ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਕਈ ਵਾਰ ਵਾਧੂ ਭੁੱਖ ਕਿਉਂ ਲਗਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਕੇਟ ਬੋਵੀ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸਸ
ਤਣਾਅ ਤੁਹਾਡੀ ਸਿਹਤ ਨੂੰ ਤਬਾਹ ਕਰ ਸਕਦਾ ਹੈ। ਇਸ ਨਾਲ ਸਿਰ ਦਰਦ, ਢਿੱਡ ਪੀੜ, ਉਨੀਂਦਰਾ, ਪੈਦਾ ਹੋ ਸਕਦਾ ਹੈ। ਇਹ ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ ਉੱਤੇ ਵੀ ਅਸਰ ਪਾ ਸਕਦਾ ਹੈ।
ਤਣਾਅ ਵਿੱਚ ਜਾਂ ਤਾਂ ਅਸੀਂ ਚਾਕਲੇਟ ਜਾਂ ਪੀਜ਼ਾ ਲੱਭਦੇ ਹਾਂ ਜਾਂ ਫਿਰ ਸਾਡੀ ਭੁੱਖ ਬਿਲਕੁਲ ਹੀ ਮਰ ਜਾਂਦੀ ਹੈ।
ਲੇਕਿਨ ਤਣਾਅ ਸਾਡੀ ਭੁੱਖ ਉੱਤੇ ਕਿਵੇਂ ਅਸਰ ਪਾਉਂਦਾ ਹੈ ਅਤੇ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?
ਤਣਾਅ ਕੀ ਹੈ?

ਤਸਵੀਰ ਸਰੋਤ, Getty Images
ਯੇਲ ਯੂਨੀਵਰਸਿਟੀ ਵਿੱਚ ਕਲੀਨੀਕਲ ਮਨੋਵਿਗਿਆਨੀ ਅਤੇ ਇੰਟਰਡਿਸਪਲਿਨਰੀ ਸਟਰੈਸ ਸੈਂਟਰ ਦੇ ਮੋਢੀ ਨਿਰਦੇਸ਼ਕ, ਪ੍ਰੋਫੈਸਰ ਰਜਿਤਾ ਸਿਨਹਾ ਕਹਿੰਦੇ ਹਨ, "ਤਣਾਅ ਚੁਣੌਤੀਪੂਰਨ ਅਤੇ ਭਾਰੂ ਪੈ ਜਾਣ ਵਾਲੀਆਂ ਸਥਿਤੀਆਂ ਪ੍ਰਤੀ ਸਾਡੇ ਦਿਮਾਗ਼ ਅਤੇ ਸਰੀਰ ਦੀ ਇੱਕ ਪ੍ਰਤੀਕਿਰਿਆ ਹੁੰਦੀ ਹੈ। ਤੁਹਾਨੂੰ ਐਵੇਂ ਲਗਦਾ ਹੈ ਕਿ ਜਿਵੇਂ ਇਸ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ।"
ਤੁਹਾਡੇ ਚੌਗਿਰਦੇ ਦੀਆਂ ਘਟਨਾਵਾਂ, ਤੁਹਾਡੇ ਦਿਮਾਗ਼ ਨੂੰ ਬੇਚੈਨ ਕਰਦੀਆਂ ਹਨ। ਤੁਹਾਡੀਆਂ ਸਰੀਰਕ ਤਬਦੀਲੀਆਂ ਜਿਵੇਂ ਕਿ ਬਹੁਤ ਜ਼ਿਆਦਾ ਭੁੱਖ ਜਾਂ ਪਿਆਸ ਲੱਗਣਾ, ਦਿਮਾਗ਼ ਦੇ ਮਟਰ ਜਿੰਨੇ ਹਿੱਸੇ, ਹਿਪੋਥਲਮਸ ਨੂੰ ਸਰਗਰਮ ਕਰ ਦਿੰਦੀਆਂ ਹਨ। ਇਸ ਨਾਲ ਸਾਡਾ ਸਰੀਰ ਉਸ ਤਣਾਅ ਦਾ ਮੁਕਾਬਲਾ ਕਰਨ ਲਈ ਸਰਗਰਮ ਹੋ ਜਾਂਦਾ ਹੈ।
ਸਿਨਹਾ ਦਾ ਕਹਿਣਾ ਹੈ ਕਿ ਇਹ "ਅਲਾਰਮ ਸਿਸਟਮ", ਸਾਡੇ ਸਰੀਰ ਦੇ ਹਰੇਕ ਸੈੱਲ ਉੱਤੇ ਅਸਰ ਪਾਉਂਦੀ ਹੈ ਅਤੇ ਐਡਰੇਨਾਇਲ ਅਤੇ ਕੌਰਟੀਸੋਲ ਵਰਗੇ ਹਾਰਮੋਨ ਰਿਸਣ ਲਗਦੇ ਹਨ। ਜਿਨ੍ਹਾਂ ਕਰਕੇ ਦਿਲ ਦੀ ਧੜਕਣ ਅਤੇ ਖੂਨ ਦਾ ਦਬਾਅ ਵਧ ਜਾਂਦੇ ਹਨ।
ਥੋੜ੍ਹੇ ਚਿਰ ਤਣਾਅ ਮਦਦਗਾਰ ਹੋ ਸਕਦਾ ਹੈ, ਇਸ ਨਾਲ ਤੁਹਾਨੂੰ ਖ਼ਤਰੇ ਵਿੱਚੋਂ ਨਿਕਲਣ ਜਾਂ ਕੰਮ ਨੂੰ ਉਸ ਦੀ ਦਿੱਤੀ ਹੋਈ ਮਿਆਦ ਵਿੱਚ ਪੂਰਨ ਕਰਨ ਦੀ ਪ੍ਰੇਰਨਾ ਮਿਲਦੀ ਹੈ। ਲੇਕਿਨ ਲੰਬੇ ਸਮੇਂ ਤੱਕ ਰਹਿਣ ਵਾਲਾ ਤਣਾਅ ਹਾਨੀਕਾਰਕ ਹੋ ਸਕਦਾ ਹੈ।
ਲੰਬੇ ਸਮੇਂ ਤੋਂ ਤਣਾਅ ਵਿੱਚ ਰਹੇ ਮਰੀਜ਼ ਜੋ ਕਿ ਰਿਸ਼ਤਿਆਂ ਵਿੱਚ ਚਲਦੇ ਰਹਿਣ ਵਾਲੇ ਦਬਾਅ, ਕੰਮਕਾਜ ਜਾਂ ਆਰਥਿਕ ਮਸਲਿਆਂ ਕਰਕੇ ਹੋ ਸਕਦਾ ਹੈ। ਉਹ ਲੋਕ ਡਿਪਰੈਸ਼ਨ, ਨੀਂਦ ਨਾਲ ਜੁੜੀਆਂ ਸਮੱਸਿਆਵਾਂ ਨਾਲ ਦਾ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਦਾ ਭਾਰ ਵੀ ਵਧ ਸਕਦਾ ਹੈ।
ਤਣਾਅ ਸਾਡੀ ਭੁੱਖ ਨਾਲ ਛੇੜਛਾੜ ਕਿਉਂ ਕਰਦਾ ਹੈ?

ਤਣਾਅ ਕਾਰਨ ਸਾਡੀ ਭੁੱਖ ਵਧ ਵੀ ਸਕਦੀ ਹੈ ਜਾਂ ਇਹ ਸਾਡੀ ਭੁੱਖ ਨੂੰ ਮੂਲੋਂ ਹੀ ਮਾਰ ਵੀ ਸਕਦਾ ਹੈ।
ਨਿਊਰੋ-ਆਪਥੈਲਮੋਲੋਜਿਸਟ (ਦਿਮਾਗ਼ ਜਾਂ ਨਸਾਂ ਦੀਆਂ ਸਮੱਸਿਆਵਾਂ ਕਾਰਨ ਪੈਦਾ ਹੋਣ ਵਾਲੀਆਂ ਅੱਖਾਂ ਅਤੇ ਨਜ਼ਰ ਦੀਆਂ ਬਿਮਾਰੀਆਂ ਦੇ ਡਾਕਟਰ) ਅਤੇ 'ਸਟਰੈਸ ਪਰੂਫ਼' ਅਤੇ 'ਹਾਈਪ-ਐਫ਼ੀਸ਼ੈਂਟ' ਕਿਤਾਬਾਂ ਦੀ ਲੇਖਿਕਾ, ਡਾ਼ ਮਿੱਥੂ ਸਟੋਰੋਨੀ ਕਹਿੰਦੇ ਹਨ, "ਮੇਨੂੰ ਯਾਦ ਹੈ ਜਦੋਂ ਮੈਂ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਸੀ।"
ਉਹ ਅੱਗੇ ਦੱਸਦੇ ਹਨ, "ਅਸੀਂ ਹੁਣ ਬੇਸ਼ੱਕ, ਜਾਣਦੇ ਹਾਂ ਕਿ ਇਸ ਦਾ ਇੱਕ ਕਾਰਨ ਤੁਹਾਡੀ ਪੇਟ-ਆਂਦਰ (ਗੈਸਟਰੋ-ਇੰਟਸਟਾਈਨਲ) ਪ੍ਰਣਾਲੀ ਵੀ ਹੋ ਸਕਦੀ ਹੈ, ਕਿਉਂਕਿ ਪੇਟ ਅਤੇ ਆਂਦਰਾਂ ਤੇ ਦਿਮਾਗ਼ ਵਿਚਕਾਰ ਇੱਕ ਸਿੱਧਾ ਰਸਤਾ ਹੈ।"
ਸਟਰੈਸ ਤੁਹਾਡੇ ਪੇਟ ਤੋਂ ਦਿਮਾਗ਼ ਦੇ ਤਣੇ (ਬਰੇਨ-ਸਟੈਮ) ਨੂੰ ਜਾਣ ਵਾਲੀ, ਵੇਗਸ ਨਰਵ ਦੀ ਸਰਗਰਮੀ ਨੂੰ ਦਬਾਅ ਸਕਦਾ ਹੈ।
ਵੇਗਸ ਨਰਵ-ਸੰਕੇਤ ਪੇਟ ਤੋਂ ਦਿਮਾਗ਼ ਤੱਕ ਪਹੁੰਚਾਉਂਦੀ ਹੈ। ਇਹੀ ਦਿਮਾਗ਼ ਨੂੰ ਸਰੀਰ ਦੀਆਂ ਊਰਜਾ ਲੋੜਾਂ ਅਤੇ ਢਿੱਡ ਦੇ ਭਰੇ ਹੋਣ ਬਾਰੇ ਇਤਲਾਹ ਦਿੰਦੀ ਹੈ।
ਇਸ ਲਈ ਡਾ਼ ਸਟੋਰੋਨੀ ਮੁਤਾਬਕ ਕੁਝ ਲੋਕਾਂ ਲਈ, ਇਹ ਗੜਬੜੀ ਉਨ੍ਹਾਂ ਦੀ ਭੁੱਖ ਨੂੰ ਦਬਾਅ ਦਿੰਦੀ ਹੈ।
ਉਹ ਅੱਗੇ ਦੱਸਦੇ ਹਨ, "ਲੇਕਿਨ ਦੂਜੇ ਪਾਸੇ, ਅਸੀਂ ਇਹ ਵੀ ਜਾਣਦੇ ਹਾਂ ਕਿ, ਜਦੋਂ ਤੁਸੀਂ ਵਾਕਈ ਤਣਾਅ ਵਿੱਚ ਹੁੰਦੇ ਹੋ ਤਾਂ ਤੁਹਾਡੇ ਦਿਮਾਗ਼ ਨੂੰ ਸ਼ੱਕਰ ਚਾਹੀਦੀ ਹੁੰਦੀ ਹੈ।"
ਉਹ ਕਹਿੰਦੇ ਹਨ ਕਿ ਇਸ ਕਾਰਨ ਕੁਝ ਲੋਕ ਅਚੇਤ ਰੂਪ ਵਿੱਚ ਹੀ ਕਿਸੇ ਅਣਕਿਆਸੀ ਸਥਿਤੀ ਦੀ ਤਿਆਰੀ ਲਈ ਆਪਣਾ "ਈਂਧਣ ਵਧਾਉਣ ਵੱਲ ਵਧਦੇ ਹਨ"।
ਲੰਬੇ ਸਮੇਂ ਤੱਕ ਰਹਿਣ ਵਾਲਾ ਤਣਾਅ ਸਾਡੀ ਭੁੱਖ ਉੱਤੇ ਕਿਵੇਂ ਅਸਰ ਕਰਦਾ ਹੈ?
ਲਗਾਤਾਰ ਰਹਿਣ ਵਾਲੇ ਤਣਾਅ ਦਾ ਅਸਰ ਥੋੜ੍ਹੇ ਸਮੇਂ ਤੱਕ ਰਹਿਣ ਵਾਲੀ ਮਤਲੀ ਜਾਂ ਸ਼ੂਗਰ ਦੀ ਤਲਬ ਤੋਂ ਵੀ ਅੱਗੇ ਜਾ ਸਕਦਾ ਹੈ।
ਪ੍ਰੋਫ਼ੈਸਰ ਸਿਨਹਾ ਸਮਝਾਉਂਦੇ ਹਨ, "ਜਦੋਂ ਤੁਹਾਡਾ ਸਰੀਰ ਤਣਾਅ ਵਿੱਚ ਹੈ ਤਾਂ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਸ਼ੂਗਰ ਦਾ ਹੜ੍ਹ ਆ ਜਾਂਦਾ ਹੈ, ਇਸ ਕਾਰਨ ਖੂਨ ਵਿੱਚ ਸ਼ੂਗਰ ਨੂੰ ਨਿਯਮਿਤ ਕਰਨ ਵਾਲਾ ਹਾਰਮੋਨ ਇਨਸੂਲਿਨ ਕੁਝ ਦੇਰ ਲਈ ਘੱਟ ਕਾਰਗਰ ਹੋ ਜਾਂਦਾ ਹੈ।"
ਗਲੂਕੋਜ਼ ਊਰਜਾ ਲਈ ਵਰਤੇ ਜਾਣ ਦੀ ਥਾਂ ਖੂਨ ਵਿੱਚ ਵਹਿੰਦੀ ਰਹਿੰਦੀ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਵਧੇ ਰਹਿੰਦੇ ਹਨ।
ਇਸ ਨਾਲ ਲਗਾਤਾਰ ਤਣਾਅ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਸਮੇਂ ਦੇ ਨਾਲ ਕੇ ਬਲੱਡ ਸ਼ੂਗਰ ਦੇ ਪੱਧਰ ਲੰਬੇ ਸਮੇਂ ਤੱਕ ਵਧੇ ਰਹਿੰਦੇ ਹਨ ਅਤੇ ਉਨ੍ਹਾਂ ਵਿੱਚ ਇਨਸੂਨਿਲ ਪ੍ਰਤੀਰੋਧ (ਅਜਿਹੀ ਸਥਿਤੀ ਜਦੋਂ ਸਰੀਰ ਦੇ ਸੈੱਲ ਇਨਸੁਲਿਨ ਹਾਰਮੋਨ ਪ੍ਰਤੀ ਸਹੀ ਢੰਗ ਨਾਲ ਪ੍ਰਤੀਕਿਰਿਆ ਨਹੀਂ ਕਰਦੇ) ਵੀ ਵਿਕਸਿਤ ਹੋ ਜਾਂਦਾ ਹੈ। ਇਸ ਕਾਰਨ ਭਾਰ ਦਾ ਵਧਣਾ ਅਤੇ ਡਾਇਬਿਟੀਜ਼ ਵਰਗੀਆਂ ਅਲਾਮਤਾਂ ਨਮੂਦਾਰ ਹੋ ਸਕਦੀਆਂ ਹਨ।
ਬਦਲੇ ਵਿੱਚ, ਭਾਰ ਵਧਣ ਨਾਲ ਤੁਹਾਡੇ ਸਰੀਰ ਵਿੱਚ ਭੁੱਖ ਨਾਲ ਜੁੜੇ ਬਦਲਾਅ ਆਉਂਦੇ ਹਨ। ਆਮ ਤੌਰ ਉੱਤੇ, ਵਾਧੂ ਚਰਬੀ ਵਾਲੇ ਲੋਕਾਂ ਵਿੱਚ ਇਨਸੂਲਿਨ ਪ੍ਰਤੀਰੋਧ ਵਿਕਸਿਤ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਸਦਾ ਮਤਲਬ ਹੈ ਕਿ ਜਦੋਂ ਉਨ੍ਹਾਂ ਨੂੰ ਤਣਾਅ ਹੁੰਦਾ ਹੈ ਤਾਂ ਉਨ੍ਹਾਂ ਦਾ ਦਿਮਾਗ- ਹੋਰ ਜ਼ਿਆਦਾ ਸ਼ੱਕਰ ਦੀ ਮੰਗ ਕਰਦਾ ਹੈ।
ਪ੍ਰੋਫ਼ੈਸਰ ਸਿਨਹਾ ਕਹਿੰਦੇ ਹਨ, "ਅਸੀਂ ਇਸਨੂੰ 'ਫੀਡ-ਫਾਰਵਰਡ ਚੱਕਰ' ਕਹਿੰਦੇ ਹਾਂ, ਜਿਸ ਵਿੱਚ ਇੱਕ ਚੀਜ਼ ਦੂਜੀ ਵੱਲ ਲੈ ਕੇ ਜਾਂਦੀ ਹੈ। ਇਹ ਇੱਕ ਕੁਚੱਕਰ ਹੈ ਅਤੇ ਜਿਸਨੂੰ ਤੋੜਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਅਸੀਂ ਇਸ ਵਿੱਚ ਫਸ ਜਾਂਦੇ ਹਾਂ।"

ਤਸਵੀਰ ਸਰੋਤ, Getty Images
ਤੁਸੀਂ ਤਣਾਅ ਦੌਰਾਨ ਵਧੇਰੇ ਖਾਣ ਨੂੰ ਕਿਵੇਂ ਰੋਕ ਸਕਦੇ ਹੋ?
ਤੁਸੀਂ ਤਣਾਅ ਦੌਰਾਨ ਵਧੇਰੇ ਖਾਣ ਨੂੰ ਕਿਵੇਂ ਰੋਕ ਸਕਦੇ ਹੋ?
ਡਾ. ਸਟੋਰੋਨੀ ਸੁਝਾਅ ਦਿੰਦੇ ਹਨ, "ਰੁਝੇਵੇਂ ਵਾਲੇ ਸਮੇਂ ਦੌਰਾਨ ਜ਼ਿਆਦਾ ਖਾਣ ਤੋਂ ਬਚਣ ਦਾ ਇੱਕ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਹੀ ਆਪਣੇ ਤਣਾਅ (ਸਟਰੈਸ) ਨੂੰ ਸੰਭਾਲਣ ਲਈ ਵਿਉਂਤਬੰਦੀ ਕਰ ਲਓ।"
ਬੁਨਿਆਦੀ ਗੱਲਾਂ ਨਾ ਭੁੱਲੋ ਅਤੇ ਨੀਂਦ ਬਹੁਤ ਅਹਿਮ ਹੈ।
"ਮੈਂ ਸਲਾਹ ਦੇਵਾਂਗੀ... ਕਿ ਤੁਸੀਂ ਨੀਂਦ ਉੱਤੇ ਪ੍ਰਮੁੱਖਤਾ ਨਾਲ ਧਿਆਨ ਦਿਓ, ਕਿਉਂਕਿ ਨੀਂਦ ਤਣਾਅ ਦਾ ਜਵਾਬ ਦੇਣ ਵਿੱਚ ਸ਼ਾਮਲ ਅੰਗਾਂ ਦੀ ਤਿੱਕੜੀ ਨੂੰ ਮੁੜ ਸੈੱਟ ਕਰਦੀ ਹੈ।"
ਦਿਮਾਗ਼ ਤੁਹਾਡੇ ਦਿਮਾਗ਼ ਦੇ ਛੋਟੇ ਜਿਹੇ ਹਿੱਸੇ ਹਾਈਪੋਥਲਮਸ, ਤੁਹਾਡੀ ਪਿਚੂਏਟਰੀ ਗ੍ਰੰਥੀ ਅਤੇ ਐਡਰੇਨਲ ਗ੍ਰੰਥੀਆਂ ਦੇ ਸਮਤੋਲ ਨੂੰ ਮੁੜ ਬਹਾਲ ਕਰਦੀ ਹੈ ਅਤੇ ਤਣਾਅ ਵਾਲੇ ਹਾਰਮੋਨ ਦੇ ਉਤਪਾਦਨ ਨੂੰ ਰੋਕਦੀ ਹੈ।
ਡਾ. ਸਟੋਰੋਨੀ ਕਹਿੰਦੇ ਹਨ, "ਜੇ ਤੁਸੀਂ ਨੀਂਦ ਤੋਂ ਵਾਂਝੇ ਹੋ, ਤਾਂ ਸਾਰੀਆਂ ਤਲਬਾਂ ਅਤੇ ਮਿੱਠੇ ਭੋਜਨ ਦੀ ਲੋੜ ਅਸਲ ਵਿੱਚ ਵੱਧ ਜਾਂਦੀ ਹੈ, ਕਿਉਂਕਿ ਨੀਂਦ ਦੀ ਘਾਟ ਕਾਰਨ ਤੁਹਾਡੇ ਦਿਮਾਗ਼ ਨੂੰ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ।"
ਜੇ ਅੱਗੇ ਤੁਹਾਡੇ ਲਈ ਜ਼ਿਆਦਾ ਤਣਾਅ ਵਾਲਾ ਸਮਾਂ ਆਉਣ ਵਾਲਾ ਹੈ ਤਾਂ, ਇਨ੍ਹਾਂ ਬੁਨਿਆਦੀ ਗੱਲਾਂ ਉੱਤੇ ਧਿਆਨ ਦੇ ਕੇ ਤੁਸੀਂ ਤਣਾਅ ਕਾਰਨ ਵਾਧੂ ਖਾਣ ਤੋਂ ਬਚ ਸਕਦੇ ਹੋ।
ਡਾ. ਸਟੋਰੋਨੀ ਜ਼ੋਰ ਦਿੰਦੇ ਹਨ, "ਉਹ ਸਭ ਕੁਝ ਕਰੋ ਜੋ ਤੁਹਾਡੀ ਆਮ ਹਾਲਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਾ ਹੈ।"
ਤਣਾਅ ਦੌਰਾਨ ਮੈਂ ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਾਂ?
ਪ੍ਰੋਫ਼ੈਸਰ ਸਿਨਹਾ ਦੀ ਸਲਾਹ ਹੈ ਕਿ, ਬਹੁਤ ਜ਼ਿਆਦਾ ਸ਼ੂਗਰ ਖਾਣ ਤੋਂ ਬਚਣ ਦਾ ਇੱਕ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਕਿ ਜੰਕ ਫੂਡ ਖ਼ਰੀਦਿਆ ਹੀ ਨਾ ਜਾਵੇ।
"ਇਹ ਬਹੁਤ ਹੀ ਵਿਹਾਰਕ ਗੱਲ ਹੈ। ਉਨ੍ਹਾਂ ਨੂੰ ਆਪਣੀ ਸੌਖੀ ਪਹੁੰਚ ਤੋਂ ਦੂਰ ਰੱਖੋ, ਕਿਉਂਕਿ ਜਦੋਂ ਵੀ ਤੁਹਾਡਾ ਮਨ ਕੀਤਾ ਤੁਸੀਂ ਉਹ ਲੱਭੋਂਗੇ ਅਤੇ ਫਿਰ ਖ਼ੁਦ ਨੂੰ ਰੋਕ ਸਕਣਾ ਮੁਸ਼ਕਿਲ ਹੋ ਸਕਦਾ ਹੈ।"
ਉਹ ਅੱਗੇ ਕਹਿੰਦੇ ਹਨ, "ਦੂਜਾ ਨੁਕਤਾ ਇਹ ਹੈ ਕਿ ਦਿਨ ਭਰ ਨਿਯਮਤ, ਛੋਟੇ ਅਤੇ ਸਿਹਤਮੰਦ ਭੋਜਨਾਂ ਬਾਰੇ ਸੋਚੋ। ਇਹ ਭੁੱਖ ਅਤੇ ਤਲਬ ਨੂੰ ਕਾਬੂ ਕਰਨ ਵਿੱਚ ਮਦਦ ਕਰ ਸਕਦਾ ਹੈ।"
ਗਲੂਕੋਜ਼ ਦੀ ਮਾਤਰਾ ਵਧਾਉਣ ਵਾਲੇ ਸਧਾਰਨ ਕਾਰਬੋਹਾਈਡਰੇਟ ਵਾਲੇ ਭੋਜਨ ਜਿਵੇਂ ਪੀਜ਼ਾ ਅਤੇ ਮਿੱਠੇ ਸਨੈਕਸ ਤੋਂ ਪਰਹੇਜ਼ ਕਰਨਾ ਵੀ ਮਹੱਤਵਪੂਰਨ ਹੈ। ਪ੍ਰੋਟੀਨ ਵਿੱਚ ਅਮੀਰ ਭੋਜਨ ਜਿਵੇਂ, ਮਾਸ, ਫਲੀਆਂ ਅਤੇ ਮੱਛੀ ਜਾਂ ਸਿਹਤਮੰਦ ਕਾਰਬੋਹਾਈਡਰੇਟ ਜਿਵੇਂ ਦਾਲਾਂ ਜਾਂ ਪੂਰੇ ਓਟਸ ਵੀ ਵਧੀਆ ਬਦਲ ਹਨ।
ਇੱਕ ਹੋਰ ਨੁਕਤਾ ਸ਼ਰਾਬ ਨੂੰ ਸੀਮਤ ਕਰਨ ਬਾਰੇ ਸੋਚਣਾ ਹੈ, ਜਿਸ ਵੱਲ ਕਈ ਲੋਕ ਤਣਾਅ ਤੋਂ ਰਾਹਤ ਪਾਉਣ ਲਈ ਜਾਂਦੇ ਹਨ।
ਪ੍ਰੋਫ਼ੈਸਰ ਸਟੋਰੋਨੀ ਦੀ ਸਲਾਹ ਮੁਤਾਬਕ, "ਇਸ ਲਈ ਜੇ ਤੁਸੀਂ ਕੋਈ ਅਜਿਹੇ ਵਿਅਕਤੀ ਹੋ ਜੋ ਤਣਾਅ ਵਿੱਚ ਆ ਕੇ ਸ਼ਰਾਬ ਪੀਂਦਾ ਹੈ ਤਾਂ ਤਣਾਅ ਦੌਰਾਨ ਇਸ ਤੋਂ ਪ੍ਰਹੇਜ਼ ਕਰਨਾ ਵਧੀਆ ਗੱਲ ਹੈ।"

ਤਸਵੀਰ ਸਰੋਤ, Getty Images
"ਆਪਣੇ ਸਮਾਜਿਕ ਦਾਇਰੇ ਨੂੰ ਧਿਆਨ ਵਿੱਚ ਰੱਖਣਾ ਵੀ ਤੁਹਾਡਾ ਸੰਤੁਲਨ ਬਣਾਈ ਰੱਖਣ ਅਤੇ ਤੁਹਾਡੀ ਖੁਰਾਕ ਨੂੰ ਤਣਾਅ-ਰੋਧਕ (ਜਿਸ ਉੱਤੇ ਤਣਾਅ ਦਾ ਅਸਰ ਨਾ ਹੋਵੇ) ਬਣਾਉਣ ਵਿੱਚ ਮਦਦ ਕਰ ਸਕਦਾ ਹੈ।"
ਪ੍ਰੋਫੈਸਰ ਸਿਨਹਾ ਕਹਿੰਦੇ ਹਨ, "ਸਮਾਜਾਂ ਨੇ ਤਣਾਅ ਅਤੇ ਖਾਣ ਨੂੰ ਇੱਕ-ਦੂਜੇ ਤੋਂ ਦੂਰ ਰੱਖਣ ਲਈ ਵਧੀਆ ਤਰੀਕੇ ਬਣਾਏ ਹਨ ਭਾਵੇਂ ਉਹ ਇਕੱਠੇ ਖਾਣਾ ਹੋਵੇ, ਜਾਂ ਕਦੇ-ਕਦਾਈਂ ਇਕੱਠੇ ਖਾਣਾ ਬਣਾਉਣਾ ਹੋਵੇ।"
ਉਹ ਕਹਿੰਦੇ ਹਨ, "ਮੈਂ ਵਾਕਈ ਸੋਚਦੀ ਹਾਂ ਕਿ ਤਣਾਅ ਅਤੇ ਖਾਣ ਦੇ ਇਸ ਸਬੰਧ ਨੂੰ ਨਿਸ਼ਾਨਾ ਬਣਾਉਣ ਲਈ, ਭੋਜਨ ਨਾਲ ਸਾਡੇ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਬਣਾਉਣ ਵਾਸਤੇ, ਕੁਝ ਮੁੱਢਲੀਆਂ ਗੱਲਾਂ ਵੱਲ ਵਾਪਸ ਜਾਣ ਦੀ ਜ਼ਰੂਰਤ ਹੈ।"
ਪ੍ਰੋਫੈਸਰ ਰਾਜਿਤਾ ਸਿਨਹਾ ਅਤੇ ਡਾ. ਮਿੱਥੂ ਸਟੋਰੋਨੀ ਨੇ ਬੀ.ਬੀ.ਸੀ. ਦੇ 'ਫੂਡ ਚੇਨ ਪ੍ਰੋਗਰਾਮ' ਵਿੱਚ ਰੂਥ ਅਲੈਗਜ਼ੈਂਡਰ ਨਾਲ ਗੱਲ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












