ਜੋਰਜੀਆ: 8000 ਸਾਲ ਪੁਰਾਣੇ ਜਾਰ ਵਿੱਚ ਮਿਲੀ ਦੁਨੀਆਂ ਦੀ ਸਭ ਤੋਂ ਪੁਰਾਣੀ ਸ਼ਰਾਬ

ਤਸਵੀਰ ਸਰੋਤ, AFP
ਕਹਿੰਦੇ ਹਨ ਸ਼ਰਾਬ ਦਾ ਵਜੂਦ ਸੱਭਿਆਤਾਵਾਂ ਦੇ ਸ਼ੁਰੂਆਤੀ ਦੌਰ ਤੋਂ ਹੀ ਰਿਹਾ ਹੈ।
ਵਿਗਿਆਨੀਆਂ ਨੂੰ ਜੋਰਜੀਆ ਵਿੱਚ ਕੁਝ ਅਜਿਹਾ ਮਿਲਿਆ ਹੈ ਜੋ ਇਸ ਦੀ ਤਸਦੀਕ ਕਰਦਾ ਹੈ। 8000 ਸਾਲ ਪੁਰਾਣੇ ਮਿੱਟੀ ਦੇ ਮਰਤਬਾਨ ਅਤੇ ਉਸ ਵਿੱਚ ਅੰਗੂਰਾਂ ਤੋਂ ਸ਼ਰਾਬ ਬਣਾਏ ਜਾਣ ਦੇ ਸਬੂਤ।
ਖੋਜਕਰਤਾਵਾਂ ਮੁਤਾਬਕ ਇਹ ਅੰਗੂਰ ਤੋਂ ਸ਼ਰਾਬ ਬਣਾਉਣ ਦੇ ਸਭ ਤੋਂ ਸ਼ੁਰੂਆਤੀ ਨਤੀਜੇ ਹੋ ਸਕਦੇ ਹਨ। ਇਹ ਜੋਰਜੀਆ ਦੀ ਰਾਜਧਾਨੀ ਤਬਲਿਸੀ ਦੇ ਦੱਖਣੀ ਇਲਾਕਿਆਂ ਵਿੱਚ ਦੋ ਥਾਂ 'ਤੇ ਮਿਲੇ ਹਨ।
ਇਹ ਥਾਵਾਂ ਨਵ-ਪੱਥਰ ਕਾਲ ਯੁੱਗ ਨਾਲ ਸਬਧਿੰਤ ਹਨ। ਇਸ ਵਿੱਚ ਸ਼ਰਾਬ ਦੀ ਰਹਿੰਦ-ਖੂੰਹਦ ਮਿਲੀ ਹੈ। ਕੁਝ ਮਰਤਬਾਨਾਂ 'ਤੇ ਤਾਂ ਅੰਗੂਰਾਂ ਦੇ ਗੁੱਛੇ ਅਤੇ ਨੱਚਦੇ ਹੋਏ ਇੱਕ ਸ਼ਖ਼ਸ ਦੀ ਤਸਵੀਰ ਵੀ ਹੈ।
ਜੋਰਜੀਆ ਵਿੱਚ ਮਿਲੀਆਂ ਇਨ੍ਹਾਂ ਨਵੀਆਂ ਚੀਜ਼ਾਂ ਬਾਰੇ ਪ੍ਰੋਸੀਡਿੰਗਸ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਜ ਵਿੱਚ ਰਿਸਰਚ ਰਿਪੋਰਟ ਛਪੀ ਹੈ।
ਪੁਰਾਣੀ ਸ਼ਰਾਬ
ਟੋਰਾਂਟੋ ਯੂਨੀਵਰਸਟੀ ਦੇ ਸੀਨੀਅਰ ਰਿਸਰਚਰ ਅਤੇ ਰਿਸਰਚ ਦੇ ਸਹਿ ਲੇਖਕ ਸਟੀਫ਼ਨ ਬਾਟਯੁਕ ਕਹਿੰਦੇ ਹਨ,''ਸਾਡਾ ਮੰਨਣਾ ਹੈ ਕਿ ਇਹ ਜੰਗਲ ਵਿੱਚ ਉੱਗਣ ਵਾਲੀ ਯੁਰੇਸ਼ਿਆਈ ਅੰਗੂਰਾਂ ਤੋਂ ਸ਼ਰਾਬ ਬਣਾਉਣ ਦਾ ਸਭ ਤੋਂ ਪੁਰਾਣਾ ਉਦਹਾਰਣ ਹੈ।''

ਤਸਵੀਰ ਸਰੋਤ, Getty Images
ਸਟੀਫ਼ਨ ਮੁਤਾਬਕ,''ਅਸੀਂ ਜਾਣਦੇ ਹਾਂ ਪੱਛਮੀ ਸੱਭਿਆਤਾਵਾਂ ਵਿੱਚ ਸ਼ਰਾਬ ਦੀ ਖ਼ਾਸ ਥਾਂ ਰਹੀ ਹੈ। ਦਵਾ ਦੇ ਤੌਰ 'ਤੇ, ਸਮਾਜਿਕ ਮੇਲਜੋਲ ਦੇ ਲਈ, ਦਿਲ ਬਹਿਲਾਉਣ ਲਈ ਸ਼ਰਾਬ ਸਮਾਜ ਤੋਂ ਲੈ ਕੇ ਅਰਥ ਵਿਵਸਥਾ ਤੱਕ ਅਤੇ ਦਵਾਈਆਂ ਤੋਂ ਲੈ ਕੇ ਖਾਣ-ਪੀਣ ਤੱਕ ਦੇ ਕੇਂਦਰ ਵਿੱਚ ਰਿਹਾ ਹੈ।
ਇਸ ਤੋਂ ਪਹਿਲਾ ਸ਼ਰਾਬ ਬਣਾਉਣ ਦੇ ਸਭ ਤੋਂ ਪੁਰਾਣੇ ਜੋ ਨਤੀਜੇ ਮਿਲੇ ਸੀ, ਉਹ ਇਰਾਨ 'ਚ ਪਾਏ ਗਏ ਸੀ। ਇਰਾਨ 'ਚ ਮਿਲੇ ਸ਼ਰਾਬ ਦੇ ਮਰਤਬਾਨਾਂ ਦੀ ਉਮਰ 7 ਹਜ਼ਾਰ ਸਾਲ ਦੱਸੀ ਗਈ ਸੀ।
ਸਾਲ 2011 ਵਿੱਚ ਅਮੇਰਨੀਆ ਦੀ ਇੱਕ ਗੁਫਾ ਵਿੱਚ ਛੇ ਹਜ਼ਾਰ ਸਾਲ ਪੁਰਾਣੀ ਸ਼ਰਾਬ ਦੀ ਰਹਿੰਦ-ਖੂੰਹਦ ਮਿਲੀ ਸੀ।
ਦੁਨੀਆਂ ਦੀ ਸਭ ਤੋਂ ਪੁਰਾਣੀ ਬਿਨਾਂ ਅੰਗੂਰ ਵਾਲੀ ਸ਼ਰਾਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਸੱਤ ਹਜ਼ਾਰ ਸਾਲ ਪੁਰਾਣੀ ਹੈ। ਚੀਨ ਵਿੱਚ ਮਿਲੀ ਇਹ ਸ਼ਰਾਬ ਚਾਵਲ, ਸ਼ਹਿਦ ਅਤੇ ਫਲਾਂ ਦੇ ਨਾਲ ਬਣੀ ਹੈ।












