ਹੁਸ਼ਿਆਰਪੁਰ ਵਿੱਚ ਬੋਰਵੈੱਲ 'ਚ ਡਿੱਗੇ 3 ਸਾਲਾ ਬੱਚੇ ਨੂੰ ਕਿਵੇਂ ਬਚਾਇਆ ਗਿਆ, 9 ਘੰਟੇ ਤੱਕ ਫਸੇ ਰਹੇ ਮਾਸੂਮ ਦੀ ਹੁਣ ਕੀ ਹੈ ਹਾਲਤ

ਤਸਵੀਰ ਸਰੋਤ, Pradeep Sharma/BBC
- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿਖੇ ਬੋਰਵੈੱਲ 'ਚ ਡਿੱਗੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਇਹ ਹਾਦਸਾ ਸ਼ੁੱਕਰਵਾਰ ਸ਼ਾਮ ਚਾਰ ਵਜੇ ਦੇ ਕਰੀਬ ਵਾਪਰਿਆ ਸੀ। ਨਿੱਕੇ ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਲਗਾਤਾਰ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਐੱਨਡੀਆਰਐੱਫ, ਐੱਸਡੀਆਰਐੱਫ, ਪੰਜਾਬ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ ਨੌਂ ਘੰਟਿਆਂ ਬਾਅਦ ਆਖਿਰਕਾਰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਬੱਚੇ ਨੂੰ ਰਾਤ ਕਰੀਬ 12:40 ਵਜੇ ਦੇ ਕਰੀਬ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਾ ਬਿਲਕੁਲ ਠੀਕ ਹੈ ਅਤੇ ਫਿਲਹਾਲ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਕਿਵੇਂ ਵਾਪਰਿਆ ਸੀ ਹਾਦਸਾ

ਤਸਵੀਰ ਸਰੋਤ, Pradeep Sharma/BBC
ਬੱਚੇ ਦੇ ਪਿਤਾ ਹਰਿੰਦਰ ਅਤੇ ਮਾਤਾ ਆਸ਼ਾ ਮਜ਼ਦੂਰੀ ਕਰਦੇ ਹਨ। ਮੀਡੀਆ ਨਾਲ ਗੱਲ ਕਰਦਿਆਂ ਬੱਚੇ ਦੇ ਮਾਤਾ ਆਸ਼ਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਖੇਡਦੇ ਸਮੇਂ ਬੋਰਵੈੱਲ ਵਿੱਚ ਜਾ ਡਿੱਗਿਆ।
ਉਨ੍ਹਾਂ ਦੱਸਿਆ, ''ਖੇਡਦੇ-ਖੇਡਦੇ ਤਿਲਕ ਕੇ ਬੋਰਵੈੱਲ ਵਿੱਚ ਡਿੱਗ ਗਿਆ, ਪਤਾ ਹੀ ਨਹੀਂ ਲੱਗਿਆ।''
''ਮੈਂ ਚਾਹ ਬਣਾ ਰਹੀ ਸੀ। ਇਹ ਪਿੱਛੇ ਇੱਕ ਨਿੱਕੀ ਜਿਹੀ ਬੋਤਲ ਨਾਲ ਖੇਡ ਰਿਹਾ ਸੀ। ਮੇਰੇ ਸੱਤ ਸਾਲਾ ਪੁੱਤਰ ਨੇ ਕਿਹਾ ਕਿ ਮੰਮੀ ਮੁੰਡਾ ਡਿੱਗ ਗਿਆ ਵਿੱਚ। ਮੈਂ ਕਿਹਾ ਕਿੱਥੇ ਹੈ, ਕਿੱਥੇ ਹੈ? ਉਹ ਕਹਿੰਦਾ, ਦੇਖੋ ਅੰਦਰ। ਅੰਦਰੋਂ ਮੁੰਡਾ ਅਵਾਜ਼ਾਂ ਮਾਰ ਰਿਹਾ ਸੀ 'ਮੰਮੀ ਮੈਨੂੰ ਫੜ ਲੈ, ਮੰਮੀ ਮੈਨੂੰ ਫੜ ਲੈ'।''
ਕਿੰਨਾ ਡੂੰਘਾ ਹੈ ਬੋਰਵੈੱਲ ਤੇ ਕਿੰਨੀ ਡੂੰਘਾਈ 'ਤੇ ਫਸਿਆ ਸੀ ਬੱਚਾ

ਤਸਵੀਰ ਸਰੋਤ, Pradeep Sharma/BBC
ਬਚਾਅ ਕਾਰਜਾਂ ਵਿੱਚ ਸ਼ਾਮਲ ਬਾਬਾ ਦੀਪ ਸਿੰਘ ਸੁਸਾਇਟੀ ਨਾਲ ਸਬੰਧਿਤ ਇੱਕ ਵਿਅਕਤੀ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ, ''ਪੰਜਾਬ ਵਿੱਚ ਦੋ ਅਜਿਹੀਆਂ ਘਟਨਾਵਾਂ ਹੋਈਆਂ ਹਨ, ਤੇ ਤੀਜੀ ਘਟਨਾ ਇਹ ਹੋਈ ਹੈ, ਜਿਸ 'ਚ ਬੱਚੇ ਨੂੰ ਬਚਾ ਲਿਆ ਗਿਆ ਹੈ।''
ਉਨ੍ਹਾਂ ਕਿਹਾ ਕਿ ''ਪਹਿਲਾਂ ਦੋ ਘਟਨਾਵਾਂ ਵੇਲੇ ਦੇਰੀ ਹੋ ਗਈ ਸੀ। ਇੱਥੇ ਵੀ ਥੋੜ੍ਹਾ ਸਮਾਂ ਲੱਗਿਆ ਪਰ ਬੱਚਾ ਸਹੀ-ਸਲਾਮਤ ਸੀ।''

ਤਸਵੀਰ ਸਰੋਤ, Pradeep Sharma/BBC
ਬੋਰਵੈੱਲ 'ਚ ਬੱਚੇ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ, ''ਮੈਂ ਡੀਸੀ ਸਾਬ੍ਹ ਨੂੰ ਆਉਂਦੇ ਹੀ ਦੱਸਿਆ ਸੀ ਕਿ ਇੰਝ ਸਮਝੋ ਪਰਮਾਤਮਾ (ਖਵਾਜਾ ਪੀਰ) ਨੇ ਬੱਚੇ ਨੂੰ ਸੰਭਾਲ ਲਿਆ। ਬੱਚਾ ਪਾਈਪ ਦੇ ਨਾਲ ਲੱਗਿਆ ਹੋਇਆ ਹੈ, ਮੈਂ ਕਿਹਾ ਜੀ ਬੱਚੇ ਨੂੰ ਕੁਝ ਨਹੀਂ ਹੁੰਦਾ, ਬੱਚਾ ਜਿਉਂਦਾ ਬਾਹਰ ਆਵੇਗਾ।''
''ਅਤੇ ਉਹੀ ਗੱਲ ਹੋਈ, ਬੱਚੇ ਨੂੰ ਬਿਲਕੁਲ ਸਹੀ ਸਾਂਹ ਆ ਰਹੇ ਸੀ। ਜਦੋਂ ਤੱਕ ਬੱਚੇ ਕੋਲ ਪਹੁੰਚੇ, ਬੱਚਾ ਬਿਲਕੁਲ ਮਿੱਟੀ ਨਾਲ ਢਕਿਆ ਹੋਇਆ ਸੀ, ਪਰ ਫਿਰ ਵੀ ਉਹ ਠੀਕ ਸੀ।''
''ਜਦੋਂ ਅਸੀਂ ਬੱਚੇ ਦੇ ਨੇੜੇ ਪਹੁੰਚੇ ਤਾਂ ਉਹ ਰੋਇਆ, ਉਸਨੇ ਓਆਰਐਸ ਵੀ ਪੀਤਾ। ਗੱਲਬਾਤ ਵੀ ਕਰ ਰਿਹਾ ਸੀ ਅਤੇ ਖੁਦ ਆਪਣੇ ਹੱਥ ਨਾਲ ਆਕਸੀਜਨ ਵਾਲੀ ਪਾਈਪ ਮੂੰਹ 'ਚ ਪਾ ਰਿਹਾ ਸੀ।''
ਉਨ੍ਹਾਂ ਦੱਸਿਆ ਕਿ ਬੱਚਾ ਬੋਰਵੈੱਲ ਵਿੱਚ 23 ਤੋਂ 24 ਫੁੱਟ 'ਤੇ ਫਸਿਆ ਹੋਇਆ ਸੀ।
ਕਿਵੇਂ ਚੱਲਿਆ ਬਚਾਅ ਕਾਰਜ

ਤਸਵੀਰ ਸਰੋਤ, Pradeep Sharma/BBC
ਬਚਾਅ ਕਾਰਜ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢਣ ਤੋਂ ਬਾਅਦ ਐਂਬੂਲੈਂਸ ਵਿੱਚ ਡਾਕਟਰੀ ਟੀਮ ਦੇ ਨਾਲ ਹਸਪਤਾਲ ਭੇਜਿਆ ਗਿਆ, ਜਿੱਥੇ ਉਸਦੀ ਜਾਂਚ ਚੱਲ ਰਹੀ ਹੈ।
ਘਟਨਾ ਅਤੇ ਰੈਸਕਿਊ ਆਪ੍ਰੇਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਅਤੇ ਸੂਚਨਾ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਬਚਾਅ ਕਾਰਜ ਤੇਜ਼ ਕਰਨ ਲਈ ਲੋੜੀਂਦੀ ਮਸ਼ੀਨਰੀ ਵੀ ਮੌਕੇ 'ਤੇ ਲਿਆਂਦੀ ਗਈ।

ਤਸਵੀਰ ਸਰੋਤ, Pradeep Sharma/BBC
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੱਚਾ ਆਪਣੇ ਘਰ ਦੇ ਨਾਲ ਲੱਗਦੇ ਇੱਕ ਖੁੱਲੇ ਬੋਰਵੈੱਲ ਵਿੱਚ ਜਾ ਡਿੱਗਿਆ, ਜੋ ਕੱਲ੍ਹ ਹੀ ਪੁੱਟਿਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਬੋਰਵੈੱਲ ਦੇ ਬਿਲਕੁਲ ਨਾਲ 30 ਫੁੱਟ ਤੋਂ ਜ਼ਿਆਦਾ ਡੂੰਘਾ ਟੋਇਆ ਪੁੱਟਣ ਤੋਂ ਬਾਅਦ, ਬਚਾਅ ਟੀਮਾਂ ਵੱਲੋਂ ਬੋਰ ਦੇ ਨਾਲ ਬਣਾਏ ਗਏ ਇੱਕ ਤੰਗ ਰਾਹ ਰਾਹੀਂ ਸ਼ਾਫਟ ਤੱਕ ਪਹੁੰਚ ਕੇ ਕਾਫੀ ਜੱਦੋ-ਜਹਿਦ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਫਟ ਵਿੱਚ ਇੱਕ ਕੈਮਰਾ ਅਤੇ ਆਕਸੀਜਨ ਪਾਈਪ ਵੀ ਹੇਠਾਂ ਉਤਾਰੀ, ਜਿਸ ਨਾਲ ਫੁਟੇਜ ਵਿੱਚ ਬੱਚੇ ਦੀ ਮੂਵਮੈਂਟ ਨੂੰ ਦੇਖਿਆ ਜਾ ਰਿਹਾ ਸੀ।

ਤਸਵੀਰ ਸਰੋਤ, Pradeep Sharma/BBC
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨਡੀਆਰਐਫ ਦੀ ਟੀਮ ਜਿਸ ਵਿੱਚ 40 ਤੋਂ ਵੱਧ ਮੈਂਬਰ ਸ਼ਾਮਲ ਸਨ, ਨੇ ਇਸ ਔਖੇ ਸਮੇਂ ਵਿੱਚ ਆਪਣੀ ਮੁਹਾਰਤ ਨਾਲ ਆਪ੍ਰੇਸ਼ਨ ਨੂੰ ਸੁਰੱਖਿਅਤ ਢੰਗ ਨਾਲ ਸਫਲ ਬਣਾਇਆ।
ਉਨ੍ਹਾਂ ਸਾਰੇ ਰਾਹਤ ਕਰਮੀਆਂ ਸਹਿਤ, ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦਾ ਵੀ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਬੋਰਵੈੱਲ ਨੂੰ ਲੈਕੇ ਪਹਿਲਾਂ ਹੀ ਸਖਤ ਹਿਦਾਇਤਾਂ ਹਨ ਅਤੇ ਅੱਗੇ ਵੀ ਇਸ ਸਬੰਧੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ।
ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਨਾਜ਼ੁਕ ਆਪ੍ਰੇਸ਼ਨ ਸੀ ਅਤੇ ਟੀਮਾਂ ਦੇ ਲਗਾਤਾਰ ਯਤਨਾਂ ਸਦਕਾ ਕਰੀਬ 9 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਇਸ ਨੂੰ ਸਫ਼ਲ ਬਣਾਇਆ ਗਿਆ।
ਹੁਣ ਕੀ ਹੈ ਬੱਚੇ ਦੀ ਹਾਲਤ

ਤਸਵੀਰ ਸਰੋਤ, Pradeep Sharma/BBC
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ ਇਸ ਵੇਲੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਉਨ੍ਹਾਂ ਦੱਸਿਆ, ਅੱਖਾਂ ਦੇ ਮਾਹਿਰਾਂ ਨੇ ਆਕੇ ਉਨ੍ਹਾਂ ਦੀਆਂ ਅੱਖਾਂ ਸਾਫ਼ ਕੀਤੀਆਂ ਹਨ ਅਤੇ ਆਈਵੀ ਡ੍ਰਿੱਪ ਵੀ ਲੱਗੀ ਹੋਈ ਹੈ।
ਰਾਹਤ ਕਾਰਜਾਂ ਦੌਰਾਨ ਮੌਕੇ 'ਤੇ ਮੌਜੂਦ ਰਹੇ ਪੰਜਾਬ ਦੇ ਜੇਲ੍ਹ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਬੋਰਵੈੱਲ ਸ਼ੁੱਕਰਵਾਰ ਨੂੰ ਹੀ ਚਾਲੂ ਕੀਤਾ ਸੀ, ਥੋੜ੍ਹੀ ਦੇਰ ਲਈ ਟੈਸਟ ਕੀਤਾ ਸੀ ਅਤੇ ਜਿਨ੍ਹਾਂ ਨੇ ਬੋਰਵੈੱਲ ਕਰਵਾਇਆ ਸੀ, ਉਨ੍ਹਾਂ ਦਾ ਹੀ ਬੱਚਾ ਹੈ।''
ਬੱਚੇ ਦੀ ਹਾਲਤ ਬਾਰੇ ਉਨ੍ਹਾਂ ਦੱਸਿਆ ਕਿ ''ਬੱਚੇ ਦਾ ਸ਼ੂਗਰ ਲੈਵਲ, ਆਕਸੀਜਨ ਲੈਵਲ ਬਿਲਕੁਲ ਠੀਕ ਹੈ, ਬੱਚਾ ਗੱਲਬਾਤ ਕਰ ਰਿਹਾ ਹੈ। ਇੱਕ-ਦੋ ਦਿਨ ਅਸੀਂ ਆਬਜ਼ਰਵੇਸ਼ਨ 'ਚ ਰੱਖਾਂਗੇ, ਪਰ ਉਂਝ ਸਭ ਠੀਕ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































