ਪੰਜਾਬ 'ਚ ਗੀਤਾਂ ਰਾਹੀਂ ਨਵੀਂ ਜਨ ਚੇਤਨਾ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੁੱਝ ਸਮਾਂ ਪਹਿਲਾਂ ਤੱਕ ਪਹਿਚਾਣ ਲੁਕਾਉਣ ਵਾਲੇ ਦਲਿਤ ਭਾਈਚਾਰੇ ਵਿੱਚ ਖ਼ੁਦ ਉੱਤੇ ਮਾਣ ਮਹਿਸੂਸ ਕਰਨ ਦੀ ਪਹਿਲ ਪਿੱਛੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅਹਿਮ ਯੋਗਦਾਨ ਹੈ। ਸਮਾਜਿਕ ਕ੍ਰਾਂਤੀ ਨੂੰ "ਦਲਿਤ ਪੋਪ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
'ਗਰਵ ਸੇ ਕਹੋ ਹਮ ਚਮਾਰ ਹੈਂ', 'ਪੁੱਤ ਚਮਾਰਾਂ ਦੇ', ਦੀ ਸੋਚ ਨੂੰ ਪੂਰੇ ਸਮਾਜ ਤੱਕ ਪਹੁੰਚਾਉਣ ਲਈ ਇਸ ਭਾਈਚਾਰੇ ਦੇ ਗਾਇਕਾਂ ਦੀਆਂ ਦੋ ਪੀੜ੍ਹੀਆਂ ਸਰਗਰਮ ਹਨ।
ਜੋ ਕਿ 'ਚਰਚੇ ਚਮਾਰਾਂ ਦੇ', 'ਡੇਂਜਰ ਚਮਾਰ' ਆਦਿ ਗੀਤਾਂ ਨਾਲ ਦਲਿਤ ਸਮਾਜ ਨੂੰ ਆਪਣੇ ਉੱਤੇ ਮਾਣ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, SARABJEET SINGH DHALIWAL
ਜਲੰਧਰ ਦੇ ਅਮੀਰਾਂ ਦੇ ਮੁਹੱਲੇ ਮਾਡਲ ਟਾਊਨ ਦੇ ਨਾਲ ਲੱਗਦਾ ਇਲਾਕਾ ਹੈ ਆਬਾਦਪੁਰਾ।
ਕੁੱਝ ਸਮਾਂ ਪਹਿਲਾਂ ਤੱਕ ਇਸ ਮੁਹੱਲੇ ਨੂੰ ਦਲਿਤਾਂ ਦੇ ਮੁਹੱਲੇ ਵਜੋਂ ਜਾਣਿਆ ਜਾਂਦਾ ਸੀ ਪਰ ਅੱਜ ਇਸ ਦੀ ਪਛਾਣ ਗਿੰਨੀ ਮਾਹੀ ਕਰ ਕੇ ਹੈ।
"ਮੈ ਫੈਨ ਹਾਂ ਬਾਬਾ ਸਾਹਿਬ ਦੀ"
ਬੀਏ ਸੈਕੰਡ ਈਯਰ ਦੀ ਵਿਦਿਆਰਥਣ ਗਿੰਨੀ "ਮੈ ਫੈਨ ਹਾਂ ਬਾਬਾ ਸਾਹਿਬ ਦੀ" ਗਾਣੇ ਨਾਲ ਚਰਚਾ ਵਿੱਚ ਆਈ'। ਇਸ ਤੋਂ ਬਾਅਦ "ਡੇਂਜਰ ਚਮਾਰ" ਕਾਰਨ ਉਹ ਦੇਸ-ਵਿਦੇਸ਼ ਵਿੱਚ ਵੀ ਚਰਚਿਤ ਹੋ ਗਈ।
ਗਿੰਨੀ ਰਾਜਨੀਤਿਕ ਅਤੇ ਸਮਾਜਕ ਤੌਰ ਤੇ ਵੀ ਕਾਫ਼ੀ ਜਾਗਰੂਕ ਹੈ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਨੇ ਸੰਵਿਧਾਨ ਲਿਖਿਆ ਅਤੇ ਸੰਵਿਧਾਨ ਵਿੱਚ ਦਲਿਤਾਂ ਨੂੰ ਰਾਖਵਾਂਕਰਨ ਦੇ ਕੇ ਉਨ੍ਹਾਂ ਸਸ਼ਕਤੀਕਰਨ ਕੀਤਾ।
ਆਪਣੇ ਹਿੱਟ ਗੀਤ "ਮੈ ਫੈਨ ਹਾਂ ਬਾਬਾ ਸਾਹਿਬ ਦੀ" ਵਿੱਚ ਗਿੰਨੀ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਹੈ। ਬੇਸ਼ੱਕ ਗਿੰਨੀ ਨੇ ਆਪਣੇ ਗੀਤਾਂ ਵਿੱਚ ਦਲਿਤ ਸਮਾਜ ਦੀ ਗੱਲ ਕੀਤੀ ਹੈ ਪਰ ਉਹ ਦਾਅਵਾ ਕਰਦੀ ਹੈ ਕਿ ਉਸ ਦਾ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਹੈ।
ਸਮਾਜ ਨੂੰ ਜਾਗਰੂਕ ਕਰਨ ਲਈ ਗੀਤਾਂ ਦਾ ਸਹਾਰਾ
ਨਵਾਂ ਸ਼ਹਿਰ ਦੇ ਗਾਇਕ ਰੂਪ ਲਾਲ ਧੀਰ ਦਾ ਕਹਿਣਾ ਹੈ ਕਿ ਉਹ ਗਾਇਕੀ ਵਿੱਚ ਪਿਛਲੇ 25 ਸਾਲਾਂ ਤੋਂ ਹੈ। ਉਸ ਨੂੰ ਅਸਲੀ ਪਹਿਚਾਣ "ਪੁੱਤ ਚਮਾਰਾਂ" ਦੇ "ਹਮਰ ਗੱਡੀ ਵਿੱਚ ਆਉਂਦਾ ਪੁੱਤ ਚਮਾਰਾਂ ਦਾ" ਤੋਂ ਮਿਲੀ ਹੈ।
ਧੀਰ ਮੁਤਾਬਕ, "ਚਮਾਰ ਸ਼ਬਦ ਦਾ ਜ਼ਿਕਰ ਤਾਂ ਗੁਰਬਾਣੀ ਵਿੱਚ ਵੀ ਕੀਤਾ ਗਿਆ ਹੈ ਅਤੇ ਜਦੋਂ ਗੁਰੂਆਂ ਨੇ ਸਾਨੂੰ ਇਹ ਸਨਮਾਨ ਦਿੱਤਾ ਹੈ ਤਾਂ ਸਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ।"

ਤਸਵੀਰ ਸਰੋਤ, SARABJEET SINGH DHALIWAL
ਧੀਰ ਦੱਸਦੇ ਹਨ, "ਸਾਡੇ ਵਰਗੇ ਗਾਇਕ ਆਪਣੀ ਜਾਤੀ ਦਾ ਜ਼ਿਕਰ ਗੀਤਾਂ ਵਿੱਚ ਕਰ ਕੇ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ ਅਤੇ ਰਵੀਦਾਸ ਭਾਈਚਾਰਾ ਸਹਿਜੇ ਸਹਿਜੇ ਜਾਗਰੂਕ ਹੋ ਰਿਹਾ ਹੈ।"
ਸੋਸ਼ਲ ਮੀਡੀਆ ਨੇ ਲਿਆਂਦੀ ਕ੍ਰਾਂਤੀ
ਦਲਿਤ ਮਿਊਜ਼ਿਕ ਵਿੱਚ ਕ੍ਰਾਂਤੀਕਾਰ ਬਦਲਾਅ ਦੀ ਝਲਕ ਦੇਖਣੀ ਹੋਵੇ ਤਾਂ ਯੂ ਟਿਊਬ ਉੱਤੇ 'ਚਮਾਰ' ਸ਼ਬਦ ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਅਜਿਹੇ ਗਾਣੇ ਮਿਲਣਗੇ ਜਿਨ੍ਹਾਂ ਵਿੱਚ 'ਚਮਾਰ' ਸ਼ਬਦ ਮਾਣ ਨਾਲ ਲਿਆ ਗਿਆ ਹੈ।

ਤਸਵੀਰ ਸਰੋਤ, SARABJEET SINGH DHALIWAL
"ਟੌਹਰ ਚਮਾਰਾਂ ਦੀ" ਅਤੇ "ਬੱਲੇ ਬੱਲੇ ਚਮਾਰਾਂ ਦੀ" ਵਰਗੇ ਗੀਤਾਂ ਨਾਲ ਹਿੱਟ ਹੋਏ ਗਾਇਕ ਰਾਜ ਡਬਰਾਲ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦੇ ਗੀਤ ਸਮਾਜ ਨੇ ਪਸੰਦ ਕੀਤੇ ਹਨ ਪਰ ਉਨ੍ਹਾਂ ਦੀਆਂ ਦਿੱਕਤਾਂ ਵੀ ਘੱਟ ਨਹੀਂ ਹਨ।
ਜਾਤੀ ਸੂਚਕ ਸ਼ਬਦ ਗੀਤਾਂ ਵਿੱਚ ਹੋਣ ਕਰ ਕੇ ਟੀਵੀ ਚੈਨਲ ਇਹ ਗੀਤ ਪ੍ਰਸਾਰਿਤ ਨਹੀਂ ਕਰਦੇ ਇਸ ਲਈ ਉਹ ਇੰਟਰਨੈੱਟ ਦੇ ਸਹਾਰੇ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ।

ਤਸਵੀਰ ਸਰੋਤ, SARABJEET SINGH DHALIWAL
ਰਾਜ ਦਾ ਕਹਿਣਾ ਹੈ, "ਮੇਰੇ ਗੀਤਾਂ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ ਪਰ ਜਦੋਂ ਮੈਂ ਆਪਣੇ ਚਮਾਰਾਂ ਵਾਲੇ ਅੰਬੇਦਕਰ ਅਤੇ ਰਵਿਦਾਸ ਮਹਾਰਾਜ ਦੇ ਮਿਸ਼ਨਰੀ ਗੀਤ ਗਾਉਣੇ ਸ਼ੁਰੂ ਕੀਤੇ ਜਾਂ ਬਹੁਤ ਹੁੰਗਾਰਾ ਮਿਲਿਆ।"
ਉਹ ਦੱਸਦੇ ਹਨ ਕਿ ਇਨ੍ਹਾਂ ਗੀਤਾਂ ਦੀ ਬਦੌਲਤ ਕਾਰ ਅਤੇ ਕੋਠੀ ਦੇ ਮਾਲਕ ਹਨ। ਪਿੰਡ ਦੇ ਸਰਪੰਚ ਅਤੇ ਨੰਬਰਦਾਰ ਹਨ।
ਤਿੰਨ ਵਾਰ ਕਨੇਡਾ ਦਾ ਫੇਰਾ ਲਗਾ ਚੁੱਕੇ ਹਨ। ਪਰ ਉਸ ਦੇ ਸੋਚ ਦੇ ਖ਼ਿਲਾਫ਼ ਹੈ ਜੋ ਸਮਾਜ ਜਾਤ-ਪਾਤ ਵਿੱਚ ਵੰਡਦਾ ਹੈ।
ਦਲਿਤ ਸਮਾਜ ਵਿੱਚ ਕਿਉਂ ਆਇਆ ਬਦਲਾਅ ?
ਗੌਰਮਿੰਟ ਕਾਲਜ ਚੰਡੀਗੜ੍ਹ ਤੋਂ ਸੇਵਾ ਮੁਕਤ ਹੋਈ ਪ੍ਰੋਫੈਸਰ ਇੰਦੂ ਬਾਲਾ ਸਿੰਘ ਦਾ ਕਹਿਣਾ ਹੈ, "ਦਲਿਤ ਸਮਾਜ ਵਿੱਚ ਇਹ ਬਦਲਾਅ ਇੱਕ ਦਮ ਨਹੀਂ ਆਇਆ ਸਗੋਂ ਇਸ ਪਿੱਛੇ 2009 ਦੀ ਵਿਆਨਾ (ਆਸਟਰੀਆ) ਵਿਖੇ ਡੇਰਾ ਬੱਲਾਂ ਦੇ ਮੁਖੀ ਸੰਤ ਰਾਮਾ ਨੰਦ ਦੀ ਹੱਤਿਆ ਹੈ।"

ਤਸਵੀਰ ਸਰੋਤ, SARABJEET SINGH DHALIWAL
ਪ੍ਰੋਫੈਸਰ ਇੰਦੂ ਮੁਤਾਬਕ, ਇਸ ਘਟਨਾ ਤੋਂ ਬਾਅਦ ਦਲਿਤ ਸਮਾਜ ਵਿੱਚ ਏਕਤਾ ਅਤੇ ਆਪਣੀ ਜਾਤੀ 'ਤੇ ਮਾਣ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ ਗਿਆ ਅਤੇ ਇਸ ਲਈ ਸੰਗੀਤ ਨੂੰ ਚੁਣਿਆ ਗਿਆ ਕਿਉਂਕਿ ਸੰਗੀਤ ਸਮਾਜ ਤੱਕ ਆਪਣੀ ਗੱਲ ਆਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ।
ਪੰਜਾਬ ਵਿੱਚ ਦੁਆਬਾ ਇਲਾਕੇ ਨੂੰ ਦਲਿਤ ਬਰਾਦਰੀ ਦਾ ਗੜ੍ਹ ਮੰਨਿਆ ਜਾਂਦਾ ਹੈ।













