ਮੋਗੇ ਤੋਂ ਨਿਊਜ਼ੀਲੈਂਡ ਪਹੁੰਚੇ 'ਪਹਿਲੇ ਪੰਜਾਬੀ' ਭਰਾ ਕੌਣ ਸਨ, ਇੱਥੇ ਪੰਜਾਬੀਆਂ ਦੇ ਪਰਵਾਸ ਦੀ ਕਹਾਣੀ ਕੀ ਹੈ

ਨਿਊਜ਼ੀਲੈਂਡ

ਤਸਵੀਰ ਸਰੋਤ, Punjabis in New Zealand, GNDU-Sourced

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਲੰਘੇ ਦਿਨੀਂ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਸਿੱਖ ਨਗਰ ਕੀਰਤਨ ਦਾ ਰਾਹ ਇੱਕ ਸਥਾਨਕ ਧਾਰਮਿਕ ਸਮੂਹ ਵੱਲੋਂ ਰੋਕਿਆ ਗਿਆ।

ਇਸ ਮਗਰੋਂ ਨਿਊਜ਼ੀਲੈਂਡ ਦੇ ਕਈ ਸੰਸਦ ਮੈਂਬਰਾਂ ਨੇ ਸਿੱਖ ਭਾਈਚਾਰੇ ਦੇ ਨਿਊਜ਼ੀਲੈਂਡ ਦੀ ਬਿਹਤਰੀ ਲਈ ਯੋਗਦਾਨ ਬਾਰੇ ਬਿਆਨ ਦਿੱਤੇ।­

ਇਸ ਘਟਨਾ ਨੇ ਨਿਊਜ਼ੀਲੈਂਡ ਵਿੱਚ ਰਹਿੰਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲ ਲੋਕਾਂ ਦਾ ਧਿਆਨ ਖਿੱਚਿਆ।

ਹਾਲਾਂਕਿ ਕੈਨੇਡਾ, ਅਮਰੀਕਾ ਜਿਹੇ ਪੱਛਮੀ ਮੁਲਕਾਂ ਵਿੱਚ ਪੰਜਾਬ ਤੋਂ ਹੋਏ ਪਰਵਾਸ ਬਾਰੇ ਚਰਚਾ ਹੁੰਦੀ ਹੈ ਪਰ ਨਿਊਜ਼ੀਲੈਂਡ ਬਾਰੇ ਕਾਫੀ ਘੱਟ ਜਾਣਕਾਰੀ ਹੈ।

ਕੌਣ ਸਨ ਨਿਊਜ਼ੀਲੈਂਡ ਪਹੁੰਚਣ ਵਾਲੇ 'ਪਹਿਲੇ ਪੰਜਾਬੀ' ਭਰਾ?

ਫੁੰਮਣ ਸਿੰਘ, ਮਾਰਗਰਟ ਫੋਰਡ ਦੀ ਵਿਆਹ ਸਮੇਂ ਦੀ ਫੋਟੋ

ਤਸਵੀਰ ਸਰੋਤ, Punjabis in New Zealand, GNDU

ਤਸਵੀਰ ਕੈਪਸ਼ਨ, ਫੁੰਮਣ ਸਿੰਘ ਨੇ 1898 ਵਿੱਚ ਇੰਗਲੈਂਡ ਤੋਂ ਆਈ ਮਾਰਗਰਟ ਫੋਰਡ ਨਾਮ ਦੀ ਔਰਤ ਨਾਲ ਵਿਆਹ ਕਰਵਾਇਆ

ਮੋਗੇ ਦੇ ਪਿੰਡ ਚੜਿੱਕ ਵਿੱਚ ਜੰਮੇ ਫੁੰਮਣ ਸਿੰਘ ਅਤੇ ਬੀਰ ਸਿੰਘ ਨੂੰ ਨਿਊਜ਼ੀਲੈਂਡ ਪਹੁੰਚਣ ਵਾਲੇ 'ਪਹਿਲੇ ਪੰਜਾਬੀ' ਮੰਨਿਆ ਜਾਂਦਾ ਹੈ।

ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਮੁਤਾਬਕ ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਹੋਰ ਪੰਜਾਬੀ ਨਿਊਜ਼ੀਲੈਂਡ ਪਹੁੰਚੇ ਹੋ ਸਕਦੇ ਹਨ ਪਰ ਇਹ ਦੋਵੇਂ 'ਪਹਿਲੇ ਪੰਜਾਬੀ' ਪਰਵਾਸੀ ਸਨ ਜਿਨ੍ਹਾਂ ਬਾਰੇ ਜਾਣਕਾਰੀ ਮੌਜੂਦ ਹੈ। ਪੰਜਾਬੀਆਂ ਦੇ ਜਾਣ ਤੋਂ ਪਹਿਲਾਂ ਭਾਰਤ ਦੇ ਹੋਰ ਇਲਾਕਿਆਂ ਤੋਂ ਲੋਕ ਨਿਊਜ਼ੀਲੈਂਡ ਪਹੁੰਚ ਚੁੱਕੇ ਸਨ।

ਫੁੰਮਣ ਸਿੰਘ ਦੇ ਵੱਡੇ ਭਰਾ ਬੀਰ ਸਿੰਘ 1880ਵਿਆਂ ਵਿੱਚ ਹਾਂਗਕਾਂਗ ਅਤੇ ਉੱਥੋਂ ਆਸਟ੍ਰੇਲੀਆ ਗਏ ਸਨ।

ਇਸ ਮਗਰੋਂ ਫੁੰਮਣ ਸਿੰਘ ਨੂੰ ਬੀਰ ਸਿੰਘ ਦੀ ਭਾਲ ਕਰਨ ਲਈ ਭੇਜਿਆ ਗਿਆ, ਆਸਟ੍ਰੇਲੀਆ ਵਿੱਚ ਇੱਕ-ਦੂਜੇ ਨੂੰ ਮਿਲਣ ਮਗਰੋਂ ਉਹ ਦੋਵੇਂ ਨਿਊਜ਼ੀਲੈਂਡ ਚਲੇ ਗਏ।

ਬੀਰ ਸਿੰਘ ਨੇ ਇੱਕ ਮਾਓਰੀ ਔਰਤ ਨਾਲ ਵਿਆਹ ਕਰਵਾ ਲਿਆ ਜਦਕਿ ਫੁੰਮਣ ਸਿੰਘ ਨੇ 1898 ਵਿੱਚ ਇੰਗਲੈਂਡ ਤੋਂ ਆਈ ਮਾਰਗਰਟ ਫੋਰਡ ਨਾਮ ਦੀ ਔਰਤ ਨਾਲ ਵਿਆਹ ਕਰਵਾਇਆ।

ਫੁੰਮਣ ਸਿੰਘ ਨੇ ਕਨਫੈਕਸ਼ਨਰੀ(ਹਲਵਾਈ) ਦਾ ਕੰਮ ਸਿੱਖਿਆ ਅਤੇ ਇਹੀ ਕੰਮ ਕੀਤਾ।

ਨਿਊਜ਼ੀਲੈਂਡ ਵਿੱਚ ਸਿੱਖਾਂ ਦੇ ਪਰਵਾਸ ਬਾਰੇ ਯੂਨੀਵਰਸਿਟੀ ਆਫ ਓਟਾਗੋ ਤੋਂ ਪੀਐੱਚਡੀ ਕਰ ਚੁੱਕੇ ਡਾ. ਹਰਪ੍ਰੀਤ ਸਿੰਘ ਦੱਸਦੇ ਹਨ ਕਿ ਨਿਊਜ਼ੀਲੈਂਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਆਉਣ ਵਾਲੇ ਵੀ ਫੁੰਮਣ ਸਿੰਘ ਹੀ ਸਨ।

ਉਨ੍ਹਾਂ ਦੇ ਘਰ ਵਿੱਚ ਇੱਕ ਕਮਰੇ ਵਿੱਚ ਪ੍ਰਕਾਸ਼ ਹੁੰਦਾ ਸੀ ਅਤੇ ਲੋਕ ਉਨ੍ਹਾਂ ਦੇ ਘਰ ਵਿੱਚ ਮੱਥਾ ਟੇਕਣ ਲਈ ਆਉਂਦੇ ਸਨ।

ਆਪਣੀ ਕਿਤਾਬ 'ਪੰਜਾਬੀਜ਼ ਇੰਨ ਨਿਊਜ਼ੀਲੈਂਡ' ਵਿੱਚ ਮਰਹੂਮ ਪ੍ਰੋਫ਼ੈਸਰ ਡਬਲਿਊ.ਐੱਚ ਮਕਲਾਉਡ ਲਿਖਦੇ ਹਨ ਕਿ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਣਾ ਕਾਫੀ ਦੁਰਲੱਭ ਸੀ। ਇੱਕ ਸਰੂਪ ਫੁੰਮਣ ਸਿੰਘ ਕੋਲ ਸੀ ਜਦਕਿ ਦੂਜਾ 1932 ਵਿੱਚ ਲਿਆਂਦਾ ਗਿਆ ਸੀ।

ਨਿਊਜ਼ੀਲੈਂਡ ਵਿੱਚ ਜੰਮੇ ਪ੍ਰੋਫ਼ੈਸਰ ਡਬਲਿਊ.ਐੱਚ ਮਕਲਾਉਡ ਨੇ 1960 ਵਿਆਂ ਵਿੱਚ ਬਟਾਲਾ ਵਿਚਲੇ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਵਿੱਚ ਪੜ੍ਹਾਇਆ ਸੀ ਉਨ੍ਹਾਂ ਨੇ ਸਿੱਖ ਧਰਮ ਬਾਰੇ ਕਈ ਕਿਤਾਬਾਂ ਲਿਖੀਆਂ ਸਨ।

ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਮੁਤਾਬਕ ਫੁੰਮਣ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਨੇ ਧਰਮ ਬਦਲ ਲਿਆ ਸੀ ਅਤੇ ਸਾਲ 1935 ਵਿੱਚ 65 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ

ਨਿਊਜ਼ੀਲੈਂਡ ਕਿਵੇਂ ਪਹੁੰਚਣੇ ਸ਼ੁਰੂ ਹੋਏ ਪੰਜਾਬੀ

ਚੰਨਣ ਸਿੰਘ

ਤਸਵੀਰ ਸਰੋਤ, Punjabis in New Zealand, GNDU

ਤਸਵੀਰ ਕੈਪਸ਼ਨ, ਸਾਲ 2023 ਦੇ ਅੰਕੜਿਆਂ ਮੁਤਾਬਕ ਸਿੱਖ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦਾ 1.1 ਫ਼ੀਸਦ ਹਨ

19ਵੀਂ ਸਦੀ ਦੇ ਅੰਤ ਵੇਲੇ ਨਿਊਜ਼ੀਲੈਂਡ ਪਹੁੰਚਣ ਵਾਲੇ ਭਾਰਤੀਆਂ ਵਿੱਚੋਂ ਬਹੁਤੇ ਗੁਜਰਾਤੀ ਸਨ।

1986 ਵਿੱਚ ਛਪੀ ਆਪਣੀ ਕਿਤਾਬ ਵਿੱਚ ਮਕਲਾਉਡ ਨੇ ਲਿਖਿਆ, "ਪਹਿਲੀ ਵਿਸ਼ਵ ਜੰਗ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਪਹੁੰਚਣ ਵਾਲੇ ਪੰਜਾਬੀਆਂ ਦੀ ਗਿਣਤੀ ਵਧੀ।"

ਉਹ ਲਿਖਦੇ ਹਨ ਕਿ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੀ ਆਮਦ ਨੂੰ ਸਾਊਥ ਪੈਸੇਫਿਕ ਦੇਸ਼ਾਂ(ਆਸਟ੍ਰੇਲੀਆ, ਫੀਜੀ, ਅਤੇ ਨਿਊਜ਼ੀਲੈਂਡ) ਦੇ ਵੱਡੇ ਸੰਦਰਭ ਦੇ ਹਿੱਸੇ ਵਜੋਂਦੇਖਣਾ ਚਾਹੀਦਾ ਹੈ।

"ਏਸ਼ੀਆਈ ਪਰਵਾਸ ਵਧਣ ਬਾਰੇ ਚੌਕੰਨੀ ਹੋਈ ਸਰਕਾਰ ਨੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਅਮੈਂਡਮੈਂਟ ਐਕਟ 1920 ਪਾਸ ਕੀਤਾ।"

ਸ਼ੁਰੂਆਤ ਵਿੱਚ ਪੰਜਾਬੀ ਲੋਕਾਂ ਵਿੱਚੋਂ ਬਹੁਤਿਆਂ ਨੇ ਰੇਹੜੀਆਂ ਰਾਹੀਂ ਜਾ ਤੁਰ-ਫਿਰ ਕੇ ਸਮਾਨ ਵੇਚਣਾ ਸ਼ੁਰੂ ਕੀਤਾ। ਦੂਜੀ ਵਿਸ਼ਵ ਜੰਗ ਤੋਂ 1960ਵਿਆਂ ਤੱਕ ਦੇ ਸਮੇਂ ਵਿੱਚ ਪੰਜਾਬੀ ਲੋਕਾਂ ਨੇ ਡੇਅਰੀ ਫਾਰਮਿੰਗ ਦਾ ਕਿੱਤਾ ਅਪਣਾਇਆ।

ਕਈ ਪੰਜਾਬੀ ਪੁਰਸ਼ਾਂ ਨੇ ਯੂਰਪੀ ਔਰਤਾਂ ਨਾਲ ਵਿਆਹ ਕਰਵਾਏ, ਕੁਝ ਨੇ ਮਾਓਰੀ ਔਰਤਾਂ ਨਾਲ ਜਦਕਿ ਕੁਝ ਦੀਆਂ ਪਤਨੀਆਂ ਪੰਜਾਬੀ ਸਨ।

ਨਿਊਜ਼ੀਲੈਂਡ ਵਿੱਚ ਨਸਲਵਾਦ ਦਾ ਸਾਹਮਣਾ

 ਡਾ. ਹਰਪ੍ਰੀਤ ਸਿੰਘ, ਨਿਊਜੀਲੈਂਡ ਵਿੱਚ ਸਿੱਖਾਂ ਦੇ ਪਰਵਾਸ ਦੇ ਵਿਸ਼ੇ ਦੇ ਮਾਹਰ

ਡਾ. ਹਰਪ੍ਰੀਤ ਸਿੰਘ ਦਾ ਪਰਿਵਾਰ ਵੀ 100 ਸਾਲ ਤੋਂ ਵੱਧ ਸਮਾਂ ਪਹਿਲਾਂ ਨਿਊਜ਼ੀਲੈਂਡ ਵਿੱਚ ਆਇਆ ਸੀ। ਉਨ੍ਹਾਂ ਦੇ ਪੜਦਾਦਾ ਫੀਜੀ ਵਿੱਚ ਸਨ ਅਤੇ ਉੱਥੋਂ ਨਿਊਜ਼ੀਲੈਂਡ ਗਏ।

ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਸਿੱਖ ਲੋਕਾਂ ਨੂੰ ਨਸਲਵਾਦ ਸਾਹਮਣਾ ਕਰਨਾ ਪਿਆ।

ਉਹ ਦੱਸਦੇ ਹਨ, "1920ਵਿਆਂ ਵਿੱਚ ਪਰਵਾਸ ਵਿਰੋਧੀ ਸਮੂਹਾਂ ਅਤੇ ਏਸ਼ੀਆਈ ਲੋਕਾਂ ਵਿਚਕਾਰ ਤਣਾਅ ਨੇ ਭਾਰਤੀ ਭਾਈਚਾਰੇ ਨੂੰ ਇੱਕਠਾ ਕੀਤਾ, ਗੁਜਰਾਤੀ ਜਿੱਥੇ ਕਸਬਿਆਂ ਦੇ ਦੁਆਲੇ ਰਹਿੰਦੇ ਸਨ ਉੱਥੇ ਹੀ ਸਿੱਖ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਸਨ, ਹਰ ਭਾਈਚਾਰੇ ਨਾਲ ਜੁੜੇ ਭਾਰਤੀ ਆਕਲੈਂਡ ਵਿਚਲੀ ਨਿਊਜ਼ੀਲੈਂਡ ਇੰਡੀਅਨ ਐਸੋਸੀਏਸ਼ਨ ਦਾ ਹਿੱਸਾ ਸਨ।"

ਆਪਣੇ ਪੀਐੱਚਡੀ ਥੀਸਸ ਵਿੱਚ ਹਰਪ੍ਰੀਤ ਲਿਖਦੇ ਹਨ, "ਸਿੱਖ ਭਾਈਚਾਰੇ ਦੇ ਲੋਕਾਂ ਦੇ ਯੂਰਪੀ ਅਤੇ ਮਾਓਰੀ ਲੋਕਾਂ ਨਾਲ ਚੰਗੇ ਸਬੰਧ ਬਣੇ, ਉਨ੍ਹਾਂ ਨੇ ਰਗਬੀ, ਕ੍ਰਿਕਟ ਅਤੇ ਰਾਇਫਲ ਸ਼ੂਟਿੰਗ ਵਿੱਚ ਹਿੱਸਾ ਲਿਆ।"

ਦੋ ਦਹਾਕਿਆਂ ਵਿੱਚ ਪੰਜ ਗੁਣਾ ਵਧੀ ਆਬਾਦੀ

ਫੁੰਮਣ ਸਿੰਘ ਦੀ ਧੀ ਦੇ ਵਿਆਹ ਮੌਕੇ ਦੀ ਤਸਵੀਰ

ਤਸਵੀਰ ਸਰੋਤ, Punjabis in New Zealand, GNDU

ਤਸਵੀਰ ਕੈਪਸ਼ਨ, ਫੁੰਮਣ ਸਿੰਘ ਦੀ ਧੀ ਦੇ ਵਿਆਹ ਮੌਕੇ ਉਨ੍ਹਾਂ ਦੇ ਘਰ ਤੋਂ ਖਿੱਚੀ ਗਈ ਇੱਕ ਤਸਵੀਰ

ਸਾਲ 2023 ਦੇ ਅੰਕੜਿਆਂ ਮੁਤਾਬਕ ਸਿੱਖ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦਾ 1.1 ਫ਼ੀਸਦ ਹਨ। ਨਿਊਜ਼ੀਲੈਂਡ ਦੀ ਕੁੱਲ ਆਬਾਦੀ 5,334,200 ਹੈ ਜਿਸ ਵਿੱਚੋਂ 53,406 ਸਿੱਖ ਹਨ।

ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2006 ਵਿੱਚ ਨਿਊਜ਼ੀਲੈਂਡ ਵਿੱਚ ਸਿੱਖ ਧਰਮ ਨਾਲ ਜੁੜੇ ਲੋਕਾਂ ਦੀ ਆਬਾਦੀ 9,507 ਸੀ ਜਿਹੜੀ ਕਿ 2013 ਵਿੱਚ ਵੱਧ ਕੇ 19191 ਹੋ ਗਈ।

ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਵੱਖ-ਵੱਖ ਸਿਆਸੀ ਅਹੁਦਿਆਂ ਉੱਤੇ ਵੀ ਪਹੁੰਚੇ ਹਨ।

ਦਿੱਲੀ ਵਿੱਚ ਜੰਮੇ ਕੰਵਲਜੀਤ ਸਿੰਘ ਬਖ਼ਸ਼ੀ ਨਿਊਜ਼ੀਲੈਂਡ ਵਿੱਚ ਨੈਸ਼ਨਲ ਪਾਰਟੀ ਵੱਲੋਂ ਚਾਰ ਵਾਰੀ ਐੱਮਪੀ ਰਹਿ ਚੁੱਕੇ ਹਨ। ਪਰਮਜੀਤ ਕੌਰ ਪਰਮਾਰ ਐਕਟ ਨਿਊਜ਼ੀਲੈਂਡ ਪਾਰਟੀ ਤੋਂ ਮੌਜੂਦਾ ਸੰਸਦ ਮੈਂਬਰ ਹਨ।

1920ਵਿਆਂ ਤੋਂ ਬਾਅਦ ਹੋਰ ਪੰਜਾਬੀਆਂ ਲਈ ਨਿਊਜ਼ੀਲੈਂਡ ਵਿੱਚ ਪਰਵਾਸ ਕਰਨਾ ਕਾਫੀ ਮੁਸ਼ਕਲ ਸੀ।

ਉਹ ਦੱਸਦੇ ਹਨ ਕਿ 1980ਵਿਆਂ ਤੇ 90ਵਿਆਂ ਵਿੱਚ ਪੰਜਾਬ ਵਿੱਚ ਸਿਆਸੀ ਉੱਥਲ-ਪੁੱਥਲ ਵੇਲੇ ਕਈ ਲੋਕ ਸ਼ਰਨਾਰਥੀਆਂ ਦੇ ਤੌਰ ਉੱਤੇ ਇੱਥੇ ਆਏ ਅਤੇ ਸਾਲ 2000 ਤੋਂ ਬਾਅਦ ਵਿਦਿਆਰਥੀ ਵੀਜ਼ਾ ਅਤੇ ਹੋਰ ਵੀਜ਼ਿਆਂ ਰਾਹੀਂ ਲੋਕ ਆਉਣੇ ਸ਼ੁਰੂ ਹੋਏ ਅਤੇ ਗਿਣਤੀ ਵਿੱਚ ਕਾਫੀ ਵਾਧਾ ਹੋਇਆ।

ਉਨ੍ਹਾਂ ਨੇ ਦੱਸਿਆ ਕਿ 1980ਵਿਆਂ ਤੱਕ ਨਿਊਜ਼ੀਲੈਂਡ ਵਿੱਚ ਸਿਰਫ਼ ਦੋ ਗੁਰਦੁਆਰੇ ਸਨ ਅਤੇ ਹੁਣ ਇਨ੍ਹਾਂ ਦੀ ਗਿਣਤੀ 25 ਤੋਂ ਵੱਧ ਹੈ, ਗੁਰਦੁਆਰਿਆਂ ਵੱਲੋਂ ਕੋਵਿਡ ਜਿਹੇ ਸਮੇਂ ਵਿੱਚ ਸਥਾਨਕ ਲੋਕਾਂ ਨਾਲ ਕਾਫੀ ਸਹਿਯੋਗ ਕੀਤਾ ਗਿਆ ਅਤੇ ਲੰਗਰ ਲਗਾਏ ਗਏ।

ਦਸੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਟਾਕਾਨਿਨੀ ਗੁਰਦੁਆਰੇ ਵਿੱਚ ਕਬੱਡੀ ਵਰਲਡ ਕੱਪ ਵਿੱਚ ਵੀ ਹਿੱਸਾ ਲਿਆ, ਇਸ ਮੌਕੇ ਉਹ ਲੋਕਾਂ ਨਾਲ ਘੁਲਦੇ-ਮਿਲਦੇ ਨਜ਼ਰ ਆਏ।

ਭਾਰਤ, ਨਿਊਜ਼ੀਲੈਂਡ ਦੇ ਰਿਸ਼ਤੇ ਅਤੇ ਖਾਲਿਸਤਾਨ ਦਾ ਮੁੱਦਾ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਦੀ ਪੋਸਟ

ਤਸਵੀਰ ਸਰੋਤ, X/Christopher Luxon

ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਕਬੱਡੀ ਕੱਪ 'ਚ ਪਹੁੰਚੇ ਸਨ ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ ਪੇਜ 'ਤੇ ਪਾਈ ਸੀ।

ਮਾਰਚ 2025 ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੌਰੇ ਉੱਤੇ ਆਏ ਸਨ, ਇਸ ਦੌਰਾਨ ਪੀਐੱਮ ਨਰਿੰਦਰ ਮੋਦੀ ਵੱਲੋਂ ਨਿਊਜ਼ੀਲੈਂਡ ਵਿੱਚ ਭਾਰਤ-ਵਿਰੋਧੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ ਗਿਆ ਸੀ।

ਇਸ ਸਬੰਧ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਸਕੱਤਰ (ਈਸਟ) ਜੈਦੀਪ ਮਜ਼ੂਮਦਾਰ ਨੇ ਮੀਡੀਆ ਨੂੰ ਦੱਸਿਆ ਕਿ ਨਵੰਬਰ 2024 ਵਿੱਚ ਨਿਊਜ਼ੀਲੈਂਡ ਵਿੱਚ ਹੋਏ ਰਿਫਰੈਂਡਮ ਦਾ ਮੁੱਦਾ ਦੋਵਾਂ ਦੇਸ਼ਾਂ ਦੀ ਗੱਲਬਾਤ ਦੌਰਾਨ ਚੁੱਕਿਆ ਗਿਆ।

ਉਨ੍ਹਾਂ ਕਿਹਾ ਕਿ ਭਾਰਤ ਆਪਣੇ ਦੋਸਤ ਦੇਸ਼ਾਂ ਨੂੰ ਬੋਲਣ ਦੀ ਆਜ਼ਾਦੀ ਦੀ ਗ਼ਲਤ ਵਰਤੋਂ ਬਾਰੇ ਲਗਾਤਾਰ ਸਾਵਧਾਨ ਕਰਦਾ ਆ ਰਿਹਾ ਹੈ।

ਨਵੰਬਰ 2024 ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਨਿਊਜ਼ੀਲੈਂਡ ਵਿੱਚ ਰਾਏਸ਼ੁਮਾਰੀ ਕਰਵਾਈ ਗਈ ਸੀ। ਇਹ ਸੰਸਥਾ ਵੱਖਰੇ ਸਿੱਖ ਰਾਜ ਖ਼ਾਲਿਸਤਾਨ ਦੀ ਵਕਾਲਤ ਕਰਦੀ ਹੈ ਅਤੇ ਭਾਰਤ ਵਿੱਚ ਇਸ 'ਤੇ ਪਾਬੰਦੀ ਹੈ।

18 ਮਾਰਚ ਨੂੰ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਲਈ ਸਪਸ਼ਟ ਕਾਨੂੰਨ ਹਨ ਅਤੇ ਕਾਨੂੰਨ ਦੀ ਉਲੰਘਣਾ ਹੋਣ 'ਤੇ ਪੁਲਿਸ ਕਾਰਵਾਈ ਕਰਦੀ ਹੈ।

ਭਾਰਤ ਅਤੇ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਫ੍ਰੀ ਟਰੇਡ ਸਮਝੌਤਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)