸੀ। ਬਾਅਦ ਵਿਚ ਉਹ ਮੁੰਬਈ ਆ ਗਿਆ ਸੀ।
ਸ਼ੈਲੇਂਦਰ ਸ਼੍ਰੀਵਾਸਤਵ ਦੱਸਦੇ ਹਨ, "ਵਿੱਕੀ ਨੇ ਮੈਨੂੰ ਦੱਸਿਆ ਸੀ ਕਿ ਇੱਕ ਵਾਰ ਮੁੰਬਈ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਤੋਂ ਹੀਰੇ ਚੋਰੀ ਕਰਨ ਤੋਂ ਬਾਅਦ, ਉਹ ਆਪਣੇ ਦੋਸਤਾਂ ਨਾਲ ਸ਼ਾਹਰੁਖ ਖ਼ਾਨ ਦੀ ਫਿਲਮ 'ਬਾਜ਼ੀਗਰ' ਦੇਖਣ ਗਿਆ ਸੀ, ਜਿਸ ਵਿੱਚ ਸ਼ਾਹਰੁਖ ਦਾ ਨਾਮ ਵਿੱਕੀ ਮਲਹੋਤਰਾ ਸੀ।"
"ਉਦੋਂ ਹੀ ਉਸ ਦੇ ਸਾਥੀਆਂ ਨੇ ਉਸਦਾ ਨਾਮ ਵਿਜੇ ਕੁਮਾਰ ਯਾਦਵ ਤੋਂ ਬਦਲ ਕੇ ਵਿੱਕੀ ਮਲਹੋਤਰਾ ਰੱਖ ਦਿੱਤਾ। ਅੰਡਰਵਰਲਡ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਸ ਦੀ ਮੁਲਾਕਾਤ 'ਨਾਨਾ' ਦੇ ਨਾਮ ਨਾਲ ਮਸ਼ਹੂਰ ਛੋਟਾ ਰਾਜਨ ਨਾਲ ਹੋਈ। ਹੌਲੀ-ਹੌਲੀ ਉਹ ਉਸ ਦਾ ਸੱਜਾ ਹੱਥ ਬਣ ਗਿਆ।"

ਛੋਟਾ ਰਾਜਨ ਬਣਿਆ ਦਾਊਦ ਗੈਂਗ ਦਾ ਮੈਂਬਰ
ਛੋਟਾ ਰਾਜਨ ਦਾ ਅਸਲੀ ਨਾਂ ਰਾਜੇਂਦਰ ਨਿਖਲਜੇ ਸੀ। ਉਹ ਚੇਂਬੂਰ ਵਿੱਚ ਸਿਨੇਮਾ ਦੀਆਂ ਟਿਕਟਾਂ ਬਲੈਕ ਕਰਦਾ ਸੀ। ਇੱਕ ਵਾਰ ਜਦੋਂ ਪੁਲਿਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਵਾਲਿਆਂ ਦੇ ਡੰਡੇ ਖੋਹ ਲਏ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।
ਉਹ 1980 ਵਿੱਚ ਵੱਡਾ ਰਾਜਨ ਗੈਂਗ ਦਾ ਮੈਂਬਰ ਬਣਿਆ। ਜਦੋਂ ਅਬਦੁਲ ਕੁੰਜੂ ਨੇ ਵੱਡਾ ਰਾਜਨ ਦਾ ਕਤਲ ਕੀਤਾ ਤਾਂ ਰਾਜੇਂਦਰ ਨਿਖਲਜੇ ਨੇ ਐਲਾਨ ਕੀਤਾ ਕਿ ਬਦਲਾ ਲਿਆ ਜਾਵੇਗਾ। ਕੁੰਜੂ ਨੂੰ ਮਾਰਨ ਦੀਆਂ ਉਸ ਦੀਆਂ ਸਾਰੀਆਂ ਸ਼ੁਰੂਆਤੀ ਕੋਸ਼ਿਸ਼ਾਂ ਅਸਫ਼ਲ ਰਹੀਆਂ ਪਰ ਇਸ ਨੇ ਦਾਊਦ ਇਬਰਾਹਿਮ ਦਾ ਧਿਆਨ ਉਸ ਵੱਲ ਖਿੱਚਿਆ।
ਐੱਸ ਹੁਸੈਨ ਜ਼ੈਦੀ ਆਪਣੀ ਕਿਤਾਬ 'ਡੋਂਗਰੀ ਟੂ ਦੁਬਈ ਸਿਕਸ ਡੀਕੇਡਸ ਆਫ ਦਿ ਮੁੰਬਈ ਮਾਫੀਆ' ਵਿੱਚ ਲਿਖਦੇ ਹਨ, “ਦਾਊਦ ਦੇ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸ ਨੇ ਇੱਕ ਕ੍ਰਿਕਟ ਮੈਚ ਦੌਰਾਨ ਕੁੰਜੂ ਦਾ ਕਤਲ ਕਰ ਦਿੱਤਾ।"
"ਕੁੰਜੂ ਮੈਚ ਖੇਡ ਰਿਹਾ ਸੀ। ਅਚਾਨਕ ਉਸ ਨੇ ਦੇਖਿਆ ਕਿ ਚਿੱਟੀ ਪੈਂਟ ਅਤੇ ਕਮੀਜ਼ ਪਹਿਨੇ ਅਣਪਛਾਤੇ ਵਿਅਕਤੀ ਉਸ ਨਾਲ ਕ੍ਰਿਕਟ ਖੇਡ ਰਹੇ ਸਨ। ਇਸ ਤੋਂ ਪਹਿਲਾਂ ਕਿ ਉਸ ਨੂੰ ਕੁਝ ਸਮਝ ਆਉਂਦਾ, ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਤਸਵੀਰ ਸਰੋਤ, ROLI BOOKS
ਦਾਊਦ ਗੈਂਗ ਦੇ ਪੁਰਾਣੇ ਲੋਕ ਛੋਟਾ ਰਾਜਨ ਤੋਂ ਈਰਖਾ ਕਰਦੇ ਹਨ
ਛੋਟਾ ਰਾਜਨ ਨਾ ਸਿਰਫ਼ ਹੌਲੀ-ਹੌਲੀ ਦਾਊਦ ਦੇ ਇਨਰ ਸਰਕਲ 'ਚ ਦਾਖ਼ਲ ਹੋ ਗਿਆ ਸਗੋਂ ਗੈਂਗ ਦਾ ਦਿਮਾਗ਼ ਅਤੇ ਤਾਕਤ ਵੀ ਬਣ ਗਿਆ ਅਤੇ ਦਾਊਦ ਉਸ 'ਤੇ ਕਾਫੀ ਭਰੋਸਾ ਕਰਨ ਲੱਗਾ।
ਉਸ ਜ਼ਮਾਨੇ ਵਿੱਚ ਡੀ ਕੰਪਨੀ ਲਈ ਕਰੀਬ 5000 ਲੋਕ ਕੰਮ ਕਰਦੇ ਸਨ। ਰਾਜਨ ਦੇ ਕਾਰਨ ਸਾਧੂ ਸ਼ੈਟੀ, ਮੋਹਨ ਕੋਟੀਆਨ, ਗੁਰੂ ਸਾਟਮ, ਰੋਹਿਤ ਵਰਮਾ ਅਤੇ ਭਰਤ ਨੇਪਾਲੀ ਵਰਗੇ ਲੋਕ ਵੀ ਉਸ ਨਾਲ ਜੁੜ ਗਏ ਸਨ ਪਰ ਹੌਲੀ-ਹੌਲੀ ਦਾਊਦ ਗੈਂਗ ਦੇ ਪੁਰਾਣੇ ਲੋਕ ਰਾਜਨ ਤੋਂ ਈਰਖਾ ਕਰਨ ਲੱਗੇ।
ਹੁਸੈਨ ਜ਼ੈਦੀ ਨੇ ਲਿਖਿਆ, “ਸ਼ਰਦ ਸ਼ੈਟੀ, ਛੋਟਾ ਸ਼ਕੀਲ ਅਤੇ ਸੁਨੀਲ ਸਾਵੰਤ ਛੋਟਾ ਰਾਜਨ ਨੂੰ ਪਸੰਦ ਨਹੀਂ ਕਰਦੇ ਸਨ। ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਹ ਰਾਜਨ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਕਤਲ ਕਰਵਾ ਸਕਦੇ ਸੀ ਅਤੇ ਨਾ ਹੀ ਮੁੰਬਈ ਵਿੱਚ ਕੋਈ ਵਪਾਰਕ ਸੌਦਾ ਕਰ ਸਕਦੇ ਸੀ।"
"ਇੱਕ ਦਿਨ ਸ਼ਰਾਬ ਦੀ ਪਾਰਟੀ ਵਿੱਚ ਸ਼ਰਦ ਸ਼ੈਟੀ ਨੇ ਦਾਊਦ ਨੂੰ ਕਿਹਾ ਕਿ ਇੱਕ ਦਿਨ ਛੋਟਾ ਰਾਜਨ ਬਾਗ਼ੀ ਹੋ ਸਕਦਾ ਹੈ। ਹੌਲੀ-ਹੌਲੀ ਇਸ ਦਾ ਅਸਰ ਦਾਊਦ 'ਤੇ ਪੈਣ ਲੱਗਾ ਅਤੇ ਛੋਟਾ ਰਾਜਨ ਨੂੰ ਅਹਿਮ ਫ਼ੈਸਲਿਆਂ ਤੋਂ ਦੂਰ ਰੱਖਿਆ ਜਾਣ ਲੱਗਾ।"

ਤਸਵੀਰ ਸਰੋਤ, X
ਛੋਟਾ ਰਾਜਨ ਅਤੇ ਦਾਊਦ ਵੱਖ ਹੋਏ
ਸਾਲ 1992 ਦੇ ਹੋਏ ਮੁੰਬਈ ਧਮਾਕਿਆਂ ਨੇ ਦੋਵਾਂ ਵਿਚਾਲੇ ਦੂਰੀ ਨੂੰ ਹੋਰ ਵਧਾ ਦਿੱਤਾ। ਛੋਟਾ ਰਾਜਨ ਨੂੰ ਇਸ ਗੱਲ ਤੋਂ ਟੇਸ ਪਹੁੰਚੀ ਕਿ ਮੁੰਬਈ ਹਮਲਿਆਂ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਤੋਂ ਦਾਊਦ ਨੇ ਉਸ ਨੂੰ ਪੂਰੀ ਤਰ੍ਹਾਂ ਦੂਰ ਰੱਖਿਆ ਹੋਇਆ ਸੀ, ਜਦਕਿ ਛੋਟਾ ਸ਼ਕੀਲ ਇਨ੍ਹਾਂ ਮੀਟਿੰਗਾਂ ਵਿੱਚ ਲਗਾਤਾਰ ਸ਼ਾਮਲ ਹੁੰਦਾ ਸੀ।
ਸਾਲ 1993-94 ਤੱਕ ਦੋਹਾਂ ਵਿਚਾਲੇ ਦੂਰੀ ਕਾਫੀ ਵਧ ਗਈ ਸੀ। ਉਸੇ ਸਾਲ ਦਾਊਦ ਨੇ ਕਰੂਜ਼ ਲਾਈਨਰ 'ਤੇ ਆਪਣੇ ਕਰੀਬੀ ਲੋਕਾਂ ਨੂੰ ਪਾਰਟੀ ਦਿੱਤੀ ਸੀ।
ਹੁਸੈਨ ਜ਼ੈਦੀ ਨੇ ਲਿੱਖਦੇ ਹਨ, "ਪਾਰਟੀ 'ਚ ਜਾਣ ਤੋਂ ਪਹਿਲਾਂ ਰਾਜਨ ਨੂੰ ਫੋਨ ਆਇਆ, ਜਿਸ ਨੂੰ ਸੁਣ ਕੇ ਉਨ੍ਹਾਂ ਦਾ ਚਿਹਰਾ ਚਿੱਟਾ ਹੋ ਗਿਆ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਪਾਰਟੀ ਵਿਚ ਉਸ ਨੂੰ ਮਾਰਨ ਦੀ ਯੋਜਨਾ ਬਣ ਗਈ ਹੈ।"
"ਉਸ ਨੇ ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਦੁਬਈ ਤੋਂ ਬਾਹਰ ਨਿਕਲਣ ਲਈ ਉਨ੍ਹਾਂ ਦੀ ਮਦਦ ਮੰਗੀ। ਬਦਲੇ ਵਿੱਚ ਉਸਨੇ ਦਾਊਦ ਬਾਰੇ ਹਰ ਜਾਣਕਾਰੀ ਦੇਣ ਦੀ ਪੇਸ਼ਕਸ਼ ਕੀਤੀ।"
"ਆਖ਼ਰਕਾਰ, ਭਾਰਤੀ ਦੂਤਾਵਾਸ ਨੇ ਛੋਟਾ ਰਾਜਨ ਦੇ ਦੁਬਈ ਤੋਂ ਭੱਜਣ ਵਿੱਚ ਉਸ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ। ਕੁਝ ਘੰਟਿਆਂ ਵਿੱਚ ਹੀ, ਉਸ ਨੂੰ ਕਿਸੇ ਹੋਰ ਨਾਮ ਹੇਠ ਕਾਠਮੰਡੂ ਅਤੇ ਉਥੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਭੇਜ ਦਿੱਤਾ ਗਿਆ।"
"ਉਸ ਦੇ ਬਾਅਦ ਤੋਂ ਛੋਟੇ ਰਾਜਨ ਕੋਲ ਸਿਰਫ਼ ਇੱਕ ਗਹੀ ਮਕਸਦ ਰਹਿ ਗਿਆ ਦਾਊਦ ਇਬਰਾਹਿਮ ਅਤੇ ਉਸ ਦੇ ਕਾਰੋਬਾਰੀ ਸਾਮਰਾਜ ਨੂੰ ਖ਼ਤਨ ਕਰਨਾ।

ਤਸਵੀਰ ਸਰੋਤ, X
ਛੋਟਾ ਰਾਜਨ 'ਤੇ ਦਾਊਦ ਦੇ ਗੁੰਡਿਆਂ ਨੇ ਕੀਤਾ ਹਮਲਾ
ਦਾਊਦ ਇਬਰਾਹਿਮ ਦੁਬਈ ਤੋਂ ਕਰਾਚੀ ਆਇਆ ਅਤੇ ਛੋਟਾ ਰਾਜਨ ਨੇ ਬੈਂਕੌਕ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਦਾਊਦ ਅਤੇ ਉਸ ਦੇ ਸਾਥੀ ਛੋਟਾ ਰਾਜਨ ਦੀ ਰਿਹਾਇਸ਼ ਦਾ ਪਤਾ ਲਗਾਉਣ ਦੀ ਫਿਰਾਕ ਵਿੱਚ ਸਨ।
ਇੱਕ ਦਿਨ ਛੋਟਾ ਸ਼ਕੀਲ ਦੇ ਕਹਿਣ 'ਤੇ ਮੁੰਨਾ ਝਿੰਗੜਾ ਅਤੇ ਉਸਦੇ ਸਾਥੀਆਂ ਨੇ ਛੋਟਾ ਰਾਜਨ ਦੇ ਬੈਂਕੌਕ ਅਪਾਰਟਮੈਂਟ ਵਿੱਚ ਉਸ ʼਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਛੋਟਾ ਰਾਜਨ ਦੇ ਕੇਅਰਟੇਕਰ ਰੋਹਿਤ ਵਰਮਾ ਨੂੰ ਗੋਲੀ ਮਾਰੀ ਅਤੇ ਫਿਰ ਉਸ ਦੀ ਪਤਨੀ ਸੰਗੀਤਾ, ਬੇਟੀ ਅਤੇ ਨੌਕਰਾਣੀ ਨੂੰ ਜ਼ਖਮੀ ਕਰ ਦਿੱਤਾ।
ਸ਼ੈਲੇਂਦਰ ਸ਼੍ਰੀਵਾਸਤਵ ਲਿਖਦੇ ਹਨ, “ਛੋਟਾ ਰਾਜਨ ਆਪਣੇ ਫਲੈਟ ਦੇ ਬੈੱਡਰੂਮ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਉਸ ਨੇ ਅੰਦਰੋਂ ਬੰਦ ਕਰ ਲਿਆ ਸੀ, ਉਨ੍ਹਾਂ ਨੇ ਬੰਦ ਬੈੱਡਰੂਮ ਦੇ ਦਰਵਾਜ਼ੇ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।"
"ਛੋਟਾ ਰਾਜਨ ਨੇ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ। ਜਿਵੇਂ ਹੀ ਵਿੱਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਬੁਲਾ ਲਿਆ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਸ ਨੂੰ ਉਹ ਫਲੈਟ ਦੇ ਪਿੱਛੇ ਇੱਕ ਦਰੱਖਤ ਦੀ ਟਾਹਣੀ ਨਾਲ ਲਟਕਦਾ ਨਜ਼ਰ ਆਇਆ। ਉਥੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਵਿੱਕੀ ਪਰਛਾਵੇਂ ਵਾਂਗ ਉਸ ਦੇ ਨਾਲ ਰਿਹਾ।"

ਤਸਵੀਰ ਸਰੋਤ, Getty Images
ਜਨਮ ਦਿਨ ਦੇ ਕੇਕ ਦੇ ਬਹਾਨੇ ਘਰ 'ਚ ਐਂਟਰੀ ਲਈ
ਹੁਸੈਨ ਜ਼ੈਦੀ ਨੇ ਆਪਣੀ ਪੁਸਤਕ ਵਿੱਚ ਇਸ ਘਟਨਾ ਦਾ ਵਧੇਰੇ ਵਿਸਤਾਰ ਨਾਲ ਵਰਣਨ ਕੀਤਾ ਹੈ।
ਜ਼ੈਦੀ ਨੇ ਲਿਖਦੇ ਹਨ, "ਕਾਲੇ ਸੂਟ ਪਹਿਨੇ ਚਾਰ ਥਾਈ ਲੋਕ ਛੋਟਾ ਰਾਜਨ ਦੇ ਘਰ ਦੇ ਗੇਟ 'ਤੇ ਪਹੁੰਚੇ। ਉਹ ਆਪਣੇ ਨਾਲ ਜਨਮ ਦਿਨ ਦਾ ਵੱਡਾ ਕੇਕ ਲੈ ਕੇ ਆਏ ਸੀ।"
"ਉਸ ਨੇ ਗਾਰਡਾਂ ਨੂੰ ਕਿਹਾ, 'ਅੱਜ ਰਾਜਨ ਦੇ ਸਾਥੀ ਮਾਈਕਲ ਡਿਸੂਜ਼ਾ ਦੀ ਬੇਟੀ ਦਾ ਜਨਮ ਦਿਨ ਹੈ। ਇਸੇ ਲਈ ਉਸ ਦੇ ਭਾਰਤੀ ਦੋਸਤਾਂ ਨੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਲਈ ਇਹ ਕੇਕ ਭੇਜਿਆ ਹੈ।ʼ ਜਦੋਂ ਗਾਰਡ ਸੋਚ ਰਹੇ ਸਨ ਕਿ ਕੀ ਕੀਤਾ ਜਾਵੇ ਤਾਂ 200 ਡਾਲਰ ਦਾ ਨੋਟ ਉਨ੍ਹਾਂ ਨੂੰ ਫੜਾ ਦਿੱਤਾ ਗਿਆ। ਗਾਰਡ ਨੇ ਗੇਟ ਖੋਲ੍ਹਿਆ ਅਤੇ ਚਾਰੇ ਲੋਕ ਆਪਣੀ ਕਾਰ ਘਰ ਦੇ ਅੰਦਰ ਲੈ ਆਏ।"
"ਜਿਵੇਂ ਹੀ ਗਾਰਡ ਗੇਟ ਬੰਦ ਕਰਨ ਆਏ ਤਾਂ ਚਾਰ ਭਾਰਤੀ ਲੋਕ ਅਚਾਨਕ ਪ੍ਰਗਟ ਹੋਏ ਅਤੇ ਉਨ੍ਹਾਂ ʼਤੇ ਚੜ੍ਹ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਬੰਨ੍ਹ ਦਿੱਤਾ। ਦਾਊਦ ਦੇ ਗੁਰਗਿਆਂ ਨੇ ਰਾਜਨ ਅਤੇ ਵਰਮਾ ਦੇ ਪਹਿਲੀ ਮੰਜ਼ਿਲ ਵਾਲੇ ਫਲੈਟ ਦੇ ਦਰਵਾਜ਼ੇ ʼਤੇ ਦਸਤਕ ਦਿੱਤੀ।"
ਜ਼ੈਦੀ ਨੇ ਲਿਖਦੇ ਹਨ, "ਕੇਅਰਟੇਕਰ ਵਰਮਾ ਉਨ੍ਹਾਂ ਲੋਕਾਂ ਨੂੰ ਦਰਵਾਜ਼ੇ 'ਤੇ ਦੇਖ ਕੇ ਦੰਗ ਰਹਿ ਗਏ। ਇਸ ਤੋਂ ਪਹਿਲਾਂ ਕਿ ਉਹ ਰਾਜਨ ਨੂੰ ਚੇਤਾਵਨੀ ਦਿੰਦਾ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ। ਜਦੋਂ ਉਨ੍ਹਾਂ ਨੂੰ ਰਾਜਨ ਕਿਤੇ ਨਾ ਮਿਲਿਆ ਤਾਂ ਉਨ੍ਹਾਂ ਬੈੱਡਰੂਮ ਦੇ ਬੰਦ ਦਰਵਾਜ਼ੇ 'ਤੇ ਗੋਲੀਆਂ ਚਲਾ ਦਿੱਤੀਆਂ।"
"ਇੱਕ ਗੋਲੀ ਦਰਵਾਜ਼ੇ ਨੂੰ ਵਿੰਨ੍ਹ ਕੇ ਛੋਟਾ ਰਾਜਨ ਦੇ ਪੇਟ ਵਿੱਚ ਲੱਗੀ। ਖੂਨ ਨਾਲ ਲੱਥਪੱਥ ਰਾਜਨ ਨੇ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਅਤੇ ਸੰਘਣੀ ਝਾੜੀਆਂ ਵਿੱਚ ਲੁਕ ਗਿਆ। ਸਾਰੀ ਘਟਨਾ ਪੰਜ ਮਿੰਟਾਂ ਵਿੱਚ ਖ਼ਤਮ ਹੋ ਗਈ।"

ਤਸਵੀਰ ਸਰੋਤ, ROLI BOOKS
ਛੋਟਾ ਰਾਜਨ ਹਸਪਤਾਲ ਤੋਂ ਫਰਾਰ ਹੋਇਆ
ਛੋਟਾ ਰਾਜਨ ਨੂੰ ਹਸਪਤਾਲ 'ਚ ਵਿਜੇ ਦਮਨ ਦੇ ਫਰਜ਼ੀ ਨਾਂ 'ਤੇ ਰੱਖਿਆ ਗਿਆ ਪਰ ਫਿਰ ਵੀ ਅਫ਼ਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਬੈਂਕੌਕ 'ਚ ਉਸ ਨੂੰ ਮਾਰ ਦਿੱਤਾ ਗਿਆ ਹੈ।
ਜਲਦੀ ਹੀ ਭਾਰਤੀ ਏਜੰਸੀਆਂ ਨੂੰ ਸੂਚਨਾ ਮਿਲੀ ਕਿ ਛੋਟਾ ਰਾਜਨ ਬੈਂਕੌਕ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਰਾਜਨ ਦੀ ਹਵਾਲਗੀ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਸੀਬੀਆਈ ਦੀ ਟੀਮ ਥਾਈਲੈਂਡ ਜਾਣ ਦੀ ਤਿਆਰੀ ਕਰਨ ਲੱਗੀ।
ਇਸ ਦੌਰਾਨ ਵਿੱਕੀ ਮਲਹੋਤਰਾ ਨੇ ਛੋਟਾ ਰਾਜਨ ਨੂੰ ਹਸਪਤਾਲ ਤੋਂ ਬਾਹਰ ਕੱਢਣ ਲਈ ਉੱਥੇ ਮੌਜੂਦ ਸਟਾਫ਼ ਨੂੰ ਭਰੋਸੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ।
ਸ਼ੈਲੇਂਦਰ ਸ਼੍ਰੀਵਾਸਤਵ ਲਿਖਦੇ ਹਨ, “ਇਸ ਦੌਰਾਨ, ਵਿੱਕੀ ਭਾਰਤ ਆਇਆ ਅਤੇ ਇੱਥੋਂ ਛੋਟਾ ਰਾਜਨ ਦਾ ਪੁਤਲਾ ਬਣਾ ਕੇ ਇੱਕ ਵੱਡੇ ਸੂਟਕੇਸ ਵਿੱਚ ਬੈਂਕੌਕ ਲੈ ਗਿਆ। ਵਿੱਕੀ ਨੇ ਦੱਸਿਆ ਕਿ ਉਹ ਦੋ ਵਾਰ ਭਾਰਤ ਆਇਆ ਸੀ।"
"ਪਹਿਲੀ ਵਾਰ ਉਹ ਰਾਜਨ ਦੇ ਪੁਤਲੇ ਦੇ ਉਪਰਲੇ ਹਿੱਸੇ ਨੂੰ ਲੈ ਕੇ ਬੈਂਕੌਕ ਗਿਆ ਅਤੇ ਦੂਜੀ ਵਾਰ ਹੇਠਲੇ ਹਿੱਸੇ ਨੂੰ ਲੈ ਕੇ ਬੈਂਕੌਕ ਪਹੁੰਚਿਆ। ਉਸਨੇ ਇੱਕ ਵੱਡੀ ਰੱਸੀ ਵੀ ਖਰੀਦੀ। ਫਿਰ ਉਸ ਨੇ ਪੁਤਲੇ ਦੇ ਦੋਵੇਂ ਹਿੱਸਿਆਂ ਨੂੰ ਜੋੜ ਕੇ ਛੋਟਾ ਰਾਜਨ ਦੇ ਬਿਸਤਰੇ 'ਤੇ ਪਾ ਕੇ ਚਾਦਰ ਨਾਲ ਢੱਕ ਦਿੱਤਾ। ਰਾਜਨ ਰੱਸੀ ਦੀ ਮਦਦ ਨਾਲ ਖਿੜਕੀ ਤੋਂ ਹੇਠਾਂ ਉਤਰਿਆ। ਸੀਬੀਆਈ ਟੀਮ ਨੂੰ ਖਾਲ੍ਹੀ ਹੱਥ ਭਾਰਤ ਪਰਤਣਾ ਪਿਆ।"

ਤਸਵੀਰ ਸਰੋਤ, Getty Images
ਕਬਰਿਸਤਾਨ 'ਚ ਦਾਊਦ 'ਤੇ ਹਮਲਾ ਦੀ ਯੋਜਨਾ
ਛੋਟਾ ਰਾਜਨ ਨੇ ਵੀ ਦਾਊਦ ʼਤੇ ਵੀ ਜਵਾਬੀ ਹਮਲੇ ਦੀ ਯੋਜਨਾ ਬਣਾਈ। ਜਦੋਂ ਦਾਊਦ ਦੀ ਧੀ ਦੀ ਮੌਤ ਹੋਈ ਤਾਂ ਉਸ ਦੇ ਅੰਤਿਮ ਸੰਸਕਾਰ ਦੌਰਾਨ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਿਸ਼ਨ ਲਈ ਵਿੱਕੀ ਨੇਪਾਲੀ ਪਾਸਪੋਰਟ 'ਤੇ ਕਾਠਮੰਡੂ ਤੋਂ ਕਰਾਚੀ ਗਿਆ ਸੀ।"
ਸ਼ੈਲੇਂਦਰ ਸ਼੍ਰੀਵਾਸਤਵ ਦਾ ਕਹਿਣਾ ਹੈ, “ਵਿੱਕੀ ਨੇ ਕਰਾਚੀ ਵਿੱਚ ਹੀ ਇੱਕ ਹਥਿਆਰ ਸਮੱਗਲਰ ਤੋਂ ਦੋ ਏਕੇ-47 ਰਾਈਫਲਾਂ ਖਰੀਦੀਆਂ ਸਨ। ਉਸ ਦੀ ਯੋਜਨਾ ਸੀ ਕਿ ਜਦੋਂ ਦਾਊਦ ਆਪਣੀ ਧੀ ਨੂੰ ਦਫ਼ਨਾਉਣ ਲਈ ਕਬਰਿਸਤਾਨ ਆਵੇਗਾ ਤਾਂ ਉਸ 'ਤੇ ਹਮਲਾ ਕੀਤਾ ਜਾਵੇਗਾ।"
"ਪਰ ਆਈਐੱਸਆਈ ਦੇ ਜਾਸੂਸਾਂ ਨੇ ਉਸ ਹਥਿਆਰ ਸਮੱਗਲਰ ਨੂੰ ਫੜ ਲਿਆ। ਉਸਨੇ ਮੰਨਿਆ ਕਿ ਉਸ ਨੇ ਦੋ ਨੇਪਾਲੀ ਮੁੰਡਿਆਂ ਨੂੰ ਦੋ ਏਕੇ-47 ਰਾਈਫਲਾਂ ਵੇਚੀਆਂ ਸਨ।"
"ਨਤੀਜਾ ਇਹ ਨਿਕਲਿਆ ਕਿ, ਦਾਊਦ ਚੌਕਸ ਹੋ ਗਿਆ ਅਤੇ ਕਬਰਿਸਤਾਨ ਨਹੀਂ ਗਿਆ। ਜਦੋਂ ਵਿੱਕੀ ਅਤੇ ਉਸ ਦਾ ਸਾਥੀ ਕਬਰਿਸਤਾਨ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਪੂਰੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਦਾਊਦ ਦਾ ਕੋਈ ਅਤਾ-ਪਤਾ ਨਹੀਂ ਹੈ।"
"ਉਨ੍ਹਾਂ ਨੇ ਆਪਣੀ ਰਾਈਫਲਾਂ ਉੱਥੇ ਹੀ ਸੁੱਟ ਦਿੱਤੀਆਂ ਅਤੇ ਕਿਸੇ ਤਰ੍ਹਾਂ ਬਲੋਚਿਸਤਾਨ ਰਾਹੀਂ ਅਫ਼ਗਾਨਿਸਤਾਨ ਪਹੁੰਚ ਗਏ।"

ਤਸਵੀਰ ਸਰੋਤ, SHAILENDRA SRIVASTAVA
ਦੁਬਈ 'ਚ ਦਾਊਦ 'ਤੇ ਹਮਲੇ ਦੀ ਇਕ ਹੋਰ ਕੋਸ਼ਿਸ਼
ਦਾਊਦ ਨੂੰ ਮਾਰਨ ਦੀ ਅਗਲੀ ਕੋਸ਼ਿਸ਼ ਬਾਰੇ ਸ਼ੈਲੇਂਦਰ ਸ਼੍ਰੀਵਾਸਤਵ ਦੱਸਦੇ ਹਨ, “ਇਸ ਵਾਰ ਵਿੱਕੀ ਅਤੇ ਉਸ ਦਾ ਸਾਥੀ ਬੰਗਲਾਦੇਸ਼ੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਪਹੁੰਚੇ। ਉਥੋਂ ਦੋਵੇਂ ਕਰਾਚੀ ਪਹੁੰਚੇ। ਉੱਥੇ ਉਨ੍ਹਾਂ ਨੇ ਦੋ ਏਕੇ-47 ਰਾਈਫਲਾਂ ਅਤੇ ਦੋ ਪਿਸਤੌਲਾਂ ਖਰੀਦੀਆਂ।"
"ਉਨ੍ਹਾਂ ਨੇ ਦੋ ਐੱਲਈਡੀ ਟੀਵੀ ਸੈੱਟ ਵੀ ਖਰੀਦੇ ਅਤੇ ਇਨ੍ਹਾਂ ਸੈੱਟਾਂ ਦੇ ਅੰਦਰ ਆਪਣੇ ਹਥਿਆਰ ਛੁਪਾ ਲਏ। ਉਥੇ ਵਿੱਕੀ ਨੇ 60 ਕਰੋੜ ਰੁਪਏ ਦੀ ਕਿਸ਼ਤੀ ਖਰੀਦੀ ਅਤੇ ਸਮੁੰਦਰ ਰਾਹੀਂ ਦੁਬਈ ਲਈ ਰਵਾਨਾ ਹੋ ਗਿਆ। ਇਸ ਦੇ ਨਾਲ ਹੀ ਟੀਵੀ ਸੈੱਟ ਵੀ ਸਨ ਜਿਸ ਵਿੱਚ ਰਾਈਫਲਾਂ ਅਤੇ ਪਿਸਤੌਲ ਰੱਖੇ ਹੋਏ ਸਨ। ਉਸਨੇ ਇੰਡੀਆ ਕਲੱਬ ਦੇ ਸਾਹਮਣੇ ਇੱਕ 56 ਮੰਜ਼ਿਲਾ ਇਮਾਰਤ ਵਿੱਚ ਇੱਕ ਫਲੈਟ ਕਿਰਾਏ 'ਤੇ ਲਿਆ ਸੀ।"
ਵਿੱਕੀ ਅਤੇ ਉਸ ਦਾ ਸਾਥੀ ਦਾਊਦ ਦੇ ਇੰਤਜ਼ਾਰ ਵਿੱਚ ਉਸ ਫਲੈਟ ਵਿੱਚ ਰਹਿਣ ਲੱਗੇ। ਪਰ ਦਾਊਦ ਕਈ ਮਹੀਨਿਆਂ ਤੱਕ ਇੰਡੀਆ ਕਲੱਬ ਨਹੀਂ ਆਇਆ। ਇਸ ਦੌਰਾਨ ਦੁਬਈ ਪੁਲਿਸ ਨੂੰ ਵਿੱਕੀ ਅਤੇ ਉਸ ਦੇ ਸਾਥੀ 'ਤੇ ਸ਼ੱਕ ਹੋ ਗਿਆ। ਉਸ ਨੇ ਫਲੈਟ ਦੀ ਤਲਾਸ਼ੀ ਲਈ ਪਰ ਕੋਈ ਵੀ ਇਤਰਾਜ਼ਯੋਗ ਸਮਾਨ ਨਹੀਂ ਮਿਲੀ।
ਸ਼੍ਰੀਵਾਸਤਵ ਨੇ ਲਿਖਦੇ ਹਨ, “ਇਸ ਤੋਂ ਬਾਅਦ ਵਿੱਕੀ ਨੂੰ ਅੰਦਾਜ਼ਾ ਹੋ ਗਿਆ ਕਿ ਉਹ ਦੁਬਈ ਪੁਲਿਸ ਅਤੇ ਦਾਊਦ ਦੀ ਨਜ਼ਰ ʼਚ ਆ ਗਿਆ ਹੈ। ਉਸ ਨੇ ਟੀਵੀ ਸੈੱਟਾਂ ਇੱਕ ਦਿਨ ਤੋਂ ਹਥਿਆਰ ਕੱਢ ਲਏ ਅਤੇ ਇੰਡੀਆ ਕਲੱਬ 'ਤੇ ਹਮਲਾ ਕਰ ਦਿੱਤਾ। ਉੱਥੇ ਉਸ ਨੇ 19 ਜਨਵਰੀ, 2003 ਨੂੰ ਦਾਊਦ ਦੇ ਸਾਥੀ ਸ਼ਰਦ ਸ਼ੈਟੀ, ਜਿਸ ਨੂੰ 'ਡੈਨੀ' ਵਜੋਂ ਜਾਣਿਆ ਜਾਂਦਾ ਹੈ, ਨੂੰ ਮਾਰ ਦਿੱਤਾ।"

ਤਸਵੀਰ ਸਰੋਤ, Getty Images
ਦਾਊਦ ਨੇ ਕਰਾਚੀ ਨੂੰ ਆਪਣਾ ਬੇਸ ਬਣਾਇਆ
ਸ਼ੈਲੇਂਦਰ ਸ਼੍ਰੀਵਾਸਤਵ ਲਿਖਦੇ ਹਨ, “ਵਿੱਕੀ ਨੇ ਦੱਸਿਆ ਕਿ ਦਾਊਦ ਨੇ ਹੁਣ ਤੱਕ ਘੱਟੋ-ਘੱਟ 13 ਨਾਵਾਂ ਦਾ ਇਸਤੇਮਾਲ ਕੀਤਾ ਹੈ। ਉਸ ਕੋਲ ਕਈ ਦੇਸ਼ਾਂ ਦੇ ਪਾਸਪੋਰਟ ਹਨ, ਜਿਨ੍ਹਾਂ ਵਿਚ ਦੋ ਪਾਕਿਸਤਾਨ, ਇਕ ਸੰਯੁਕਤ ਅਰਬ ਅਮੀਰਾਤ ਅਤੇ ਇਕ ਯਮਨ ਦਾ ਹੈ।"
"ਉਸ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਹਿਜ਼ਬੀਨ ਸ਼ੇਖ, ਪੁੱਤਰ ਮੋਇਨ ਨਵਾਜ਼ ਅਤੇ ਦੋ ਬੇਟੀਆਂ ਮਾਹਰੁਖ਼ ਅਤੇ ਮਹਿਰੀਨ ਹਨ।"
"ਉਸ ਦੀ ਤੀਜੀ ਧੀ ਮਾਰੀਆ ਦੀ ਮੌਤ 1998 ਵਿੱਚ ਹੋਈ ਸੀ। ਮਾਹਰੁਖ਼ ਦਾ ਵਿਆਹ ਕ੍ਰਿਕਟਰ ਜਾਵੇਦ ਮਿਆਂਦਾਦ ਦੇ ਪੁੱਤਰ ਜੁਨੈਦ ਨਾਲ ਹੋਇਆ ਹੈ, ਜਦੋਂ ਕਿ ਉਸ ਦੀ ਦੂਜੀ ਧੀ ਮਹਿਰੀਨ ਦਾ ਵਿਆਹ ਪਾਕਿਸਤਾਨੀ-ਅਮਰੀਕੀ ਵਿਅਕਤੀ ਅਯੂਬ ਨਾਲ ਹੋਇਆ ਹੈ।"

ਤਸਵੀਰ ਸਰੋਤ, ROLI BOOKS
ਛੋਟਾ ਰਾਜਨ ਤਿਹਾੜ ਜੇਲ੍ਹ ʼਚ ਉਮਰ ਕੈਦ ਕੱਟ ਰਿਹਾ ਹੈ
ਛੋਟਾ ਰਾਜਨ ਖ਼ਿਲਾਫ਼ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। 2015 ਵਿੱਚ, ਉਹ ਬਾਲੀ ਵਿੱਚ ਇੰਡੋਨੇਸ਼ੀਆਈ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਿਆ ਸੀ। ਭਾਰਤੀ ਪੁਲਿਸ ਉਸ ਦੀ ਹਵਾਲਗੀ ਲੈ ਕੇ ਉਸ ਨੂੰ ਦਿੱਲੀ ਲਿਆਂਦਾ, ਜਿੱਥੇ ਉਹ ਅਜੇ ਵੀ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਉਸ 'ਤੇ 70 ਅਪਰਾਧ ਕਰਨ ਦੇ ਇਲਜ਼ਾਮ ਲੱਗੇ ਅਤੇ 2018 ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2024 ਵਿੱਚ ਉਸ ਨੂੰ ਇੱਕ ਹੋਰ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸ਼ੈਲੇਂਦਰ ਸ਼੍ਰੀਵਾਸਤਵ ਲਿਖਦੇ ਹਨ, “2005 ਵਿੱਚ, ਉਹ ਦਾਊਦ ਇਬਰਾਹਿਮ ਦੇ ਕਤਲ ਦੀ ਇੱਕ ਹੋਰ ਕੋਸ਼ਿਸ਼ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਅਤੇ ਉਸਦੇ ਸਾਥੀ ਫਰੀਦ ਤਨਾਸ਼ਾ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਸਦੀ ਗ੍ਰਿਫ਼ਤਾਰੀ ਇੰਟੈਲੀਜੈਂਸ ਬਿਊਰੋ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਵਿਚਕਾਰ ਟਰਫ ਵਾਰ ਕਾਰਨ ਹੋਈ।"
ਇਸ ਦਾ ਜ਼ਿਕਰ ਕਰਦੇ ਹੋਏ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਮੀਰਾ ਬੋਰਵੰਕਰ ਨੇ ਆਪਣੀ ਸਵੈ-ਜੀਵਨੀ ‘ਮੈਡਮ ਕਮਿਸ਼ਨਰ’ ਵਿੱਚ ਲਿਖਿਆ, “ਜਦੋਂ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਇੰਟੈਲੀਜੈਂਸ ਬਿਊਰੋ ਦੇ ਸਾਬਕਾ ਮੁਖੀ ਉਸ ਦੇ ਨਾਲ ਮੌਜੂਦ ਸਨ। ਉਨ੍ਹਾਂ ਨੇ ਵਿੱਕੀ ਨੂੰ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਉਸ ਨੂੰ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ।”
ਸ਼੍ਰੀਵਾਸਤਵ ਨੇ ਕਿਹਾ, "ਵਿੱਕੀ ਨੂੰ ਗ੍ਰਿਫਤਾਰ ਕਰ ਕੇ ਦਿੱਲੀ ਤੋਂ ਮੁੰਬਈ ਲਿਆਂਦਾ ਗਿਆ ਸੀ। ਜਦੋਂ ਉਹ 2010 ਵਿੱਚ ਜ਼ਮਾਨਤ 'ਤੇ ਰਿਹਾਅ ਹੋਇਆ ਤਾਂ ਉਹ ਭੱਜ ਗਿਆ, ਕਿਹਾ ਜਾਂਦਾ ਹੈ ਕਿ ਉਹ ਇਸ ਸਮੇਂ ਦੱਖਣੀ ਅਫਰੀਕਾ ਵਿੱਚ ਹੈ ਅਤੇ ਛੋਟਾ ਰਾਜਨ ਦੇ ਕਾਰੋਬਾਰ ਨੂੰ ਦੇਖ ਰਿਹਾ ਹੈ ਜਿਸ ਵਿੱਚ ਹੀਰਿਆਂ ਦੀ ਤਸਕਰੀ ਵੀ ਸ਼ਾਮਲ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












