ਕ੍ਰਿਸਮਸ 'ਤੇ ਜੋੜੇ ਨੇ ਇੱਕ ਵਿਅਕਤੀ ਨੂੰ ਆਪਣੇ ਘਰ ਅੰਦਰ ਬੁਲਾਇਆ ਅਤੇ ਉਹ 45 ਸਾਲ ਉਨ੍ਹਾਂ ਦੇ ਨਾਲ ਰਿਹਾ, ਜਾਣੋ ਦਿਲਚਸਪ ਕਹਾਣੀ

ਤਸਵੀਰ ਸਰੋਤ, Rob Parsons
- ਲੇਖਕ, ਚਾਰਲੀ ਬਕਲੈਂਡ
- ਰੋਲ, ਬੀਬੀਸੀ ਵੇਲਜ਼
ਕ੍ਰਿਸਮਸ ਆਮ ਤੌਰ 'ਤੇ ਸਦਭਾਵਨਾ ਦਾ ਸਮਾਂ ਹੁੰਦਾ ਹੈ। ਪਰ 50 ਸਾਲ ਪਹਿਲਾਂ ਇੱਕ ਨੌਜਵਾਨ ਬ੍ਰਿਟਿਸ਼ ਜੋੜੇ ਵੱਲੋਂ ਕੀਤੇ ਗਏ ਇੱਕ ਛੋਟੇ-ਜਿਹੇ ਉਦਾਰ ਕੰਮ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਕੇ ਰੱਖ ਦਿੱਤੀ।
23 ਦਸੰਬਰ 1975 ਨੂੰ, ਬ੍ਰਿਟੇਨ ਦੇ ਵੇਲਜ਼ ਸਥਿਤ ਕਾਰਡਿਫ਼ ਸ਼ਹਿਰ ਵਿੱਚ ਰੌਬ ਪਾਰਸਨਜ਼ ਅਤੇ ਉਨ੍ਹਾਂ ਦੇ ਪਤਨੀ ਡਾਯਨੇ ਆਪਣੇ ਘਰ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਹੇ ਸਨ, ਜਦੋਂ ਉਨ੍ਹਾਂ ਦੇ ਦਰਵਾਜ਼ੇ 'ਤੇ ਕਿਸੇ ਨੇ ਦਸਤਕ ਦਿੱਤੀ।
ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਆਦਮੀ ਖੜ੍ਹਾ ਸੀ। ਉਸ ਦੇ ਸੱਜੇ ਹੱਥ ਵਿੱਚ ਉਸ ਦੀ ਸਾਰੀ ਜਮ੍ਹਾਂ ਪੂੰਜੀ, ਇੱਕ ਕੂੜੇ ਦਾ ਥੈਲਾ ਅਤੇ ਖੱਬੇ ਹੱਥ ਵਿੱਚ ਇੱਕ ਜੰਮੀ ਹੋਈ ਮੁਰਗੀ ਸੀ।
ਰੌਬ ਨੇ ਧਿਆਨ ਨਾਲ ਉਸ ਵਿਅਕਤੀ ਦਾ ਚਿਹਰਾ ਦੇਖਿਆ ਅਤੇ ਮੁਸ਼ਕਿਲ ਨਾਲ ਹੀ ਉਸ ਨੂੰ ਪਛਾਣ ਸਕਿਆ। ਉਹ ਰੌਨੀ ਲੌਕਵੁਡ ਸੀ - ਇੱਕ ਅਜਿਹਾ ਵਿਅਕਤੀ ਜਿਸ ਨੂੰ ਉਨ੍ਹਾਂ ਨੇ ਆਪਣੇ ਬਚਪਨ ਵਿੱਚ ਸੰਡੇ ਸਕੂਲ ਵਿੱਚ ਕਦੇ-ਕਦਾਈਂ ਦੇਖਿਆ ਸੀ। ਉਨ੍ਹਾਂ ਨੂੰ ਯਾਦ ਸੀ ਕਿ ਲੋਕ ਕਹਿੰਦੇ ਸਨ ਕਿ ਉਸ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹ "ਥੋੜ੍ਹਾ ਵੱਖਰਾ" ਹੈ।
"ਮੈਂ ਉਸ ਨੂੰ ਪੁੱਛਿਆ, 'ਰੌਨੀ, ਇਹ ਚਿਕਨ ਕਿਸ ਲਈ ਹੈ?'
ਉਸ ਨੇ ਕਿਹਾ, 'ਕਿਸੇ ਨੇ ਮੈਨੂੰ ਕ੍ਰਿਸਮਸ ਲਈ ਦਿੱਤਾ ਹੈ।'
ਅਤੇ ਫਿਰ ਮੈਂ ਇੱਕ ਅਜਿਹਾ ਸ਼ਬਦ ਕਿਹਾ, ਜਿਸ ਨੇ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।"
"ਮੈਨੂੰ ਅੱਜ ਵੀ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਕਿਹਾ, ਪਰ ਮੈਂ ਉਸ ਨੂੰ ਕਿਹਾ — 'ਅੰਦਰ ਆਓ'।"

ਉਸ ਸਮੇਂ ਰੌਬ 27 ਸਾਲਾਂ ਦੇ ਸਨ ਅਤੇ ਡਾਯਨੇ 26 ਸਾਲਾਂ ਦੇ। ਦੋਵਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਰੌਨੀ ਨੂੰ ਆਪਣੇ ਘਰ ਵਿੱਚ ਥਾਂ ਦੇਣੀ ਚਾਹੀਦੀ ਹੈ। ਰੌਨੀ ਆਟਿਜ਼ਮ ਨਾਲ ਪੀੜਤ ਸਨ।
ਉਨ੍ਹਾਂ ਨੇ ਉਹੀ ਚਿਕਨ ਪਕਾਇਆ, ਉਸ ਨੂੰ ਨਹਾਉਣ ਲਈ ਕਿਹਾ ਅਤੇ ਤੈਅ ਕੀਤਾ ਕਿ ਉਹ ਕ੍ਰਿਸਮਸ ਇਕੱਠੇ ਮਨਾਉਣਗੇ।
ਜੋ ਉਦਾਰਤਾ ਵਿੱਚ ਚੁੱਕਿਆ ਗਿਆ ਇੱਕ ਛੋਟਾ-ਜਿਹਾ ਕਦਮ ਸੀ, ਉਹ ਪਿਆਰ ਅਤੇ ਵਚਨਬੱਧਤਾ ਨਾਲ ਭਰੇ ਇੱਕ ਅਸਾਧਾਰਣ ਰਿਸ਼ਤੇ ਵਿੱਚ ਬਦਲ ਗਿਆ, ਜੋ ਪੂਰੇ 45 ਸਾਲ ਤੱਕ ਚੱਲਿਆ - ਰੌਨੀ ਦੇ ਦੇਹਾਂਤ ਤੱਕ।
ਅੱਜ 77 ਸਾਲ ਦੇ ਹੋ ਚੁੱਕੇ ਰੌਬ ਅਤੇ 76 ਸਾਲ ਦੀ ਡਾਯਨੇ ਦੇ ਵਿਆਹ ਨੂੰ ਉਸ ਵੇਲੇ ਸਿਰਫ਼ ਚਾਰ ਹੀ ਸਾਲ ਹੋਏ ਸਨ, ਜਦੋਂ ਉਨ੍ਹਾਂ ਨੇ ਰੌਨੀ ਨੂੰ ਆਪਣੇ ਘਰ ਵਿੱਚ ਥਾਂ ਦਿੱਤੀ ਸੀ।
ਉਸ ਵੇਲੇ ਰੌਨੀ ਲਗਭਗ 30 ਸਾਲ ਦੇ ਸਨ। ਉਹ 15 ਸਾਲ ਦੀ ਉਮਰ ਤੋਂ ਬੇਘਰ ਸਨ - ਕਾਰਡਿਫ਼ ਦੀਆਂ ਗਲ਼ੀਆਂ ਵਿੱਚ ਭਟਕਦੇ, ਕਦੇ-ਕਦੇ ਕੰਮ ਕਰਦੇ ਰੌਨੀ। ਰੌਬ, ਰੌਨੀ ਨੂੰ ਉਸ ਯੂਥ ਕਲੱਬ ਵਿੱਚ ਕਦੇ-ਕਦੇ ਵੇਖ ਲੈਂਦੇ ਸਨ, ਜਿਸ ਨੂੰ ਉਹ ਚਲਾਉਂਦੇ ਸਨ।
ਰੌਨੀ ਨੂੰ ਅਪਣੱਤ ਮਹਿਸੂਸ ਕਰਵਾਉਣ ਲਈ ਇਸ ਜੋੜੇ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਰੌਨੀ ਲਈ ਕ੍ਰਿਸਮਸ ਦਾ ਤੋਹਫ਼ਾ ਲਿਆਉਣ, ਚਾਹੇ ਜ਼ੁਰਾਬਾਂ ਹੋਣ, ਪਰਫ਼ਿਊਮ ਹੋਵੇ ਜਾਂ ਕੋਈ ਕ੍ਰੀਮ।
ਡਾਯਨੇ ਯਾਦ ਕਰਦੇ ਹਨ, "ਉਹ (ਰੌਨੀ) ਕ੍ਰਿਸਮਸ ਟੇਬਲ 'ਤੇ ਬੈਠੇ ਸਨ, ਚਾਰੇ ਪਾਸੇ ਤੋਹਫ਼ੇ ਸਨ ਅਤੇ ਉਹ ਰੋ ਪਏ। ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਪਿਆਰ ਮਹਿਸੂਸ ਨਹੀਂ ਕੀਤਾ ਸੀ।"
"ਉਹ ਪਲ ਸ਼ਾਨਦਾਰ ਸੀ।"
"ਕੀ ਮੈਂ ਕੁਝ ਗਲਤ ਕੀਤਾ?"

ਤਸਵੀਰ ਸਰੋਤ, Rob Parsons
ਜੋੜੇ ਨੇ ਸੋਚਿਆ ਸੀ ਕਿ ਕ੍ਰਿਸਮਸ ਤੋਂ ਬਾਅਦ ਰੌਨੀ ਨੂੰ ਵਿਦਾ ਕਰ ਦੇਣਗੇ, ਪਰ ਜਦੋਂ ਉਹ ਦਿਨ ਆਇਆ ਤਾਂ ਉਹ ਉਨ੍ਹਾਂ ਨੂੰ ਜਾਣ ਲਈ ਕਹਿ ਹੀ ਨਾ ਸਕੇ। ਉਹ ਮਦਦ ਲਈ ਪ੍ਰਸ਼ਾਸਨ ਕੋਲ ਗਏ।
ਰੌਬ ਦੱਸਦੇ ਹਨ, "ਸਾਨੂੰ ਕਿਹਾ ਗਿਆ ਕਿ ਨੌਕਰੀ ਪ੍ਰਾਪਤ ਕਰਨ ਲਈ ਰੌਨੀ ਨੂੰ ਇੱਕ ਪਤਾ (ਐਡਰੈੱਸ) ਚਾਹੀਦਾ ਹੈ, ਅਤੇ ਪਤਾ ਪ੍ਰਾਪਤ ਕਰਨ ਲਈ ਨੌਕਰੀ।"
"ਇਹੀ ਉਹ ਵਿਰੋਧਾਭਾਸ ਹੈ, ਜਿਸ ਵਿੱਚ ਜ਼ਿਆਦਾਤਰ ਬੇਘਰ ਲੋਕ ਫ਼ਸ ਜਾਂਦੇ ਹਨ।"
ਰੌਨੀ ਨੂੰ ਅੱਠ ਸਾਲ ਦੀ ਉਮਰ ਵਿੱਚ ਇੱਕ ਕੇਅਰ ਸੈਂਟਰ ਭੇਜ ਦਿੱਤਾ ਗਿਆ ਸੀ ਅਤੇ 11 ਸਾਲ ਦੀ ਉਮਰ ਵਿੱਚ ਉਹ ਕਾਰਡਿਫ਼ ਤੋਂ ਗਾਇਬ ਹੋ ਗਏ।
ਆਪਣੀ ਕਿਤਾਬ 'ਏ ਨੌਕ ਆਨ ਦੀ ਡੋਰ' ਲਈ ਰਿਸਰਚ ਕਰਦਿਆਂ ਰੌਬ ਨੂੰ ਪਤਾ ਲੱਗਿਆ ਕਿ ਰੌਨੀ ਨੂੰ 300 ਕਿਲੋਮੀਟਰ ਦੂਰ ਇੱਕ ਅਜਿਹੇ ਸਕੂਲ 'ਚ ਭੇਜ ਦਿੱਤਾ ਗਿਆ ਸੀ, ਜਿਸ ਨੂੰ ਰਿਪੋਰਟ ਵਿੱਚ "ਮਾਨਸਿਕ ਤੌਰ 'ਤੇ ਪਿੱਛੜੇ ਬੱਚਿਆਂ ਦਾ ਸਕੂਲ" ਕਿਹਾ ਗਿਆ ਸੀ। ਉਹ ਉੱਥੇ ਪੰਜ ਸਾਲ ਰਹੇ।
ਰੌਬ ਕਹਿੰਦੇ ਹਨ, "ਉਸ ਦਾ ਕੋਈ ਦੋਸਤ ਨਹੀਂ ਸੀ, ਕੋਈ ਸੋਸ਼ਲ ਵਰਕਰ ਨਹੀਂ, ਕੋਈ ਅਧਿਆਪਕ ਨਹੀਂ ਜੋ ਅਸਲ 'ਚ ਉਸ ਨੂੰ ਜਾਣਦਾ ਹੋਵੇ।''
ਰੌਬ ਯਾਦ ਕਰਦਿਆਂ ਦੱਸਦੇ ਹਨ ਕਿ ਵੱਡਾ ਹੋਣ 'ਤੇ ਰੌਨੀ ਅਕਸਰ ਪੁੱਛਦਾ ਸੀ ਕਿ "ਕੀ ਮੈਂ ਕੁਝ ਗਲਤ ਕੀਤਾ?"
ਇਹ ਸਵਾਲ ਉਸ ਦਰਦਨਾਕ ਤਜਰਬੇ ਦੀ ਪਰਛਾਈ ਸੀ।
15 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮੁੜ ਕਾਰਡਿਫ਼ ਭੇਜ ਦਿੱਤਾ ਗਿਆ - "ਕਿਤੇ ਨਹੀਂ," ਜਿਵੇਂ ਕਿ ਦੋਵੇਂ ਪਤੀ-ਪਤਨੀ ਕਹਿੰਦੇ ਹਨ।
"ਇਹ ਤਾਂ ਮੇਰੇ ਵਕੀਲ ਹਨ"

ਤਸਵੀਰ ਸਰੋਤ, Rob Parsons
ਸ਼ੁਰੂ ਵਿੱਚ ਰੌਨੀ ਬਹੁਤ ਸੰਕੋਚੀ ਸਨ - ਨਜ਼ਰ ਮਿਲਾਉਣ ਵਿੱਚ ਮੁਸ਼ਕਿਲ, ਗੱਲਬਾਤ ਵੀ ਬਹੁਤ ਘੱਟ।
ਪਰ ਹੌਲੀ-ਹੌਲੀ ਉਹ ਉਨ੍ਹਾਂ ਨੂੰ ਜਾਣਨ ਲੱਗੇ ਅਤੇ ਸੱਚਮੁੱਚ ਉਨ੍ਹਾਂ ਨਾਲ ਪਿਆਰ ਕਰਨ ਲੱਗੇ।
ਉਨ੍ਹਾਂ ਨੇ ਰੌਨੀ ਨੂੰ ਕੂੜਾ ਚੁੱਕਣ ਦੀ ਨੌਕਰੀ ਦਿਵਾਈ ਅਤੇ ਨਵੇਂ ਕੱਪੜੇ ਦਿਵਾਏ ਕਿਉਂਕਿ ਉਹ ਅਜੇ ਵੀ ਉਹੀ ਕੱਪੜੇ ਪਹਿਨ ਰਹੇ ਸਨ, ਜੋ ਉਨ੍ਹਾਂ ਨੂੰ ਸਕੂਲ ਵਿੱਚ ਮਿਲੇ ਸਨ।
ਰੌਬ ਦੱਸਦੇ ਹਨ, "ਸਾਡੇ ਆਪਣੇ ਬੱਚੇ ਨਹੀਂ ਸਨ, ਤਾਂ ਇਸ ਲਈ ਲੱਗਦਾ ਸੀ ਜਿਵੇਂ ਕਿਸੇ ਬੱਚੇ ਨੂੰ ਸਕੂਲ ਲਈ ਤਿਆਰ ਕਰ ਰਹੇ ਹੋਈਏ।"
ਦੁਕਾਨ ਤੋਂ ਨਿਕਲਦੇ ਸਮੇਂ ਡਾਯਨੇ ਨੇ ਮਜ਼ਾਕ ਵਿੱਚ ਕਿਹਾ, "ਉਸ ਨੂੰ ਕੂੜਾ ਚੁੱਕਣ ਦੀ ਨੌਕਰੀ ਮਿਲੀ ਹੈ ਅਤੇ ਅਸੀਂ ਉਸ ਨੂੰ ਡੋਰਚੈਸਟਰ ਹੋਟਲ ਦੇ ਦਰਬਾਨ ਵਾਂਗ ਸਜਾ ਦਿੱਤਾ ਹੈ।"
ਰੌਬ, ਜੋ ਪੇਸ਼ੇ ਤੋਂ ਵਕੀਲ ਸਨ, ਹਰ ਸਵੇਰ ਇੱਕ ਘੰਟਾ ਪਹਿਲਾਂ ਉੱਠ ਕੇ ਰੌਨੀ ਨੂੰ ਕੰਮ 'ਤੇ ਛੱਡਦੇ।
ਇੱਕ ਦਿਨ ਰੌਬ ਨੇ ਪੁੱਛਿਆ, "ਰੌਨੀ, ਤੂੰ ਹਰ ਵੇਲੇ ਮੁਸਕੁਰਾਉਂਦਾ ਕਿਉਂ ਰਹਿੰਦਾ ਹੈਂ?"
ਰੌਨੀ ਬੋਲੇ, "ਕੰਮ 'ਤੇ ਲੋਕ ਪੁੱਛਦੇ ਹਨ, 'ਤੈਨੂੰ ਕੌਣ ਛੱਡਣ ਆਉਂਦਾ ਹੈ?'''
''ਅਤੇ ਮੈਂ ਕਹਿੰਦਾ ਹਾਂ, 'ਅਰੇ, ਇਹ ਮੇਰੇ ਵਕੀਲ ਹਨ।'"
ਰੌਬ ਕਹਿੰਦੇ ਹਨ, "ਸ਼ਾਇਦ ਉਸ ਨੂੰ ਵਕੀਲ ਤੋਂ ਵੱਧ ਇਸ ਗੱਲ ਦੀ ਖੁਸ਼ੀ ਸੀ ਕਿ ਕੋਈ ਉਸ ਨੂੰ ਲੈਣ-ਛੱਡਣ ਵਾਲਾ ਸੀ।"

ਤਸਵੀਰ ਸਰੋਤ, Rob Parsons
ਰੌਨੀ ਦੇ ਆਪਣੇ ਨਿਯਮ ਸਨ - ਜਿਵੇਂ ਹਰ ਸਵੇਰ ਡਿਸ਼ਵਾਸ਼ਰ ਖਾਲੀ ਕਰਨਾ। ਰੌਬ ਹਰ ਵਾਰ ਹੈਰਾਨੀ ਜ਼ਾਹਰ ਕਰਦੇ ਤਾਂ ਜੋ ਰੌਨੀ ਦਾ ਦਿਲ ਨਾ ਟੁੱਟੇ।
ਰੌਬ ਹੱਸਦੇ ਹੋਏ ਕਹਿੰਦੇ ਹਨ, "45 ਸਾਲ ਤੱਕ ਅਸੀਂ ਇਹੀ ਕੀਤਾ।"
ਹਰ ਕ੍ਰਿਸਮਸ ਉਹ ਉਹੀ ਮਾਰਕਸ ਐਂਡ ਸਪੈਂਸਰ ਦਾ ਗਿਫ਼ਟ ਕਾਰਡ ਦਿੰਦਾ ਅਤੇ ਓਨਾ ਹੀ ਉਤਸ਼ਾਹਿਤ ਰਹਿੰਦਾ।
ਰੌਨੀ ਆਪਣਾ ਜ਼ਿਆਦਾਤਰ ਖਾਲੀ ਸਮਾਂ ਸਥਾਨਕ ਚਰਚ ਨੂੰ ਸਮਰਪਿਤ ਕਰਦੇ ਸਨ। ਉਹ ਬੇਘਰ ਲੋਕਾਂ ਲਈ ਦਾਨ ਇਕੱਠਾ ਕਰਦੇ, ਪ੍ਰਾਰਥਨਾਵਾਂ ਲਈ ਥਾਂ ਤਿਆਰ ਕਰਦੇ ਅਤੇ ਸਲੀਕੇ ਨਾਲ ਕੁਰਸੀਆਂ ਲਗਾਉਂਦੇ।
ਡਾਯਨੇ ਦੱਸਦੇ ਹਨ ਕਿ ਇੱਕ ਦਿਨ ਰੌਨੀ ਘਰ ਆਏ, ਪਰ ਉਨ੍ਹਾਂ ਦੇ ਪੈਰਾਂ ਵਿੱਚ ਵੱਖਰੇ ਜੁੱਤੇ ਸਨ। ਡਾਯਨੇ ਨੇ ਰੌਨੀ ਨੂੰ ਪੁੱਛਿਆ, "ਰੌਨੀ, ਤੇਰੇ ਜੁੱਤੇ ਕਿੱਥੇ ਹਨ?"
ਰੌਨੀ ਨੇ ਜਵਾਬ ਦਿੱਤਾ ਕਿ ਉਹ ਜੁੱਤੇ ਉਨ੍ਹਾਂ ਨੇ ਇੱਕ ਅਜਿਹੇ ਬੇਘਰ ਆਦਮੀ ਨੂੰ ਦੇ ਦਿੱਤੇ, ਜਿਸ ਨੂੰ ਉਨ੍ਹਾਂ ਦੀ ਲੋੜ ਸੀ।
ਡਾਯਨੇ ਕਹਿੰਦੇ ਹਨ, "ਉਹ ਅਜਿਹਾ ਹੀ ਸੀ। ਉਹ ਵਾਕਈ ਅਦਭੁੱਤ ਸੀ।"

ਸਭ ਤੋਂ ਮੁਸ਼ਕਲ ਦੌਰ ਉਸ ਵੇਲੇ ਆਇਆ, ਜਦੋਂ ਡਾਯਨੇ ਕ੍ਰੋਨਿਕ ਫਟੀਗ ਸਿੰਡਰੋਮ ਨਾਲ ਬੀਮਾਰ ਹੋ ਗਏ। ਉਹ ਕਈ-ਕਈ ਦਿਨਾਂ ਤੱਕ ਬਿਸਤਰੇ ਤੋਂ ਉੱਠ ਵੀ ਨਹੀਂ ਪਾਉਂਦੇ ਸਨ।
ਡਾਯਨੇ ਯਾਦ ਕਰਦੇ ਹੋਏ ਕਹਿੰਦੇ ਹਨ, "ਸਾਡੀ ਤਿੰਨ ਸਾਲ ਦੀ ਇੱਕ ਛੋਟੀ ਧੀ ਸੀ ਅਤੇ ਰੌਬ ਕੰਮ 'ਤੇ ਜਾਂਦੇ ਸਨ।"
ਪਰ ਰੌਨੀ ਬੱਚਿਆਂ ਨਾਲ ਕਮਾਲ ਸਾਬਤ ਹੋਏ। ਉਹ ਲਾਇਡ ਲਈ ਦੁੱਧ ਦੀਆਂ ਬੋਤਲਾਂ ਤਿਆਰ ਕਰਦੇ, ਘਰ ਦੇ ਕੰਮਾਂ ਵਿੱਚ ਮਦਦ ਕਰਦੇ ਅਤੇ ਧੀ ਕੇਟੀ ਨਾਲ ਖੇਡਦੇ।
ਹਾਲਾਂਕਿ ਮੁਸ਼ਕਲਾਂ ਵੀ ਸਨ, ਜਿਵੇਂ 20 ਸਾਲ ਤੱਕ ਜੂਏ ਦੀ ਲਤ, ਫਿਰ ਵੀ ਉਹ ਕਹਿੰਦੇ ਹਨ ਕਿ ਰੌਨੀ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਇੱਕ ਵਾਰ ਉਨ੍ਹਾਂ ਨੇ ਸੋਚਿਆ ਕਿ ਰੌਨੀ ਨੂੰ ਅਲੱਗ ਰਹਿਣ ਲਈ ਕਹਿ ਦੇਣ। ਪਰ ਜਿਵੇਂ ਹੀ ਗੱਲ ਛਿੜੀ, ਰੌਨੀ ਨੇ ਉਹੀ ਸਵਾਲ ਪੁੱਛਿਆ - "ਕੀ ਮੈਂ ਕੁਝ ਗਲਤ ਕੀਤਾ?" ਡਾਯਨੇ ਰੋ ਪਏ।
ਕੁਝ ਦਿਨਾਂ ਬਾਅਦ ਰੌਨੀ ਨੇ ਪੁੱਛਿਆ, "ਆਪਾਂ ਤਿੰਨੇ ਦੋਸਤ ਹਾਂ ਨਾ? ਅਤੇ ਅਸੀਂ ਹਮੇਸ਼ਾਂ ਇਕੱਠੇ ਹੀ ਰਹਾਂਗੇ, ਹੈ ਨਾ?"
ਰੌਬ ਨੇ ਜਵਾਬ ਦਿੱਤਾ, "ਹਾਂ ਰੌਨੀ, ਆਪਾਂ ਹਮੇਸ਼ਾਂ ਇਕੱਠੇ ਰਹਾਂਗੇ।"
ਅਤੇ ਸੱਚਮੁੱਚ, ਉਹ ਇਕੱਠੇ ਹੀ ਰਹੇ

ਤਸਵੀਰ ਸਰੋਤ, Rob Parsons
ਸਾਲ 2020 ਵਿੱਚ 75 ਸਾਲ ਦੀ ਉਮਰ ਵਿੱਚ ਰੌਨੀ ਦਾ ਦੇਹਾਂਤ ਹੋ ਗਿਆ। ਕੋਵਿਡ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕੇ, ਪਰ ਰੌਬ ਮਜ਼ਾਕ ਵਿੱਚ ਕਹਿੰਦੇ ਹਨ, "ਟਿਕਟਾਂ ਦੀ ਮੰਗ ਤਾਂ ਕੋਲਡਪਲੇ ਦੇ ਕਾਂਸਰਟ ਤੋਂ ਵੀ ਵੱਧ ਸੀ।"
ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਸਿਆਸਤਦਾਨਾਂ ਅਤੇ ਬੇਰੋਜ਼ਗਾਰ ਲੋਕਾਂ ਸਮੇਤ ਘੱਟੋ-ਘੱਟ 100 ਸ਼ੋਕ-ਸੰਦੇਸ਼ ਕਾਰਡ ਮਿਲੇ।
ਉਨ੍ਹਾਂ ਦੀ ਮੌਤ ਤੋਂ ਬਾਅਦ ਕਾਰਡਿਫ਼ ਸਥਿਤ ਗਲੇਨਵੁੱਡ ਚਰਚ ਨਾਲ ਜੁੜੇ, 20 ਲੱਖ ਅਮਰੀਕੀ ਡਾਲਰ ਤੋਂ ਵੱਧ ਲਾਗਤ ਵਾਲੇ ਇੱਕ ਨਵੇਂ ਵੈੱਲਨੈੱਸ ਸੈਂਟਰ ਦਾ ਨਾਮ ਰੌਨੀ ਦੀ ਯਾਦ ਵਿੱਚ ਲੌਕਵੁੱਡ ਹਾਊਸ ਰੱਖਿਆ ਗਿਆ।
ਹਾਲਾਂਕਿ ਪੁਰਾਣੀਆਂ ਅਤੇ ਨਵੀਆਂ ਇਮਾਰਤਾਂ ਆਪਸ ਵਿੱਚ ਪੂਰੀ ਤਰ੍ਹਾਂ ਮੇਲ ਨਹੀਂ ਖਾ ਰਹੀਆਂ ਸਨ ਅਤੇ ਨਵੀਨੀਕਰਨ ਪੂਰਾ ਕਰਨ ਲਈ ਜ਼ਿਆਦਾ ਫੰਡ ਦੀ ਲੋੜ ਸੀ।
ਰੌਬ ਕਹਿੰਦੇ ਹਨ, "ਪਰ ਚਿੰਤਾ ਦੀ ਕੋਈ ਗੱਲ ਨਹੀਂ ਸੀ। ਇਹ ਰਕਮ ਲਗਭਗ ਓਨੀ ਹੀ ਸੀ, ਜਿੰਨੀ ਰੌਨੀ ਨੇ ਆਪਣੀ ਵਸੀਅਤ ਵਿੱਚ ਛੱਡੀ ਸੀ।"
"ਆਖ਼ਿਰਕਾਰ, ਉਸ ਬੇਘਰ ਬੰਦੇ ਨੇ ਸਾਡੇ ਸਭ ਦੇ ਸਿਰ 'ਤੇ ਛੱਤ ਦੇ ਦਿੱਤੀ।"
ਡਾਯਨੇ ਕਹਿੰਦੇ ਹਨ, "ਕੀ ਇਹ ਕਮਾਲ ਦੀ ਗੱਲ ਨਹੀਂ ਹੈ? ਹੁਣ ਮੈਨੂੰ ਲੱਗਦਾ ਹੈ ਕਿ ਇਹੀ ਉਸ ਦੀ ਕਿਸਮਤ ਸੀ।"
"ਰੌਨੀ ਨੇ ਸਾਡੇ ਜੀਵਨ ਨੂੰ ਅਜਿਹੀ ਸੰਪੰਨਤਾ ਦਿੱਤੀ, ਜਿਸ ਦੀ ਕੋਈ ਤੁਲਨਾ ਨਹੀਂ।"
ਵਾਧੂ ਰਿਪੋਰਟਿੰਗ - ਗ੍ਰੇਗ ਡੇਵਿਸ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












