ਪਹਿਲੀ ਵਿਸ਼ਵ ਜੰਗ ਦੇ 2 ਫੌਜੀਆਂ ਦੇ ਅਵਸ਼ੇਸ਼ ਫਰਾਂਸ ਵਿੱਚ ਮਿਲੇ

- ਲੇਖਕ, ਰਾਹੁਲ ਜੋਗਲੇਕਰ
- ਰੋਲ, ਲੈਵੇਂਟੀ ਅਤੇ ਨਿਓਵ ਚੇਪੈਲ, ਫਰਾਂਸ
ਫਰਾਂਸ ਦੇ ਉੱਤਰ 'ਚ ਇੱਕ ਛੋਟਾ ਜਿਹਾ ਪਿੰਡ ਲੈਵੇਂਟੀ, ਜਿੱਥੇ ਮੀਂਹ ਵਰਦੀ ਦੁਪਹਿਰ 'ਚ ਇੱਕ ਵਿਲੱਖਣ ਅੰਤਮ ਸਸਕਾਰ ਲਈ ਤਿਆਰੀਆਂ ਚੱਲ ਰਹੀਆਂ ਸਨ।
ਇੱਕ ਹਿੰਦੂ ਪੰਡਿਤ ਦੋ ਭਾਰਤੀ ਫ਼ੌਜੀਆਂ ਦੇ ਅੰਤਮ ਸਸਕਾਰ ਲਈ ਤਿਆਰੀਆਂ ਕਰ ਰਿਹਾ ਸੀ। ਭਾਰਤੀ ਅਤੇ ਫਰਾਂਸ ਫੌਜੀ ਅੰਤਮ ਸਸਕਾਰ ਲਈ ਤੈਅ ਕੀਤੀ ਥਾਂ 'ਤੇ ਇਕੱਠੇ ਹੋ ਗਏ ਸਨ।
ਤੇਜ਼ ਹਵਾ ਅਤੇ ਗੜ੍ਹੇਮਾਰੀ ਕਰਕੇ ਵੀ ਇਨ੍ਹਾਂ ਫੌਜੀਆਂ ਦੇ ਅੰਤਮ ਰੀਤੀ ਰਿਵਾਜਾਂ ਵਿੱਚ ਰੁਕਾਵਟ ਪੈਦਾ ਨਹੀਂ ਹੋ ਰਹੀ ਸੀ।
ਸਾਲ 2016 'ਚ ਜਦੋਂ ਇੱਕ ਖੱਡ ਵਧਾਈ ਜਾ ਰਹੀ ਸੀ ਤਾਂ ਦੋ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਜ਼ਮੀਨ 'ਚ ਦਫ਼ਨ ਮਿਲੀਆਂ।

ਕਰੀਬ ਸਦੀ ਬਾਅਦ ਉਨ੍ਹਾਂ ਨੂੰ ਇੱਕ ਪਛਾਣ ਦੇਣ ਲਈ ਉਨ੍ਹਾਂ ਦੀ ਯੂਨੀਫਾਰਮ ਦੇ ਰਹਿੰਦ-ਖੂੰਹਦ ਤੋਂ "39" ਨੰਬਰ ਹੀ ਦਿਖ ਰਿਹਾ ਸੀ।
ਉਹ 39 ਰਾਇਲ ਗੜ੍ਹਵਾਲ ਰਾਇਫਲ ਨਾਲ ਸਬੰਧਤ ਸਨ, ਜਿਸ ਨੇ ਪਹਿਲੀ ਸੰਸਾਰ ਜੰਗ ਲੜੀ ਸੀ।
ਇਹ ਰੈਜੀਮੈਂਟ ਅੱਜ ਵੀ ਭਾਰਤ ਵਿੱਚ ਹੈ। ਫਰਾਂਸ ਅਧਿਕਾਰੀਆਂ ਨੇ ਇਸ ਨਾਲ ਸੰਪਰਕ ਕੀਤਾ ਅਤੇ ਇਸ ਬਾਰੇ ਜਾਣਕਾਰੀ ਦਿੱਤੀ।
ਕੇਂਦਰੀ ਗੜ੍ਹਵਾਲ ਰਾਇਫਲਸ ਦੇ ਕਮਾਂਡਰ, ਬ੍ਰਿਗੇਡੀਅਰ ਇੰਦਰਜੀਤ ਚੈਟਰਜੀ ਅੰਤਮ ਸਸਕਾਰ ਦੀਆਂ ਰਸਮਾਂ ਲਈ ਪਹੁੰਚੇ ਸਨ।

ਬ੍ਰਿਗੇਡੀਅਰ ਇੰਦਰਜੀਤ ਚੈਟਰਜੀ ਨੇ ਦੱਸਿਆ, "ਪਹਿਲੀ ਅਤੇ ਦੂਜੀ ਬਟਾਲੀਅਨ ਨੇ ਫਰਾਂਸ 'ਚ ਸਾਲ 1914-15 'ਚ ਜੰਗ ਲੜੀ ਸੀ। ਇਹ ਤੈਅ ਕੀਤਾ ਗਿਆ ਕਿ ਉਨ੍ਹਾਂ ਦਾ ਅੰਤਮ ਸਸਕਾਰ ਲੈਵੇਂਟੀ ਕਬਰਿਸਤਾਨ 'ਚ ਪੂਰੇ ਸਨਮਾਨ ਨਾਲ ਕੀਤਾ ਜਾਵੇਗਾ।"
ਭਾਰਤ ਤੋਂ ਰੈਜੀਮੈਂਟ ਦੀ ਛੋਟੀ ਜਿਹੀ ਟੀਮ ਵੀ ਅੰਤਮ ਸਸਕਾਰ ਲਈ ਉੱਥੇ ਪਹੁੰਚੀ ਸੀ।
ਇਸਦੇ ਇਲਾਵਾ ਗੜ੍ਹਵਾਲ ਰਾਇਫਲ ਰੈਜੀਮੈਂਟ ਦੇ ਪਾਇਪ ਬੈਂਡ 'ਚੋਂ ਦੋ ਬੈਗਪਾਈਪਰਸ ਵੀ ਉੱਥੇ ਪਹੁੰਚੇ ਅਤੇ ਉਨ੍ਹਾਂ ਅੰਤਮ ਸਸਕਾਰ ਦੌਰਾਨ ਸੰਜੀਦਾ ਧੁੰਨਾਂ ਵੀ ਵਜਾਈਆਂ।
ਫਰਾਂਸ ਵਿੱਚ ਭਾਰਤੀ ਸਫ਼ੀਰ ਵਿਨੈ ਮੋਹਨ ਕਵਾਤਰਾ ਨੇ ਵੀ ਸ਼ਰਧਾਂਜਲੀ ਦਿੱਤੀ।
ਇਸ ਤੋਂ ਇਲਾਵਾ ਮੇਅਰ ਅਤੇ ਦੋ ਹੋਰ ਅਧਿਕਾਰੀਆਂ ਦੇ ਨਾਲ 150 ਭਾਰਤੀਆਂ ਨੇ ਵੀ ਅੰਤਮ ਸਸਕਾਰ ਦੀਆਂ ਰਸਮਾਂ 'ਚ ਸ਼ਮੂਲੀਅਤ ਦਰਜ ਕਰਵਾਈ।

ਫਰਾਂਸ ਨੂੰ ਆਪਣਾ ਘਰ ਕਹਿਣ ਵਾਲਾ ਵੇਦ ਪ੍ਰਕਾਸ਼ ਕਹਿੰਦੇ ਹਨ, "ਅਸੀਂ ਉਨ੍ਹਾਂ ਹਜ਼ਾਰਾਂ ਭਾਰਤੀ ਫੌਜੀਆਂ ਦੀ ਮੌਤ 'ਤੇ ਵੀ ਸੋਗ ਪ੍ਰਗਟ ਕਰਦੇ ਹਾਂ ਜਿਨਾਂ ਨੇ ਫਰਾਂਸ 'ਚ ਆਪਣੀ ਜਾਨ ਗਵਾਈ।
ਇਹ ਜੰਗ ਦਾ ਸੁਭਾਅ ਹੁੰਦਾ ਹੈ, ਇਸ ਨੂੰ ਯਾਦ ਰੱਖਣਾ ਲਾਜ਼ਮੀ ਹੈ ਜੋ ਕਿ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੈ।"
ਹੁਣ ਵੇਲਾ ਸੀ ਤਾਬੂਤਾਂ ਨੂੰ ਸਪੁਰਦ-ਏ-ਖ਼ਾਕ ਕਰਨ ਦਾ ਅਤੇ ਇੱਕ ਉਦਾਸੀ ਜਿਹੀ ਛਾ ਗਈ ਸੀ।
ਪਹਿਲੀ ਸੰਸਾਰ ਜੰਗ ਵਿੱਚ ਲੱਖਾਂ ਭਾਰਤੀ ਸੈਨਿਕ ਬ੍ਰਿਟੇਨ ਲਈ ਲੜੇ ਅਤੇ 60 ਹਜ਼ਾਰ ਤੋਂ ਵੱਧ ਫਰਾਂਸ ਵਰਗੇ ਦੇਸਾਂ ਵਿੱਚ ਲੜਦੇ ਹੋਏ ਮਰ ਗਏ।
ਕਈ ਵਾਰ ਇਹ ਮੁੱਦਾ ਚੁੱਕਿਆ ਗਿਆ ਹੈ ਕਿ ਭਾਰਤੀਆਂ ਦੇ ਬਲਿਦਾਨ ਨੂੰ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਵਿਸਾਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਇਸ ਪਿੰਡ ਵਿੱਚ ਭਾਰਤੀ ਸੈਨਿਕਾਂ ਨੂੰ ਅਜੇ ਤੱਕ ਯਾਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਨਿਓਵ ਸ਼ੈਪੇਲ ਦੇ ਨੇੜੇ ਇੱਕ ਵੱਡੀ ਯਾਦਗਾਰ ਵੀ ਹੈ।

ਤਸਵੀਰ ਸਰੋਤ, Getty Images
ਜਿਸ 'ਤੇ ਕਈ ਭਾਰਤੀ ਸੈਨਿਕਾਂ, ਜਿਨਾਂ ਨੇ ਬ੍ਰਿਟੇਨ ਸਾਮਰਾਜ ਲਈ ਜੰਗ 'ਚ ਆਪਣੀ ਜਾਨ ਗਵਾਈ ਉਨ੍ਹਾਂ ਦਾ ਨਾਂ ਲਿਖਿਆ ਹੈ।
ਇੱਥੇ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਐਤਵਾਰ ਮਨਾਇਆ ਜਾਂਦਾ ਹੈ।
ਕੌਮਨਵੈਲਥ ਵਾਰ ਗ੍ਰੇਵਸ ਕਮਿਸ਼ਨ ਤੋਂ ਲਿਜ਼ ਸਵੀਟ ਦਾ ਕਹਿਣਾ ਹੈ, "ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਉਨ੍ਹਾਂ ਲੋਕਾਂ ਨੂੰ ਇਕੱਠੇ ਕਰਨ ਦੀ ਜਿਨ੍ਹਾਂ ਕਦੀ ਸਦੀ ਦੌਰਾਨ ਇੱਕ ਦੂਜੇ ਨਾਲ ਜੰਗ ਲੜੀ ਹੋਵੇ ਪਰ ਇਸ ਕੇਸ ਵਿੱਚ ਵਕਤ ਸੌ ਸਾਲਾ ਤੋਂ ਵੀ ਵੱਧ ਹੋ ਚੁੱਕਾ ਹੈ।
ਉਨ੍ਹਾਂ ਅੱਗੇ ਕਿਹਾ, "ਜਿੱਥੇ ਦੋ ਫੌਜੀਆਂ ਦਾ ਅੰਤਮ ਸਸਕਾਰ ਕੀਤਾ ਗਿਆ ਹੈ ਉੱਥੇ ਕਈ ਭਾਰਤੀ ਫੌਜੀਆਂ ਦੀਆਂ ਯਾਦਗਾਰਾਂ ਹਨ, ਉਨ੍ਹਾਂ ਯਾਦਗਾਰਾਂ ਦੇ ਨਾਲ ਹੀ ਇਨ੍ਹਾਂ ਦੋਹਾਂ ਦੀ ਯਾਦਗਾਰ ਸਥਾਪਿਤ ਕਰ ਦਿੱਤੀ ਗਈ।"
ਨਿਓਵੇ ਸ਼ੈਪੇਲ ਦੀ ਲੜਾਈ ਸਾਲ 1915 'ਚ 10 ਤੋਂ 13 ਮਾਰਚ ਤੱਕ ਉੱਤਰੀ ਫਰਾਂਸ 'ਚ ਲਿਲੇ ਦੇ ਨੇੜੇ ਲੜੀ ਗਈ।
ਭਾਰਤੀ ਰਾਇਫਲਮੈਨ ਗੱਬਰ ਸਿੰਘ ਨੇਗ਼ੀ ਨੂੰ ਲੜਾਈ ਵਿੱਚ ਅਹਿਮ ਰੋਲ ਅਦਾ ਕਰਨ ਲਈ ਵਿਕਟੋਰੀਆ ਕ੍ਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦਾ ਪੋਤਰਾ ਅੰਤਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਇਆ ਸੀ। ਉਹ ਭਾਰਤੀ ਫੌਜ ਦਾ ਜਵਾਨ ਸੀ।

ਭਾਰਤੀ ਅਤੇ ਬ੍ਰਿਟਿਸ਼ ਫੌਜੀ ਦਸਤੇ ਦੀ ਅਗਵਾਈ ਸਰ ਡਗਲਸ ਹੇਗ ਨੇ ਕੀਤੀ।
1915 ਦੀ ਸ਼ੁਰੂਆਤ 'ਚ ਭਾਰਤੀ ਫੌਜ ਨੂੰ ਮੋਰਚੇ ਤੋਂ ਹਟਾ ਕੇ ਅਰਾਮ ਕਰਵਾਇਆ ਗਿਆ ਪਰ ਛੇਤੀ ਹੀ ਉਹ ਮੋਰਚਾਬੰਦੀ 'ਚ ਵਾਪਸ ਆਏ ਤੇ ਵੱਡੀ ਜੰਗ ਵਿੱਚ ਸ਼ਮੂਲੀਅਤ ਕੀਤੀ।
ਭਾਰਤੀ ਸੈਨਿਕਾਂ ਦਾ ਅਹਿਮ ਯੋਗਦਾਨ ਸੀ। ਮਾਰਚ 1915 ਵਿੱਚ ਨਿਓਵੇ ਸ਼ੈਪੇਲ ਦੀ ਜੰਗ 'ਚ ਅੱਧਾ ਹਿੱਸਾ ਭਾਰਤੀ ਫੌਜ ਦਾ ਸੀ।
ਨਿਓਵੇ ਸ਼ੈਪੇਲ ਵਿਖੇ ਹਰ ਸਾਲ, ਭਾਰਤੀ ਸੈਨਿਕਾਂ ਦੀ ਯਾਦਗਾਰ 'ਤੇ ਪੂਰੇ ਫਰਾਂਸ ਭਰ ਚੋਂ ਲੋਕ ਇਕੱਠੇ ਹੁੰਦੇ ਹਨ।
ਫਰਾਂਸ ਵਿੱਚ ਰਹਿ ਰਹੇ ਭਾਰਤੀ ਜੋ ਫਰਾਂਸ ਨੂੰ ਹੁਣ ਆਪਣਾ ਘਰ ਦੱਸਦੇ ਹਨ, ਉਨ੍ਹਾਂ ਲਈ ਇਹ ਖ਼ਾਸ ਸਮਾਗਮ ਹੁੰਦਾ ਹੈ।
ਯਾਦਗਾਰ 'ਤੇ ਆਏ ਇੱਕ ਫਰਾਂਸੀ ਸਿੱਖ ਰਣਜੀਤ ਸਿੰਘ ਨੇ ਕਿਹਾ, "ਇਹ ਭਾਰਤੀ ਡਾਇਸਪੋਰਾ ਲਈ ਬੇਹੱਦ ਜਰੂਰੀ ਹੈ ਕਿਉਂਕਿ ਇਹ ਸਾਨੂੰ ਇਤਿਹਾਸ ਨਾਲ ਜੋੜਦਾ ਹੈ।
ਰਣਜੀਤ ਸਿੰਘ ਨੇ ਅੱਗੇ ਕਿਹਾ, "ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਦੀ ਪਹਿਲਾਂ ਕੁਝ ਸੈਨਿਕ ਭਾਰਤ ਤੋਂ ਇੱਥੇ ਆਏ। ਉਹ ਸਿਰਫ਼ ਕਿਤਾਬਾਂ 'ਚ ਦਰਜ ਨਹੀਂ, ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਅੱਜ ਦੇਖ ਸਕਦੇ ਹਾਂ।"
ਜੋ ਵੀ ਇੱਥੇ ਆਇਆ ਉਸ ਨੇ ਅਜ਼ਾਦੀ ਦੀ ਰੱਖਿਆ ਲਈ ਫਰਾਂਸ ਦੀ ਮਿੱਟੀ 'ਤੇ ਡੁੱਲੇ ਭਾਰਤੀ ਲਹੂ ਦਾ ਸਤਿਕਾਰ ਕੀਤਾ।
ਬਲਿਦਾਨ ਦੇ ਪ੍ਰਤੀਕ ਵਜੋਂ ਉੱਥੋਂ ਦੀ ਥੋੜ੍ਹੀ ਜਿਹੀ ਮਿੱਟੀ ਭਾਰਤ ਲਿਆਂਦੀ ਜਾਵੇਗੀ।














