ਟਰੰਪ-ਕਿਮ ਮੁਲਾਕਾਤ 'ਤੇ 100 ਕਰੋੜ ਖਰਚ ਕੇ ਸਿੰਗਾਪੁਰ ਨੇ ਕੀ ਖੱਟਿਆ: ਗਰਾਊਂਡ ਰਿਪੋਰਟ

ਤਸਵੀਰ ਸਰੋਤ, AFP/GETTY IMAGES
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ, ਸਿੰਗਾਪੁਰ ਤੋਂ
ਸਿੰਗਾਪੁਰ ਨੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਇਤਿਹਾਸਕ ਸਿਖ਼ਰ ਸੰਮੇਲਨ ਦੇ ਪ੍ਰਬੰਧ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਦੋਵੇਂ ਨੇਤਾਵਾਂ ਦੀ ਮੁਲਾਕਾਤ ਖ਼ਤਮ ਹੋਈ ਪਰ ਇੱਕ ਸਵਾਲ ਜਿਸ ਦਾ ਜਵਾਬ ਦੇਣ ਤੋਂ ਸਿੰਗਾਪੁਰ ਵਾਲੇ ਬਚ ਰਹੇ ਹਨ, ਉਹ ਇਹ ਹੈ ਕਿ ਇਸ ਸੰਮੇਲਨ ਦਾ ਪ੍ਰਬੰਧ ਕਰਕੇ ਸਿੰਗਾਪੁਰ ਨੂੰ ਕੀ ਲਾਭ ਹੋਇਆ ਹੈ?
ਜੋ ਜਵਾਬ ਆ ਰਹੇ ਹਨ ਉਹ ਇੱਕੋ ਜਿਹੇ ਅਤੇ ਰੱਦੀ ਲੱਗ ਰਹੇ ਹਨ। ਕੋਈ ਕਹਿੰਦਾ ਹੈ ਕਿ ਇਹ ਇੱਕ ਨਿਰਪੱਖ ਦੇਸ ਹੈ ਜਿਸ ਦੀ ਦੋਸਤੀ ਅਮਰੀਕਾ ਅਤੇ ਉੱਤਰੀ ਕੋਰੀਆ ਦੋਵਾਂ ਨਾਲ ਹੀ ਹੈ। ਕੋਈ ਕਹਿੰਦਾ ਹੈ ਕਿ ਸਿੰਗਾਪੁਰ ਸੁਰੱਖਿਆ ਦੇ ਹਿਸਾਬ ਨਾਲ ਬਹੁਤ ਮਹਿਫ਼ੂਜ਼ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, EPA/KCNA
ਕਿਸੇ ਦਾ ਕਹਿਣਾ ਹੈ ਕਿ ਸਿੰਗਾਪੁਰ ਦੇ ਕੋਲ ਸਿਖ਼ਰ ਸੰਮੇਲਨ ਕਰਾਉਣ ਦਾ ਤਜ਼ਰਬਾ ਹੈ ਕਿਉਂਕਿ ਇਸ ਨੇ ਹੀ 2015 ਵਿੱਚ ਚੀਨ ਅਤੇ ਤਾਇਵਾਨ ਦੇ ਨੇਤਾਵਾਂ ਵਿਚਾਲੇ ਇੱਕ ਸਫਲ ਸੰਮੇਲਨ ਕਰਵਾਇਆ ਸੀ।
..ਤਾਂ ਕੀ ਸਿੰਗਾਪੁਰ ਬਰਾਂਡ ਬਣ ਗਿਆ ਹੈ?
ਕੁਝ ਅਜਿਹੇ ਵੀ ਲੋਕ ਮਿਲੇ ਜਿਨ੍ਹਾਂ ਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ "ਬਰਾਂਡ ਸਿੰਗਾਪੁਰ" ਮਜ਼ਬੂਤ ਹੋਵੇਗਾ ਅਤੇ ਇਸ ਮੁਲਾਕਾਤ ਦੇ ਬਦਲੇ ਇਸ ਨੂੰ ਫ੍ਰੀ ਪਬਲੀਸਿਟੀ ਮਿਲੇਗੀ। ਇਨ੍ਹਾਂ ਦਾ ਮੰਨਣਾ ਹੈ ਕਿ ਸਿੰਗਾਪੁਰ ਇੱਕ ਬਰਾਂਡ ਹੈ, ਜੋ ਵਿਕਦਾ ਹੈ।
ਹੋ ਸਕਦਾ ਹੈ ਕਿ ਇਹ ਸਾਰੇ ਜਵਾਬ ਸਹੀ ਹੋਣ। ਪਰ ਇਨ੍ਹਾਂ ਜਵਾਬਾਂ ਨਾਲ ਸੰਤੁਸ਼ਟੀ ਨਹੀਂ ਹੁੰਦੀ। ਸੁਣ ਕੇ ਅਜਿਹਾ ਲਗਦਾ ਹੈ ਕਿ ਇਹ ਇੱਕ ਅਜਿਹਾ ਫਾਰਮੂਲਾ ਹੈ ਜਿਸ ਨੂੰ ਸਭ ਨੇ ਰਟ ਲਿਆ ਹੈ।
ਜ਼ਰਾ ਸੋਚੋ, ਕੋਈ ਵੀ ਦੇਸ ਆਪਣੇ ਦੇਸ ਵਿੱਚ ਦੋ ਵੱਖ-ਵੱਖ ਦੇਸਾਂ ਵਿਚਕਾਰ ਮੁਲਾਕਾਤ ਕਰਵਾਉਣ ਲਈ 100 ਕਰੋੜ ਰੁਪਏ ਕਿਉਂ ਖਰਚ ਕਰੇਗਾ?

ਤਸਵੀਰ ਸਰੋਤ, EPA
ਅੰਗਰੇਜ਼ੀ 'ਚ ਇੱਕ ਅਖਾਣ ਹੈ ਕਿ 'ਦੇਅਰ ਇਜ਼ ਨੋ ਸਚ ਥਿੰਗ ਐਜ਼ ਏ ਫਰੀ ਲੰਚ' ਯਾਨਿ ਕੇ 'ਮੁਫ਼ਤ ਦੀ ਰੋਟੀ ਕੋਈ ਨਹੀਂ ਖਵਾਉਂਦਾ।' ਖ਼ਾਸ ਤੌਰ 'ਤੇ ਪੂੰਜੀਵਾਦੀ ਵਿਵਸਥਾ ਵਿੱਚ ਤਾਂ 'ਇੱਕ ਹੱਥ ਦੇਹ ਤੇ ਦੂਜੇ ਹੱਥ ਲੈਣ' ਵਾਲਾ ਹੀ ਫਾਰਮੂਲਾ ਚਲਦਾ ਹੈ।
ਤਾਂ ਇਸ ਸੰਮੇਲਨ ਤੋਂ ਸਿੰਗਾਪੁਰ ਨੂੰ ਕੀ ਮਿਲਿਆ? ਵਰਤਮਾਨ ਵਿੱਚ ਕਾਫੀ ਗੁਡਵਿਲ।
ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਜੋਂਗ ਉਨ ਦੋਵਾਂ ਨੇ ਇਸ ਸੰਮੇਲਨ ਦੇ ਪ੍ਰਬੰਧ ਲਈ ਸਿੰਗਾਪੁਰ ਦਾ ਵੱਖ-ਵੱਖ ਧੰਨਵਾਦ ਕੀਤਾ ਹੈ।
ਸਿੰਗਾਪੁਰ ਨੂੰ ਬਾਅਦ 'ਚ ਲਾਭ
ਇਸ ਸੰਮੇਲਨ ਨੂੰ ਕਵਰ ਕਰਨ ਲਈ ਕਰੀਬ 2500 ਮੀਡੀਆ ਵਾਲੇ ਦੁਨੀਆਂ ਭਰ ਤੋਂ ਆਏ ਹੋਏ ਸਨ। ਉਨ੍ਹਾਂ ਵਿਚੋਂ ਕਈਆਂ ਦਾ ਕਹਿਣਾ ਹੈ ਕਿ ਸਿੰਗਾਪੁਰ ਤੋਂ ਕਾਫੀ ਖੁਸ਼ ਹਨ।
ਨੀਲ ਸਾਈਮਨ ਆਸਟਰੇਲੀਆ ਦੇ ਪ੍ਰਸਿੱਧ ਪੱਤਰਕਾਰ ਹਨ। ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਨੇ ਉਨ੍ਹਾਂ 'ਤੇ ਵਧੀਆ ਪ੍ਰਭਾਵ ਪਾਇਆ ਹੈ।

ਤਸਵੀਰ ਸਰੋਤ, EPA
ਇੰਡੋਨੇਸ਼ੀਆ ਤੋਂ ਆਏ ਪੱਤਰਕਾਰਾਂ ਦੀ ਇੱਕ ਟੀਮ ਨੇ ਕਿਹਾ ਉਨ੍ਹਾਂ ਨੂੰ ਸਿੰਗਾਪੁਰ ਅਤੇ ਸੰਮੇਲਨ ਲਈ ਇੰਤਜ਼ਾਮ ਚੰਗਾ ਲੱਗਿਆ। ਇਨ੍ਹਾਂ ਬਿਆਨਾਂ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਸਿੰਗਾਪੁਰ ਨੂੰ ਗੁਡਵਿਲ ਤਾਂ ਮਿਲੀ ਹੀ ਪਰ ਨਾਲ ਹੀ ਸੰਮੇਲਨ ਦੇ ਸਫਲ ਪ੍ਰਬੰਧ ਦਾ ਥੋੜ੍ਹਾ ਲਾਭ ਵੀ।
ਪਰ ਸਿੰਗਾਪੁਰ ਨੂੰ ਇਸ ਨਾਲ ਇੱਕ ਲਾਭ ਹੋ ਸਕਦਾ ਹੈ ਯਾਨਿ ਉਸ ਨੂੰ "ਲੌਂਗ ਟਰਮ ਬੈਨੀਫਿਟ" ਦੀ ਆਸ ਹੈ।
ਇੰਡੀਅਨ ਚੈਂਬਰ ਆਫ ਕਾਮਰਸ ਸਿੰਗਾਪੁਰ ਦੇ ਚੇਅਰਮੈਨ ਅਤੇ ਤਮਿਲ ਭਾਈਚਾਰੇ ਦੇ ਇੱਕ ਮੁੱਖ ਵਪਾਰੀ ਟੀ ਚੰਦਰੂ ਇਸ 'ਤੇ ਸਹੀ ਢੰਗ ਨਾਲ ਚਾਨਣਾ ਪਾਉਂਦੇ ਹਨ, "ਅਸੀਂ ਹਮੇਸ਼ਾ ਲੌਂਗ ਟਰਮ ਲਾਭ ਦੇਖਦੇ ਹਾਂ।"
ਇਹ ਵੀ ਪੜ੍ਹੋ
ਉਹ ਅੱਗੇ ਕਹਿੰਦੇ ਹਨ, "ਸੰਮੇਲਨ ਦੀ ਸਫ਼ਲਤਾ ਤੋਂ ਬਾਅਦ ਇਸ ਦੇ ਸਿੱਟੇ ਹਾਂ-ਪੱਖੀ ਹੋਣਗੇ। ਖਿੱਤੇ ਵਿੱਚ ਸ਼ਾਂਤੀ ਅਤੇ ਸਿਆਸੀ ਸਥਿਤੀ ਮਜ਼ਬੂਤ ਹੋਵੇਗੀ। ਉੱਤਰ ਕੋਰੀਆ ਦੀ ਅਰਥ-ਵਿਵਸਥਾ ਦਾ ਪੁਨਰ ਨਿਰਮਾਣ ਹੋਵੇਗਾ। ਸਿੰਗਪੁਰ ਨੂੰ ਇਸ ਦਾ ਸਾਭ ਮਿਲੇਗਾ।"
ਉਸ ਖਿੱਤੇ ਦਾ ਸਿੰਗਾਪੁਰ ਸਭ ਤੋਂ ਵੱਡਾ ਵਪਾਰਕ ਕੇਂਦਰ ਹੈ। ਇਹ ਦੁਨੀਆਂ ਦੇ ਗਿਣੇ-ਚੁਣੇ ਵੱਡੇ ਵਿੱਤੀ ਕੇਂਦਰਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਸਿੰਗਾਪੁਰ ਦੀ ਅਰਥਵਿਵਸਥਾ ਦੇ ਮਾਡਲ 'ਤੇ ਗੌਰ ਕਰੋ ਤਾਂ ਸਮਝ ਵਿੱਚ ਆਵੇਗਾ ਕਿ ਇਹ ਵਿਚੋਲਗੀ ਤੋਂ ਪੈਸੇ ਵੱਧ ਕਮਾਉਂਦਾ ਹੈ।

ਤਸਵੀਰ ਸਰੋਤ, Getty Images
ਵਸਤੂਆਂ ਦੇ ਹਿਸਾਬ ਨਾਲ ਸਿੰਗਾਪੁਰ ਦਾ ਐਕਸਪੋਰਟ ਕੁਝ ਵਧੇਰੇ ਨਹੀਂ ਹੈ ਪਰ ਇਸ ਨੇ ਸਰਵਿਸਿਜ਼ ਉਦਯੋਗ ਵਿੱਚ ਆਪਣਾ ਸਿੱਕਾ ਜਮਾ ਲਿਆ ਹੈ। ਇਹ ਵੱਡੇ-ਵੱਡੇ ਕੰਮਾਂ ਅਤੇ ਵੱਡੇ ਪ੍ਰੋਜੈਕਟਾਂ ਵਿੱਚ ਸੁਵਿਧਾਵਾਂ ਦੇਣ ਵਿੱਚ ਅੱਗੇ ਹਨ।
ਮਿਸਾਲ ਦੇ ਤੌਰ 'ਤੇ ਸਿੰਗਾਪੁਰ ਦੀਆਂ ਕੰਪਨੀਆਂ ਦਾ ਇੱਕ ਸੰਘ ਯਾਨਿ ਕੌਨਸੋਰਸ਼ੀਅਮ ਫਿਲਹਾਲ ਆਂਧਰਾ ਪ੍ਰਦੇਸ਼ ਦੀ ਨਹੀਂ ਰਾਜਧਾਨੀ ਅਮਰਾਵਤੀ ਬਣਾਉਣ ਵਿੱਚ ਲਗਿਆ ਹੈ। ਸਿੰਗਾਪੁਰ ਦੀਆਂ ਕੰਪਨੀਆਂ ਪੈਸੇ ਵੀ ਨਿਵੇਸ਼ ਕਰ ਰਹੀਆਂ ਹਨ ਅਤੇ ਇੱਕ ਨਵੇਂ ਸ਼ਹਿਰ ਨੂੰ ਵਸਾਉਣ ਵਿੱਚ ਲੱਗੀਆਂ ਹੋਈਆਂ ਹਨ।
ਦੇਸ ਅਤੇ ਇਸ ਦੀਆਂ ਲੋੜਾਂ ਸਮਝਦੀ ਹੈ ਸਰਕਾਰ
ਸਿੰਗਾਪੁਰ ਵਾਲਿਆਂ ਦੀ ਦੂਰਅੰਦੇਸ਼ੀ ਕਾਰਨ ਹੀ ਅੱਜ ਉਨ੍ਹਾਂ ਦਾ ਛੋਟਾ ਜਿਹਾ ਦੇਸ, ਜਿਸ ਦੀ ਆਬਾਦੀ ਹੈਦਰਾਬਾਦ ਨਾਲੋਂ ਵੀ ਕਾਫੀ ਘੱਟ ਹੈ, ਵਿਕਸਿਤ ਦੇਸਾਂ ਵਿੱਚ ਸ਼ਾਮਿਲ ਹੈ ਅਤੇ ਇੱਥੇ ਪ੍ਰਤੀ ਵਿਅਕਤੀ ਆਮਦਨ ਸਾਲਾਨਾ 80 ਹਜ਼ਾਰ ਡਾਲਰ ਹੈ ਜੋ ਕਈ ਵਿਕਸਿਤ ਦੇਸਾਂ ਨਾਲੋਂ ਵੀ ਵਧੀਆ ਹੈ।
ਛੋਟੀ ਜਿਹੀ 55 ਲੱਖ ਵਾਲੀ ਆਬਾਦੀ ਵਾਲਾ ਇਹ ਦੇਸ ਸਹੀ ਮਾਅਨਿਆਂ ਵਿੱਚ ਇੱਕ ਸ਼ਹਿਰ ਹੈ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਸਿਟੀ-ਸਟੇਟ ਕਹਿੰਦੇ ਹਾਂ।
ਵਪਾਰੀ ਥਿਰੂਮਲ ਕਰਾਸੂ ਕਹਿੰਦੇ ਹਨ ਕਿ ਦੇਸ ਦੀ ਸਰਕਾਰ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਸਮਝਦੀ ਹੈ ਕਿ ਦੇਸ ਦੀ ਅਰਥਵਿਵਸਥਾ ਸਰਵਿਸ ਉਦਯੋਗ 'ਤੇ ਹੀ ਨਿਰਭਰ ਹੈ।

"ਇਸ ਲਈ ਸਰਕਾਰ ਨਾਗਰਿਕਾਂ ਨੂੰ ਨਵੇਂ ਸਕਿੱਲ ਅਤੇ ਸਮਰੱਥਾ ਵਧਾਉਣ ਵਿੱਚ ਮਦਦ ਕਰਦੀ ਹੈ। ਅਸੀਂ ਕਿਸੇ ਵੀ ਉਮਰ ਵਿੱਚ ਸਰਕਾਰ ਦੀ ਮਦਦ ਨਾਲ ਨਵੇਂ ਸਕਿੱਲ ਸਿੱਖ ਸਕਦੇ ਹਾਂ।"
ਉਹ ਕਹਿੰਦੇ ਹਨ ਕਿ ਸਿੰਗਾਪੁਰ ਦੀ ਇਸ ਮਾਨਸਿਕਤਾ ਨੂੰ ਜੋ ਕੋਈ ਵੀ ਸਮਝਦਾ ਹੈ ਉਹ ਇਹ ਸਵਾਲ ਨਹੀਂ ਕਰੇਗਾ ਕਿ ਟਰੰਪ-ਕਿਮ ਸੰਮੇਲਨ ਦੀ ਮੇਜ਼ਬਾਨੀ ਨਾਲ ਸਿੰਗਾਪੁਰ ਨੂੰ ਕੀ ਮਿਲੇਗਾ।
ਅਤੇ ਇਸ ਲਈ ਟੀ ਚੰਕਰੂ ਲੌਂਗ ਟਰਮ ਬੈਨੇਫਿਟ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ, "ਜੇਕਰ ਭਵਿੱਖ ਵਿੱਚ ਉੱਤਰੀ ਕੋਰੀਆ ਦੀ ਅਰਥ ਵਿਵਸਥਾ ਖੁੱਲ੍ਹੀ ਤਾਂ ਸਿੰਗਾਪੁਰ ਦੀਆਂ ਕੰਪਨੀਆਂ ਨੂੰ ਉੱਥੇ ਕਾਫੀ ਲਾਭ ਮਿਲੇਗਾ।"
ਇਹ ਵੀ ਸੰਭਵ ਹੈ ਕਿ ਵਧੇਰੇ ਕੰਪਨੀਆਂ ਸਿੰਗਾਪੁਰ ਰਾਹੀਂ ਉੱਤਰੀ ਕੋਰੀਆ ਨਿਵੇਸ਼ ਕਰਨ ਜਾਣ। ਉੱਤਰੀ ਕੋਰੀਆ ਦੇ ਪੁਨਰ ਨਿਰਮਾਣ ਵਿੱਚ ਸ਼ਾਮਿਲ ਵਧੇਰੇ ਦੁਨੀਆਂ ਦੇ ਦੇਸ ਸਿੰਗਾਪੁਰ ਆ ਕੇ ਆਪਣੇ ਦਫ਼ਤਰ ਖੋਲ੍ਹਣਾ ਵੀ ਪਸੰਦ ਕਰ ਸਕਦੀ ਹੈ।
ਸਿੰਗਾਪੁਰ ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਉਥੇ ਆਪਣੇ ਮੁੱਖ ਦਫ਼ਤਰ ਖੋਲ੍ਹਏ 'ਤੇ ਆਮਦਨ ਦੇ ਲਾਭ ਦਿੰਦੀ ਹੈ ਇਸ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੀ ਛੋਟ ਦਿੰਦੀ ਹੈ।
ਟਰੰਪ ਅਤੇ ਕਿਮ ਦੇ ਵਿਚਕਾਰ ਸਿਖ਼ਰ ਸੰਮੇਲਨ ਹੋਇਆ। ਸੰਮੇਲਨ ਬਿਨਾਂ ਕਿਸੇ ਰੁਕਾਵਟ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਖ਼ਤਮ ਹੋਇਆ। ਇਹ ਗੱਲਾਂ ਸਭ ਨੂੰ ਯਾਦ ਰਹਿਣਗੀਆਂ।
ਇਹੀ ਕਾਰਨ ਹੈ ਕਿ ਸਿੰਗਾਪੁਰ ਨੇ ਮੇਜ਼ਬਾਨੀ ਕਰਨ ਦੇ ਇਸ ਇਤਿਹਾਸਕ ਮੌਕੇ ਦਾ ਚੰਗਾ ਲਾਹਾ ਖੱਟਿਆ ਹੈ। ਇਸ ਦੇ ਨਾਲ ਹੀ ਦੂਰ ਦੀ ਸੋਚ ਨੇ ਵੀ ਉਸ ਨੂੰ ਆਪਣੇ ਲਈ ਆਉਣ ਵਾਲੇ ਸਮੇਂ ਵਿੱਚ ਵਪਾਰ ਦੀ ਦੁਨੀਆਂ ਵਿੱਚ ਮਹੱਤਪੂਰਨ ਅਕਸ ਬਣਾਉਣ ਦਾ ਰਸਤਾ ਵੀ ਖੋਲ੍ਹ ਦਿੱਤਾ ਹੈ।












