ਪਾਇਲਟ ਕਿਵੇਂ ਬਣਦੇ ਹਨ, ਸਿਖਲਾਈ 'ਤੇ ਕਿੰਨਾ ਖ਼ਰਚਾ ਆਉਂਦਾ ਹੈ ਤੇ ਤਨਖ਼ਾਹ ਕਿੰਨੀ ਹੁੰਦੀ ਹੈ?

ਤਸਵੀਰ ਸਰੋਤ, Elke Scholiers/Getty
- ਲੇਖਕ, ਪ੍ਰਿਯੰਕਾ ਝਾਅ
- ਰੋਲ, ਬੀਬੀਸੀ ਪੱਤਰਕਾਰ
ਏਵੀਏਸ਼ਨ ਸੈਕਟਰ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ਨੂੰ ਸਾਰਿਆਂ ਨੇ ਦੇਖਿਆ ਹੈ। ਪਾਇਲਟਾਂ ਦੀ ਘਾਟ, ਹਵਾਈ ਅੱਡਿਆਂ 'ਤੇ ਲੰਬੀਆਂ ਕਤਾਰਾਂ, ਰੱਦ ਕੀਤੀਆਂ ਉਡਾਣਾਂ, ਪ੍ਰੇਸ਼ਾਨ ਯਾਤਰੀ, ਏਕਾਧਿਕਾਰ ਦੇ ਇਲਜ਼ਾਮ ਅਤੇ ਕੰਪਨੀਆਂ ਦੇ ਸਪੱਸ਼ਟੀਕਰਨ।
ਪਰ ਅੱਜ ਅਸੀਂ ਇਸ ਬਾਰੇ ਚਰਚਾ ਨਹੀਂ ਕਰਾਂਗੇ, ਅਸੀਂ ਨੌਕਰੀ ਬਾਰੇ ਚਰਚਾ ਕਰਾਂਗੇ।
ਭਾਰਤ ਵਿੱਚ ਏਵੀਏਸ਼ਨ ਸੈਕਟਰ ਇੱਕ ਤੇਜ਼ੀ ਨਾਲ ਵਧ ਰਿਹਾ ਅਰਥਚਾਰਾ ਹੈ, ਜਿਸਦੀ ਭਾਰਤੀ ਅਰਥਵਿਵਸਥਾ ਵਿੱਚ 53.6 ਕਰੋੜ ਅਮਰੀਕੀ ਡਾਲਰ ਦੀ ਹਿੱਸੇਦਾਰੀ ਹੈ ਅਤੇ 75 ਲੱਖ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਵਾਲਾ ਖੇਤਰ ਹੈ।
ਸਾਲ 2024 ਵਿੱਚ ਹੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ 1300 ਤੋਂ ਵੱਧ ਵਪਾਰਕ ਪਾਇਲਟ ਲਾਇਸੈਂਸ ਜਾਰੀ ਕੀਤੇ, ਯਾਨੀ ਇਸ ਸਾਲ ਇੰਨੇ ਨਵੇਂ ਪਾਇਲਟ ਸ਼ਾਮਲ ਹੋਏ।
ਇਸ ਰਿਪੋਰਟ ਵਿੱਚ ਅਸੀਂ ਉਸ ਨੌਕਰੀ ਬਾਰੇ ਗੱਲ ਕਰਾਂਗੇ ਜਿਸਦਾ ਸੁਪਨਾ ਤੁਸੀਂ ਜ਼ਮੀਨ ਤੋਂ ਲੈਂਦੇ ਹੋ, ਪਰ ਇਹ ਸੁਪਨਾ ਸਾਕਾਰ ਪੂਰੀ ਤਰ੍ਹਾਂ ਅਸਮਾਨ ਵਿੱਚ ਹੁੰਦਾ ਹੈ ਯਾਨੀ ਪਾਇਲਟ ਬਣਨਾ।
ਕਾਕਪਿਟ ਤੱਕ ਦਾ ਸਫ਼ਰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ?
ਮਨ ਵਿੱਚ ਆਉਣ ਵਾਲਾ ਪਹਿਲਾ ਸਵਾਲ ਇਹ ਹੈ ਕਿ ਪਾਇਲਟ ਕਿਵੇਂ ਬਣਨਾ ਹੈ? ਇੱਕ ਮਸ਼ਹੂਰ ਏਅਰਲਾਈਨ ਕੰਪਨੀ ਦੇ ਪਾਇਲਟ ਨੇ ਇਸਦਾ ਜਵਾਬ ਦਿੱਤਾ।
ਉਨ੍ਹਾਂ ਨੇ ਸਮਝਾਇਆ ਕਿ ਭਾਰਤ ਵਿੱਚ ਪਾਇਲਟ ਬਣਨ ਦੇ ਦੋ ਤਰੀਕੇ ਹਨ, ਇੱਕ ਜੋ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਦੂਜਾ ਏਅਰਲਾਈਨ ਕੰਪਨੀ ਦੇ ਕੈਡੇਟ ਪਾਇਲਟ ਪ੍ਰੋਗਰਾਮ ਜ਼ਰੀਏ।
ਦੋਵਾਂ ਮਾਮਲਿਆਂ ਵਿੱਚ ਉਮਰ 18 ਸਾਲ ਹੋਣੀ ਚਾਹੀਦੀ ਹੈ। ਨਾਲ ਹੀ 12ਵੀਂ ਜਮਾਤ ਵਿੱਚ ਭੌਤਿਕ ਵਿਗਿਆਨ ਅਤੇ ਗਣਿਤ ਦੇ ਨਾਲ 50 ਫ਼ੀਸਦ ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।
ਜੇਕਰ ਕੋਈ ਕਾਮਰਸ ਜਾਂ ਆਰਟਸ ਪਿਛੋਕੜ ਵਾਲਾ ਹੈ ਤਾਂ ਉਸ ਲਈ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਜਾਂ ਕਿਸੇ ਵੀ ਸਟੇਟ ਬੋਰਡ ਓਪਨ ਪ੍ਰੀਖਿਆ ਰਾਹੀਂ 12ਵੀਂ ਦੀ ਫ਼ਿਜ਼ਿਕਸ ਅਤੇ ਗਣਿਤ ਦੀਆਂ ਪ੍ਰੀਖਿਆਵਾਂ ਪਾਸ ਕਰਨਾ ਜ਼ਰੂਰੀ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਭਾਰਤ ਵਿੱਚ ਹਵਾਬਾਜ਼ੀ ਰੈਗੂਲੇਟਰ ਹੈ। ਡੀਜੀਸੀਏ ਨੇ ਦੇਸ਼ ਭਰ ਵਿੱਚ ਕਈ ਡਾਕਟਰਾਂ ਨੂੰ ਪਾਇਲਟ ਸਿਖਲਾਈ ਲਈ ਲੋੜੀਂਦੀਆਂ ਡਾਕਟਰੀ ਜਾਂਚਾਂ ਕਰਨ ਲਈ ਮਾਨਤਾ ਦਿੱਤੀ ਹੈ।
ਪਾਇਲਟ ਸਿਖਲਾਈ ਤੋਂ ਪਹਿਲਾਂ ਕਿਸੇ ਵੀ ਵਿਦਿਆਰਥੀ ਕੋਲ ਕਲਾਸ 2 ਮੈਡੀਕਲ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਹ ਡੀਜੀਸੀਏ ਵੱਲੋਂ ਪ੍ਰਵਾਨਿਤ ਡਾਕਟਰ ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ ਇਹ ਨਿਰਧਾਰਤ ਕਰਦਾ ਹੈ ਕਿ ਕੀ ਵਿਅਕਤੀ ਸਿਖਲਾਈ ਲੈਣ ਲਈ ਡਾਕਟਰੀ ਤੌਰ 'ਤੇ ਫਿੱਟ ਹੈ।
ਇਸ ਤੋਂ ਬਾਅਦ ਕਲਾਸ 1 ਮੈਡੀਕਲ ਪ੍ਰੀਖਿਆ ਹੁੰਦੀ ਹੈ ਜੋ ਡੀਜੀਸੀਏ ਦੁਆਰਾ ਕਰਵਾਈ ਜਾਂਦੀ ਹੈ ਅਤੇ ਇਹ ਭਾਰਤੀ ਹਵਾਈ ਸੈਨਾ ਦੁਆਰਾ ਪ੍ਰਵਾਨਿਤ ਡਾਕਟਰਾਂ ਵੱਲੋਂ ਕੀਤੀ ਜਾਂਦੀ ਹੈ।
ਇਹ ਪ੍ਰੀਖਿਆ ਸਰਟੀਫਿਕੇਟ ਵਪਾਰਕ ਪਾਇਲਟ ਲਾਇਸੈਂਸ (ਸੀਪੀਐੱਲ) ਪ੍ਰਾਪਤ ਕਰਨ ਲਈ ਜ਼ਰੂਰੀ ਹੈ। ਇਸ ਵਿੱਚ ਅੱਖਾਂ, ECG, ਖੂਨ ਦੇ ਟੈਸਟ ਅਤੇ ਈਐੱਨਟੀ ਟੈਸਟ ਸ਼ਾਮਲ ਹਨ।
ਦੋਵਾਂ ਟੈਸਟਾਂ ਦੀ ਕੀਮਤ ਤਕਰੀਬਨ ਦਸ ਹਜ਼ਾਰ ਰੁਪਏ ਹੁੰਦੀ ਹੈ।
ਹਾਲਾਂਕਿ, ਜੇਕਰ ਕੋਈ ਕਲਰ ਬਲਾਇੰਡ ਹੈ, ਤਾਂ ਉਹ ਪਾਇਲਟ ਨਹੀਂ ਬਣ ਸਕਦਾ। ਇਸ ਤੋਂ ਇਲਾਵਾ ਸ਼ੁਰੂ ਵਿੱਚ ਖੂਨ ਅਤੇ ਪਿਸ਼ਾਬ ਦੇ ਟੈਸਟ ਵਰਗੇ ਮੁੱਢਲੇ ਟੈਸਟਾਂ ਦੀ ਲੋੜ ਹੁੰਦੀ ਹੈ। ਜੇਕਰ ਕੋਈ ਇੱਕ ਵਿੱਚ ਵੀ ਅਸਫਲ ਹੋ ਜਾਂਦਾ ਹੈ, ਤਾਂ ਉਹ ਪਾਇਲਟ ਨਹੀਂ ਬਣ ਸਕਦਾ।
ਇਸ ਤੋਂ ਬਾਅਦ ਕੀ ਹੋਵੇਗਾ?

ਤਸਵੀਰ ਸਰੋਤ, Udit Kulshrestha/Bloomberg via Getty
ਸਾਰੀਆਂ ਯੋਗਤਾ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ, ਕਿਸੇ ਨੂੰ ਡੀਜੀਸੀਏ ਸੀਪੀਐੱਲ ਪ੍ਰੀਖਿਆ ਦੇਣੀ ਚਾਹੀਦੀ ਹੈ, ਜੋ ਆਮ ਤੌਰ 'ਤੇ ਸਾਲ ਵਿੱਚ ਚਾਰ ਵਾਰ ਹੁੰਦੀ ਹੈ।
ਇਸ ਕੋਰਸ ਨੂੰ ਪਾਸ ਕਰਨ ਵਾਲੇ ਦੋ ਤਰ੍ਹਾਂ ਦੀ ਸਿਖਲਾਈ ਵਿੱਚੋਂ ਗੁਜ਼ਰਦੇ ਹਨ, ਜ਼ਮੀਨੀ ਸਿਖਲਾਈ ਅਤੇ ਉਡਾਣ।
ਜ਼ਮੀਨੀ ਸਿਖਲਾਈ ਪਾਇਲਟ ਸਿਖਲਾਈ ਦਾ ਅਕਾਦਮਿਕ ਪੜਾਅ ਹੈ, ਜਿਸ ਵਿੱਚ ਮੌਸਮ ਵਿਗਿਆਨ, ਏਅਰ ਰੈਗੂਲੇਸ਼ਨ, ਨੇਵੀਗੇਸ਼ਨ, ਰੇਡੀਓ ਟੈਲੀਫ਼ੋਨੀ ਅਤੇ ਤਕਨੀਕੀ ਵਿਸ਼ਿਆਂ ਵਰਗੇ ਵਿਸ਼ੇ ਸ਼ਾਮਲ ਹੁੰਦੇ ਹਨ।
ਉਨ੍ਹਾਂ ਦੇ ਲਿਖਤੀ ਇਮਤਿਹਾਨਾਂ ਵਿੱਚ ਘੱਟੋ-ਘੱਟ 70 ਫ਼ੀਸਦ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੈ।
ਇਸ ਤੋਂ ਬਾਅਦ, ਉਮੀਦਵਾਰ ਭਾਰਤ ਵਿੱਚ ਵੱਖ-ਵੱਖ ਡੀਜੀਸੀਏ ਵੱਲੋਂ ਪ੍ਰਵਾਨਿਤ ਫਲਾਇੰਗ ਟ੍ਰੇਨਿੰਗ ਆਰਗੇਨਾਈਜ਼ੇਸ਼ਨਾਂ (ਐੱਫ਼ਟੀਓਜ਼) ਵਿੱਚ ਸ਼ਾਮਲ ਹੁੰਦੇ ਹਨ ਅਤੇ ਇੱਥੇ ਉਨ੍ਹਾਂ ਨੂੰ 200 ਘੰਟੇ ਦੀ ਉਡਾਣ ਦਾ ਤਜਰਬਾ ਮਿਲਦਾ ਹੈ।
ਇਸ ਤੋਂ ਇਲਾਵਾ ਦੂਜਾ ਵਿਕਲਪ ਕੈਡੇਟ ਪਾਇਲਟ ਪ੍ਰੋਗਰਾਮ ਹੈ, ਜੋ ਕਿ ਏਅਰਲਾਈਨ ਕੰਪਨੀਆਂ ਵੱਲੋਂ ਚਲਾਇਆ ਜਾਂਦਾ ਹੈ।
ਮਾਹਰਾਂ ਮੁਤਾਬਕ, ਜੇਕਰ ਕੋਈ ਉਮੀਦਵਾਰ ਆਪਣਾ ਹਵਾਬਾਜ਼ੀ ਕਰੀਅਰ ਏਅਰਲਾਈਨ ਕੈਡੇਟ ਪਾਇਲਟ ਪ੍ਰੋਗਰਾਮ ਨਾਲ ਸ਼ੁਰੂ ਕਰਦਾ ਹੈ, ਤਾਂ ਇਸਦਾ ਇੱਕ ਨਿਸ਼ਚਿਤ ਸਿਲੇਬਸ ਹੁੰਦਾ ਹੈ, ਜਿਸ ਵਿੱਚ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦੋਵੇਂ ਸ਼ਾਮਲ ਹੁੰਦੇ ਹਨ।
ਇਸ ਵਿੱਚ ਏਵੀਏਸ਼ਨ ਬਾਰੇ ਬੁਨਿਆਦੀ ਜਾਣਕਾਰੀ ਗੰਭੀਰਤਾ ਨਾਲ ਪੜ੍ਹਾਈ ਜਾਂਦੀ ਹੈ, ਨਾਲ ਹੀ ਪਾਰਟਨਰ ਫਲਾਈਟ ਟ੍ਰੇਨਿੰਗ ਆਰਗੇਨਾਈਜ਼ੇਸ਼ਨ (ਐੱਫ਼ਟੀਓਜ਼) ਵਿਖੇ ਪ੍ਰੈਕਟੀਕਲ ਫਲਾਇੰਗ ਸੈਸ਼ਨ ਵੀ ਸ਼ਾਮਲ ਹਨ।
ਇਹ ਏਕੀਕ੍ਰਿਤ ਸਿਖਲਾਈ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਤਾਂ ਜੋ ਪਾਇਲਟ ਉਦਯੋਗ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੁਨਰ ਹਾਸਲ ਕਰ ਸਕਣ।
ਉਦਾਹਰਣ ਵਜੋਂ, ਏਅਰ ਇੰਡੀਆ ਕੋਲ ਇੱਕ ਕੈਡੇਟ ਪਾਇਲਟ ਪ੍ਰੋਗਰਾਮ ਹੈ, ਜਿਸ ਦੇ ਤਹਿਤ ਉਮੀਦਵਾਰਾਂ ਨੂੰ ਏਅਰ ਇੰਡੀਆ ਫਲਾਇੰਗ ਟ੍ਰੇਨਿੰਗ ਅਕੈਡਮੀ ਅਤੇ ਏਅਰਲਾਈਨ ਦੇ ਦੋ ਗਲੋਬਲ ਪਾਰਟਨਰ ਸਕੂਲਾਂ ਵਿੱਚ ਉਨ੍ਹਾਂ ਦੇ ਕਮਰਸ਼ੀਅਲ ਪਾਇਲਟ ਲਾਇਸੈਂਸ (ਸੀਪੀਐੱਲ) ਅਤੇ ਟਾਈਪ ਰੇਟਿੰਗ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਉਡਾਣ ਸਿਖਲਾਈ ਦੌਰਾਨ, ਉਮੀਦਵਾਰਾਂ ਨੂੰ ਛੋਟੇ ਜਹਾਜ਼ ਉਡਾਉਣੇ ਸਿਖਾਏ ਜਾਂਦੇ ਹਨ।
ਪਰ ਜਦੋਂ ਉਹ ਅਸਲ ਵਿੱਚ ਯਾਤਰੀ ਜਹਾਜ਼ ਉਡਾਉਂਦੇ ਹਨ, ਤਾਂ ਉਨ੍ਹਾਂ ਨੂੰ ਇੱਕ ਹੋਰ ਲਾਇਸੈਂਸ ਦੀ ਲੋੜ ਪੈਂਦੀ ਹੈ, ਜਿਸਨੂੰ ਟਾਈਪ ਰੇਟਿੰਗ ਕਿਹਾ ਜਾਂਦਾ ਹੈ।
ਏਅਰ ਇੰਡੀਆ ਦੀ ਸਿਖਲਾਈ ਅਕੈਡਮੀ ਅਮਰਾਵਤੀ, ਮਹਾਰਾਸ਼ਟਰ ਵਿੱਚ ਸਥਿਤ ਹੈ ਅਤੇ ਦੋ ਗਲੋਬਲ ਪਾਰਟਨਰ ਸਕੂਲ ਅਮਰੀਕਾ ਵਿੱਚ ਹਨ।
ਕੈਡੇਟ ਪ੍ਰੋਗਰਾਮ ਰਾਹੀਂ ਏਅਰਲਾਈਨ ਕੰਪਨੀਆਂ ਕੁਝ ਟੈਸਟਾਂ ਦੇ ਆਧਾਰ 'ਤੇ 12ਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਕੈਡੇਟ ਵਜੋਂ ਚੁਣਦੀਆਂ ਹਨ।
ਫਿਰ ਉਹ ਉਡਾਣ ਦੀ ਸਿਖਲਾਈ ਲੈਂਦੇ ਹਨ ਅਤੇ ਏਅਰਲਾਈਨਾਂ ਵਿੱਚ ਵਾਪਸ ਆਉਣ 'ਤੇ ਇੱਕ ਕਿਸਮ ਦੀ ਰੇਟਿੰਗ ਪ੍ਰਾਪਤ ਕਰਦੇ ਹਨ, ਪਰ ਇਸਦੀਆਂ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ।
ਫ਼ਲਾਈਟ ਟ੍ਰੇਨਿੰਗ ਅਤੇ ਖ਼ਰਚਾ ਕਿੰਨਾ ਹੁੰਦਾ ਹੈ?

ਤਸਵੀਰ ਸਰੋਤ, Elke Scholiers/Getty
ਲਿਖਤੀ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਛੇ ਮਹੀਨੇ ਲੱਗਦੇ ਹਨ ਅਤੇ ਇਸ ਤੋਂ ਬਾਅਦ ਉਡਾਣ ਦੀ ਸਿਖਲਾਈ ਸ਼ੁਰੂ ਹੁੰਦੀ ਹੈ।
ਉਮੀਦਵਾਰ ਉਹ ਦੇਸ਼ ਚੁਣਦੇ ਹਨ ਜਿੱਥੇ ਉਹ ਇਹ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ। ਇਹ ਸਿਖਲਾਈ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਕੀਤੀ ਜਾ ਸਕਦੀ ਹੈ।
ਕੈਪਟਨ ਮੋਹਿਤ ਜਹਾਜ਼ ਵਿੱਚ ਆਪਣੇ ਸ਼ਾਇਰਾਨਾ ਅੰਦਾਜ਼ ਕਰਕੇ ਵਾਇਰਲ ਹੋ ਗਏ ਹਨ ਅਤੇ ਹੁਣ ਇੱਕ ਏਅਰਲਾਈਨ ਕੰਪਨੀ ਵਿੱਚ ਇੰਸਟ੍ਰਕਟਰ ਵਜੋਂ ਕੰਮ ਕਰਦੇ ਹੋਏ, ਉਹ 'ਪੋਏਟਿਕ ਪਾਇਲਟ' ਨਾਮ ਦੀ ਇੱਕ ਸਿਖਲਾਈ ਅਕੈਡਮੀ ਵੀ ਚਲਾ ਰਹੇ ਹਨ।
ਉਹ ਕਹਿੰਦੇ ਹਨ, "ਜ਼ਿਆਦਾਤਰ ਲੋਕ ਭਾਰਤ, ਅਮਰੀਕਾ, ਦੱਖਣੀ ਅਫਰੀਕਾ ਚੁਣਦੇ ਹਨ ਅਤੇ ਮੇਰੇ ਵਰਗੇ ਕੁਝ ਕੈਨੇਡਾ ਵੀ ਜਾਂਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਆਪਣੀ ਫ਼ਾਲਇਟ ਟ੍ਰੇਨਿੰਗ ਕਿੱਥੋਂ ਲਈ ਹੈ, ਕਿਉਂਕਿ ਤੁਹਾਨੂੰ ਡੀਜੀਸੀਏ ਦੀ ਲਿਖਤੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ।"
"ਏਅਰਲਾਈਨ ਕੰਪਨੀਆਂ ਵੀ ਕਿਸੇ ਖ਼ਾਸ ਦੇਸ਼ ਤੋਂ ਸਿਖਲਾਈ ਨੂੰ ਤਰਜੀਹ ਨਹੀਂ ਦਿੰਦੀਆਂ। ਯਾਨੀ ਕਿ ਤੁਹਾਡੇ ਕੋਲ ਭਾਰਤੀ ਪਾਇਲਟ ਦਾ ਲਾਇਸੈਂਸ ਹੈ ਜਾਂ ਨਹੀਂ।"
ਭਾਰਤ ਵਿੱਚ ਇੱਕ ਚੰਗੇ ਸਕੂਲ ਵਿੱਚ ਇਸ ਸਿਖਲਾਈ ਲਈ 14 ਤੋਂ 15 ਮਹੀਨੇ ਲੱਗਦੇ ਹਨ, ਜਿਸਦੀ ਕੀਮਤ 50-55 ਲੱਖ ਰੁਪਏ ਹੁੰਦੀ ਹੈ।
ਅਮਰੀਕਾ ਵਿੱਚ ਇਸ ਸਿਖਲਾਈ ਵਿੱਚ 10 ਮਹੀਨੇ ਲੱਗਦੇ ਹਨ ਅਤੇ ਇਸਦੀ ਕੀਮਤ ਵੀ ਉਹੀ ਹੈ, 50-52 ਲੱਖ ਰੁਪਏ।
ਦੱਖਣੀ ਅਫਰੀਕਾ ਵਿੱਚ ਇਹ 12-14 ਮਹੀਨਿਆਂ ਦਾ ਕੋਰਸ ਹੈ, ਜਿਸਦੀ ਕੀਮਤ 35-40 ਲੱਖ ਰੁਪਏ ਹੈ।
ਕੈਪਟਨ ਮੋਹਿਤ ਦੱਸਦੇ ਹਨ, "ਇਹ ਗ੍ਰੈਜੂਏਸ਼ਨ ਵਰਗਾ ਨਹੀਂ ਹੈ, ਜਿੱਥੇ ਹਰ ਵਿਦਿਆਰਥੀ ਕੋਲ ਤਿੰਨ-ਚਾਰ ਸਾਲਾਂ ਦਾ ਕੋਰਸ ਹੁੰਦਾ ਹੈ। ਇਸ ਦੀ ਬਜਾਇ ਉਮੀਦਵਾਰ ਕੋਲ 200 ਘੰਟੇ ਦੀ ਉਡਾਣ ਸਿਖਲਾਈ ਹੋਣੀ ਚਾਹੀਦੀ ਹੈ, ਜਿਸ ਦਾ ਮਤਲਬ ਹੈ ਜਹਾਜ਼ ਵਿੱਚ ਉਡਾਣ ਭਰਨ ਦਾ ਤਜਰਬਾ। ਕੁਝ ਲੋਕ ਇਸਨੂੰ ਦਸ ਮਹੀਨਿਆਂ ਵਿੱਚ ਪੂਰਾ ਕਰਦੇ ਹਨ, ਜਦੋਂ ਕਿ ਕੁਝ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ।"
ਸਿਖਲਾਈ ਤੋਂ ਬਾਅਦ ਉਮੀਦਵਾਰ ਕਿਸੇ ਵੀ ਏਅਰਲਾਈਨ ਕੰਪਨੀ ਵਿੱਚ ਕੰਮ ਕਰਨ ਦੇ ਯੋਗ ਹੁੰਦੇ ਹਨ ਜੋ ਪਾਇਲਟਾਂ ਦੀ ਭਰਤੀ ਕਰਦੀ ਹੈ।
ਕੈਪਟਨ ਮੋਹਿਤ ਮੁਤਾਬਕ, ਜਦੋਂ ਕੋਈ ਪਾਇਲਟ ਕਿਸੇ ਏਅਰਲਾਈਨ ਕੰਪਨੀ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਨ੍ਹਾਂ ਦਾ ਪਹਿਲਾ ਅਹੁਦਾ ਫ਼ਰਸਟ ਅਫਸਰ ਹੁੰਦਾ ਹੈ। ਉਹ ਜਹਾਜ਼ ਵਿੱਚ ਕੈਪਟਨ ਦੇ ਨਾਲ ਸਹਿ-ਪਾਇਲਟ ਵਜੋਂ ਕੰਮ ਕਰਦੇ ਹਨ।
ਕੈਪਟਨ ਬਣਨ ਲਈ ਇੱਕ ਵੱਖਰਾ ਲਾਇਸੈਂਸ ਜ਼ਰੂਰੀ ਹੁੰਦਾ ਹੈ, ਜਿਸਨੂੰ ਏਟੀਪੀਐੱਲ ਯਾਨੀ ਏਅਰਲਾਈਨ ਟ੍ਰਾਂਸਪੋਰਟ ਪਾਇਲਟ ਲਾਇਸੈਂਸ ਕਿਹਾ ਜਾਂਦਾ ਹੈ।
ਇਹ ਲਾਇਸੈਂਸ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਡੀਜੀਸੀਏ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ, ਜਿਸ ਵਿੱਚ ਨੈਵੀਗੇਸ਼ਨ, ਰੇਡੀਓ ਨੈਵੀਗੇਸ਼ਨ ਅਤੇ ਮੌਸਮ ਵਿਗਿਆਨ ਵਰਗੇ ਵਿਸ਼ੇ ਸ਼ਾਮਲ ਹੁੰਦੇ ਹਨ। ਹਾਲਾਂਕਿ, ਉਨ੍ਹਾਂ ਕੋਲ ਘੱਟੋ-ਘੱਟ 1,500 ਘੰਟੇ ਦਾ ਉਡਾਣ ਦਾ ਤਜਰਬਾ ਹੋਣਾ ਚਾਹੀਦਾ ਹੈ।
ਇੱਕ ਵਾਰ ਖਾਲੀ ਅਸਾਮੀ ਉਪੱਲਬਧ ਹੋਣ 'ਤੇ ਤੁਹਾਨੂੰ ਅਰਜ਼ੀ ਦੇਣੀ ਪਵੇਗੀ ਅਤੇ ਫਿਰ ਸੰਬੰਧਿਤ ਏਅਰਲਾਈਨ ਕੰਪਨੀ ਇੱਕ ਲਿਖਤੀ ਪ੍ਰੀਖਿਆ ਕਰਵਾਏਗੀ। ਇਹ ਪ੍ਰੀਖਿਆਵਾਂ ਡੀਜੀਸੀਏ ਪ੍ਰੀਖਿਆ ਤੋਂ ਵੱਖਰੀਆਂ ਹਨ ਅਤੇ ਯੋਗਤਾ-ਅਧਾਰਿਤ ਹਨ।
ਕੈਪਟਨ ਮੋਹਿਤ ਕਹਿੰਦੇ ਹਨ, "ਇਸਨੂੰ ਇਸ ਤਰ੍ਹਾਂ ਸਮਝੋ, ਜੇਕਰ ਕਿਸੇ ਏਅਰਲਾਈਨ ਕੰਪਨੀ ਨੂੰ 300 ਪਾਇਲਟਾਂ ਦੀ ਲੋੜ ਹੁੰਦੀ ਹੈ ਅਤੇ 1000 ਨੇ ਪ੍ਰੀਖਿਆ ਦਿੱਤੀ ਹੁੰਦੀ ਹੈ, ਤਾਂ ਕੰਪਨੀ ਅਗਲੇ ਦੌਰ ਲਈ ਸਿਰਫ਼ ਉਨ੍ਹਾਂ ਨੂੰ ਹੀ ਬੁਲਾਏਗੀ ਜੋ ਸਭ ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ।"
"ਜਦੋਂ ਕਿ ਡੀਜੀਸੀਏ ਪ੍ਰੀਖਿਆ ਵਿੱਚ 70 ਅੰਕ ਪ੍ਰਾਪਤ ਕਰਨਾ ਜ਼ਰੂਰੀ ਹੈ, ਪਰ ਅਜਿਹਾ ਨਹੀਂ ਹੈ ਕਿ 80 ਜਾਂ 90 ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਕੋਈ ਖ਼ਾਸ ਸਹੂਲਤ ਮਿਲਦੀ ਹੈ।"
ਤਨਖ਼ਾਹ ਅਤੇ ਤਰੱਕੀ ਦੀ ਸੰਭਾਵਨਾ

ਤਸਵੀਰ ਸਰੋਤ, Imtiyaz Khan/Anadolu Agency/Getty
ਇੱਕ ਪਾਇਲਟ ਨੇ ਸਾਨੂੰ ਦੱਸਿਆ ਕਿ ਭਾਰਤੀ ਹਵਾਬਾਜ਼ੀ ਜਗਤ ਵਿੱਚ ਇੱਕ ਪਾਇਲਟ ਦੀ ਤਨਖ਼ਾਹ ਵੀ ਕਾਫ਼ੀ ਚੰਗੀ ਹੈ।
ਇਸ ਤੋਂ ਇਲਾਵਾ ਡੀਜੀਸੀਏ ਨੇ ਹੁਣ ਅਜਿਹੇ ਨਿਯਮ ਬਣਾਏ ਹਨ ਤਾਂ ਜੋ ਉਨ੍ਹਾਂ ਦੇ ਕੰਮਕਾਜੀ ਜੀਵਨ ਦਾ ਸੰਤੁਲਨ ਵੀ ਬਣਾਈ ਰੱਖਿਆ ਜਾ ਸਕੇ।
ਕੈਪਟਨ ਮੋਹਿਤ ਮੁਤਾਬਕ, "ਇੱਕ ਪਾਇਲਟ ਨੂੰ 12 ਘੰਟੇ ਆਰਾਮ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਹਵਾਈ ਅੱਡੇ ਤੋਂ ਆਉਣ-ਜਾਣ ਦੇ ਸਮੇਂ ਨੂੰ ਜੋੜਦੇ ਹਾਂ, ਤਾਂ ਇਹ ਤਕਰੀਬਨ 15 ਘੰਟਿਆਂ ਦਾ ਬ੍ਰੇਕ ਬਣਦਾ ਹੈ।"
"ਇਸ ਤੋਂ ਇਲਾਵਾ, ਹਫ਼ਤੇ ਵਿੱਚ ਇੱਕ ਵਾਰ ਪਾਇਲਟ ਨੂੰ 48 ਘੰਟੇ, ਜਾਂ ਦੋ ਦਿਨ ਦਾ ਲਗਾਤਾਰ ਬ੍ਰੇਕ ਲੈਣਾ ਚਾਹੀਦਾ ਹੈ। ਪਹਿਲਾਂ ਇਹ ਸਮਾਂ 36 ਘੰਟੇ ਸੀ।"
ਇਸ ਦੇ ਨਾਲ ਹੀ ਜੇਕਰ ਅਸੀਂ ਤਨਖਾਹ ਦੀ ਗੱਲ ਕਰੀਏ, ਤਾਂ ਪਹਿਲੇ ਅਧਿਕਾਰੀ ਨੂੰ ਆਮ ਤੌਰ 'ਤੇ ਹਰ ਮਹੀਨੇ ਤਕਰੀਬਨ 1.25 ਤੋਂ 2.5 ਲੱਖ ਰੁਪਏ ਮਿਲਦੇ ਹਨ।
ਜੇਕਰ ਕੋਈ ਕੈਪਟਨ ਦਾ ਅਹੁਦਾ ਸੰਭਾਲਦਾ ਹੈ, ਤਾਂ ਇਹ ਰਕਮ ਪ੍ਰਤੀ ਮਹੀਨਾ ਚਾਰ ਤੋਂ ਅੱਠ ਲੱਖ ਰੁਪਏ ਤੱਕ ਵੱਧ ਜਾਂਦੀ ਹੈ। ਅਤੇ ਜੇਕਰ ਨੌਕਰੀ ਕਿਸੇ ਕੌਮਾਂਤਰੀ ਏਅਰਲਾਈਨ ਕੰਪਨੀ ਵਿੱਚ ਹੈ, ਤਾਂ ਤਨਖਾਹ ਹੋਰ ਵੀ ਵੱਧ ਹੋ ਸਕਦੀ ਹੈ।
ਕੈਪਟਨ ਮੋਹਿਤ ਕਹਿੰਦੇ ਹਨ ਕਿ ਅਕਸਰ ਮਿਡਲ ਈਸਟ ਦੇਸ਼ਾਂ ਵਿੱਚ ਪਾਇਲਟਾਂ ਲਈ ਜ਼ਿਆਦਾ ਅਸਾਮੀਆਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਆਪਣੇ ਲੋਕ ਇਸ ਪੇਸ਼ੇ ਵਿੱਚ ਘੱਟ ਹੁੰਦੇ ਹਨ।
ਉੱਥੇ, ਇੱਕ ਫ਼ਸਟ ਆਫ਼ਸਰ ਪ੍ਰਤੀ ਮਹੀਨਾ 8-9 ਲੱਖ ਰੁਪਏ ਤੱਕ ਕਮਾਉਂਦਾ ਹੈ ਅਤੇ ਟੈਕਸ ਵੀ ਘੱਟ ਹੁੰਦੇ ਹਨ। ਹਾਲਾਂਕਿ, ਤੁਹਾਨੂੰ ਕਿਸੇ ਹੋਰ ਦੇਸ਼ ਵਿੱਚ ਰਹਿਣਾ ਪਵੇਗਾ। ਯਾਨੀ ਰਹਿਣ ਸਹਿਣ ਦਾ ਖਰਚਾ ਵੱਧ ਹੋਵੇਗਾ।
ਕੈਪਟਨ ਮੋਹਿਤ ਮੁਤਾਬਕ, ਪਾਇਲਟ ਸਿਰਫ਼ ਜਹਾਜ਼ ਉਡਾਉਣ ਤੱਕ ਸੀਮਿਤ ਨਹੀਂ ਹਨ। ਉਹ ਏਅਰਲਾਈਨ ਅਕੈਡਮੀ ਵਿੱਚ ਇੰਸਟ੍ਰਕਟਰ ਵੀ ਬਣ ਸਕਦੇ ਹਨ।
ਤੁਸੀਂ ਫਲਾਈਟ ਡਿਸਪੈਚਰ ਵਜੋਂ ਕੰਮ ਕਰ ਸਕਦੇ ਹੋ ਜਾਂ ਚਾਰਟਰਡ ਪਲੇਨ ਪਾਇਲਟ ਵੀ ਬਣ ਸਕਦੇ ਹੋ।
ਪਾਇਲਟ ਬਣਨ ਦੇ ਜਿੰਨੇ ਫਾਇਦੇ ਹਨ, ਓਨੀਂ ਹੀ ਸਿੱਖਿਆ ਅਤੇ ਸਿਖਲਾਈ ਮਹਿੰਗੀ ਵੀ ਹੈ। ਰਵਾਇਤੀ ਸੀਪੀਐੱਲ ਸਿਖਲਾਈ ਕੋਰਸ ਦੀ ਕੀਮਤ 55 ਤੋਂ 85 ਲੱਖ ਰੁਪਏ ਦੇ ਵਿਚਕਾਰ ਹੈ।
ਇਸ ਦੇ ਨਾਲ ਹੀ ਕੁਝ ਏਅਰਲਾਈਨ ਕੰਪਨੀਆਂ ਕੈਡੇਟ ਪਾਇਲਟ ਸਿਖਲਾਈ ਲਈ 1 ਕਰੋੜ ਰੁਪਏ ਜਾਂ ਇਸ ਤੋਂ ਵੱਧ ਚਾਰਜ ਕਰ ਸਕਦੀਆਂ ਹਨ।
ਅਸੀਂ ਕੈਪਟਨ ਮੋਹਿਤ ਤੋਂ ਪੁੱਛਿਆ ਕਿ ਇੱਕ ਔਸਤ ਪਰਿਵਾਰ ਦਾ ਵਿਦਿਆਰਥੀ ਇੰਨੀ ਵੱਡੀ ਰਕਮ ਕਿਵੇਂ ਇਕੱਠੀ ਕਰ ਸਕਦਾ ਹੈ।
ਆਪਣੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਸਮਝਾਇਆ, "ਐਜੂਕੇਸ਼ਨ ਲੋਨ (ਸਿੱਖਿਆ ਕਰਜ਼ਾ) ਇੱਕ ਚੰਗਾ ਵਿਕਲਪ ਹੈ ਕਿਉਂਕਿ, ਜੇਕਰ ਤੁਹਾਡੇ ਕੋਲ ਕੋਈ ਹੋਰ ਜ਼ਿੰਮੇਵਾਰੀਆਂ ਨਹੀਂ ਹਨ, ਤਾਂ ਤੁਸੀਂ ਪੰਜ ਤੋਂ ਛੇ ਸਾਲਾਂ ਦੇ ਅੰਦਰ ਕਰਜ਼ਾ ਵਾਪਸ ਕਰਨ ਦੇ ਯੋਗ ਹੋ ਸਕਦੇ ਹੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












