ਖੁਰਸ਼ੀਦ ਬਾਨੋ: ਪੰਜਾਬੀ ਫ਼ਿਲਮਾਂ ਦੀ ਪਹਿਲੀ ਅਦਾਕਾਰਾ ਜਿਨ੍ਹਾਂ ਦੀ 'ਤਸਵੀਰ ਤੋਂ ਬਿਨ੍ਹਾਂ ਪੋਸਟਰ ਨਹੀਂ ਛਪਦੇ ਸਨ'

ਖੁਰਸ਼ੀਦ ਬਾਨੋ

ਤਸਵੀਰ ਸਰੋਤ, Mandeep Sidhu

ਤਸਵੀਰ ਕੈਪਸ਼ਨ, ਬਚਪਨ ਤੋਂ ਹੀ ਇਰਸ਼ਾਦ ਉਰਫ਼ ਖੁਰਸ਼ੀਦ ਨੂੰ ਫ਼ਿਲਮਾਂ ਦੇਖਣ ਦਾ ਸ਼ੌਂਕ ਸੀ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਕਿਸੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ, ਨਵੇਂ ਰਾਹ ਬਣਾਉਣ ਵਾਲੇ ਲੋਕ ਇਤਿਹਾਸ ਦੇ ਪੰਨਿਆਂ ਵਿੱਚ ਅਮਿੱਟ ਛਾਪ ਛੱਡ ਜਾਂਦੇ ਹਨ।

ਪੰਜਾਬੀ ਸਿਨੇਮਾ ਦੇ ਇਤਿਹਾਸਕ ਪੰਨਿਆਂ 'ਤੇ ਇਸੇ ਤਰ੍ਹਾਂ ਦਰਜ ਹੈ ਖੁਰਸ਼ੀਦ ਬਾਨੋ ਦਾ ਨਾਮ।

ਉਨ੍ਹਾਂ ਨੂੰ ਪੰਜਾਬੀ ਸਿਨੇਮਾ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਣ ਹਾਸਿਲ ਹੈ। ਖੁਰਸ਼ੀਦ ਬਾਨੋ ਨੇ ਅਦਾਕਾਰੀ ਦੇ ਨਾਲ-ਨਾਲ ਗਾਇਕੀ ਖੇਤਰ ਵਿੱਚ ਵੀ ਆਪਣਾ ਲੋਹਾ ਮਨਵਾਇਆ।

ਖੁਰਸ਼ੀਦ ਬਾਨੋ ਦਾ ਅਸਲ ਨਾਮ ਇਰਸ਼ਾਦ ਸੀ। ਉਨ੍ਹਾਂ ਦਾ ਜਨਮ ਜ਼ਿਲ੍ਹਾ ਲਾਹੌਰ ਵਿੱਚ ਪੈਂਦੇ ਚੂਣੀਆਂ (ਜੋ ਹੁਣ ਜ਼ਿਲ੍ਹਾ ਕਸੂਰ ਵਿੱਚ ਆਉਂਦਾ ਹੈ) ਦੇ ਇੱਕ ਮੁਸਲਿਮ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ।

ਉਹ ਇੱਕ ਪੜ੍ਹੇ-ਲਿਖੇ ਰਸੂਖਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਉਨ੍ਹਾਂ ਦੇ ਪਿਤਾ ਅਦਾਲਤ ਵਿੱਚ ਮੁਲਾਜ਼ਮ ਸਨ।

ਪੰਜਾਬੀ ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ ਬਾਰੇ ਕਾਫ਼ੀ ਜਾਣਕਾਰੀ ਇਕੱਠੀ ਕੀਤੀ ਹੈ।

ਉਹ ਦੱਸਦੇ ਹਨ ਕਿ ਬਚਪਨ ਤੋਂ ਹੀ ਇਰਸ਼ਾਦ ਉਰਫ਼ ਖੁਰਸ਼ੀਦ ਨੂੰ ਫ਼ਿਲਮਾਂ ਦੇਖਣ ਦਾ ਸ਼ੌਂਕ ਸੀ। ਉਹ ਅਕਸਰ ਆਪਣੇ ਪਿਤਾ ਨਾਲ ਫ਼ਿਲਮਾਂ ਦੇਖ ਕੇ ਆਉਂਦੇ ਸਨ ਅਤੇ ਘਰ ਆ ਕੇ ਐਕਟਰਾਂ ਦੀ ਅਦਾਕਾਰੀ ਦੀ ਨਕਲ ਕਰਦੇ ਸੀ।

ਖੁਰਸ਼ੀਦ ਬਾਨੋ ਬਾਰੇ ਕਿਹਾ ਜਾਂਦਾ ਹੈ ਕਿ ਉਹ ਧਾਰਮਿਕ ਖਿਆਲਾਂ ਵਾਲੇ ਅਤੇ ਪੜ੍ਹਣ ਲਿਖਣ ਵਾਲੇ ਸਨ। ਉਨ੍ਹਾਂ ਨੇ ਕ਼ੁਰਾਨ ਸ਼ਰੀਫ਼ ਪੜ੍ਹਿਆ ਹੋਇਆ ਸੀ। ਉਹ ਪੰਜਾਬੀ, ਹਿੰਦੀ ਤੇ ਉਰਦੂ ਤੋਂ ਇਲਾਵਾ ਅੰਗਰੇਜ਼ੀ ਵੀ ਸੋਹਣੀ ਬੋਲਦੇ ਸੀ।

ਖੁਰਸ਼ੀਦ ਬਾਨੋ

ਤਸਵੀਰ ਸਰੋਤ, Mandeep Sidhu

ਤਸਵੀਰ ਕੈਪਸ਼ਨ, ਖੁਰਸ਼ੀਦ ਪੰਜਾਬੀ, ਹਿੰਦੀ ਤੇ ਉਰਦੂ ਤੋਂ ਇਲਾਵਾ ਅੰਗਰੇਜ਼ੀ ਵੀ ਸੋਹਣੀ ਬੋਲਦੇ ਸੀ

ਮਨਦੀਪ ਸਿੱਧੂ ਨੇ ਆਪਣੀ ਖੋਜ ਦੇ ਅਧਾਰ 'ਤੇ ਸਾਨੂੰ ਦੱਸਿਆ, "ਖੁਰਸ਼ੀਦ ਦਾ ਪਰਿਵਾਰ ਅਗਾਂਹਵਧੂ ਸੋਚ ਰੱਖਦਾ ਸੀ। ਤਤਕਾਲੀ ਸਮਾਜ ਦੇ ਉਲਟ ਉਨ੍ਹਾਂ ਦੀ ਨਜ਼ਰ ਵਿੱਚ ਸਿਨੇਮਾ ਬੁਰਾ ਨਹੀਂ ਸੀ। ਉਸ ਜ਼ਮਾਨੇ ਵਿੱਚ ਜਦੋਂ ਕੁੜੀਆਂ ਲਈ ਸਿਨੇਮਾ ਵਿੱਚ ਕੰਮ ਕਰਨਾ ਬਹੁਤਾ ਚੰਗਾ ਨਹੀਂ ਸੀ ਸਮਝਿਆ ਜਾਂਦਾ, ਖੁਰਸ਼ੀਦ ਦੇ ਪਰਿਵਾਰ ਨੇ ਉਸ ਦਾ ਪੂਰੀ ਤਰ੍ਹਾਂ ਸਾਥ ਦਿੱਤਾ।"

ਉਰਦੂ ਦੇ ਮਹਾਨ ਸ਼ਾਇਰ ਅਲਾਮਾ ਇਕਬਾਲ ਦਾ ਘਰ ਖੁਰਸ਼ੀਦ ਦੇ ਘਰ ਨੇੜੇ ਹੀ ਸੀ। ਖੁਰਸ਼ੀਦ ਨੇ ਬਚਪਨ ਵਿੱਚ ਕਾਫ਼ੀ ਵਖਤ ਅਲਾਮਾ ਇਕਬਾਲ ਦੇ ਘਰ ਬਿਤਾਇਆ ਅਤੇ ਇਸ ਮਹਾਨ ਸ਼ਾਇਰ ਦੀ ਸ਼ਖਸੀਅਤ ਨੇ ਖੁਰਸ਼ੀਦ ਬਾਨੋ 'ਤੇ ਵੀ ਛਾਪ ਛੱਡੀ।

ਕਿਵੇਂ ਹਾਸਲ ਹੋਇਆ ਪੰਜਾਬੀ ਸਿਨੇਮਾ ਦੀ ਪਹਿਲੀ ਹੀਰੋਇਨ ਬਣਨ ਦਾ ਮਾਣ ?

ਖੁਰਸ਼ੀਦ ਬਾਨੋ

ਤਸਵੀਰ ਸਰੋਤ, Mandeep Sidhu

ਤਸਵੀਰ ਕੈਪਸ਼ਨ, 1948 ਵਿੱਚ ਆਈ ਫ਼ਿਲਮ 'ਆਪ ਬੀਤੀ' ਖੁਰਸ਼ੀਦ ਦੀ ਭਾਰਤ ਵਿੱਚ ਆਖ਼ਰੀ ਫ਼ਿਲਮ ਸੀ

ਭਾਵੇਂ ਸਾਂਝੇ ਪੰਜਾਬ ਦੇ ਲਾਹੌਰ ਵਿੱਚ ਵਿੱਚ ਫ਼ਿਲਮਾਂ ਬਣਾਏ ਜਾਣ ਦਾ ਸਿਲਸਿਲਾ 1929 ਵਿੱਚ ਰਿਲੀਜ਼ ਹੋਈ ਚੁੱਪ ਫ਼ਿਲਮ 'ਡਾਟਰਜ਼ ਆਫ ਟੂਡੇ' ਉਰਫ਼ 'ਪ੍ਰੇਮ ਪ੍ਰੀਕਸ਼ਾ' ਨਾਲ ਸ਼ੁਰੂ ਹੋ ਗਿਆ ਸੀ। ਪਰ ਇਨ੍ਹਾਂ ਚੁੱਪ ਫ਼ਿਲਮਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ ਇਸ ਲਈ ਇਸ ਨੂੰ ਪੰਜਾਬੀ ਫਿਲਮ ਨਹੀਂ ਕਿਹਾ ਜਾ ਸਕਦਾ। ਸਾਲ 1932 ਵਿੱਚ 'ਹੀਰ ਰਾਂਝਾ' ਉਰਫ਼ 'ਹੂਰ-ਏ-ਪੰਜਾਬ' ਨਾਮੀ ਪਹਿਲੀ ਉਰਦੂ ਫ਼ਿਲਮ ਵੀ ਪੰਜਾਬ ਵਿੱਚ ਬਣੀ।

ਫ਼ਿਲਮ ਇਤਿਹਾਸਕਾਰ ਮਨਦੀਪ ਸਿੱਧੂ ਦੀ ਖੋਜ ਮੁਤਾਬਕ ਇੱਥੇ ਬਣੀ ਪਹਿਲੀ ਪੰਜਾਬੀ ਫ਼ਿਲਮ 'ਇਸ਼ਕ-ਏ-ਪੰਜਾਬ' ਉਰਫ਼ 'ਮਿਰਜ਼ਾ ਸਾਹਿਬਾਂ' ਸੀ ਅਤੇ ਇਸ ਪਹਿਲੀ ਪੰਜਾਬੀ ਫ਼ਿਲਮ ਵਿੱਚ ਹੀਰੋਇਨ ਦਾ ਕਿਰਦਾਰ ਨਿਭਾਉਣ ਵਾਲੀ ਪਹਿਲੀ ਅਦਾਕਾਰਾ ਖੁਰਸ਼ੀਦ ਬਾਨੋ ਸਨ ਇਸ ਲਈ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਦਾ ਪਹਿਲੀ ਹੀਰੋਇਨ ਮੰਨਿਆ ਜਾਂਦਾ ਹੈ।

ਸਿੱਧੂ ਨੇ ਸਾਨੂੰ ਦੱਸਿਆ ਕਿ ਬੰਬੇ ਦੀ ਫ਼ਿਲਮ ਕੰਪਨੀ ਹਿੰਦਮਤਾ ਸਿਨੇਟੋਨ, ਪੰਜਾਬੀ ਲੋਕ ਗਾਥਾ ਮਿਰਜ਼ਾ-ਸਾਹਿਬਾਂ 'ਤੇ ਅਧਾਰਿਤ ਫ਼ਿਲਮ ਬਣਾਉਣ ਲਈ ਲਾਹੌਰ ਆਈ ਅਤੇ ਉਨ੍ਹਾਂ ਨੂੰ ਫ਼ਿਲਮ ਲਈ ਨਵੇਂ ਚਿਹਰਿਆਂ ਦੀ ਭਾਲ ਸੀ। ਪਤਾ ਲੱਗਣ 'ਤੇ ਖੁਰਸ਼ੀਦ ਦਾ ਵੱਡਾ ਭਰਾ ਖੁਦ ਉਨ੍ਹਾਂ ਨੂੰ ਕੰਪਨੀ ਦੇ ਦਫ਼ਤਰ ਲੈ ਕੇ ਗਿਆ।

ਖੁਰਸ਼ੀਦ ਬਾਨੋ ਇੰਨੀ ਖੂਬਸੂਰਤ ਸੀ ਕਿ ਉਨ੍ਹਾਂ ਨੂੰ ਫਿਲਮ ਦੀ ਮੁੱਖ ਭੂਮਿਕਾ ਯਾਨੀ ਸਾਹਿਬਾਂ ਦੇ ਕਿਰਦਾਰ ਲਈ ਚੁਣ ਲਿਆ ਗਿਆ। ਫ਼ਿਲਮ ਵਿੱਚ ਖੁਰਸ਼ੀਦ ਦੇ ਰੂਬਰੂ ਮਿਰਜ਼ੇ ਦਾ ਕਿਰਦਾਰ ਨਿਭਾਉਣ ਲਈ ਅੰਮ੍ਰਿਤਸਰ ਦੇ ਰਬਾਬੀਆਂ ਦਾ ਮੁੰਡਾ ਭਾਈ ਦੇਸਾ ਚੁਣਿਆ ਗਿਆ ਯਾਨੀ ਪਹਿਲੀ ਪੰਜਾਬੀ ਫ਼ਿਲਮ ਦੇ ਹੀਰੋ ਭਾਈ ਦੇਸਾ ਰਹੇ।

ਇਹ ਫ਼ਿਲਮ 1933 ਵਿੱਚ ਬਣਨੀ ਸ਼ੁਰੂ ਹੋਈ ਸੀ, ਜੋ ਕਿ 1935 ਵਿੱਚ ਰਿਲੀਜ਼ ਹੋਈ। 29 ਮਾਰਚ, 1935 ਨੂੰ ਲਾਹੌਰ ਦੇ ਨਿਰੰਜਣ ਟਾਕੀਜ਼ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ। ਜੀ.ਆਰ.ਸੇਠੀ ਇਸ ਫ਼ਿਲਮ ਦੇ ਡਾਇਰੈਕਟਰ ਸਨ।

ਜਿਸ ਤਰ੍ਹਾਂ ਉਸ ਵੇਲੇ ਫ਼ਿਲਮੀ ਨਾਮ, ਅਸਲ ਨਾਮ ਤੋਂ ਕੁਝ ਵੱਖਰਾ ਰੱਖਣ ਦਾ ਰੁਝਾਨ ਹੁੰਦਾ ਸੀ, ਇਰਸ਼ਾਦ ਦਾ ਫ਼ਿਲਮੀ ਨਾਮ ਵੀ ਖੁਰਸ਼ੀਦ ਚੁਣਿਆ ਗਿਆ। ਕਿਸੇ ਫ਼ਿਲਮ ਵਿੱਚ ਖੁਰਸ਼ੀਦ, ਕਿਸੇ ਵਿੱਚ ਖੁਰਸ਼ੀਦ ਬਾਨੋ ਅਤੇ ਕਿਤੇ ਖੁਰਸ਼ੀਦ ਬੇਗਮ ਵਜੋਂ ਉਨ੍ਹਾਂ ਦਾ ਨਾਮ ਲਿਖਿਆ ਗਿਆ।

ਮਾੜੀ ਗੱਲ ਇਹ ਰਹੀ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਬੁਰੀ ਤਰ੍ਹਾਂ ਫਲਾਪ ਹੋਈ। ਮਨਦੀਪ ਸਿੱਧੂ ਨੇ ਦੱਸਿਆ, " ਫ਼ਿਲਮ ਸਾਜ਼ ਕੰਪਨੀ ਬੰਬੇ ਦੀ ਸੀ, ਉਨ੍ਹਾਂ ਨੂੰ ਲਾਹੌਰ ਵਿੱਚ ਆ ਕੇ ਪੰਜਾਬੀ ਫ਼ਿਲਮ ਬਣਾਉਣ ਦਾ ਤਜਰਬਾ ਨਹੀਂ ਸੀ। ਹੈ ਵੀ ਪਹਿਲੀ ਪੰਜਾਬੀ ਫ਼ਿਲਮ ਸੀ, ਇਸ ਲਈ ਇਨ੍ਹਾਂ ਸਿਤਾਰਿਆਂ ਨੂੰ ਉਸ ਫ਼ਿਲਮ ਤੋਂ ਉਹ ਪਛਾਣ ਨਹੀਂ ਮਿਲ ਸਕੀ ਸੀ ਜੋ ਮਿਲ ਜਾਣੀ ਚਾਹੀਦੀ ਸੀ।"

ਇਹ ਜ਼ਰੂਰ ਰਿਹਾ ਕਿ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਖੁਰਸ਼ੀਦ ਬਾਨੋ ਨੇ ਫ਼ਿਲਮ ਦੇ ਹੀਰੋ ਭਾਈ ਦੇਸਾ ਨਾਲ ਵਿਆਹ ਕਰਵਾ ਲਿਆ ਸੀ, ਜੋ ਕਿ ਬਾਅਦ ਵਿੱਚ ਟੁੱਟ ਗਿਆ ਸੀ।

ਦੇਵ ਆਨੰਦ ਦੀ ਪਹਿਲੀ ਫਿਲਮ ਵਿੱਚ ਹੀਰੋਇਨ ਸੀ ਖੁਰਸ਼ੀਦ

ਮਨਦੀਪ ਸਿੱਧੂ ਫ਼ਿਲਮ ਇਤਿਹਾਸਕਾਰ

ਲਾਹੌਰ ਫ਼ਿਲਮ ਸਨਅਤ ਤੋਂ ਇਲਾਵਾ ਉਸ ਵੇਲੇ ਬੰਬੇ ਅਤੇ ਕਲਕੱਤਾ ਵਿੱਚ ਵੱਡੀਆਂ ਫ਼ਿਲਮ ਸਨਅਤਾਂ ਸਨ। ਲਾਹੌਰ ਵਿੱਚ ਕੰਮ ਕਰਦੇ ਅਦਾਕਾਰਾਂ ਦੀ ਸੋਚ ਹੁੰਦੀ ਸੀ ਕਿ ਕੁਝ ਫ਼ਿਲਮਾਂ ਇੱਥੇ ਕਰਕੇ ਬੰਬੇ ਜਾਇਆ ਜਾਵੇ।

ਭਾਵੇਂ ਖੁਰਸ਼ੀਦ ਦੀ ਪਹਿਲੀ ਪੰਜਾਬੀ ਫ਼ਿਲਮ ਬਹੁਤੀ ਨਾ ਚੱਲ ਸਕੀ, ਪਰ ਇਸ ਫ਼ਿਲਮ ਨੇ ਖੁਰਸ਼ੀਦ ਨੂੰ ਬੰਬੇ ਦੇ ਫ਼ਿਲਮਸਾਜ਼ਾਂ ਦੀ ਨਜ਼ਰ ਵਿੱਚ ਲਿਆ ਦਿੱਤਾ ਸੀ। ਹਿੰਦੀ ਫ਼ਿਲਮਸਾਜ਼ਾਂ ਅਤੇ ਸੰਗੀਤਕਾਰਾਂ ਨੇ ਕਾਬਲੀਅਤ ਪਛਾਣਦਿਆਂ ਉਸ ਨੂੰ ਹਿੰਦੀ ਫ਼ਿਲਮਾਂ ਵਿਚ ਮੌਕਾ ਦਿੱਤਾ।

ਖੁਰਸ਼ੀਦ ਨੇ ਇਸ ਤੋਂ ਬਾਅਦ 1935 ਵਿੱਚ ਪਹਿਲੀ ਹਿੰਦੀ ਫ਼ਿਲਮ 'ਸਵਰਗ ਕੀ ਸੀੜੀ' ਉਰਫ 'ਸਤੀ ਵਿਮਲਾ' ਵਿੱਚ ਕੰਮ ਕੀਤਾ। ਲਾਹੌਰ ਵਿੱਚ ਹੀ ਬਣੀ ਇਸ ਫ਼ਿਲਮ ਵਿੱਚ ਖੁਰਸ਼ੀਦ ਨੇ ਖਲਨਾਇਕਾ ਦਾ ਕਿਰਦਾਰ ਨਿਭਾਇਆ ਸੀ। ਪਰ ਇਸ ਤੋਂ ਬਾਅਦ ਖੁਰਸ਼ੀਦ ਬੰਬੇ ਚਲੇ ਗਏ ਅਤੇ ਕਈ ਹਿੰਦੀ ਫ਼ਿਲਮਾਂ ਵਿੱਚ ਬਤੌਰ ਨਾਇਕਾ ਕੰਮ ਕੀਤਾ। ਬੰਬੇ ਜਾ ਕੇ 1935 ਵਿੱਚ ਹੀ ਚਿਰਾਗ਼-ਏ-ਹੁਸਨ ਸਮੇਤ ਪਹਿਲੇ ਹੀ ਸਾਲ ਪੰਜ ਫ਼ਿਲਮਾਂ ਕੀਤੀਆਂ।

ਖੁਰਸ਼ੀਦ ਹਰ ਫ਼ਿਲਮਸਾਜ਼ ਦੀ ਪਸੰਦ ਬਣ ਗਈ ਸੀ। ਉਸ ਵੇਲੇ ਦੇ ਕਲਾਕਾਰਾਂ ਦਾ ਸੁਫਨਾ ਹੁੰਦਾ ਸੀ ਸ੍ਰੀ ਰਣਜੀਤ ਮੂਵੀਟੋਨ ਬੰਬੇ ਦੀਆਂ ਫ਼ਿਲਮਾਂ ਵਿੱਚ ਕੰਮ ਕਰਨਾ ਅਤੇ ਖੁਰਸ਼ੀਦ ਨੇ ਇਸ ਫ਼ਿਲਮ ਕੰਪਨੀ ਨਾਲ ਅਨੇਕਾਂ ਫ਼ਿਲਮਾਂ ਕੀਤੀਆਂ।

ਵੀਡੀਓ ਕੈਪਸ਼ਨ, ਕੌਣ ਸੀ ਪੰਜਾਬੀ ਸਿਨੇਮਾ ਦੀ ਪਹਿਲੀ ਅਦਾਕਾਰਾ

ਖੁਰਸ਼ੀਦ ਨੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫ਼ਿਲਮਾਂ ਦਿੱਤੀਆਂ, ਇਨ੍ਹਾਂ ਵਿੱਚ ਕੁੰਦਨ ਲਾਲ ਸਹਿਗਲ ਨਾਲ ਤਾਨਸੇਨ(1943) ਅਤੇ ਭਗਤ ਸੂਰਦਾਸ (1942 ਜਿਹੀਆਂ ਫ਼ਿਲਮਾਂ ਦਾ ਖਾਸ ਜ਼ਿਕਰ ਕਰਨਾ ਇੱਥੇ ਬਣਦਾ ਹੈ। ਜਿਨ੍ਹਾਂ ਨੇ ਖੁਰਸ਼ੀਦ ਨੂੰ ਕਾਮਯਾਬੀ ਦੀ ਬੇਮਿਸਾਲ ਸਿਖਰ 'ਤੇ ਪਹੁੰਚਾ ਦਿੱਤਾ ਸੀ।)

ਫ਼ਿਲਮ ਇਤਿਹਾਸਕਾਰ ਮਨਦੀਪ ਸਿੱਧੂ ਮੁਤਾਬਕ ਇਸੇ ਦੌਰਾਨ ਭਾਈ ਦੇਸਾ ਨਾਲ ਤਲਾਕ ਤੋਂ ਬਾਅਦ ਖੁਰਸ਼ੀਦ ਨੇ ਮਸ਼ਹੂਰ ਹਿੰਦੀ ਫ਼ਿਲਮ ਅਦਾਕਾਰ ਲਾਲਾ ਯਾਕੂਬ ਨਾਲ ਦੂਜਾ ਵਿਆਹ ਕਰਵਾ ਲਿਆ ਸੀ।

ਵਿਆਹ ਤੋਂ ਬਾਅਦ ਦੋਹਾਂ ਨੇ ਮਾਡਰਨ ਪਿਕਚਰਜ਼ ਬੰਬੇ ਨਾਮੀ ਫ਼ਿਲਮ ਸਾਜ਼ ਅਦਾਰਾ ਸਥਾਪਿਤ ਕੀਤਾ ਅਤੇ 1942 ਵਿੱਚ ਪੰਜਾਬੀ ਫ਼ਿਲਮ 'ਪਟੋਲਾ' ਬਣਾਈ। ਇਹ ਫ਼ਿਲਮ ਖੁਰਸ਼ੀਦ ਬਾਨੋ ਦੀ ਦੂਜੀ ਪੰਜਾਬੀ ਫ਼ਿਲਮ ਸੀ।

ਇਸ ਵਿੱਚ ਖੁਰਸ਼ੀਦ ਮੁੱਖ ਭੂਮਿਕਾ ਵਿਚ ਸਨ ਅਤੇ ਉਨ੍ਹਾਂ ਦੇ ਨਾਲ ਹੀਰੋ ਵਜੋਂ ਗੁਲਸ਼ਨ ਸਿੰਘ ਅਹੁਜਾ ਉਰਫ਼ ਅਰੁਣ ਨੇ ਕੰਮ ਕੀਤਾ ਸੀ। ਦੱਸ ਦੇਈਏ ਕਿ ਅਰੁਣ ਕੁਮਾਰ, ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪਿਤਾ ਸਨ।

ਮਨਦੀਪ ਸਿੱਧੂ

ਖੁਰਸ਼ੀਦ ਬਾਨੋ ਦੀਆਂ ਫ਼ਿਲਮਾਂ ਦੀ ਸੂਚੀ ਵਿੱਚ ਹਿੰਦੀ ਮਿਥਿਹਾਸਕ ਕਹਾਣੀਆਂ 'ਤੇ ਅਧਾਰਿਤ 'ਮਹਾਰਾਣਾ ਪ੍ਰਤਾਪ', 'ਬਾਬਰ' ਜਿਹੀਆਂ ਫ਼ਿਲਮਾਂ ਵੀ ਸ਼ਾਮਲ ਹਨ।

ਖੁਰਸ਼ੀਦ ਦੀਆਂ ਸੁਪਰਹਿੱਟ ਫ਼ਿਲਮਾਂ ਦਾ ਸਿਲਸਿਲਾ ਜਾਰੀ ਰਿਹਾ। ਸਾਲ 1947 ਵਿੱਚ ਜਦੋਂ ਅੱਗੇ ਜਾ ਕੇ ਸੁਪਰਸਟਾਰ ਬਣੇ ਦੇਵ ਆਨੰਦ ਨੇ ਫ਼ਿਲਮਾਂ ਵਿੱਚ ਡੈਬਿਊ ਕੀਤਾ ਤਾਂ ਉਨ੍ਹਾਂ ਦੀ ਪਹਿਲੀ ਫ਼ਿਲਮ 'ਆਗੇ ਬੜ੍ਹੋ' ਵਿੱਚ ਖੁਰਸ਼ੀਦ ਉਨ੍ਹਾਂ ਦੀ ਪਹਿਲੀ ਹੀਰੋਇਨ ਸਨ।

ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ, ਤਾਂ ਬਹੁਤੇ ਮੁਸਲਿਮ ਪੰਜਾਬੀ ਪਰਿਵਾਰਾਂ ਨੂੰ ਪਾਕਿਸਤਾਨ ਵਾਲੇ ਪਾਸੇ ਜਾਣਾ ਪਿਆ, ਇਨ੍ਹਾਂ ਵਿੱਚ ਬੰਬੇ ਕੰਮ ਕਰਦੇ ਫ਼ਿਲਮ ਸਨਅਤ ਨਾਲ ਜੁੜੇ ਕਈ ਲੋਕ ਸਨ ਅਤੇ ਖੁਰਸ਼ੀਦ ਬਾਨੋ ਵੀ ਉਨ੍ਹਾਂ ਵਿਚੋਂ ਹੀ ਇੱਕ ਸੀ। ਅਧੂਰੀਆਂ ਪਈਆਂ ਫ਼ਿਲਮਾਂ ਪੂਰੀਆਂ ਕਰਨ ਲਈ ਇਨ੍ਹਾਂ ਨੂੰ ਇੱਕ-ਦੋ ਸਾਲ ਤੱਕ ਬੰਬੇ ਆਉਣ ਦਿੱਤਾ ਗਿਆ ਪਰ ਫ਼ਿਰ ਅਖ਼ੀਰ ਪਾਕਿਸਤਾਨ ਵਾਲੇ ਪਾਸੇ ਵਸਣਾ ਪਿਆ।

ਮਿਰਜ਼ਾ ਸਾਹਿਬਾਂ

ਮਨਦੀਪ ਸਿੱਧੂ ਨੇ ਦੱਸਿਆ ਕਿ 1948 ਵਿੱਚ ਆਈ ਫ਼ਿਲਮ 'ਆਪ ਬੀਤੀ' ਖੁਰਸ਼ੀਦ ਦੀ ਭਾਰਤ ਵਿੱਚ ਆਖ਼ਰੀ ਫ਼ਿਲਮ ਸੀ। ਖੁਰਸ਼ੀਦ ਬਾਨੋ ਵੱਲੋਂ ਕੀਤੀਆਂ ਹਿੰਦੀ ਫ਼ਿਲਮਾਂ ਦੀ ਕੁੱਲ ਗਿਣਤੀ ਬਾਰੇ ਫ਼ਿਲਹਾਲ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।

ਪਾਕਿਸਤਾਨ ਆਉਣ ਬਾਅਦ ਖੁਰਸ਼ੀਦ ਨੇ ਦੋ-ਤਿੰਨ ਫ਼ਿਲਮਾਂ ਹੀ ਕੀਤੀਆਂ। ਸੱਸੀ (1954), ਮੰਡੀ (1956), ਫ਼ਨਕਾਰ (1956) ਉਨ੍ਹਾਂ ਫ਼ਿਲਮਾਂ ਵਿੱਚੋਂ ਹਨ।

ਇਸੇ ਦੌਰਾਨ ਖੁਰਸ਼ੀਦ ਦਾ ਲਾਲਾ ਯਾਕੂਬ ਨਾਲ ਵੀ 1947 ਤੋਂ ਪਹਿਲਾਂ ਤਲਾਕ ਹੋ ਗਿਆ ਸੀ। ਪਾਕਿਸਤਾਨ ਪਹੁੰਚ ਕੇ ਖੁਰਸ਼ੀਦ ਬਾਨੋ ਦਾ ਤੀਜਾ ਵਿਆਹ ਵੱਡੇ ਸ਼ਿਪਿੰਗ ਕਾਰੋਬਾਰੀ ਯੂਸਫ਼ ਭਾਈ ਮੀਆਂ ਨਾਲ ਹੋਇਆ। ਇਸ ਤੋਂ ਬਾਅਦ ਖੁਰਸ਼ੀਦ ਨੇ ਫ਼ਿਲਮਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਸੀ ਅਤੇ ਪਰਿਵਾਰਕ ਜ਼ਿੰਦਗੀ ਨੂੰ ਸਮਰਪਿਤ ਹੋ ਗਏ ਸਨ।

ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਨੇ ਇੱਕ ਪੁਰਾਣੇ ਫ਼ਿਲਮ ਮੈਗਜ਼ੀਨ ਵਿੱਚ ਖੁਰਸ਼ੀਦ ਦੀ ਇੱਕ ਇੰਟਰਵਿਊ ਦੇ ਹਵਾਲੇ ਨਾਲ ਦੱਸਿਆ ਕਿ ਖੁਰਸ਼ੀਦ ਦਾ ਕਿਰਦਾਰ ਕਿੰਨਾ ਉੱਚਾ ਸੀ।

ਸਿੱਧੂ ਨੇ ਦੱਸਿਆ, "ਉਸ ਇੰਟਰਵਿਊ ਵਿੱਚ ਖੁਰਸ਼ੀਦ ਨੇ ਕਿਹਾ ਸੀ ਕਿ ਫ਼ਿਲਮੀ ਦੁਨੀਆਂ ਦੇ ਗਲਤ ਮਨਸੂਬਿਆਂ ਵਾਲੇ ਲੋਕਾਂ ਦੀਆਂ ਗੱਲਾਂ ਵਿੱਚ ਉਹ ਕਦੇ ਨਹੀਂ ਆਈ। ਜਿਨ੍ਹਾਂ ਚਿਰ ਫ਼ਿਲਮ ਸਨਅਤ ਵਿੱਚ ਕੰਮ ਕੀਤਾ, ਪਾਕ ਪਵਿੱਤਰ ਰਹੀ ਅਤੇ ਆਪਣੇ ਇਖ਼ਲਾਕ ਨੂੰ ਕਦੇ ਹੇਠਾਂ ਨਹੀਂ ਡਿੱਗਣ ਦਿੱਤਾ।"

'ਖੁਰਸ਼ੀਦ ਦੀ ਤਸਵੀਰ ਬਿਨ੍ਹਾਂ ਫ਼ਿਲਮ ਦਾ ਪੋਸਟਰ ਨਹੀਂ ਸੀ ਬਣਦਾ'

 ਖੁਰਸ਼ੀਦ ਬਾਨੋ

ਤਸਵੀਰ ਸਰੋਤ, Mandeep Sidhu

ਤਸਵੀਰ ਕੈਪਸ਼ਨ, ਖੁਰਸ਼ੀਦ ਨੇ ਆਪਣੇ ਸਮੇਂ ਦੇ ਵੱਡੇ ਫ਼ਿਲਮਸਾਜ਼ਾਂ ਤੋਂ ਇਲਾਵਾ ਸੁਪਰਸਟਾਰ ਅਦਾਕਾਰਾਂ ਨਾਲ ਕੰਮ ਕੀਤਾ

ਖੁਰਸ਼ੀਦ ਸਿਰਫ਼ ਅਦਾਕਾਰਾ ਹੀ ਨਹੀਂ , ਬਲਕਿ ਗਾਇਕਾ ਵੀ ਸੀ। ਇਸ਼ਕ-ਏ-ਪੰਜਾਬ ਤੋਂ ਲੈ ਕੇ ਜਿੰਨੀਆਂ ਵੀ ਫ਼ਿਲਮਾਂ ਖੁਰਸ਼ੀਦ ਨੇ ਕੀਤੀਆਂ, ਜ਼ਿਆਦਾਤਰ ਫ਼ਿਲਮਾਂ ਵਿੱਚ ਖੁਰਸ਼ੀਦ ਵੱਲੋਂ ਗਾਏ ਜਾਂ ਗਾਇਆ ਗੀਤ ਜ਼ਰੂਰ ਹੁੰਦਾ ਸੀ।

ਫ਼ਿਲਮ ਇਤਿਹਾਸਕਾਰ ਮਨਦੀਪ ਸਿੱਧੂ ਨੇ ਦੱਸਿਆ ਕਿ ਖੁਰਸ਼ੀਦ ਦੇ ਗਾਏ ਗੀਤ ਵੀ ਬੇਹਦ ਮਕਬੂਲ ਹੁੰਦੇ ਸਨ। ਫ਼ਿਲਮ 'ਤਾਨਸੇਨ' ਵਿੱਚ ਖੁਰਸ਼ੀਦ ਦਾ ਗਾਇਆ 'ਘਟਾ ਘਣ ਘੋਰ' ਸੁਪਰਹਿੱਟ ਗੀਤ ਰਿਹਾ।

ਲੋਕਾਂ ਵਿੱਚ ਖੁਰਸ਼ੀਦ ਬਾਨੋ ਦੀ ਬਹੁਤ ਦੀਵਾਨਗੀ ਸੀ। ਰੇਡੀਓ ਦੇ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮਾਂ ਵਿੱਚ ਅਕਸਰ ਖੁਰਸ਼ੀਦ ਦੇ ਗਾਏ ਜਾਂ ਉਨ੍ਹਾਂ 'ਤੇ ਫਿਲਮਾਏ ਗੀਤ ਵੱਜਦੇ ਸਨ। ਉਸ ਵੇਲੇ ਦੇ ਮਸ਼ਹੂਰ ਫਿਲਮ ਮੈਗਜ਼ੀਨਾਂ ਦੇ ਕਵਰ ਪੇਜ ਖੁਰਸ਼ੀਦ ਦੀਆਂ ਤਸਵੀਰਾਂ ਨਾਲ ਸਜੇ ਹੁੰਦੇ ਸਨ।

ਹਿੰਦੀ ਫਿਲਮਾਂ ਵਿੱਚ ਖੁਰਸ਼ੀਦ ਦਾ ਕੱਦ ਇੰਨਾ ਵੱਡਾ ਹੋ ਗਿਆ ਸੀ ਕਿ ਫ਼ਿਲਮਾਂ ਦੇ ਪੋਸਟਰਾਂ 'ਤੇ ਖੁਰਸ਼ੀਦ ਦਾ ਨਾਮ ਅਤੇ ਤਸਵੀਰ ਮੁੱਖ ਹੁੰਦੀ ਸੀ। ਕਈ ਫ਼ਿਲਮਾਂ ਦੇ ਪੋਸਟਰਾਂ 'ਤੇ ਸਿਰਫ਼ ਖੁਰਸ਼ੀਦ ਦੀ ਤਸਵੀਰ ਹੀ ਹੁੰਦੀ ਸੀ।

ਖੁਰਸ਼ੀਦ ਨੇ ਆਪਣੇ ਸਮੇਂ ਦੇ ਵੱਡੇ ਫ਼ਿਲਮਸਾਜ਼ਾਂ ਤੋਂ ਇਲਾਵਾ ਸੁਪਰਸਟਾਰ ਅਦਾਕਾਰਾਂ ਨਾਲ ਕੰਮ ਕੀਤਾ।

ਇਨ੍ਹਾਂ ਵਿੱਚ ਭਾਈ ਦੇਸਾ, ਕੁੰਦਨ ਲਾਲ ਸਹਿਗਲ, ਚੰਦਰ ਮੋਹਨ, ਮੋਤੀ ਲਾਲ, ਤ੍ਰਿਲੋਕ ਕਪੂਰ, ਸੁਰਿੰਦਰ ਨਾਥ, ਈਸ਼ਵਰ ਲਾਲ, ਅਰੁਣ ਅਹਜਾ, ਆਸ਼ਿਕ ਹੁਸੈਨ, ਮਜਹਰ ਖਾਨ, ਅਜ਼ੀਜ਼, ਪੀ.ਜੈਰਾਜ, ਪ੍ਰਭਾ ਸ਼ੰਕਰ ਜਿਹੇ ਅਦਾਕਾਰ ਸ਼ਾਮਲ ਰਹੇ।

ਗਾਇਕੀ ਦੇ ਸਫਰ ਵਿੱਚ ਸੁੰਦਰ ਦਾਸ, ਅਨਿਲ ਵਿਸ਼ਵਾਸ, ਰਫ਼ੀਕ ਗਜ਼ਨਵੀ, ਪੰਡਿਤ ਖੇਮਚੰਦ ਪ੍ਰਕਾਸ਼, ਗਿਆਨ ਦੱਤ ਜਿਹੇ ਸੰਗੀਤਕਾਰਾਂ ਨਾਲ ਖੁਰਸ਼ੀਦ ਨੇ ਕੰਮ ਕੀਤਾ।

ਖੁਰਸ਼ੀਦ ਬਾਨੋ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਅਨੇਕਾਂ ਗਾਇਕਾਵਾਂ ਅਤੇ ਅਦਾਕਾਰਾਵਾਂ 'ਤੇ ਉਨ੍ਹਾਂ ਦੀ ਸ਼ਖਸੀਅਤ ਦਾ ਪ੍ਰਭਾਵ ਰਿਹਾ।

18 ਅਪ੍ਰੈਲ, 2001 ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਖੁਰਸ਼ੀਦ ਬਾਨੋ ਫ਼ੌਤ ਹੋ ਗਏ ਸਨ। ਉਹ ਉਸ ਵੇਲੇ 87 ਵਰ੍ਹਿਆਂ ਦੇ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)