ਇਹ ਦਲਿਤ ਬੁੱਧ ਧਰਮ ਧਾਰਨ ਨੂੰ ਕਿਉਂ ਮਜਬੂਰ ਹੋਏ?

- ਲੇਖਕ, ਰੋਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਪੱਤਰਕਾਰ
55 ਸਾਲਾ ਬਾਲੂਭਾਈ ਸਰਵਈਆ ਦਾ ਕਹਿਣਾ ਹੈ ਕਿ ਉਹ ਹਿੰਦੂ ਦੇਵੀ ਦੇਵਤਿਆਂ ਦੀਆਂ ਸਾਰੀਆਂ ਤਸਵੀਰਾਂ ਤੇ ਮੂਰਤੀਆਂ ਰਾਵਲ ਨਦੀ ਵਿੱਚ ਪ੍ਰਵਾਹ ਕਰ ਦੇਣਗੇ।
ਉਹ ਗੁਜਰਾਤ ਦੀ ਇੱਕ ਤਹਸੀਲ ਊਨਾ ਦੀ ਉਸ ਥਾਂ 'ਤੇ ਬੁੱਧ ਧਰਮ ਧਾਰਨ ਕਰਣਗੇ ਜਿੱਥੇ ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਬੇਇੱਜ਼ਤ ਕਰਕੇ ਘੁਮਾਇਆ ਗਿਆ।
ਬਾਲੂਭਾਈ ਸਰਵਈਆ ਉਨ੍ਹਾਂ ਪੰਜ ਦਲਿਤਾਂ ਵਿੱਚੋਂ ਹਨ ਜਿਨ੍ਹਾਂ ਦਾ ਜੁਲਾਈ 2016 ਵਿੱਚ ਇੱਕ ਵੀਡੀਓ ਸਾਹਮਣੇ ਆਇਆ ਸੀ।
ਇਸ ਵੀਡੀਓ ਵਿੱਚ ਉਨ੍ਹਾਂ ਦਲਿਤਾਂ ਨੂੰ ਕੁੱਟਿਆ ਗਿਆ ਤੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਦੀਆਂ ਸੜਕਾਂ 'ਤੇ ਘੁਮਾਇਆ ਜਾ ਰਿਹਾ ਸੀ।
ਇਹ ਵੀਡੀਓ ਕੌਮੀ ਪੱਧਰ 'ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ। ਰਾਹੁਲ ਗਾਂਧੀ, ਆਨੰਦੀਬੇਨ ਪਟੇਲ, ਮਾਇਆਵਤੀ ਅਤੇ ਹੋਰ ਵੱਡੇ ਆਗੂ ਊਨਾ ਪਹੁੰਚੇ ਸੀ।

ਇਨ੍ਹਾਂ ਦਲਿਤਾਂ 'ਤੇ ਗਊ ਰੱਖਿਅਕਾਂ ਨੇ ਗਊਆਂ ਨੂੰ ਮਾਰਨ ਦਾ ਇਲਜ਼ਾਮ ਲਾਇਆ ਸੀ ਜਦਕਿ ਪੀੜਤਾਂ ਦਾ ਕਹਿਣਾ ਸੀ ਕਿ ਉਹ ਮਰੀਆਂ ਗਊਆਂ ਦੀ ਖੱਲ੍ਹ ਲਾਹ ਰਹੇ ਸੀ।
ਵਸ਼ਰਾਮ ਸਰਵਈਆ ਨੇ ਕਿਹਾ, ਇਹ ਬਹੁਤ ਮੰਦਭਾਗਾ ਹੈ ਕਿ ਊਨਾ ਉਹੀ ਸ਼ਹਿਰ ਹੈ ਜਿੱਥੋਂ ਦਲਿਤ ਅੰਦੋਲਨ ਪੂਰੇ ਦੇਸ ਵਿੱਚ ਫੈਲਿਆ ਸੀ।
ਇਹ ਸਭ ਦੱਸਦੇ ਹੋਏ ਵਸ਼ਰਾਮ ਸਰਵਈਆ ਉਸ ਥਾਂ 'ਤੇ ਪਹੁੰਚ ਗਏ ਜਿੱਥੇ ਉਨ੍ਹਾਂ ਨਾਲ ਕੁੱਟਮਾਰ ਹੋਈ ਸੀ ਤੇ ਬਾਅਦ ਵਿੱਚ ਗਊਆਂ ਦੀ ਖੱਲ ਲਾਹੁਣ ਦੇ ਇਲਜ਼ਾਮਾਂ ਵਿੱਚ ਉਨ੍ਹਾਂ ਨੂੰ ਸੜਕਾਂ 'ਤੇ ਘੁਮਾਇਆ ਗਿਆ ਸੀ।
ਵਸ਼ਰਾਮ ਉਸ ਘਟਨਾ ਤੋਂ ਬਾਅਦ ਪਹਿਲੀ ਵਾਰ ਉਸ ਥਾਂ 'ਤੇ ਪਹੁੰਚੇ ਸੀ। ਬੀਬੀਸੀ ਦੀ ਟੀਮ ਵੀ ਉਨ੍ਹਾਂ ਦੇ ਨਾਲ ਸੀ।
7 ਜੁਲਾਈ 2016 ਵਿੱਚ ਵਾਪਰੀ ਉਸ ਘਟਨਾ ਦੇ ਚਾਰੇ ਪੀੜਤ ਅਜੇ ਵੀ ਸਦਮੇ ਤੋਂ ਉਭਰ ਨਹੀਂ ਸਕੇ ਹਨ ਜਿਸ ਨੇ ਪੂਰੇ ਦੇਸ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਬਾਲੂਭਾਈ ਆਪਣੇ ਪਰਿਵਾਰ ਨਾਲ ਊਨਾ ਦੇ ਮੋਟਾ ਸਮਾਧੀਆਲਾ ਪਿੰਡ ਦੇ ਦਲਿਤ ਫਾਲੀਆ ਵਿੱਚ ਇੱਕ ਹਨੇਰੀ ਝੁੱਗੀ ਵਿੱਚ ਰਹਿੰਦਾ ਹੈ।

ਉਸ ਦੇ ਘਰ ਦੀਆਂ ਕੰਧਾਂ 'ਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ। ਹਾਲ ਹੀ ਵਿੱਚ ਡਾ. ਬੀ ਆਰ ਅੰਬੇਡਕਰ ਦੀ ਤਸਵੀਰ ਤੇ ਭਗਵਾਨ ਬੁੱਧ ਦੀ ਮੂਰਤੀ ਨੂੰ ਘਰ ਵਿੱਚ ਥਾਂ ਮਿਲੀ ਹੈ।
ਪੀੜਤਾਂ ਵਿੱਚ ਸਭ ਤੋਂ ਘੱਟ ਉਮਰ ਦੇ ਅਸ਼ੋਕ ਸਰਵਈਆ ਨੇ ਘਟਨਾ ਬਾਰੇ ਦੱਸਦੇ ਹੋਏ ਉਸ ਥਾਂ ਵੱਲ ਇਸ਼ਾਰਾ ਕੀਤਾ ਜਿੱਥੇ ਵਸ਼ਰਾਮ ਡਿੱਗਿਆ ਪਿਆ ਸੀ।
ਉਸ ਦਿਨ ਹੋਏ ਤਸ਼ੱਦਦ ਬਾਰੇ ਅਸ਼ੋਕ ਨੇ ਕਿਹਾ, ''ਮੈਂ ਅਜੇ ਵੀ ਉਸ ਘਟਨਾ ਨੂੰ ਯਾਦ ਕਰਕੇ ਸਹਿਮ ਜਾਂਦਾ ਹਾਂ। ਮੈਨੂੰ ਲਗਦਾ ਹੈ ਕਿ ਉਹ ਕਿ ਉਹ ਫਿਰ ਆ ਕੇ ਸਾਨੂੰ ਕੁੱਟਣਗੇ।''
ਊਨਾ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਰੇ ਪੀੜਤ ਬੇਰੁਜ਼ਗਾਰ ਹਨ ਅਤੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਵੀ ਕਾਫੀ ਕਮਜ਼ੋਰ ਹਨ।
ਉਦਾਹਰਣ ਵਜੋਂ ਘਟਨਾ ਤੋਂ ਬਾਅਦ ਅਸ਼ੋਕ ਨੇ ਕਈ ਵਾਰ ਖੇਤ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 50 ਸਾਲਾ ਵਿਮਲਾ ਸਰਵਈਆ ਨੇ ਬੀਬੀਸੀ ਨੂੰ ਦੱਸਿਆ ਕਿ ਅਸ਼ੋਕ ਰਾਤ ਨੂੰ ਸੌਂਦਾ ਵੀ ਨਹੀਂ ਹੈ।

ਉਨ੍ਹਾਂ ਨੇ ਦੱਸਿਆ, ''ਉਸ ਨੂੰ ਰਾਤ ਨੂੰ ਬੁਰੇ ਸੁਫ਼ਨੇ ਆਉਂਦੇ ਹਨ ਤੇ ਕਈ ਵਾਰ ਉਹ ਅੱਧੀ ਰਾਤ ਨੂੰ ਉੱਠ ਪੈਂਦਾ ਹੈ। ਇਸ ਉਮਰ ਵਿੱਚ ਵੀ ਮੈਨੂੰ ਉਸਦੀ ਛੋਟੇ ਬੱਚਿਆਂ ਵਾਂਗ ਦੇਖਭਾਲ ਕਰਨੀ ਪੈਂਦੀ ਹੈ।''
ਵਡਗਾਮ ਤੋਂ ਵਿਧਾਇਕ ਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਨੇ ਗੁਜਰਾਤ ਵਿਧਾਨ ਸਭਾ ਵਿੱਚ ਜਦੋਂ ਊਨਾ ਕੁੱਟਮਾਰ ਮਾਮਲੇ ਦੇ ਪੀੜਤਾਂ ਬਾਰੇ ਸਵਾਲ ਕੀਤਾ ਤਾਂ ਸੂਬਾ ਸਰਕਾਰ ਨੇ ਕਿਹਾ ਕਿ ਊਨਾ ਮਾਮਲੇ ਦੀ ਪੀੜਤਾਂ ਨੂੰ ਸਰਕਾਰ ਵੱਲੋਂ ਕੋਈ ਵੀ ਮੁਆਵਜ਼ਾ ਦੇਣ ਦਾ ਅਧਿਕਾਰਤ ਵਾਅਦਾ ਨਹੀਂ ਕੀਤਾ ਗਿਆ ਹੈ।
2016 ਵਿੱਚ ਇਸ ਘਟਨਾ ਨੇ ਪੂਰੇ ਦੇਸ ਵਿੱਚ ਦਲਿਤਾਂ ਦੀ ਹਮਾਇਤ ਵਿੱਚ ਇੱਕ ਮੁਹਿੰਮ ਛੇੜ ਦਿੱਤੀ ਸੀ। ਊਨਾ ਪੀੜਤਾਂ ਦੇ ਹੱਕ ਵਿੱਚ ਰੈਲੀ ਕਾਰਨ ਮੇਵਾਨੀ ਹਰ ਘਰ ਵਿੱਚ ਜਾਣਿਆ-ਪਛਾਣਿਆ ਨਾਂ ਬਣ ਗਿਆ ਸੀ।
ਦਲਿਤ ਕਾਰਕੁਨ ਮਾਰਟੀਨ ਮੈਕਵੈਨ ਮੰਨਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਸਿਰਫ ਦਲਿਤਾਂ ਦੀ ਹੀ ਨਹੀਂ ਸਗੋਂ ਹੋਰ ਭਾਈਚਾਰਿਆਂ ਦੀ ਵੀ ਹਮਾਇਤ ਮਿਲੀ।
ਉਨ੍ਹਾਂ ਕਿਹਾ, ਊਨਾ ਕੁੱਟਮਾਰ ਮਾਮਲੇ ਨੇ ਅਜੋਕੇ ਭਾਰਤ ਵਿੱਚ ਦਲਿਤਾਂ ਦੇ ਅਸਲ ਹਾਲਾਤ ਦੀ ਕੌੜੀ ਸੱਚਾਈ ਸਾਹਮਣੇ ਰੱਖੀ ਸੀ।
ਬੁੱਧ ਧਰਮ ਕਿਉਂ?
ਪੀੜਤ ਪਰਿਵਾਰ ਊਨਾ ਕੁੱਟਮਾਰ ਮਾਮਲੇ ਦੇ ਬਾਅਦ ਤੋਂ ਹੀ ਧਰਮ ਬਦਲਣਾ ਚਾਹੁੰਦੇ ਸੀ। ਵਾਸ਼ਰਾਮ, ਰਮੇਸ਼ ਤੇ ਬੇਚਰ ਦੇ ਪਿਤਾ ਬਾਲੂਭਾਈ ਸਰਵਈਆ ਨੇ ਬੀਬੀਸੀ ਨੂੰ ਦੱਸਿਆ, ਹਿੰਦੂ ਧਰਮ ਛੱਡਣ ਦੀ ਸਾਡੀ ਹਿੰਮਤ ਨਹੀਂ ਸੀ।

ਕੁਰਸੀ 'ਤੇ ਬੈਠੇ ਵਸ਼ਰਾਮ ਪਹਿਲਾਂ ਬੋਲਣ ਤੋਂ ਝਿਜਕ ਰਹੇ ਸੀ। ਪਰ ਉਹ ਖ਼ੁਦ ਨੂੰ ਬੌਧ ਧਰਮ ਦੀ ਸਿਫ਼ਤ ਕਰਨ ਤੋਂ ਨਹੀਂ ਰੋਕ ਸਕੇ।
ਉਨ੍ਹਾਂ ਕਿਹਾ, ਬੁੱਧ ਧਰਮ ਇੱਕ ਗਲੋਬਲ ਧਰਮ ਹੈ। ਜਿਵੇਂ ਊਨਾ ਕੁੱਟਮਾਰ ਮਾਮਲੇ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ, ਮੈਨੂੰ ਉਮੀਦ ਹੈ ਕਿ ਪੂਰੀ ਦੁਨੀਆਂ ਇਸ ਬਾਰੇ ਨੋਟਿਸ ਲਵੇਗੀ, ਕੀ ਆਖ਼ਰ ਕਿਉਂ ਹਿੰਦੂ ਧਰਮ ਨੂੰ ਛੱਡ ਕੇ ਬੌਧ ਧਰਮ ਧਾਰਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਹਿੰਦੂ ਧਰਮ ਸਵੈਮਾਣ ਅਤੇ ਇੱਜ਼ਤ ਦੇਣ ਵਿੱਚ ਨਾਕਾਮ ਸਾਬਿਤ ਹੋਇਆ ਹੈ।
ਵਾਸ਼ਰਾਮ ਤੇ ਬਾਲੂਭਾਈ ਦੋਵਾਂ ਨੇ ਬੇਇਨਸਾਫੀ ਝੱਲ ਰਹੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਨਾਲ ਬੌਧ ਧਰਮ ਧਾਰਨ ਕਰਨ ਦੀ ਅਪੀਲ ਕੀਤੀ।
ਬਾਲੂਭਾਈ ਨੇ ਕਿਹਾ, ਦੇਖਣਾ ਉਸ ਦਿਨ ਵੱਡੀ ਗਿਣਤੀ ਵਿੱਚ ਲੋਕ ਸਾਡੇ ਨਾਲ ਆਉਣਗੇ।
ਪੱਕੇ ਹਿੰਦੂ ਤੋਂ ਬੋਧੀ ਬਣਨਾ
ਬਾਲੂਭਾਈ ਦੀ ਪਤਨੀ ਕੁੰਵਰਬੇਨ ਅਜੇ ਕੁਝ ਦਿਨਾਂ ਪਹਿਲਾਂ ਹੀ ਡਾ. ਬੀ ਆਰ ਅੰਬੇਡਕਰ ਅਤੇ ਬੌਧ ਧਰਮ ਦੀ ਵਿਚਾਰਧਾਰਾ ਤੋਂ ਜਾਣੂ ਹੋਏ ਹਨ। ਉਨ੍ਹਾਂ ਕਿਹਾ, ਮੈਨੂੰ ਲਗਦਾ ਹੈ ਕਿ ਜੇ ਇਸ ਦੇਸ ਵਿੱਚ ਅੰਬੇਡਕਰ ਦਾ ਜਨਮ ਨਾਂ ਹੁੰਦਾ ਤਾਂ ਦਲਿਤਾਂ ਨੂੰ ਸੜਕ ਦੇ ਕੁੱਤੇ ਵਾਂਗ ਹੀ ਸਮਝਿਆ ਜਾਂਦਾ।

ਕੁੰਵਰਬੇਨ ਦੀ ਹਿੰਦੂ ਧਰਮ ਵਿੱਚ ਕਾਫੀ ਮਾਨਤਾ ਸੀ। ਉਹ ਬੀਤੇ 10 ਸਾਲਾਂ ਤੋਂ ਹਰ ਸਾਲ 10 ਦਿਨਾਂ ਲਈ ਦਸ਼ਾਮਾ ਦੇਵੀ ਲਈ ਵਰਤ ਰੱਖਦੀ ਸੀ। ਉਹ ਰਾਮਾਪੀਰ ਦੇਵਤਾ ਦੀ ਪੂਜਾ ਕਰਦੇ ਸੀ ਅਤੇ ਊਨਾ ਵਿੱਚ ਆਏ ਹਰ ਸੰਤ ਦਾ ਸਤਿਸੰਗ ਸੁਣਦੇ ਸੀ।
ਬਾਲੂਭਾਈ ਨੇ ਕਿਹਾ, ਕੁੰਵਰਬੇਨ ਨੇ ਆਪਣੀ ਪੂਰੀ ਜ਼ਿੰਦਗੀ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲਾ ਦਿੱਤੀ।
ਪਰ ਕੁੰਵਰਬੇਨ ਹੁਣ ਉਸੇ ਧਰਮ ਤੋਂ ਖਫ਼ਾ ਹਨ। ਉਨ੍ਹਾਂ ਕਿਹਾ, ਅਸੀਂ ਆਪਣੀ ਜ਼ਿੰਦਗੀ ਭਿਖਾਰੀਆਂ ਵਾਂਗ ਗੁਜਾਰੀ ਹੈ ਅਤੇ ਅਜੇ ਵੀ ਸਾਨੂੰ ਜੀਣ ਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਅਸੀਂ ਉਸ ਧਰਮ ਨੂੰ ਕਿਉਂ ਮੰਨੀਏ ਜੋ ਸਾਨੂੰ ਇਨਸਾਨਾਂ ਵਾਂਗ ਜ਼ਿੰਦਗੀ ਵੀ ਦੇਣ ਦੇ ਕਾਬਿਲ ਨਹੀਂ ਹੈ।
ਊਨਾ ਕੁੱਟਮਾਰ ਦੇ ਮਾਮਲੇ ਤੋਂ ਪਹਿਲਾਂ ਹੀ ਵਸ਼ਰਾਮ ਦਾ ਝੁਕਾਅ ਬੁੱਧ ਧਰਮ ਵੱਲ ਹੋ ਗਿਆ ਸੀ। ਉਨ੍ਹਾਂ ਦੇ ਘਰ ਵਿੱਚ ਭਗਵਾਨ ਬੁੱਧ ਅਤੇ ਡਾ. ਬੀ ਆਰ ਅੰਬੇਡਕਰ ਦੀਆਂ ਤਸਵੀਰਾਂ ਤੇ ਮੂਰਤੀਆਂ ਮਿਲੀਆਂ।
2011 ਦੀ ਮਰਦਮਸ਼ੁਮਾਰੀ ਅਨੁਸਾਰ ਗੁਜਰਾਤ ਸੂਬੇ ਵਿੱਚ 30,483 ਬੋਧੀ ਹਨ।
ਡਾ. ਬੀ ਆਰ ਅੰਬੇਡਕਰ ਵੱਲੋਂ ਸਥਾਪਿਤ ਬੌਧੀ ਸੁਸਾਇਟੀ ਆਫ ਇੰਡੀਆ ਦੇ ਪ੍ਰਧਾਨ ਡਾ. ਪੀਜੀ ਜਯੋਤੀਕਾਰ ਮੰਨਦੇ ਹਨ ਕਿ ਊਨਾ ਕੁੱਟਮਾਰ ਮਾਮਲੇ ਤੋਂ ਬਾਅਦ ਗੁਜਰਾਤ ਵਿੱਚ ਬੌਧ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਪ੍ਰੋਫੈਸਰ ਜਯੋਤੀਕਾਰ ਗੁਜਰਾਤ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੇ ਹੈੱਡ ਰਹਿ ਚੁੱਕੇ ਹਨ ਅਤੇ ਉਨ੍ਹਾਂ ਪਹਿਲੇ ਦਲਿਤਾਂ ਵਿੱਚੋਂ ਹਨ ਜਿਨ੍ਹਾਂ ਨੇ ਬੌਧ ਧਰਮ ਧਾਰਨ ਕੀਤਾ ਸੀ।
ਉਨ੍ਹਾਂ ਬੀਬੀਸੀ ਨੂੰ ਦੱਸਿਆ, ਡਾ. ਬੀ ਆਰ ਅੰਬੇਡਕਰ ਤੋਂ ਪ੍ਰਭਾਵਿਤ ਹੋ ਕੇ ਮੈਂ 1960 ਵਿੱਚ ਬੌਧ ਧਰਮ ਧਾਰਨ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਗੁਜਰਾਤ ਵਿੱਚ ਮਰਦਮਸ਼ੁਮਾਰੀ ਤੋਂ ਲੈ ਕੇ ਹੁਣ ਤੱਕ ਬੌਧ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਦੁਗਣੀ ਹੋ ਚੁੱਕੀ ਹੈ।
ਉਨ੍ਹਾਂ ਦੇ ਅੰਦਾਜੇ ਮੁਤਾਬਿਕ ਹੁਣ ਸੂਬੇ ਵਿੱਚ 70,000 ਬੋਧੀ ਹਨ।
ਉਨ੍ਹਾਂ ਕਿਹਾ, ਧਰਮ ਬਦਲਣ ਪਿੱਛੇ ਮੁੱਖ ਕਾਰਨ ਸਵੈਮਾਨ ਹੈ। ਪੜ੍ਹੇ-ਲਿਖੇ ਦਲਿਤ ਨੌਜਵਾਨਾਂ ਦੀਆਂ ਇੱਛਾਵਾਂ ਤੇ ਸਨਮਾਨ ਨਾ ਮਿਲਣ ਕਾਰਨ ਦਲਿਤ ਵੱਡੀ ਗਿਣਤੀ ਵਿੱਚ ਹਿੰਦੂ ਧਰਮ ਨੂੰ ਛੱਡ ਰਹੇ ਹਨ। ਸਮਾਜ ਉਨ੍ਹਾਂ ਨੂੰ ਸਨਮਾਨ ਦੇਣ ਵਿੱਚ ਨਾਕਾਮ ਸਾਬਿਤ ਹੋਇਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਦਲਿਤਾਂ ਤੇ ਹੁੰਦੇ ਹਰ ਤੱਸ਼ਦਦ ਤੋਂ ਬਾਅਦ ਬੌਧ ਧਰਮ ਧਾਰਨ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੈ।
'ਮੈਂ ਗਊ ਨੂੰ ਪਿਆਰ ਕਰਦਾ ਰਹਾਂਗਾ'
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਊਨਾ ਕੁੱਟਮਾਰ ਮਾਮਲੇ ਤੋਂ ਪਹਿਲਾਂ ਬਾਲੂਭਾਈ ਸਰਵਈਆ ਕੋਲ ਗਿਰ ਗਊ ਵੀ ਸੀ। ਉਸਦਾ ਨਾਂ ਗੌਰੀ ਹੈ। ਕੁੱਟਮਾਰ ਮਾਮਲੇ ਤੋਂ ਇੱਕ ਮਹੀਨੇ ਪਹਿਲਾਂ ਗਊ ਦੀਆਂ ਦਵਾਈਆਂ ਤੇ ਉਸ ਨੇ 6000 ਰੁਪਏ ਖਰਚ ਕੀਤੇ ਸੀ।
ਬਾਲੂਭਾਈ ਨੇ ਕਿਹਾ, ਮੈਂ ਉਸ ਨੂੰ ਆਪਣੇ ਭਰਾ ਦੇ ਖੇਤਾਂ ਵਿੱਚ ਰੱਖਦਾ ਹਾਂ ਅਤੇ ਹੁਣ ਉਸ ਦਾ ਇੱਕ ਵੱਛਾ ਵੀ ਹੈ।

ਉਨ੍ਹਾਂ ਕਿਹਾ, ਧਰਮ ਬਦਲਣ ਨਾਲ ਗਊਆਂ ਨਾਲ ਮੇਰਾ ਪਿਆਰ ਘੱਟ ਨਹੀਂ ਹੋਵੇਗਾ। ਬੋਧੀ ਬਣਨ ਤੋਂ ਬਾਅਦ ਵੀ ਮੈਂ ਗਊ ਦਾ ਖਿਆਲ ਰੱਖਾਂਗਾ ਅਤੇ ਉਸ ਦੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਕੋਈ ਦਲਿਤ ਕਦੇ ਵੀ ਕਿਸੇ ਗਊ ਨੂੰ ਨੁਕਸਾਨ ਨਹੀਂ ਪਹੁੰਚਾਏਗਾ।
ਉਨ੍ਹਾਂ ਕਿਹਾ, ਅਸੀਂ ਬਿਮਾਰ ਗਊਆਂ ਦੀ ਵੀ ਖੱਲ੍ਹ ਨਹੀਂ ਲਾਹੁੰਦੇ, ਜਦਕਿ ਸਾਨੂੰ ਇਸ ਦੇ ਲਈ ਪੈਸਿਆਂ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ।
ਊਨਾ ਕੁੱਟਮਾਰ ਮਾਮਲੇ ਵਿੱਚ ਹੁਣ ਤੱਕ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਵਿੱਚੋਂ ਸਿਰਫ਼ 11 ਹੀ ਸਲਾਖਾਂ ਦੇ ਪਿੱਛੇ ਹਨ ਜਦਕਿ ਬਾਕੀ ਜ਼ਮਾਨਤ 'ਤੇ ਬਾਹਰ ਹਨ।












