ਬਲਾਗ: ਜਦੋਂ ਦਾਊਦ ਇਬਰਾਹੀਮ ਨੇ ਕਿਹਾ- 'ਤੈਨੂੰ 8 ਦਿਨਾਂ ਦਾ ਸਮਾਂ ਦਿੰਦਾ ਹਾਂ'

दाऊद इब्राहीम

ਤਸਵੀਰ ਸਰੋਤ, SAJJAD HUSSAIN/AFP/Getty Images

    • ਲੇਖਕ, ਰਾਜੇਸ਼ ਜੋਸ਼ੀ
    • ਰੋਲ, ਰੇਡੀਓ ਐਡਿਟਰ, ਬੀਬੀਸੀ ਹਿੰਦੀ

ਮੈਂ ਫੋਨ ਚੁੱਕਿਆ ਤਾਂ ਦੂਜੇ ਪਾਸੇ ਬੇਹੱਦ ਠੰਡੀ ਆਵਾਜ਼ ਆਈ, ''ਹੋਲਡ ਰੱਖੋ, ਬਾਈ ਜੀ ਗੱਲ ਕਰਨਗੇ।'' ਫ਼ੋਨ ਕਰਨ ਵਾਲੇ ਦਾ ਨਾਂ ਛੋਟਾ ਸ਼ਕੀਲ ਸੀ।

ਮੇਰੇ ਸਾਹਮਣੇ ਆਉਟਲੁੱਕ ਮੈਗਜ਼ੀਨ ਦੇ ਸੀਨੀਅਰ ਪੱਤਰਕਾਰ ਅਜੀਤ ਪਿਲੱਈ ਸਾਹ ਰੋਕੀ ਖੜੇ ਸੀ। ਮੈਂ ਚਾਰੇ ਪਾਸੇ ਨਜ਼ਰਾਂ ਘੁਮਾਈਆਂ ਤਾਂ ਮੌਜੂਦ ਦਫ਼ਤਰ ਦੇ ਸਾਰੇ ਲੋਕ ਮੇਰੇ ਵੱਲ ਦੇਖ ਰਹੇ ਸੀ। ਸਾਰਿਆਂ ਨੂੰ ਪਤਾ ਸੀ ਕਿ ਅਜਿਹੀ ਗੱਲਬਾਤ ਰੋਜ਼ਾਨਾ ਨਹੀਂ ਹੁੰਦੀ।

ਸਾਰਿਆਂ ਨੂੰ ਪਤਾ ਸੀ ਕਿ ਫ਼ੋਨ ਕਰਨ ਵਾਲੇ ਦੇ ਹੱਥ ਸੱਚੀਂ-ਮੁੱਚੀ ਬਹੁਤ ਲੰਬੇ ਹਨ ਅਤੇ ਜੇਕਰ ਮਾਮਲਾ ਥੋੜਾ ਵਿਗੜ ਗਿਆ ਤਾਂ 'ਦਿੱਲੀ 'ਚ ਪੱਤਰਕਾਰ ਦਾ ਕਤਲ' ਵਰਗੀਆਂ ਸੁਰਖ਼ੀਆਂ ਬਣ ਸਕਦੀਆਂ ਹਨ।

ਕੁਝ ਹੀ ਪਲਾਂ ਬਾਅਦ ਫ਼ੋਨ 'ਤੇ ਕਿਸੇ ਦੂਜੇ ਸ਼ਖਸ਼ ਦੀ ਅਵਾਜ਼ ਸੁਣਾਈ ਦਿੱਤੀ ਅਤੇ ਬਿਨਾ ਕਿਸੀ ਭੂਮਿਕਾ ਦੇ ਜਾਂ ਬਿਨਾਂ ਮੇਰਾ ਨਾਂ ਪੁੱਛੇ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ, ''ਇਹ ਕੀ ਛਾਪ ਰਹੇ ਹੋ ਤੁਸੀਂ। ਮੇਰੀ ਡਰੱਗਜ਼ ਦੇ ਧੰਦੇ 'ਚ ਸ਼ਮੂਲੀਅਤ ਦੀ ਗੱਲ ਕਰ ਰਹੇ ਹੋ। ਤੁਹਾਨੂੰ ਪਤਾ ਹੈ ਸਾਡੇ ਮਜ਼ਹਬ 'ਚ ਇਸ ਦੀ ਮਨਾਹੀ ਹੈ। ਮੇਰਾ ਦੁਨੀਆ ਭਰ 'ਚ ਰੀਅਲ ਇਸਟੇਟ ਦਾ ਵਪਾਰ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਡਰੱਗਜ਼ ਦਾ ਧੰਧਾ ਕਰਦਾ ਹਾਂ।''

ਇਹ ਆਵਾਜ਼ ਦਾਊਦ ਇਮਰਾਹੀਮ ਦੀ ਸੀ। ਦਾਊਦ- ਬੌਂਬੇ ਅੰਡਰਵਰਲਡ ਦਾ ਬੇਤਾਜ ਬਾਦਸ਼ਾਹ ਸੀ, ਭਾਰਤ ਦਾ ਦੁਸ਼ਮਣ ਨੰਬਰ ਇੱਕ। ਮੁੰਬਈ ਸ਼ਹਿਰ 'ਚ 1993 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦਾ ਮਾਸਟਰਮਾਈਂਡ।

ਮੰਬਈ ਬੰਬ ਧਮਾਕੇ

ਤਸਵੀਰ ਸਰੋਤ, SEBASTIAN D'SOUZA/AFP/GETTY IMAGES

ਉਸੇ ਬਫ਼ਤੇ 'ਆਉਟਲੁੱਕ' ਮੈਗਜ਼ੀਨ 'ਚ ਅਜਿਤ ਪਿਲੱਈ ਅਤੇ ਚਾਰੂਲਤਾ ਜੋਸ਼ੀ ਨੇ ਦਾਊਦ ਇਬਰਾਹੀਮ ਦੇ ਗੋਰਖਧੰਦੇ 'ਤੇ ਕਵਰ ਸਟੋਰੀ ਛਾਪੀ ਸੀ ਜਿਸ ਵਿੱਚ ਸਰਕਾਰੀ ਸੂਤਰਾਂ ਨੇ ਦੱਸਿਆ ਸੀ ਕਿ ਨਸ਼ੀਲੀ ਦਵਾਈਆਂ ਦੇ ਧੰਦੇ 'ਚ ਉਸਦਾ 2000 ਕਰੋੜ ਰੁੱਪਈਆ ਲੱਗਾ ਹੈ। ਦਾਊਦ ਦੀ ਨਰਾਜ਼ਗੀ ਦੀ ਇਹੀ ਵਜ੍ਹਾ ਸੀ।

"ਦਾਊਦ ਬਾਈ", ਮੈਂ ਬੇਪਰਵਾਹੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਦਾਊਦ ਮੇਰਾ ਲੰਗੋਟੀਆ ਯਾਰ ਹੋਵੇ ਅਤੇ ਅਸੀਂ ਰੋਜ਼ ਫ਼ੋਨ 'ਤੇ ਇੱਕ ਦੂਜੇ ਨੂੰ ਚੁਟਕੁਲੇ ਸੁਣਾਉਂਦੇ ਹੋਈਏ।

ਪੱਤਰਕਾਰੀ ਦੇ ਪੇਸ਼ੇ 'ਚ ਰਿਪੋਰਟਰ ਕਈ ਤਰ੍ਹਾਂ ਦੇ ਸਨਸਨੀਖ਼ੇਜ਼ ਤਜਰਬਿਆਂ ਤੋਂ ਗੁਜ਼ਰਦਾ ਹੈ। ਸ਼ੁਰੂਆਤੀ ਦੌਰ ਵਿੱਚ ਕੋਈ ਵੱਡਾ ਪੁਲਿਸ ਅਫ਼ਸਰ ਫ਼ੋਨ ਕਰ ਦੇਵੇ ਤਾਂ ਰਿਪੋਰਟਰ ਦਾ ਅਹੁਦਾ ਆਪਣੀਆਂ ਹੀ ਨਜ਼ਰਾਂ 'ਚ ਕਾਫ਼ੀ ਉੱਚਾ ਹੋ ਜਾਂਦਾ ਹੈ।

ਫ਼ਿਰ ਛੋਟੇ-ਮੋਟੇ ਲੀਡਰਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ ਹਨ। ਅਤੇ ਇਹ ਸਿਲਸਿਲਾ ਵੱਡੇ ਅਫ਼ਸਰਾਂ ਤੇ ਮੰਤਰੀਆਂ ਤੱਕ ਪਹੁੰਚਦਾ ਹੈ। ਉਸੇ ਅਨੁਪਾਤ ਵਿੱਚ ਲੋਕਾਂ ਦੀ ਨਜ਼ਰ 'ਚ ਉੱਚਾ ਹੋਵੇ ਨਾ ਹੋਵੇ ਪੱਤਰਕਾਰ ਦੀ ਆਪਣੀ ਨਜ਼ਰ 'ਚ ਉਸਦਾ ਅਹੁਦਾ ਵਧੀ ਜਾਂਦਾ ਹੈ।

ਦਾਊਦ

ਅਜਿਹੇ 'ਚ ਜਿਸ ਡੌਨ ਨੂੰ ਪੂਰੇ ਦੇਸ਼ ਦੀ ਪੁਲਿਸ ਲੱਭ ਰਹੀ ਹੋਵੇ, ਇੰਟਰਪੋਲ ਉਸਦੇ ਲਈ ਰੇਡ ਕਾਰਨਰ ਨੋਟਿਸ ਜਾਰੀ ਕਰ ਚੁੱਕਿਆ ਹੋਵੇ ਹਰ ਦੂਜੇ ਹਫ਼ਤੇ ਖ਼ਬਰ ਛਪਦੀ ਹੋਵੇ ਕਿ ਡੌਨ ਦਰਅਸਲ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਸੁਰੱਖਿਆ 'ਚ ਕਰਾਚੀ ਦੇ ਕਿਸੇ ਸੇਫ਼ ਹਾਊਸ 'ਚ ਰਹਿ ਰਿਹਾ ਹੋਵੇ।

ਉਹ ਆਪਣੇ ਕਿਸੇ ਚੇਲੇ ਦੇ ਜ਼ਰੀਏ ਨਹੀਂ ਬਲਕਿ ਖ਼ੁਦ ਫ਼ੋਨ ਕਰਕੇ ਰਿਪੋਰਟਰ ਤੋਂ ਸਫ਼ਾਈ ਮੰਗ ਰਿਹਾ ਹੋਵੇ ਤਾਂ ਹਲਾਤ ਦੀ ਨਜ਼ਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਜਿਸ ਦਾਊਦ ਇਬਰਾਹੀਮ ਦੀ ਇੰਟਰਵਿਊ ਕਰਨ ਲਈ ਵੱਡੇ ਵੱਡੇ ਸੰਪਾਦਕ ਅਤੇ ਫ਼ੰਨੇ ਖਾਂ ਰਿਪੋਰਟਰ ਆਪਣਾ ਸਭ ਕੁਝ ਦਾਂਅ 'ਤੇ ਲਗਾ ਦੇਣ, ਉਹ ਜੇਕਰ ਖ਼ੁਦ ਤੁਹਾਡੇ ਨਲ ਗੱਲ ਕਰ ਰਿਹਾ ਹੋਵੇ ਤਾਂ ਅਵਾਜ਼ 'ਚ ਲਾਪਰਵਾਹੀ ਦਾ ਲਹਿਜ਼ਾ ਆ ਹੀ ਜਾਂਦਾ ਹੈ। ਖ਼ਾਸ ਤੌਰ 'ਤੇ ਉਸ ਵੇਲੇ ਜਦੋਂ ਤੁਹਾਨੂੰ ਆਉਣ ਵਾਲੇ ਖ਼ਤਰੇ ਦਾ ਭੋਰਾ ਵੀ ਅੰਦਾਜ਼ਾ ਨਾ ਹੋਵੇ।

ਇਸੇ ਲਾਪਰਵਾਹੀ ਦੇ ਅਸਰ ਹੇਠ ਮੈਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ''ਦਾਊਦ ਬਾਈ, ਅਸੀਂ ਤੁਹਾਡੇ ਨਾਲ ਕਈ ਵਾਰ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਸੀ। ਜੇਕਰ ਰਿਪੋਰਟ ਦੀ ਕੋਈ ਗੱਲ ਤੁਹਾਨੂੰ ਪਸੰਦ ਨਾ ਆਈ ਹੋਵੇ ਤਾਂ ਤੁਸੀਂ ਸਾਨੂੰ ਆਪਣਾ ਪੱਖ ਭਿਜਵਾ ਦੇਵੋ। ਅਸੀਂ ਤੁਹਾਡੀ ਪੂਰੀ ਗੱਲ ਛਾਪਾਂਗੇ।''

''ਮੈਂ ਤੈਨੂੰ 8 ਦਿਨ ਦਾ ਸਮਾਂ ਦਿੰਦਾ ਹਾਂ, ''ਦਾਊਦ ਇਬਰਾਹੀ ਨੇ ਮੇਰੀ ਗੱਲ ਨੂੰ ਜਿਵੇਂ ਇੱਕ ਤਿੱਖੇ ਬਲੇਡ ਵਾਂਗ ਕੱਟਦੇ ਹੋਏ ਸਾਫ਼ ਸ਼ਬਦਾਂ 'ਚ ਕਿਹਾ ਅਤੇ ਮੇਰੀ ਰੀੜ੍ਹ ਦੀ ਹੱਡੀ 'ਚ ਕੰਬਣੀ ਛਿੜ ਗਈ। ''ਜੇਕਰ ਅੱਠ ਦਿਨਾਂ ਦੇ ਅੰਦਰ-ਅੰਦਰ ਮੇਰਾ ਆਉਟਲੁੱਕ 'ਚ ਬਿਆਨ ਨਾ ਛਪਿਆ ਤਾਂ ਫਿਰ ਸੋਚ ਲੈਣਾ।''

ਦਾਊਦ

ਤਸਵੀਰ ਸਰੋਤ, PTI

ਦਾਊਦ ਇਬਰਾਹੀਮ ਦੇ ਲਈ ਇਹ ਰੂਟੀਨ ਅਤੇ ਸ਼ਾਇਦ ਬੋਰਿੰਗ ਗੱਲਬਾਤ ਹੋਵੇ ਕਿਉਂਕੀ ਉਸਨੇ ਅਤੇ ਉਸਦੇ ਲੋਕਾਂ ਨੇ ਆਪਣੇ ਕੈਰੀਅਰ ਦੌਰਾਨ ਕਈ ਵੱਡੇ ਸਨਅਤਕਾਰਾਂ, ਫ਼ਿਲਮ ਪ੍ਰੋਡਿਊਸਰਾਂ ਅਤੇ ਅਫ਼ਸਰਾਂ ਨਾਲ ਇਸ ਤਰ੍ਹਾਂ ਦੀ ਗੱਲ ਕਈ ਵਾਰ ਕੀਤੀ ਹੋਣੀ। ਪਰ ਮੇਰੇ ਚਿਹਰੇ ਤੋਂ ਜਿਵੇਂ ਸਾਰਾ ਖੂਨ ਨਿੱਚੁੜ ਗਿਆ ਹੋਵੇ। ਅਜਿਤ ਪਿਲੱਈ ਅਤੇ ਆਲੇ ਦੁਆਲੇ ਖੜੇ ਲੋਕਾਂ ਨੂੰ ਮੇਰਾ ਚਿਹਰਾ ਦੇਖ ਕੇ ਸ਼ਾਇਦ ਅਹਿਸਾਸ ਹੋ ਗਿਆ ਕਿ ਬਾਈ ਨੇ ਆਪਣਾ ਕੋਈ ਰੰਗ ਦਿਖਾ ਹੀ ਦਿੱਤਾ ਹੈ।

ਮੈਂ ਜਿਵੇਂ-ਤਿਵੇਂ ਫਿਰ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ''ਬਾਈ, ਜੇਕਰ ਤੁਸੀਂ ਹੁਣੇ ਇੱਕ ਘੰਟੇ ਦੇ ਅੰਦਰ ਪੂਰੀ ਖ਼ਬਰ ਬਾਰੇ ਆਪਣੀ ਰਾਏ ਇੱਕ ਬਿਆਨ ਦੇ ਰੂਪ 'ਚ ਸਾਨੂੰ ਭੇਜ ਦੇਵੋ ਤਾਂ ਅਸੀਂ ਉਸ ਨੂੰ ਜ਼ਰੂਰ ਮੈਗਜ਼ੀਨ 'ਚ ਛਾਪਾਂਗੇ।''

ਦਾਊਦ ਨੇ ਇਸ ਗੱਲ ਦਾ ਵੀ ਜਵਾਬ ਦੇਣਾ ਸ਼ਾਇਦ ਜ਼ਰੂਰੀ ਨਹੀਂ ਸਮਝਿਆ। ਇੱਕ ਵਾਰ ਫਿਰ ਫੋ਼ਨ 'ਤੇ ਉਸਦੇ ਸਿਪਾਹਸਲਾਰ ਯਾਨੀ ਛੋਟਾ ਸ਼ਕੀਲ ਦੀ ਆਵਾਜ਼ ਆਈ- ''ਇੱਕ ਘੰਟੇ ਦੇ ਅੰਦਰ ਮੈਂ ਉ਼ੈਕਸ ਭੇਜ ਰਿਹਾ ਹੈਂ। ਉਸ ਨੂੰ ਆਪਣੇ ਐਡਿਟਰ ਨੂੰ ਦਿਖਾ ਦੇਣਾ।'' ਅਤੇ ਫ਼ੋਨ ਕੱਟ ਦਿੱਤਾ ਮੈਂ ਟੈਲੀਫ਼ੋਨ ਹੱਥ 'ਚ ਫੜੀ ਖੜਾ ਰਿਹਾ।

ਇਹ ਪੂਰੀ ਗੱਲਬਾਤ ਆਉਟਲੁੱਕ ਦੇ ਸੰਪਾਦਕ ਵਿਨੋਦ ਮਹਿਤਾ ਦੇ ਕਮਰੇ ਦੇ ਬਾਹਰ ਹੋ ਰਹੀ ਸੀ। ਅਸੀਂ ਤੈਅ ਕੀਤਾ ਕਿ ਦਾਊਦ ਧਮਕੀ ਨੂੰ ਅਣਗੌਲਿਆਂ ਕਰਨਾ ਠੀਕ ਨਹੀਂ ਅਤੇ ਗੱਲਬਾਤ ਦੀ ਸਾਰੀ ਜਾਣਕਾਰੀ ਉਨ੍ਹਾਂ ਨੂੰ ਦੇਣੀ ਜ਼ਰੂਰੀ ਹੈ।

ਜੋ ਲੋਕ ਵਿਨੋਦ ਮਹਿਤਾ ਨੂੰ ਜਾਣਗੇ ਹਨ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਦਸ ਸੈਕਿੰਡ ਤੋਂ ਜ਼ਿਆਦਾ ਕਿਸੇ ਗੱਲ 'ਤੇ ਉਨ੍ਹਾਂ ਦਾ ਧਿਆਨ ਖਿੱਚਣਾ ਤਕਰੀਬਨ ਨਾਮੁਮਕਿਨ ਜਿਹਾ ਹੁੰਦਾ ਸੀ। ਚਾਹੇ ਉਹ ਫਿਰ ਦਾਊਦ ਇਬਰਾਹੀਮ ਹੀ ਕਿਉਂ ਨਾ ਹੋਵੇ।

"ਗੇਟ ਹਿਮ ਔਫ਼ ਮਾਈ ਬੈਕ" - ਵਿਨੋਦ ਮਹਿਤਾ ਨੇ ਟਾਲਣ ਵਾਲੇ ਅੰਦਾਜ਼ 'ਚ ਕਿਹਾ ਅਤੇ ਕਿਸੇ ਹੋਰ ਕੰਮ 'ਚ ਮਸ਼ਗੂਲ ਹੋ ਗਏ। ਯਾਨੀ ਉਨ੍ਹਾਂ ਕਿਹਾ ਕਿ ਦਾਊਦ ਦਾ ਬਿਆਨ ਆਵੇ ਤਾਂ ਛਾਪੋ ਤੇ ਖਹਿੜਾ ਛੁੜਾਓ।

ਵਨੋਦ ਮਹਿਤਾ

ਤਸਵੀਰ ਸਰੋਤ, PENGUIN

ਤਸਵੀਰ ਕੈਪਸ਼ਨ, ਵਿਨੋਦ ਮਹਿਤਾ

ਉਹ 1997 ਦਾ ਸਾਲ ਸੀ ਅਤੇ ਮੋਬਾਈ ਫ਼ੋਨ ਅਤੇ ਸਮਾਰਟ ਫੋ਼ਨ ਹਾਲੇ ਫ਼ੈਸ਼ਨੇਬਲ ਨਹੀਂ ਹੋਏ ਸੀ। ਪੂਰਾ ਦਫ਼ਤਰ ਫ਼ੈਕਸ ਮਸ਼ੀਨ ਦੇ ਆਲੇ ਦੁਆਲੇ ਇਕੱਠਾ ਹੋ ਗਿਆ। ਇੱਖ ਘੰਟੇ ਤੋਂ ਪਹਿਲਾਂ ਹੀ ਫ਼ੈਕਸ ਮਸ਼ੀਨ ਹਰਕਤ ਵਿੱਚ ਆਈ ਅਤੇ ਉਸ ਵਿੱਚੋਂ ਕਾਗਜ਼ ਨਿਕਲਣ ਲੱਗਾ।

ਦਾਊਦ ਇਬਰਾਹੀਮ ਨੇ ਆਉਟਲੁੱਕ 'ਚ ਛਪੀ ਕਵਰ ਸਟੋਰੀ ਨੂੰ ਗ਼ਲਤ ਦੱਸਦੇ ਹੋਏ ਘੱਟ ਤੋਂ ਘੱਟ ਤਿੰਨ ਪੇਜਾਂ ਦਾ ਬਿਆਨ ਭੇਜਿਆ।

ਵਿਨੋਦ ਮਹਿਤਾ ਨੂੰ ਉਹ ਬਿਆਨ ਦਿਖਾਇਆ ਗਿਆ ਤਾਂ ਉਨ੍ਹਾਂ ਹੈੱਡਲਾਈਨ ਦਿੱਤੀ- ਦਾਊਦ ਰਿਐਕਟਸ ਟੂ ਆਉਟਲੁੱਕ ਸਟੋਰੀ! ਅਤੇ ਪੂਰੇ ਬਿਆਨ ਨੂੰ ਸਵਾਲ-ਜਵਾਬ ਦੀ ਸ਼ਕਲ 'ਚ ਅਗਲੇ ਹੀ ਅੰਕ 'ਚ ਛਾਪ ਦਿੱਤਾ ਗਿਆ।

ਅਗਲੇ ਹੀ ਦਿਨ ਛੋਟਾ ਸ਼ਕੀਲ ਦਾ ਫ਼ੋਨ ਆਇਆ- "ਵੱਡਾ ਬਾਈ ਖੁਸ਼ ਹੈ। ਹੁਣ ਕੋਈ ਫ਼ਿਕਰ ਨਹੀਂ ਕਰਨਾ। ਘਬਰਾਓ ਨਾ...ਮੈਂ ਫ਼ੋਨ 'ਤੇ ਤੁਹਾਨੂੰ ਗੋਲੀ ਨਹੀਂ ਮਾਰਾਂਗਾ।"

ਛੋਟਾ ਸ਼ਕੀਲ ਦਾ ਮੇਰੇ ਲਈ ਇਹ ਆਖ਼ਰੀ ਫ਼ੋਨ ਨਹੀਂ ਸੀ, ਉਸ 'ਤੇ ਚਰਚਾ ਫਿਰ ਕਦੀ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)