ਹਾਰਮੋਨਜ਼ ਤੁਹਾਡੇ ਦਿਮਾਗ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਨ, ਤੁਹਾਡੀ ਉਦਾਸੀ ਤੇ ਖੁਸ਼ੀ ਕਿਵੇਂ ਇਨ੍ਹਾਂ ਤੇ ਨਿਰਭਰ ਹੁੰਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੌਕਸ-ਸਕੈਲੀ
- ਰੋਲ, ਬੀਬੀਸੀ ਪੱਤਰਕਾਰ
ਹਾਰਮੋਨ ਸਾਡੇ ਸਰੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪਰ ਇਹ ਸਾਡੇ ਮੂਡ ਅਤੇ ਮਾਨਸਿਕ ਸਿਹਤ 'ਤੇ ਬਹੁਤ ਜ਼ਿਆਦਾ - ਅਤੇ ਕਈ ਵਾਰ ਨਕਾਰਾਤਮਕ - ਪ੍ਰਭਾਵ ਵੀ ਪਾ ਸਕਦੇ ਹਨ।
ਅਸੀਂ ਸਾਰੇ ਇਹ ਸੋਚਣਾ ਪਸੰਦ ਕਰਦੇ ਹਾਂ ਕਿ ਅਸੀਂ ਆਪਣੀਆਂ ਭਾਵਨਾਵਾਂ ਅਤੇ ਅਹਿਸਾਸਾਂ ਦੇ ਨਿਯੰਤਰਣ ਰੱਖਦੇ ਹਾਂ, ਪਰ ਕੀ ਵਾਕਈ ਅਜਿਹਾ ਹੈ?
ਵਿਗਿਆਨੀ ਲੰਬੇ ਸਮੇਂ ਤੋਂ ਜਾਣਦੇ ਹਨ ਕਿ ਨਿਊਰੋਟ੍ਰਾਂਸਮੀਟਰ ਨਾਮਕ ਰਸਾਇਣਕ ਸੰਦੇਸ਼ਵਾਹਕਾਂ ਦਾ ਸਾਡੇ ਦਿਮਾਗ 'ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਫਿਰ ਵੀ ਜਿਵੇਂ-ਜਿਵੇਂ ਵਿਗਿਆਨੀ ਹੋਰ ਜਾਣ ਰਹੇ ਹਨ, ਉਹ ਖੋਜ ਕਰ ਰਹੇ ਹਨ ਕਿ ਹਾਰਮੋਨ ਵੀ ਸਾਡੇ ਦਿਮਾਗ ਨੂੰ ਵਿਲੱਖਣ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੇ ਹਨ।
ਹੁਣ, ਕੁਝ ਇਸ ਵਿਗਿਆਨੀ ਗਿਆਨ ਦੀ ਵਰਤੋਂ ਤਣਾਅ ਅਤੇ ਚਿੰਤਾ ਵਰਗੀਆਂ ਸਥਿਤੀਆਂ ਲਈ ਨਵੇਂ ਇਲਾਜ ਲੱਭਣ ਲਈ ਕਰ ਰਹੇ ਹਨ।
ਹਾਰਮੋਨ ਕੁਝ ਗ੍ਰੰਥੀਆਂ, ਅੰਗਾਂ ਅਤੇ ਟਿਸ਼ੂਆਂ ਦੁਆਰਾ ਛੱਡੇ ਜਾਣ ਵਾਲੇ ਰਸਾਇਣਕ ਸੰਦੇਸ਼ਵਾਹਕ (ਅਕੀਮਿਕਲ ਮੈਸੇਂਜਰ) ਹੁੰਦੇ ਹਨ। ਉਹ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦੇ ਹਨ ਅਤੇ ਸਰੀਰ ਵਿੱਚ ਯਾਤਰਾ ਕਰਦੇ ਹਨ, ਫਿਰ ਇੱਕ ਖਾਸ ਸਥਾਨ 'ਤੇ ਰੀਸੈਪਟਰਾਂ ਨਾਲ ਜੁੜ ਜਾਂਦੇ ਹਨ।
ਉਨ੍ਹਾਂ ਦੇ ਇਸ ਮਿਲਣ ਨੂੰ ਕਿਸਮ ਦੇ ਜੈਵਿਕ ਤੌਰ 'ਤੇ ‘ਹੱਥ ਮਿਲਾਉਣ’ ਵਾਂਗ ਸਮਝਿਆ ਜਾ ਸਕਦਾ ਹੈ (ਉਸੇ ਤਰ੍ਹਾਂ ਜਿਵੇਂ ਦੋ ਵਿਅਕਤੀ ਆਪਸ 'ਚ ਹੱਥ ਮਿਲਾਉਂਦੇ ਹਨ) ਜੋ ਸਰੀਰ ਨੂੰ ਕੋਈ ਕਾਰਵਾਈ ਕਰਨ ਲਈ ਪ੍ਰੇਰਿਤ ਕਰਦਾ ਹੈ।
ਮਿਸਾਲ ਵਜੋਂ, ਹਾਰਮੋਨ ਇਨਸੁਲਿਨ ਜਿਗਰ ਅਤੇ ਮਾਸਪੇਸ਼ੀ ਸੈੱਲਾਂ ਨੂੰ ਖੂਨ ਵਿੱਚੋਂ ਵਾਧੂ ਗਲੂਕੋਜ਼ ਨੂੰ ਜਜ਼ਬ ਕਰਨ ਅਤੇ ਇਸ ਨੂੰ ਗਲਾਈਕੋਜਨ ਦੇ ਰੂਪ ਵਿੱਚ ਸਟੋਰ ਕਰਨ ਲਈ ਨਿਰਦੇਸ਼ ਦਿੰਦਾ ਹੈ।
ਹਾਰਮੋਨਸ ਦਾ ਅਦਿੱਖ ਕੰਟਰੋਲ

ਤਸਵੀਰ ਸਰੋਤ, Getty Images
ਵਿਗਿਆਨੀਆਂ ਨੇ ਮਨੁੱਖੀ ਸਰੀਰ ਵਿੱਚ 50 ਤੋਂ ਵੱਧ ਹਾਰਮੋਨਾਂ ਦੀ ਪਛਾਣ ਕੀਤੀ ਹੈ। ਇਕੱਠੇ ਮਿਲ ਕੇ ਇਹ ਹਾਰਮੋਨ ਸੈਂਕੜੇ ਸਰੀਰਕ ਪ੍ਰਕਿਰਿਆਵਾਂ ਦਾ ਪ੍ਰਬੰਧਨ ਕਰਦੇ ਹਨ, ਜਿਸ ਵਿੱਚ ਇੱਕ ਵਿਅਕਤੀ ਦਾ ਵਿਕਾਸ, ਜਿਨਸੀ ਕਾਰਜ, ਪ੍ਰਜਨਨ, ਸੌਣ-ਜਾਗਣ ਦਾ ਚੱਕਰ ਅਤੇ ਸਭ ਤੋਂ ਮਹੱਤਵਪੂਰਨ ਉਸ ਦੀ ਮਾਨਸਿਕ ਸਿਹਤ ਸ਼ਾਮਲ ਹੈ।
ਕੈਨੇਡਾ ਦੀ ਓਟਵਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਨਫੀਸਾ ਇਸਮਾਈਲ ਕਹਿੰਦੇ ਹਨ, "ਹਾਰਮੋਨ ਸੱਚਮੁੱਚ ਸਾਡੇ ਮੂਡ ਅਤੇ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੇ ਹਨ।"
ਉਹ ਕਹਿੰਦੇ ਹਨ, "ਉਹ ਦਿਮਾਗ ਦੇ ਖਾਸ ਖੇਤਰਾਂ ਵਿੱਚ ਪੈਦਾ ਹੋਏ ਅਤੇ ਛੱਡੇ ਗਏ ਨਿਊਰੋਟ੍ਰਾਂਸਮੀਟਰਾਂ ਨਾਲ ਸੰਪਰਕ ਕਰਕੇ, ਅਤੇ ਨਾਲ ਸੈੱਲ ਦੀ ਮੌਤ ਜਾਂ ਨਿਊਰੋਜਨੇਸਿਸ ਵਰਗੀਆਂ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਕੇ ਵੀ ਅਜਿਹਾ ਕਰਦੇ ਹਨ, ਜਦੋਂ ਨਵੇਂ ਨਿਊਰੋਨ ਬਣਦੇ ਹਨ ਜਾਂ ਪੈਦਾ ਹੁੰਦੇ ਹਨ।"
ਮਾਨਸਿਕ ਸਿਹਤ ਵਿਕਾਰ, ਜਿਵੇਂ ਕਿ ਤਣਾਅ, ਚਿੰਤਾ ਅਤੇ ਪੋਸਟ-ਟਰੋਮੈਟਿਕ ਤਣਾਅ ਵਿਕਾਰ (ਪੀਟੀਐਸਡੀ), ਵੱਡੀਆਂ ਹਾਰਮੋਨਲ ਤਬਦੀਲੀਆਂ ਦੌਰਾਨ ਵਧੇਰੇ ਪ੍ਰਚਲਿਤ ਹੁੰਦੇ ਹਨ।
ਔਰਤਾਂ ਲਈ ਇਹ ਖਾਸ ਤੌਰ 'ਤੇ ਸੱਚ ਹੈ। ਬਚਪਨ ਵਿੱਚ ਮੁੰਡਿਆਂ ਅਤੇ ਕੁੜੀਆਂ ਵਿੱਚ ਤਣਾਅ ਦੀ ਦਰ ਲਗਭਗ ਬਰਾਬਰ ਹੁੰਦੀ ਹੈ, ਪਰ ਕਿਸ਼ੋਰ ਅਵਸਥਾ ਤੱਕ ਕੁੜੀਆਂ ਵਿੱਚ ਤਣਾਅ ਦੀ ਸੰਭਾਵਨਾ ਮੁੰਡਿਆਂ ਨਾਲੋਂ ਦੁੱਗਣੀ ਹੁੰਦੀ ਹੈ, ਇੱਕ ਅੰਤਰ ਜੋ ਸਾਰੀ ਉਮਰ ਬਣਿਆ ਰਹਿੰਦਾ ਹੈ।
ਤਾਂ ਕੀ ਤਣਾਅ ਦਾ ਸਾਰਾ ਦੇਸ਼ ਹਾਰਮੋਨਜ਼ ਦੇ ਮੱਥੇ ਮੜ੍ਹਿਆ ਜਾ ਸਕਦਾ ਹੈ? ਇਹ ਜਾਣ ਕੇ ਸ਼ਾਇਦ ਤੁਹਾਨੂੰ ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਤੁਸੀਂ ਇੱਕ ਮਹਿਲਾ ਹੋ ਤਾਂ ਸੈਕਸ ਹਾਰਮੋਨ ਤੁਹਾਡੇ ਮੂਡ 'ਤੇ ਡੂੰਘਾ ਪ੍ਰਭਾਵ ਪਾਉਂਦੇ ਹਨ।
ਮਾਹਵਾਰੀ ਤੋਂ ਪਹਿਲਾਂ ਦੇ ਦਿਨਾਂ ਅਤੇ ਹਫ਼ਤਿਆਂ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਕੁਝ ਮਹਿਲਾਵਾਂ ਵਿੱਚ ਚਿੜਚਿੜਾਪਨ, ਥਕਾਵਟ, ਉਦਾਸੀ ਅਤੇ ਚਿੰਤਾ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਪਰ ਸਾਰੀਆਂ ਨਹੀਂ।
ਕੁਝ ਔਰਤਾਂ ਨੂੰ ਮਾਹਵਾਰੀ ਤੋਂ ਪਹਿਲਾਂ ਦੇ ਦੋ ਹਫ਼ਤਿਆਂ ਦੌਰਾਨ ਬਹੁਤ ਜ਼ਿਆਦਾ ਮੂਡ ਸਵਿੰਗ, ਚਿੰਤਾ, ਤਣਾਅ ਅਤੇ ਕਈ ਵਾਰ ਆਤਮ ਹੱਤਿਆ ਵਰਗੇ ਗੰਭੀਰ ਵਿਚਾਰ ਵੀ ਪਰੇਸ਼ਾਨ ਕਰਦੇ ਹਨ ਅਤੇ ਇਹ ਸਭ ਹਾਰਮੋਨ-ਸਬੰਧਤ ਮੂਡ ਡਿਸਆਰਡਰ (ਪੀਐਮਡੀਡੀ) ਕਾਰਨ ਹੁੰਦਾ ਹੈ।

ਅਮਰੀਕਾ ਵਿੱਚ ਜੌਨਸ ਹੌਪਕਿੰਸ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿੱਚ ਮਨੋਵਿਗਿਆਨ ਅਤੇ ਵਿਵਹਾਰ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਲੀਜ਼ਾ ਹੰਤਸੂ ਕਹਿੰਦੇ ਹਨ, "ਪੀਐਮਡੀਡੀ ਝੱਲਣ ਵਾਲੀਆਂ ਬਹੁਤ ਸਾਰੀਆਂ ਮਹਿਲਾਵਾਂ ਲਈ ਇਹ ਇੱਕ ਪੁਰਾਣੀ ਸਮੱਸਿਆ ਹੈ ਜਿਸ ਨਾਲ ਉਹ ਹਰ ਮਹੀਨੇ ਜੂਝਦੀਆਂ ਹਨ ਅਤੇ ਇਸ ਦਾ ਲੋਕਾਂ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ।"
ਇਸ ਦੇ ਉਲਟ, ਓਵੂਲੇਸ਼ਨ ਤੋਂ ਠੀਕ ਪਹਿਲਾਂ ਐਸਟ੍ਰੋਜਨ ਦੇ ਉੱਚ ਪੱਧਰ ਨੂੰ ਤੰਦਰੁਸਤੀ ਅਤੇ ਖੁਸ਼ੀ ਦੀਆਂ ਭਾਵਨਾਵਾਂ ਨਾਲ ਜੋੜਿਆ ਜਾਂਦਾ ਹੈ। ਪ੍ਰੋਜੇਸਟ੍ਰੋਨ ਦੇ ਟੁੱਟਣ ਨਾਲ ਪੈਦਾ ਹੋਣ ਵਾਲਾ ਐਲੋਪਰੇਗਨਾਨੋਲੋਨ ਨੂੰ ਵੀ ਇਸ ਦੇ ਸ਼ਾਂਤ ਪ੍ਰਭਾਵਾਂ ਲਈ ਵੀ ਜਾਣਿਆ ਜਾਂਦਾ ਹੈ।
ਹੰਤਸੂ ਕਹਿੰਦੇ ਹਨ, "ਜੇ ਤੁਸੀਂ ਕਿਸੇ ਨੂੰ ਐਲੋਪਰੇਗਨਾਨੋਲੋਨ ਦਾ ਟੀਕਾ ਲਗਾਉਂਦੇ ਹੋ ਤਾਂ ਇਹ ਉਨ੍ਹਾਂ ਨੂੰ ਸ਼ਾਂਤ ਕਰ ਦੇਵੇਗਾ।"
ਮਹਿਲਾਵਾਂ ਨੂੰ ਸਿਰਫ਼ "ਮਹੀਨੇ ਦੇ ਉਸ ਸਮੇਂ" ਨਾਲ ਨਜਿੱਠਣ ਦੀ ਲੋੜ ਨਹੀਂ ਹੁੰਦੀ। ਸਗੋਂ ਗਰਭ ਅਵਸਥਾ, ਮੀਨੋਪੌਜ਼ ਅਤੇ ਪੋਸਟਮੇਨੋਪੌਜ਼ ਦੌਰਾਨ ਵੀ ਹਾਰਮੋਨਲ ਉਤਰਾਅ-ਚੜ੍ਹਾਅ ਹੁੰਦੇ ਹਨ ਅਤੇ ਉਨ੍ਹਾਂ ਨਾਲ ਵੀ ਮਾਨਸਿਕ ਸਿਹਤ 'ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਹਾਲ ਹੀ ਵਿੱਚ ਜਨਮ ਦੇਣ ਵਾਲੀਆਂ 13 ਫ਼ੀਸਦ ਔਰਤਾਂ ਤਣਾਅ ਦਾ ਅਨੁਭਵ ਕਰਦੀਆਂ ਹਨ।
ਪਰ ਅਜਿਹਾ ਕਿਉਂ ਹੁੰਦਾ ਹੈ? ਜਨਮ ਦੇਣ ਤੋਂ ਤੁਰੰਤ ਬਾਅਦ ਮਹਿਲਾਵਾਂ ਦੇ ਪ੍ਰੋਜੇਸਟ੍ਰੋਨ ਅਤੇ ਐਸਟ੍ਰੋਜਨ ਹਾਰਮੋਨ ਅਚਾਨਕ ਘਟ ਜਾਂਦੇ ਹਨ।
ਮੀਨੋਪੌਜ਼ ਤੋਂ ਬਾਅਦ ਮਹਿਲਾਵਾਂ ਨੂੰ ਅੰਡਕੋਸ਼ ਦੇ ਹਾਰਮੋਨਾਂ ਵਿੱਚ ਨਾਟਕੀ ਉਤਰਾਅ-ਚੜ੍ਹਾਅ ਦਾ ਅਨੁਭਵ ਵੀ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਲੀਜ਼ਾ ਗਾਲੀਆ ਕਹਿੰਦੇ ਹਨ, "ਇਹ ਸ਼ਾਇਦ ਕਿਸੇ ਵਿਅਕਤੀ ਵਿੱਚ ਸਟੀਕ ਹਾਰਮੋਨ ਪੱਧਰਾਂ ਬਾਰੇ ਨਹੀਂ ਹੈ, ਸਗੋਂ ਉਨ੍ਹਾਂ ਤਬਦੀਲੀਆਂ ਬਾਰੇ ਹੈ ਜਦੋਂ ਇੱਕ ਵਿਅਕਤੀ ਵਿੱਚ ਹਾਰਮੋਨ ਘੱਟ ਤੋਂ ਉੱਚ ਜਾਂ ਉੱਚੇ ਤੋਂ ਨੀਵੇਂ ਵੱਲ ਜਾਂਦੇ ਹਨ।"
ਉਨ੍ਹਾਂ ਕਿਹਾ, "ਕੁਝ ਲੋਕ ਇਨ੍ਹਾਂ ਉਤਰਾਅ-ਚੜ੍ਹਾਅ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਜਦਕਿ ਹੋਰਨਾਂ ਨੂੰ ਮੀਨੋਪੌਜ਼ ਦੌਰਾਨ ਵਧੇਰੇ ਦਿੱਕਤ ਨਹੀਂ ਹੁੰਦੀ ਅਤੇ ਉਹ ਕੋਈ ਲੱਛਣ ਅਨੁਭਵ ਨਹੀਂ ਕਰਦੇ।"
ਇਹ ਸਿਰਫ਼ ਮਹਿਲਾਵਾਂ ਲਈ ਨਹੀਂ ਹੈ। ਮਰਦਾਂ ਨੂੰ ਵੀ ਉਮਰ ਦੇ ਨਾਲ-ਨਾਲ ਟੈਸਟੋਸਟੀਰੋਨ ਦੇ ਪੱਧਰ ਵਿੱਚ ਗਿਰਾਵਟ ਦਾ ਅਨੁਭਵ ਹੁੰਦਾ ਹੈ, ਹਾਲਾਂਕਿ ਇਹ ਤਬਦੀਲੀ ਹੌਲੀ-ਹੌਲੀ ਹੁੰਦੀ ਹੈ ਅਤੇ ਮਹਿਲਾਵਾਂ ਵਾਂਗ ਸਪਸ਼ਟ ਨਹੀਂ ਹੁੰਦੀ।
ਹਾਲਾਂਕਿ, ਕੁਝ ਸਬੂਤ ਸੁਝਾਅ ਦਿੰਦੇ ਹਨ ਕਿ ਇਹ ਛੋਟੀ ਜਿਹੀ ਤਬਦੀਲੀ ਵੀ ਕੁਝ ਮਰਦਾਂ ਦੇ ਮੂਡ ਵਿੱਚ ਬਦਲਾਅ ਲਿਆਉਣ ਲਈ ਕਾਫ਼ੀ ਹੁੰਦੀ ਹੈ, ਪਰ ਸਾਰਿਆਂ ਲਈ ਨਹੀਂ।
ਇਸਮਾਈਲ ਕਹਿੰਦੇ ਹਨ, "ਅਸੀਂ ਕੁਝ ਮਰਦਾਂ ਦੇ ਮੂਡ ਵਿੱਚ ਬਦਲਾਅ ਦੇਖਦੇ ਹਾਂ ਕਿਉਂਕਿ ਟੈਸਟੋਸਟੀਰੋਨ ਦੇ ਪੱਧਰ ਉਮਰ ਦੇ ਕਈ ਪੜਾਵਾਂ ਉੱਤੇ ਬਦਲਦਾ ਹੈ ਅਤੇ ਇਹ ਯਕੀਨੀ ਤੌਰ 'ਤੇ ਇੱਕ ਅਜਿਹਾ ਵਿਸ਼ਾ ਹੈ ਜਿਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।"
ਇੱਕ ਤਰੀਕਾ ਜਿਸ ਨਾਲ ਸੈਕਸ ਹਾਰਮੋਨ ਮੂਡ ਨੂੰ ਪ੍ਰਭਾਵਿਤ ਕਰ ਸਕਦੇ ਹਨ ਉਹ ਹੈ ਦਿਮਾਗ ਵਿੱਚ ਨਿਊਰੋਟ੍ਰਾਂਸਮੀਟਰ ਸੇਰੋਟੋਨਿਨ ਅਤੇ ਡੋਪਾਮਾਈਨ ਦੇ ਪੱਧਰ ਨੂੰ ਵਧਾਉਣਾ । ਸੇਰੋਟੋਨਿਨ ਦੇ ਘੱਟ ਪੱਧਰ ਨੂੰ ਲੰਬੇ ਸਮੇਂ ਤੋਂ ਡਿਪਰੈਸ਼ਨ ਦੇ ਕਾਰਨ ਵਜੋਂ ਦਰਸਾਇਆ ਗਿਆ ਹੈ, ਜ਼ਿਆਦਾਤਰ ਆਧੁਨਿਕ ਐਂਟੀ ਡਿਪ੍ਰੈਸੈਂਟਸ ਇਸ ਦਿਮਾਗੀ ਰਸਾਇਣ ਦੇ ਪੱਧਰ ਨੂੰ ਵਧਾਉਂਦੇ ਹਨ।
ਇਸ ਗੱਲ ਦੇ ਸਬੂਤ ਹਨ ਕਿ ਕੁਝ ਐਸਟ੍ਰੋਜਨ ਸੇਰੋਟੋਨਿਨ ਰੀਸੈਪਟਰਾਂ ਨੂੰ ਵਧੇਰੇ ਪ੍ਰਤੀਕਿਰਿਆਸ਼ੀਲ ਬਣਾ ਸਕਦੇ ਹਨ ਅਤੇ ਦਿਮਾਗ ਵਿੱਚ ਡੋਪਾਮਾਇਨ ਰੀਸੈਪਟਰਜ਼ ਦੀ ਗਿਣਤੀ ਵਧਾ ਸਕਦੇ ਹਨ।

ਇੱਕ ਹੋਰ ਸਿਧਾਂਤ ਇਹ ਹੈ ਕਿ ਐਸਟ੍ਰੋਜਨ ਨਿਊਰੋਨਸ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਦਿਮਾਗ ਦੇ ਇੱਕ ਖੇਤਰ ਵਿੱਚ ਨਵੇਂ ਨਿਊਰੋਨਸ ਦੇ ਵਿਕਾਸ ਨੂੰ ਵੀ ਉਤੇਜਿਤ ਕਰ ਸਕਦਾ ਹੈ ਜਿਸਨੂੰ ਹਿਪੋਕੈਂਪਸ ਕਿਹਾ ਜਾਂਦਾ ਹੈ। ਹਿਪੋਕੈਂਪਸ ਯਾਦਦਾਸ਼ਤ ਅਤੇ ਭਾਵਨਾਵਾਂ ਉਤਪਨ ਹੋਣ ਵਿੱਚ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।
ਡਿਪਰੈਸ਼ਨ ਅਤੇ ਅਲਜ਼ਾਈਮਰ ਰੋਗ ਵਾਲੇ ਲੋਕ ਹਿਪੋਕੈਂਪਸ ਵਿੱਚ ਨਿਊਰੋਨਸ ਦੇ ਨੁਕਸਾਨ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦੌਰਾਨ ਐਂਟੀ ਡਿਪ੍ਰੈਸੈਂਟਸ ਅਤੇ ਮੂਡ-ਬੂਸਟਿੰਗ ਸਾਈਕੈਡੇਲਿਕ ਦਵਾਈਆਂ ਜਿਵੇਂ ਕਿ ਸਾਈਲੋਸਾਈਬਿਨ ਮੈਜਿਕ ਮਸ਼ਰੂਮਜ਼ ਵਿੱਚ ਪਾਈਆਂ ਜਾਂਦੀਆਂ ਹਨ, ਇਹ ਇਸ ਖੇਤਰ ਵਿੱਚ ਨਵੇਂ ਨਿਊਰੋਨਸ ਦੇ ਵਧਣ ਦਾ ਕਾਰਨ ਬਣਦੀਆਂ ਹਨ।
ਇਸਮਾਈਲ ਕਹਿੰਦੇ ਹਨ, "ਐਸਟ੍ਰੋਜਨ ਨਿਊਰੋ-ਪ੍ਰੋਟੈਕਟਿਵ ਹੈ, ਇਸ ਲਈ ਇਹ ਨਿਊਰੋਜੇਨੇਸਿਸ ਨੂੰ ਉਤਸ਼ਾਹਿਤ ਕਰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਔਰਤਾਂ ਮੀਨੋਪੌਜ਼ ਪੜ੍ਹਾਅ ਵਿੱਚ ਦਾਖਲ ਹੁੰਦੀਆਂ ਹਨ, ਤਾਂ ਅਸੀਂ ਡੈਂਡਰਾਈਟਸ ਦੀ ਵਾਪਸੀ ਨੂੰ ਦੇਖਦੇ ਹਾਂ, ਡੈਂਡਰਾਈਟਿਕ ਸਾਡੇ ਜੀਵਨ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਸਨ।"
ਇਹੀ ਕਾਰਨ ਹੈ ਕਿ ਮੀਨੋਪੌਜ਼ ਤੋਂ ਗੁਜ਼ਰ ਰਹੀਆਂ ਔਰਤਾਂ ਨੂੰ ਅਕਸਰ ਬ੍ਰੇਨ ਫ਼ੌਗ ਅਤੇ ਯਾਦਦਾਸ਼ਤ ਨਾਲ ਜੁੜੀਆਂ ਦਿੱਕਤਾਂ ਨਾਲ ਨਜਿੱਠਣਾ ਪੈਂਦਾ ਹੈ।
ਜਦੋਂ ਸਾਡਾ ਸਰੀਰ ਤਣਾਅ ਪ੍ਰਤੀ ਗ਼ਲਤ ਤਰੀਕੇ ਨਾਲ ਪ੍ਰਤੀਕਿਰਿਆ ਕਰਦਾ ਹੈ

ਤਸਵੀਰ ਸਰੋਤ, Getty Images
ਹਿਪੋਕੈਂਪਸ ਵਿੱਚ ਨਿਊਰੋਨਸ ਦਾ ਨੁਕਸਾਨ ਹੋਰ ਹਾਰਮੋਨ ਪ੍ਰਣਾਲੀਆਂ ਉੱਤੇ ਵੀ ਅਸਰ ਪਾ ਸਕਦਾ ਹੈ, ਜਿਸਨੂੰ ਹਾਈਪੋਥੈਲਮਸ-ਪੀਟਿਊਟਰੀ-ਐਡ੍ਰੀਨਲ (ਐੱਚਪੀਏ) ਧੁਰਾ ਕਿਹਾ ਜਾਂਦਾ ਹੈ, ਜੋ ਤਣਾਅ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਨੂੰ ਨਿਯੰਤ੍ਰਿਤ ਕਰਦਾ ਹੈ।
ਜਦੋਂ ਅਸੀਂ ਚਿੰਤਤ ਮਹਿਸੂਸ ਕਰਦੇ ਹਾਂ, ਤਾਂ ਹਾਈਪੋਥੈਲਮਸ, ਦਿਮਾਗ ਦਾ ਇੱਕ ਖੇਤਰ ਜੋ ਸਰੀਰ ਵਿਚਲੇ ਜ਼ਿਆਦਾਤਰ ਹਾਰਮੋਨਜ਼ ਦੇ ਰਿਲੀਜ਼ ਹੋਣ ਨੂੰ ਨਿਯੰਤਰਿਤ ਕਰਦਾ ਹੈ, ਪਿਟਿਊਟਰੀ ਗਲੈਂਡ ਨੂੰ ਐਡਰੇਨੋਕਾਰਟੀਕੋਟ੍ਰੋਪਿਕ ਹਾਰਮੋਨ (ਏਸੀਟੀਐੱਚ) ਨਾਮਕ ਹਾਰਮੋਨ ਛੱਡਣ ਲਈ ਇੱਕ ਸੰਕੇਤ ਭੇਜਦਾ ਹੈ।
ਏਸੀਟੀਐੱਚ ਫਿਰ ਐਡਰੀਨਲ ਗਲੈਂਡਜ਼ ਨੂੰ ਕੋਰਟੀਸੋਲ, ਇੱਕ ਤਣਾਅ ਹਾਰਮੋਨ ਰਿਲੀਜ਼ ਕਰਨ ਲਈ ਉਤੇਜਿਤ ਕਰਦਾ ਹੈ।
ਕੋਰਟੀਸੋਲ ਸਰੀਰ ਨੂੰ ਖੂਨ ਦੇ ਪ੍ਰਵਾਹ ਵਿੱਚ ਸ਼ੂਗਰ ਛੱਡਣ ਲਈ ਕਹਿੰਦਾ ਹੈ, ਜਿਸ ਨਾਲ ਦਿਮਾਗ ਅਤੇ ਸਰੀਰ ਨੂੰ ਐਮਰਜੈਂਸੀ ਵਿੱਚ ਕੰਮ ਕਰਨ ਲਈ ਲੋੜੀਂਦੀ ਊਰਜਾ ਮਿਲਦੀ ਹੈ।
ਹੰਤਸੂ ਕਹਿੰਦੇ ਹਨ, "ਜਦੋਂ ਕੋਈ ਤਣਾਅ ਵਿੱਚ ਹੁੰਦਾ ਹੈ ਤਾਂ ਐੱਚਪੀਏ ਧੁਰਾ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਇਹ ਅਨੁਕੂਲ ਹੋ ਜਾਂਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਤਣਾਅ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ। ਪਰ ਲੰਬੇ ਸਮੇਂ ਤੱਕ ਅਜਿਹੀ ਸਥਿਤੀ ਚੱਲਣ ਨਾਲ ਇਹ ਨੁਕਸਾਨਦੇਹ ਹੋ ਸਕਦਾ ਹੈ।"
ਆਮ ਤੌਰ 'ਤੇ, ਤੁਹਾਡੇ ਸਰੀਰ ਵਿੱਚ ਭਰੇ ਹੋਏ ਕੋਰਟੀਸੋਲ ਨੂੰ ਇੱਕ ਨਕਾਰਾਤਮਕ ਫੀਡਬੈਕ ਲੂਪ ਨੂੰ ਸਰਗਰਮ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ ਹਿਪੋਕੈਂਪਸ ਹਾਈਪੋਥੈਲਮਸ ਨੂੰ ਪਿਟਿਊਟਰੀ ਗਲੈਂਡ ਨਾਲ ਆਪਣਾ ਸੰਚਾਰ ਬੰਦ ਕਰਨ ਲਈ ਕਹਿੰਦਾ ਹੈ, ਜਿਸ ਨਾਲ ਤਣਾਅ ਪ੍ਰਤੀਕਿਰਿਆ ਖਤਮ ਹੋ ਜਾਂਦੀ ਹੈ।
ਹਾਲਾਂਕਿ, ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੋਂ ਤਣਾਅ ਦਾ ਅਨੁਭਵ ਕਰਦਾ ਹੈ, ਜਿਵੇਂ ਕਿ ਡਰ, ਦੁਰਵਿਵਹਾਰ ਜਾਂ ਹਿੰਸਾ - ਤਾਂ ਅਜਿਹਾ ਨਹੀਂ ਹੁੰਦਾ ਅਤੇ ਦਿਮਾਗ ਕੋਰਟੀਸੋਲ ਨਾਲ ਭਰ ਜਾਂਦਾ ਹੈ।
ਇਹ ਮਾੜੇ ਹਾਲਾਤ ਹਨ, ਕਿਉਂਕਿ ਸਮੇਂ ਦੇ ਨਾਲ ਕੋਰਟੀਸੋਲ ਦਿਮਾਗ ਵਿੱਚ ਸੋਜਸ਼ ਵਧਾਉਂਦਾ ਹੈ, ਹਿਪੋਕੈਂਪਸ ਵਿੱਚ ਨਿਊਰੋਨਸ ਨੂੰ ਮਾਰਦਾ ਹੈ ਅਤੇ ਇਸਨੂੰ ਉਹ ਨਕਾਰਾਤਮਕ ਫੀਡਬੈਕ ਪ੍ਰਦਾਨ ਕਰਨ ਤੋਂ ਰੋਕਦਾ ਹੈ।
ਇਸ ਤੋਂ ਇਲਾਵਾ, ਕੋਰਟੀਸੋਲ ਦਿਮਾਗ ਦੇ ਦੂਜੇ ਖੇਤਰਾਂ ਵਿੱਚ ਵੀ ਨਿਊਰੋਨਜ਼ ਨੂੰ ਨਸ਼ਟ ਕਰ ਸਕਦਾ ਹੈ, ਜਿਵੇਂ ਕਿ ਐਮੀਗਡਾਲਾ ਅਤੇ ਪ੍ਰੀਫ੍ਰੰਟਲ ਕਾਰਟੈਕਸ, ਯਾਦਦਾਸ਼ਤ, ਇਕਾਗਰਤਾ ਅਤੇ ਮੂਡ ਨੂੰ ਪ੍ਰਭਾਵਿਤ ਕਰਦਾ ਹੈ।
ਇਸਮਾਈਲ ਕਹਿੰਦੇ ਹਨ, "ਐਮੀਗਡਾਲਾ ਸਾਡਾ ਦਿਮਾਗੀ ਖੇਤਰ ਹੈ ਜੋ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਸ ਖੇਤਰ ਵਿੱਚ ਆਵਾਜ਼ ਦਾ ਨੁਕਸਾਨ ਵਧਦੀ ਭਾਵਨਾਤਮਕਤਾ, ਵਧਦੇ ਚਿੜਚਿੜੇਪਨ ਅਤੇ ਉਨ੍ਹਾਂ ਨਕਾਰਾਤਮਕ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਮੁਸ਼ਕਲ ਨਾਲ ਜੁੜਿਆ ਹੋਇਆ ਹੈ,"
"ਪ੍ਰੀਫ੍ਰੰਟਲ ਕਾਰਟੈਕਸ ਵਿੱਚ ਐਟ੍ਰੋਫ਼ੀ ਧਿਆਨ ਕੇਂਦਰਿਤ ਕਰਨ ਅਤੇ ਸਹੀ ਸਮੇਂ 'ਤੇ ਸਹੀ ਫ਼ੈਸਲੇ ਲੈਣ ਵਿੱਚ ਮੁਸ਼ਕਲ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਹਿਪੋਕੈਂਪਸ ਵਿੱਚ ਐਟ੍ਰੋਫੀ ਜਾਣਕਾਰੀ ਨੂੰ ਯਾਦ ਰੱਖਣ ਵਿੱਚ ਆਉਂਦੀ ਮੁਸ਼ਕਲ ਨਾਲ ਜੁੜੇ ਹੋਏ ਹਨ।"

ਤਸਵੀਰ ਸਰੋਤ, Getty Images
ਜਦੋਂ ਕਿ ਕੋਰਟੀਸੋਲ ਸਾਨੂੰ ਤਣਾਅ ਵਿੱਚ ਪਾ ਸਕਦਾ ਹੈ, ਓਕਸੀਟੋਸਿਨ, ਜਿਸਨੂੰ ਅਕਸਰ 'ਪਿਆਰ ਹਾਰਮੋਨ' ਕਿਹਾ ਜਾਂਦਾ ਹੈ, ਕਥਿਤ ਤੌਰ 'ਤੇ ਇਸਦੇ ਉਲਟ ਕੰਮ ਕਰਦਾ ਹੈ।
ਇਸ ਨੂੰ ਨਿੱਘੀਆਂ, ਕੁਝ ਧੁੰਦਲੀਆਂ ਭਾਵਨਾਵਾਂ ਅਤੇ ਦਿਆਲਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਜਾਣਿਆਂ ਜਾਂਦਾ ਹੈ। ਇਹ ਬੱਚੇ ਦੇ ਜਨਮ, ਮਾਂ ਦਾ ਦੁੱਧ ਚੁੰਘਣ ਅਤੇ ਆਰਗੈਜ਼ਮ ਦੌਰਾਨ ਰਿਲੀਜ਼ ਹੁੰਦਾ ਹੈ, ਪਰ ਇਹ ਜਾਨਵਰਾਂ ਅਤੇ ਮਨੁੱਖਾਂ ਦੇ ਆਪਸੀ ਬੰਧਨ ਵਿੱਚ ਵੀ ਭੂਮਿਕਾ ਨਿਭਾਉਂਦਾ ਲੱਗਦਾ ਹੈ ।
ਇਸਮਾਈਲ ਕਹਿੰਦੇ ਹਨ, "ਆਕਸੀਟੋਸਿਨ ਨੂੰ ਬੰਧਨ ਅਤੇ ਸੁਰੱਖਿਅਤ ਲਗਾਵ ਦੀ ਭਾਵਨਾ ਨਾਲ ਜੋੜਿਆ ਗਿਆ ਹੈ, ਅਤੇ ਬੇਸ਼ੱਕ ਇਹ ਤਣਾਅ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦਾ ਹੈ।"
"ਜਦੋਂ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਸਾਡੇ ਆਲੇ ਦੁਆਲੇ ਸਹਾਇਤਾ ਮੌਜੂਦ ਹੈ, ਤਾਂ ਇਹ ਕੋਰਟੀਸੋਲ ਦੇ ਪੱਧਰ ਨੂੰ ਘਟਾਉਂਦਾ ਹੈ ਜੋ ਤਣਾਅ ਨਾਲ ਵੱਧ ਸਕਦਾ ਸੀ।"
ਅਧਿਐਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਓਕਸੀਟੌਸਿਨ ਨੇਜ਼ਲ ਸਪਰੇਅ ਨੂੰ ਸੁੰਘਣ ਨਾਲ ਲੋਕ ਵਧੇਰੇ ਉਦਾਰ, ਸਹਿਯੋਗੀ ਅਤੇ ਹਮਦਰਦ ਬਣਦੇ ਹਨ ਅਤੇ ਉਨ੍ਹਾਂ ਦੇ ਅਜਨਬੀਆਂ 'ਤੇ ਭਰੋਸਾ ਕਰਨ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਹਾਲਾਂਕਿ, ਹਰ ਕੋਈ ਇਸ ਗੱਲ 'ਤੇ ਯਕੀਨ ਨਹੀਂ ਕਰਦਾ ।
ਉਦਾਹਰਣ ਵਜੋਂ, ਇਹ ਨਿਰਣਾਇਕ ਤੌਰ 'ਤੇ ਸਾਬਤ ਨਹੀਂ ਹੋਇਆ ਹੈ ਕਿ ਓਕਸੀਟੌਸਿਨ ਖੂਨ ਦੇ ਦਿਮਾਗ ਤੱਕ ਪਹੁੰਚਣ ਵਿੱਚ ਰੁਕਾਵਟ ਕਰਨ ਵਾਲੇ ਸੂਖ਼ਮ ਕੰਮ ਨੂੰ ਪਾਰ ਕਰ ਸਕਦਾ ਹੈ,
ਇਹ ਸਿਧਾਂਤ ਬਹੁਤ ਜ਼ਿਆਦਾ ਸਵੀਕਾਰ ਕੀਤਾ ਜਾਂਦਾ ਹੈ ਕਿ ਥਾਇਰਾਇਡ ਜੋ ਕਿ ਗਲੇ ਵਿੱਚ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੈ ਵੱਲੋਂ ਪੈਦਾ ਕੀਤੇ ਗਏ ਦੋ ਮੁੱਖ ਹਾਰਮੋਨ ਵਿੱਚ ਅਸੰਤੁਲਨ ਡਿਪਰੈਸ਼ਨ ਅਤੇ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਇਹ ਹਾਰਮੋਨ ਟ੍ਰਾਈਓਡੋਥਾਈਰੋਨਾਈਨ (ਟੀ3) ਅਤੇ ਥਾਈਰੋਕਸਾਈਨ (ਟੀ4) ਹਨ ਅਤੇ ਇਕੱਠੇ ਇਹ ਦਿਲ ਦੀ ਧੜਕਣ ਅਤੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੇ ਹਨ। ਹਾਲਾਂਕਿ, ਜਦੋਂ ਪੱਧਰ ਬਹੁਤ ਜ਼ਿਆਦਾ ਹੁੰਦੇ ਹਨ, ਉਦਾਹਰਣ ਵਜੋਂ ਜਦੋਂ ਕਿਸੇ ਨੂੰ ਥਾਇਰਾਇਡ ਬਹੁਤ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ, ਤਾਂ ਚਿੰਤਾ ਦਾ ਭਾਵ ਪੈਦਾ ਹੋ ਸਕਦਾ ਹੈ।
ਦੂਜੇ ਪਾਸੇ, ਜਦੋਂ ਪੱਧਰ ਬਹੁਤ ਘੱਟ ਹੁੰਦੇ ਹਨ, ਤਾਂ ਡਿਪਰੈਸ਼ਨ ਆਮ ਹੁੰਦਾ ਹੈ। ਖੁਸ਼ਕਿਸਮਤੀ ਨਾਲ, ਹਾਰਮੋਨ ਦੇ ਪੱਧਰ ਨੂੰ ਠੀਕ ਕਰਨ ਨਾਲ ਆਮ ਤੌਰ 'ਤੇ ਮਰੀਜ਼ਾਂ ਨੂੰ ਉਨ੍ਹਾਂ ਦੇ ਲੱਛਣਾਂ ਤੋਂ ਰਾਹਤ ਮਿਲਦੀ ਹੈ।
ਇਸਮਾਈਲ ਕਹਿੰਦੇ ਹਨ, "ਜਦੋਂ ਮਰੀਜ਼ ਆਪਣੇ ਡਾਕਟਰ ਕੋਲ ਜਾਂਦੇ ਹਨ ਅਤੇ ਮੂਡ ਵਿੱਚ ਬਦਲਾਅ ਦੀ ਸ਼ਿਕਾਇਤ ਕਰਦੇ ਹਨ, ਤਾਂ ਡਾਕਟਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਹਾਰਮੋਨਲ ਪ੍ਰੋਫਾਈਲ ਦੀ ਜਾਂਚ ਕਰਦੇ ਹਨ, ਕਿਉਂਕਿ ਅਕਸਰ ਜਦੋਂ ਅਸੀਂ ਬਦਲਾਅ ਦਾ ਕਾਰਨ ਬਣਨ ਵਾਲੇ ਹਾਰਮੋਨ ਨੂੰ ਠੀਕ ਕਰਨ ਦੇ ਯੋਗ ਹੁੰਦੇ ਹਾਂ, ਤਾਂ ਅਸੀਂ ਮੂਡ ਨੂੰ ਅਨੁਕੂਲ ਕਰਨ ਦੇ ਯੋਗ ਹੁੰਦੇ ਹਾਂ।"
ਫਿਰ, ਥਾਇਰਾਇਡ ਹਾਰਮੋਨ ਦੇ ਮੂਡ 'ਤੇ ਪ੍ਰਭਾਵ ਦਾ ਕਾਰਨ ਪਤਾ ਨਹੀਂ ਹੈ, ਪਰ ਇੱਕ ਸਿਧਾਂਤ ਇਹ ਹੈ ਕਿ ਖ਼ਾਸ ਤੌਰ 'ਤੇ ਟੀ3 ਦਿਮਾਗ ਵਿੱਚ ਸੇਰੋਟੋਨਿਨ ਅਤੇ ਡੋਪਾਮਾਇਨ ਦੇ ਪੱਧਰ ਨੂੰ ਵਧਾ ਸਕਦਾ ਹੈ, ਜਾਂ ਇਨ੍ਹਾਂ ਨਿਊਰੋਟ੍ਰਾਂਸਮੀਟਰਾਂ ਲਈ ਰੀਸੈਪਟਰਾਂ ਦੀ ਸੰਵੇਦਨਸ਼ੀਲਤਾ ਨੂੰ ਵਧਾ ਸਕਦਾ ਹੈ।
ਥਾਇਰਾਇਡ ਹਾਰਮੋਨ ਰੀਸੈਪਟਰ ਦਿਮਾਗ ਦੇ ਉਨ੍ਹਾਂ ਖੇਤਰਾਂ ਵਿੱਚ ਵੀ ਅਸਰਦਰਾਜ ਹਨ ਜੋ ਮੂਡ ਨਿਯਮਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਨਵੇਂ ਇਲਾਜ

ਤਸਵੀਰ ਸਰੋਤ, Getty Images
ਉਮੀਦ ਹੈ ਕਿ ਹਾਰਮੋਨਜ਼ ਦਾ ਇਹ ਨਵਾਂ ਗਿਆਨ ਅਤੇ ਉਨ੍ਹਾਂ ਦੇ ਮੂਡ-ਬਦਲਣ ਵਾਲੇ ਪ੍ਰਭਾਵ, ਨਵੇਂ ਇਲਾਜਾਂ ਵਿੱਚ ਨਜ਼ਰ ਆਉਣਗੇ।
ਅਜਿਹੇ ਸੰਕੇਤ ਹਨ ਕਿ ਇਹ ਹੋਣਾ ਸ਼ੁਰੂ ਹੋ ਰਿਹਾ ਹੈ, ਬ੍ਰੈਕਸਾਨੋਲੋਨ ਨਾਮ ਦੀ ਇੱਕ ਦਵਾਈ ਐਲੋਪ੍ਰੈਗਨੋਲੋਨ ਹਾਰਮੋਨ ਵਰਗੀ ਹੈ ਅਤੇ ਇਹ ਪੋਸਟਪਾਰਟਮ ਡਿਪਰੈਸ਼ਨ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ ।
ਇਸ ਗੱਲ ਦੇ ਵੀ ਕੁਝ ਸਬੂਤ ਹਨ ਕਿ ਜੇਕਰ ਤੁਹਾਡਾ ਟੈਸਟੋਸਟੀਰੋਨ ਦਾ ਪੱਧਰ ਘੱਟ ਹੈ, ਤਾਂ ਕੁਝ ਐਂਟੀ ਡਿਪ੍ਰੈਸੈਂਟਸ ਦੇ ਨਾਲ ਟੈਸਟੋਸਟੀਰੋਨ ਸਪਲੀਮੈਂਟ ਲੈਣ ਨਾਲ ਉਨ੍ਹਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ ।
ਅਧਿਐਨ ਦਰਸਾਉਂਦੇ ਹਨ ਕਿ ਹਾਰਮੋਨ ਰਿਪਲੇਸਮੈਂਟ ਥੈਰੇਪੀ (ਐੱਚਆਰਟੀ) ਸਣੇ ਐਸਟ੍ਰੋਜਨ ਥੈਰੇਪੀ, ਕੁਝ ਔਰਤਾਂ ਜੋ ਪੇਰੀਮੀਨੋਪੌਜ਼ ਅਤੇ ਮੀਨੋਪੌਜ਼ ਵਿੱਚੋਂ ਲੰਘ ਰਹੀਆਂ ਹਨ ਦੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰ ਸਕਦੀ ਹੈ। ਹਾਲਾਂਕਿ ਸਾਰੇ ਮਾਮਲਿਆਂ ਵਿੱਚ ਇਹ ਸਹੀ ਕਾਰਗਰ ਸਾਬਤ ਨਹੀਂ ਹੁੰਦਾ ਹੈ।
ਇਸ ਦੌਰਾਨ, ਹਾਰਮੋਨਲ ਜਨਮ ਨਿਯੰਤਰਣ ਪੀਐੱਮਡੀਡੀ ਵਾਲੀਆਂ ਕੁਝ ਔਰਤਾਂ ਲਈ ਹੈਰਾਨੀ ਦਾ ਕੰਮ ਕਰ ਸਕਦਾ ਹੈ, ਹਾਲਾਂਕਿ ਇਹ ਦੂਜਿਆਂ ਲਈ ਲੱਛਣਾਂ ਨੂੰ ਹੋਰ ਵੀ ਬਦਤਰ ਬਣਾ ਸਕਦਾ ਹੈ।
ਨਵੀਂ ਖੋਜ ਇਹ ਦਰਸਾਉਂਦੀ ਹੈ ਕਿ ਅਸੀਂ ਅਜੇ ਵੀ ਬਿਲਕੁਲ ਨਹੀਂ ਸਮਝਦੇ ਕਿ ਕੁਝ ਲੋਕ ਹਾਰਮੋਨਲ ਉਤਰਾਅ-ਚੜ੍ਹਾਅ ਪ੍ਰਤੀ ਇੰਨੇ ਸੰਵੇਦਨਸ਼ੀਲ ਕਿਉਂ ਹਨ, ਜਦੋਂ ਕਿ ਦੂਸਰੇ ਨਹੀਂ ਹਨ।
ਇਸਮਾਈਲ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਹਾਰਮੋਨ ਮੂਡ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ, ਪਰ ਸਾਨੂੰ ਸਹੀ ਇਲਾਜ ਲੱਭਣ ਤੋਂ ਪਹਿਲਾਂ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਉਹ ਅਜਿਹਾ ਕਿਵੇਂ ਕਰਦੇ ਹਨ,"
"ਜਿਵੇਂ ਕਿ ਅਸੀਂ ਜਾਣਦੇ ਹਾਂ, ਮੌਜੂਦਾ ਐਂਟੀ ਡਿਪ੍ਰੈਸੈਂਟਸ ਜੋ ਸੇਰੋਟੋਨਿਨ ਦੇ ਪੱਧਰਾਂ ਨੂੰ ਨਿਯੰਤ੍ਰਿਤ ਕਰਦੇ ਹਨ, ਸਾਰੇ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਨਹੀਂ ਹਨ, ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਖਾਸ ਤੌਰ 'ਤੇ ਕਿਸ਼ੋਰਾਂ ਵਿੱਚ ਘੱਟ ਪ੍ਰਭਾਵਸ਼ਾਲੀ ਹਨ।
ਇਸ ਲਈ ਸਾਨੂੰ ਇਹ ਪਤਾ ਲਾਉ ਦੀ ਲੋੜ ਹੈ ਕਿ ਉਸ ਉਮਰ ਸਮੂਹ, ਦਿਮਾਗ ਅਤੇ ਉਸ ਪੜਾਅ 'ਤੇ ਇਸਦੇ ਵਿਕਾਸ ਬਾਰੇ ਕੀ ਕੁਝ ਪ੍ਰਤੱਖ ਹੈ ਜੋ ਉਨ੍ਹਾਂ ਨੂੰ ਇਲਾਜ ਪ੍ਰਤੀ ਵਧੇਰੇ ਰੋਧਕ ਬਣਾ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












