ਜਗਤਾਰ ਜੌਹਲ ਵਲੋਂ ਪੰਜਾਬ ਪੁਲਿਸ 'ਤੇ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ

ਤਸਵੀਰ ਸਰੋਤ, PAl singh nauli
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਮੰਗਲਵਾਰ ਨੂੰ ਬਾਘਾਪੁਰਾਣਾ ਦੀ ਅਦਾਲਤ ਵਿੱਚ ਜੱਜ ਪੁਸ਼ਪਿੰਦਰ ਸਿੰਘ ਸਾਹਮਣੇ ਪੇਸ਼ ਕੀਤਾ ਗਿਆ।
ਅਦਾਲਤ ਨੇ ਉਨ੍ਹਾਂ ਦਾ ਪੁਲਿਸ ਰਿਮਾਂਡ 3 ਦਿਨ ਹੋਰ ਵਧਾ ਕੇ 17 ਨਵੰਬਰ ਤੱਕ ਕਰ ਦਿੱਤਾ ।
ਜਗਤਾਰ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਬੀਬੀਸੀ ਨੂੰ ਦੱਸਿਆ ਕਿ ਜਗਤਾਰ ਸਿੰਘ ਨੇ ਅਦਾਲਤ ਸਾਹਮਣੇ ਪੁਲਿਸ 'ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ ਲਾਇਆ ਹੈ।
ਪੁਲਿਸ 'ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ
ਮੰਝਪੁਰ ਮੁਤਾਬਕ ਜਗਤਾਰ ਸਿੰਘ ਨੇ ਅਦਾਲਤ ਵਿੱਚ ਜੱਜ ਸਾਹਮਣੇ ਆਪਣੇ ਨਾਲ ਹੋਏ ਥਰਡ ਡਿਗਰੀ ਟਾਰਚਰ ਬਾਰੇ ਦੱਸਿਆ।
ਜਗਤਾਰ ਸਿੰਘ ਨੇ ਜੱਜ ਨੂੰ ਦੱਸਿਆ, 'ਪੁਲਿਸ ਨੇ ਮੇਰੇ ਕੰਨ੍ਹਾਂ ਹੇਠਾਂ, ਛਾਤੀ ਦੇ ਨਿੱਪਲਾਂ ਅਤੇ ਗੁਪਤ ਅੰਗਾਂ ਨੂੰ ਕਰੰਟ ਲਾਇਆ ਹੈ ਅਤੇ ਮੇਰੀਆਂ ਲੱਤਾਂ ਖਿੱਚੀਆਂ ਹਨ।'

ਤਸਵੀਰ ਸਰੋਤ, Getty Images
ਜਗਤਾਰ ਸਿੰਘ ਜੌਹਲ ਦੇ ਵਕੀਲ ਨੇ ਇਸ ਅਣਮਨੁੱਖੀ ਤਸ਼ੱਦਦ 'ਤੇ ਤਿੰਨ ਡਾਕਟਰਾਂ ਦੇ ਬੋਰਡ ਕੋਲੋ ਮੈਡੀਕਲ ਜਾਂਚ ਕਰਵਾਉਣ ਲਈ ਜੱਜ ਨੂੰ ਅਰਜ਼ੀ ਦਾਇਰ ਕੀਤੀ ਹੈ।
ਦੂਜੇ ਪਾਸੇ ਸਰਕਾਰੀ ਵਕੀਲ ਨੇ ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ ਕਿ ਭਾਰਤੀ ਕਨੂੰਨ ਮੁਤਾਬਿਕ ਅਜਿਹਾ ਤਸ਼ੱਦਦ ਨਹੀਂ ਕੀਤਾ ਜਾ ਸਕਦਾ।ਇਸ ਕੇਸ ਵਿੱਚ ਵੀ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ, ਇਹ ਮਹਿਜ਼ ਇਲਜ਼ਾਮ ਹਨ।
ਭਾਵੇਂ ਕਿ ਸਰਕਾਰੀ ਵਕੀਲ ਨੇ ਇਹ ਗੱਲ ਮੰਨੀ ਕਿ ਜਗਤਾਰ ਸਿੰਘ ਨੇ ਅਦਾਲਤ ਵਿੱਚ ਜੱਜ ਅੱਗੇ ਪੁਲਿਸ ਉੱਤੇ ਇਲਜ਼ਾਮ ਲਾਏ ਹਨ, ਜਿਸ ਉਪਰੰਤ ਜਗਤਾਰ ਸਿੰਘ ਦੇ ਵਕੀਲ ਨੇ ਅਰਜ਼ੀ ਦਾਇਰ ਕਰਕੇ ਮੈਡੀਕਲ ਜਾਂਚ ਦੀ ਮੰਗ ਕੀਤੀ।
ਅਦਾਲਤ ਨੇ ਸਰਕਾਰ ਤੋਂ 17 ਨਵੰਬਰ ਤੱਕ ਮੰਗਿਆ ਜਵਾਬ
ਜਗਤਾਰ ਸਿੰਘ ਦੇ ਵਕੀਲ ਮੁਤਾਬਕ ਉਨ੍ਹਾਂ ਦੀ ਅਰਜ਼ੀ 'ਤੇ ਜੱਜ ਨੇ ਪੰਜਾਬ ਸਰਕਾਰ ਤੋਂ ਤਿੰਨ ਦਿਨਾਂ 'ਚ ਜਵਾਬ ਮੰਗਿਆ ਹੈ।
ਅਦਾਲਤ ਨੇ ਜਗਤਾਰ ਸਿੰਘ ਦੇ ਵਕੀਲਾਂ ਨੂੰ ਉਸ ਨਾਲ ਰਾਤ 8 ਤੋਂ 9 ਵਜੇ ਤੱਕ ਮਿਲਣ ਦੀ ਇਜਾਜ਼ਤ ਦਿੱਤੀ ਹੈ।

ਤਸਵੀਰ ਸਰੋਤ, PAl singh nauli
ਅਦਾਲਤ ਨੇ ਪੁਲਿਸ ਨੂੰ ਜਗਤਾਰ ਸਿੰਘ ਦੇ ਉਸ ਪਾਸਪੋਰਟ ਦੀ ਪੜਤਾਲ ਕਰਨ ਲਈ ਕਿਹਾ ਜੋ ਬ੍ਰਿਟਿਸ਼ ਹਾਈ ਕਮਿਸ਼ਨ ਨਵੀਂ ਦਿੱਲੀ ਵਿੱਚ ਜਮਾਂ ਹੈ।
ਪੇਸ਼ੀ ਵੇਲੇ ਜਗਤਾਰ ਸਿੰਘ ਦਾ ਸਹੁਰਾ ਅਤੇ ਉਸਦੀ ਮਾਸੀ ਵੀ ਉੱਥੇ ਮੌਜੂਦ ਸੀ।
ਵਕੀਲ ਮੁਤਾਬਕ ਬਾਘਾਪੁਰਾਣਾ ਥਾਣੇ ਵਿੱਚ ਦਰਜ ਐਫ਼.ਆਈ.ਆਰ ਨੰਬਰ 193 / 16 ਵਿੱਚ ਜਗਤਾਰ ਸਿੰਘ ਦਾ ਨਾਂਅ ਤੱਕ ਨਹੀਂ ਹੈ।
ਇਸ ਮਾਮਲੇ ਵਿੱਚ ਫੜੇ ਗਏ ਇੱਕ ਹੋਰ ਮੁਲਜ਼ਮ ਜਿੰਮੀ ਦੇ ਨਾਂ ਲੈਣ 'ਤੇ ਜਗਤਾਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ।
ਗੌਰਤਲਬ ਹੈ ਕਿ 4 ਨਵੰਬਰ ਨੂੰ ਜਗਤਾਰ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਮੋਗਾ ਦੇ ਬਾਘਾਪੁਰਾਣਾ ਥਾਣੇ 'ਚ ਸਾਲ 2016 'ਚ ਐੱਫਆਈਆਰ ਨੰਬਰ 193/16 ਦਰਜ ਹੋਈ।

ਇਸ ਕੇਸ 'ਚ ਜਗਤਾਰ ਸਿੰਘ ਦਾ ਨਾਂ ਵੀ ਜੋੜ ਲਿਆ ਗਿਆ।
ਉਸ 'ਤੇ ਅਸਲ੍ਹਾ ਐਕਟ ਅਤੇ ਗੈਰ ਕਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀਆਂ ਧਾਰਾਵਾਂ ਅਧੀਨ ਕੇਸ ਦਰਜ ਹੋਇਆ।
ਜਗਤਾਰ ਸਿੰਘ ਜੌਹਲ ਸਕੌਟਲੈਂਡ ਵਿੱਚ ਡਨਬਾਰਟਨਸ਼ਇਰ ਦੇ ਡੰਮਬਾਰਟਨ ਸ਼ਹਿਰ ਦਾ ਨਿਵਾਸੀ ਹੈ।
ਜਗਤਾਰ ਆਪਣੇ ਵਿਆਹ ਦੇ ਲਈ ਭਾਰਤ ਆਇਆ ਸੀ। ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਵਿੱਚ ਜਗਤਾਰ ਦੀ ਦਾਦੀ ਰਹਿੰਦੀ ਹੈ।












