ਨੀਤਾ ਮੋਹਿੰਦਰਾ ਨੂੰ ਇਹਨਾਂ ਸ਼ਰਤਾਂ 'ਤੇ ਮਿਲੀ ਸੀ ਰੰਗਮੰਚ ਦੀ ਇਜਾਜ਼ਤ, ਕਲਾ ਨੇ ਨੀਤਾ ਦੀ ਸ਼ਖਸੀਅਤ 'ਤੇ ਕੀ ਅਸਰ ਪਾਇਆ?

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਰੰਗਮੰਚ ਦਾ ਜਨੂੰਨ ਚੜ੍ਹਦੀ ਉਮਰ ਤੋਂ ਰਿਹਾ ਪਰ ਕਦੇ ਵੀ ਸਿਲਵਰ ਸਕਰੀਨ ਲਈ ਖਾਸ ਚਾਹਤ ਨਹੀਂ ਰਹੀ। ਹਾਲਾਂਕਿ ਮੁਕੱਦਰ ਕਈ ਵਾਰ ਤੁਹਾਨੂੰ ਉਨ੍ਹਾਂ ਰਾਹਾਂ 'ਤੇ ਤੋਰ ਹੀ ਦਿੰਦਾ ਹੈ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਨਹੀਂ ਹੁੰਦਾ।
ਜ਼ਿੰਦਗੀਨਾਮਾ ਲੜੀ ਤਹਿਤ ਇਸ ਵਾਰ ਦੀ ਮੁਲਾਕਾਤ ਦਾ ਸਬੱਬ ਬਣਿਆ ਅਦਕਾਰਾ ਨੀਤਾ ਮੋਹਿੰਦਰਾ ਨਾਲ।
ਨੀਤਾ ਮੋਹਿੰਦਰਾ ਨੇ ਰੰਗਮੰਚ ਤੋਂ ਅਦਾਕਾਰੀ ਦੇ ਸਫਰ ਦੀ ਸ਼ੁਰੂਆਤ ਕੀਤੀ, ਟੀਵੀ ਅਤੇ ਸਿਨੇਮਾ ਵਿੱਚ ਵੀ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਵਿੱਚ ਕਈ ਸਾਲ ਪੜ੍ਹਾਇਆ ਅਤੇ ਫ਼ਾਈਨ ਆਰਟਸ ਵਿਭਾਗ ਦੇ ਮੁਖੀ ਵੀ ਰਹੇ।
ਰੰਗਮੰਚ ਨੂੰ ਦਿੱਤੇ ਯੋਗਦਾਨ ਕਰਕੇ ਸਾਲ 2009 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪਰਿਵਾਰ ਵੱਲੋਂ ਸ਼ਰਤਾਂ 'ਤੇ ਮਿਲੀ ਰੰਗਮੰਚ ਨਾਲ ਜੁੜਨ ਦੀ ਇਜਾਜ਼ਤ

ਤਸਵੀਰ ਸਰੋਤ, Neeta Mohindra/FB
ਨੀਤਾ ਮੋਹਿੰਦਰਾ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਉਹ ਨੌਕਰੀਪੇਸ਼ਾ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪਰਿਵਾਰ ਵਿੱਚ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਸੀ। ਨੀਤਾ ਦੀ ਰੁਚੀ ਪੜ੍ਹਾਈ ਦੇ ਨਾਲ-ਨਾਲ ਥੀਏਟਰ ਵਿੱਚ ਵੀ ਹੋਣ ਲੱਗੀ।
ਦਰਅਸਲ, ਉਹ ਦਿੱਲੀ ਵਿੱਚ ਸ਼ੇਕਸਪੀਅਰੀਅਨ ਥੀਏਟਰ ਨਾਲ ਜੁੜੇ ਅਤੇ ਉਹਨਾਂ ਨੂੰ ਆਪਣੀ ਇੱਕ ਭੂਆ ਤੋਂ ਥੀਏਟਰ ਦੀ ਪ੍ਰੇਰਨਾ ਮਿਲੀ। ਪਰ ਉਨ੍ਹਾਂ ਦਾ ਪਰਿਵਾਰ ਇਸ ਲਈ ਰਾਜ਼ੀ ਨਹੀਂ ਸੀ।
ਨੀਤਾ ਦੱਸਦੇ ਹਨ ਕਿ ਉਨ੍ਹਾਂ ਨੂੰ ਥੀਏਟਰ ਦੀ ਇਜਾਜ਼ਤ ਇਸੇ ਸ਼ਰਤ ਨਾਲ ਮਿਲੀ ਸੀ ਕਿ ਪੜ੍ਹਾਈ ਵਿੱਚ ਨੰਬਰ ਨਹੀਂ ਘਟਣਗੇ।
ਉਨ੍ਹਾਂ ਕਿਹਾ, "ਮੈਂ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਥੀਏਟਰ ਨੇ ਮੈਨੂੰ ਬਹੁਤ ਕੁਝ ਦਿੱਤਾ। ਥੀਏਟਰ ਨਾਲ ਜੁੜਨ ਬਾਅਦ ਪੜ੍ਹਾਈ ਵਿੱਚ ਵੀ ਮੈਂ ਹੋਰ ਨਿੱਖਰਦੀ ਗਈ ਅਤੇ ਐਮ.ਏ ਤੱਕ ਆਉਂਦਿਆਂ ਤਾਂ ਮੈਂ ਯੂਨੀਵਰਸਿਟੀ ਵਿਚ ਅੱਵਲ ਰਹੀ, ਫਿਰ ਪੀ.ਐਚ.ਡੀ. ਕੀਤੀ।"
ਨੀਤਾ ਨੇ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਹੀ ਸਾਲ 1978 ਵਿੱਚ ਹਰਪਾਲ ਟਿਵਾਣਾ ਦੇ ਪੰਜਾਬ ਕਲਾ ਮੰਚ ਨਾਲ ਜੁੜ ਕੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਨੀਤਾ ਦੱਸਦੇ ਹਨ ਕਿ ਭਾਵੇਂ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਫ਼ਿਲਮਾਂ ਦੀ ਪੇਸ਼ਕਸ਼ ਹੁੰਦੀ ਸੀ, ਪਰ ਉਨ੍ਹਾਂ ਦੇ ਪਰਿਵਾਰ ਵਲੋਂ ਵਰਜਣਾ ਸੀ ਕਿ ਸਿਰਫ਼ ਥੀਏਟਰ ਤੱਕ ਹੀ ਰਿਹਾ ਜਾਵੇ। ਰੇਡੀਓ, ਟੀਵੀ ਜਾਂ ਫ਼ਿਲਮਾਂ ਵੱਲ ਜਾਣ ਦੀ ਪਰਿਵਾਰ ਵੱਲੋਂ ਵੀ ਇਜਾਜ਼ਤ ਨਹੀਂ ਸੀ ਅਤੇ ਉਸ ਵੇਲੇ ਖ਼ੁਦ ਵੀ ਉਹ ਇਨ੍ਹਾਂ ਮਾਧਿਅਮਾਂ ਵਿੱਚ ਕੰਮ ਕਰਨ ਲਈ ਬਹੁਤ ਸਹਿਜ ਮਹਿਸੂਸ ਨਹੀਂ ਕਰਦੇ ਸੀ।
ਉਨ੍ਹਾਂ ਦੱਸਿਆ, "ਮੈਂ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਇਸ ਖੇਤਰ ਵਿੱਚ ਕਰੀਅਰ ਬਣਾਇਆ ਜਾ ਸਕਦਾ ਹੈ। ਐਮ.ਏ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਮੈਨੂੰ ਬੀਬੀਕੇ ਡੀਏਵੀ ਵਿੱਚ ਨੌਕਰੀ ਮਿਲ ਗਈ ਸੀ। ਮੇਰੀ ਨੌਕਰੀ ਨੇ ਮੈਨੂੰ ਥੀਏਟਰ ਜਾਰੀ ਰੱਖਣ ਵਿੱਚ ਮਦਦ ਹੀ ਕੀਤੀ, ਕਦੇ ਰੁਕਾਵਟ ਨਹੀਂ ਬਣੀ"
ਨੱਬੇ ਦੇ ਦਹਾਕੇ ਵਿੱਚ ਉਨ੍ਹਾਂ ਨੇ ਆਪਣਾ ਥੀਏਟਰ ਗਰੁੱਪ 'ਰੰਗਟੋਲੀ' ਬਣਾ ਲਿਆ ਸੀ, ਜਿਸ ਤਹਿਤ ਉਨ੍ਹਾਂ ਨੇ ਕਈ ਨਾਟਕ ਖੇਡੇ।
ਨਾ ਸਿਰਫ਼ ਪੰਜਾਬੀ, ਉਨ੍ਹਾਂ ਨੇ ਹਿੰਦੂ, ਉਰਦੂ ਅਤੇ ਅੰਗਰੇਜ਼ੀ ਵਿੱਚ ਵੀ ਨਾਟਕ ਖੇਡੇ। ਚਾਰੋ ਬੋਲੀਆਂ ਵਿੱਚ ਉਨ੍ਹਾਂ ਦੀ ਪਕੜ ਕਾਬਿਲ-ਏ-ਤਾਰੀਫ ਹੈ।
ਕਿਵੇਂ ਸ਼ੁਰੂ ਹੋਇਆ ਸਿਲਵਰ ਸਕਰੀਨ ਦਾ ਸਫਰ?

ਤਸਵੀਰ ਸਰੋਤ, Neeta Mohindra/FB
ਕਿਉਂਕਿ ਪਰਿਵਾਰ ਵੱਲੋਂ ਸਿਰਫ਼ ਥੀਏਟਰ ਦੀ ਹੀ ਇਜਾਜ਼ਤ ਸੀ, ਇਸ ਲਈ ਪਹਿਲਾਂ ਤਾਂ ਨੀਤਾ ਨੇ ਟੀਵੀ ਜਾਂ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਨੂੰ ਇਨਕਾਰ ਕੀਤਾ। ਫਿਰ ਉਨ੍ਹਾਂ ਮਾਧਿਅਮਾਂ ਵਿੱਚ ਕੰਮ ਕਰ ਰਹੇ ਸਾਥੀਆਂ ਦੀ ਹੌਂਸਲਾ-ਅਫਜ਼ਾਈ ਕਰਕੇ ਨੀਤਾ ਟੈਲੀਵਿਜ਼ਨ ਲਈ ਰਾਜ਼ੀ ਹੋ ਗਏ।
ਟੈਲੀਵਿਜ਼ਨ ਵਿੱਚ ਜਲੰਧਰ ਦੂਰਦਰਸ਼ਨ ਲਈ ਪਹਿਲਾ ਸੀਰੀਅਲ ਉਨ੍ਹਾਂ ਨੇ 1984-85 ਦੌਰਾਨ ਕੀਤਾ ਸੀ, ਜਿਸ ਦਾ ਨਾਮ ਸੀ 'ਰੈਣ ਬਸੇਰਾ'। ਫਿਰ ਹੌਲੀ ਹੌਲੀ ਰੇਡੀਓ 'ਤੇ ਕੰਮ ਕਰਨ ਲਈ ਵੀ ਸਬੱਬ ਬਣ ਗਿਆ।
ਨੀਤਾ ਦੇ ਫ਼ਿਲਮੀ ਸਫਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ 'ਦਿਲ ਆਪਣਾ ਪੰਜਾਬੀ' ਤੋਂ ਹੋਈ, ਜੋ ਕਿ ਸਾਲ 2006 ਵਿੱਚ ਆਈ ਸੀ।

ਨੀਤਾ ਮੋਹਿੰਦਰਾ ਦੱਸਦੇ ਹਨ ਕਿ ਇਸ ਤੋਂ ਬਾਅਦ ਵੀ ਫ਼ਿਲਮਾਂ ਵੱਲ ਉਨ੍ਹਾਂ ਦਾ ਬਹੁਤਾ ਝੁਕਾਅ ਨਹੀਂ ਸੀ, ਕਿਉਂਕਿ ਉਹ ਕਾਲਜ ਵਿੱਚ ਆਪਣੀ ਨੌਕਰੀ, ਰੰਗਮੰਚ ਅਤੇ ਪੇਂਟਿੰਗ ਵਿੱਚ ਕਾਫ਼ੀ ਰੁੱਝੇ ਰਹੇ।
ਫ਼ਿਰ ਜਿਸ ਵੇਲੇ ਉਨ੍ਹਾਂ ਨੂੰ ਰਮੇਸ਼ ਸਿੱਪੀ ਹੁਰਾਂ ਦੀ ਫ਼ਿਲਮ 'ਸ਼ਿਮਲਾ ਮਿਰਚੀ' ਮਿਲੀ, ਤਾਂ ਉਨ੍ਹਾਂ ਨੂੰ ਕਾਫ਼ੀ ਹੌਂਸਲਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬੰਬੇ ਜਾ ਕੇ ਇਸ ਕਰੀਅਰ ਨੂੰ ਹੋਰ ਅੱਗੇ ਵਧਾਉਣ ਦਾ ਫ਼ੈਸਲਾ ਲਿਆ। ਉੱਥੇ ਜਾ ਕੇ ਕੀਤੀ ਫ਼ਿਲਮ 'ਐਮ.ਐਸ ਧੋਨੀ' ਨੇ ਨੀਤਾ ਮੋਹਿੰਦਰਾ ਨੂੰ ਚੰਗੀ ਪਛਾਣ ਦਵਾਈ।
ਨੀਤਾ ਨੇ ਦੱਸਿਆ ਕਿ ਭਾਵੇਂ ਮੁੰਬਈ ਪਹੁੰਚਦਿਆਂ ਹੀ ਉਨ੍ਹਾਂ ਨੂੰ ਬਹੁਤ ਜਲਦ 'ਐਮ.ਐਸ ਧੋਨੀ' ਮਿਲ ਗਈ ਸੀ, ਪਰ ਫਿਰ ਵੀ ਉੱਥੇ ਪਹਿਲੇ ਦੋ-ਤਿੰਨ ਸਾਲ ਉਨ੍ਹਾਂ ਲਈ ਕਾਫੀ ਔਖੇ ਰਹੇ।
ਉਨ੍ਹਾਂ ਕਿਹਾ, "ਬੰਬੇ (ਮੁੰਬਈ ) ਵਿੱਚ ਲਿਹਾਜ਼ ਬਹੁਤੀ ਕੰਮ ਨਹੀਂ ਆਉਂਦੀ, ਜੇ ਤੁਸੀਂ ਚੰਗਾ ਕੰਮ ਨਹੀਂ ਕਰੋਗੇ ਤਾਂ ਪ੍ਰੌਜੈਕਟ ਨਹੀਂ ਮਿਲਣਗੇ। ਤੇ ਮੈਨੂੰ ਉੱਥੇ ਜਾਨਣ ਵਾਲਾ ਕੋਈ ਹੈ ਵੀ ਨਹੀਂ ਸੀ। ਐਕਟਿੰਗ ਨਵੀਂ ਗੱਲ ਨਹੀਂ ਸੀ, ਪਰ ਉੱਥੇ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਸੀ। ਪਰ ਆਪਣੇ ਆਪ ਨੂੰ ਸਾਬਿਤ ਕਰਨਾ ਸੀ ਕਿ ਹੁਣ ਇੱਥੇ ਆ ਗਈ ਹਾਂ ਤਾਂ ਕੁਝ ਨਾ ਕੁਝ ਕਰਨਾ ਹੀ ਹੈ।"
ਚਿੱਤਰਕਾਰ ਵਜੋਂ ਨੀਤਾ ਦਾ ਸਫ਼ਰ

ਤਸਵੀਰ ਸਰੋਤ, Neeta Mohindra/FB
ਨੀਤਾ ਮੋਹਿੰਦਰਾ ਪੜ੍ਹਾਈ ਵਿੱਚ ਫ਼ਾਈਨ ਆਰਟਸ ਨਾਲ ਜੁੜੇ ਰਹੇ ਹਨ। ਉਨ੍ਹਾਂ ਦਾ ਵਿਸ਼ਾ ਪੇਂਟਿੰਗ ਰਿਹਾ ਹੈ, ਜਿਸ ਕਾਰਨ ਨੀਤਾ ਦਾ ਇੱਕ ਪੇਂਟਿੰਗ ਆਰਟਿਸਟ (ਚਿੱਤਰਕਾਰ) ਵਜੋਂ ਸਫਰ ਵੀ ਬੇਹੱਦ ਸ਼ਾਨਦਾਰ ਹੈ। ਚਿੱਤਰਕਾਰੀ ਵਿੱਚ ਉਨ੍ਹਾਂ ਨੇ ਆਪਣੇ ਬਣਾਏ ਚਿੱਤਰਾਂ ਦੀਆਂ ਕਈ ਪ੍ਰਦਰਸ਼ਨੀਆਂ ਲਗਾਈਆਂ ਹਨ। ਔਰਤ ਦੇ ਅਮੂਰਤ ਰੂਪ 'ਤੇ ਹੀ ਨੀਤਾ ਮੋਹਿੰਦਰਾ ਦੀਆਂ ਵਧੇਰੇ ਪੇਂਟਿੰਗਜ਼ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਸੀਰੀਅਲ ਵਿੱਚ ਮਹਾਰਾਣੀ ਸਦਾ ਕੌਰ ਦਾ ਕਿਰਦਾਰ ਨਿਭਾਇਆ, ਉਨ੍ਹਾਂ ਨੂੰ ਸਿੱਖ ਇਤਿਹਾਸ ਦੀਆਂ ਬੀਬੀਆਂ ਬਾਰੇ ਜਾਨਣ ਦੀ ਉਤਸੁਕਤਾ ਹੋਈ।
ਕਈ ਸਾਲਾਂ ਦੀ ਖੋਜ ਬਾਅਦ ਉਨ੍ਹਾਂ ਨੇ ਗੁਰੂ ਕਾਲ ਦੀਆਂ ਮਹਾਨ ਔਰਤਾਂ ਦੇ ਚਿੱਤਰ ਬਣਾਏ ਅਤੇ ਪ੍ਰਦਰਸ਼ਨੀ ਕੀਤੀ। ਇਸ ਦਾ ਨਾਮ 'ਪ੍ਰਿਥਮਣੀਆਂ' ਰੱਖਿਆ ਗਿਆ।
ਕਲਾ ਨੇ ਨੀਤਾ ਦੀ ਸ਼ਖਸੀਅਤ 'ਤੇ ਕੀ ਅਸਰ ਪਾਇਆ?

ਤਸਵੀਰ ਸਰੋਤ, Neeta Mohindra/FB
ਨੀਤਾ ਮੋਹਿੰਦਰਾ ਦੀ ਜ਼ਿੰਦਗੀ ਚਿੱਤਰਕਾਰੀ ਅਤੇ ਅਦਾਕਾਰੀ ਦੇ ਆਲੇ-ਦੁਆਲੇ ਘੁੰਮਦੀ ਰਹੀ ਹੈ। ਭਾਵੇਂ ਹਰ ਇਨਸਾਨ ਦਾ ਵਿਲੱਖਣ ਸੁਭਾਅ ਅਤੇ ਸ਼ਖਸੀਅਤ ਹੁੰਦੀ ਹੈ, ਪਰ ਜਿਸ ਕੰਮ ਨਾਲ ਅਸੀਂ ਜੁੜਦੇ ਹਾਂ ਉਹ ਵੀ ਸਾਡੀ ਸ਼ਖਸੀਅਤ 'ਤੇ ਅਸਰ ਪਾਉਂਦੇ ਹਨ।
ਨੀਤਾ ਮੋਹਿੰਦਰਾ ਨੇ ਕਿਹਾ, " ਚਿੱਤਰਕਾਰੀ ਮੈਨੂੰ ਮਨ ਦੀ ਸੰਤੁਸ਼ਟੀ ਦਿੰਦੀ ਹੈ ਪਰ ਅਦਾਕਾਰੀ ਨੇ ਮੇਰੀ ਸ਼ਖਸੀਅਤ ਨੂੰ ਨਿਖਾਰਿਆ। "
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਿਸੇ ਸਕੂਲ-ਕਾਲਜ ਤੋਂ ਅਦਾਕਾਰੀ ਨਹੀਂ ਸਿੱਖੀ। ਥੀਏਟਰ ਕਰਦਿਆਂ ਸਿੱਖੀ ਅਤੇ ਖ਼ੁਦ ਹੀ ਇਸ ਬਾਰੇ ਕਿਤਾਬਾਂ ਪੜ੍ਹੀਆਂ। ਜਦੋਂ ਕਲਾ ਨੂੰ ਹੋਰ ਨਿਖਾਰਨ ਦੀ ਲੋੜ ਮਹਿਸੂਸ ਹੋਈ, ਉਨ੍ਹਾਂ ਨੇ ਫ਼ਿਲਮ ਐਪਰੀਸੀਏਸ਼ਨ ਕੋਰਸ ਕੀਤਾ। ਜਦੋਂ ਸਰੀਰ ਵਿੱਚ ਲਚਕ ਦੀ ਕਮੀ ਲੱਗੀ ਤਾਂ ਕਈ ਤਰ੍ਹਾਂ ਦੇ ਸੈਸ਼ਨ ਲਏ। ਵੱਖੋ-ਵੱਖ ਨਾਚ ਸਿੱਖੇ। ਨੀਤਾ ਕਹਿੰਦੇ ਹਨ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੇ ਉਨ੍ਹਾਂ ਦੀ ਸ਼ਖਸੀਅਤ ਨੂੰ ਬਣਾਇਆ।
ਕਿਵੇਂ ਬਦਲ ਰਿਹਾ ਹੈ ਸਿਨੇਮਾ ਅਤੇ ਅਦਾਕਾਰੀ?

ਨੀਤਾ ਮੋਹਿੰਦਰਾ ਮੰਨਦੇ ਹਨ ਕਿ ਓਟੀਟੀ ਆਉਣ ਨਾਲ ਅਦਾਕਾਰਾਂ ਲਈ ਕਾਫ਼ੀ ਕੁਝ ਬਦਲਿਆ ਹੈ। ਪਹਿਲਾਂ ਫ਼ਿਲਮਾਂ ਸਿਰਫ਼ ਮੁੱਖ ਹੀਰੋ-ਹੀਰੋਇਨ 'ਤੇ ਕੇਂਦਰਿਤ ਹੁੰਦੀਆਂ ਸਨ, ਪਰ ਵੈਬ ਸ਼ੋਅਜ਼ ਵਿੱਚ ਹਰ ਅਦਾਕਾਰ ਦਾ ਹੁਨਰ ਅਤੇ ਗਹਿਰਾਈ ਚੰਗੀ ਤਰ੍ਹਾਂ ਦਿਸ ਰਿਹਾ ਹੈ, ਕਿਉਂਕਿ ਹਰ ਕਿਰਦਾਰ ਦੀ ਆਪਣੀ ਕਹਾਣੀ ਹੁੰਦੀ ਹੈ। ਓਟੀਟੀ ਨਾਲ ਮਹਿਲਾਵਾਂ ਲਈ ਵੀ ਵੱਖੋ-ਵੱਖਰੇ ਕਿਰਦਾਰ ਲਿਖੇ ਜਾ ਰਹੇ ਹਨ।
ਨੀਤਾ ਕਹਿੰਦੇ ਹਨ ਕਿ ਪਿਛਲੇ ਸਮੇਂ ਦੌਰਾਨ ਪੰਜਾਬੀ ਸਿਨੇਮਾ ਨੇ ਕਾਫ਼ੀ ਤਰੱਕੀ ਕੀਤੀ ਹੈ। ਫ਼ਿਲਮਾਂ ਦੀ ਗਿਣਤੀ, ਮਿਆਰ ਵਧਿਆ ਹੈ ਅਤੇ ਵਿਸ਼ਿਆਂ ਵਿੱਚ ਵੀ ਵੰਨ-ਸੁਵੰਨਤਾ ਆਈ ਹੈ।
ਉਹ ਕਹਿੰਦੇ ਹਨ, "ਪਰ ਜਿਸ ਤਰ੍ਹਾਂ ਅਸੀਂ ਹੋਰ ਭਾਸ਼ਾਵਾਂ ਦੀਆਂ (ਹਿੰਦੀ-ਅੰਗਰੇਜ਼ੀ ਵਿੱਚ ਅਨੁਵਾਦ ਹੋਈਆਂ) ਫ਼ਿਲਮਾਂ ਦੇਖਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿਨੇਮਾ ਦੇ ਦਰਸ਼ਕ ਵੀ ਵਧਣ। ਇਸ ਲਈ ਸਾਨੂੰ ਕਲਾਤਮਕ ਰੂਪ ਵਿੱਚ ਵੀ ਅਤੇ ਵਿਸ਼ਿਆਂ ਦੇ ਰੂਪ ਵੀ ਕੁਝ ਹੋਰ ਕਰਨ ਦੀ ਲੋੜ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












