ਭਾਰਤ ਟੈਕਸੀ ਐਪ ਕੀ ਹੈ ਜਿਸ ਵੱਲੋਂ ਡਰਾਇਵਰਾਂ ਤੋਂ ਜ਼ੀਰੋ ਕਮਿਸ਼ਨ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਇਸ ਨੂੰ ਕਿਸ ਨੇ ਬਣਾਇਆ

ਤਸਵੀਰ ਸਰੋਤ, Getty Images
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਤੁਸੀਂ ਕਿਸੇ ਥਾਂ ਪਹੁੰਚਣ ਦੀ ਕਾਹਲੀ ਵਿੱਚ ਹੁੰਦੇ ਹੋ ਅਤੇ ਜੇ ਕਿਸੇ ਵੀ ਕੰਪਨੀ ਤੋਂ ਕੈਬ ਜਾਂ ਆਟੋ ਬੁਕ ਕਰਵਾਉਂਦੇ ਹੋ ਤਾਂ ਕਈ ਵਾਰ ਕੈਬ ਬੁਕਿੰਗ ਐਪ ਆਮ ਰੇਟਾਂ ਤੋਂ ਵੱਧ ਕੀਮਤਾਂ ਦਿਖਾ ਰਹੀ ਹੁੰਦੀ ਹੈ।
ਜੇ ਤੁਹਾਡਾ ਉਸ ਥਾਂ ਉੱਤੇ ਪਹੁੰਚਣਾ ਜ਼ਰੂਰੀ ਹੋਵੇ ਤਾਂ ਸ਼ਾਇਦ ਤੁਸੀਂ ਉਸੇ ਵਧੇ ਹੋਏ ਕਿਰਾਏ ਉੱਤੇ ਕੈਬ ਬੁੱਕ ਵੀ ਕਰਦੇ ਹੋਵੋ। ਪਰ ਕਈ ਵਾਰ ਤੁਹਾਨੂੰ ਆਪਣਾ ਪਲਾਨ ਬਦਲਣਾ ਵੀ ਪੈਂਦਾ ਹੈ।
ਜੇ ਹੁਣ ਡਰਾਇਵਰਾਂ ਤੇ ਕੈਬ ਮਾਲਕਾਂ ਦੇ ਪੱਖੋਂ ਗੱਲ ਕਰੀਏ ਤਾਂ ਕਈ ਵਾਰ ਉਨ੍ਹਾਂ ਦੀ ਵੀ ਸ਼ਿਕਾਇਤ ਹੁੰਦੀ ਹੈ ਕਿ ਕੈਬ ਬੁਕਿੰਗ ਐਪਜ਼ ਉਨ੍ਹਾਂ ਦੀ ਕਮਾਈ ਤੋਂ ਵਾਧੂ ਕਮਿਸ਼ਨ ਕੱਟ ਲੈਂਦੀਆਂ ਹਨ ਜਾਂ ਸਮੇਂ ਸਿਰ ਉਨ੍ਹਾਂ ਦੇ ਬਕਾਏ ਦੀ ਅਦਾਇਗੀ ਨਹੀਂ ਹੁੰਦੀ ਹੈ।
ਉਨ੍ਹਾਂ ਦੀ ਇਹ ਵੀ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਮੰਗ ਜ਼ਿਆਦਾ ਹੋਣ ਕਰਕੇ ਰੇਟ ਵਧਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਫਾਇਦਾ ਡਰਾਇਵਰਾਂ ਜਾਂ ਕਾਰ ਮਾਲਕਾਂ ਨੂੰ ਨਹੀਂ ਮਿਲਦਾ।
ਬਾਜ਼ਾਰ ਵਿੱਚ ਇੱਕ ਨਵੀਂ ਕੈਬ ਬੁਕਿੰਗ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਹੈ 'ਭਾਰਤ ਟੈਕਸੀ' ਐਪ।
ਇਸ ਐਪ ਰਾਹੀਂ ਇਹ ਦੋਵੇਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਐਪ ਭਾਰਤ ਸਰਕਾਰ ਵੱਲੋਂ ਇੱਕ ਮਲਟੀ ਸਟੇਟ ਕੌਪਰੇਟਿਵ ਸੋਸਾਇਟੀ ਰਾਹੀਂ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਹੈ 'ਸਹਿਕਾਰ ਟੈਕਸੀ'।
ਬੁੱਧਵਾਰ ਨੂੰ ਕੇਂਦਰੀ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਇਸ ਬਾਰੇ ਪੰਚਕੂਲਾ ਵਿੱਚ ਬੋਲਦਿਆਂ ਕਿਹਾ, "ਟੈਕਸੀ ਸੇਵਾਵਾਂ ਦੇਣ ਵਾਲੀਆਂ ਕਈ ਕੰਪਨੀਆਂ ਇਸ ਵੇਲੇ ਬਾਜ਼ਾਰ ਵਿੱਚ ਹਨ ਪਰ ਮੁਨਾਫ਼ਾ ਡਰਾਇਵਰਾਂ ਦੀ ਥਾਂ ਮਾਲਕਾਂ ਨੂੰ ਜਾ ਰਿਹਾ ਹੈ। ਸਹਿਕਾਰਤਾ ਮੰਤਰਾਲੇ ਦੇ ਉਪਰਾਲੇ ਤਹਿਤ ਸਾਰਾ ਮੁਨਾਫ਼ਾ ਡਰਾਇਵਰ ਭਰਾਵਾਂ ਤੱਕ ਪਹੁੰਚੇਗਾ। ਇਸ ਦੇ ਨਾਲ ਹੀ ਡਰਾਇਵਰਾਂ ਨੂੰ ਬੀਮੇ ਵਰਗੀ ਸਹੂਲਤ ਵੀ ਦਿੱਤੀ ਜਾਵੇਗੀ।"
ਭਾਰਤ ਟੈਕਸੀ ਬਾਰੇ ਹੁਣ ਤੱਕ ਜੋ ਜਾਣਕਾਰੀ ਉਪਲਬਧ ਹੈ ਉਸ ਨੂੰ ਇਸ ਰਿਪੋਰਟ ਰਾਹੀਂ ਸਾਂਝਾ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, sahkar-taxi.in
ਕੀ ਹੈ ਭਾਰਤ ਟੈਕਸੀ
ਕੇਂਦਰੀ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ 2 ਦਸੰਬਰ ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਭਾਰਤ ਟੈਕਸੀ ਐਪ ਬਾਰੇ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਨੇ ਕਿਹਾ ਸੀ, "ਸਰਕਾਰ ਇੱਕ ਸਹਿਕਾਰੀ ਸੋਸਾਇਟੀ ਵੱਲੋਂ ਚਲਾਈ ਜਾਣ ਵਾਲੀ ਮੌਬਲਿਟੀ ਐਪ ਲਾਂਚ ਕਰ ਰਹੀ ਹੈ। ਇਹ ਐਪ ਦੇਸ ਦੇ ਕਮਰਸ਼ੀਅਲ ਗੱਡੀਆਂ ਦੇ ਡਰਾਇਵਰਾਂ ਦੀ ਨਿੱਜੀ ਕੰਪਨੀਆਂ ਉੱਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇਗੀ।"
"ਇਹ ਐਪ ਸਹਿਕਾਰ ਟੈਕਸੀ ਕੌਪਰੇਟਿਵ ਲਿਮਿਟਿਡ ਵੱਲੋਂ ਚਲਾਈ ਜਾਵੇਗੀ ਜੋ ਇੱਕ ਮਲਟੀ ਸਟੇਟ ਕੌਪਰੇਟਿਵ ਸੋਸਾਇਟੀ ਹੈ। ਇਸ ਐਪ ਦਾ ਨਾਮ ਭਾਰਤ ਟੈਕਸੀ ਹੋਵੇਗਾ।"
ਸਹਿਕਾਰ ਟੈਕਸੀ ਕੌਪਰੇਟਿਵ ਲਿਮਿਟਿਡ ਦੀ ਵੈੱਬਸਾਈਟ ਮੁਤਾਬਕ ਇਸ ਨੂੰ ਨੈਸ਼ਨਲ ਕੌਪਰੇਟਿਵ ਡਿਵਲਪਮੈਂਟ ਕਾਰਪੋਰੇਸ਼ਨ ਵੱਲੋਂ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦੀ ਸੱਤ ਸਭ ਤੋਂ ਮਸ਼ਹੂਰ ਕੌਪੋਰੇਟਿਵ ਸੰਸਥਾਵਾਂ ਵੱਲੋਂ ਇਸ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਅਮੁਲ, ਨਾਬਾਰਡ ਤੇ ਈਫਕੋ ਵਰਗੀਆਂ ਵੱਡੀਆਂ ਕੌਪਰੇਟਿਵ ਸੰਸਥਾਵਾਂ ਸ਼ਾਮਲ ਹਨ।
ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ 25 ਦਸੰਬਰ ਤੱਕ ਇੱਕ ਲੱਖ 20 ਹਜ਼ਾਰ ਡਰਾਇਵਰ ਇਹ ਐਪ ਨਾਲ ਰਜਿਸਟਰ ਹੋ ਚੁੱਕੇ ਹਨ।
ਇਹ ਐਪ ਐੱਪਲ ਆਈਓਐੱਸ ਤੇ ਐਂਡਰੌਇਡ ਉੱਤੇ ਡਾਊਨਲੋਡ ਲਈ ਉਪਲਬਧ ਹੈ।

ਤਸਵੀਰ ਸਰੋਤ, @MinOfCooperatn/X
ਇਹ ਕੈਬ ਸਰਵਿਸ ਦੀ ਐਪ ਦੂਜੀਆਂ ਤੋਂ ਕਿਵੇਂ ਵੱਖਰੀ ਹੈ
ਨਵੇਂ ਸਾਲ ਵਿੱਚ ਇਸ ਕੈਬ ਸਰਵਿਸ ਦੀ ਐਪ ਨੂੰ ਦਿੱਲੀ ਵਿੱਚ ਇੱਕ ਪਾਇਲਟ ਪ੍ਰੋਜੈਕਟ ਤਹਿਤ ਲਾਂਚ ਕੀਤਾ ਜਾ ਰਿਹਾ ਹੈ। ਇਸ ਮਗਰੋਂ ਇਸ ਨੂੰ ਉੱਤਰ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਵਿੱਚ ਲਾਂਚ ਕੀਤਾ ਜਾਵੇਗਾ।
ਭਵਿੱਖ ਵਿੱਚ ਇਸ ਐਪ ਨੂੰ ਪੂਰੇ ਦੇਸ ਵਿੱਚ ਲਾਗੂ ਕਰਨ ਦਾ ਪਲਾਨ ਹੈ। ਇਸ ਐਪ ਰਾਹੀਂ ਸਿਰਫ਼ ਕੈਬਜ਼ ਨਹੀਂ ਸਗੋਂ ਆਟੋ ਤੇ ਬਾਈਕਸ ਵੀ ਬੁੱਕ ਕੀਤੀਆਂ ਜਾ ਸਕਣਗੀਆਂ।
ਇਸ ਐਪ ਨਾਲ ਜੁੜੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ:
- ਸਹਿਕਾਰ ਟੈਕਸੀ ਕੌਪਰੇਟਿਵ ਲਿਮਿਟਿਡ ਦੀ ਵੈੱਬਸਾਈਟ ਮੁਤਾਬਕ ਇਸ ਐਪ ਨਾਲ ਰਜਿਸਟਰ ਹੋਣ ਵਾਲੇ ਡਰਾਇਵਰਾਂ ਤੋਂ ਕਿਸੇ ਵੀ ਤਰੀਕੇ ਦਾ ਕੋਈ ਕਮਿਸ਼ਨ ਨਹੀਂ ਲਿਆ ਜਾਵੇਗਾ। ਡਰਾਇਵਰ ਨੂੰ ਹਰ ਰਾਈਡ ਦੀ ਕੀਤੀ ਪੂਰੀ ਕਮਾਈ ਮਿਲੇਗੀ।
- ਕੌਪਰੇਟਿਵ ਸੋਸਾਇਟੀ ਦਾ ਪੂਰਾ ਮੁਨਾਫ਼ਾ ਡਰਾਇਵਰਾਂ ਵਿੱਚ ਵੰਡਿਆ ਜਾਵੇਗਾ।
- ਇਸ ਐਪ ਵਿੱਚ ਹਮੇਸ਼ਾ ਕਿਰਾਇਆ ਆਮ ਹੀ ਰਹੇਗਾ ਦੇ ਪਾਰਦਰਸ਼ੀ ਤਰੀਕੇ ਨਾਲ ਉਸ ਨੂੰ ਤੈਅ ਕੀਤਾ ਜਾਵੇਗਾ।
- ਮੀਂਹ, ਪੀਕ ਟਾਈਮ ਜਾਂ ਟ੍ਰੈਫਿਕ ਵੇਲੇ ਵੀ ਕਿਰਾਇਆ ਸਥਿਰ ਰਹੇਗਾ, ਯਾਨੀ ਕਿਸੇ ਤਰੀਕੇ ਦਾ ਵਾਧੂ ਕਿਰਾਇਆ ਨਹੀਂ ਲਿਆ ਜਾਵੇਗਾ ਜੋ ਅਕਸਰ ਮੌਬਿਲਿਟੀ ਐਪ ਵਿੱਚ ਲਿਆ ਜਾਂਦਾ ਹੈ।
- 24x7 ਕਸਟਮਰ ਕੇਅਰ ਸਰਵਿਸ ਉਪਲਬਧ ਰਹੇਗੀ। ਇਸ ਐਪ ਦਾ ਸੇਵਾ ਮਾਡਲ ਯਾਤਰੀਆਂ ਤੇ ਡਰਾਇਵਰਾਂ ਦੋਵਾਂ ਦੀ ਸਹੂਲਤ ਨੂੰ ਦੇਖ ਕੇ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।

ਸੁਰੱਖਿਆ ਦੇ ਕੀ ਇੰਤਜ਼ਾਮ ਹਨ
ਕੈਬ ਰਾਹੀਂ ਸਫ਼ਰ ਕਰਨ ਵੇਲੇ ਸੁਰੱਖਿਆ ਇੱਕ ਵੱਡਾ ਮੁੱਦਾ ਰਹਿੰਦਾ ਹੈ, ਖ਼ਾਸਕਰ ਔਰਤਾਂ ਲਈ।
ਸਹਿਕਾਰ ਟੈਕਸੀ ਕੌਪਰੇਟਿਵ ਲਿਮਿਟਿਡ ਦੀ ਵੈੱਬਸਾਈਟ ਮੁਤਾਬਕ ਇਸ ਐਪ ਰਾਹੀਂ ਜੁੜਨ ਵਾਲੀਆਂ ਟੈਕਸੀਆਂ ਜੀਪੀਐੱਸ ਇਨੇਬਲਡ ਹੋਣਗੀਆਂ।
ਦਿੱਲੀ ਵਿੱਚ ਲਾਂਚ ਹੋ ਰਹੀ ਇਸ ਐਪ ਵਿੱਚ ਸੁਰੱਖਿਆ ਇੰਤਜ਼ਾਮਾਂ ਲਈ ਸਹਿਕਾਰ ਟੈਕਸੀ ਕੌਪਰੇਟਿਵ ਲਿਮਿਟਿਡ ਨੇ ਦਿੱਲੀ ਪੁਲਿਸ ਨਾਲ ਕਰਾਰ ਕੀਤਾ ਹੈ।

ਤਸਵੀਰ ਸਰੋਤ, Getty Images
ਇਸ ਐਪ ਨੂੰ ਲੈ ਕੇ ਖਦਸ਼ੇ ਕੀ ਹਨ
ਇੰਡੀਅਨ ਫੈਡਰੇਸ਼ਨ ਆਫ ਐਪ ਬੇਸਡ ਟਰਾਂਸਪੋਰਟ ਵਰਕਰਜ਼ ਦੇ ਪ੍ਰਧਾਨ ਪ੍ਰਸ਼ਾਂਤ ਭਾਗੇਸ਼ ਸਾਵਰਡੇਕਰ ਇਸ ਐਪ ਬਾਰੇ ਕੁਝ ਖਦਸ਼ੇ ਪ੍ਰਗਟ ਕਰਦੇ ਹਨ।
ਉਹ ਕਹਿੰਦੇ ਹਨ, "ਜੇ ਸਰਕਾਰ ਇਸ ਤਰੀਕੇ ਦੀ ਐਪ ਲੈ ਕੇ ਆ ਰਹੀ ਹੈ ਜਿਸ ਵਿੱਚ ਬਿਨ੍ਹਾਂ ਕਿਸੇ ਕਮਿਸ਼ਨ ਦੇ ਸਾਰਾ ਪੈਸਾ ਡਰਾਇਵਰ ਨੂੰ ਹੀ ਮਿਲੇਗਾ ਤਾਂ ਇਹ ਗੱਲ ਸਾਡੇ ਲਈ ਫਾਇਦੇਮੰਦ ਹੈ। ਇਸ ਦੇ ਨਾਲ ਹੀ ਸਾਨੂੰ ਇਹ ਵੇਖਣਾ ਪੈਣਾ ਹੈ ਕਿ ਇਸ ਕੌਪਰੇਟਿਵ ਸੋਸਾਇਟੀ ਨੂੰ ਕੌਣ ਚਲਾ ਰਿਹਾ ਹੈ।"
"ਸਰਕਾਰ ਨੂੰ ਅਸੀਂ ਇਹ ਵੀ ਪੁੱਛਿਆ ਸੀ ਕਿ, ਕੀ ਇਹ ਸੰਸਥਾ ਸਰਕਾਰ ਦੀ ਹੈ ਤਾਂ ਉਨ੍ਹਾਂ ਕਿਹਾ ਸੀ ਕਿ ਨਹੀਂ ਅਸੀਂ ਤਾਂ ਇਹ ਸੋਸਾਇਟੀ ਬਣਾ ਦੇਵਾਂਗੇ, ਬਾਕੀ ਇਸ ਨੂੰ ਡਰਾਇਵਰ ਹੀ ਚਲਾਉਣਗੇ ਪਰ ਦੂਜੇ ਪਾਸੇ ਸਰਕਾਰ ਨੇ ਇਸ ਕੌਪਰੇਟਿਵ ਸੋਸਾਇਟੀ ਵਿੱਚ ਅਹੁਦੇਦਾਰ ਦੂਜੀਆਂ ਕੌਪਰੇਟਿਵ ਸੰਸਥਾਵਾਂ ਤੋਂ ਲਗਾਏ ਹਨ।"
ਪ੍ਰਸ਼ਾਂਤ ਭਾਗੇਸ਼ ਕਹਿੰਦੇ ਹਨ ਕਿ ਅਜੇ ਸਰਕਾਰ ਵੱਲੋਂ ਟਰਾਂਸਪੈਰੇਂਸੀ ਦੀ ਕਮੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਯੇਨ ਮਹਿਤਾ ਸਹਿਕਾਰ ਟੈਕਸੀ ਕੌਪਰੇਟਿਵ ਲਿਮਿਟਿਡ ਦੇ ਚੇਅਰਮੈਨ ਹਨ। ਇਸ ਦੇ ਨਾਲ ਹੀ ਉਹ ਗੁਜਰਾਤ ਕੌਪਰੇਟਿਵ ਮਿਲਕ ਮਾਰਕਿਟਿੰਗ ਫੈੱਡਰੇਸ਼ਨ ਦੇ ਵੀ ਐੱਮਡੀ ਹਨ।
ਉਹ ਕਹਿੰਦੇ ਹਨ, "ਓਲਾ ਊਬਰ ਵਰਗੀਆਂ ਕੰਪਨੀਆਂ ਵੱਲੋਂ ਵੀ ਸਾਨੂੰ ਪਹਿਲਾਂ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਸਨ, ਫਿਰ ਉਹ ਬਦਲਾਅ ਲਿਆਉਂਦੇ ਰਹੇ, ਸਾਡੇ ਤੋਂ ਲੈਣ ਵਾਲੇ ਕਮਿਸ਼ਨਾਂ ਵਿੱਚ ਬਦਲਾਅ ਕੀਤੇ। ਉਨ੍ਹਾਂ ਵੱਲੋਂ ਪਹਿਲਾਂ ਤਾਂ ਸਾਨੂੰ ਘੱਟੋ-ਘੱਟ ਬਿਜ਼ਨੇਸ ਦਾ ਵੀ ਵਾਅਦਾ ਕੀਤਾ ਸੀ ਪਰ ਹੌਲੀ-ਹੌਲੀ ਸਭ ਘਟਦਾ ਰਿਹਾ।"
ਪ੍ਰਸ਼ਾਂਤ ਮੁਤਾਬਕ ਭਾਰਤ ਟੈਕਸੀ ਦਾ ਮਾਡਲ ਵੀ ਕਿੰਨਾ ਕਾਮਯਾਬ ਹੁੰਦਾ ਹੈ ਇਹ ਅਜੇ ਦੱਸਣਾ ਕਾਫੀ ਮੁਸ਼ਕਲ ਹੈ। ਅਜੇ ਤਾਂ ਲੋਕਾਂ ਵਿੱਚ ਪਛਾਣ ਬਣਾਉਣਾ ਇਸ ਦੇ ਲਈ ਇੱਕ ਚੁਣੌਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












