ਦਲਿਤਾਂ ਖਿਲਾਫ਼ ਹੋਏ ਅਪਰਾਧਾਂ ਦੇ 7 ਮਾਮਲੇ, ਜਿਨ੍ਹਾਂ ’ਚ ਹੈ ਇਨਸਾਫ਼ ਦੀ ਉਡੀਕ

(ਸ਼ਰਵਨ ਉਡਗੇ ( ਮਾਣਿਕ ਦੇ ਭਰਾ) ਅਤੇ ਉਸਦੀ ਮਾਤਾ ਪੂਣੇ ਜ਼ਿਲ੍ਹੇ ਦੇ ਚਿਕਲੀ ਦੇ ਆਪਣੇ ਘਰ ਵਿੱਚ)

ਤਸਵੀਰ ਸਰੋਤ, SUDHARAK OLWE/bbc

ਤਸਵੀਰ ਕੈਪਸ਼ਨ, (ਸ਼ਰਵਨ ਉਡਗੇ ( ਮਾਣਿਕ ਦੇ ਭਰਾ) ਅਤੇ ਉਸਦੀ ਮਾਤਾ ਪੂਣੇ ਜ਼ਿਲ੍ਹੇ ਦੇ ਚਿਕਲੀ ਦੇ ਆਪਣੇ ਘਰ ਵਿੱਚ)

ਫੋਟੋ ਪੱਤਰਕਾਰ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਸੁਧਾਰਕ ਔਲਵੇ ਨੇ ਹਾਲ ਵਿੱਚ ਹੀ ਮੁੰਬਈ ਵਿੱਚ ਜਾਤੀ ਦੇ ਆਧਾਰ 'ਤੇ ਕੀਤੇ ਤਸ਼ੱਦਦ ਨਾਲ ਜੁੜੇ ਕੇਸਾਂ ਦੇ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਗਾਈ।

ਸੁਧਾਰਕ ਨੇ ਇਹ ਪ੍ਰਦਰਸ਼ਨੀ ਕੁਝ ਦਿਨਾਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਐੱਸਸੀ/ਐੱਸਟੀ ਐਕਟ ਨਾਲ ਜੁੜੇ ਫੈਸਲੇ ਤੋਂ ਬਾਅਦ ਲਗਾਈ ਹੈ।

ਔਲਵੇ ਦਾ ਮੰਨਣਾ ਹੈ ਕਿ ਮੁਜ਼ਾਹਰਿਆਂ ਤੋਂ ਇਲਾਵਾ ਕੌੜੇ ਤੱਥਾਂ ਵੱਲ ਵੀ ਧਿਆਨ ਖਿੱਚਣਾ ਜ਼ਰੂਰੀ ਹੈ ਤਾਂ ਜੋ ਬੇਤੁਕੇ ਦਾਅਵਿਆਂ ਨੂੰ ਖਾਰਿਜ ਕੀਤਾ ਜਾ ਸਕੇ।

ਔਲਵੇ ਵੱਲੋਂ ਪ੍ਰਦਰਸ਼ਿਤ ਮਾਮਲਿਆਂ ਵਿੱਚੋਂ ਕੁਝ ਮਾਮਲੇ ਇਸ ਪ੍ਰਕਾਰ ਹਨ...

1. ਮਾਣਿਕ ਉਧਗੇ: ਭੀਮ ਜਯੰਤੀ ਦੀ ਜਸ਼ਨ ਮੌਕੇ ਕੁੱਟਮਾਰ ਕਰਕੇ ਕਤਲ

ਪੂਣੇ ਜ਼ਿਲ੍ਹੇ ਦੇ ਚਿਕਲੀ ਦੇ ਰਹਿਣ ਵਾਲੇ 25 ਸਾਲਾ ਮਾਣਿਕ ਉਡਗੇ ਆਪਣੇ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਸਨ। ਮਾਣਿਕ ਉਡਗੇ ਸਥਾਨਕ ਠੇਕੇਦਾਰ ਸਨ ਅਤੇ 'ਸੰਵਿਧਾਨ ਪ੍ਰਤਿਸ਼ਠਾ' ਨਾਂ ਦੇ ਸੰਗਠਨ ਦੇ ਸੰਸਥਾਪਕ ਸਨ। ਇਹ ਸੰਗਠਨ ਦਲਿਤ ਭਾਈਚਾਰੇ ਦੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਵਧਾਵਾ ਦੇਣ ਲਈ ਕੰਮ ਕਰਦਾ ਸੀ।

14 ਅਪ੍ਰੈਲ 2014 ਨੂੰ ਡਾ. ਅੰਬੇਡਕਰ ਦੀ ਜਯੰਤੀ ਮਨਾਉਂਦਿਆਂ ਮੋਰਿਆ ਵਸਤੀ ਇਲਾਕੇ ਵਿੱਚ ਵੱਡਾ ਸਮਾਗਮ ਕਰਵਾਉਣਾ ਚਾਹੁੰਦੇ ਸੀ। ਮੋਰਿਆ ਵਸਤੀ ਵਿੱਚ ਕਈ ਅਖੌਤੀ ਉੱਚ ਜਾਤੀ ਨਾਲ ਸਬੰਧਿਤ ਲੋਕ ਰਹਿੰਦੇ ਸੀ।

ਇਸੇ ਸਮਾਗਮ ਕਾਰਨ ਮਾਣਿਕ ਉਧਗੇ ਦਾ ਕਥਿਤ ਤੌਰ 'ਤੇ ਚਾਰ ਲੋਕਾਂ ਵੱਲੋਂ ਸਟੀਲ ਰੋਡ ਅਤੇ ਪੱਥਰਾਂ ਨਾਲ ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਭਾਵੇਂ ਅਜੇ ਮੁਲਜ਼ਮ ਜੇਲ੍ਹ ਵਿੱਚ ਹਨ ਪਰ ਮਾਣਿਕ ਦੇ ਭਰਾ ਸ਼ਰਵਨ ਮੰਨਦੇ ਹਨ ਕਿ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਸ਼ਰਵਨ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਮੋਰਿਆ ਵਸਤੀ ਤੋਂ ਗੁਜ਼ਰਦੇ ਹਨ ਤਾਂ ਉਨ੍ਹਾਂ ਨੂੰ ਮੁਲਜ਼ਮਾਂ ਦੇ ਰਿਸ਼ਤੇਦਾਰ ਘੂਰਦੇ ਹਨ। ਉਨ੍ਹਾਂ ਮੁਲਜ਼ਮਾਂ ਦੀ ਜ਼ਮਾਨਤ ਦੀ ਅਰਜ਼ੀ ਕਈ ਵਾਰ ਖਾਰਿਜ਼ ਹੋ ਚੁੱਕੀ ਹੈ।

2. ਮਧੁਕਰ ਘਾਡਗੇ: ਹੱਕਾਂ ਲਈ ਆਵਾਜ਼ ਚੁੱਕਣ ਕਾਰਨ ਮੌਤ

48 ਸਾਲਾ ਮਧੁਕਰ ਘਾਡਗੇ ਦਲਿਤ ਬੌਧੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪੜ੍ਹੇ-ਲਿਖੇ ਵਿਅਕਤੀ ਸਨ। ਉਹ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਮਧੁਕਰ ਦਾ ਉਸ ਵੇਲੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਜ਼ਮੀਨ ਵਿੱਚ ਖੂਹ ਪੁੱਟ ਰਹੇ ਸਨ। ਉਨ੍ਹਾਂ ਦੀ ਜ਼ਮੀਨ ਦੇ ਆਲੇ-ਦੁਆਲੇ ਸਰਵਨ ਭਾਈਚਾਰੇ ਦੇ ਲੋਕ ਰਹਿੰਦੇ ਹਨ। ਉਨ੍ਹਾਂ ਦੇ ਕਤਲ ਦਾ ਇਲਜ਼ਾਮ 12 ਮੁਲਜ਼ਮਾਂ 'ਤੇ ਲੱਗਿਆ ਸੀ।

(ਤੁਸ਼ਾਰ, ਮਧੁਕਰ ਘਡਗੇ ਦੇ ਪੁੱਤਰ)

ਤਸਵੀਰ ਸਰੋਤ, SUDHARAK OLWE

ਤਸਵੀਰ ਕੈਪਸ਼ਨ, (ਤੁਸ਼ਾਰ, ਮਧੁਕਰ ਘਡਗੇ ਦੇ ਪੁੱਤਰ)

ਜ਼ਖਮੀ ਹਾਲਤ ਵਿੱਚ ਮਧੁਕਰ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਕਈ ਕਿਲੋਮੀਟਰ ਬਾਈਕ 'ਤੇ ਲੈ ਜਾਣਾ ਪਿਆ ਕਿਉਂਕਿ ਆਲੇ-ਦੁਆਲੇ ਕੋਈ ਹਸਪਤਾਲ ਨਹੀਂ ਸੀ।

ਹਸਪਤਾਲ ਪਹੁੰਚਦੇ ਹੀ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਮਧੁਕਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਤਲ ਕਈ ਕਾਰਨਾਂ ਕਰਕੇ ਕੀਤਾ ਗਿਆ। ਉਨ੍ਹਾਂ ਦੇ ਅਨੁਸਾਰ ਮਧੁਕਰ ਪੜ੍ਹੇ-ਲਿਖੇ ਅਤੇ ਆਰਥਿਕ ਪੱਖੋਂ ਮਜਬੂਤ ਸਨ। ਇਸਦੇ ਨਾਲ ਹੀ ਉਹ ਪਿੰਡ ਦੀ ਸਿਆਸਤ ਵਿੱਚ ਵੀ ਐਕਟਿਵ ਸਨ।

ਪਰਿਵਾਰ ਅਨੁਸਾਰ ਉੱਚ ਜਾਤੀ ਦੇ ਲੋਕਾਂ ਨੂੰ ਪਿੰਡ ਵਿੱਚ ਇੱਕ ਦਲਿਤ ਪਰਿਵਾਰ ਦੀ ਖੁਸ਼ਹਾਲੀ ਬਰਦਾਸ਼ਤ ਨਹੀਂ ਹੋਈ।

ਤਿੰਨ ਸਾਲਾਂ ਬਾਅਦ 12 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ। ਹਾਈ ਕੋਰਟ ਵਿੱਚ ਮਾਮਲੇ ਦੀ ਮੁੜ ਵਿਚਾਰ ਪਟੀਸ਼ਨ ਪੈਂਡਿੰਗ ਹੈ।

3. ਸਾਗਰ ਸ਼ੇਜਵਾਲ: ਅੰਬੇਡਕਰ ਨਾਲ ਜੁੜੀ ਰਿੰਗਟੋਨ ਕਾਰਨ ਕਤਲ

ਸਾਗਰ ਸ਼ੇਜਵਾਲ ਦਾ ਸਿਰਫ਼ ਇੰਨਾ ਕਸੂਰ ਸੀ ਕਿ ਉਸ ਨੇ ਡਾ. ਅੰਬੇਡਕਰ ਦਾ ਗੁਣਗਾਣ ਕਰਦੀ ਹੋਈ ਇੱਕ ਰਿੰਗਟੋਨ ਲਗਾਈ ਸੀ।

24 ਸਾਲਾ ਨਰਸਿੰਗ ਦੇ ਵਿਦਿਆਰਥੀ ਸਾਗਰ ਦਾ ਮਈ 2015 ਵਿੱਚ ਕਥਿਤ ਤੌਰ 'ਤੇ ਸ਼ਿਰਡੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸਾਗਰ ਸ਼ਿਰਡੀ ਵਿੱਚ ਆਪਣੇ ਦੋਸਤ ਦੇ ਵਿਆਹ 'ਤੇ ਆਇਆ ਸੀ।

(ਸਾਗਰ ਦੇ ਪਰਿਵਾਰਕ ਮੈਂਬਰ)

ਤਸਵੀਰ ਸਰੋਤ, SUDHARAK OLWE/bbc

ਸਾਗਰ ਦੇ ਪਰਿਵਾਰ ਅਨੁਸਾਰ ਜਸ਼ਨ ਦੌਰਾਨ ਉਹ ਆਪਣੇ ਭਰਾਵਾਂ ਨਾਲ ਬੀਅਰ ਦੀ ਦੁਕਾਨ 'ਤੇ ਪਹੁੰਚਿਆ ਜਿੱਥੇ ਉਸਦਾ ਫੋਨ ਕੁਝ ਵਾਰ ਵਜਿਆ।

ਦੁਕਾਨ ਦੇ ਬਾਹਰ ਨਸ਼ੇ ਵਿੱਚ ਧੁੱਤ 9 ਲੋਕਾਂ ਨੇ ਸਾਗਰ ਨੂੰ ਉਸਦੀ ਰਿੰਗਟੋਨ ਬਦਲਣ ਲਈ ਕਿਹਾ।

ਰਿੰਗਟੋਨ ਸੀ, "ਤੁਮਹੀ ਕਰਾਰੇ ਕਿਤੀਹੀ ਹਾਲਾ, ਲਏ ਮਜਬੂਤ ਭੀਮਚਾ ਕਿਲਾ'' ( ਤੁਸੀਂ ਜਿੰਨੀ ਮਰਜ਼ੀ ਰੁਕਾਵਟ ਖੜ੍ਹੀ ਕਰੋ ਅੰਬੇਡਕਰ ਦਾ ਫਲਸਫਾ ਹਮੇਸ਼ਾ ਕਾਇਮ ਰਹੇਗਾ)

ਸਾਗਰ ਨੇ ਉਨ੍ਹਾਂ ਨੂੰ ਰਿੰਗਟੋਨ ਬਦਲਣ ਤੋਂ ਇਨਕਾਰ ਕਰ ਦਿੱਤਾ।

ਸਾਗਰ ਦੇ ਪਰਿਵਾਰ ਮੁਤਾਬਿਕ ਛੋਟੀ ਜਿਹੀ ਕਹਾਸੁਣੀ ਵੱਡੀ ਲੜਾਈ ਵਿੱਚ ਤਬਦੀਲ ਹੋ ਗਈ। ਉਨ੍ਹਾਂ ਨੇ ਕਥਿਤ ਤੌਰ 'ਤੇ ਸਾਗਰ ਦੀ ਕੁੱਟਮਾਰ ਕੀਤੀ ਅਤੇ ਉਸਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ।

ਮੁਲਜ਼ਮ ਅਜੇ ਜ਼ਮਾਨਤ ਤੇ ਬਾਹਰ ਹੈ ਅਤੇ ਮਾਮਲਾ ਅਹਿਮਦਨਗਰ ਕੋਰਟ ਵਿੱਚ ਚੱਲ ਰਿਹਾ ਹੈ।

4. ਪਾਰਧੀ- ਇੱਕ ਅਣਗੌਲਿਆ ਸਮਾਜ

ਮਰਾਠਵਾੜਾ ਦੇ ਬੀੜ ਜ਼ਿਲ੍ਹੇ ਵਿੱਚ ਦਸੰਬਰ 2016 ਵਿੱਚ 17 ਪਾਰਧੀ ਪਰਿਵਾਰਾਂ ਦੇ ਘਰਾਂ ਨੂੰ ਕਥਿਤ ਤੌਰ 'ਤੇ ਉੱਚ ਜਾਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਢਾਹ ਦਿੱਤੇ।

ਹੁਣ ਉਹ ਖੁੱਲ੍ਹੇ ਵਿੱਚ ਸਿਰਫ ਇੱਕ ਟੁੱਟੇ ਟੈਂਟ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਛੱਤ ਦੇ ਨਾਂ 'ਤੇ ਕਾਲੇ ਮੋਮਜਾਮੇ ਦੀਆਂ ਸ਼ੀਟਾਂ ਹਨ।

(ਨੂਰ ਖਾਸ ਭੌਂਸਲੇ ਅਤੇ ਉਨ੍ਹਾਂ ਦੀ ਧੀ ਅਤੇ ਹੋਰ ਰਿਸ਼ਤੇਦਾਰ ਗੇਵਰਾਈ ਬੀੜ ਜ਼ਿਲ੍ਹੇ ਵਿੱਚ ਰਹਿ ਰਹੇ ਹਨ)

ਤਸਵੀਰ ਸਰੋਤ, SUDHARAK OLWE/bbc

ਤਸਵੀਰ ਕੈਪਸ਼ਨ, ਨੂਰ ਖਾਸ ਭੌਂਸਲੇ ਅਤੇ ਉਨ੍ਹਾਂ ਦੀ ਧੀ ਅਤੇ ਹੋਰ ਰਿਸ਼ਤੇਦਾਰ ਗੇਵਰਾਈ ਬੀੜ ਜ਼ਿਲ੍ਹੇ ਵਿੱਚ ਰਹਿ ਰਹੇ ਹਨ

ਪਾਰਧੀ ਦਾ ਅਰਥ ਹੈ, 'ਅਪਰਾਧਕ ਕਬੀਲੇ' ਅਤੇ ਇਸ ਸਮਾਜ ਨੂੰ ਇਹ ਨਾਂ ਬਰਤਾਨਵੀ ਰਾਜ ਦੌਰਾਨ ਦਿੱਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਭਾਰਤ ਸਰਕਾਰ ਨੇ 1952 ਵਿੱਚ ਡੀਨੋਟੀਫਾਈ ਕਰ ਦਿੱਤਾ ਸੀ।

ਪਾਰਧੀ ਅਜੇ ਵੀ ਆਪਣੇ ਮੁੱਢਲੇ ਹੱਕਾਂ ਤੋਂ ਵਾਂਝੇ ਹਨ ਅਤੇ ਉਨ੍ਹਾਂ ਦੀ ਪੁਰਾਣੀ ਪਛਾਣ ਅਜੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ ਹੈ।

5. ਨਿਤਿਨ ਆਗੇ - ਦੋਸਤੀ ਲਈ ਕਤਲ

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦਾ ਰਹਿਣ ਵਾਲੇ ਦਲਿਤ ਨੌਜਵਾਨ ਨਿਤਿਨ ਆਗੇ ਦਾ ਕਤਲ ਕਰਕੇ ਉਸਨੂੰ ਰੁੱਖ ਤੋਂ ਲਟਕਾ ਦਿੱਤਾ ਗਿਆ ਸੀ।

ਪਰਿਵਾਰ ਵੱਲੋਂ ਉਸਦੇ ਕਤਲ ਦੀ ਵਜ੍ਹਾ ਇੱਕ ਉੱਚ ਜਾਤੀ ਦੀ ਕੁੜੀ ਨਾਲ ਗੱਲ ਕਰਨਾ ਦੱਸਿਆ ਜਾ ਰਿਹਾ ਹੈ।

(ਨੀਤਿਨ ਆਗੇ ਦੇ ਮਾਤਾ ਤੇ ਪਿਤਾ)

ਤਸਵੀਰ ਸਰੋਤ, Sudharak Olwe und Helena Schaetzle/bbc

ਤਸਵੀਰ ਕੈਪਸ਼ਨ, ਨੀਤਿਨ ਆਗੇ ਦੇ ਮਾਤਾ ਤੇ ਪਿਤਾ

ਪਰਿਵਾਰ ਅਨੁਸਾਰ ਕੁੜੀ ਦੇ ਭਰਾ ਸਣੇ ਉਸੇ ਜਾਤੀ ਦੇ ਤਿੰਨ ਲੋਕਾਂ ਨੂੰ ਸ਼ੱਕ ਸੀ ਕਿ ਨਿਤਿਨ ਦਾ ਮੁਲਜ਼ਮ ਦੀ ਭੈਣ ਨਾਲ ਸਬੰਧ ਹੈ। ਉਹ ਇਸ ਲਈ ਨਿਤਿਨ ਨੂੰ ਕਥਿਤ ਤੌਰ 'ਤੇ ਸਕੂਲ ਵਿੱਚ ਪ੍ਰੇਸ਼ਾਨ ਵੀ ਕਰਦੇ ਸੀ।

24 ਅਪ੍ਰੈਲ 2014 ਨੂੰ 12ਵੀਂ ਜਮਾਤ ਵਿੱਚ ਪੜ੍ਹਨ ਵਾਲੇ ਨੀਤਿਨ ਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਅਹਿਮਦਨਗਰ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਸੀ।

6. ਰੋਹਨ ਕਾਕੜੇ: ਸੰਬੰਧਾਂ ਦੇ ਸ਼ੱਕ ਵਿੱਚ ਕਤਲ

ਆਪਣੇ 19ਵੇਂ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਸਾਤਾਰਾ ਦੇ ਦਲਿਤ ਨੌਜਵਾਨ ਰੋਹਨ ਕਾਕੜੇ ਦਾ ਕਥਿਤ ਤੌਰ 'ਤੇ ਪੰਜ ਉੱਚ ਜਾਤੀ ਦੇ ਲੋਕਾਂ ਨੇ 28 ਅਪ੍ਰੈਲ 2014 ਨੂੰ ਕਤਲ ਕਰ ਦਿੱਤਾ ਸੀ।

ਮੁਲਜ਼ਮਾਂ ਨੇ ਰੋਹਨ ਦਾ ਸਿਰ ਵੱਢ ਦਿੱਤਾ ਅਤੇ ਕਿਸੇ ਪਹਾੜੀ ਇਲਾਕੇ ਵਿੱਚ ਸਰੀਰ ਨੂੰ ਅੱਗ ਲਾ ਦਿੱਤੀ।

ਰੋਹਨ ਦੀ ਮਾਂ ਅਜੇ ਵੀ ਇਨਸਾਫ਼ ਲਈ ਲੜ ਰਹੀ ਹੈ

ਤਸਵੀਰ ਸਰੋਤ, Sudharak Olwe/bbc

ਤਸਵੀਰ ਕੈਪਸ਼ਨ, ਰੋਹਨ ਦੀ ਮਾਂ ਅਜੇ ਵੀ ਇਨਸਾਫ਼ ਲਈ ਲੜ ਰਹੀ ਹੈ

ਰੋਹਨ ਕਾਕੜੇ ਦੇ ਪਰਿਵਾਰ ਅਨੁਸਾਰ ਪੰਜਾਂ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਨੂੰ ਸ਼ੱਕ ਸੀ ਕਿ ਰੋਹਨ ਦੇ ਉਸਦੀ ਭੈਣ ਨਾਲ ਸੰਬੰਧ ਹਨ।

ਰੋਹਨ ਨੇ ਆਪਣੇ ਮਾਪਿਆਂ ਨੂੰ ਦੱਸਿਆ ਸੀ ਕਿ ਕੁੜੀ ਉਸ ਨੂੰ ਕਦੇ-ਕਦੇ ਕਾਲ ਕਰਦੀ ਸੀ ਪਰ ਇਹ ਇੱਕ ਦੋਸਤੀ ਦਾ ਰਿਸ਼ਤਾ ਸੀ ਅਤੇ ਕੋਈ ਜਿਸਮਾਨੀ ਸਬੰਧ ਨਹੀਂ ਸਨ।

ਢਾਈ ਸਾਲ ਪਹਿਲਾਂ ਰੋਹਨ ਦੇ ਪਿਤਾ ਦੀ ਮੌਤ ਹੋ ਗਈ ਪਰ ਉਸ ਦੀ ਮਾਂ ਅਜੇ ਵੀ ਕੇਸ ਲੜ ਰਹੀ ਹੈ।

7. ਸੰਜੇ ਦਣਾਣੇ: ਤਰੱਕੀ ਦੇ ਹੱਕ ਲਈ ਕਤਲ

38 ਸਾਲਾ ਸੰਜੇ ਦਣਾਣੇ ਨੂੰ ਕਥਿਤ ਤੌਰ 'ਤੇ ਲੈਬ ਅਸਿਟੈਂਟ ਵਜੋਂ ਤਰੱਕੀ ਦਾ ਹੱਕ ਹਾਸਿਲ ਕਰਨ 'ਤੇ ਕਤਲ ਕਰ ਦਿੱਤਾ ਗਿਆ ਸੀ। ਸੰਜੇ ਦੇ ਮਾਂਪਿਆਂ ਅਨੁਸਾਰ ਉਸਦੇ ਕਤਲ ਨੂੰ ਖੁਦਕੁਸ਼ੀ ਵਜੋਂ ਦਿਖਾਇਆ ਗਿਆ ਸੀ।

ਸੰਜੇ ਨੇ ਤਕਰੀਬਨ 18 ਸਾਲ ਤੱਕ ਸਾਤਾਰਾ ਦੇ ਚੰਦਰਾਕਾਂਥ ਗੋਵਰਧਰੇ ਪ੍ਰਾਸ਼ਾਲਾ ਵਿੱਚ ਕੰਮ ਕੀਤਾ।

10 ਸਾਲ ਦੀ ਨੌਕਰੀ ਤੋਂ ਬਾਅਦ ਸੰਜੇ ਨੂੰ ਚਪਰਾਸੀ ਦੀ ਪੱਕੀ ਨੌਕਰੀ ਮਿਲੀ। 2010 ਵਿੱਚ ਲੈਬ ਅਸਿਸਟੈਂਟ ਵਜੋਂ ਸੰਜੇ ਦੀ ਤਰੱਕੀ ਹੋਣੀ ਤੈਅ ਸੀ ਪਰ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੇ ਗਲਤ ਤਰੀਕੇ ਨਾਲ ਉਹ ਤਰੱਕੀ ਹਾਸਿਲ ਕਰ ਲਈ ਸੀ।

ਸੰਜੇ ਦਣਾਣੇ ਦੀ ਮੌਤ ਕਥਿਤ ਤੌਰ 'ਤੇ ਆਪਣੀ ਤਰੱਕੀ ਦੇ ਹੱਕ ਦੀ ਲੜਾਈ ਲੜਨ ਕਾਰਨ ਹੋਈ

ਤਸਵੀਰ ਸਰੋਤ, SUDHARAK OLWE/bbc

ਤਸਵੀਰ ਕੈਪਸ਼ਨ, ਸੰਜੇ ਦਣਾਣੇ ਦੀ ਮੌਤ ਕਥਿਤ ਤੌਰ 'ਤੇ ਆਪਣੀ ਤਰੱਕੀ ਦੇ ਹੱਕ ਦੀ ਲੜਾਈ ਲੜਨ ਕਾਰਨ ਹੋਈ

ਜਦੋਂ ਸੰਜੇ ਨੂੰ ਪਤਾ ਲੱਗਿਆ ਤਾਂ ਉਸ ਨੇ ਜਥੇਬੰਦੀ ਦੇ ਸੋਲਾਪੁਰ, ਪੁਣੇ, ਮੁੰਬਈ ਅਤੇ ਦਿੱਲੀ ਦਫ਼ਤਰ ਤੱਕ ਸ਼ਿਕਾਇਤ ਕੀਤੀ ਅਤੇ ਆਪਣੇ ਤਰੱਕੀ ਹਾਸਿਲ ਕੀਤੀ।

ਸੰਜੇ ਦਣਾਣੇ ਦੀ ਲਾਸ਼ ਸਕੂਲ ਦੇ ਨੇੜੇ ਲਟਕੀ ਹੋਈ ਮਿਲੀ। ਸਕੂਲ ਦੇ ਅਧਿਆਪਕ, ਪ੍ਰਿੰਸੀਪਲ, ਬੋਰਡ ਮੈਂਬਰ ਸਣੇ 18 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਪਰ ਉਹ ਜ਼ਮਾਨਤ ਲੈਣ ਵਿੱਚ ਕਾਮਯਾਬ ਹੋਏ ਅਤੇ ਹੁਣ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)