ਜਦੋਂ 60 ਸਾਲਾਂ ਬਾਅਦ ਪਹਿਲੀ ਵਾਰ ਮਿਲੇ ਦੋ ਵਿਛੜੇ ਭਰਾ, ਜਾਣੋ ਕਿਵੇਂ ਪਿਆ ਸੀ ਵਿਛੋੜਾ ਅਤੇ ਫਿਰ ਕਿਵੇਂ ਹੋਈ ਮੁਲਾਕਾਤ

ਰਸਲ ਅਤੇ ਪੀਟਰ

ਤਸਵੀਰ ਸਰੋਤ, Family photo

ਤਸਵੀਰ ਕੈਪਸ਼ਨ, ਉਨ੍ਹਾਂ ਦੇ ਇੰਨੇ ਵਰ੍ਹੇ ਬਾਅਦ ਹੋਈ ਮੁਲਾਕਾਤ ਨੂੰ ਕੁਦਰਤੀ ਅਤੇ ਅਨੰਦਮਈ ਦੱਸਿਆ ਗਿਆ
    • ਲੇਖਕ, ਨਿਕ ਸਰਵਿਨੀ
    • ਰੋਲ, ਬੀਬੀਸੀ ਪੱਤਰਕਾਰ

ਇਹ 10,000 ਮੀਲ ਦੀ 23 ਘੰਟਿਆਂ ਦੀ ਯਾਤਰਾ ਸੀ ਅਤੇ ਇੱਕ ਅਜਿਹੀ ਮੁਲਾਕਾਤ ਲਈ ਜਿਸ ਨੂੰ ਹੋਣ ਵਿੱਚ 60 ਸਾਲ ਤੋਂ ਵੱਧ ਲੱਗ ਗਏ, ਪਰ ਰਸਲ ਗਾਵਰ ਆਖ਼ਿਰਕਾਰ ਆਪਣੇ ਵੱਡੇ ਭਰਾ ਨੂੰ ਪਹਿਲੀ ਵਾਰ ਮਿਲੇ।

ਇਸ ਮਹੀਨੇ ਦੇ ਸ਼ੁਰੂ ਵਿੱਚ 64 ਸਾਲਾ ਰਸਲ ਨੇ ਦੱਖਣੀ ਵੇਲਜ਼ ਵਿੱਚ ਆਪਣੇ ਘਰ ਤੋਂ ਆਸਟ੍ਰੇਲੀਆ ਦੇ ਬ੍ਰਿਸਬੇਨ ਤੱਕ ਦੀ ਯਾਤਰਾ ਕੀਤੀ ਤਾਂ ਜੋ ਆਪਣੇ 69 ਸਾਲਾ ਭਰਾ ਪੀਟਰ ਨੂੰ ਮਿਲ ਸਕਣ।

ਪਰ ਅਜੀਬ ਲੱਗਣ ਦੀ ਬਜਾਇ ਉਨ੍ਹਾਂ ਨੇ ਇਸ ਪਲ਼ ਨੂੰ ਪੂਰੀ ਤਰ੍ਹਾਂ "ਕੁਦਰਤੀ" ਦੱਸਿਆ ਅਤੇ ਕਿਹਾ ਕਿ "ਖੁਸ਼ੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ।"

ਲੰਮੇ ਸਮੇਂ ਤੋਂ ਵਿਛੜੀ ਇਨ੍ਹਾਂ ਭਰਾਵਾਂ ਜੋੜੀ ਦੇ ਮਿਲਾਪ ਨੂੰ ਹੁਣ ਕ੍ਰਿਸਮਸ ਵਾਲੇ ਦਿਨ ਬ੍ਰਿਸਬੇਨ ਵਿੱਚ ਇੱਕ ਵੱਡੀ ਪਰਿਵਾਰਕ ਪਾਰਟੀ ਨਾਲ ਅਧਿਕਾਰਿਕ ਤੌਰ 'ਤੇ ਮਨਾਇਆ ਗਿਆ।

ਲੰਡਨ ਵਿੱਚ ਜਨਮੇਂ ਸਨ ਦੋਵੇਂ ਭਰਾ

ਇਹ ਦੋਵੇਂ ਭਰਾ ਲੰਡਨ ਵਿੱਚ ਰੇਅ ਅਤੇ ਜਿਲ ਨਾਮ ਦੇ ਜੋੜੇ ਦੇ ਘਰ ਜਨਮੇ ਸਨ।

ਜਦੋਂ ਪੀਟਰ ਦਾ ਜਨਮ ਹੋਇਆ ਉਦੋਂ ਜਿਲ ਸਿਰਫ਼ 15 ਸਾਲ ਦੀ ਸੀ ਅਤੇ ਜੋੜੇ ਦਾ ਅਜੇ ਵਿਆਹ ਨਹੀਂ ਹੋਇਆ ਸੀ। 1950 ਦੇ ਦਹਾਕੇ ਦੇ ਦੌਰ ਵਿੱਚ ਇਸ ਨਾਲ ਜੁੜੀ ਬਦਨਾਮੀ ਕਾਰਨ ਉਸ ਨੂੰ ਗੋਦ ਦੇ ਦਿੱਤਾ ਗਿਆ ਅਤੇ ਆਸਟ੍ਰੇਲੀਆ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਪਰਵਰਿਸ਼ ਹੋਈ।

ਰੇ ਅਤੇ ਜਿਲ ਦੋਵਾਂ ਦਾ ਹੁਣ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਹਿਲੇ ਪੁੱਤਰ ਨੂੰ ਗੋਦ ਦੇਣ ਬਾਅਦ ਵਿਆਹੇ ਗਏ ਅਤੇ ਕੁਝ ਸਾਲ ਬਾਅਦ ਉਨ੍ਹਾਂ ਦੇ ਘਰ ਰੱਸਲ ਅਤੇ ਫਿਰ ਇੱਕ ਧੀ ਜੈਕੀ ਦਾ ਜਨਮ ਹੋਇਆ, ਜਿਸ ਦੀ ਵੀ ਮੌਤ ਹੋ ਚੁੱਕੀ ਹੈ।

ਪੀਟਰ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਆਸਟ੍ਰੇਲੀਆ ਵਿੱਚ ਬਿਤਾਇਆ, ਉਹ ਵੀ ਬਿਨਾਂ ਇਹ ਜਾਣੇ ਕਿ ਉਨ੍ਹਾਂ ਦਾ ਅਸਲ ਪਰਿਵਾਰ ਕਿਹੜਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀ ਗੋਦ ਲਈ ਹੋਈ ਭੈਣ ਨੇ ਉਨ੍ਹਾਂ ਨੂੰ ਸੱਚ ਦੱਸਿਆ।

A black and white wedding photo of a young couple. The man has

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਜਦੋਂ ਪੀਟਰ ਦਾ ਜਨਮ ਹੋਇਆ ਸੀ ਤਾਂ ਰੇਅ ਅਤੇ ਜਿਲ ਗਾਵਰ ਦਾ ਅਜੇ ਵਿਆਹ ਨਹੀਂ ਹੋਇਆ ਸੀ ਪਰ ਬਾਅਦ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਅਤੇ ਉਨ੍ਹਾਂ ਦੇ ਦੋ ਹੋਰ ਬੱਚੇ ਹੋਏ
ਇਹ ਵੀ ਪੜ੍ਹੋ-

ਫਿਰ ਉਨ੍ਹਾਂ ਦੀ ਪੋਤੀ ਨੇ ਰਸਲ ਨੂੰ ਲੱਭ ਲਿਆ, ਜੋ 30 ਸਾਲ ਤੋਂ ਵੱਧ ਸਮੇਂ ਤੋਂ ਲਾਨਹਾਰਨ, ਰੋਂਦਾ ਸਿਨੌਨ ਟਾਫ਼ ਵਿੱਚ ਰਹਿ ਰਹੇ ਹਨ ਅਤੇ ਰਿਸ਼ਤੇ ਦੀ ਪੁਸ਼ਟੀ ਲਈ ਡੀਐੱਨਏ ਟੈਸਟ ਵੀ ਕੀਤੇ ਗਏ।

ਰਸਲ ਨੂੰ ਕਿਸ਼ੋਰਾਵਸਥਾ ਵਿੱਚ ਆਪਣੀ ਭੈਣ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਇੱਕ ਭਰਾ ਹੈ, ਜਿਸ ਨੂੰ ਕਿਸੇ ਨੇ ਗੋਦ ਲਿਆ ਹੈ ਪਰ ਉਨ੍ਹਾਂ ਦੀ ਮਾਂ ਨੇ ਕਦੇ ਵੀ ਪੀਟਰ ਬਾਰੇ ਸਪੱਸ਼ਟ ਤੌਰ 'ਤੇ ਗੱਲ ਨਹੀਂ ਕੀਤੀ।

2007 ਵਿੱਚ ਜਦੋਂ ਕੈਂਸਰ ਨਾਲ ਲੜ ਰਹੀ ਉਨ੍ਹਾਂ ਦੀ ਮਾਂ ਦੀ ਜ਼ਿੰਦਗੀ ਦੇ ਕੁਝ ਹੀ ਦਿਨ ਬਾਕੀ ਸਨ ਤਾਂ ਉਨ੍ਹਾਂ ਨੇ ਕਿਹਾ, "ਇੱਕ ਗੱਲ ਹੈ ਜੋ ਮੈਨੂੰ ਤੈਨੂੰ ਦੱਸਣੀ ਹੈ।"

ਰਸਲ ਨੂੰ ਯਕੀਨ ਸੀ ਕਿ ਉਹ ਉਨ੍ਹਾਂ ਦੇ ਭਰਾ ਬਾਰੇ ਦੱਸਣਾ ਚਾਹੁੰਦੀ ਸੀ ਪਰ ਮੌਕਾ ਮਿਲਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

ਪੀਟਰ

ਪਹਿਲੀ ਮੁਲਾਕਾਤ ਦਾ ਅਹਿਸਾਸ

ਉਨ੍ਹਾਂ ਨੇ ਕਿਹਾ, "ਮੇਰੀ ਮਾਂ ਇਸ ਕਾਰਨ ਸਪੱਸ਼ਟ ਤੌਰ 'ਤੇ ਬਹੁਤ ਗਹਿਰੇ ਸਦਮੇ ਵਿੱਚ ਸੀ, ਹਾਲਾਂਕਿ ਮੈਨੂੰ ਕਦੇ ਵੀ ਇਸ ਦਾ ਅਹਿਸਾਸ ਨਹੀਂ ਹੋਇਆ।"

"ਅਖ਼ੀਰ ਵਿੱਚ ਉਨ੍ਹਾਂ ਨੇ ਮੇਰੀ ਭੈਣ ਨੂੰ ਦੱਸਿਆ। ਮੈਨੂੰ ਨਹੀਂ ਪਤਾ ਕਿ ਉਹ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਗੁਆ ਕੇ ਆਪਣੀ ਜ਼ਿੰਦਗੀ ਕਿਵੇਂ ਜਿਉਂ ਸਕੀ।"

"ਉਹ ਹਰ ਰੋਜ਼ ਸੋਚਦੀ ਹੋਵੇਗੀ ਕਿ ਉਹ ਕੀ ਕਰ ਰਿਹਾ ਹੋਵੇਗਾ। ਉਸ ਦਾ ਸਕੂਲ ਦਾ ਪਹਿਲਾ ਦਿਨ ਕਿਵੇਂ ਰਿਹਾ ਹੋਵੇਗਾ? ਕੀ ਉਸ ਦੇ ਬੱਚੇ ਹਨ? ਇਹ ਉਸ ਲਈ ਬਹੁਤ ਹੀ ਮੁਸ਼ਕਲ ਰਿਹਾ ਹੋਣਾ।"

ਰਸਲ ਇੱਕ ਬੇਕਰੀ ਵਿੱਚ ਰਿਟੇਲ ਓਪਰੇਸ਼ਨ ਮੈਨੇਜਰ ਵਜੋਂ ਕੰਮ ਕਰ ਚੁੱਕੇ ਹਨ ਅਤੇ ਹੁਣ ਰਿਟਾਇਰਡ ਹਨ, ਵਿਆਹੇ ਹੋਏ ਹਨ ਅਤੇ ਉਨ੍ਹਾਂ ਦੀ ਇੱਕ ਧੀ ਹੈ ਪਰ ਭਰਾ ਨਾਲ ਪਹਿਲੀ ਮੁਲਾਕਾਤ ਲਈ ਉਹ ਇਕੱਲੇ ਹੀ ਆਸਟ੍ਰੇਲੀਆ ਗਏ ਸਨ।

ਉਨ੍ਹਾਂ ਨੇ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਧੂਰੀਆਂ ਰਹਿ ਗਈਆਂ।

ਪੀਟਰ

ਤਸਵੀਰ ਸਰੋਤ, Family photo

ਤਸਵੀਰ ਕੈਪਸ਼ਨ, ਆਸਟ੍ਰੇਲੀਆ ਵਿੱਚ ਆਪਣੇ ਪਰਿਵਾਰ ਨਾਲ ਘਿਰਿਆ ਪੀਟਰ, ਹਾਲ ਹੀ ਦੇ ਸਾਲਾਂ ਤੱਕ ਆਪਣੇ ਜਨਮ ਦੇਣ ਵਾਲੇ ਪਰਿਵਾਰ ਬਾਰੇ ਸੱਚਾਈ ਤੋਂ ਅਣਜਾਣ ਸੀ

ਬ੍ਰਿਸਬੇਨ ਵਿੱਚ ਪੀਟਰ ਦੇ ਘਰ ਦੇ ਡਰਾਈਵ 'ਤੇ ਦੋਵੇਂ ਭਰਾ, ਜਿਨ੍ਹਾਂ ਦੀਆਂ ਸ਼ਕਲਾਂ ਅਤੇ ਡੀਲ-ਡੌਲ ਵੀ ਕਾਫ਼ੀ ਮਿਲਦੀ ਜੁਲਦੀ ਸਨ, ਹੱਥ ਮਿਲਾ ਕੇ ਮਿਲੇ। ਇਸ ਪਲ਼ ਨੂੰ ਰਿਸ਼ਤੇਦਾਰਾਂ ਨੇ ਕੈਮਰੇ ਵਿੱਚ ਕੈਦ ਕੀਤਾ, ਜਿਨ੍ਹਾਂ ਨੇ ਇਸ ਮੁਲਾਕਾਤ ਨੂੰ ਸੰਭਵ ਕਰਨ ਵਿੱਚ ਮਦਦ ਕੀਤੀ ਸੀ।

ਹੁਣ 17 ਮੈਂਬਰਾਂ ਵਾਲਾ ਪੂਰਾ ਵੱਡਾ ਪਰਿਵਾਰ ਕ੍ਰਿਸਮਸ ਡੇ 'ਤੇ ਇਕੱਠਾ ਹੋਇਆ।

ਰਸਲ ਨੇ ਕਿਹਾ ਕਿ ਮੁਲਾਕਾਤ ਤੋਂ ਪਹਿਲਾਂ ਉਹ ਸੰਕੋਚ ਵਿੱਚ ਸੀ, ਪਰ ਉਨ੍ਹਾਂ ਦੇ ਭਰਾ ਨੇ ਕਿਹਾ ਸੀ ਕਿ ਗੋਦ ਦਿੱਤੇ ਜਾਣ ਬਾਰੇ ਉਨ੍ਹਾਂ ਦੇ ਮਨ ਵਿੱਚ ਕੋਈ ਰੰਜਿਸ਼ ਜਾਂ ਕੜਵਾਹਟ ਨਹੀਂ ਹੈ।

ਉਨ੍ਹਾਂ ਨੇ ਮੁਲਾਕਾਤ ਤੋਂ ਪਹਿਲਾਂ ਆਪਣੇ ਅਹਿਸਾਸਾਂ ਬਾਰੇ ਕਿਹਾ, "ਸਾਡੇ ਵਿੱਚ ਖੂਨ ਦੇ ਰਿਸ਼ਤੇ ਤੋਂ ਇਲਾਵਾ ਕੁਝ ਵੀ ਸਾਂਝਾ ਨਹੀਂ ਸੀ। ਉਨ੍ਹਾਂ ਨੇ ਦੁਨੀਆਂ ਦੇ ਦੂਜੇ ਕੋਨੇ 'ਤੇ ਬਿਲਕੁਲ ਵੱਖਰੀ ਜ਼ਿੰਦਗੀ ਬਿਤਾਈ ਹੈ ਅਤੇ ਬਿਲਕੁਲ ਵੱਖਰੇ ਤਰੀਕੇ ਨਾਲ ਪਲ਼ੇ ਹਨ।"

"ਮੈਨੂੰ ਥੋੜ੍ਹੀ ਚਿੰਤਾ ਸੀ ਕਿ ਉਹ ਕਿਵੇਂ ਦਾ ਹੋਵੇਗਾ, ਪਰ ਮੇਰੀਆਂ ਚਿੰਤਾਵਾਂ ਜਲਦੀ ਹੀ ਦੂਰ ਹੋ ਗਈਆਂ। ਸ਼ੁਰੂ ਤੋਂ ਹੀ ਇਹ ਕੁਦਰਤੀ ਲੱਗਿਆ।"

"ਜਦੋਂ ਮੈਂ ਉਸ ਨਾਲ ਹੱਥ ਮਿਲਾਇਆ ਅਤੇ ਉਸ ਨੇ ਮੇਰੇ ਮੋਢੇ 'ਤੇ ਬਾਂਹ ਰੱਖੀ, ਮੈਨੂੰ ਤੁਰੰਤ ਪਤਾ ਲੱਗ ਗਿਆ। ਉਸ ਵਿੱਚ ਕੁਝ ਅਜਿਹਾ ਸੀ ਜਿਵੇਂ ਅਸੀਂ ਇੱਕੋ ਜਿਹੇ ਹੋਈਏ।"

ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੀਟਰ ਨੂੰ ਦੱਸਿਆ ਕਿ ਅੱਜ ਉਨ੍ਹਾਂ ਦੀ ਮਾਂ ਦਾ 85ਵਾਂ ਜਨਮਦਿਨ ਹੁੰਦਾ, ਤਾਂ ਦੋਵੇਂ "ਕੁਝ ਭਾਵੁਕ ਹੋ ਗਏ।"

ਰਸਲ
ਤਸਵੀਰ ਕੈਪਸ਼ਨ, ਰਸਲ ਮੁਤਾਬਕ, ਉਹ ਮੀਟਿੰਗ ਬਾਰੇ ਚਿੰਤਤ ਸੀ, ਪਰ ਹੁਣ ਸੋਚਦੇ ਹਨ ਕਿ ਆਸਟ੍ਰੇਲੀਆ ਵਿੱਚ ਤਿੰਨ ਹਫ਼ਤਿਆਂ ਦਾ ਦੌਰਾ ਕਾਫ਼ੀ ਲੰਬਾ ਨਹੀਂ ਲੱਗੇਗਾ

ਰਸਲ ਨੇ ਕਿਹਾ, "ਇਹ ਸਿਰਫ਼ ਇੱਕ ਇਤਫ਼ਾਕ ਸੀ ਕਿ ਉਹ ਅਤੇ ਮੈਂ ਉਸ ਦਿਨ ਇਕੱਠੇ ਕੁਝ ਸਮਾਂ ਬਿਤਾਇਆ ਜੋ ਸਾਡੀ ਮਾਂ ਦਾ 85ਵਾਂ ਜਨਮਦਿਨ ਹੁੰਦਾ। ਤਾਰੇ ਇੱਕ ਲਾਈਨ ਵਿੱਚ ਆ ਗਏ ਸਨ।"

"ਮੈਨੂੰ ਯਕੀਨ ਹੈ ਕਿ ਉਹ ਖੁਸ਼ ਹੁੰਦੀ ਹੋਵੇਗੀ, ਆਪਣੇ ਦੋਵੇਂ ਮੁੰਡਿਆਂ ਨੂੰ ਇਕੱਠੇ ਬੀਅਰ ਪੀਂਦੇ ਅਤੇ ਗੱਲਾਂ ਕਰਦੇ ਦੇਖ ਕੇ। ਇਹ ਬੇਹੱਦ ਕੀਮਤੀ ਪਲ਼ ਸੀ। ਇਹ ਖੁਸ਼ਕਿਸਤਮੀ ਵਰਗਾ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਬਿਨਾਂ ਉਸ ਨੂੰ ਲੱਭੇ ਵੀ ਬਿਤਾ ਸਕਦਾ ਸੀ ਅਤੇ ਅਚਾਨਕ ਅਸੀਂ ਇੱਥੇ ਹਾਂ।"

"ਇੰਨਾ ਕੁਝ ਹੈ ਜਿਸ ਬਾਰੇ ਗੱਲ ਕਰਨੀ ਹੈ।" ਜੋੜਾ ਹੁਣ ਸੋਚ ਰਿਹਾ ਹੈ ਕਿ ਕੀ ਤਿੰਨ ਹਫ਼ਤਿਆਂ ਦੀ ਇਹ ਯਾਤਰਾ ਕਾਫ਼ੀ ਹੋਵੇਗੀ।

ਰਸਲ ਨੇ ਕਿਹਾ, "ਇਸ ਨੇ ਮੇਰੀ ਦੁਨੀਆਂ ਬਦਲ ਦਿੱਤੀ ਹੈ। ਇਸ ਤੋਂ ਵਧੀਆ ਸਮੇਂ 'ਤੇ ਨਹੀਂ ਆ ਸਕਦਾ ਸੀ। ਹਫ਼ਤੇ ਦਾ ਕੋਈ ਵੀ ਦਿਨ ਸ਼ਾਨਦਾਰ ਹੁੰਦਾ, ਪਰ ਕ੍ਰਿਸਮਸ ਲਈ ਉੱਥੇ ਸੱਦਾ ਮਿਲਣਾ ਵਾਕਈ ਖ਼ਾਸ ਹੈ।"

"ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਹ ਕਹਾਂਗਾ, ਅਵਿਸ਼ਵਾਸ਼ਯੋਗ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)