ਕੈਨੇਡਾ ਨੇ ਕਿਵੇਂ ਬਦਲੀ ਪਰਵਾਸ ਦੀ ਤਸਵੀਰ, ਕੀ ਪੀਆਰ ਦੇ ਸਾਰੇ ਰਾਹ ਕੀਤੇ ਬੰਦ? ਪਰਵਾਸ 'ਤੇ ਕੈਨੇਡਾ ਸਰਕਾਰ ਦੀ ਸਾਲਾਨਾ ਰਿਪੋਰਟ ਕੀ ਕਹਿੰਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
"ਅਸੀਂ ਇਮੀਗ੍ਰੇਸ਼ਨ ਪ੍ਰਣਾਲੀ 'ਤੇ ਮੁੜ ਕੰਟ੍ਰੋਲ ਹਾਸਲ ਰਹੇ ਹਾਂ ਅਤੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਵਾਪਸ ਲਿਆ ਰਹੇ ਹਾਂ।"
ਇਹ ਸ਼ਬਦ ਹਨ ਕੈਨੇਡਾ ਸਰਕਾਰ ਦੇ, ਜੋ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਪੇਸ਼ ਕੀਤੀ ਪਰਵਾਸ ਉੱਤੇ ਆਪਣੀ 2025 ਸਲਾਨਾ ਰਿਪੋਰਟ ਵਿੱਚ ਕਹੇ ਹਨ। ਅਸੀਂ ਇਸ ਰਿਪੋਰਟ ਨੂੰ ਬਾਰੀਕੀ ਨਾਲ ਪੜ੍ਹਣ ਦੀ ਕੋਸ਼ਿਸ਼ ਕੀਤੀ ਅਤੇ ਸਮਝਿਆ ਕਿ ਕੈਨੇਡਾ ਆਪਣੇ ਪਰਵਾਸ ਦੀ ਤਸਵੀਰ ਨੂੰ ਕਿਵੇਂ ਬਦਲ ਰਿਹਾ ਹੈ।
ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਰਵਾਸ ਕੈਨੇਡਾ ਦੀਆਂ ਸਰਕਾਰੀ ਨੀਤੀਆਂ ਦਾ ਇੱਕ ਅਹਿਮ ਹਿੱਸਾ ਰਹੇਗਾ ਪਰ ਹਾਂ, ਇਸ ਦੀ ਤਸਵੀਰ ਜ਼ਰੂਰ ਬਦਲ ਰਹੀ ਹੈ।
ਇਹ ਰਿਪੋਰਟ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ ਸਲਾਨਾ ਜਾਰੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਨਾਲ ਹਾਲ ਹੀ ਦੇ ਸਮੇਂ ਵਿੱਚ ਪਰਵਾਸ ਨੀਤੀਆਂ ਵਿੱਚ ਵੱਡੇ ਬਦਲਾਅ ਕੈਨੇਡਾ ਦੀ ਸਰਕਾਰ ਵੱਲੋਂ ਕੀਤੇ ਗਏ ਹਨ, ਅਜਿਹੇ ਵਿੱਚ ਇਹ ਰਿਪੋਰਟ ਇਸ ਸਮੇਂ ਹੋਰ ਵੀ ਜ਼ਿਆਦਾ ਅਹਿਮ ਹੋ ਜਾਂਦੀ ਹੈ।
ਆਓ ਜਾਣੀਏ ਕੈਨੇਡਾ ਸਰਕਾਰ ਦਾ ਪਰਵਾਸ ਨੂੰ ਲੈ ਕੇ ਆਖ਼ਰ ਪਲਾਨ ਹੈ ਕੀ, ਕੀ ਕੈਨੇਡਾ ਵਸਣ ਦੇ ਚਾਹਵਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਰਾਹਤ ਮਿਲੇਗੀ ਅਤੇ ਪੀਆਰ ਹਾਸਲ ਕਰਨ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਰਿਪੋਰਟ ਵਿੱਚ ਅਹਿਮ ਕੀ ਹੈ
ਪਿਛਲੇ ਇੱਕ ਸਾਲ ਵਿੱਚ ਕੈਨੇਡਾ ਦੀ ਪਰਵਾਸ ਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ। ਰਿਪੋਰਟ ਵਿੱਚ ਇਸ ਬਦਲਾਅ ਨੂੰ ਕਾਫੀ ਵਿਸਥਾਰ ਨਾਲ ਸਮਝਾਇਆ ਗਿਆ ਹੈ। ਹੇਠਾਂ ਦਿੱਤੇ ਨੁਕਤਿਆਂ ਨਾਲ ਸਮਝਦੇ ਹਾਂ ਕਿ ਕੈਨੇਡਾ ਦੇ ਪਰਵਾਸ ਦੀ ਤਸਵੀਰ ਕਿਵੇਂ ਬਦਲ ਰਹੀ ਹੈ।
ਸਰਕਾਰ ਦੀ ਨੀਤੀ ਵਿੱਚ ਹੁਣ ਆਰਥਿਕ ਪਰਵਾਸ ਨੂੰ ਹੁੰਗਾਰਾ ਦੇਣਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ, ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਸੈਟਲ ਹੋ ਚੁੱਕੇ ਅਸਥਾਈ ਨਿਵਾਸੀਆਂ (ਟੈਂਪਰੇਰੀ ਰੈਜ਼ੀਡੈਂਟਸ) ਦੇ ਸਥਾਈ ਨਿਵਾਸ (ਪਰਮਾਨੈਂਟ ਰੈਜ਼ੀਡੈਂਸੀ) ਲਈ ਤਰਜੀਹ ਦੇਵੇਗੀ, ਜਿਸ ਨਾਲ ਨਵੇਂ ਆਉਣ ਵਾਲਿਆਂ ਦੀ ਗਿਣਤੀ ਹੋਰ ਘਟੇਗੀ।
ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ 'ਤੇ ਕੁਝ ਦਬਾਅ ਘੱਟ ਹੋਵੇਗਾ।
ਇਸ ਤੋਂ ਇਲਾਵਾ ਫਰੈਂਚ ਬੋਲਣ ਵਾਲੇ ਪਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਕਿਊਬੈਕ ਦੇ ਬਾਹਰ ਫਰੈਂਚ ਬੋਲਣ ਵਾਲਿਆਂ ਦੀ ਗਿਣਤੀ ਨੂੰ ਵਧਾਉਣਾ ਰਣਨੀਤੀ ਦਾ ਹਿੱਸਾ ਹੈ।

ਕੈਨੇਡਾ ਵਿੱਚ ਨਵੇਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਦਾ ਸੰਤੁਲਨ ਕਾਇਮ ਰੱਖਣ ਲਈ ਕੌਮਾਂਤਰੀ ਵਿਦਿਆਰਥੀਆਂ ਅਤੇ ਅਸਥਾਈ ਵਰਕਰਾਂ ਦੀ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਦਾ ਆਪਣੇ ਦੇਸ਼ਾਂ ਵਿੱਚ ਵਾਪਸ ਜਾਣਾ ਯਕੀਨੀ ਬਣਾਇਆ ਜਾਵੇਗਾ।
2027 ਤੱਕ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਕੇ, ਪ੍ਰੋਗਰਾਮਾਂ ਦੀ ਗਿਣਤੀ ਨੂੰ ਸੀਮਿਤ ਕਰ ਕੇ ਅਤੇ ਇਮੀਗ੍ਰੇਸ਼ਨ ਦੇ ਪੱਧਰ ਨੂੰ ਘਟਾ ਕੇ ਅਸਥਾਈ ਨਿਵਾਸੀਆਂ (ਟੈਂਪਰੇਰੀ ਰੈਜ਼ੀਡੇਂਟਸ) ਦੀ ਗਿਣਤੀ ਨੂੰ ਘੱਟ ਕੀਤਾ ਜਾਵੇਗਾ।
ਸਟੈਟੇਟਿਕਸ ਕੈਨੇਡਾ ਦੇ ਮੁਤਾਬਕ, 1 ਜਨਵਰੀ 2025 ਨੂੰ, ਕੈਨੇਡਾ ਦੀ ਆਬਾਦੀ 4,15,28,680 ਸੀ ਜੋ ਕਿ 2024 ਦੇ ਅੰਕੜਿਆਂ ਤੋਂ ਮਹਿਜ਼ 7,44,324 (1.8 ਫੀਸਦ) ਜ਼ਿਆਦਾ ਹੈ ਅਤੇ ਆਬਾਦੀ ਦੇ ਇਸ ਵਾਧੇ ਦਾ 97.3 ਫ਼ੀਸਦ ਹਿੱਸਾ ਕੌਮਾਂਤਰੀ ਪਰਵਾਸੀਆਂ ਦਾ ਹੈ।
ਇਸ ਦਾ ਮਤਲਬ ਹੈ ਕਿ ਕੈਨੇਡਾ ਦੀ ਆਪਣੀ ਆਬਾਦੀ ਵਿੱਚ ਸਿਰਫ਼ 19,738 (ਮੌਤਾਂ ਅਤੇ ਜਨਮ ਲੈਣ ਵਾਲਿਆਂ ਦੀ ਗਿਣਤੀ ਦਾ ਅੰਤਰ) ਦਾ ਵਾਧਾ ਹੈ ਜੋ ਕਿ ਕਾਫੀ ਘੱਟ ਹੈ ਭਾਵ, ਕੈਨੇਡਾ ਦੀ ਆਬਾਦੀ ਦਾ ਮੁੱਖ ਵਾਧਾ ਸਿਰਫ਼ ਪਰਵਾਸੀਆਂ ਨਾਲ ਹੀ ਹੈ।
ਕੀ ਬਦਲ ਰਿਹਾ ਹੈ ਅਤੇ ਕੀ ਨਵਾਂ ਹੋਣ ਜਾ ਰਿਹਾ ਹੈ
ਇਸ ਰਿਪੋਰਟ ਵਿੱਚ ਇਹ ਸਾਫ਼ ਹੈ ਕਿ ਕਾਫੀ ਕੁਝ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਬਦਲ ਗਿਆ ਹੈ ਅਤੇ ਕਾਫੀ ਕੁਝ ਨਵਾਂ ਹੋਣ ਜਾ ਰਿਹਾ ਹੈ।
ਰਿਪੋਰਟ ਦੇ ਮੁਤਾਬਕ, ਪਰਵਾਸੀਆਂ ਦਾ ਆਰਥਿਕ ਤੌਰ 'ਤੇ ਯੋਗਦਾਨ ਅਤੇ ਲੇਬਰ ਮਾਰਕਿਟ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
ਕੁਸ਼ਲਤਾ ਅਤੇ ਲੇਬਰ ਮਾਰਕਿਟ ਦੀ ਮੰਗ ਦੇ ਮੁਤਾਬਕ ਪਰਵਾਸ ਨੀਤੀ ਬਣਾਈ ਜਾ ਰਹੀ ਹੈ। 2024 ਵਿੱਚ ਐਕਸਪ੍ਰੈੱਸ ਐਂਟਰੀ ਦੇ ਤਹਿਤ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੂੰ ਬੁਲਾਇਆ ਗਿਆ ਹੈ ਜਿਸ ਵਿੱਚ ਖ਼ਾਸ ਕਿੱਤਿਆਂ ਜਿਵੇਂ ਕਿ ਹੈਲਥ ਕੇਅਰ, ਸਟੈੱਮ (ਸਾਈਂਸ, ਟੈਕਨੋਲੋਜੀ, ਇੰਜਨਿਅਰਿੰਗ, ਮੈਥਸ), ਟਰੇਡਸ, ਫਰੈਂਚ ਭਾਸ਼ਾ ਦੀ ਕੁਸ਼ਲਤਾ, ਟ੍ਰਾਂਸਪੋਰਟ ਅਤੇ ਐਗਰੀਕਲਚਰ ਦੀਆਂ ਕੈਟੇਗਰੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਰੀਜਨਲ ਪ੍ਰੋਗਰਾਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਜਿਵੇਂ ਕਿ ਰੂਰਲ (ਪੇਂਡੂ) ਜਾਂ ਨੌਰਦਰਨ ਪਾਇਲਟ, ਫ੍ਰੈਂਕੋਫੋਨ ਪਾਇਲਟ, ਪ੍ਰੋਵੀਂਸਲ ਨੋਮੀਨੀ ਆਦਿ।
ਇਸ ਤੋਂ ਇਲਾਵਾ ਨੀਤੀਆਂ ਵਿੱਚ ਇਸ ਤਰ੍ਹਾਂ ਬਦਲਾਅ ਕੀਤਾ ਗਿਆ ਹੈ ਕਿ ਅਸਥਾਈ ਕਾਮਿਆਂ ਨੂੰ ਸਥਾਈ ਬਣਨ ਦਾ ਮੌਕਾ ਦਿੱਤਾ ਜਾਵੇ ਅਤੇ ਨਵੇਂ ਅਸਥਾਈ ਕਾਮਿਆਂ ਦੀ ਗਿਣਤੀ ਨੂੰ ਘਟਾਇਆ ਜਾਵੇ।
ਅਸਥਾਈ ਵਸਨੀਕਾਂ ਦੀ ਗਿਣਤੀ (ਸਟੂਡੈਂਟ, ਵਰਕ, ਵਜ਼ਿਟਰ) ਉੱਤੇ ਕੈਪ ਲਗਾਇਆ ਗਿਆ ਹੈ ਅਤੇ ਮੌਜੂਦਾ ਗਿਣਤੀ ਨੂੰ ਵੀ ਘਟਾਇਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਵੱਸਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ
ਜੇਕਰ ਤੁਸੀਂ ਕੈਨੇਡਾ ਵਿੱਚ ਸਥਾਈ ਨਿਵਾਸ (ਪਰਮਾਨੈਂਟ ਰੈਜ਼ੀਡੈਂਸ) ਦਾ ਟੀਚਾ ਰੱਖ ਰਹੇ ਹੋ, ਤਾਂ ਇਕਨੌਮਿਕ ਸਟ੍ਰੀਮ ਸਭ ਤੋਂ ਮਜ਼ਬੂਤ ਐਂਟਰੀ ਪੁਆਇੰਟ ਬਣੀ ਰਹਿੰਦੀ ਹੈ, ਖ਼ਾਸ ਕਰਕੇ ਜੇਕਰ ਤੁਹਾਡੇ ਕੋਲ ਖ਼ਾਸ ਕਿੱਤਿਆਂ (ਸਿਹਤ ਸੰਭਾਲ, ਸਟੈੱਮ, ਵਪਾਰ) ਵਿੱਚ ਹੁਨਰ ਹੈ, ਜਾਂ ਫਰੈਂਚ ਵਿੱਚ ਮੁਹਾਰਤ ਹੈ (ਜੇ ਤੁਸੀਂ ਕਿਊਬੈਕ ਤੋਂ ਬਾਹਰ ਕੰਮ ਕਰਨ ਲਈ ਤਿਆਰ ਹੋ)।
ਜੇਕਰ ਤੁਸੀਂ ਕੈਨੇਡਾ ਵਿੱਚ ਪਹਿਲਾਂ ਹੀ ਟੈਂਪਰੇਰੀ ਰੈਜ਼ੀਡੈਂਸ ਦੇ ਤੌਰ ਉੱਤੇ ਰਹਿ ਰਹੇ ਹੋ ਤਾਂ ਤੁਹਾਡੇ ਲਈ ਪੀਆਰ ਦਾ ਰਾਹ ਸੌਖਾ ਹੋ ਸਕਦਾ ਹੈ ਕਿਉਂਕਿ ਕੈਨੇਡਾ ਇਸ ਵੇਲੇ ਦੇਸ਼ ਵਿੱਚ ਮੌਜੂਦ ਅਸਥਾਈ ਕਾਮਿਆਂ ਨੂੰ ਸਥਾਈ ਬਣਾਉਣ ਲਈ ਇੱਛੁਕ ਜਾਪ ਰਿਹਾ ਹੈ।
ਜੇ ਤੁਸੀਂ ਕੈਨੇਡਾ ਨੂੰ ਇੱਕ ਕੌਮਾਂਤਰੀ ਵਿਦਿਆਰਥੀ ਵਜੋਂ ਦੇਖ ਰਹੇ ਹੋ, ਤਾਂ ਧਿਆਨ ਰੱਖੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਅਜਿਹੇ ਕੋਰਸ ਚੁਣੋ ਜੋ ਅੱਗੇ ਤੁਹਾਨੂੰ ਰੁਜ਼ਗਾਰ ਦੇਣ ਅਤੇ ਪੀਆਰ ਦਾ ਰਾਹ ਸੌਖਾ ਕਰਨ ਵਿੱਚ ਮਦਦ ਕਰ ਸਕਣ।
ਤੁਸੀਂ ਵੱਡੇ ਅਰਬਨ ਸੈਂਟਰਾਂ ਤੋਂ ਬਾਹਰ ਜਾਂ ਜਿੱਥੇ ਫਰੈਂਚ ਬੋਲਣ ਵਾਲਿਆਂ ਦੀ ਗਿਣਤੀ ਘੱਟ ਹੈ, ਵਿੱਚ ਤੁਸੀਂ ਖ਼ਾਸ ਪ੍ਰੋਗਰਾਮਾਂ ਅਤੇ ਪਾਇਲਟ ਪ੍ਰੋਜੈਕਟਾਂ ਤਹਿਤ ਦਾਖ਼ਲਾ ਲੈ ਸਕਦੇ ਹੋ।
ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਨੂੰ ਜ਼ਿਆਦਾ ਸਥਿਰ ਅਤੇ ਟਿਕਾਊ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਤੋਂ ਸਾਫ ਹੈ ਕਿ ਅਰਜ਼ੀਕਰਤਾਵਾਂ ਦੀ ਉੱਚ ਜਾਂਚ, ਦਸਤਾਵੇਜ਼ਾਂ ਦੀ ਜਾਂਚ, ਲੇਬਰ ਮਾਰਕਿਟ ਦੀ ਮੰਗ, ਤੁਹਾਡੇ ਹੁਨਰ ਅਤੇ ਫਰੈਂਚ ਭਾਸ਼ਾ ਦੇ ਗਿਆਨ ਨੂੰ ਕਾਫੀ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਨਿਰਦੇਸ਼ਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ, ਨੀਤੀਆਂ ਵਿੱਚ ਬਦਲਾਅ ਆ ਸਕਦੇ ਹਨ।
ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ

ਤਸਵੀਰ ਸਰੋਤ, Getty Images
ਜਿਵੇਂ ਸਟੂਡੈਂਟ ਵੀਜ਼ਾ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਪਹਿਲਾਂ ਵਰਕ ਪਰਮਿਟ ਹਾਸਲ ਕਰਨਾ ਅਤੇ ਫਿਰ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕਰਨਾ ਇੱਕ ਆਮ ਰਸਤਾ ਸੀ, ਹੁਣ ਇਹ ਤਸਵੀਰ ਬਦਲ ਚੁੱਕੀ ਹੈ ਇਸ ਲਈ ਜੇਕਰ ਕੈਨੇਡਾ ਵਿੱਚ ਪੜ੍ਹਾਈ ਲਈ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ।
ਜਿਵੇਂ ਕਿ ਲੇਬਰ ਮਾਰਕਿਟ ਦੀ ਡਿਮਾਂਡ ਅਤੇ ਜ਼ਰੂਰਤ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਇਸ ਤੋਂ ਸਾਫ ਹੈ ਕਿ ਮੁਕਾਬਲਾ ਵਧੇਗਾ ਅਤੇ ਤੁਹਾਡਾ ਉਨ੍ਹਾਂ ਦੀ ਮੰਗ ਅਨੁਸਾਰ ਹੋਣਾ ਕਾਫੀ ਮਾਅਨੇ ਰੱਖੇਗਾ। ਜੇਕਰ ਤੁਹਾਡਾ ਕਿੱਤਾ ਉਨ੍ਹਾਂ ਕਿੱਤਿਆਂ ਵਿੱਚ ਸ਼ੁਮਾਰ ਨਹੀਂ ਹੈ ਜਿਸ ਦੀ ਮੰਗ ਹੈ ਤਾਂ ਤੁਹਾਡੇ ਲਈ ਮੌਕੇ ਕਾਫੀ ਘੱਟ ਹੋ ਸਕਦੇ ਹਨ।
ਮੁੱਖ ਸੈਂਟਰਾਂ ਦੇ ਬਾਹਰ ਦੀਆਂ ਥਾਵਾਂ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦੀਆਂ ਹਨ ਪਰ ਤੁਹਾਨੂੰ ਛੋਟੀਆਂ ਅਤੇ ਘੱਟ ਭਾਈਚਾਰੇ ਵਾਲੀਆਂ ਥਾਵਾਂ ਵਿੱਚ ਆਉਣ ਲਈ ਵੀ ਖ਼ੁਦ ਨੂੰ ਤਿਆਰ ਕਰਨਾ ਪਵੇਗਾ।
ਨੀਤੀਆਂ ਵਿੱਚ ਬਦਲਾਅ ਕਦੇ ਵੀ ਆ ਸਕਦੇ ਹਨ, ਇਸ ਲਈ ਖ਼ੁਦ ਨੂੰ ਅਪਡੇਟਿਡ ਰੱਖੋ।
ਮਾਹਰ ਇਸ ਬਦਲਾਅ ਨੂੰ ਕਿਵੇਂ ਦੇਖਦੇ ਹਨ

ਤਸਵੀਰ ਸਰੋਤ, Getty Images
ਯੂਕੇ ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਮੰਨਣਾ ਹੈ ਕਿ ਇਨ੍ਹਾਂ ਬਦਲਾਵਾਂ ਦੇ ਦੋ ਪੱਖ ਹੋ ਸਕਦੇ ਹਨ। ਇੱਕ ਤਾਂ ਇਸ ਦਾ ਸਿਆਸੀ ਪੱਖ ਹੈ ਅਤੇ ਦੂਸਰਾ ਆਪਣੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨਾ ਹੈ।
ਪਰਵਾਸੀਆਂ ਦੇ ਵਿਰੁੱਧ ਅਵਾਜ਼ਾਂ ਨਾ ਸਿਰਫ਼ ਕੈਨੇਡਾ ਬਲਕਿ ਹੁਣ ਤਾਂ ਯੂਕੇ, ਆਸਟ੍ਰੇਲੀਆਂ, ਅਮਰੀਕਾ ਆਦਿ ਵਿੱਚ ਵੀ ਉੱਠ ਰਹੀਆਂ ਹਨ। ਦੇਸ਼ਾਂ ਦੇ ਮੁੱਢਲੇ ਢਾਂਚੇ ਉੱਤੇ ਇਸ ਦਾ ਕਾਫੀ ਪ੍ਰਭਾਵ ਪਿਆ ਹੈ।
ਇਸ ਲਈ ਸਰਕਾਰਾਂ ਕੀ ਕੋਸ਼ਿਸ਼ ਆਪਣੇ ਨਾਗਰਿਕਾਂ ਨੂੰ ਪਹਿਲਾਂ ਖੁਸ਼ ਅਤੇ ਸੰਤੂਸ਼ਟ ਕਰਨ ਦੀ ਹੈ। ਇਸ ਦੇ ਨਾਲ ਹੀ, ਬੁਨਿਆਦੀ ਢਾਂਚੇ ਨੂੰ ਮੁੜ ਲੀਹ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰੋਫੈਸਰ ਪ੍ਰੀਤਮ ਸਿੰਘ ਦਾ ਕਹਿਣਾ ਹੈ, "ਹਾਲਾਂਕਿ ਇਸ ਗੱਲ ਵਿੱਚ ਵੀ ਦੋਰਾਹੇ ਨਹੀਂ ਹੈ ਕਿ ਪਰਵਾਸ ਨੂੰ ਲੈ ਕੇ ਨਿਰਾਸ਼ਾ ਵੀ ਲੋਕਾਂ ਵਿੱਚ ਆਈ ਹੈ ਅਤੇ ਰਿਵਰਸ ਮਾਈਗ੍ਰੇਸ਼ਨ (ਪਰਵਾਸੀਆਂ ਦਾ ਮੁੜ ਆਪਣੇ ਦੇਸ਼ਾਂ ਵਿੱਚ ਆਉਣਾ) ਦੇ ਕੇਸ ਵੀ ਦੇਖੇ ਜਾ ਰਹੇ ਹਨ।"
ਉਨ੍ਹਾਂ ਮੁਤਾਬਕ, ਕੈਨੇਡਾ ਦਾ ਪਰਵਾਸ ਨੀਤੀਆਂ ਵਿੱਚ ਬਦਲਾਅ ਕਰਨਾ ਸਿਆਸੀ ਮਜਬੂਰੀ ਵੀ ਸੀ ਅਤੇ ਸਮੇਂ ਦੀ ਮੰਗ ਵੀ। ਪਰ ਇੱਕ ਗੱਲ ਸਾਫ ਹੈ ਕਿ ਪਰਵਾਸ ਤੋਂ ਬਿਨਾਂ ਇਨ੍ਹਾਂ ਦੇਸ਼ਾਂ ਦਾ ਗੁਜ਼ਾਰਾ ਵੀ ਔਖਾ ਹੈ। ਪਰਵਾਸ ਪੂਰਾ ਰੁਕ ਨਹੀਂ ਸਕਦਾ ਪਰ ਕੁਝ ਪਾਬੰਦੀਆਂ ਜ਼ਰੂਰ ਸਮੇਂ-ਸਮੇਂ ਉੱਤੇ ਲੱਗਣਗੀਆਂ ਅਤੇ ਉਸ ਵਿੱਚ ਬਦਲਾਅ ਵੀ ਆਉਂਦੇ ਰਹਿਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












