ਜਦੋਂ ਇਸ਼ਕ 'ਚ ਮਾਰਿਆ ਗਿਆ ਵੱਡਾ ਰਾਜਨ, ਉਦੋਂ ਜੁਰਮ ਦੀ ਦੁਨੀਆਂ 'ਚ ਆਇਆ ਛੋਟਾ ਰਾਜਨ

ਛੋਟਾ ਰਾਜਨ

ਤਸਵੀਰ ਸਰੋਤ, AFP

    • ਲੇਖਕ, ਵਿਕਾਸ ਤ੍ਰਿਵੇਦੀ
    • ਰੋਲ, ਬੀਬੀਸੀ ਪੱਤਰਕਾਰ

ਹਰ ਨਵੀਂ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਇੱਕ ਕਹਾਣੀ ਖ਼ਤਮ ਹੋ ਜਾਵੇ। ਛੋਟਾ ਰਾਜਨ ਦੀ ਕਹਾਣੀ ਵੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਵੱਡਾ ਰਾਜਨ ਯਾਨਿ ਰਾਜਨ ਨਾਇਰ ਦੀ ਕਹਾਣੀ ਖ਼ਤਮ ਹੁੰਦੀ ਹੈ।

ਮੁੰਬਈ ਦੇ ਜੁਰਮ ਦੀ ਦੁਨੀਆਂ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਰਾਜਨ ਨਾਇਰ ਦਰਜੀ ਦੀ ਨੌਕਰੀ ਕਰਦਾ ਸੀ। 25 ਤੋਂ 30 ਰੁਪਏ ਕਮਾਉਂਦਾ ਸੀ। ਉਸਦੀ ਗਰਲਫਰੈਂਡ ਦਾ ਜਨਮ ਦਿਨ ਸੀ। ਪੈਸਿਆਂ ਦੀ ਲੋੜ ਪਈ ਤਾਂ ਉਸ ਨੇ ਟਾਈਪਰਾਈਟਰ ਚੋਰੀ ਕਰਨੇ ਸ਼ੁਰੂ ਕਰ ਦਿੱਤੇ।

ਇਨ੍ਹਾਂ ਪੈਸਿਆਂ ਨਾਲ ਰਾਜਨ ਨਾਇਰ ਆਪਣੀਆਂ ਲੋੜਾਂ ਪੂਰੀਆਂ ਕਰਨ ਲੱਗਾ, ਜਲਦ ਹੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਰਾਜਨ ਨਾਇਰ ਨੂੰ ਤਿੰਨ ਸਾਲ ਲਈ ਜੇਲ੍ਹ ਭੇਜ ਦਿੱਤਾ।

ਜੇਲ੍ਹ ਤੋਂ ਨਿਕਲ ਕੇ ਰਾਜਨ ਨੇ ਗੁੱਸੇ ਵਿੱਚ ਆਪਣੀ ਗੈਂਗ ਬਣਾ ਲਈ। ਨਾਮ 'ਗੋਲਡਨ ਗੈਂਗ', ਜਿਹੜਾ ਅੱਗੇ ਜਾ ਕੇ 'ਵੱਡਾ ਰਾਜਨ ਗੈਂਗ' ਕਹਾਇਆ। ਕਿਹਾ ਜਾਂਦਾ ਹੈ ਕਿ 1991 ਵਿੱਚ ਇੱਕ ਮਲਿਆਲੀ ਫ਼ਿਲਮ ਆਈ ਸੀ 'ਅਭਿਮਨਯੂ' ਜਿਹੜੀ ਵੱਡਾ ਰਾਜਨ ਦੀ ਜ਼ਿੰਦਗੀ 'ਤੇ ਆਧਾਰਿਤ ਸੀ ਉਸ ਵਿੱਚ ਇਨ੍ਹਾਂ ਘਟਨਾਵਾਂ ਨੂੰ ਦਿਖਾਇਆ ਗਿਆ ਹੈ, ਵੱਡਾ ਰਾਜਨ ਦੀ ਭੂਮਿਕਾ ਇਸ ਫ਼ਿਲਮ ਵਿੱਚ ਮੋਹਨਲਾਲ ਨੇ ਨਿਭਾਈ ਸੀ।

ਛੋਟਾ ਰਾਜਨ

ਤਸਵੀਰ ਸਰੋਤ, AFP

ਰਾਜਨ ਨੇ ਇੱਕ ਗੁਰਗ ਅਬਦੁਲ ਕੁੰਜੂ ਨੂੰ ਗੈਂਗ ਨਾਲ ਜੋੜਿਆ। ਕੁਝ ਦਿਨਾਂ ਬਾਅਦ ਇਸੇ ਅਬਦੁਲ ਕੁੰਜੂ ਨੇ ਰਾਜਨ ਨਾਇਰ ਦੀ ਗਰਲਫਰੈਂਡ ਨਾਲ ਵਿਆਹ ਕਰਵਾ ਲਿਆ।

ਦੋਵਾਂ ਦੀ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ 1982 ਵਿੱਚ ਪਠਾਨ ਭਰਾਵਾਂ ਨੇ ਕੁੰਜੂ ਦੀ ਮਦਦ ਨਾਲ ਅਦਾਲਤ ਤੋਂ ਬਾਹਰ ਵੱਡਾ ਰਾਜਨ ਯਾਨਿ ਰਾਜਨ ਮਹਾਦੇਵ ਨਾਇਰ ਦਾ ਕਤਲ ਕਰ ਦਿੱਤਾ।

ਰਾਜਨ ਨਾਇਰ ਅੰਡਰਵਰਲਡ ਦੀ ਦੁਨੀਆਂ ਦਾ ਵੱਡਾ ਰਾਜਨ ਸੀ। ਵੱਡਾ ਰਾਜਨ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਛੋਟਾ ਰਾਜਨ ਦੇ ਆਉਣ ਦੀ ਕਹਾਣੀ, ਉਹੀ ਛੋਟਾ ਰਾਜਨ ਜਿਸਦੇ ਬਾਰੇ ਭਾਰਤ ਦੀਆਂ ਜਾਂਚ ਏਜੰਸੀਆਂ ਪਤਾ ਲਗਾ ਚੁੱਕੀਆਂ ਸਨ ਕਿ ਉਹ ਕਾਫ਼ੀ ਸਮੇਂ ਤੱਕ ਦਾਊਦ ਇਬਰਾਹਿਮ ਦਾ ਖ਼ਾਸ ਆਦਮੀ ਸੀ।

1993 ਦੇ ਮੁੰਬਈ ਬੰਬ ਧੰਮਾਕਿਆਂ ਦੇ ਮੁੱਖ ਮੁਲਜ਼ਮ ਦਾਊਦ ਅਤੇ ਛੋਟਾ ਰਾਜਨ ਦੀ ਦੋਸਤੀ ਜਿਸ ਇੱਕ ਸ਼ਖ਼ਸ ਨੂੰ ਸਭ ਤੋਂ ਵਧ ਮਾੜੀ ਲੱਗ ਰਹੀ ਸੀ, ਉਹ ਸੀ ਛੋਟਾ ਸ਼ਕੀਲ ਜਿਸ ਨੇ ਛੋਟਾ ਰਾਜਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

1993 ਦੇ ਬੰਬ ਧਾਮਕਿਆਂ ਤੋਂ ਬਾਅਦ ਛੋਟਾ ਰਾਜਨ ਅਤੇ ਦਾਊਦ ਦੀ ਸਾਂਝੀਦਾਰੀ ਖ਼ਤਮ ਹੋ ਗਈ।

ਰਜਿੰਦਰ ਸਦਾਸ਼ਿਵ ਨਿਖਲਜੇ ਯਾਨਿ ਰਾਜਨ

ਮੁੰਬਈ ਦੇ ਚੇਂਬੂਰ ਦੇ ਤਿਲਕ ਨਗਰ ਦੇ ਇੱਕ ਮਰਾਠੀ ਪਰਿਵਾਰ ਵਿੱਚ 1960 'ਚ ਇੱਕ ਮੁੰਡੇ ਨੇ ਜਨਮ ਲਿਆ। ਨਾਮ ਰੱਖਿਆ ਗਿਆ ਰਜਿੰਦਰ ਸਦਾਸ਼ਿਵ ਨਿਖਲਜੇ। ਪਿਤਾ ਸਦਾਸ਼ਿਵ ਥਾਣੇ ਵਿੱਚ ਨੌਕਰੀ ਕਰਦੇ ਸੀ। ਰਾਜਨ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ।

ਛੋਟਾ ਰਾਜਨ

ਤਸਵੀਰ ਸਰੋਤ, Reuters

ਰਾਜਨ ਦਾ ਪੜ੍ਹਾਈ ਵਿੱਚ ਮਨ ਨਹੀਂ ਲਗਦਾ ਸੀ। ਪੰਜਵੀ ਤੱਕ ਪੜ੍ਹਾਈ ਤੋਂ ਬਾਅਦ ਰਜਿੰਦਰ ਨੇ ਸਕੂਲ ਛੱਡ ਦਿੱਤਾ। ਰਜਿੰਦਰ ਜਲਦੀ ਹੀ ਮਾੜੀ ਸੰਗਤ ਵਿੱਚ ਪੈ ਗਿਆ। ਰਾਜਨ ਜਗਦੀਸ਼ ਸ਼ਰਮਾ ਉਰਫ਼ ਗੂੰਗਾ ਦੀ ਗੈਂਗ ਵਿੱਚ ਸ਼ਾਮਲ ਹੋ ਗਿਆ।

ਰਜਿੰਦਰ ਦਾ ਸੁਜਾਤਾ ਨਾਮ ਦੀ ਕੁੜੀ ਨਾਲ ਵਿਆਹ ਹੋਇਆ। ਉਸਦੇ ਤਿੰਨ ਕੁੜੀਆਂ ਹੋਈਆਂ।

1979 ਵਿੱਚ ਐਮਰਜੈਂਸੀ ਤੋਂ ਬਾਅਦ ਪੁਲਿਸ ਕਾਲਾਬਜ਼ਾਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸ ਕਰੀ ਸੀ। ਇਸ ਸਮੇਂ ਰਜਿੰਦਰ ਮੁੰਬਈ ਦੇ ਸਹਿਕਾਰ ਸਿਨੇਮਾ ਦੇ ਬਾਹਰ ਟਿਕਟਾਂ ਬਲੈਕ ਕਰਨ ਲੱਗਿਆ ਸੀ।

ਲੋਕ ਦੱਸਦੇ ਹਨ ਕਿ ਇੱਕ ਦਿਨ ਪੁਲਿਸ ਨੇ ਇਸੇ ਸਿਨੇਮਾ ਹਾਲ ਦੇ ਬਾਹਰ ਲਾਠੀਚਾਕਜ ਕੀਤਾ। ਲਾਠੀਆਂ ਨਾਲ ਭੜਕੇ 20 ਸਾਲ ਤੋਂ ਵੀ ਘੱਟ ਉਮਰ ਦੇ ਰਾਜਨ ਨੇ ਪੁਲਿਸ ਦੀ ਲਾਠੀ ਖੋਹੀ ਅਤੇ ਪੁਲਿਸ ਵਾਲਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਪੁਲਿਸ ਵਾਲਿਆਂ ਨਾਲ ਰਜਿੰਦਰ ਦੀ ਇਹ ਪਹਿਲੀ ਮੁਠਭੇੜ ਸੀ।

ਕਈ ਪੁਲਿਸ ਵਾਲੇ ਜ਼ਖ਼ਮੀ ਹੋਏ। ਇਸਦਾ ਨਤੀਜਾ ਇਹ ਰਿਹਾ ਕਿ ਮੁੰਬਈ ਦੇ ਵਧੇਰੇ ਗਿਰੋਹ ਕਰੀਬ ਪੰਜ ਫੁੱਟ ਤਿੰਨ ਇੰਚ ਦੇ ਰਜਿੰਦਰ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਸੀ। ਰਜਿੰਦਰ ਨੇ ਵੱਡਾ ਰਾਜਨ ਗੈਂਗ ਜੁਆਈਨ ਕਰਨ ਦਾ ਫ਼ੈਸਲਾ ਕੀਤਾ।

ਦਾਊਦ ਨਾਲ ਛੋਟਾ ਰਾਜਨ ਦੀ ਪਹਿਲੀ ਮੁਲਾਕਾਤ

1982 ਵਿੱਚ ਵੱਡਾ ਰਾਜਨ ਦੇ ਮਰਨ ਤੋਂ ਬਾਅਦ ਗੈਂਗ ਨੂੰ ਸੰਭਾਲਣ ਵਾਲਾ ਰਜਿੰਦਰ ਛੋਟਾ ਰਾਜਨ ਬਣ ਗਿਆ।

ਛੋਟਾ ਰਾਜਨ ਨੇ ਤੈਅ ਕੀਤਾ ਕਿ ਉਹ ਆਪਣੇ ਵੱਡੇ ਭਰਾ ਰਾਜਨ ਦੀ ਮੌਤ ਦਾ ਬਦਲਾ ਲਵੇਗਾ। ਕੁੰਜੂ ਦੇ ਅੰਦਰ ਛੋਟਾ ਰਾਜਨ ਦਾ ਡਰ ਇਸ ਤਰ੍ਹਾਂ ਬੈਠਾ ਸੀ ਕਿ 9 ਅਕਤੂਬਰ 1983 ਨੂੰ ਕੁੰਜੂ ਨੇ ਕਰਾਇਮ ਬਰਾਂਚ ਵਿੱਚ ਜਾ ਕੇ ਸਰੰਡਰ ਕਰ ਦਿੱਤਾ।

ਕੁੰਜੂ ਨੂੰ ਲੱਗਿਆ ਕਿ ਜਾਨ ਬਚਾਉਣ ਦਾ ਇਹੀ ਤਰੀਕਾ ਹੈ।

ਦਾਊਦ ਇਬਰਾਹਿਮ

ਤਸਵੀਰ ਸਰੋਤ, PTI

ਪਰ ਛੋਟਾ ਰਾਜਨ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸੀ। ਜਨਵਰੀ 1984 ਵਿੱਚ ਛੋਟਾ ਰਾਜਨ ਨੇ ਕੁੰਜੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੁੰਜੂ ਸਿਰਫ਼ ਜ਼ਖ਼ਮੀ ਹੋਇਆ।

25 ਅਪ੍ਰੈਲ 1984 ਨੂੰ ਜਦੋਂ ਪੁਲਿਸ ਕੁੰਜੂ ਨੂੰ ਇਲਾਜ ਲਈ ਹਸਪਤਾਲ ਲੈ ਗਈ। ਹਸਪਤਾਲ ਵਿੱਚ ਇੱਕ 'ਮਰੀਜ਼' ਹੱਥ ਵਿੱਚ ਪਲਾਸਟਰ ਬੰਨ ਕੇ ਬੈਠਾ ਸੀ। ਜਿਵੇਂ ਹੀ ਕੁੰਜੂ ਕਰੀਬ ਆਇਆ, ਪਲਾਸਟਰ ਨੂੰ ਹਟਾ ਕੇ ਸ਼ਖ਼ਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਕਿਸਮਤ ਨੇ ਕੁੰਜੂ ਦਾ ਮੁੜ ਸਾਥ ਦਿੱਤਾ ਪਰ ਹਮਲੇ ਨੇ ਇਸ ਤਰੀਕੇ ਨਾਲ ਭਵਿੱਖ ਵਿੱਚ ਦੋ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਪਹਿਲਾ ਦਾਊਦ ਇਬਰਾਹਿਮ। ਦੂਜਾ ਬਾਲੀਵੁੱਡ, ਜਿੱਥੇ ਅੱਜ ਵੀ ਕਈ ਫ਼ਿਲਮਾਂ ਵਿੱਚ ਇਸ ਸੀਨ ਨੂੰ ਫਿਲਮਾਇਆ ਜਾਂਦਾ ਹੈ।

ਮੁੰਬਈ ਅੰਡਰਵਰਲਡ ਦੀ ਕਹਾਣੀ ਸੁਣਨ ਵਾਲੇ ਬਹੁਚਰਚਿਤ ਕਿਤਾਬ 'ਡੋਂਗਰੀ ਟੂ ਦੁਬਈ' ਵਿੱਚ ਐਸ ਹੁਸੈਨ ਜ਼ੈਦੀ ਲਿਖਦੇ ਹਨ,''ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਦਾਊਦ ਨੇ ਛੋਟਾ ਰਾਜਨ ਨੂੰ ਮਿਲਣ ਲਈ ਬੁਲਾਇਆ। ਇਸ ਮੁਲਾਕਾਤ ਤੋਂ ਬਾਅਦ ਛੋਟਾ ਰਾਜਨ ਦਾਊਦ ਦੀ ਗੈਂਗ ਵਿੱਚ ਸ਼ਾਮਲ ਹੋ ਗਿਆ ਅਤੇ ਛੋਟਾ ਰਾਜਨ ਦੀ ਕੁੰਜੂ ਨੂੰ ਮਾਰਨ ਦੀ ਅਗਲੀ ਕੋਸ਼ਿਸ਼ ਸਫ਼ਲ ਹੋਈ।''

ਜ਼ੈਦੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ,''ਕੁੰਜੂ ਕ੍ਰਿਕੇਟ ਮੈਦਾਨ ਵਿੱਚ ਸੀ। ਕ੍ਰਿਕੇਟ ਦੀ ਚਿੱਟੀ ਪੋਸ਼ਾਕ ਪਾਏ ਮੈਦਾਨ ਵਿੱਚ ਕਈ ਲੋਕ ਖੜ੍ਹੇ ਸੀ। ਉਦੋਂ ਹੀ ਕੁਝ ਨਵੇਂ ਖਿਡਾਰੀਆਂ ਨੇ ਮੈਦਾਨ ਵਿੱਚ ਸ਼ਾਮਲ ਹੋ ਕੇ ਕੁੰਜੂ ਅਤੇ ਉਸਦੇ ਸਾਥੀਆਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।''

ਇਸ ਤਰ੍ਹਾਂ ਛੋਟਾ ਰਾਜਨ ਨੇ ਆਪਣੇ ਅੰਡਰਵਰਲਡ ਭਾਈ ,ਵੱਡਾ ਰਾਜਨ ਦੀ ਮੌਤ ਦਾ ਬਦਲਾ ਲੈਣ ਦਾ ਮਿਸ਼ਨ ਪੂਰਾ ਕਰ ਲਿਆ ਸੀ।

ਕਿੱਥੋਂ ਸ਼ੁਰੂ ਹੋਈ ਦਾਊਦ ਨਾਲ ਛੋਟਾ ਰਾਜਨ ਦੀ ਨਰਾਜ਼ਗੀ?

ਦਾਊਦ ਅਤੇ ਛੋਟਾ ਰਾਜਨ ਦੋਵੇਂ ਇੱਕ ਦੂਜੇ ਦਾ ਭਰੋਸਾ ਜਿੱਤ ਚੁੱਕੇ ਸੀ, ਅਗਲੇ ਕੁਝ ਸਾਲਾਂ 'ਚ ਛੋਟਾ ਰਾਜਨ ਦਾਊਦ ਭਾਈ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਰਿਹਾ। ਹੁਣ ਦਾਊਦ ਦੀ ਗੈਂਗ ਵਿੱਚ 'ਦੋ ਛੋਟਾ' ਸਨ, ਜਿਹੜੇ 'ਭਾਈ' ਲਈ ਵੱਡੇ ਤੋਂ ਵੱਡਾ ਕੰਮ ਕਰ ਸਕਦੇ ਸੀ।

ਛੋਟਾ ਰਾਜਨ

ਤਸਵੀਰ ਸਰੋਤ, AFP

1987 ਵਿੱਚ ਛੋਟਾ ਰਾਜਨ ਦਾਊਦ ਦਾ ਕੰਮ ਸੰਭਾਲਣ ਲਈ ਦੁਬਈ ਚਲਾ ਗਿਆ। ਇਸ ਤੋਂ ਠੀਕ ਇੱਕ ਸਾਲ ਬਾਅਦ ਛੋਟਾ ਸ਼ਕੀਲ ਨੇ ਦੁਬਈ ਦਾ ਰੁਖ਼ ਕੀਤਾ ਪਰ ਦਾਊਦ ਦਾ ਕਰੀਬੀ ਛੋਟਾ ਰਾਜਨ ਰਿਹਾ ਨਾ ਕਿ ਛੋਟਾ ਸ਼ਕੀਲ।

ਅਜਿਹੇ ਕਈ ਮੌਕੇ ਰਹੇ, ਜਦੋਂ ਛੋਟਾ ਸ਼ਕੀਲ ਨੂੰ ਇਹ ਗੱਲ ਮਾੜੀ ਲੱਗੀ ਕਿ ਦਾਊਦ ਉਸ ਤੋਂ ਵੱਧ ਛੋਟਾ ਰਾਜਨ 'ਤੇ ਭਰੋਸਾ ਕਰਦਾ ਹੈ। ਛੋਟਾ ਰਾਜਨ ਨੂੰ ਗੈਂਗ ਵਿੱਚ ਨਾਨਾ ਵੀ ਕਿਹਾ ਜਾਂਦਾ ਸੀ।

ਰਾਜਨ ਦਾਊਦ ਲਈ ਬਿਲਡਰਸ ਅਤੇ ਰਈਸ ਲੋਕਾਂ ਤੋਂ ਵਸੂਲੀ ਕਰਨ ਲੱਗਾ। ਕਿਸੇ ਵੀ ਕੌਂਟਰੈਕਟਰ ਨੇ ਜੇਕਰ ਠੇਕਾ ਲੈਣਾ ਹੁੰਦਾ ਹੈ ਤਾਂ ਇਸਦੀ ਤਿੰਨ ਤੋਂ ਚਾਰ ਫ਼ੀਸਦ ਫੀਸ ਛੋਟਾ ਰਾਜਨ ਨੂੰ ਚੁਕਾਉਣੀ ਹੁੰਦੀ ਸੀ।

ਪੁਲਿਸ ਅੰਕੜਿਆਂ ਮੁਤਾਬਕ, ਛੋਟਾ ਰਾਜਨ ਹਰ ਮਹੀਨੇ 90 ਦੇ ਦਹਾਕੇ ਵਿੱਚ ਕਰੀਬ 80 ਲੱਖ ਰੁਪਏ ਇਕੱਠੇ ਕਰ ਲੈਂਦਾ ਸੀ। ਕਿਹਾ ਇਹ ਵੀ ਗਿਆ ਕਿ ਛੋਟਾ ਰਾਜਨ ਦੇ ਨਾਮ 122 ਬੇਨਾਮੀ ਹੋਟਲ ਅਤੇ ਪਬ ਸਿਰਫ਼ ਮੁੰਬਈ ਵਿੱਚ ਸਨ।

ਇਸ ਕਮਾਈ ਦਾ ਇੱਕ ਹਿੱਸਾ ਗੈਂਗ ਦੇ ਗੁਰਗਾਂ ਦੇ ਕੋਰਟ ਕੇਸ ਲੜਨ ਵਿੱਚ ਵੀ ਖ਼ਰਚ ਕੀਤਾ ਜਾਂਦਾ ਸੀ।

ਗੈਂਗ ਵਿੱਚ ਛੋਟਾ ਰਾਜਨ ਦੀ ਵੱਧਦੀ ਅਹਿਮੀਅਤ ਨੂੰ ਖ਼ਤਮ ਕਰਨ ਬਾਰੇ ਛੋਟਾ ਸ਼ਕੀਲ, ਸ਼ਰਦ ਸ਼ੇਟੀ, ਸੁਨੀਲ ਰਾਵਤ ਸੋਚਦੇ ਹਨ। ਐਸ ਹੁਸੈਨ ਜ਼ੈਦੀ ਆਪਣੀ ਕਿਤਾਬ 'ਡੋਂਗਰੀ ਟੂ ਦੁਬਈ' ਵਿੱਚ ਇਹ ਵਾਕਿਆ ਸ਼ੇਅਰ ਕਹਿੰਦੇ ਹਨ।

'ਦਾਊਦ ਭਾਈ ਛੋਟਾ ਰਾਜਨ ਸਾਰੀ ਤਾਕਤ ਆਪਣੇ ਕੋਲ ਰੱਖਦਾ ਜਾ ਰਿਹਾ ਹੈ। ਕੱਲ ਨੂੰ ਉਹ ਤਖ਼ਤਾਪਲਟ ਕਰਕੇ ਗੈਂਗ 'ਤੇ ਕਬਜ਼ਾ ਕਰ ਸਕਦਾ ਹੈ।'

ਕਿਤਾਬ ਵਿੱਚ ਲਿਖਿਆ ਹੈ ਕਿ ਦਾਊਦ ਜਵਾਬ ਦਿੰਦਾ ਹੈ-'ਤੁਸੀਂ ਲੋਕ ਕਦੋਂ ਤੋਂ ਅਜਿਹੀਆਂ ਅਫ਼ਵਾਹਾਂ 'ਤੇ ਭਰੋਸਾ ਕਰਨ ਲੱਗੇ। ਉਹ ਬਸ ਆਪਣੀ ਗੈਂਗ ਦਾ ਮੈਨੇਜਰ ਹੈ।'

ਪਰ ਦਾਊਦ ਦੇ ਇਸ ਜਵਾਬ ਤੋਂ ਬਾਅਦ ਵੀ ਉੱਥੇ ਮੌਜੂਦ ਲੋਕਾਂ ਦੇ ਦਿਲ ਤੋਂ ਛੋਟਾ ਰਾਜਨ ਲਈ ਕੜਵਾਹਟ ਘੱਟ ਨਹੀਂ ਹੋਈ। ਕੁਝ ਸਮੇਂ ਦੀ ਚੁੱਪੀ ਤੋਂ ਬਾਅਦ ਦਾਊਦ ਛੋਟਾ ਸ਼ਕੀਲ ਨੂੰ ਕਹਿੰਦਾ ਹੈ-'ਛੋਟਾ ਰਾਜਨ ਨੂੰ ਫ਼ੋਨ ਲਗਾਓ।'

ਛੋਟਾ ਰਾਜਨ

ਤਸਵੀਰ ਸਰੋਤ, AFP

ਇੱਥੇ ਇੱਕ ਗੱਲ ਦਾ ਜ਼ਿਕਰ ਜ਼ਰੂਰੀ ਹੈ ਕਿ ਇਹ ਉਹ ਸਮਾਂ ਸੀ, ਜਦੋਂ ਦਾਊਦ ਨੇ ਛੋਟਾ ਰਾਜਨ ਨੂੰ ਆਪਣੇ ਭਰਾ ਸਾਬਿਰ ਇਬਰਾਹਿਮ ਕਾਸਕਰ ਦਾ ਕਤਲ ਕਰਨ ਵਾਲੇ ਕਰੀਮ ਲਾਲਾ ਅਤੇ ਅਰੀਮਜ਼ਾਦਾ ਨੂੰ ਮਾਰਨ ਦਾ ਕੰਮ ਦਿੱਤਾ ਹੋਇਆ ਸੀ।

ਛੋਟਾ ਰਾਜਨ ਦੇ ਫ਼ੋਨ ਚੁੱਕਦੇ ਹੀ ਦਾਊਦ ਕਹਿੰਦਾ ਹੈ,''ਇਬਰਾਹਿਮ ਦੀ ਮੌਤ ਲਈ ਜ਼ਿੰਮੇਦਾਰ ਲੋਕਾਂ ਨੂੰ ਤੂੰ ਅਜੇ ਤੱਕ ਨਹੀਂ ਫੜ ਸਕਿਆ?'' ਛੋਟਾ ਰਾਜਨ ਜਵਾਬ ਦਿੰਦਾ ਹੈ,''ਹਾਂ ਭਾਈ, ਮੇਰੇ ਮੁੰਡੇ ਲੱਗੇ ਹੋਏ ਹਨ। ਹਮਲੇ ਲਈ ਜ਼ਿੰਮੇਵਾਰ ਗਵਲੀ ਦੇ ਮੁੰਡੇ ਅਜੇ ਜੇਜੇ ਹਸਪਤਾਲ ਵਿੱਚ ਭਰਤੀ ਹਨ। ਸਿਕਓਰਟੀ ਬਹੁਤ ਟਾਈਟ ਹੈ। ਮੈਂ ਜਲਦੀ ਕੁਝ ਕਰਾਂਗਾ।''

ਉੱਥੇ ਕਮਰੇ ਵਿੱਚ ਬੈਠਾ ਸੋਤਿਆ ਦਾਊਦ ਨੂੰ ਕਹਿੰਦਾ ਹੈ-'ਮੈਨੂੰ ਇੱਕ ਮੌਕਾ ਹੋਰ ਦਿਓ ਤੇ ਤੁਸੀਂ ਦੇਖੋ ਮੈਂ ਕਿਵੇਂ ਸਿਕਓਰਟੀ ਤੋੜ ਕੇ ਬਦਲਾ ਲੈਂਦਾ ਹਾਂ।'' ਸੌਤਿਆ ਦਾਊਦ ਦੇ ਪੈਰੀ ਹੱਥ ਲਾ ਕੇ ਨਿਕਲਦਾ ਹੈ। ਹੁਣ ਛੋਟਾ ਸ਼ਕੀਲ ਅਤੇ ਸੌਤਿਆ ਲਈ ਇਹੀ ਮੌਕਾ ਸੀ ਕਿ ਛੋਟਾ ਰਾਜਨ ਨੂੰ ਦਾਊਦ ਦੀ ਨਜ਼ਰ ਤੋਂ ਡਿਗਾਇਆ ਜਾਵੇ।

'ਡੀ' ਗੈਂਗ ਵਿੱਚ ਛੋਟਾ ਰਾਜਨ ਦੇ ਅੰਤ ਦੀ ਸ਼ੁਰੂਆਤ

12 ਸਤੰਬਰ 1992 ਨੂੰ ਹਸਪਤਾਲ ਵਿੱਚ ਛੋਟਾ ਸ਼ਕੀਲ ਅਤੇ ਸੌਤਿਆ ਦੇ ਬੰਦੇ ਵੜਨ ਦੀ ਕੋਸ਼ਿਸ਼ ਕਰਦੇ ਰਹੇ। ਹਸਪਤਾਲ 'ਤੇ ਹਮਲੇ ਲਈ ਏਕੇ-47 ਦੀ ਵਰਤੋਂ ਕੀਤੀ ਗਈ।

ਪੁਲਿਸ ਪੰਚਨਾਮੇ ਮੁਤਾਬਕ 500 ਰਾਊਂਡ ਫਾਇਰਿੰਗ ਹੋਈ। ਜ਼ੈਦੀ ਮੁਤਾਬਕ ਦਾਊਦ ਦਾ ਬਦਲਾ ਪੂਰਾ ਹੋ ਚੁੱਕਿਆ ਸੀ ਅਤੇ 'ਡੀ' ਗੈਂਗ ਵਿੱਚ ਛੋਟਾ ਰਾਜਨ ਦੇ ਅੰਤ ਦੀ ਸ਼ੁਰੂਆਤ ਵੀ।

ਛੋਟਾ ਰਾਜਨ

ਤਸਵੀਰ ਸਰੋਤ, AFP

ਆਪਣੀਆਂ ਖ਼ਾਸ ਬੈਠਕਾਂ ਵਿੱਚ ਦਾਊਦ ਹੁਣ ਛੋਟਾ ਸ਼ਕੀਲ ਨੂੰ ਲੈ ਕੇ ਜਾਣ ਲੱਗਾ। ਛੋਟਾ ਰਾਜਨ ਨੂੰ ਕਿਨਾਰੇ ਕਰ ਦਿੱਤਾ ਗਿਆ।

1993 ਵਿੱਚ ਮੁੰਬਈ 'ਚ ਬੰਬ ਧਮਾਕੇ ਹੋਏ। ਕਈ ਲੋਕਾਂ ਦੀ ਜਾਨ ਚਲੀ ਗਈ। ਧਮਾਕੇ ਤੋਂ ਬਾਅਦ ਮੁੰਬਈ ਦੇ ਲੋਕਾਂ ਦੇ ਦਿਲਾਂ ਵਿੱਚ ਦਾਊਦ ਅਤੇ ਉਸਦੇ ਸਾਥੀ ਛੋਟਾ ਰਾਜਨ ਲਈ ਨਫ਼ਰਤ ਪੈਦਾ ਹੋ ਗਈ।

ਐਸ ਹੁਸੈਨ ਜ਼ੈਦੀ ਆਪਣੀ ਕਿਤਾਬ ਵਿੱਚ ਲਿਖਦੇ ਹਨ,''ਛੋਟਾ ਰਾਜਨ ਨੇ ਅਖ਼ਬਾਰਾਂ ਨੂੰ ਫੈਕਸ ਜ਼ਰੀਏ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ। ਰਾਜਨ ਨੇ ਦਾਊਦ ਦਾ ਬਚਾਅ ਵੀ ਕੀਤਾ।''

ਅਜਿਹਾ ਨਹੀਂ ਹੈ ਕਿ ਗੈਂਗ ਵਿੱਚ ਛੋਟਾ ਰਾਜਨ ਅਤੇ ਛੋਟਾ ਸ਼ਕੀਲ ਨਾਲ ਮਤਭੇਦ ਖ਼ਤਮ ਕਰਨ ਦੀ ਕੋਸ਼ਿਸ਼ ਦਾਊਦ ਨੇ ਨਹੀਂ ਕੀਤੀ।

ਜ਼ੈਦੀ ਨੇ ਲਿਖਿਆ ਹੈ ਕਿ ਦਾਊਦ ਨੇ ਅਜਿਹੀ ਹੀ ਇੱਕ ਮੁਲਾਕਾਤ ਵਿੱਚ ਚੀਕ ਕੇ ਕਿਹਾ ਸੀ-'ਨਾਨਾ ਮੇਰੇ ਮਾੜੇ ਵੇਲੇ ਦਾ ਸਾਥੀ ਹੈ। ਮੈਂ ਉਸਦੀ ਬੁਰਾਈ ਨਹੀਂ ਸੁਣਨਾ ਚਾਹੁੰਦਾ। ਆਪਸ ਵਿੱਚ ਝਗੜਾ ਧੰਦੇ ਦੀ ਮੌਤ ਹੁੰਦਾ ਹੈ।'

ਦਾਊਦ ਦੀ ਗੱਲ ਨਾਲ ਛੋਟਾ ਸ਼ਕੀਲ ਟੁਕੜੀ ਦੇ ਲੋਕ ਭਾਵੇਂ ਹੀ ਖੁਸ਼ ਨਾ ਹੋਣ ਪਰ ਛੋਟਾ ਰਾਜਨ ਦੇ ਦਿਲ ਨੂੰ ਮਹੀਨਿਆਂ ਬਾਅਦ ਤਸੱਲੀ ਮਿਲੀ ਸੀ ਪਰ ਇਹ ਤਸੱਲੀ ਵੀ ਵਧੇਰੇ ਦਿਨਾਂ ਤੱਕ ਨਹੀਂ ਟਿਕੀ। ਛੋਟਾ ਸ਼ਕੀਲ ਵੱਲੋਂ ਰਾਜਨ ਨੂੰ ਕਾਫਿਰ ਕਿਹਾ ਜਾਣ ਲੱਗਾ ਅਤੇ ਜ਼ਰੂਰੀ ਬੈਠਕਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

1993-94 ਆਉਂਦੇ-ਆਉਂਦੇ ਦੋਵੇਂ ਧੜੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਰਾਜਨ ਨੇ ਦਾਊਦ ਗੈਂਗ ਦਾ ਕੰਮ ਕਰਨਾ ਬੰਦ ਕਰ ਦਿੱਤਾ। ਰਾਜਨ ਹੁਣ ਭਾਰਤ ਵਾਪਿਸ ਆਉਣਾ ਚਾਹੁੰਦਾ ਸੀ ।

ਛੋਟਾ ਰਾਜਨ

ਤਸਵੀਰ ਸਰੋਤ, PTI

ਪਰ ਛੋਟਾ ਰਾਜਨ ਦਾ ਪਾਸਪੋਰਟ ਉਨ੍ਹਾਂ ਸ਼ੇਖਾਂ ਕੋਲ ਸੀ, ਜਿਨ੍ਹਾਂ ਦੀ ਮਦਦ ਨਾਲ ਉਹ ਦੁਬਈ ਰਹਿਣ ਗਿਆ ਸੀ। ਰਾਜਨ ਦੇ ਕੋਲ ਮੁਲਕ ਵਾਪਸੀ ਦਾ ਕੋਈ ਰਸਤਾ ਨਹੀਂ ਬਚਿਆ ਸੀ ਪਰ ਇਹ ਜ਼ਰੂਰ ਜਾਣਦਾ ਸੀ ਕਿ ਜੇਕਰ ਉਹ ਉੱਥੇ ਹੋਰ ਰੁਕਿਆ ਤਾਂ ਆਪਣੀ ਜਾਨ ਗੁਆ ਬੈਠੇਗਾ।

ਆਪਣੀ ਜਾਨ ਬਚਾਉਂਦਾ ਛੋਟਾ ਰਾਜਨ

ਜ਼ੈਦੀ ਨੇ ਚਰਚਿਤ ਕਿਤਾਬ ਵਿੱਚ ਲਿਖਿਆ ਹੈ-ਉਦੋਂ ਹੀ ਦਾਊਦ ਇੱਕ ਵੱਡੀ ਪਾਰਟੀ ਕਰਦਾ ਹੈ। ਇਸ ਪਾਰਟੀ ਵਿੱਚ ਸ਼ਹਿਰ ਦੇ ਤਮਾਮ ਵੱਡੇ ਲੋਕਾਂ ਨੂੰ ਬੁਲਾਇਆ ਗਿਆ।

ਛੋਟਾ ਰਾਜਨ ਵੀ ਪਾਰਟੀ 'ਚ ਜਾਣ ਲਈ ਤਿਆਰ ਹੋ ਰਿਹਾ ਸੀ। ਉਦੋਂ ਇੱਕ ਫ਼ੋਨ ਆਉਂਦਾ ਹੈ। ਰਾਜਨ ਫ਼ੋਨ ਚੁੱਕਦਾ ਹੈ ਤਾਂ ਇੱਕ ਅਣਜਾਣ ਆਵਾਜ਼ ਆਉਂਦੀ ਹੈ-'ਨਾਨਾ ਉਸ ਨੇ ਤੈਨੂੰ ਟਪਕਾਉਣ ਦੀ ਪਲਾਨਿੰਗ ਕਰ ਲਈ ਹੈ।'

ਡੋਂਗਰੀ ਟੂ ਦੁਬਈ ਦੱਸਦੀ ਹੈ ਕਿ ''ਛੋਟਾ ਰਾਜਨ ਫੋਨ ਰੱਖਣ ਤੋਂ ਬਾਅਦ ਇੰਡੀਅਨ ਅੰਬੈਸੀ ਦਾ ਰੁਖ਼ ਕਰਦਾ ਹੈ। ਉੱਥੇ ਇੱਕ ਰਾਅ ਦੇ ਅਫ਼ਸਰ ਨਾਲ ਰਾਜਨ ਦੀ ਗੱਲ ਹੁੰਦੀ ਹੈ। ਦਿੱਲੀ ਫੋਨ ਲਗਾਏ ਜਾਂਦੇ ਹਨ। ਕੁਝ ਘੰਟਿਆਂ ਬਾਅਦ ਰਾਜਨ ਕਾਠਮਾਂਡੂ ਦੀ ਫਲਾਈਟ ਵਿੱਚ ਬੈਠਾ ਸੀ। ਕਾਠਮਾਂਡੂ ਤੋਂ ਰਾਜਨ ਮਲੇਸ਼ੀਆ ਚਲਾ ਜਾਂਦਾ ਹੈ।''

ਦੁਬਈ ਵਿੱਚ ਛੋਟਾ ਰਾਜਨ ਦੇ ਗਾਇਬ ਹੋਣ ਤੋਂ ਬਾਅਦ ਛੋਟਾ ਸ਼ਕੀਲ ਧੜੇ ਦੇ ਤੇਵਰ ਅਤੇ ਹੌਸਲੇ ਬੁਲੰਦ ਹੋ ਗਏ। ਇੱਥੋਂ ਹੀ ਜਿਹੜਾ ਛੋਟਾ ਰਾਜਨ ਕਦੇ ਦਾਊਦ ਦਾ ਸੱਜਾ ਹੱਥ ਸੀ, ਹੁਣ ਉਸ ਥਾਂ ਨੂੰ ਛੋਟਾ ਸ਼ਕੀਲ ਨੇ ਭਰ ਦਿੱਤਾ। ਅਗਲੇ ਕੁਝ ਸਾਲ ਛੋਟਾ ਰਾਜਨ ਨੇ ਲੁੱਕ ਕੇ ਕੱਢੇ।

ਅਗਲੇ ਕੁਝ ਸਾਲ ਛੋਟਾ ਰਾਜਨ ਨੇ ਕੁਆਲਾਲਮਪੁਰ, ਕੰਬੋਡੀਆ ਅਤੇ ਇੰਡੋਨੇਸ਼ੀਆ ਵਿੱਚ ਲੁਕਦੇ ਹੋਏ ਕੱਢੇ ਪਰ ਰਾਜਨ ਨੂੰ ਆਪਣੇ ਲਈ ਸੁਰੱਖਿਅਤ ਠਿਕਾਣਾ ਬੈਂਕੌਕ ਲੱਗਾ।

ਰਾਜਨ ਨੇ ਮੋਬਾਇਲ ਨੰਬਰ ਤੋਂ ਲੈ ਕੇ ਘਰ ਦੇ ਪੱਤੇ ਤੱਕ, ਆਪਣੀ ਲੋਕੇਸ਼ਨ ਲੁਕਾਏ ਰੱਖਣ ਦੀ ਹਰ ਕੋਸ਼ਿਸ਼ ਕੀਤੀ।

ਛੋਟਾ ਰਾਜਨ

ਤਸਵੀਰ ਸਰੋਤ, AFP

ਇੱਧਰ ਛੋਟਾ ਸ਼ਕੀਲ ਵੀ ਛੋਟਾ ਰਾਜਨ ਦੀ ਛਾਤੀ ਵਿੱਚ ਗੋਲੀ ਮਾਰਨ ਦਾ ਸੁਪਨਾ ਲਈ ਬੈਠਾ ਸੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਾਲ 2000 ਵਿੱਚ ਛੋਟਾ ਰਾਜਨ ਦਾ ਪਤਾ ਛੋਟਾ ਸ਼ਕੀਲ ਨੂੰ ਲੱਗ ਚੁੱਕਿਆ ਸੀ।

14 ਸਤੰਬਰ 2000 ਨੂੰ ਚਾਰ ਹਥਿਆਰਬੰਦ ਲੋਕ ਰਾਜਨ ਦੇ ਅਪਾਰਟਮੈਂਟ 'ਤੇ ਹਮਲਾ ਕਰਦੇ ਹਨ। ਪਰ ਰਾਜਨ ਭੱਜਣ ਵਿੱਚ ਕਾਮਯਾਬ ਹੁੰਦਾ ਹੈ। ਰਾਜਨ ਪੁਲਿਸ ਦੀ ਮਦਦ ਨਾਲ ਹਸਪਤਾਲ ਵਿੱਚ ਭਰਤੀ ਹੁੰਦਾ ਹੈ।

ਇਹ ਖ਼ਬਰ ਭਾਰਤ ਵੀ ਪਹੁੰਚਦੀ ਹੈ। ਇਹ ਵੀ ਪਤਾ ਲੱਗਿਆ ਕਿ ਰਾਜਨ ਹੁਣ ਤੱਕ ਬੈਂਕੌਕ ਵਿੱਚ ਲੁਕਿਆ ਹਇਆ ਸੀ।

ਕੁਝ ਦਿਨਾਂ ਬਾਅਦ ਰਾਜਨ ਅਚਾਨਕ ਹਸਪਤਾਲ ਤੋਂ ਵੀ ਗਾਇਬ ਹੋ ਜਾਂਦਾ ਹੈ। ਰਾਜਨ ਨੂੰ ਇਹ ਖ਼ਬਰ ਮਿਲੀ ਸੀ ਕਿ ਕੋਈ ਹਸਪਤਾਲ ਨੂੰ ਉਡਾ ਸਕਦਾ ਹੈ ਇਸ ਲਈ ਉਹ ਹਸਪਤਾਲ ਦੇ ਚੌਥੇ ਮਾਲੇ ਤੋਂ ਛਾਲ ਮਾਰ ਕੇ ਭੱਜ ਜਾਂਦਾ ਹੈ।

ਸਾਲ 2001 ਵਿੱਚ ਰਾਜਨ ਇਸ ਹਮਲੇ ਦਾ ਬਦਲਾ ਲੈਂਦਾ ਹੈ। ਰਾਜਨ ਛੋਟਾ ਸ਼ਕੀਲ ਗੈਂਗ ਦੇ ਦੋ ਗੁਰਗਾਂ ਨੂੰ ਮਰਵਾ ਦਿੰਦਾ ਹੈ।

2001 ਤੋਂ ਬਾਅਦ ਛੋਟਾ ਰਾਜਨ ਕਿੱਥੇ ਰਿਹਾ, ਇਸ ਗੱਲ ਦੀ ਖ਼ਬਰ ਦੁਨੀਆਂ ਨੂੰ ਨਹੀਂ ਰਹੀ।

ਅਗਲੀ ਵਾਰ ਛੋਟਾ ਰਾਜਨ ਦਾ ਦੁਨੀਆਂ ਨੇ ਨਾਮ ਸੁਣਿਆ ਜੂਨ 2011 ਵਿੱਚ। ਜਦੋਂ ਮਿਡ ਡੇ ਨਿਊਜ਼ ਪੇਰ ਵਿੱਚ ਸੀਨੀਅਰ ਕਰਾਇਮ ਰਿਪੋਰਟਰ ਜਯੋਤੀਮਰਿਆ ਡੇ ਦੀ ਮੁੰਬਈ ਦੇ ਪਵਈ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਸ ਕਤਲ ਵਿੱਚ ਛੋਟਾ ਰਾਜਨ ਦਾ ਨਾਮ ਆਇਆ। ਇਸੇ ਦੌਰਾਨ ਸਾਲ 2013 ਵਿੱਚ ਮੁੰਬਈ ਦੇ ਬਿਲਡਰ ਅਜੇ ਗੋਸਾਲੀਆ ਅਤੇ ਅਰਸ਼ਦ ਸੇਖ ਦੇ ਕਤਲ ਕੇਸ ਵਿੱਚ ਵੀ ਛੋਟਾ ਰਾਜਨ ਗੈਂਗ ਦੇ ਲੋਕਾਂ ਦਾ ਨਾਮ ਹੀ ਆਇਆ।

ਇੰਟਰਪੋਲ ਨੇ ਛੋਟਾ ਰਾਜਨ ਨੂੰ ਫੜਵਾਉਣ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ।

ਫਿਰ 2015 ਵਿੱਚ ਖ਼ਬਰਾਂ ਆਈਆਂ ਕਿ ਛੋਟਾ ਰਾਜਨ 'ਤੇ ਆਸਟ੍ਰੇਲੀਆ ਵਿੱਚ ਹਮਲਾ ਹੋਇਆ। ਰਾਜਨ ਜਾਨ ਬਚਾ ਕੇ ਬਾਲੀ ਚਲਾ ਗਿਆ। ਭਾਰਤ ਦੀ ਉਡੀਕ ਅਕਤੂਬਰ 2015 ਵਿੱਚ ਖ਼ਤਮ ਹੁੰਦੀ ਹੈ। ਇੰਡੋਨੇਸ਼ੀਆ ਦੇ ਬਾਲੀ ਵਿੱਚ ਛੋਟਾ ਰਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨਵੰਬਰ 2015 ਵਿੱਚ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸਦੀ ਲੋਕਾਂ ਨੇ ਕਦੇ ਉਮੀਦ ਨਹੀਂ ਕੀਤੀ ਸੀ।

ਜਿਹੜਾ ਛੋਟਾ ਰਾਜਨ ਬੰਦੂਕ ਫੜੀ ਹਮਲਾਵਰਾਂ ਦੇ ਅੱਗੇ ਬੈਠ ਕੇ ਲੋਕਾਂ ਨੂੰ ਧਮਕਾਉਂਦਾ ਵਿਖਾਈ ਦਿੰਦਾ ਸੀ, ਉਹ ਹੱਥਕੜੀਆਂ ਵਿੱਚ ਜਕੜਿਆ ਨਾਰੰਗੀ ਰੰਗ ਦੇ ਕੱਪੜਿਆਂ ਵਿੱਚ ਪੁਲਿਸ ਤੋਂ ਘਿਰਿਆਂ ਨਜ਼ਰ ਆਇਆ, ਉਹ ਵੀ ਬੇਬਸ ਅਤੇ ਲਾਚਾਰ।

ਡਰੱਗਜ਼, ਹਥਿਆਰ, ਵਸੂਲੀ, ਤਸਕਰੀ ਅਤੇ ਕਤਲ ਦੇ ਕਰੀਬ 70 ਮਾਮਲਿਆਂ ਵਿੱਚ ਮੁਲਜ਼ਮ ਛੋਟਾ ਰਾਜਨ ਨੂੰ ਪੱਤਰਕਾਰ ਜੇਡੀ ਦੀ ਹੱਤਿਆ ਕੇਸ ਵਿੱਚ ਦੋਸ਼ੀ ਮੰਨਿਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਜਿਸ ਮੁੰਬਈ ਵਿੱਚ ਛੋਟਾ ਰਾਜਨ ਕਦੇ ਟਿਕਟਾਂ ਬਲੈਕ ਕਰਦਾ ਸੀ। ਉਸੇ ਮੁੰਬਈ ਦੀ ਇੱਕ ਅਦਾਲਤ ਨੇ ਛੋਟਾ ਰਾਜਨ ਨੂੰ ਪੱਤਰਕਾਰ ਜੇਡੀ ਦੀ ਹੱਤਿਆ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ, ਉਸਦਾ ਸ਼ੋਅ ਖ਼ਤਮ ਹੋ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)