5 ਲੋਕਾਂ ਦੀ ਆਬਾਦੀ ਵਾਲਾ ਇਹ ਆਸਟ੍ਰੇਲੀਆਈ ਸ਼ਹਿਰ ਵਿਕਣ ਜਾ ਰਿਹਾ, ਇਸ ਨੂੰ ਕੌਣ ਖਰੀਦੇਗਾ

ਤਸਵੀਰ ਸਰੋਤ, Leanne O'Donnell
- ਲੇਖਕ, ਕਲੇਅਰ ਕੀਨਨ
- ਰੋਲ, ਸਿਡਨੀ
- ਪੜ੍ਹਨ ਦਾ ਸਮਾਂ: 7 ਮਿੰਟ
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਘਣੇ ਜੰਗਲੀ ਇਲਾਕੇ ਵਿੱਚ ਸਥਿਤ ਨਿੱਕਾ ਜਿਹਾ ਸ਼ਹਿਰ ਲਿਕੋਲਾ, ਜਿਸ ਦੀ ਆਬਾਦੀ ਸਿਰਫ਼ ਪੰਜ ਹੈ, ਉਸਦੀ ਹੁਣ ਵਿਕਰੀ ਕੀਤੀ ਜਾ ਰਹੀ ਹੈ।
ਕੁਝ ਲੱਕੜੀ ਦੀਆਂ ਇਮਾਰਤਾਂ, ਇੱਕ ਜਨਰਲ ਸਟੋਰ, ਕਰਾਵਾਨ ਪਾਰਕ ਅਤੇ ਪੈਟਰੋਲ ਪੰਪ ਨਾਲ ਬਣਿਆ ਲਿਕੋਲਾ ਸ਼ਹਿਰ, ਆਸਟ੍ਰੇਲੀਆ ਦੇ ਸਭ ਤੋਂ ਛੋਟੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਸਾਰੀਆਂ ਸਹੂਲਤਾਂ ਇੱਕ ਸਧਾਰਣ ਮੁੱਖ ਸੜਕ ਦੇ ਆਲੇ-ਦੁਆਲੇ ਸਥਿਤ ਹਨ।
ਜੇ ਤੁਹਾਡੇ ਕੋਲ ਕੁਝ ਮਿਲੀਅਨ ਡਾਲਰ ਵਾਧੂ ਹਨ, ਤਾਂ ਤੁਸੀਂ ਇਹ ਪੂਰਾ ਪਿੰਡ ਖਰੀਦ ਸਕਦੇ ਹੋ।
ਮੈਲਬਰਨ ਸ਼ਹਿਰ ਤੋਂ ਤਿੰਨ ਘੰਟੇ ਦੀ ਡਰਾਈਵ 'ਤੇ ਸਥਿਤ ਲਿਕੋਲਾ ਹੁਣ ਪੂਰੀ ਤਰ੍ਹਾਂ ਵਿਕਰੀ ਲਈ ਹੈ, ਜਿਸ ਕਾਰਨ ਇੱਥੋਂ ਦੇ ਘੱਟ ਗਿਣਤੀ ਪਰ ਆਪਸ ਵਿੱਚ ਜੁੜੇ ਵਸਨੀਕਾਂ ਵਿੱਚ ਹੈਰਾਨੀ ਅਤੇ ਗੁੱਸਾ ਭਰਿਆ ਹੋਇਆ ਹੈ।
ਲਿਕੋਲਾ ਦੀ ਮਲਕੀਅਤ ਇੱਕ ਸਥਾਨਕ ਕਮਿਊਨਿਟੀ ਕਲੱਬ ਕੋਲ ਹੈ। ਇਹ ਜਗ੍ਹਾ ਕਈ ਸਾਲਾਂ ਤੋਂ ਐਲਪਾਈਨ ਨੈਸ਼ਨਲ ਪਾਰਕ ਵੱਲ ਜਾਣ ਵਾਲੇ ਯਾਤਰੀਆਂ ਲਈ ਇੰਧਨ, ਖਾਣ-ਪੀਣ ਅਤੇ ਆਰਾਮ ਲਈ ਭਰੋਸੇਯੋਗ ਪੜਾਅ ਰਿਹਾ ਹੈ।
ਇਸ ਦੇ ਨਾਲ ਹੀ, ਇੱਥੇ ਪਿਛਲੇ 50 ਸਾਲਾਂ ਤੋਂ ਨੌਜਵਾਨਾਂ ਲਈ ਆਊਟਰੀਚ ਪ੍ਰੋਗਰਾਮ ਵੀ ਚਲਾਏ ਜਾਂਦੇ ਰਹੇ ਹਨ।
ਹਾਲਾਂਕਿ, ਲਾਇਨਜ਼ ਕਲੱਬ ਦੀ ਸਥਾਨਕ ਸ਼ਾਖਾ ਦਾ ਕਹਿਣਾ ਹੈ ਕਿ ਹੁਣ ਉਹ ਸ਼ਹਿਰ ਨੂੰ ਚਲਾਉਣ ਦੇ ਯੋਗ ਨਹੀਂ ਰਹੀ। ਪਿਛਲੇ ਸਾਲ ਦੇ ਅਖੀਰ ਵਿੱਚ ਚੁੱਪਚਾਪ ਇਸਨੂੰ ਆਨਲਾਈਨ ਵਿਕਰੀ ਲਈ ਦਰਜ ਕਰਵਾ ਦਿੱਤਾ ਗਿਆ।
ਇਸ ਵਿਕਰੀ ਨੇ ਲਿਕੋਲਾ ਦੇ ਕੁਝ ਗਿਣਤੀ ਦੇ ਜਜ਼ਬਾਤੀ ਵਸਨੀਕਾਂ, ਨੇੜਲੇ ਇਲਾਕਿਆਂ ਦੇ ਲੋਕਾਂ ਅਤੇ ਹੋਰ ਲਾਇਅਨਜ਼ ਕਲੱਬ ਮੈਂਬਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਚੰਗੀ ਤਰ੍ਹਾਂ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਅਤੇ ਹੁਣ ਸ਼ਹਿਰ ਦੇ ਭਵਿੱਖ ਨੂੰ ਲੈ ਕੇ ਗੰਭੀਰ ਡਰ ਹਨ।
'ਘਰ ਤੋਂ ਦੂਰ ਘਰ ਵਰਗਾ ਅਹਿਸਾਸ'
ਵਿਕਟੋਰੀਆ ਦੇ ਉੱਚ ਪਹਾੜੀ ਇਲਾਕੇ ਵਿੱਚ ਮੈਕਐਲਿਸਟਰ ਦਰਿਆ ਦੇ ਕੰਢੇ ਸਥਿਤ ਲਿਕੋਲਾ ਦੀ ਸ਼ੁਰੂਆਤ 1950 ਦੇ ਦਹਾਕੇ ਵਿੱਚ ਇੱਕ ਲੱਕੜ ਮਿੱਲ ਵਜੋਂ ਹੋਈ ਸੀ। ਉਸ ਸਮੇਂ ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਕੁਝ ਇਮਾਰਤਾਂ ਬਣਾਈਆਂ ਗਈਆਂ ਸਨ।
1968 ਵਿੱਚ ਮਿੱਲ ਬੰਦ ਹੋਣ ਤੋਂ ਬਾਅਦ, ਲਾਇਨਜ਼ ਕਲੱਬ ਨੇ ਪੂਰਾ ਇਲਾਕਾ ਆਪਣੇ ਅਧੀਨ ਲੈ ਲਿਆ ਅਤੇ ਇਸਨੂੰ ਇੱਕ ਕੈਂਪ ਵਿੱਚ ਬਦਲ ਦਿੱਤਾ, ਜਿੱਥੇ ਸਕੂਲੀ ਛੁੱਟੀਆਂ ਦੌਰਾਨ ਪਿੱਛੜੇ ਬੱਚੇ, ਨੌਜਵਾਨ ਅਤੇ ਖ਼ਾਸ ਲੋੜਾਂ ਵਾਲੇ ਸਮੂਹ ਰਹਿ ਸਕਣ।
ਕੈਂਪ ਦੇ ਨੇੜੇ ਹੀ, ਕਲੱਬ ਨੇ ਹੋਰ ਜ਼ਮੀਨ ਖਰੀਦੀ, ਜਿੱਥੇ ਅੱਜ ਲਿਕੋਲਾ ਦਾ ਜਨਰਲ ਸਟੋਰ ਅਤੇ ਕਰਾਵਾਨ ਪਾਰਕ ਸਥਿਤ ਹਨ।
ਅੱਜ ਲੀਐਨ ਓ'ਡੋਨਲ ਅਤੇ ਉਨ੍ਹਾਂ ਦਾ ਪਰਿਵਾਰ ਹੀ ਲਿਕੋਲਾ ਦੇ ਇਕੱਲੇ ਸਥਾਈ ਵਸਨੀਕ ਹਨ। ਉਹ ਆਪਣੇ ਇੱਕ ਬੱਚੇ ਨਾਲ, ਆਪਣੀ ਪੱਕੀ ਸਹੇਲੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਨਾਲ ਇੱਥੇ ਰਹਿੰਦੀ ਹੈ।
ਲੀਐਨ ਓ'ਡੋਨਲ ਕਹਿੰਦੀ ਹੈ, "ਇਹ ਸੱਚਮੁੱਚ ਬੇਹੱਦ ਸ਼ਾਨਦਾਰ ਥਾਂ ਹੈ। ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਸੀ, ਲੋਕ ਮੇਰੇ ਸਟੋਰ ਵਿੱਚ ਆ ਕੇ ਕਹਿੰਦੇ ਸਨ, 'ਤੁਸੀਂ ਲਿਕੋਲਾ ਵਿੱਚ ਮਿਲੀਅਨ ਡਾਲਰ ਨਹੀਂ ਕਮਾ ਸਕੋਗੇ।' ਅਤੇ ਮੈਂ ਕਹਿੰਦੀ ਸੀ, 'ਕਿਸ ਨੇ ਕਿਹਾ ਕਿ ਮੈਂ ਇੱਥੇ ਮਿਲੀਅਨ ਡਾਲਰ ਕਮਾਉਣ ਆਈ ਹਾਂ'?"
ਓ'ਡੋਨਲ ਨੇ 2022 ਵਿੱਚ ਇਹ ਕਾਰੋਬਾਰ ਖਰੀਦਿਆ ਸੀ, ਪਰ ਉਹ ਇਮਾਰਤਾਂ ਦੀ ਮਾਲਕ ਨਹੀਂ ਹੈ। ਉਨ੍ਹਾਂ ਨੇ ਇੱਕ ਲੀਜ਼ ਸਾਈਨ ਕੀਤੀ ਸੀ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਸਨੂੰ 15 ਸਾਲਾਂ ਲਈ ਵਧਾਇਆ ਜਾਵੇਗਾ।

ਤਸਵੀਰ ਸਰੋਤ, Getty Images
ਪਹਿਲੇ ਦਿਨ ਤੋਂ ਹੀ ਓ'ਡੋਨਲ ਚਾਹੁੰਦੀ ਸੀ ਕਿ ਲਿਕੋਲਾ ਲੋਕਾਂ ਲਈ "ਘਰ ਤੋਂ ਦੂਰ ਘਰ" ਬਣੇ।
ਲਗਭਗ ਹਰ ਉਹ ਵਿਅਕਤੀ ਜੋ ਲਿਕੋਲਾ ਆਉਂਦਾ ਹੈ, ਇੱਥੇ ਕੰਮ ਕਰਦਾ ਹੈ ਜਾਂ ਇੱਥੋਂ ਲੰਘਦਾ ਹੈ, ਉਨ੍ਹਾਂ ਦੇ ਕੋਲ ਓ'ਡੋਨਲ ਦਾ ਨੰਬਰ ਹੁੰਦਾ ਹੈ, ਭਾਵੇਂ ਉਹ ਟਰੱਕ ਡਰਾਈਵਰ ਹੋਣ ਜਾਂ ਕੰਟਰੀ ਫਾਇਰ ਅਥਾਰਟੀ ਦੇ ਕਰਮਚਾਰੀ।
ਉਨ੍ਹਾਂ ਨੇ ਕਿਹਾ, "ਦੁਪਹਿਰ ਦੇ ਤਿੰਨ ਵਜੇ ਹੋਣ ਜਾਂ ਰਾਤ ਦੇ ਦੋ ਵਜੇ, ਮੈਂ ਹੀ ਉਨ੍ਹਾਂ ਲਈ ਮੁੱਖ ਸੰਪਰਕ ਬਿੰਦੂ ਹਾਂ।"
ਓ'ਡੋਨਲ ਸ਼ਹਿਰ ਅਤੇ ਆਪਣੇ ਆਲੇ-ਦੁਆਲੇ ਦੀ ਕਮਿਊਨਿਟੀ ਦੀ ਸੇਵਾ ਨੂੰ ਲੈ ਕੇ ਬਹੁਤ ਜ਼ਿਆਦਾ ਜੁੜੀ ਹੋਈ ਹੈ, ਪਰ ਹੁਣ ਉਨ੍ਹਾਂ ਨੂੰ ਬੇਦਖ਼ਲ ਕੀਤਾ ਜਾਣਾ ਹੈ।
"ਮੈਂ ਇਸ ਸ਼ਹਿਰ ਨੂੰ ਦਿਲੋਂ ਪਿਆਰ ਕਰਦੀ ਹਾਂ… ਜੇ ਇਹ ਕਿਸੇ ਡਿਵੈਲਪਰ ਦੇ ਹੱਥਾਂ ਵਿੱਚ ਚਲਾ ਗਿਆ ਅਤੇ ਕੁਝ ਅਜਿਹਾ ਬਣ ਗਿਆ ਜੋ ਇਹ ਨਹੀਂ ਹੈ, ਤਾਂ ਮੇਰਾ ਦਿਲ ਟੁੱਟ ਜਾਵੇਗਾ।"
ਓ'ਡੋਨਲ ਨੂੰ ਪਹਿਲੀ ਵਾਰ ਜਨਵਰੀ 2025 ਵਿੱਚ ਪਤਾ ਲੱਗਿਆ ਕਿ ਲਿਕੋਲਾ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਉਸਨੂੰ ਲਾਇਨਜ਼ ਵਿਲੇਜ ਲਿਕੋਲਾ ਬੋਰਡ ਵੱਲੋਂ ਦਿੱਤੀ ਗਈ, ਜੋ ਇਸ ਚੈਰੀਟੀ ਵੱਲੋਂ ਸ਼ਹਿਰ ਦਾ ਪ੍ਰਬੰਧ ਕਰਦਾ ਹੈ।
ਓ'ਡੋਨਲ ਕਹਿੰਦੀ ਹੈ, "ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਿਛਲੇ ਪੰਜ ਜਾਂ ਛੇ ਸਾਲਾਂ ਤੋਂ ਉਨ੍ਹਾਂ ਦਾ ਕਾਰੋਬਾਰ ਘਾਟੇ ਵਿੱਚ ਚੱਲ ਰਿਹਾ ਹੈ ਅਤੇ ਮੈਂ ਉਨ੍ਹਾਂ ਨੂੰ ਪੁੱਛਿਆ, 'ਤਾਂ ਫਿਰ ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦੀ ਹਾਂ'?"
"ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਕੁਝ ਮਿਲੀਅਨ ਡਾਲਰ ਨਹੀਂ ਲਿਆਉਂਦੇ, ਤੁਸੀਂ ਕੁਝ ਵੀ ਨਹੀਂ ਕਰ ਸਕਦੇ।"
ਇਸ ਦੇ ਬਾਵਜੂਦ ਓ'ਡੋਨਲ ਡਟੀ ਰਹੀ। ਉਨ੍ਹਾਂ ਨੇ ਪਿੰਡ ਲਈ ਫੰਡਰੇਜ਼ਰ ਚਲਾਉਣ ਦੀ ਪੇਸ਼ਕਸ਼ ਕੀਤੀ ਅਤੇ ਬੋਰਡ ਨੂੰ ਕਿਹਾ ਕਿ ਵੱਡੀ ਕਮਿਊਨਿਟੀ ਵੀ ਮਦਦ ਕਰਨਾ ਚਾਹੇਗੀ।
ਓ'ਡੋਨਲ ਦੇ ਮੁਤਾਬਕ ਬੋਰਡ ਆਪਣੇ ਫ਼ੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋਇਆ। ਆਖ਼ਰਕਾਰ ਉਨ੍ਹਾਂ ਨੇ ਪੁੱਛਿਆ, "ਤਾਂ ਤੁਸੀਂ ਮੇਰਾ ਕਾਰੋਬਾਰ ਖਰੀਦ ਰਹੇ ਹੋ?"
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਕਿਹਾ, ਨਹੀਂ, ਅਸੀਂ ਤੁਹਾਡਾ ਕਾਰੋਬਾਰ ਖਰੀਦ ਨਹੀਂ ਰਹੇ, ਅਸੀਂ ਸਿਰਫ਼ ਤੁਹਾਡਾ ਕਾਰੋਬਾਰ ਲੈ ਰਹੇ ਹਾਂ ਕਿਉਂਕਿ ਜ਼ਮੀਨ ਸਾਡੀ ਹੈ ਅਤੇ ਇਮਾਰਤਾਂ ਵੀ ਸਾਡੀਆਂ ਹਨ। ਅਤੇ ਤੁਹਾਨੂੰ ਸਿਰਫ਼ ਸਮਾਨ ਸਮੇਟ ਕੇ ਇੱਥੋਂ ਚਲੇ ਜਾਣਾ ਹੈ। ਉਸ ਸਮੇਂ ਮੈਂ ਇਹ ਗੱਲ ਸਮਝ ਹੀ ਨਹੀਂ ਸਕੀ।"
ਕਾਨੂੰਨੀ ਸਲਾਹ ਲੈਣ ਤੋਂ ਬਾਅਦ ਓ'ਡੋਨਲ ਨੂੰ ਜਲਦੀ ਅਹਿਸਾਸ ਹੋ ਗਿਆ ਕਿ ਕਿਉਂਕਿ ਉਹ ਲੀਜ਼ 'ਤੇ ਸੀ, ਇਸ ਲਈ ਬੋਰਡ ਕਾਨੂੰਨੀ ਤੌਰ 'ਤੇ ਇਹ ਕਰ ਸਕਦਾ ਸੀ।
ਉਹ ਕਹਿੰਦੀ ਹੈ, "ਅਸਲ ਵਿੱਚ ਮੈਂ ਆਪਣਾ ਕਾਰੋਬਾਰ ਚੁੱਕ ਕੇ ਕਿਸੇ ਹੋਰ ਇਮਾਰਤ ਵਿੱਚ ਲੈ ਜਾ ਸਕਦੀ ਹਾਂ… ਅਤੇ ਕਿਤੇ ਵੀ ਸਮੱਸਿਆ ਨਹੀਂ ਹੁੰਦੀ, ਸਿਵਾਏ ਲਿਕੋਲਾ ਦੇ।"
ਇੱਥੇ ਜਾਣ ਲਈ ਹੋਰ ਕੋਈ ਥਾਂ ਨਹੀਂ ਹੈ।
ਦਸੰਬਰ ਤੱਕ, ਓ'ਡੋਨਲ ਨੇ ਆਨਲਾਈਨ ਇੱਕ ਰੀਅਲ ਐਸਟੇਟ ਲਿਸਟਿੰਗ ਵੇਖੀ, ਜਿਸ ਵਿੱਚ ਪੂਰੇ ਸ਼ਹਿਰ ਦੀ ਵਿਕਰੀ ਲਈ ਕੀਮਤ 60 ਲੱਖ ਆਸਟ੍ਰੇਲੀਆਈ ਡਾਲਰ ਤੋਂ ਲੈ ਕੇ 1 ਕਰੋੜ ਡਾਲਰ ਤੱਕ ਦਰਜ ਸੀ।

ਪਟੀਸ਼ਨਾਂ ਅਤੇ ਧਮਕੀਆਂ
ਇਸ ਵਿਕਰੀ ਨੂੰ ਆਲੇ-ਦੁਆਲੇ ਦੇ ਇਲਾਕਿਆਂ ਦੇ ਸਥਾਨਕ ਲੋਕਾਂ ਵੱਲੋਂ ਆਨਲਾਈਨ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਹੈ।
ਕਈ ਲੋਕ ਓ'ਡੋਨਲ ਨਾਲ ਕੀਤੇ ਗਏ ਸਲੂਕ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਇਹ ਪਿਆਰਾ ਸ਼ਹਿਰ ਜਾਂ ਤਾਂ ਖ਼ਤਮ ਹੋ ਜਾਵੇਗਾ ਜਾਂ ਇਸ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਸਕਦਾ ਹੈ।
ਲਿਕੋਲਾ ਕਰਾਵਾਨ ਪਾਰਕ ਅਤੇ ਜਨਰਲ ਸਟੋਰ ਦੇ ਅਧਿਕਾਰਕ ਫੇਸਬੁੱਕ ਪੇਜ 'ਤੇ ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਲੋਕ ਸ਼ਹਿਰ ਦੇ ਸਟੋਰ 'ਤੇ ਨਿਰਭਰ ਹਨ ਅਤੇ ਪੀਕ ਸੀਜ਼ਨ ਦੇ ਵਿਚਕਾਰ ਬੰਦ ਕਰਨਾ ਬਿਲਕੁਲ ਮੂਰਖਤਾ ਹੈ।"
ਇੱਕ ਹੋਰ ਵਿਅਕਤੀ ਨੇ ਕਿਹਾ ਕਿ ਸ਼ਹਿਰ ਦੀ ਵਿਕਰੀ "ਉਨ੍ਹਾਂ ਬਹੁਤ ਸਾਰੇ ਵਿਕਟੋਰੀਆਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਸਾਲਾਂ ਤੋਂ ਲਿਕੋਲਾ ਆ ਰਹੇ ਹਨ ਅਤੇ ਇੱਥੇ ਕੈਂਪ ਲਗਾਉਂਦੇ ਰਹੇ ਹਨ।"
ਇੱਕ ਹੋਰ ਟਿੱਪਣੀ ਵਿੱਚ ਕਿਹਾ ਗਿਆ, "ਲਾਇਨਜ਼ ਦੇ ਕੁਝ ਸ਼ਾਨਦਾਰ ਪੁਰਾਣੇ ਨੇਤਾ ਅਤੇ ਲਿਕੋਲਾ ਪਿੰਡ ਅਤੇ ਕੈਂਪ ਦੇ ਨੇਤਾ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਆਪਣੀਆਂ ਕਬਰਾਂ ਵਿੱਚ ਤੜਫ ਰਹੇ ਹੋਣਗੇ।"
ਵਿਕਟੋਰੀਆ ਦੇ ਹੋਰ ਲਾਇਨਜ਼ ਮੈਂਬਰਾਂ ਨੇ ਲਾਇਨਜ਼ ਵਿਲੇਜ ਲਿਕੋਲਾ ਬੋਰਡ ਨੂੰ ਪੱਤਰ ਲਿਖ ਕੇ ਇਲਜ਼ਾਮ ਲਗਾਇਆ ਕਿ ਬੋਰਡ ਨੇ ਬਿਨਾਂ ਢੰਗ ਦੀ ਪ੍ਰਕਿਰਿਆ ਅਤੇ ਵੱਡੀ ਲਾਇਨਜ਼ ਕਮਿਊਨਿਟੀ ਨਾਲ ਸਲਾਹ ਕੀਤੇ ਬਗ਼ੈਰ ਫ਼ੈਸਲਾ ਲਿਆ।
ਸਟੋਰ ਨੂੰ ਬਚਾਉਣ ਲਈ "ਲੀਜ਼ ਵਧਾਓ ਅਤੇ ਲੀਐਨ ਨੂੰ ਰਹਿਣ ਦਿਓ" ਨਾਮ ਦੀ ਆਨਲਾਈਨ ਪਟੀਸ਼ਨ 'ਤੇ 8 ਹਜ਼ਾਰ ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ।
ਜਿਵੇਂ-ਜਿਵੇਂ ਗੁੱਸਾ ਵਧਦਾ ਗਿਆ, ਲਾਇਨਜ਼ ਵਿਲੇਜ ਲਿਕੋਲਾ ਬੋਰਡ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਹ ਉਨ੍ਹਾਂ ਨੂੰ ਸ਼ਹਿਰ ਤੋਂ ਵਾਪਸ ਬੁਲਾਉਣ ਬਾਰੇ ਵੀ ਸੋਚ ਰਹੇ ਹਨ।
ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਇੱਕ ਬੁਲਾਰੇ ਨੇ ਕਿਹਾ ਕਿ ਇਹ ਵਿਕਰੀ ਸ਼ਹਿਰ ਦੇ ਕੰਮਕਾਜ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ, ਜੋ ਵਿਕਟੋਰੀਆ ਦੇ ਸਾਰੇ ਲਾਇਨਜ਼ ਮੈਂਬਰਾਂ ਨੂੰ ਦਿੱਤੀ ਗਈ ਸੀ।

ਤਸਵੀਰ ਸਰੋਤ, Licola Wilderness Village/Google Maps
ਸਮੀਖਿਆ ਤੋਂ ਬਾਅਦ ਬੋਰਡ ਨੇ ਫ਼ੈਸਲਾ ਕੀਤਾ ਕਿ ਲਾਇਨਜ਼ ਕਲੱਬ ਵੱਲੋਂ ਸ਼ਹਿਰ ਦੀ ਮਲਕੀਅਤ ਰੱਖਣਾ ਹੁਣ ਟਿਕਾਊ ਨਹੀਂ ਰਿਹਾ। ਇਸ ਦੇ ਪਿੱਛੇ ਵਧ ਰਹੇ ਖਰਚੇ, ਬੀਮੇ ਦੀਆਂ ਕੀਮਤਾਂ, ਪੁਰਾਣੀਆਂ ਰਿਹਾਇਸ਼ੀ ਸਹੂਲਤਾਂ ਅਤੇ ਸਕੂਲਾਂ ਤੇ ਕੈਂਪਾਂ ਵਿੱਚ ਘਟਦੀ ਹਾਜ਼ਰੀ ਨੂੰ ਮੁੱਖ ਕਾਰਨ ਦੱਸਿਆ ਗਿਆ।
ਬਿਆਨ ਵਿੱਚ ਕਿਹਾ ਗਿਆ, "ਸ਼ਹਿਰ ਵੇਚਣ ਦਾ ਫ਼ੈਸਲਾ ਐਵੇਂ ਨਹੀਂ ਲਿਆ ਗਿਆ।"
ਚੇਅਰਮੈਨ ਡੈਨਿਸ ਕਰੂਥਰਜ਼ ਨੇ ਬੀਬੀਸੀ ਨੂੰ ਕਿਹਾ ਕਿ ਬੋਰਡ ਦੀ ਜ਼ਿੰਮੇਵਾਰੀ ਸਿਰਫ਼ ਇਮਾਰਤਾਂ ਨਹੀਂ, ਸਗੋਂ ਲਾਇਨਜ਼ ਵਿਲੇਜ ਦੇ ਮਕਸਦ, ਪਿੱਛੜੇ ਨੌਜਵਾਨਾਂ ਦੀ ਸਹਾਇਤਾ ਦੀ ਰੱਖਿਆ ਕਰਨੀ ਹੈ।
ਉਨ੍ਹਾਂ ਨੇ ਕਿਹਾ, "ਲਾਇਨਜ਼ ਡਿਸਟ੍ਰਿਕਟ ਗਵਰਨਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਇਸ ਦਾ ਸਮਰਥਨ ਕਰ ਰਹੇ ਹਨ।"
ਬੋਰਡ ਨੇ ਇਹ ਵੀ ਕਿਹਾ ਕਿ ਓ'ਡੋਨਲ ਦੀ ਲੀਜ਼ "ਵਿੱਤੀ ਦਬਾਅ ਦੇ ਦੌਰਾਨ ਆਮਦਨ ਨੂੰ ਇਕੱਠਾ ਕਰਨ ਲਈ ਵਧਾਈ ਨਹੀਂ ਗਈ।"
ਓ'ਡੋਨਲ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਸਾਲ 31 ਜਨਵਰੀ ਤੱਕ ਜਗ੍ਹਾ ਖਾਲ੍ਹੀ ਕਰਨੀ ਸੀ।
ਬੋਰਡ ਮੁਤਾਬਕ, ਲਿਕੋਲਾ ਦੀ ਜਾਇਦਾਦਾਂ ਦੀ ਵਿਕਰੀ ਤੋਂ ਮਿਲਣ ਵਾਲੀ ਸਾਰੀ ਰਕਮ ਅਤੇ ਭਵਿੱਖ ਦੇ ਕਾਰੋਬਾਰੀ ਮੁਨਾਫ਼ੇ ਨੂੰ ਇੱਕ ਨਵੀਂ ਫਾਊਂਡੇਸ਼ਨ ਵਿੱਚ ਲਗਾਇਆ ਜਾਵੇਗਾ, ਜੋ ਵਿਕਟੋਰੀਆ ਭਰ ਵਿੱਚ ਪੇਸ਼ੇਵਰ ਤਰੀਕੇ ਨਾਲ ਚਲਾਏ ਜਾਣ ਵਾਲੇ ਕੈਂਪਾਂ ਲਈ ਬੱਚਿਆਂ ਦੀ ਫੀਸ ਭਰੇਗੀ।
ਕਰੂਥਰਜ਼ ਨੇ ਕਿਹਾ ਕਿ ਭਵਿੱਖ ਵਿੱਚ ਲਿਕੋਲਾ ਵਿੱਚ ਕੈਂਪ ਲੱਗਣਗੇ ਜਾਂ ਨਹੀਂ, ਇਹ ਅਜੇ ਸਪਸ਼ਟ ਨਹੀਂ ਹੈ। ਘੱਟ ਹਾਜ਼ਰੀ ਕਾਰਨ ਜਨਵਰੀ ਲਈ ਤੈਅ ਕੀਤਾ ਗਿਆ ਇੱਕ ਕੈਂਪ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਅਜੇ ਪਤਾ ਨਹੀਂ ਕਿ ਨਵੇਂ ਮਾਲਕ ਕੌਣ ਹੋਣਗੇ ਜਾਂ ਉਹ ਸ਼ਹਿਰ ਨਾਲ ਕੀ ਕਰਨਾ ਚਾਹੁਣਗੇ।
ਹਾਲਾਂਕਿ, ਉਨ੍ਹਾਂ ਨੇ ਕਿਹਾ, "ਇਸ ਜਾਇਦਾਦ ਵਿੱਚ ਕਾਫ਼ੀ ਦਿਲਚਸਪੀ ਦਿਖਾਈ ਜਾ ਰਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































