ਭੁੱਖ ਤੋਂ ਵੱਧ ਭੋਜਨ ਖਾਣ ਦਾ ਸਰੀਰ ਉੱਤੇ ਕੀ ਅਸਰ ਹੁੰਦਾ ਹੈ, ਦਿਮਾਗ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਢਿੱਡ ਭਰ ਗਿਆ

ਤਸਵੀਰ ਸਰੋਤ, Getty Images
- ਲੇਖਕ, ਜੈਸਿਕਾ ਬ੍ਰੈਡਲੀ
- ਰੋਲ, ਬੀਬੀਸੀ ਫਿਊਚਰ
ਸਾਡੇ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤਿਉਹਾਰਾਂ ਮੌਕੇ ਖਾਣ-ਪੀਣ ਦੇ ਮਾਮਲੇ ਵਿੱਚ ਕੋਈ ਪਰਹੇਜ਼ ਨਹੀਂ ਰੱਖਦੇ। ਪਰ ਇਹ ਤਿਉਹਾਰੀ ਮੀਲ ਸਾਡੇ ਸਰੀਰ ਅਤੇ ਦਿਮਾਗ 'ਤੇ ਕੀ ਅਸਰ ਪਾਉਂਦੀ ਹੈ?
ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਰਾਹੀਂ ਭੋਜਨ ਸਾਡੇ ਦਿਮਾਗ ਨੂੰ ਯਾਦਦਾਸ਼ਤ ਅਤੇ ਇਕਾਗਰਤਾ ਸਮੇਤ ਕਈ ਮਹੱਤਵਪੂਰਨ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇੱਕ ਸੰਤੁਲਿਤ ਖੁਰਾਕ ਸਾਡੀ ਮਾਨਸਿਕ ਸਿਹਤ ਲਈ ਵੀ ਇੱਕ ਸ਼ਕਤੀਸ਼ਾਲੀ ਸਹਾਰਾ ਹੋ ਸਕਦੀ ਹੈ।
ਤਿਉਹਾਰਾਂ ਮੌਕੇ ਬਹੁਤ ਭਾਰੀ ਭੋਜਨ ਜਿਸ ਵਿੱਚ ਕਈ ਸਾਰੇ ਪਕਵਾਨ ਸ਼ਾਮਲ ਹੋਣ ਇਹ ਸਾਡੇ ਦਿਮਾਗ 'ਤੇ ਤੁਰੰਤ ਕੀ ਪ੍ਰਭਾਵ ਪਾਉਂਦੇ ਹਨ?
ਜਦੋਂ ਅਸੀਂ ਜ਼ਿਆਦਾ ਖਾਂਦੇ ਹਾਂ ਤਾਂ ਕੀ ਹੁੰਦਾ ਹੈ?
"ਜਦੋਂ ਅਸੀਂ ਖਾਣਾ ਖਾ ਰਹੇ ਹੁੰਦੇ ਹਾਂ ਤਾਂ ਸਰੀਰ ਦੇ ਵੱਖ-ਵੱਖ ਸੰਕੇਤ ਮਿਲ ਕੇ ਸਾਡੇ ਦਿਮਾਗ ਨੂੰ ਇਹ ਦੱਸਣ ਲਈ ਕੰਮ ਕਰਦੇ ਹਨ ਕਿ ਸਾਡਾ ਢਿੱਡ ਭਰ ਗਿਆ ਹੈ। ਜਿਸ ਵਿੱਚ ਅੰਤੜੀਆਂ ਤੋਂ ਨਿਕਲਣ ਵਾਲੇ ਹਾਰਮੋਨ ਅਤੇ ਮੈਟਾਬੋਲਾਈਟਸ (ਉਹ ਅਣੂ ਜੋ ਊਰਜਾ ਲਈ ਭੋਜਨ ਨੂੰ ਤੋੜਦੇ ਹਨ) ਸ਼ਾਮਲ ਹੁੰਦੇ ਹਨ।
ਇਹ ਹਾਰਮੋਨ ਸਾਡੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਪੈਨਕ੍ਰੀਅਸ ਤੋਂ ਇੰਸੁਲਿਨ ਛੱਡਣ ਦਾ ਸੰਕੇਤ ਵੀ ਦਿੰਦੇ ਹਨ। ਇਸ ਪੂਰੀ ਪ੍ਰਕਿਰਿਆ ਨੂੰ ਸੈਟਾਈਟੀ ਕੈਸਕੇਡ ਕਿਹਾ ਜਾਂਦਾ ਹੈ।
ਇੰਪੀਰੀਅਲ ਕਾਲਜ ਲੰਡਨ ਦੇ ਕਲੀਨਿਕਲ ਐਸੋਸੀਏਟ ਪ੍ਰੋਫੈਸਰ ਅਤੇ ਕੰਸਲਟੈਂਟ ਐਂਡੋਕਰੀਨੋਲੋਜਿਸਟ ਟੋਨੀ ਗੋਲਡਸਟੋਨ ਕਹਿੰਦੇ ਹਨ, "ਇਹ ਸੰਕੇਤ ਸਾਡੀ ਅੰਤੜੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ ਅਤੇ ਥੋੜ੍ਹੇ ਵੱਖਰੇ ਸਮੇਂ ਦੇ ਅੰਤਰਾਲਾਂ 'ਤੇ ਕੰਮ ਕਰਦੇ ਹਨ।"
ਅੰਤੜੀਆਂ ਅਤੇ ਪੈਨਕ੍ਰੀਅਸ ਤੋਂ ਨਿਕਲਣ ਵਾਲੇ ਹਾਰਮੋਨਸ ਦੀ ਇਹ ਲੜੀ, ਜੋ ਦਿਮਾਗ ਨੂੰ ਸੰਕੇਤ ਭੇਜਦੀ ਹੈ, ਉਸ ਸੁਸਤੀ ਜਾਂ ਨੀਂਦ ਨਾਲ ਵੀ ਸਬੰਧਤ ਹੋ ਸਕਦੀ ਹੈ ਜੋ ਸਾਨੂੰ ਭਾਰੀ ਭੋਜਨ ਖਾਣ ਤੋਂ ਬਾਅਦ ਮਹਿਸੂਸ ਹੁੰਦੀ ਹੈ (ਜਿਸ ਨੂੰ "ਪੋਸਟਪ੍ਰੈਂਡੀਅਲ ਸੋਮਨੋਲੈਂਸ" ਕਿਹਾ ਜਾਂਦਾ ਹੈ)। ਪਰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਪੋਸਟਡਾਕਟੋਰਲ ਵਿਜ਼ਿਟਿੰਗ ਫੈਲੋ ਹਾਰੂਨ ਹੇਂਗਿਸਟ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਦੇ ਸਹੀ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਸਮਝ ਨਹੀਂ ਆ ਸਕੀ ਹੈ।"
"ਆਮ ਤੌਰ 'ਤੇ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਹ ਅਹਿਸਾਸ ਜਿਸ ਨੂੰ ਪਿਆਰ ਨਾਲ ਫੂਡ ਕੋਮਾ ਕਿਹਾ ਜਾਂਦਾ ਹੈ, ਮੁੱਖ ਤੌਰ 'ਤੇ ਖੂਨ ਦੇ ਦਿਮਾਗ ਤੋਂ ਹਟ ਕੇ ਢਿੱਡ ਵੱਲ ਜਾਣ ਕਾਰਨ ਹੁੰਦਾ ਹੈ। ਪਰ ਖੋਜ ਦੱਸਦੀ ਹੈ ਕਿ ਭਾਰੀ ਭੋਜਨ ਤੋਂ ਬਾਅਦ ਅਸਲ ਵਿੱਚ ਦਿਮਾਗ ਵੱਲ ਖੂਨ ਦਾ ਵਹਾਅ ਘੱਟ ਨਹੀਂ ਹੁੰਦਾ।
ਹੇਂਗਿਸਟ ਦਾ ਕਹਿਣਾ ਹੈ ਕਿ ਖਾਣੇ ਤੋਂ ਬਾਅਦ ਆਉਣ ਵਾਲੀ ਨੀਂਦ ਨੂੰ ਸਮਝਣ ਲਈ ਅਜੇ ਹੋਰ ਖੋਜ ਦੀ ਲੋੜ ਹੈ।
ਉਹ ਕਹਿੰਦੇ ਹਨ, "ਅੰਤੜੀਆਂ ਦੇ ਹਾਰਮੋਨਸ ਦੀ ਪ੍ਰਤੀਕਿਰਿਆ ਇੱਕ ਕਾਕਟੇਲ ਵਾਂਗ ਹੁੰਦੀ ਹੈ, ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਖਾਸ ਹਾਰਮੋਨ ਦਿਮਾਗ ਦੇ ਕਿਹੜੇ ਹਿੱਸਿਆਂ 'ਤੇ ਅਸਰ ਕਰਕੇ ਨੀਂਦ ਦਾ ਕਾਰਨ ਬਣਦੇ ਹਨ।"

ਤਸਵੀਰ ਸਰੋਤ, Getty Images
ਕੀ ਜ਼ਿਆਦਾ ਖਾਣਾ ਨੁਕਸਾਨਦੇਹ ਹੈ?
ਹੇਂਗਿਸਟ ਕਹਿੰਦੇ ਹਨ ਕਿ ਕਦੇ-ਕਦਾਈਂ ਬਹੁਤ ਜ਼ਿਆਦਾ ਖਾ ਲੈਣ ਨਾਲ ਸਾਡੇ ਮੈਟਾਬੋਲਿਜ਼ਮ 'ਤੇ ਬਹੁਤ ਘੱਟ ਪ੍ਰਭਾਵ ਪੈਂਦਾ ਹੈ।
2020 ਵਿੱਚ ਉਨ੍ਹਾਂ ਨੇ ਇੱਕ ਅਧਿਐਨ ਦੇ ਨਤੀਜੇ ਪ੍ਰਕਾਸ਼ਿਤ ਕੀਤੇ ਜਿਸ ਵਿੱਚ ਇਹ ਦੇਖਿਆ ਗਿਆ ਸੀ ਕਿ ਜਦੋਂ ਲੋਕ ਆਰਾਮ ਨਾਲ ਢਿੱਡ ਭਰਨ ਤੱਕ ਖਾਂਦੇ ਹਨ ਅਤੇ ਜਦੋਂ ਲੋਕ ਬਿਲਕੁਲ ਰੱਜ ਜਾਣ ਤੇ ਹੋਰ ਖਾਣ ਦੀ ਜਗ੍ਹਾ ਨਾ ਬਚੇ ਤਾਂ ਫਿਰ ਉਦੋਂ ਕੀ ਹੁੰਦਾ ਹੈ।
ਚੌਦਾਂ ਸਿਹਤਮੰਦ ਵਿਅਕਤੀਆਂ ਨੇ ਇੱਕ ਵਾਰ ਵਿੱਚ ਬਹੁਤ ਸਾਰਾ ਪੀਜ਼ਾ ਖਾਣ ਲਈ ਸਵੈ-ਇੱਛਾ ਨਾਲ ਹਿੱਸਾ ਲਿਆ। ਅਧਿਐਨ ਦੇ ਇੱਕ ਗੇੜ ਵਿੱਚ ਉਨ੍ਹਾਂ ਨੂੰ ਉਦੋਂ ਤੱਕ ਖਾਣ ਲਈ ਕਿਹਾ ਗਿਆ ਜਦੋਂ ਤੱਕ ਉਨ੍ਹਾਂ ਦਾ ਢਿੱਡ ਆਰਾਮ ਨਾਲ ਭਰ ਨਹੀਂ ਗਿਆ।
ਦੂਜੇ ਗੇੜ ਵਿੱਚ ਉਨ੍ਹਾਂ ਨੂੰ ਜਿੰਨਾ ਹੋ ਸਕੇ ਉਨਾ ਜ਼ਿਆਦਾ ਖਾਣ ਲਈ ਕਿਹਾ ਗਿਆ ਤੇ ਉਨ੍ਹਾਂ ਦੂਜੇ ਗੇੜ ਵਿੱਚ ਪਹਿਲਾਂ ਨਾਲੋਂ ਦੁੱਗਣਾ ਪੀਜ਼ਾ ਖਾਧਾ।
ਖਾਣੇ ਤੋਂ ਬਾਅਦ ਚਾਰ ਘੰਟਿਆਂ ਤੱਕ ਉਨ੍ਹਾਂ ਦੇ ਹਾਰਮੋਨ, ਭੁੱਖ, ਮੂਡ ਅਤੇ ਮੈਟਾਬੋਲਿਕ ਪ੍ਰਤੀਕਿਰਿਆਵਾਂ ਦੀ ਜਾਂਚ ਕੀਤੀ ਗਈ। ਖੋਜਕਰਤਾਵਾਂ ਨੇ ਪਾਇਆ ਕਿ ਉਨ੍ਹਾਂ ਦੇ ਬਲੱਡ ਸ਼ੂਗਰ ਦਾ ਪੱਧਰ ਆਮ ਭੋਜਨ ਨਾਲੋਂ ਜ਼ਿਆਦਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਖੂਨ ਵਿੱਚ ਫੈਟ ਦੀ ਮਾਤਰਾ ਵਧੀ ਸੀ।
ਹੇਂਗਿਸਟ ਕਹਿੰਦੇ ਹਨ, "ਅਸੀਂ ਹੈਰਾਨ ਹੋਏ ਕਿ ਦੁੱਗਣੀ ਕੈਲੋਰੀ ਲੈਣ ਦੇ ਬਾਵਜੂਦ, ਸਰੀਰ ਨੇ ਖੂਨ ਵਿੱਚ ਸ਼ੂਗਰ ਨੂੰ ਬਹੁਤ ਚੰਗੀ ਤਰ੍ਹਾਂ ਕੰਟਰੋਲ ਕੀਤਾ। ਅਸੀਂ ਪਾਇਆ ਕਿ ਸਰੀਰ ਇਸ ਲਈ ਸਖ਼ਤ ਮਿਹਨਤ ਕਰ ਰਿਹਾ ਸੀ, ਵੱਧ ਇਨਸੂਲਿਨ ਅਤੇ ਵੱਖ-ਵੱਖ ਅੰਤੜੀਆਂ ਦੇ ਹਾਰਮੋਨ ਛੱਡ ਕੇ ਜੋ ਇੰਸੁਲਿਨ ਛੱਡਣ ਵਿੱਚ ਮਦਦ ਕਰਦੇ ਹਨ ਅਤੇ ਇਹ ਸੰਕੇਤ ਦਿੰਦੇ ਹਨ ਕਿ ਸਾਡਾ ਢਿੱਡ ਭਰ ਗਿਆ ਹੈ।"
''ਖੋਜਾਂ ਦੱਸਦੀਆਂ ਹਨ ਕਿ ਨਾਨ-ਅਲਕੋਹਲਿਕ ਫੈਟੀ ਲਿਵਰ ਰੋਗ, ਜੋ ਲੰਬੇ ਸਮੇਂ ਤੱਕ ਫੈਟ ਅਤੇ ਸ਼ੂਗਰ ਵਾਲੀ ਖੁਰਾਕ ਨਾਲ ਹੋ ਸਕਦਾ ਹੈ, ਦਿਮਾਗ ਤੱਕ ਘੱਟ ਆਕਸੀਜਨ ਪਹੁੰਚਣ ਦਾ ਕਾਰਨ ਬਣ ਸਕਦਾ ਹੈ।''
ਹੇਂਗਿਸਟ ਦਾ ਕਹਿਣਾ ਹੈ ਕਿ ਇਹ ਅਧਿਐਨ ਦਰਸਾਉਂਦਾ ਹੈ ਕਿ ਇੱਕ ਵਾਰ ਦੀ ਓਵਰ ਈਟਿੰਗ (ਜ਼ਿਆਦਾ ਖਾਣਾ) ਨੁਕਸਾਨਦੇਹ ਨਹੀਂ ਹੁੰਦੀ ਜਿੰਨਾ ਅਸੀਂ ਸੋਚਦੇ ਹਾਂ।
ਕਿਉਂਕਿ ਇਹ ਅਧਿਐਨ ਸਿਰਫ ਜਵਾਨ ਅਤੇ ਸਿਹਤਮੰਦ ਵਿਅਕਤੀਆਂ 'ਤੇ ਕੀਤਾ ਗਿਆ ਸੀ, ਇਸ ਲਈ ਹੇਂਗਿਸਟ ਕਹਿੰਦੇ ਹਨ ਕਿ ਔਰਤਾਂ ਅਤੇ ਜ਼ਿਆਦਾ ਭਾਰ ਜਾਂ ਮੋਟਾਪੇ ਦੇ ਸ਼ਿਕਾਰ ਲੋਕਾਂ 'ਤੇ ਅਧਿਐਨ ਕੀਤੇ ਬਿਨਾਂ ਇਸ ਖੋਜ ਦੇ ਨਤੀਜਿਆਂ ਨੂੰ ਸਾਰੇ ਲੋਕਾਂ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ।"

ਤਸਵੀਰ ਸਰੋਤ, Getty Images
ਕੋਈ ਫ਼ਰਕ ਪੈਂਦਾ ਕਿ ਅਸੀਂ ਕਿਵੇਂ ਜ਼ਿਆਦਾ ਖਾ ਰਹੇ?
ਭਾਵੇਂ ਇੱਕ ਵਾਰ ਪੀਜ਼ਾ ਖਾਣਾ ਤੁਰੰਤ ਨੁਕਸਾਨਦੇਹ ਨਹੀਂ ਹੋ ਸਕਦਾ, ਪਰ ਕੁਝ ਖੋਜਾਂ ਦਰਸਾਉਂਦੀਆਂ ਹਨ ਕਿ ਕਈ ਘੰਟਿਆਂ ਤੱਕ ਜਾਂ ਇੱਕ ਪੂਰਾ ਦਿਨ ਲਗਾਤਾਰ ਖਾਂਦੇ ਰਹਿਣਾ ਮੈਟਾਬੋਲਿਜ਼ਮ ਨੂੰ ਵਿਗਾੜਨਾ ਸ਼ੁਰੂ ਕਰ ਸਕਦਾ ਹੈ ਅਤੇ ਸਰੀਰ 'ਤੇ ਦਬਾਅ ਪਾ ਸਕਦਾ ਹੈ, ਜੋ ਬਦਲੇ ਵਿੱਚ ਦਿਮਾਗ ਨੂੰ ਪ੍ਰਭਾਵਿਤ ਕਰ ਸਕਦਾ ਹੈ।
2021 ਵਿੱਚ ਲੰਬੇ ਸਮੇਂ ਤੱਕ ਜ਼ਿਆਦਾ ਖਾਣ ਬਾਰੇ ਕੀਤੇ ਗਏ ਇੱਕ ਅਧਿਐਨ ਵਿੱਚ ਹੇਂਗਿਸਟ ਦੇ ਪੀਜ਼ਾ ਅਧਿਐਨ ਨਾਲੋਂ ਬਹੁਤ ਵੱਖਰੇ ਨਤੀਜੇ ਸਾਹਮਣੇ ਆਏ। ਇਸ ਅਧਿਐਨ ਦਾ ਨਾਮ 'ਦ ਟੇਲਗੇਟ ਸਟੱਡੀ' ਹੈ, ਜਿਸ ਦਾ ਨਾਮ ਖੇਡਾਂ ਤੋਂ ਪਹਿਲਾਂ ਹੋਣ ਵਾਲੀਆਂ ਅਮਰੀਕੀ ਪਾਰਟੀਆਂ ਦੀ ਪਰੰਪਰਾ 'ਤੇ ਰੱਖਿਆ ਗਿਆ ਹੈ ਜਿਸ ਵਿੱਚ ਬਹੁਤ ਸਾਰਾ ਖਾਣਾ ਅਤੇ ਸ਼ਰਾਬ ਪੀਤੀ ਜਾਂਦੀ ਹੈ।
ਖੋਜਕਰਤਾਵਾਂ ਨੇ ਇਸ ਪਰੰਪਰਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ 18 ਜ਼ਿਆਦਾ ਭਾਰ ਵਾਲੇ ਪਰ ਸਿਹਤਮੰਦ ਵਿਅਕਤੀਆਂ ਨੂੰ ਦੁਪਹਿਰ ਨੂੰ ਪੀਣ ਲਈ ਸ਼ਰਾਬ ਅਤੇ ਖਾਣ ਲਈ ਵੱਧ ਫੈਟ ਤੇ ਸ਼ੂਗਰ ਵਾਲਾ ਭੋਜਨ ਦਿੱਤਾ ਗਿਆ। ਜਿਸ ਵਿੱਚ ਬਰਗਰ, ਚਿਪਸ ਅਤੇ ਕੇਕ ਸ਼ਾਮਲ ਸਨ। ਉਨ੍ਹਾਂ ਨੇ ਪੰਜ ਘੰਟਿਆਂ ਵਿੱਚ ਔਸਤਨ 5,087 ਕੈਲੋਰੀਆਂ ਖਾਧੀਆਂ। ਖੂਨ ਦੀਆਂ ਜਾਂਚਾਂ ਅਤੇ ਲਿਵਰ ਦੇ ਸਕੈਨ ਤੋਂ ਪਤਾ ਲੱਗਿਆ ਕਿ ਅਜਿਹੀ ਪਾਰਟੀ ਤੋਂ ਬਾਅਦ ਜ਼ਿਆਦਾਤਰ ਵਿਅਕਤੀਆਂ ਦੇ ਲਿਵਰ ਵਿੱਚ ਫੈਟ ਵਧ ਗਈ ਸੀ।
ਖੋਜ ਦੱਸਦੀ ਹੈ ਕਿ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼, ਜੋ ਲੰਬੇ ਸਮੇਂ ਤੱਕ ਵੱਧ ਫੈਟ ਅਤੇ ਵੱਧ ਸ਼ੂਗਰ ਵਾਲੀ ਖੁਰਾਕ ਕਾਰਨ ਹੋ ਸਕਦੀ ਹੈ, ਦਿਮਾਗ ਵਿੱਚ ਆਕਸੀਜਨ ਦੀ ਕਮੀ ਅਤੇ ਦਿਮਾਗੀ ਟਿਸ਼ੂਆਂ ਵਿੱਚ ਸੋਜ ਦਾ ਕਾਰਨ ਬਣ ਸਕਦੀ ਹੈ, ਜੋ ਸਮੇਂ ਦੇ ਨਾਲ ਦਿਮਾਗੀ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦੀ ਹੈ।
ਹੇਂਗਿਸਟ ਕਹਿੰਦੇ ਹਨ, "'ਟੇਲਗੇਟ' ਅਧਿਐਨ ਦਿਖਾਉਂਦਾ ਹੈ ਕਿ ਉਨ੍ਹਾਂ ਵਿਅਕਤੀਆਂ ਵਿੱਚ ਮੈਟਾਬੋਲਿਕ ਵਿਗੜ ਗਿਆ ਸੀ। ਜਦੋਂ ਕਈ ਘੰਟਿਆਂ ਤੱਕ ਲਗਾਤਾਰ ਭੋਜਨ ਅਤੇ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਸਰੀਰ ਲਈ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ ਜਿਸ ਨਾਲ ਨਜਿੱਠਣਾ ਮੁਸ਼ਕਲ ਹੁੰਦਾ ਹੈ।"

ਤਸਵੀਰ ਸਰੋਤ, Getty Images
ਇੱਕ ਵਾਰ ਦੀ ਓਵਰ ਈਟਿੰਗ ਨੁਕਸਾਨਦੇਹ ਕਿਉਂ ਨਹੀਂ?
ਜੀਵ-ਵਿਕਾਸ (ਈਵੋਲੂਸ਼ਨ) ਸ਼ਾਇਦ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਕਦੇ-ਕਦਾਈਂ ਜ਼ਿਆਦਾ ਖਾਣਾ ਇੰਨਾ ਨੁਕਸਾਨਦੇਹ ਕਿਉਂ ਨਹੀਂ ਹੁੰਦਾ ਅਤੇ ਕਿਵੇਂ ਸਾਡੀਆਂ ਅੰਤੜੀਆਂ ਅਤੇ ਦਿਮਾਗ ਨੇ ਇੱਕ ਦੂਜੇ ਨਾਲ ਸੰਪਰਕ ਬਣਾਉਣਾ ਸਿੱਖਿਆ ਹੈ ਜਦੋਂ ਸਾਨੂੰ ਖਾਣ ਦੀ ਲੋੜ ਹੁੰਦੀ ਹੈ।
ਗੋਲਡਸਟੋਨ ਕਹਿੰਦੇ ਹਨ ਕਿ ਜਦੋਂ ਸਾਨੂੰ ਭੁੱਖ ਲੱਗਦੀ ਹੈ ਤਾਂ ਸਾਨੂੰ ਖਾਣ ਲਈ ਪ੍ਰੇਰਿਤ ਕਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਸਰਗਰਮ ਹੋ ਜਾਂਦੀਆਂ ਹਨ। ਉਦਾਹਰਣ ਵਜੋਂ, ਸਾਡਾ ਮੂਡ ਬਦਲ ਸਕਦਾ ਹੈ ਅਤੇ ਭੁੱਖ ਕਾਰਨ ਗੁੱਸਾ ਆਉਣ ਲੱਗ ਜਾਂਦਾ ਹੈ। ਅਜਿਹੇ ਸਮੇਂ ਸਾਡਾ ਮਨ ਵੱਧ ਕੈਲੋਰੀ ਭੋਜਨ ਖਾਣ ਨੂੰ ਜ਼ਿਆਦਾ ਕਰਦਾ ਹੈ।
ਗੋਲਡਸਟੋਨ ਕਹਿੰਦੇ ਹਨ, "ਇਹ ਸਪੱਸ਼ਟ ਨਹੀਂ ਹੈ ਕਿ 'ਭੁੱਖ ਕਾਰਨ ਗੁੱਸਾ' ਕਿਸ ਚੀਜ਼ ਕਰਕੇ ਹੁੰਦਾ ਹੈ। ਪਰ ਚੱਲ ਰਹੀ ਖੋਜ ਦੱਸਦੀ ਹੈ ਕਿ ਭੁੱਖ ਇੱਕ ਕਾਫ਼ੀ ਅਣਸੁਖਾਵੀਂ ਸਥਿਤੀ ਹੈ ਅਤੇ ਸ਼ਾਇਦ ਲੋਕ ਇਸ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਖਾਣਾ ਖਾਂਦੇ ਹਨ।"
ਚੂਹਿਆਂ 'ਤੇ ਕੀਤੇ ਗਏ ਅਧਿਐਨਾਂ ਵਿੱਚ ਵੀ ਅਜਿਹਾ ਹੀ ਵਿਵਹਾਰ ਦੇਖਣ ਨੂੰ ਮਿਲਦਾ ਹੈ। ਅਧਿਐਨ ਦੱਸਦੇ ਹਨ ਕਿ ਕਿਵੇਂ ਹਾਈਪੋਥੈਲਮਸ (ਦਿਮਾਗ ਦਾ ਉਹ ਹਿੱਸਾ ਜੋ ਭੁੱਖ ਨੂੰ ਕੰਟਰੋਲ ਕਰਦਾ ਹੈ) ਦੇ ਕੁਝ ਭੁੱਖ ਨਾਲ ਸਬੰਧਤ ਹਿੱਸੇ ਉਦੋਂ ਹੀ ਸ਼ਾਂਤ ਹੋ ਜਾਂਦੇ ਹਨ ਜਦੋਂ ਚੂਹੇ ਭੋਜਨ ਨੂੰ ਦੇਖਦੇ ਜਾਂ ਸੁੰਘਦੇ ਹਨ ਭਾਵੇਂ ਉਨ੍ਹਾਂ ਨੇ ਅਜੇ ਖਾਣਾ ਸ਼ੁਰੂ ਨਾ ਕੀਤਾ ਹੋਵੇ।
'ਹਾਲਾਂਕਿ ਇੱਕ ਅਧਿਐਨ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਜਦੋਂ ਅਸੀਂ ਸ਼ੂਗਰ ਅਤੇ ਫੈਟ ਨਾਲ ਭਰਪੂਰ ਭੋਜਨ ਜ਼ਿਆਦਾ ਖਾਂਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਕੀ ਹੁੰਦਾ ਹੈ।'
ਗੋਲਡਸਟੋਨ ਕਹਿੰਦੇ ਹਨ, "ਭੁੱਖ ਨੇ ਚੂਹਿਆਂ ਨੂੰ ਭੋਜਨ ਲੱਭਣ ਲਈ ਮਜਬੂਰ ਕੀਤਾ ਅਤੇ ਇੱਕ ਵਾਰ ਜਦੋਂ ਉਨ੍ਹਾਂ ਨੂੰ ਭੋਜਨ ਮਿਲ ਗਿਆ ਤਾਂ ਹੋਰ ਭੋਜਣ ਖੋਜਣ ਦੀ ਲੋੜ ਨਹੀਂ ਰਹਿ ਜਾਂਦੀ।''
ਉਹ ਅੱਗੇ ਕਹਿੰਦੇ ਹਨ ਕਿ ਇਸ ਪ੍ਰਕਿਰਿਆ ਦਾ ਬਹੁਤ ਸਾਰਾ ਹਿੱਸਾ ਅਚੇਤ ਮਨ ਵਿੱਚ ਚੱਲਦਾ ਹੈ।
ਮਨੁੱਖਾਂ ਨੇ ਭੁੱਖਮਰੀ ਨਾਲ ਨਜਿੱਠਣ ਦੇ ਤਰੀਕੇ ਵਿਕਸਿਤ ਕੀਤੇ ਹਨ ਕਿਉਂਕਿ ਭੋਜਨ ਤੋਂ ਬਿਨਾਂ ਅਸੀਂ ਮਰ ਜਾਵਾਂਗੇ। ਪਰ ਗੋਲਡਸਟੋਨ ਕਹਿੰਦੇ ਹਨ ਕਿ ਵਾਧੂ ਖਾਣਾ ਮਨੁੱਖੀ ਇਤਿਹਾਸ ਵਿੱਚ ਕਦੇ ਆਮ ਨਹੀਂ ਸੀ। ਇਸ ਲਈ ਇਸ ਦੇ ਪ੍ਰਭਾਵ ਲੰਬੇ ਸਮੇਂ ਬਾਅਦ ਪ੍ਰਗਟ ਹੁੰਦੇ ਹਨ ਤੇ ਛੋਟੇ ਸਮੇਂ ਵਿੱਚ ਆਮ ਤੌਰ 'ਤੇ ਜਾਨਲੇਵਾ ਨਹੀਂ ਹੁੰਦੇ।

ਤਸਵੀਰ ਸਰੋਤ, Getty Images
ਕੀ ਇਹ ਮਾਅਨੇ ਰੱਖਦਾ ਕਿ ਅਸੀਂ ਜ਼ਿਆਦਾ ਕੀ ਖਾ ਰਹੇ ਹਾਂ?
ਚੂਹਿਆਂ 'ਤੇ ਕੀਤੇ ਗਏ ਕਈ ਅਧਿਐਨ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਵੱਧ ਕੈਲੋਰੀ ਵਾਲੀ ਖੁਰਾਕ ਯਾਦਦਾਸ਼ਤ ਅਤੇ ਸਿੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਰ ਜਰਮਨੀ ਦੀ ਟਿਊਬਿੰਗਨ ਯੂਨੀਵਰਸਿਟੀ ਵਿੱਚ ਮੈਟਾਬੋਲਿਕ ਨਿਊਰੋਇਮੇਜਿੰਗ ਵਿਭਾਗ ਦੀ ਮੁਖੀ ਸਟੈਫਨੀ ਕੁਲਮੈਨ ਦਾ ਕਹਿਣਾ ਹੈ ਕਿ ਮਨੁੱਖਾਂ ਵਿੱਚ ਇਸ ਖੇਤਰ ਵਿੱਚ ਖੋਜ ਅਜੇ ਘੱਟ ਹੈ।
ਹਾਲਾਂਕਿ, ਇੱਕ ਅਧਿਐਨ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਜਦੋਂ ਅਸੀਂ ਸ਼ੂਗਰ ਅਤੇ ਫੈਟ ਨਾਲ ਭਰਪੂਰ ਭੋਜਨ ਜ਼ਿਆਦਾ ਖਾਂਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਕੀ ਹੁੰਦਾ ਹੈ। ਇਹ ਅਧਿਐਨ ਸਿਰਫ਼ ਇੱਕ ਵਾਰ ਦੇ ਭੋਜਨ ਤੱਕ ਸੀਮਤ ਨਹੀਂ ਸੀ ਬਲਕਿ ਪੰਜ ਦਿਨਾਂ ਤੱਕ ਚੱਲਿਆ ਸੀ। ਫਿਰ ਵੀ ਕੁਲਮੈਨ ਦੇ ਅਨੁਸਾਰ ਇਸ ਦੇ ਨਤੀਜੇ ਕੁਝ ਹੱਦ ਤੱਕ ਘੱਟ ਸਮੇਂ ਲਈ ਜ਼ਿਆਦਾ ਖਾਣ 'ਤੇ ਵੀ ਲਾਗੂ ਹੋ ਸਕਦੇ ਹਨ।
18 ਸਿਹਤਮੰਦ ਵਿਅਕਤੀਆਂ ਨੇ ਪੰਜ ਦਿਨਾਂ ਤੱਕ ਆਪਣੀ ਆਮ ਖੁਰਾਕ ਦੇ ਨਾਲ-ਨਾਲ ਵੱਧ ਕੈਲੋਰੀ ਵਾਲੀ ਖੁਰਾਕ ਲਈ। ਖਾਸ ਤੌਰ 'ਤੇ ਅਲਟਰਾ ਪ੍ਰੋਸੈਸਡ ਸਨੈਕਸ ਜਿਨ੍ਹਾਂ ਵਿੱਚ ਫੈਟ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਸੀ (ਔਸਤਨ, ਉਨ੍ਹਾਂ ਨੇ ਪ੍ਰਤੀ ਦਿਨ 1,200 ਕੈਲੋਰੀਆਂ ਵਾਧੂ ਖਾਧੀਆਂ)। ਦੂਜੇ ਪਾਸੇ ਇੱਕ ਕੰਟਰੋਲ ਗਰੁੱਪ ਦੇ 11 ਹੋਰ ਵਿਅਕਤੀਆਂ ਨੇ ਆਪਣੀ ਖੁਰਾਕ ਵਿੱਚ ਕੋਈ ਬਦਲਾਅ ਨਹੀਂ ਕੀਤਾ।
ਨਤੀਜਿਆਂ 'ਚ ਦੇਖਿਆ ਕਿ ਵੱਧ ਕੈਲੋਰੀ ਵਾਲੀ ਖੁਰਾਕ ਨੇ ਦਿਮਾਗ ਦੇ ਉਨ੍ਹਾਂ ਹਿੱਸਿਆਂ ਵਿੱਚ ਇੰਸੁਲਿਨ ਪ੍ਰਤੀ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕੀਤਾ ਜੋ ਭੋਜਨ ਨੂੰ ਦੇਖ ਕੇ ਪੈਦਾ ਹੋਣ ਵਾਲੇ ਸੰਕੇਤਾਂ ਅਤੇ ਯਾਦਦਾਸ਼ਤ ਦੀਆਂ ਪ੍ਰਕਿਰਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇੱਕ ਦਿਮਾਗ ਜੋ ਇੰਸੁਲਿਨ ਪ੍ਰਤੀ ਰੋਧਕ ਹੋ ਜਾਂਦਾ ਹੈ, ਉਹ ਭੁੱਖ ਅਤੇ ਭੋਜਨ ਦੇ ਸੇਵਨ ਨੂੰ ਸਹੀ ਤਰ੍ਹਾਂ ਘੱਟ ਨਹੀਂ ਕਰ ਪਾਉਂਦਾ ਯਾਨੀ ਉਹ ਸੰਕੇਤ ਜੋ ਸਾਨੂੰ ਦੱਸਦੇ ਹਨ ਕਿ ਢਿੱਡ ਭਰ ਗਿਆ ਹੈ ਅਤੇ ਹੁਣ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਕੁਲਮੈਨ ਕਹਿੰਦੇ ਹਨ, ''ਇੱਕ ਮੁੱਖ ਖੋਜ ਇਹ ਸੀ ਕਿ ਸਰੀਰ ਨਾਲੋਂ ਪਹਿਲਾਂ ਦਿਮਾਗ ਵਿੱਚ ਬਦਲਾਅ ਆਉਂਦੇ ਹਨ।''
ਉਹ ਅੱਗੇ ਦੱਸਦੇ ਹਨ, ''ਹਿੱਸਾ ਲੈਣ ਵਾਲੇ ਵਿਅਕਤੀਆਂ ਦਾ ਭਾਰ ਅਜੇ ਵੀ ਪਹਿਲਾਂ ਜਿੰਨਾ ਹੀ ਸੀ, ਪਰ ਜਦੋਂ ਅਸੀਂ ਉਨ੍ਹਾਂ ਦੇ ਦਿਮਾਗਾਂ ਦੀ ਜਾਂਚ ਕੀਤੀ ਤਾਂ ਅਸੀਂ ਦੇਖਿਆ ਕਿ ਉਹ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਮਿਲਦੇ-ਜੁਲਦੇ ਸਨ ਜੋ ਪਿਛਲੇ ਕੁਝ ਸਾਲਾਂ ਤੋਂ ਮੋਟਾਪੇ ਜਾਂ ਵਧੇ ਹੋਏ ਭਾਰ ਦਾ ਸ਼ਿਕਾਰ ਸਨ।'
ਖੋਜ ਦੱਸਦੀ ਹੈ ਕਿ ਮੋਟਾਪੇ ਤੋਂ ਪੀੜਤ ਲੋਕਾਂ ਵਿੱਚ ਹਾਈਪੋਥੈਲਮਸ ਅਤੇ ਦਿਮਾਗ ਦਾ ਰਿਵਾਡ ਸਿਸਟਮ ਜੋ ਸਾਡੇ ਭੋਜਨ ਦੇ ਸੇਵਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਉਹ ਵਿਗੜ ਸਕਦਾ ਹੈ।
ਕੁਲਮੈਨ ਅਨੁਸਾਰ ਇਹ ਅਧਿਐਨ ਮੌਜੂਦਾ ਖੋਜਾਂ ਦਾ ਵਿਸਤਾਰ ਕਰਦਾ ਹੈ, ਜੋ ਸਾਡੀਆਂ ਅੰਤੜੀਆਂ ਅਤੇ ਦਿਮਾਗ ਵਿਚਕਾਰ ਸੰਪਰਕ ਨੂੰ ਦਰਸਾਉਂਦਾ ਹੈ ਅਤੇ ਇਹ ਵੀ ਦਿਖਾਉਂਦਾ ਹੈ ਕਿ ਮੋਟਾਪੇ ਦਾ ਸ਼ਿਕਾਰ ਲੋਕਾਂ ਲਈ ਇਹ ਧੁਰਾ ਕਿਵੇਂ ਵੱਖਰਾ ਹੁੰਦਾ ਹੈ। ਖਾਸ ਤੌਰ 'ਤੇ ਮੋਟਾਪੇ ਵਾਲੇ ਲੋਕ ਖੁਸ਼ੀ ਜਾਂ ਅਨੰਦ ਬਾਰੇ ਸੋਚਦੇ ਹੋਏ ਭੋਜਨ ਦੇ ਵੱਡੇ ਹਿੱਸੇ ਚੁਣਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ।
ਕੁਲਮੈਨ ਦੇ ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ ਪੰਜ ਦਿਨਾਂ ਬਾਅਦ ਆਪਣੀ ਆਮ ਖੁਰਾਕ 'ਤੇ ਵਾਪਸ ਜਾਣ ਲਈ ਕਿਹਾ ਗਿਆ ਸੀ, ਪਰ ਇੱਕ ਹਫ਼ਤੇ ਬਾਅਦ ਹੋਏ ਹੋਰ ਟੈਸਟਾਂ ਨੇ ਦਿਖਾਇਆ ਕਿ ਉਨ੍ਹਾਂ ਦੇ ਦਿਮਾਗ ਦੇ ਯਾਦਦਾਸ਼ਤ ਅਤੇ ਬੋਧਾਤਮਕ ਹਿੱਸੇ ਅਜੇ ਵੀ ਵੱਧ ਕੈਲੋਰੀ ਵਾਲੀ ਖੁਰਾਕ ਸ਼ੁਰੂ ਕਰਨ ਤੋਂ ਪਹਿਲਾਂ ਦੀ ਤੁਲਨਾ ਵਿੱਚ ਘੱਟ ਪ੍ਰਤੀਕਿਰਿਆਸ਼ੀਲ ਸਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












