ਫੌਜ ਵਿੱਚ ਅਫ਼ਸਰ ਬਣਨ ਲਈ ਕੀ ਕਰਨਾ ਪੈਂਦਾ ਹੈ, ਕਿਹੜੀਆਂ ਗਲ਼ਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਯੰਕਾ ਝਾਅ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਫੌਜ ਦੁਨੀਆ ਦੀਆਂ ਪੰਜ ਸਭ ਤੋਂ ਵੱਡੀਆਂ ਫੌਜਾਂ ਵਿੱਚੋਂ ਇੱਕ ਹੈ। ਇਹ ਕਹਿਣਾ ਹੈ ਵਰਲਡ ਪੌਪੂਲੇਸ਼ਨ ਰਿਵਿਊ ਦੀ ਰਿਪੋਰਟ ਦਾ, ਜੋ ਜਨਸੰਖਿਆ, ਅਰਥਵਿਵਸਥਾ, ਸਿਹਤ ਵਰਗੇ ਮੁਸ਼ਕਲ ਅਤੇ ਵੱਡੇ-ਵੱਡੇ ਅੰਕੜਿਆਂ ਨੂੰ ਆਸਾਨ ਬਣਾ ਕੇ ਪੇਸ਼ ਕਰਦੀ ਹੈ।
ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਨੌਸੈਨਾ ਨੂੰ ਮਿਲਾ ਦੇਈਏ ਤਾਂ ਸਾਲ 2024 ਤੱਕ ਭਾਰਤੀ ਫੌਜ ਵਿੱਚ ਕਰੀਬ 15 ਲੱਖ ਸਰਗਰਮ ਸੈਨਿਕ ਸਨ।
ਉਂਝ ਤਾਂ ਇੰਨੀ ਵੱਡੀ ਭਾਰਤੀ ਫੌਜ ਨਾਲ ਜੁੜਨ ਦੇ ਕਈ ਰਾਹ ਹਨ ਪਰ ਜੇ ਕਿਸੇ ਦੀ ਚਾਹ ਅਫ਼ਸਰ ਬਣਨ ਦੀ ਹੈ ਤਾਂ ਐਨਡੀਏ (ਨੈਸ਼ਨਲ ਡਿਫ਼ੈਂਸ ਅਕੈਡਮੀ) ਅਤੇ ਸੀਡੀਐਸ (ਕੰਬਾਈਨਡ ਡਿਫ਼ੈਂਸ ਸਰਵਿਸਿਜ਼) ਦੇ ਜ਼ਰੀਏ ਅਜਿਹਾ ਹੋ ਸਕਦਾ ਹੈ।
ਪਰ ਅਜਿਹਾ ਕੀ ਕੀਤਾ ਜਾਵੇ ਕਿ ਇਹ ਪ੍ਰੀਖਿਆਵਾਂ ਆਸਾਨੀ ਨਾਲ ਕ੍ਰੈਕ ਹੋ ਸਕਣ ਅਤੇ ਜਦੋਂ ਇਨ੍ਹਾਂ ਕੈਡਟਸ ਦੀ ਚੋਣ ਕੀਤੀ ਜਾਂਦੀ ਹੈ ਤਾਂ ਫੌਜ ਨੂੰ ਉਨ੍ਹਾਂ ਵਿੱਚ ਕਿਹੜੀਆਂ-ਕਿਹੜੀਆਂ ਖੂਬੀਆਂ ਦੀ ਤਲਾਸ਼ ਹੁੰਦੀ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਮੇਜਰ ਜਨਰਲ (ਸੇਵਾਮੁਕਤ) ਸੰਜੀਵ ਡੋਗਰਾ ਤੋਂ ਜਾਣੇ, ਜੋ ਸੇਵਾਮੁਕਤ ਹੋਣ ਤੋਂ ਪਹਿਲਾਂ ਐਨਡੀਏ ਵਿੱਚ ਡਿਪਟੀ ਕਮਾਂਡੈਂਟ ਅਤੇ ਚੀਫ਼ ਇੰਸਟਰਕਟਰ ਵਰਗੇ ਅਹੰਮ ਅਹੁਦਿਆਂ 'ਤੇ ਰਹਿ ਚੁੱਕੇ ਹਨ।
ਐਨਡੀਏ ਅਤੇ ਸੀਡੀਐਸ ਲਈ ਕੀ ਹੈ ਜ਼ਰੂਰੀ?

ਤਸਵੀਰ ਸਰੋਤ, Getty Images
ਐਨਡੀਏ ਅਤੇ ਸੀਡੀਐਸ ਦੇ ਜ਼ਰੀਏ ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਲਈ ਕੈਡਟਸ ਦੀ ਚੋਣ ਹੁੰਦੀ ਹੈ ਅਤੇ ਟ੍ਰੇਨਿੰਗ ਰਾਹੀਂ ਉਨ੍ਹਾਂ ਨੂੰ ਅਫ਼ਸਰ ਵਜੋਂ ਤਿਆਰ ਕੀਤਾ ਜਾਂਦਾ ਹੈ। ਐਨਡੀਏ ਟ੍ਰੇਨਿੰਗ ਇੰਸਟੀਚਿਊਟ ਪੁਣੇ ਦੇ ਖੜਕਵਾਸਲਾ ਵਿੱਚ ਹੈ।
ਐਨਡੀਏ ਅਤੇ ਸੀਡੀਐਸ ਦੋਵਾਂ ਲਈ ਸਾਲ ਵਿੱਚ ਦੋ ਵਾਰ ਐਂਟ੍ਰੈਂਸ ਟੈਸਟ ਹੁੰਦਾ ਹੈ, ਜੋ ਯੂਪੀਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਕਰਵਾਉਂਦਾ ਹੈ। ਐਨਡੀਏ ਦੀ ਪਹਿਲੀ ਪ੍ਰੀਖਿਆ ਦਾ ਨੋਟੀਫਿਕੇਸ਼ਨ ਜਨਵਰੀ ਵਿੱਚ ਅਤੇ ਦੂਜੀ ਦਾ ਜੂਨ ਵਿੱਚ ਜਾਰੀ ਹੁੰਦਾ ਹੈ। ਜਦਕਿ ਸੀਡੀਐਸ ਲਈ ਅਪ੍ਰੈਲ ਅਤੇ ਸਤੰਬਰ ਵਿੱਚ ਨੋਟੀਫਿਕੇਸ਼ਨ ਆਉਂਦੇ ਹਨ।
ਐਨਡੀਏ ਅਤੇ ਸੀਡੀਐਸ ਵਿੱਚ ਸਭ ਤੋਂ ਵੱਡਾ ਅੰਤਰ ਇਹੀ ਹੈ ਕਿ ਐਨਡੀਏ 12ਵੀਂ ਪਾਸ ਵਾਲਿਆਂ ਲਈ ਹੁੰਦੀ ਹੈ। ਇਸ ਦੀ ਪ੍ਰੀਖਿਆ ਸਾਢੇ 16 ਸਾਲ ਤੋਂ ਸਾਢੇ 19 ਸਾਲ ਦੀ ਉਮਰ ਦੇ ਅਣਵਿਆਹੇ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਸਕਦੇ ਹਨ। ਹਾਲਾਂਕਿ, ਫਾਰਮ 12ਵੀਂ ਕਲਾਸ ਵਿੱਚ ਰਹਿੰਦੇ ਹੋਏ ਵੀ ਭਰਿਆ ਜਾ ਸਕਦਾ ਹੈ ਅਤੇ ਲਿਖਤੀ ਪ੍ਰੀਖਿਆ ਵੀ ਦਿੱਤੀ ਜਾ ਸਕਦੀ ਹੈ।
ਇਸੇ ਤਰ੍ਹਾਂ, ਸੀਡੀਐਸ ਲਈ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਲਾਜ਼ਮੀ ਹੁੰਦੀ ਹੈ।
ਇਹੀ ਫ਼ਰਕ ਦੋਵਾਂ ਅਕੈਡਮੀਆਂ ਲਈ ਲੋੜੀਂਦੀਆਂ ਯੋਗਤਾਵਾਂ ਵਿੱਚ ਵੀ ਅੰਤਰ ਪੈਦਾ ਕਰਦਾ ਹੈ।
ਜਿਵੇਂ ਉਮਰ ਸੀਮਾ, ਸੀਡੀਐਸ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 19 ਸਾਲ ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਇਹ ਪ੍ਰੀਖਿਆ ਕੌਣ ਦੇ ਸਕਦਾ ਹੈ?

ਤਸਵੀਰ ਸਰੋਤ, Getty Images
ਐਨਡੀਏ ਦੀ ਪ੍ਰੀਖਿਆ ਦੇਣ ਲਈ ਉਮਰ ਤੋਂ ਇਲਾਵਾ ਇਹ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ:
- ਭਾਰਤ ਦਾ ਨਾਗਰਿਕ ਹੋਣਾ
- ਨੇਪਾਲ ਦਾ ਨਾਗਰਿਕ (ਕੁਝ ਸ਼ਰਤਾਂ ਦੇ ਨਾਲ)
- ਤਿਬਤੀ ਰਿਫ਼ਿਊਜੀ, ਜੋ 1 ਜਨਵਰੀ 1962 ਤੋਂ ਪਹਿਲਾਂ ਭਾਰਤ ਆਏ ਹੋਣ
- ਪਾਕਿਸਤਾਨ, ਬਰਮਾ, ਸ਼੍ਰੀਲੰਕਾ, ਕੇਨਿਆ, ਯੂਗਾਂਡਾ, ਤੰਜਾਨੀਆ, ਜ਼ਾਂਬੀਆ, ਇਥੀਓਪੀਆ ਜਾਂ ਵੀਅਤਨਾਮ ਤੋਂ ਭਾਰਤ ਵਿੱਚ ਸਥਾਈ ਤੌਰ 'ਤੇ ਰਹਿਣ ਦੇ ਇਰਾਦੇ ਨਾਲ ਪਰਵਾਸ ਕਰਕੇ ਆਏ ਹੋਏ ਭਾਰਤੀ ਮੂਲ ਦੇ ਲੋਕ
- ਸਮੁੰਦਰੀ ਫੌਜ ਅਤੇ ਹਵਾਈ ਫੌਜ ਲਈ 12ਵੀਂ ਵਿੱਚ ਫ਼ਿਜ਼ਿਕਸ, ਕੇਮਿਸਟਰੀ ਅਤੇ ਮੈਥਸ ਲਾਜ਼ਮੀ
- ਨੋਟੀਫਿਕੇਸ਼ਨ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਾ ਜ਼ਰੂਰੀ ਹੈ
- ਕੋਈ ਬੀਮਾਰੀ, ਸਿੰਡਰੋਮ ਜਾਂ ਅਪਾਹਜਤਾ ਨਾ ਹੋਵੇ
- ਜੇ ਕੋਈ ਉਮੀਦਵਾਰ ਪਹਿਲਾਂ ਸਸ਼ਸਤਰ ਬਲਾਂ ਦੀ ਕਿਸੇ ਟ੍ਰੇਨਿੰਗ ਅਕੈਡਮੀ ਤੋਂ ਅਨੁਸ਼ਾਸਨਾਤਮਕ ਕਾਰਵਾਈ ਕਾਰਨ ਅਸਤੀਫ਼ਾ ਦੇ ਚੁੱਕਾ ਹੋਵੇ, ਤਾਂ ਉਹ ਅਰਜ਼ੀ ਨਹੀਂ ਦੇ ਸਕਦਾ
ਸੀਡੀਐਸ ਦੀ ਪ੍ਰੀਖਿਆ ਵੀ ਸਾਲ ਵਿੱਚ ਦੋ ਵਾਰ ਹੁੰਦੀ ਹੈ ਅਤੇ ਇਹ ਵੀ ਯੂਪੀਐਸਸੀ ਹੀ ਕਰਵਾਉਂਦਾ ਹੈ। ਨਾਲ ਹੀ ਨਾਗਰਿਕਤਾ ਨਾਲ ਸੰਬੰਧਿਤ ਸ਼ਰਤਾਂ ਵੀ ਐਨਡੀਏ ਵਰਗੀਆਂ ਹੀ ਹੁੰਦੀਆਂ ਹਨ।
ਵਿਦਿਅਕ ਯੋਗਤਾਵਾਂ ਦੀ ਗੱਲ ਕਰੀਏ ਤਾਂ ਜੇ ਕੋਈ ਇੰਡੀਅਨ ਮਿਲਟਰੀ ਅਕੈਡਮੀ ਅਤੇ ਚੇੱਨਈ ਸਥਿਤ ਓਟੀਏ ਜਾਣਾ ਚਾਹੁੰਦਾ ਹੈ ਤਾਂ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
ਇੰਡੀਅਨ ਨੇਵਲ ਅਕੈਡਮੀ ਲਈ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਏਅਰ ਫ਼ੋਰਸ ਅਕੈਡਮੀ ਲਈ 12ਵੀਂ ਵਿੱਚ ਫ਼ਿਜ਼ਿਕਸ, ਕੇਮਿਸਟਰੀ, ਮੈਥਮੈਟਿਕਸ ਦੇ ਨਾਲ ਹੀ ਕੁਝ ਟੈਕਨੀਕਲ ਅਹੁਦਿਆਂ ਲਈ ਬੈਚਲਰਜ਼ ਇਨ ਇੰਜੀਨੀਅਰਿੰਗ ਹੋਣਾ ਲਾਜ਼ਮੀ ਹੈ।
ਪ੍ਰੀਖਿਆ ਵਿੱਚ ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਨੈਸ਼ਨਲ ਡਿਫ਼ੈਂਸ ਅਕੈਡਮੀ ਦੀ ਪ੍ਰਵੇਸ਼ ਜਾਂ ਐਂਟਰੈਸ ਪ੍ਰੀਖਿਆ ਵਿੱਚ ਪਹਿਲਾਂ ਲਿਖਤੀ ਪ੍ਰੀਖਿਆ ਹੁੰਦੀ ਹੈ ਅਤੇ ਫਿਰ ਇੰਟੈਲੀਜੈਂਸ ਅਤੇ ਪਰਸਨੈਲਟੀ ਟੈਸਟ ਹੁੰਦੇ ਹਨ।
ਲਿਖਤੀ ਦੋ ਪ੍ਰੀਖਿਆਵਾਂ ਹੁੰਦੀਆਂ ਹਨ:
- ਮੈਥਮੈਟਿਕਸ
- ਜਨਰਲ ਐਬਿਲਟੀ ਟੈਸਟ
ਸੀਡੀਐਸ ਲਈ ਲਿਖਤੀ ਪ੍ਰੀਖਿਆ ਹੁੰਦੀ ਹੈ ਅਤੇ ਫਿਰ ਇੰਟਰਵਿਊ, ਜਿਸ ਵਿੱਚ ਇੰਗਲਿਸ਼, ਆਮ ਗਿਆਨ ਅਤੇ ਮੁੱਢਲੇ ਗਣਿਤ ਦੀ ਪ੍ਰੀਖਿਆ ਸ਼ਾਮਲ ਹੈ। ਹਾਲਾਂਕਿ ਓਟੀਏ ਲਈ ਮੈਥਮੈਟਿਕਸ ਦੀ ਪ੍ਰੀਖਿਆ ਨਹੀਂ ਹੁੰਦੀ।
ਲਿਖਤੀ ਪ੍ਰੀਖਿਆ ਕਰਵਾਉਣ ਵਾਲਾ ਯੂਪੀਐਸਸੀ ਨਿਰਧਾਰਤ ਘੱਟੋ-ਘੱਟ ਕਵਾਲੀਫਾਇੰਗ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਦਾ ਹੈ।
ਇਸ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਨੂੰ ਇੰਟੈਲੀਜੈਂਸ ਅਤੇ ਪਰਸਨੈਲਟੀ ਟੈਸਟ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਹੈ। ਐੱਸਐੱਸਬੀ ਪੰਜ ਦਿਨਾਂ ਤੱਕ ਚੱਲਣ ਵਾਲੀ ਪ੍ਰਕਿਰਿਆ ਹੈ।
ਸੀਡੀਐਸ ਓਟੀਏ ਦੇ ਕੈਡੇਟਸ ਸ਼ਾਰਟ ਸਰਵਿਸ ਕਮਿਸ਼ਨ ਕੋਲ ਜਾਂਦੇ ਹਨ। ਉਨ੍ਹਾਂ ਦੀ ਸੇਵਾ 10 ਸਾਲ ਲਈ ਹੁੰਦੀ ਹੈ। ਹਾਲਾਂਕਿ ਜੇ ਕੋਈ ਇਸ ਤੋਂ ਬਾਅਦ ਵੀ ਪਰਮਾਨੈਂਟ ਕਮਿਸ਼ਨ ਲੈਣਾ ਚਾਹੇ ਤਾਂ ਉਹ ਇਸ ਦੇ ਲਈ ਅਰਜ਼ੀ ਦੇ ਸਕਦਾ ਹੈ।

ਐਨਡੀਏ ਲਈ ਤਿੰਨ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਕੈਡੇਟਸ ਨੂੰ ਉਸ ਅਕੈਡਮੀ ਵਿੱਚ ਟ੍ਰੇਨਿੰਗ ਕਰਨੀ ਪੈਂਦੀ ਹੈ, ਜਿਸ ਲਈ ਉਹ ਚੁਣੇ ਜਾਂਦੇ ਹਨ। ਐਨਡੀਏ ਕੈਡੇਟਸ ਲਈ ਇਹ ਟ੍ਰੇਨਿੰਗ ਇੱਕ ਸਾਲ ਦੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਐਨਡੀਏ ਕੈਡੇਟ ਪੂਰੇ ਚਾਰ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਕਮਿਸ਼ਨਡ ਅਫ਼ਸਰ ਬਣਦੇ ਹਨ।
ਸੀਡੀਐਸ ਦੀ ਟ੍ਰੇਨਿੰਗ ਕਿੰਨੀ ਲੰਬੀ ਹੋਵੇਗੀ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਟ੍ਰੇਨਿੰਗ ਕਿਸ ਅਕੈਡਮੀ ਵਿੱਚ ਹੋ ਰਹੀ ਹੈ। ਜਿਵੇਂ ਇੰਡਿਅਨ ਮਿਲਟਰੀ ਅਕੈਡਮੀ (ਆਈਐੱਮਏ), ਇੰਡਿਅਨ ਨੇਵਲ ਅਕੈਡਮੀ (ਆਈਐੱਨਏ) ਅਤੇ ਏਅਰ ਫ਼ੋਰਸ ਅਕੈਡਮੀ ਵਿੱਚ 18 ਮਹੀਨੇ ਅਤੇ ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਲਗਭਗ 11 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ।
ਜਿਹੜੇ ਕੈਡੇਟ ਆਰਮੀ ਲਈ ਚੁਣੇ ਜਾਂਦੇ ਹਨ, ਉਹ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਜਾਂਦੇ ਹਨ, ਵਾਯੂ ਸੈਨਾ ਵਾਲੇ ਏਅਰ ਫ਼ੋਰਸ ਅਕੈਡਮੀ (ਏਐੱਫ਼ਏ) ਅਤੇ ਨੌਸੈਨਾ ਵਾਲੇ ਇੰਡਿਅਨ ਨੇਵਲ ਅਕੈਡਮੀ (ਆਈਐੱਨਏ) ਜਾਂਦੇ ਹਨ।
ਐਨਡੀਏ ਦੀ ਟ੍ਰੇਨਿੰਗ ਪੂਰੀ ਹੋਣ 'ਤੇ ਜਵਾਹਰਲਾਲ ਨੇਹਰੂ ਯੂਨੀਵਰਸਿਟੀ ਤੋਂ ਬੈਚਲਰਜ਼ ਡਿਗਰੀ ਵੀ ਮਿਲਦੀ ਹੈ। ਸੀਡੀਐਸ ਕਰਨ ਵਾਲਿਆਂ ਨੂੰ ਵੀ ਮੈਨੇਜਮੈਂਟ ਕੋਰਸ ਦਾ ਡਿਪਲੋਮਾ ਦਿੱਤਾ ਜਾਂਦਾ ਹੈ।
ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ?

ਤਸਵੀਰ ਸਰੋਤ, Getty Images
ਭਰਤੀ ਇੱਕ ਲਿਖਤੀ ਪ੍ਰੀਖਿਆ, ਐਸਐਸਬੀ ਇੰਟਰਵਿਊ/ਪਰਸਨੈਲਿਟੀ ਟੈਸਟ, ਦਸਤਾਵੇਜਾਂ ਦੀ ਤਸਦੀਕ, ਅਤੇ ਡਾਕਟਰੀ ਜਾਂਚ 'ਤੇ ਅਧਾਰ 'ਤੇ ਹੁੰਦੀ ਹੈ।
ਇਹ ਤਾਂ ਹਨ ਉਹ ਚੀਜ਼ਾਂ ਹਨ ਜੋ ਐਨਡੀਏ ਵਿੱਚ ਭਰਤੀ ਹੋਣ ਤੋਂ ਪਹਿਲਾਂ ਜ਼ਰੂਰੀ ਹਨ। ਪਰ ਜੋ ਲੋਕ ਐਨਡੀਏ ਲਈ ਕੈਡੇਟਸ ਦੀ ਚੋਣ ਕਰਦੇ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਹੁਨਰ ਚਾਹੀਦਾ ਹੈ।
ਇਹ ਪੁੱਛੇ ਜਾਣ 'ਤੇ ਮੇਜਰ ਜਨਰਲ (ਸੇਵਾਮੁਕਤ) ਸੰਜੀਵ ਡੋਗਰਾ ਨੇ ਸਮਝਾਇਆ ਕਿ ਚੋਣ ਦੌਰਾਨ ਨਾ ਸਿਰਫ਼ ਪੜ੍ਹਾਈ, ਸਗੋਂ ਲੀਡਰਸ਼ਿਪ ਵਾਲੇ ਗੁਣ ਵੀ ਦੇਖੇ ਜਾਂਦੇ ਹਨ, ਕਿਉਂਕਿ ਇਹ ਕੈਡੇਟਸ ਅੱਗੇ ਚੱਲ ਕੇ ਮਿਲਿਟ੍ਰੀ ਲੀਡਰ ਬਣਨਗੇ।
ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਲੀਡਰਸ਼ਿਪ ਗੁਣਾਂ ਦਾ ਮੁਲਾਂਕਣ ਤਿੰਨ ਪਹਿਲੂਆਂ 'ਤੇ ਕੀਤਾ ਜਾਂਦਾ ਹੈ:
- ਲੀਡਰ ਕੀ ਹੈ : ਕੈਡੇਟ ਵਿੱਚ ਨੈਤਿਕਤਾ ਅਤੇ ਇਮਾਨਦਾਰੀ ਵਰਗੇ ਸ਼ਖਸੀਅਤ ਦੇ ਅਹਿਮ ਗੁਣਾਂ ਨੂੰ ਦੇਖਿਆ ਜਾਂਦਾ ਹੈ।
- ਲੀਡਰ ਕੀ ਜਾਣਦਾ ਹੈ: ਭਾਵ ਉਨ੍ਹਾਂ ਦਾ ਨਾਲੇਜ ਬੇਸ ਕੀ ਹੈ, ਕਰੰਟ ਅਫੇਅਰਜ਼ 'ਤੇ ਉਨ੍ਹਾਂ ਦੀ ਕਿੰਨੀ ਪਕੜ ਹੈ, ਅਤੇ ਕਿੰਨੀ ਜਨਰਲ ਅਵੇਅਰਨੈਸ ਹੈ।
- ਲੀਡਰ ਕੀ ਕਰਦਾ ਹੈ: ਉਨ੍ਹਾਂ ਦੇ ਵਿਵਹਾਰ ਅਤੇ ਪ੍ਰੀਖਿਆ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ-ਜਿਹਾ ਹੈ।
ਇਸ ਮੁਲਾਂਕਣ ਦੇ ਤਿੰਨ ਤਰੀਕੇ ਹਨ:
- ਜਿਵੇਂ ਕੈਡੇਟ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹ ਜਾਣਨ ਲਈ ਮਨੋਵਿਗਿਆਨਕ ਟੈਸਟ
- ਵਿਵਹਾਰ ਅਤੇ ਟੀਮ ਵਰਕ ਭਾਵਨਾ ਦਾ ਮੁਲਾਂਕਣ ਕਰਨ ਲਈ ਸਮੂਹ ਕਾਰਜ
- ਬੋਲਚਾਲ ਅਤੇ ਵਿਚਾਰ ਜਾਣਨ ਲਈ ਨਿੱਜੀ ਇੰਟਰਵਿਊ
ਜੋ ਕੈਡੇਟ ਇਨ੍ਹਾਂ ਸਾਰੇ ਟੈਸਟਾਂ ਨੂੰ ਪਾਸ ਕਰ ਜਾਂਦੇ ਹਨ, ਉਨ੍ਹਾਂ ਦੀ ਮੈਡੀਕਲ ਫਿਟਨੈਸ ਦੇਖੀ ਜਾਂਦੀ ਹੈ।
ਅੰਤ ਵਿੱਚ, ਲਿਖਤੀ ਅਤੇ ਐਸਐਸਬੀ ਸਕੋਰਾਂ ਨੂੰ ਜੋੜ ਕੇ ਇੱਕ ਮੈਰਿਟ ਲਿਸਟ ਤਿਆਰ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਹਵਾਈ ਸੈਨਾ, ਜਲ ਸੈਨਾ ਅਤੇ ਫੌਜ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਕੈਡੇਟਸ ਚੁਣੇ ਜਾਂਦੇ ਹਨ।
ਤਿਆਰੀ ਲਈ ਕੀ ਕਰੀਏ?

ਤਸਵੀਰ ਸਰੋਤ, Getty Images
ਸੰਜੀਵ ਡੋਗਰਾ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੂੰ ਟੌਪਰ ਨਹੀਂ ਚਾਹੀਦੇ, ਬਲਕਿ ਉਸਨੂੰ ਜ਼ਿੰਮੇਵਾਰ ਅਤੇ ਅਨੁਸ਼ਾਸਿਤ ਉਮੀਦਵਾਰ ਚਾਹੀਦੇ ਹਨ।
ਉਹ ਕਹਿੰਦੇ ਹਨ ਕਿ ਤੁਸੀਂ ਜੋ ਹੋ, ਉਹੀ ਬਣੇ ਰਹੋ। ਆਪਣੇ ਵਿਵਹਾਰ 'ਚ ਅਜਿਹਾ ਕੋਈ ਪੱਖ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਜੋ ਅਸਲ ਵਿੱਚ ਤੁਹਾਡੇ ਵਿਅਕਤਿਤਵ ਦਾ ਹਿੱਸਾ ਨਹੀਂ ਹੈ।
ਇਸ ਲਈ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਸੱਚੇ, ਇਮਾਨਦਾਰ ਅਤੇ ਜ਼ਿੰਮੇਵਾਰ ਬਣਨ। ਮਿਹਨਤੀ ਅਤੇ ਅਨੁਸ਼ਾਸਿਤ ਰਹਿਣ। ਕੋਈ ਹੌਬੀ (ਸੌਂਕ) ਬਣਾਉਣ ਅਤੇ ਕਿਸੇ ਖੇਡ ਵਿੱਚ ਰੁਚੀ ਪੈਦਾ ਕਰਨ।
ਕਿਤਾਬਾਂ ਪੜ੍ਹਨ, ਲੋਕਾਂ ਨਾਲ ਜੁੜਨ ਅਤੇ ਮੋਬਾਈਲ ਸਕ੍ਰੋਲ ਕਰਦੇ ਹੋਏ ਆਪਣਾ ਸਮਾਂ ਬਰਬਾਦ ਨਾ ਕਰਨ।
ਸੰਜੀਵ ਡੋਗਰਾ ਕਹਿੰਦੇ ਹਨ ਕਿ "ਫੌਜ ਵਿੱਚ ਆਉਣ ਦਾ ਸੁਪਨਾ ਦੇਖਣ ਵਾਲਾ ਹਰ ਬੱਚਾ ਅੱਜ ਤੋਂ ਹੀ ਲੀਡਰ ਵਾਂਗ ਵਿਵਹਾਰ ਕਰਨਾ ਸ਼ੁਰੂ ਕਰੇ। ਨੈਤਿਕ ਮੁੱਲਾਂ ਨੂੰ ਅਪਣਾਵੇ ਅਤੇ ਆਪਣੀ ਪੂਰੀ ਸ਼ਖਸੀਅਤ ਦੇ ਬਿਹਤਰ ਵਿਕਾਸ 'ਤੇ ਧਿਆਨ ਦੇਵੇ।"
ਸੰਜੀਵ ਡੋਗਰਾ ਦੇ ਅਨੁਸਾਰ, ਜੇ ਕੋਈ ਚੰਗਾ ਇਨਸਾਨ ਹੈ ਤਾਂ ਇਹ ਗੱਲ ਇੰਟਰਵਿਊ ਦੌਰਾਨ ਸਿਲੈਕਟਰਾਂ ਤੱਕ ਪਹੁੰਚਣੀ ਵੀ ਚਾਹੀਦੀ ਹੈ। ਕਿਉਂਕਿ ਫੌਜ ਦੀ ਟ੍ਰੇਨਿੰਗ ਅਜਿਹੀ ਹੁੰਦੀ ਹੈ ਕਿ ਉਹ ਕਿਸੇ ਨੂੰ ਵੀ ਆਪਣੇ ਹਿਸਾਬ ਨਾਲ ਢਾਲ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਕੈਡੇਟਸ ਨੂੰ ਆਪਣੀ ਗੱਲ ਸਿੱਧੀ ਅਤੇ ਸਾਫ਼ ਤਰੀਕੇ ਨਾਲ ਰੱਖਣੀ ਆਉਂਦੀ ਹੋਵੇ।
ਕੀ ਹੁੰਦੀ ਹੈ ਫ਼ੀਸ ਅਤੇ ਗ੍ਰੋਥ?

ਤਸਵੀਰ ਸਰੋਤ, Getty Images
ਐਨਡੀਏ ਰਾਹੀਂ ਫੌਜ ਵਿੱਚ ਗਏ ਇੱਕ ਅਫ਼ਸਰ ਨੇ ਦੱਸਿਆ ਕਿ ਐਨਡੀਏ ਅਤੇ ਸੀਡੀਐਸ ਦੋਵਾਂ ਦੀ ਟ੍ਰੇਨਿੰਗ ਲਈ ਕੋਈ ਫ਼ੀਸ ਨਹੀਂ ਦੇਣੀ ਪੈਂਦੀ। ਸਰਕਾਰ ਹੀ ਕੈਡੇਟਸ ਦੀ ਟ੍ਰੇਨਿੰਗ, ਰਹਿਣ-ਖਾਣ ਅਤੇ ਮੈਡੀਕਲ ਇਲਾਜ ਵਰਗੇ ਸਾਰੇ ਖਰਚੇ ਚੁੱਕਦੀ ਹੈ।
ਹਾਂ, ਪਰ ਇਸ ਸਾਲ ਦੀ ਐਨਡੀਏ ਪ੍ਰੀਖਿਆ ਲਈ ਜੋ ਨੋਟੀਫਿਕੇਸ਼ਨ ਜਾਰੀ ਹੋਈ ਸੀ ਉਸ ਦੇ ਮੁਤਾਬਕ, ਕੈਡੇਟਸ ਨੂੰ ਤਿੰਨ ਸਾਲ ਦੀ ਟ੍ਰੇਨਿੰਗ ਦੌਰਾਨ ਕੱਪੜਿਆਂ, ਪੌਕੇਟ ਅਲਾਊਂਸ, ਗਰੁੱਪ ਇੰਸ਼ੋਰੈਂਸ ਫੰਡ ਆਦਿ ਲਈ ਲਗਭਗ 35 ਹਜ਼ਾਰ ਰੁਪਏ ਅਕੈਡਮੀ ਨੂੰ ਦੇਣੇ ਹੁੰਦੇ ਹਨ।
ਪਰ ਐਨਡੀਏ ਦੀ ਟ੍ਰੇਨਿੰਗ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ, ਜਦੋਂ ਕੈਡੇਟ ਸਪੈਸ਼ਲਾਈਜ਼ਡ ਅਕੈਡਮੀ ਵਿੱਚ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਸਟਾਈਪੈਂਡ ਵਜੋਂ ਇੱਕ ਰਕਮ ਮਿਲਦੀ ਹੈ। ਸੀਡੀਐਸ ਦੇ ਟ੍ਰੇਨੀ ਲਈ ਵੀ ਇਹੀ ਨਿਯਮ ਹੈ।
ਸੀਡੀਐਸ ਅਤੇ ਐਨਡੀਏ ਦੋਵਾਂ ਦੇ ਟ੍ਰੇਨੀਜ਼ ਨੂੰ ਸਟਾਈਪੈਂਡ ਵਜੋਂ ਹਰ ਮਹੀਨੇ ਲਗਭਗ 56 ਹਜ਼ਾਰ ਰੁਪਏ ਮਿਲਦੇ ਹਨ।
ਹਾਲਾਂਕਿ, ਫੌਜ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸੀਡੀਐਸ ਦੇ ਮੁਕਾਬਲੇ ਐਨਡੀਏ ਲਈ ਐਸਐਸਬੀ ਕ੍ਰੈਕ ਕਰਨਾ ਕੁਝ ਹੱਦ ਤੱਕ ਸੌਖਾ ਹੁੰਦਾ ਹੈ।
ਉਨ੍ਹਾਂ ਕਿਹਾ,"ਇਸ ਦਾ ਕਾਰਨ ਇਹ ਹੈ ਕਿ ਐਨਡੀਏ ਕੈਡੇਟਸ ਦੀ ਉਮਰ ਘੱਟ ਹੁੰਦੀ ਹੈ। ਜ਼ਾਹਿਰ ਹੈ ਕਿ ਉਨ੍ਹਾਂ ਵਿੱਚ ਮੈਚਿਊਰਿਟੀ ਵੀ ਸੀਡੀਐਸ ਕੈਡੇਟਸ ਦੇ ਮੁਕਾਬਲੇ ਘੱਟ ਹੁੰਦੀ ਹੈ ਅਤੇ ਇਸਦੇ ਨਾਲ ਹੀ ਗਲਤੀ ਦੀ ਗੁੰਜਾਇਸ਼ ਵੀ ਸੀਡੀਐਸ ਵਾਲਿਆਂ ਲਈ ਘੱਟ ਰਹਿ ਜਾਂਦੀ ਹੈ।"
ਕੈਡੇਟਸ ਦੀ ਪਹਿਲੀ ਕਮਿਸ਼ਨਿੰਗ ਲੈਫ਼ਟਿਨੈਂਟ ਦੇ ਅਹੁਦੇ 'ਤੇ ਹੁੰਦੀ ਹੈ।
ਹੁਣ ਜੇ ਇਹ ਪੁੱਛਿਆ ਜਾਵੇ ਕਿ ਸੀਡੀਐਸ ਅਤੇ ਐਨਡੀਏ ਵਿੱਚੋਂ ਗ੍ਰੋਥ ਦੇ ਹਿਸਾਬ ਨਾਲ ਕਿਹੜਾ ਬਿਹਤਰ ਹੈ, ਤਾਂ ਆਮ ਤੌਰ 'ਤੇ ਐਨਡੀਏ ਨੂੰ ਇਸ ਮਾਮਲੇ ਵਿੱਚ ਅੱਗੇ ਮੰਨਿਆ ਜਾਂਦਾ ਹੈ।
ਇਸ ਪਿੱਛੇ ਤਰਕ ਇਹ ਹੈ ਕਿ ਐਨਡੀਏ ਰਾਹੀਂ ਜਾਣ ਵਾਲੇ ਕੈਡੇਟਸ ਦੀ ਉਮਰ ਘੱਟ ਹੁੰਦੀ ਹੈ ਅਤੇ ਪ੍ਰਮੋਸ਼ਨ ਰਾਹੀਂ ਉੱਚੇ ਰੈਂਕ ਤੱਕ ਪਹੁੰਚਣ ਲਈ ਉਨ੍ਹਾਂ ਕੋਲ ਸੀਡੀਐਸ ਕੈਡਟਸ ਦੇ ਮੁਕਾਬਲੇ ਲਗਭਗ ਤਿੰਨ ਤੋਂ ਚਾਰ ਸਾਲ ਦਾ ਸਮਾਂ ਜ਼ਿਆਦਾ ਹੁੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












