ਜ਼ਿੰਬਾਬਵੇ: ਫੌਜ ਨੇ ਰਾਸ਼ਟਰਪਤੀ ਮੁਗਾਬੇ ਨੂੰ ਹਿਰਾਸਤ 'ਚ ਲਿਆ

ਤਸਵੀਰ ਸਰੋਤ, Reuters
ਜ਼ਿੰਬਾਬਵੇ ਦੇ ਫੌਜੀ ਅਫ਼ਸਰਾਂ ਨੇ ਟੀਵੀ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਤਖ਼ਤਾ ਪਲਟ ਕਰਨ ਨਹੀਂ ਆਏ, ਸਗੋਂ ਉਨ੍ਹਾਂ ਦੇ ਨਿਸ਼ਾਨੇ 'ਤੇ ਰਾਸ਼ਟਰਪਤੀ ਰੌਬਰਟ ਮੁਗਾਬੇ ਦੇ ਆਲੇ-ਦੁਆਲੇ ਵਾਲੇ ਅਪਰਾਧੀ ਹਨ।
"ਇਹ ਸਰਕਾਰ 'ਤੇ ਫੌਜ ਦਾ ਕਬਜ਼ਾ ਨਹੀਂ ਹੈ। ਅਸੀਂ ਦੇਸ਼ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਦਾ ਅਹੁਦਾ ਤੇ ਪਰਿਵਾਰ ਸੁਰੱਖਿਅਤ ਹਨ।"
ਇੱਕ ਜਨਰਿਲ ਨੇ ਬਿਆਨ ਪੜ੍ਹਦੇ ਹੋਏ ਕਿਹਾ, "ਅਸੀਂ ਸਿਰਫ਼ ਅਪਰਾਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ। ਜਿਵੇਂ ਹੀ ਅਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਵਾਂਗੇ, ਹਾਲਾਤ ਆਮ ਵਾਂਗ ਹੋ ਜਾਣਗੇ।"
ਸਿਆਸੀ ਸੰਕਟ ਵਿਚਾਲੇ ਫੌਜੀਆਂ ਨੇ ਜ਼ਿੰਬਾਬਵੇ ਦੇ ਸਰਕਾਰੀ ਟੀਵੀ ਚੈਨਲ ਅਤੇ ਰੇਡੀਓ ਸਟੇਸ਼ਨ ਚਲਾਉਣ ਵਾਲੇ ਸਰਕਾਰੀ ਬਰਾਡਕਾਸਟਰ ਜ਼ੈੱਡਬੀਸੀ ਦੇ ਮੁੱਖ ਦਫ਼ਤਰ 'ਤੇ ਕਬਜ਼ਾ ਕਰ ਲਿਆ ਹੈ।
ਰਾਜਧਾਨੀ ਹਰਾਰੇ ਵਿੱਚ ਧਮਾਕੇ ਦੀਆਂ ਖਬਰਾਂ ਵੀ ਆ ਰਹੀਆਂ ਹਨ, ਪਰ ਵਜ੍ਹਾ ਸਪਸ਼ਟ ਨਹੀਂ ਹੋ ਪਾਈ ਹੈ।
ਪਹਿਲਾਂ ਦੇਸ ਦੇ ਐਂਬੈਸਡਰ ਨੇ ਦੱਖਣੀ ਅਫ਼ਰੀਕਾ ਵਿੱਚ ਗੱਲਬਾਤ ਤੋਂ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, AFP
ਜ਼ਿੰਬਾਬਵੇ ਦੀ ਹਾਕਮਧਿਰ ਨੇ ਦੇਸ ਦੇ ਫੌਜ ਮੁਖੀ 'ਤੇ ਵਿਸ਼ਵਸਘਾਤੀ ਵਿਹਾਰ ਦਾ ਇਲਜ਼ਾਮ ਲਾਇਆ ਜਦੋਂ ਉਨ੍ਹਾਂ ਫੌਜੀ ਦਖ਼ਲ ਦੀ ਧਮਕੀ ਦਿੱਤੀ।
ਚੁਣੌਤੀ ਕਿਉਂ?
ਜਨਰਲ ਕੌਂਸਟੈਂਟੀਨੋ ਚਿਵੇਂਗਾ ਨੇ ਰਾਸ਼ਟਰਪਤੀ ਰੌਬਰਟ ਮੁਗਾਬੇ ਵੱਲੋਂ ਉਪ-ਰਾਸ਼ਟਰਪਤੀ ਨੂੰ ਹਟਾਉਣ 'ਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ।
ਜਨਰਲ ਨੇ ਕਿਹਾ ਕਿ ਫੌਜ ਮੁਗਾਬੇ ਦੀ ਪਾਰਟੀ ਜ਼ਾਨੂ-ਪੀਐੱਫ਼ ਨਾਲ ਸਭ ਕੁਝ ਖ਼ਤਮ ਕਰਨ ਲਈ ਤਿਆਰ ਸੀ।
ਮੰਗਲਵਾਰ ਨੂੰ ਇਹ ਚਿੰਤਾ ਹੋਰ ਵਧੀ ਜਦੋਂ ਹਥਿਆਰਾਂ ਨਾਲ ਲੈਸ ਗੱਡੀਆਂ ਹਰਾਰੇ ਦੇ ਬਾਹਰ ਸੜਕਾਂ 'ਤੇ ਤਿਆਰ ਦੇਖੀਆਂ ਗਈਆਂ। ਹਾਲਾਂਕਿ ਇਸ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ।
ਮੁਲਾਜ਼ਮ ਫੜ੍ਹੇ
ਖ਼ਬਰ ਏਜੰਸੀ ਰੌਏਟਰਸ ਮੁਤਾਬਕ, ਹਰਾਰੇ ਵਿੱਚ ਜ਼ੈੱਡਬੀਸੀ ਤੇ ਕਬਜ਼ੇ ਦੌਰਾਨ ਉਸ ਦੇ ਕੁਝ ਮੁਲਾਜ਼ਮ ਫੜੇ ਗਏ।
ਇੱਕ ਸੂਤਰ ਨੇ ਜਾਣਕਾਰੀ ਦਿੱਤੀ ਕਿ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਫਿਕਰ ਨਹੀਂ ਕਰਨੀ ਚਾਹੀਦੀ ਤੇ ਫੌਜੀ ਸਿਰਫ਼ ਉਨ੍ਹਾਂ ਦੀ ਸੁਰੱਖਿਆ ਲਈ ਹਨ।
ਉਸ ਤੋਂ ਬਾਅਦ ਜਲਦੀ ਹੀ ਪ੍ਰਤੱਖਦਰਸ਼ੀਆਂ ਨੇ ਸਿਟੀ ਸੈਂਟਰ ਵਿੱਚ ਤਿੰਨ ਤੇਜ਼ ਧਮਾਕੇ ਸੁਣੇ, ਹਾਲਾਂਕਿ ਥਾਂ ਬਾਰੇ ਸਪਸ਼ਟੀਕਰਨ ਨਹੀਂ ਹੈ।

ਤਸਵੀਰ ਸਰੋਤ, @usembassyharare/Twitter
ਅਮਰੀਕੀ ਸਟੇਟ ਵਿਭਾਗ ਨੇ ਕਿਹਾ ਕਿ ਉਹ ਹਾਲਾਤ 'ਤੇ ਨਜ਼ਰ ਬਣਾਏ ਹੋਏ ਹਨ ਤੇ ਸਾਰੀਆਂ ਪਾਰਟੀਆਂ ਨੂੰ ਮਸਲੇ ਦਾ ਹੱਲ ਸ਼ਾਂਤੀ ਨਾਲ ਕਰਨ ਲਈ ਕਿਹਾ।
ਹਰਾਰੇ ਵਿੱਚ ਅਮਰੀਕੀ ਐਂਬਸੀ ਨੇ ਟਵੀਟ ਕਰਕੇ ਕਿਹਾ, "ਅਨਿਸ਼ਤਿਤਾ ਦੀ ਵਜ੍ਹਾ ਕਰਕੇ ਇਹ ਬੁੱਧਵਾਰ ਨੂੰ ਬੰਦ ਰਹੇਗਾ।"
ਉਤਰਾਧਿਕਾਰ ਦੀ ਲੜਾਈ
ਹਾਲੇ ਤੱਕ 93 ਸਾਲਾ ਰਾਸ਼ਟਰਪਤੀ ਮੁਗਾਬੇ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ।
ਦੱਖਣੀ ਅਫ਼ਰੀਕਾ ਵਿੱਚ ਜ਼ਿੰਬਾਬਵੇ ਦੇ ਐਂਬੈਸਡਰ, ਇਸਾਕ ਮੋਇਓ ਨੇ ਰੌਏਟਰਸ ਨੂੰ ਦੱਸਿਆ ਕਿ ਸਰਕਾਰ 'ਬਰਕਰਾਰ' ਹੈ ਤੇ ਸੋਸ਼ਲ ਮੀਡੀਆ ਦੇ ਦਾਅਵਿਆਂ ਮੁਤਾਬਕ 'ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ' ਕਰਦੀ ਹੈ।

ਤਸਵੀਰ ਸਰੋਤ, AFP
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਮੁਗਾਬੇ ਨੇ ਉਤਰਾਧਿਕਾਰ ਦੀ ਲੜਾਈ ਵਿੱਚ ਪਿਛਲੇ ਹਫ਼ਤੇ ਹੀ ਉਪ-ਰਾਸ਼ਟਰਪਤੀ ਇਮਰਸਨ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਹੁਣ ਮੁਗਾਬੇ ਦੀ ਪਤਨੀ ਗ੍ਰੇਸ ਮੁਗਾਬੇ ਦੌੜ ਦੀ ਅਗੁਵਾਈ ਕਰਦੀ ਜਾਪ ਰਹੀ ਹੈ।
ਇਮਰਸਨ 1970 ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀ ਹਨ ਜਿਸ ਕਰਕੇ ਅਜ਼ਾਦੀ ਮਿਲੀ ਸੀ।












