ਹਰਿਤਾ ਦਿਓਲ: ਪੰਜਾਬਣ, ਜਿਸ ਨੇ ਏਅਰ ਫੋਰਸ 'ਚ ਪਾਇਲਟ ਬਣ ਕੇ ਰਚਿਆ ਸੀ ਇਤਿਹਾਸ, ਮਹਿਜ਼ 25 ਸਾਲ ਦੀ ਉਮਰ ਵਿੱਚ ਜਹਾਜ਼ ਹਾਦਸੇ ਨੇ ਲਈ ਜਾਨ

ਹਰਿਤਾ ਕੌਰ ਦਿਓਲ

ਤਸਵੀਰ ਸਰੋਤ, Deol Family

ਤਸਵੀਰ ਕੈਪਸ਼ਨ, ਹਰਿਤਾ ਕੌਰ ਦਿਓਲ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਕਦੇ ਉਸ ਨੂੰ ਮਲਾਲ ਹੁੰਦਾ ਸੀ ਕਿ ਭਾਰਤੀ ਡਿਫ਼ੈਂਸ ਸੇਵਾਵਾਂ ਵਿੱਚ ਔਰਤਾਂ ਨੂੰ ਮੈਡੀਕਲ ਤੋਂ ਇਲਾਵਾ ਹੋਰ ਵਿਭਾਗਾਂ ਵਿੱਚ ਸੇਵਾ ਨਿਭਾਉਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ।

ਪਰ ਜਦੋਂ ਸਾਲ 1991 ਤੋਂ ਭਾਰਤੀ ਡਿਫ਼ੈਂਸ ਸੇਵਾਵਾਂ ਨੇ ਔਰਤਾਂ ਲਈ ਹੋਰ ਮੌਕੇ ਖੋਲ੍ਹਣੇ ਸ਼ੁਰੂ ਕੀਤੇ ਅਤੇ ਭਾਰਤੀ ਏਅਰ ਫੋਰਸ ਨੇ ਪਹਿਲੀ ਵਾਰ ਮਹਿਲਾ ਪਾਇਲਟਾਂ ਨੂੰ ਭਰਤੀ ਹੋਣ ਦਾ ਮੌਕਾ ਦਿੱਤਾ, ਤਾਂ ਉਹ ਨਾ ਸਿਰਫ਼ ਉਸ ਪਹਿਲੇ ਬੈਚ ਦਾ ਹਿੱਸਾ ਬਣੀ ਸਗੋਂ ਇਕੱਲੀ ਉਡਾਣ ਭਰਨ ਵਾਲੀ ਭਾਰਤੀ ਏਅਰ ਫੋਰਸ ਦੀ ਪਹਿਲੀ ਮਹਿਲਾ ਪਾਇਲਟ ਬਣ ਕੇ ਇਤਿਹਾਸ ਵੀ ਸਿਰਜਿਆ।

ਉਸ ਜਾਬਾਂਜ਼ ਔਰਤ ਦਾ ਨਾਮ ਸੀ ਹਰਿਤਾ ਕੌਰ ਦਿਓਲ।

ਪਿਛੋਕੜ ਅਤੇ ਜਨਮ

ਹਰਿਤਾ

ਤਸਵੀਰ ਸਰੋਤ, Deol Family

ਤਸਵੀਰ ਕੈਪਸ਼ਨ, ਹਰਿਤਾ ਦੇ ਨਾਨਕੇ ਅਤੇ ਦਾਦਕੇ ਦੋਵਾਂ ਪਰਿਵਾਰਾਂ ਦੇ ਕਈ ਮੈਂਬਰ ਭਾਰਤੀ ਫ਼ੌਜ ਦਾ ਹਿੱਸਾ ਹਨ

ਹਰਿਤਾ ਕੌਰ ਦਿਓਲ ਦਾ ਜਨਮ 10 ਨਵੰਬਰ 1971 ਵਿੱਚ ਅੰਬਾਲਾ ਦੇ ਕੈਂਟ ਖੇਤਰ ਵਿੱਚ ਹੋਇਆ ਸੀ। ਉਸ ਦੇ ਪਿਤਾ ਕਰਨਲ ਰਵਿੰਦਰ ਸਿੰਘ ਦਿਓਲ (ਰਿਟਾਇਰਡ) ਉਸ ਵੇਲੇ ਅੰਬਾਲਾ ਛਾਉਣੀ ਵਿੱਚ ਸੇਵਾ ਨਿਭਾ ਰਹੇ ਸੀ।

ਹਰਿਤਾ ਦੀ ਮਾਂ ਕਮਲਜੀਤ ਦਿਓਲ ਨੇ ਦੱਸਿਆ ਕਿ ਜਦੋਂ ਹਰਿਤਾ ਦਾ ਜਨਮ ਹੋਇਆ ਤਾਂ ਕੁਝ ਦਿਨਾਂ ਬਾਅਦ ਹੀ ਦਸੰਬਰ ਵਿੱਚ ਭਾਰਤ- ਪਾਕਿਸਤਾਨ ਜੰਗ ਸ਼ੁਰੂ ਹੋ ਗਈ ਸੀ।

ਕਮਲਜੀਤ ਦਿਓਲ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਹਰਿਤਾ ਕੁਝ ਕ ਦਿਨਾਂ ਦੀ ਹੀ ਸੀ ਅਤੇ ਮੈਂ ਉਸ ਨੂੰ ਲੈ ਕੇ ਛੱਤ 'ਤੇ ਖੜ੍ਹੀ ਸੀ। ਹਵਾਈ ਲੜਾਈ ਜਾਰੀ ਸੀ। ਹਰਿਤਾ ਦਾ ਏਅਰ ਫੋਰਸ ਨਾਲ ਉਹ ਪਹਿਲਾ ਤਜਰਬਾ ਸੀ।"

ਹਰਿਤਾ ਦੀ ਮਾਂ ਨੇ ਸਾਨੂੰ ਦੱਸਿਆ ਕਿ ਹਰਿਤਾ ਦੇ ਨਾਨਕੇ ਅਤੇ ਦਾਦਕੇ ਪਰਿਵਾਰ ਵਿੱਚੋਂ ਜ਼ਿਆਦਾਤਰ ਜੀਅ ਫ਼ੌਜ ਜਾਂ ਏਅਰ ਫੋਰਸ ਵਿੱਚ ਸਨ ਅਤੇ ਉਹ ਜੰਗ 'ਤੇ ਗਏ ਹੋਏ ਸਨ।

ਵੀਡੀਓ ਕੈਪਸ਼ਨ, ਹਰਿਤਾ ਦਿਓਲ: ਪੰਜਾਬਣ, ਜਿਸ ਨੇ ਏਅਰ ਫੋਰਸ 'ਚ ਪਾਇਲਟ ਬਣ ਕੇ ਰਚਿਆ ਸੀ ਇਤਿਹਾਸ

ਕਮਲਜੀਤ ਦਿਓਲ ਨੇ ਦੱਸਿਆ ਕਿ ਹਰਿਤਾ ਦਾ ਦਾਦਕਾ ਪਰਿਵਾਰ ਮੰਡੀ ਗੋਬਿੰਦਗੜ੍ਹ ਨੇੜਲੇ ਇੱਕ ਪਿੰਡ ਨਾਲ ਸਬੰਧ ਰੱਖਦਾ ਹੈ ਅਤੇ ਨਾਨਕੇ ਪਰਿਵਾਰ ਦਾ ਪਿਛੋਕੜ ਬਠਿੰਡਾ ਦੇ ਮਹਿਰਾਜ ਪਿੰਡ ਤੋਂ ਹੈ। ਪਰ ਦੋਵੇਂ ਪਰਿਵਾਰ ਲੰਬੇ ਸਮੇਂ ਤੋਂ ਚੰਡੀਗੜ੍ਹ ਰਹਿ ਰਹੇ ਹਨ।

ਹਰਿਤਾ ਦਾ ਪਾਲਣ-ਪੋਸ਼ਣ ਚੰਡੀਗੜ੍ਹ ਵਿੱਚ ਹੀ ਹੋਇਆ ਸੀ। ਪਰ ਪਿਤਾ ਫ਼ੌਜ ਵਿੱਚ ਹੋਣ ਕਾਰਨ ਹਰਿਤਾ ਦਾ ਬਚਪਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੀਤਿਆ। ਕਈ ਸਕੂਲ ਵੀ ਬਦਲੇ।

ਜਦੋਂ ਪਿਤਾ ਦੀ ਕਿਸੇ ਖ਼ਾਸ ਡਿਊਟੀ ਕਾਰਨ ਪਰਿਵਾਰ ਨਾਲ ਨਹੀਂ ਜਾ ਸਕਦਾ ਸੀ ਤਾਂ ਉਹ ਨਾਨਕੇ ਘਰ ਰਹਿੰਦੇ ਸੀ। ਜਿਸ ਕਾਰਨ ਹਰਿਤਾ ਦੀ ਸ਼ਖਸੀਅਤ 'ਤੇ ਨਾਨਾ-ਨਾਨੀ ਦਾ ਬਹੁਤ ਪ੍ਰਭਾਵ ਸੀ।

ਹਰਿਤਾ ਦੇ ਸੁਭਾਅ ਵਿੱਚ ਬਚਪਨ ਤੋਂ ਹੀ ਨਿਡਰਤਾ ਸੀ ਅਤੇ ਉਹ ਮਿਲਾਪੜੇ ਸੁਭਾਅ ਦੀ ਮਾਲਕ ਸੀ।

ਏਅਰਫੋਰਸ ਵਿੱਚ ਸ਼ਾਮਲ ਹੋਣ ਦਾ ਸਫ਼ਰ

ਹਰਿਤਾ ਕੌਰ ਆਪਣੇ ਬੈਚ ਨਾਲ

ਤਸਵੀਰ ਸਰੋਤ, Deol Family

ਤਸਵੀਰ ਕੈਪਸ਼ਨ, ਹਰਿਤਾ ਕੌਰ ਆਪਣੇ ਬੈਚ ਦੀਆਂ ਹੋਰ ਪਾਇਲਟ ਮੈਂਬਰਾਂ ਨਾਲ

ਕਮਲਜੀਤ ਦਿਓਲ ਦੱਸਦੇ ਹਨ ਕਿ ਜਦੋਂ ਹਰਿਤਾ ਨੇ ਹੋਸ਼ ਸੰਭਾਲਣੀ ਸ਼ੁਰੂ ਕੀਤੀ, ਤਾਂ ਕਈ ਵਾਰ ਮਲਾਲ ਕਰਦੀ ਸੀ ਕਿ ਭਾਰਤੀ ਡਿਫ਼ੈਂਸ ਸੇਵਾਵਾਂ ਵਿੱਚ ਕੁੜੀਆਂ ਲਈ ਡਾਕਟਰੀ ਤੋਂ ਇਲਾਵਾ ਹੋਰ ਮੌਕੇ ਕਿਉਂ ਨਹੀਂ ਹਨ।

ਉਨ੍ਹਾਂ ਦੱਸਿਆ, "ਮੈਨੂੰ ਯਾਦ ਹੈ ਇੱਕ ਵਾਰ ਹਰਿਤਾ ਕੋਈ ਵਿਦੇਸ਼ੀ ਫ਼ਿਲਮ ਦੇਖ ਰਹੀ ਸੀ, ਜਿਸ ਵਿੱਚ ਇੱਕ ਔਰਤ ਪਾਇਲਟ ਦਾ ਕਿਰਦਾਰ ਸੀ। ਉਸ ਨੇ ਕਿਹਾ ਕਿ ਬਹੁਤ ਖੁਸ਼ਕਿਸਮਤ ਕੁੜੀਆਂ ਹਨ ਜਿਨ੍ਹਾਂ ਨੂੰ ਇਸ ਦੀ ਇਜਾਜ਼ਤ ਹੈ, ਆਪਣੇ ਦੇਸ਼ ਵਿੱਚ ਵੀ ਇਹ ਹੋਣਾ ਚਾਹੀਦਾ ਹੈ।"

ਫਿਰ ਸਮਾਂ ਬੀਤਣ ਨਾਲ ਹਰਿਤਾ ਡਿਫੈਂਸ ਵਿੱਚ ਡਾਕਟਰ ਆਪਣੀ ਇੱਕ ਮਾਸੀ ਤੋਂ ਪ੍ਰੇਰਿਤ ਹੋ ਕੇ ਡਾਕਟਰ ਬਣਨ ਦੀ ਇੱਛਾ ਰੱਖਣ ਲੱਗੀ। ਪਰ ਪੇਪਰ ਪਾਸ ਨਾ ਹੋ ਸਕਣ ਕਾਰਨ ਉਹ ਡਾਕਟਰ ਨਹੀਂ ਬਣ ਸਕੀ।

ਨਵੰਬਰ 1992 ਦੀ ਇੱਕ ਸਵੇਰ ਅਖਬਾਰ ਵਿੱਚ ਇਸ਼ਤਿਹਾਰ ਆਇਆ ਜਿਸ ਵਿੱਚ ਪਹਿਲੀ ਵਾਰ ਭਾਰਤੀ ਹਵਾਈ ਫ਼ੌਜ ਵਿੱਚ ਮਹਿਲਾ ਪਾਇਲਟਾਂ ਦੀ ਭਰਤੀ ਦੇ ਮੌਕੇ ਬਾਰੇ ਦੱਸਿਆ ਗਿਆ। ਹਰਿਤਾ ਦੇ ਨਾਨਾ ਜੀ ਨੇ ਉਸ ਨੂੰ ਅਖ਼ਬਾਰ ਦਿਖਾਇਆ।

ਕਮਲਜੀਤ ਦਿਓਲ ਨੇ ਸਾਨੂੰ ਦੱਸਿਆ ਕਿ ਜਿਸ ਸਵੇਰ ਉਹ ਇਸ਼ਤਿਹਾਰ ਅਖਬਾਰ ਵਿੱਚ ਆਇਆ, ਉਸ ਦਿਨ ਹਰਿਤਾ ਦਾ ਇੱਕੀਵਾਂ ਜਨਮ ਦਿਨ ਸੀ।

ਹਰਿਤਾ ਨੇ ਪੂਰਾ ਇੱਕ ਹਫ਼ਤਾ ਇਸ ਬਾਰੇ ਸੋਚਿਆ ਅਤੇ ਆਪਣੀ ਮਾਂ ਨੂੰ ਪੁੱਛਿਆ, "ਜੇ ਮੈਂ ਚੁਣੀ ਗਈ ਤਾਂ ਤੁਹਾਨੂੰ ਬੁਰਾ ਤਾਂ ਨਹੀਂ ਲੱਗੇਗਾ ਨਾ?"

ਉਸ ਦੀ ਮਾਂ ਨੇ ਕਿਹਾ, "ਹਾਲੇ ਤਾਂ ਅਪਲਾਈ ਕਰੋ, ਫਿਰ ਪ੍ਰੀਖਿਆ ਹੋਣੀ ਹੈ, ਇੰਨਾ ਸੌਖਾ ਨਹੀਂ ਹੈ।"

ਚੰਡੀਗੜ੍ਹ ਵਿੱਚ ਦੋ ਮਹੀਨੇ ਦੀ ਟਰੇਨਿੰਗ ਲੈਣ ਤੋਂ ਬਾਅਦ ਉਹ ਐਸਐਸਬੀ ਲਈ ਦੇਹਰਾਦੂਨ ਚਲੀ ਗਈ।

ਕਮਲਜੀਤ ਦਿਓਲ ਨੇ ਦੱਸਿਆ ਕਿ ਦੇਹਰਾਦੂਨ ਲਈ ਬੱਸ ਚੜ੍ਹਦੇ ਵੇਲੇ ਉਸ ਨੇ ਪੁੱਛਿਆ ਸੀ, "ਜੇ ਮੈਂ ਸਿਲੈਕਟ ਹੋ ਗਈ ਤਾਂ ਮੈਨੂੰ ਜਾਣ ਤਾਂ ਦਿਓਗੇ?"

"ਮੈਂ ਕਿਹਾ ਬੇਟਾ ਸਾਡੇ ਵੇਲੇ ਇਹ ਮੌਕੇ ਨਹੀਂ ਸਨ, ਤੁਹਾਡੇ ਲਈ ਜੇ ਇਹ ਮੌਕੇ ਆਏ ਹਨ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਪ੍ਰੀਖਿਆ ਕਲੀਅਰ ਕਰੋਗੇ ਤਾਂ ਕੋਈ ਰੋਕੇਗਾ ਨਹੀਂ।"

ਆਖਿਰ ਹਰਿਤਾ ਨੇ ਏਅਰ ਫੋਰਸ ਅਕੈਡਮੀ ਜੁਆਇਨ ਕੀਤੀ ਅਤੇ ਦਸੰਬਰ 1994 ਵਿੱਚ ਇੱਥੋਂ ਪਾਸ ਹੋਣ ਬਾਅਦ ਉਹ ਭਾਰਤੀ ਏਅਰ ਫੋਰਸ ਦੀਆਂ ਪਹਿਲੀਆਂ ਸੱਤ ਮਹਿਲਾਂ ਪਾਇਲਟਾਂ ਵਿੱਚ ਸ਼ਾਮਲ ਹੋ ਗਈ।

ਕਮਲਜੀਤ ਕੌਰ ਦਿਓਲ
ਇਹ ਵੀ ਪੜ੍ਹੋ-

ਜਨਵਰੀ 1995 ਵਿੱਚ ਹਰਿਤਾ ਨੇ ਭਾਰਤੀ ਏਅਰ ਫੋਰਸ ਵਿੱਚ ਫ਼ਲਾਇੰਗ ਅਫ਼ਸਰ ਵਜੋਂ ਜੁਆਇਨ ਕੀਤਾ।

ਅਕੈਡਮੀ ਟਰੇਨਿੰਗ ਦੌਰਾਨ ਹਰਿਤਾ ਨੇ ਇੱਕ ਹੋਰ ਇਤਿਹਾਸ ਰਚਿਆ ਸੀ। ਉਹ 23 ਸਤੰਬਰ, 1994 ਨੂੰ ਇਕੱਲੀ ਉਡਾਣ ਭਰਨ ਵਾਲੀ ਭਾਰਤੀ ਏਅਰ ਫੋਰਸ ਦੀ ਪਹਿਲੀ ਪਾਇਲਟ ਬਣੀ।

ਕਮਲਜੀਤ ਮਾਣ ਨਾਲ ਕਹਿੰਦੇ ਹਨ,"ਉਸ ਵੇਲੇ ਹਰਿਤਾ ਦਾ ਨਾਮ ਸੁਰਖੀਆਂ ਵਿੱਚ ਆਇਆ ਸੀ ਅਤੇ ਟੀਵੀ, ਅਖਬਾਰਾਂ ਅਤੇ ਰੇਡੀਓ ਵਿੱਚ ਇਸ ਬਾਰੇ ਕਈ ਖ਼ਬਰਾਂ ਪ੍ਰਕਾਸ਼ਿਤ ਹੋਈਆਂ।"

ਕਮਲਜੀਤ ਦਿਓਲ ਨੇ ਦੱਸਿਆ ਕਿ ਉਸ ਨੂੰ ਫਿਰ ਵੀ ਇਹ ਨਹੀਂ ਸੀ ਮਹਿਸੂਸ ਹੁੰਦਾ ਕਿ ਉਸ ਨੇ ਕੋਈ ਬਹੁਤ ਵੱਡੀ ਮੱਲ ਮਾਰੀ ਹੈ।

ਹਾਲਾਂਕਿ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਹਰਿਤਾ ਨੇ ਆਪਣੀ ਮਾਂ ਨੂੰ ਕਿਹਾ ਸੀ, "ਮੈਂ ਜਾ ਰਹੀ ਸੀ ਅਤੇ ਏਅਰ ਫੋਰਸ ਤੋਂ ਇੱਕ ਸ਼ਖਸ ਮੈਨੂੰ ਸਲੂਟ ਮਾਰ ਕੇ ਨਿਕਲ ਗਿਆ ਅਤੇ ਫਿਰ ਵਾਪਸ ਮੁੜ ਕੇ ਆਇਆ। ਉਸ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਦੱਸਾਂਗਾ ਕਿ ਅੱਜ ਮੈਂ ਤੁਹਾਨੂੰ ਮਿਲਿਆ ਸੀ।"

ਹਰਿਤਾ ਦੇ ਮਾਂ ਨੇ ਉਸ ਦੇ ਬੋਲਾਂ ਨੂੰ ਯਾਦ ਕੀਤਾ, "ਕਹਿੰਦੀ , ਮੰਮੀ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਕੁਝ ਖ਼ਾਸ ਕੀਤਾ ਹੈ, ਪਹਿਲਾਂ ਮੈਨੂੰ ਲੱਗਦਾ ਸੀ ਕਿ ਰੂਟੀਨ ਵਿੱਚ ਸੋਲੋ ਫਲਾਈ ਕਰਨ ਲਈ ਮੇਰਾ ਨਾਮ ਪਹਿਲਾਂ ਆ ਗਿਆ ਤਾਂ ਮੈਂ ਬਣ ਗਈ, ਕਿਸੇ ਹੋਰ ਦਾ ਆਉਂਦਾ ਤਾਂ ਇਹ ਇਤਿਹਾਸ ਕਿਸੇ ਹੋਰ ਨੇ ਹੀ ਰਚਿਆ ਹੁੰਦਾ। ਹਰਿਤਾ ਨੂੰ ਉਸ ਦਿਨ ਪਹਿਲੀ ਵਾਰ ਲੱਗਿਆ ਕਿ ਹਾਂ, ਉਸ ਨੇ ਕੁਝ ਹਾਸਲ ਕੀਤਾ ਹੈ।"

ਹਾਦਸਾ ਕਿਵੇਂ ਵਾਪਰਿਆ ਸੀ

ਹਰਿਤਾ ਦੇ ਮਾਂ
ਤਸਵੀਰ ਕੈਪਸ਼ਨ, ਹਰਿਤਾ ਦੇ ਮਾਂ ਕਮਲਜੀਤ ਕੌਰ ਦਿਓਲ

ਅਕਤੂਬਰ 1995 ਵਿੱਚ ਹਰਿਤਾ ਦੀ ਉਸ ਦੇ ਹੀ ਇੱਕ ਸੀਨੀਅਰ ਰਾਹੁਲ ਡਾਂਗਰ ਨਾਲ ਮੰਗਣੀ ਹੋ ਗਈ ਸੀ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਅਤੇ ਆਪਸ ਵਿੱਚ ਵਿਆਹ ਕਰਾਉਣ ਦਾ ਫ਼ੈਸਲਾ ਲਿਆ ਪਰ ਇਹ ਸੁਫ਼ਨਾ ਅਧੂਰਾ ਰਹਿ ਗਿਆ।

ਕਮਲਜੀਤ ਦਿਓਲ ਨੇ ਦੱਸਿਆ, "ਅਸੀਂ ਅਕਸਰ ਆਪਣੇ ਬੱਚਿਆਂ ਦੇ ਵਿਆਹ, ਉਨ੍ਹਾਂ ਦੇ ਨਿਆਣਿਆਂ ਬਾਰੇ ਸੁਫ਼ਨੇ ਲੈਂਦੇ ਹਾਂ ਪਰ ਜਦੋਂ ਹਰਿਤਾ ਏਅਰ ਫੋਰਸ ਵਿੱਚ ਸਿਲੈਕਟ ਹੋ ਗਈ ਇਸ ਤੋਂ ਬਾਅਦ ਮੈਨੂੰ ਉਸ ਦੇ ਵਿਆਹ ਜਾਂ ਅੱਗੇ ਦੀ ਜ਼ਿੰਦਗੀ ਬਾਰੇ ਕੋਈ ਖ਼ਿਆਲ ਆਉਣਾ ਬੰਦ ਹੋ ਗਿਆ ਸੀ।"

ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਹਰਿਤਾ ਹਾਦਸੇ ਤੋਂ ਛੇ ਮਹੀਨੇ ਪਹਿਲਾਂ ਘਰ ਆਈ ਤਾਂ ਉਨ੍ਹਾਂ ਨੇ ਉਸ ਦੇ ਵਿਆਹ ਲਈ ਲਿਆਂਦੀ ਫੁਲਕਾਰੀ ਉਸ ਨੂੰ ਦਿਖਾਈ।

"ਉਸ ਨੇ ਫੁਲਕਾਰੀ ਨੂੰ ਸਿਰਫ਼ ਚੁੱਕਿਆ ਦੇਖਿਆ ਅਤੇ ਰੱਖ ਦਿੱਤਾ। ਮੈਨੂੰ ਯਾਦ ਹੈ ਉਹ ਪਹਿਲੀ ਵਾਰ ਸੀ ਕਿ ਹਰਿਤਾ ਨੇ ਕੱਪੜਾ ਪਾ ਕੇ ਨਾ ਦੇਖਿਆ ਹੋਵੇ। ਮੈਨੂੰ ਅਜੀਬ ਲੱਗਿਆ ਪਰ ਮੈਂ ਚੁੱਪ ਰਹੀ।"

1997 ਦੇ ਸ਼ੁਰੂ ਵਿੱਚ ਹੀ ਹਰਿਤਾ ਅਤੇ ਰਾਹੁਲ ਦਾ ਵਿਆਹ ਹੋਣਾ ਸੀ ਅਤੇ ਦਸੰਬਰ ਵਿੱਚ ਹਰਿਤਾ ਨੇ ਘਰ ਵਾਪਸ ਆਉਣਾ ਸੀ। ਪਰ ਉਸ ਦਾ ਆਉਣਾ ਕਿਸੇ ਨਾ ਕਿਸੇ ਕਾਰਨ ਟਲਦਾ ਗਿਆ।

ਕਮਲਜੀਤ ਦਿਓਲ ਨੇ ਦੱਸਿਆ ਕਿ 24 ਦਸੰਬਰ, 1996 ਦਾ ਦਿਨ ਸਵੇਰ ਤੋਂ ਹੀ ਕੁਝ ਸਹੀ ਨਹੀਂ ਸੀ ਲੱਗ ਰਿਹਾ।

ਉਨ੍ਹਾਂ ਦੱਸਿਆ, "ਦਸੰਬਰ ਵਿੱਚ ਬੱਦਲ ਨਹੀਂ ਹੁੰਦੇ। ਸੂਰਜ ਚਮਕ ਰਿਹਾ ਸੀ। ਪਰ ਉਸ ਦਿਨ ਘਰ ਅੰਦਰ ਅਜੀਬ ਗ਼ਮਗੀਨ ਹਨੇਰਾ ਸੀ। ਮੇਰੀ ਮਾਂ ਨੇ ਮੈਨੂੰ ਕਿਹਾ, ਅਜੀਭ ਜਿਹਾ ਮੌਸਮ ਹੈ, ਬਾਹਰ ਧੁੱਪ ਹੈ, ਅੰਦਰ ਹਨੇਰਾ ਕਿਉਂ ਹੈ, ਪਰਦੇ ਤਾਂ ਸਭ ਖੁੱਲ੍ਹੇ ਹਨ।"

ਹਰਿਤਾ ਕੌਰ ਦਿਓਲ

ਤਸਵੀਰ ਸਰੋਤ, Deol Family

ਤਸਵੀਰ ਕੈਪਸ਼ਨ, ਹਰਿਤਾ ਕੌਰ ਦਿਓਲ ਨੇ ਮਹਿਜ਼ ਦੋ ਸਾਲ ਸਰਵਿਸ ਕੀਤੀ

ਕਮਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਦਾ ਖਾਣਾ ਖਾ ਰਹੇ ਸੀ ਤਾਂ ਮੈਂ ਉਸ ਦੇ ਭਰਾ ਗੁਰਤੇਜ ਨੂੰ ਵੀ ਖਾਣਾ ਖਾਣ ਲਈ ਅਵਾਜ਼ ਮਾਰੀ। ਉਹ ਹੁੰਗਾਰਾ ਦੇ ਕੇ ਪਾਸਾ ਵੱਟ ਕੇ ਸੌਂ ਗਿਆ। ਉਸ ਨੂੰ ਹਰਿਤਾ ਦਾ ਪਲੇਨ ਕਰੈਸ਼ ਹੋਣ ਦਾ ਸੁਫ਼ਨਾ ਆਇਆ ਸੀ।

"ਫਿਰ ਸ਼ਾਮ ਨੂੰ ਖ਼ਬਰਾਂ ਵਿੱਚ ਏਅਰ ਫ਼ੋਰਸ ਦਾ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਆਈ। ਉਸ ਵਿੱਚ ਪਾਇਲਟਾਂ ਦੇ ਨਾਮ ਨਹੀਂ ਦੱਸੇ ਸਨ, ਪਰ ਸਾਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਹਰਿਤਾ ਹੀ ਸੀ।"

"ਇਸੇ ਦੌਰਾਨ ਏਅਰ ਫੋਰਸ ਵਿੱਚ ਸੇਵਾ ਨਿਭਾ ਰਹੇ ਹਰਿਤਾ ਦੇ ਅੰਕਲ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਇਸ ਮੰਦਭਾਗੀ ਖ਼ਬਰ ਬਾਰੇ ਪਰਿਵਾਰ ਨੂੰ ਦੱਸਿਆ।"

ਉਨ੍ਹਾਂ ਕਿਹਾ,"ਹਰਿਤਾ ਦੇ ਭਰਾ ਗੁਰਤੇਜ ਨੇ ਬਾਅਦ ਵਿੱਚ ਪਰਿਵਾਰ ਨੂੰ ਦੱਸਿਆ ਕਿ ਦੁਪਹਿਰ ਵੇਲੇ ਸੁਫ਼ਨੇ ਵਿੱਚ ਉਸ ਨੇ ਹਰਿਤਾ ਦਾ ਜਹਾਜ਼ ਕਰੈਸ਼ ਹੁੰਦਾ ਦੇਖਿਆ। ਇਹ ਤਕਰੀਬਨ ਉਹੀ ਸਮਾਂ ਸੀ ਜਦੋਂ ਹਰਿਤਾ ਦਾ ਅਸਲ ਵਿੱਚ ਪਲੇਨ ਕਰੈਸ਼ ਹੋਇਆ ਸੀ।"

ਮਹਿਜ਼ 25 ਸਾਲ ਦੀ ਉਮਰ ਅਤੇ ਤਕਰੀਬਨ ਦੋ ਸਾਲ ਦੀ ਸਰਵਿਸ ਬਾਅਦ ਹਰਿਤਾ ਦੀ ਇਸ ਪਲੇਨ ਕਰੈਸ਼ ਵਿੱਚ ਜਾਨ ਚਲੀ ਗਈ।

ਆਂਧਰਾ ਪ੍ਰਦੇਸ਼ ਦੇ ਨਿਲੌਰ ਵਿੱਚ ਹਾਦਸਾਗ੍ਰਸਤ ਹੋਏ ਉਸ ਏਅਰ ਕਰਾਫਟ ਵਿੱਚ 22 ਜਣੇ ਸਨ ਅਤੇ ਕੋਈ ਵੀ ਬਚ ਨਹੀਂ ਸੀ ਸਕਿਆ।

ਹਰਿਤਾ ਇਸ ਟਰਾਂਸਪੋਰਟ ਜਹਾਜ਼ ਦੀ ਕੋ-ਪਾਇਲਟ ਸੀ। ਇਹ ਉਡਾਨ ਹੈਦਰਾਬਾਦ ਤੋਂ ਚੇਨਈ ਤੱਕ ਦੀ ਸੀ, ਉਹ ਉੱਥੋਂ ਏਅਰ ਫੋਰਸ ਦਾ ਬੈਂਡ ਵਾਪਸ ਲੈ ਕੇ ਆ ਰਹੇ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)