ਡੀਜ਼ਲ ਮਹਿੰਗਾ ਹੋਣ ਨਾਲ ਝੋਨੇ ਦੀ ਲਾਗਤ 'ਤੇ ਕੀ ਅਸਰ ਪਵੇਗਾ, ਪੰਜਾਬ 'ਚ ਖਾਦ ਤੇ ਸਪਰੇਆਂ ਨੂੰ ਲੈ ਕੇ ਕਿਸਾਨ ਕਿਉਂ ਚਿੰਤਤ

ਤਸਵੀਰ ਸਰੋਤ, Hindustan Times via Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਈਰਾਨ ਅਤੇ ਅਮਰੀਕਾ ਜੰਗ ਦੇ ਸੰਕਟ ਦੇ ਚੱਲਦਿਆਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਭਾਰਤ ਵਿੱਚ ਵਧੀਆਂ ਡੀਜ਼ਲ ਦੀਆਂ ਕੀਮਤਾਂ ਨੇ ਕਿਸਾਨਾਂ ਦੀ ਉਤਪਾਦਨ ਲਾਗਤ ਵਧਣ ਦਾ ਮਸਲਾ ਖੜ੍ਹਾ ਕਰ ਦਿੱਤਾ ਹੈ।
ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਇਸ ਵਾਧੇ ਨਾਲ ਪੰਜਾਬ ਵਿੱਚ ਪੈਟਰੋਲ 100.50 ਰੁਪਏ ਅਤੇ ਡੀਜ਼ਲ 90.31 ਰੁਪਏ ਹੋ ਗਿਆ ਹੈ।
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ, ਹੋਰਮੁਜ਼ ਸਟ੍ਰੇਟ ਵਿੱਚ ਰੁਕਾਵਟ ਪਈ ਹੈ, ਜਿਸ ਦੇ ਚੱਲਦਿਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ।
ਭਾਰਤ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਦਾ ਲਗਭਗ 90 ਫ਼ੀਸਦ ਦਰਾਮਦ (ਆਯਾਤ) ਕਰਦਾ ਹੈ। ਨਤੀਜੇ ਵਜੋਂ, ਇਸਦੇ ਡਾਲਰ ਖਰਚ ਦਾ ਸਭ ਤੋਂ ਵੱਡਾ ਹਿੱਸਾ ਇਸ ਖੇਤਰ ਨੂੰ ਜਾਂਦਾ ਹੈ।

ਤਸਵੀਰ ਸਰੋਤ, Jaswinder singh grewal/bbc
ਦੂਜੇ ਪਾਸੇ, ਵੀਰਵਾਰ ਨੂੰ ਜਾਰੀ ਹੋਏ ਅੰਕੜਿਆਂ ਮੁਤਾਬਕ ਭਾਰਤ ਦੀ ਥੋਕ ਮਹਿੰਗਾਈ ਦਰ (Wholesale Price Inflation) ਅਪ੍ਰੈਲ ਮਹੀਨੇ ਵਿੱਚ ਅਚਾਨਕ ਵਧ ਕੇ 8.3% ਤੱਕ ਪਹੁੰਚ ਗਈ, ਜੋ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸਭ ਤੋਂ ਤੇਜ਼ ਵਾਧਾ ਹੈ।
ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਕਿਸਾਨਾਂ ਵੱਲੋਂ ਖਾਦਾਂ ਅਤੇ ਸਪਰੇਆਂ ਦੀਆਂ ਕੀਮਤਾਂ ਅਤੇ ਉਨ੍ਹਾਂ ਦੀ ਸਪਲਾਈ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਕੀ ਝੋਨੇ ਦੀ ਉਤਪਾਦਨ ਲਾਗਤ ਵਧੇਗੀ?

ਤਸਵੀਰ ਸਰੋਤ, Satnam Singh/BBC
ਕਿਸਾਨਾਂ ਅਤੇ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਖੇਤੀ ਦੌਰਾਨ ਡੀਜ਼ਲ ਦੀ ਵਰਤੋਂ ਖੇਤ ਨੂੰ ਟਰੈਕਟਰ ਨਾਲ ਵਾਹ ਕੇ ਤਿਆਰ ਕਰਨ ਅਤੇ ਫ਼ਸਲ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ, ਡੀਜ਼ਲ ਵਿੱਚ 3 ਰੁਪਏ ਵਾਧੇ ਅਤੇ ਖਾਦਾਂ ਤੇ ਸਪਰੇਆਂ ਦੀਆਂ ਕੀਮਤਾਂ ਦੇ ਵਧਣ ਨਾਲ ਉਤਪਾਦਨ ਲਾਗਤ 'ਤੇ ਕਾਫ਼ੀ ਅਸਰ ਪਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਜ਼ਦੂਰ ਦਿਵਸ, 1 ਮਈ ਨੂੰ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ 15% ਵਾਧੇ ਦਾ ਐਲਾਨ ਕੀਤਾ ਸੀ।
30 ਏਕੜ ਵਿੱਚ ਖੇਤੀ ਕਰਨ ਵਾਲੇ ਸੰਗਰੂਰ ਦੇ ਕਿਸਾਨ ਸਤਨਾਮ ਸਿੰਘ ਕਹਿੰਦੇ ਹਨ, "ਇੱਕ ਏਕੜ ਵਿੱਚ ਝੋਨੇ ਦੀ ਖੇਤੀ ਕਰਨ ਲਈ ਕਰੀਬ 30 ਲੀਟਰ ਡੀਜ਼ਲ ਲੱਗਦਾ ਹੈ। ਇਸ ਵਿੱਚ ਦੋ-ਤਿੰਨ ਵਾਰ ਖੇਤ ਨੂੰ ਵਾਹੁਣਾ ਅਤੇ ਝੋਨਾ ਲਗਾਉਣ ਤੱਕ ਦੀ ਪ੍ਰਕਿਰਿਆ ਸ਼ਾਮਲ ਹੈ। ਇਸ ਤੋਂ ਇਲਾਵਾ ਸਪਰੇਆਂ ਅਤੇ ਖਾਦਾਂ ਦਾ ਵੀ ਖਰਚਾ ਹੁੰਦਾ ਹੈ।"
ਕਿਸਾਨ ਸਤਨਾਮ ਸਿੰਘ ਦੱਸਦੇ ਹਨ, "ਮੈਂ 5 ਲੀਟਰ ਸਪਰੇਅ ਇਸ ਵਾਰ 2300 ਰੁਪਏ ਦੀ ਖਰੀਦੀ ਹੈ, ਜੋ ਪਿਛਲੇ ਸਾਲ 1600 ਰੁਪਏ ਦੀ ਸੀ। ਸਪਰੇਆਂ ਕਈ ਕੰਪਨੀਆਂ ਦੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਕੀਮਤ 1600 ਜਾਂ 1800 ਰੁਪਏ ਵੀ ਹੁੰਦੀ ਹੈ। ਸਾਰੀਆਂ ਕੰਪਨੀਆਂ ਦੀਆਂ ਕੀਮਤਾਂ ਵਿੱਚ ਕੁਝ ਨਾ ਕੁਝ ਵਾਧਾ ਹੋਇਆ ਹੈ।"
ਉਹ ਕਹਿੰਦੇ ਹਨ, "ਇੱਕ ਏਕੜ ਵਿੱਚ ਝੋਨੇ ਦੀ ਖੇਤੀ ਕਰਨ 'ਤੇ 18-19 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਮੈਨੂੰ ਲੱਗਦਾ ਹੈ ਇਸ ਵਾਰ ਕਰੀਬ 2000 ਰੁਪਏ ਪ੍ਰਤੀ ਏਕੜ ਵਧ ਜਾਵੇਗਾ। ਅਸੀਂ ਇੱਕ ਏਕੜ ਵਿੱਚੋਂ ਕਰੀਬ 30 ਕੁਇੰਟਲ ਝੋਨੇ ਦਾ ਝਾੜ ਲੈ ਲੈਂਦੇ ਹਾਂ।"

ਤਸਵੀਰ ਸਰੋਤ, AFP via Getty Images
ਭਾਰਤ ਵਿੱਚ ਹਰ ਸਾਲ ਲਗਭਗ 4 ਕਰੋੜ ਟਨ ਯੂਰੀਆ ਵਰਤਿਆ ਜਾਂਦਾ ਹੈ, ਜਿਸ 'ਤੇ ਸਰਕਾਰ ਵੱਡੀ ਰਕਮ ਦੀ ਸਬਸਿਡੀ ਦਿੰਦੀ ਹੈ, ਅਤੇ ਤਕਰੀਬਨ 9-10 ਮਿਲੀਅਨ ਟਨ ਡੀਏਪੀ ਦੀ ਵਰਤੋਂ ਹੁੰਦੀ ਹੈ।
ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਇੱਕ ਬਲਾਕ ਡਾਇਰੈਕਟਰ ਹੁਸ਼ਿਆਰ ਸਿੰਘ ਦੱਸਦੇ ਹਨ ਕਿ ਡੀਏਪੀ ਅਤੇ ਯੂਰੀਆ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ, ਕਿਉਕਿ ਇਹ ਸਬਸਿਡੀ 'ਤੇ ਮਿਲਦੀਆਂ ਹਨ, ਪਰ ਆਉਣ ਵਾਲੇ ਸੀਜ਼ਨ ਵਿੱਚ ਯੂਰੀਆ ਦੀ ਪੂਰਤੀ ਵਿੱਚ ਕਮੀ ਆ ਸਕਦੀ ਹੈ ਕਿਉਂਕਿ ਹੋਰਮੁਜ਼ ਸਟ੍ਰੇਟ ਬੰਦ ਹੋਣ ਕਰਕੇ ਯੂਰੀਆ ਦੀ ਪੂਰਤੀ ਲਈ ਐੱਲਐੱਨਜੀ ਗੈਸ ਅਤੇ ਡੀਏਪੀ ਦੀ ਦਰਾਮਦ (ਆਯਾਤ) ਵਿੱਚ ਰੁਕਾਵਟ ਦੇਖੀ ਜਾ ਰਹੀ ਹੈ, ਜੋ ਕਿ ਜ਼ਿਆਦਾਤਰ ਬਾਹਰ ਤੋਂ ਹੀ ਦਰਾਮਦ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ, "ਐੱਨਪੀਕੇ ਖਾਦ ਜੋ ਇੱਕ ਮਿਲੀ-ਜੁਲੀ ਖਾਦ ਹੁੰਦੀ ਹੈ, ਵਿੱਚ ਤਿੰਨ ਮੁੱਖ ਤੱਤ ਹੁੰਦੇ ਹਨ। ਇਸ ਵਿੱਚ 250 ਤੋਂ 600 ਰੁਪਏ ਤੱਕ ਵਾਧਾ ਹੋ ਗਿਆ ਹੈ। ਪੋਟਾਸ ਜੋ ਕਿ ਯੂਰੀਆ ਅਤੇ ਡੀਏਪੀ ਤੋਂ ਬਾਅਦ ਤੀਜਾ ਜ਼ਰੂਰੀ ਤੱਤ ਹੈ, ਉਸ ਦੀ ਕੀਮਤ ਵਿੱਚ ਵੀ 250 ਤੋਂ 300 ਦਾ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਜਿੰਕ ਖਾਦ ਵਿੱਚ ਵੀ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।"
ਹੁਸ਼ਿਆਰ ਸਿੰਘ ਮੁਤਾਬਕ, "ਪੈਸਟੀਸਾਈਜ਼ ਵਿੱਚ ਵੀ 90 ਫੀਸਦ ਦਵਾਈਆਂ ਦੀਆਂ ਕੀਮਤਾਂ 10-15 ਫੀਸਦ ਵਧ ਗਈਆਂ ਹਨ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਖਾਦਾਂ ਅਤੇ ਸਪਰੇਆਂ ਦਰਾਮਦ ਕੀਤੀਆਂ ਜਾਂਦੀਆਂ ਹਨ।"
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਜਰੀ ਕ੍ਰਿਸ਼ਨੇ ਵਾਲੀ ਦੇ ਕਿਸਾਨ ਹਰਵਿੰਦ ਸਿੰਘ ਕਹਿੰਦੇ ਹਨ, "ਕਿਸਾਨਾਂ ਨੂੰ ਪਿਛਲੇ ਸਾਲ ਝਾੜ ਘੱਟ ਹੋਣ ਕਾਰਨ 20-25 ਹਜ਼ਾਰ ਦਾ ਪ੍ਰਤੀ ਏਕੜ ਘਾਟਾ ਪਿਆ ਸੀ ਅਤੇ ਇਸ ਵਾਰ ਵੀ ਜਦੋਂ ਡੀਜ਼ਲ, ਖਾਦਾਂ ਅਤੇ ਸਪਰੇਆਂ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਰਹੀ ਹੈ ਤਾਂ ਕਿਸਾਨਾਂ ਦੀ ਲਾਗਤ ਦਰ ਵਧੇਗੀ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਨਾਲ-ਨਾਲ ਆਮ ਮਹਿੰਗਾਈ ਵਧਣ ਨਾਲ ਸਾਰੇ ਖਰਚੇ ਵਧ ਜਾਣਗੇ।"
ਸਰਕਾਰ ਨੇ ਐੱਮਐੱਸਪੀ 'ਚ ਕਿੰਨਾ ਵਾਧਾ ਕੀਤਾ

ਤਸਵੀਰ ਸਰੋਤ, Hindustan Times via Getty Images
13 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਿਨਟ ਕਮੇਟੀ (CCEA) ਨੇ ਮਾਰਕੀਟਿੰਗ ਸੀਜ਼ਨ 2026-27 ਲਈ 14 ਖਰੀਫ਼ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ।
ਸਰਕਾਰੀ ਬਿਆਨ ਮੁਤਾਬਕ, ਸਰਕਾਰ ਨੇ ਮਾਰਕੀਟਿੰਗ ਸੀਜ਼ਨ 2026-27 ਲਈ ਖਰੀਫ਼ ਫਸਲਾਂ ਦੇ ਐੱਮਐੱਸਪੀ ਵਿੱਚ ਵਾਧਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਲਾਭਕਾਰੀ ਭਾਅ ਮਿਲ ਸਕੇ। ਪਿਛਲੇ ਸਾਲ ਦੇ ਮੁਕਾਬਲੇ ਐੱਮਐੱਸਪੀ ਵਿੱਚ ਸਭ ਤੋਂ ਵੱਧ ਵਾਧਾ ਸੂਰਜਮੁਖੀ 'ਤੇ 622 ਰੁਪਏ ਪ੍ਰਤੀ ਕੁਇੰਟਲ ਅਤੇ ਕਪਾਹ 557 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਆਮ ਝੋਨੇ (Common Paddy) ਦਾ ਘੱਟੋ-ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਜਦਕਿ ਗ੍ਰੇਡ-ਏ ਝੋਨੇ (Grade A Paddy) ਦੀ ਖਰੀਦ 2,461 ਰੁਪਏ ਪ੍ਰਤੀ ਕੁਇੰਟਲ ਦੇ ਭਾਅ 'ਤੇ ਕੀਤੀ ਜਾਵੇਗੀ। ਇਹ ਵਾਧਾ 72 ਰੁਪਏ ਕੀਤਾ ਗਿਆ ਹੈ।
ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਵਾਧੇ ਨੂੰ ਨਿਗੂਣਾ ਕਰਾਰ ਦਿੱਤਾ।
ਵੜਿੰਗ ਨੇ ਐਕਸ 'ਤੇ ਲਿਖਿਆ, "ਝੋਨੇ ਦੇ ਐੱਮਐੱਸਪੀ ਵਿੱਚ ਸਿਰਫ਼ 72 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ ਖੇਤੀ ਦੀ ਲਾਗਤ ਪ੍ਰਤੀ ਏਕੜ ਹਜ਼ਾਰਾਂ ਰੁਪਏ ਵਧ ਚੁੱਕੀ ਹੈ। ਮਹਿੰਗਾ ਡੀਜ਼ਲ, ਮਹਿੰਗੀਆਂ ਖਾਦਾਂ, ਵਧ ਰਹੀਆਂ ਮਜ਼ਦੂਰੀਆਂ, ਹਰ ਇੱਕ ਖੇਤੀ ਇਨਪੁਟ, ਕਿਸਾਨ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਹ ਕਿਸਾਨ ਭਲਾਈ ਨਹੀਂ, ਸਿਰਫ਼ ਦਿਖਾਵਾ ਹੈ। ਭਾਰਤ ਦੇ ਕਿਸਾਨ ਧੋਖਾ ਨਹੀਂ, ਸਨਮਾਨ ਦੇ ਹੱਕਦਾਰ ਹਨ।"
ਖੇਤੀ ਮਾਹਰ ਕੀ ਕਹਿੰਦੇ ਹਨ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਗਰੇਵਾਲ ਕਹਿੰਦੇ ਹਨ, "ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਕਿਸਾਨਾਂ ਦੀ ਖੇਤੀ ਉਤਪਾਦਨ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋਵੇਗਾ। ਹਾਲਾਂਕਿ ਸਿੰਚਾਈ ਨਹਿਰੀ ਪਾਣੀ ਅਤੇ ਮੋਟਰਾਂ ਦੇ ਪਾਣੀ ਨਾਲ ਹੋ ਜਾਂਦੀ ਹੈ ਪਰ ਟਰੈਕਟਰਾਂ ਅਤੇ ਢੋਆ-ਢੁਆਈ ਉੱਪਰ ਖਰਚ ਦੀ ਦਰ ਵਿੱਚ ਵਾਧਾ ਹੋਵੇਗਾ।"
ਖੇਤੀਬਾੜੀ ਅਰਥ-ਸ਼ਾਸਤਰੀ ਕੇਸਰ ਸਿੰਘ ਭੰਗੂ ਮੁਤਾਬਕ, "ਸਰਕਾਰ ਨੇ ਐੱਮਐੱਸਪੀ ਵਿੱਚ ਜੋ ਵਾਧਾ ਕੀਤਾ ਹੈ, ਉਹ ਕਰੀਬ 3 ਫ਼ੀਸਦ ਹੈ। ਦੂਜੇ ਪਾਸੇ ਆਮ ਮਹਿੰਗਾਈ ਵਿੱਚ ਕਰੀਬ 6-7% ਤੋਂ ਵੱਧ ਵਾਧਾ ਹੋਇਆ ਹੈ। ਹੁਣ ਜਿਵੇਂ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਜਿਵੇਂ ਪਿਛਲੇ ਸਮੇਂ ਵਿੱਚ ਸੂਬੇ ਅੰਦਰ ਬਿਜਲੀ ਦੀ ਸਮੱਸਿਆ ਰਹੀ ਹੈ, ਉਸ ਨਾਲ ਕਿਸਾਨਾਂ 'ਤੇ ਵਾਧੂ ਭਾਰ ਪਵੇਗਾ। ਸਰਕਾਰ ਵੱਲੋਂ ਐੱਮਐੱਸਪੀ ਵਿੱਚ ਜੋ ਵਾਧਾ ਕੀਤਾ ਜਾ ਰਿਹਾ ਹੈ, ਉਹ ਮਹਿੰਗਾਈ ਦੀ ਦਰ ਤੋਂ ਵੀ ਘੱਟ ਹੈ।"
ਭੰਗੂ ਕਹਿੰਦੇ ਹਨ, "ਤੇਲ ਦੀਆਂ ਕੀਮਤਾਂ ਵਧਣ ਨਾਲ ਖੇਤੀ ਵਿੱਚ ਉਤਪਾਦਨ ਦੀ ਲਾਗਤ ਵਧੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਫ਼ਸਲਾਂ ਸਹੀ ਮੁੱਲ 'ਤੇ ਖਰੀਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































