ਸਿੰਗਾਪੁਰ ਦੇ 'ਮਿਨੀ ਇੰਡੀਆ' ਵਿੱਚ ਮਿਲੇ ਸਨ ਡੌਨਲਡ ਟਰੰਪ ਅਤੇ ਕਿਮ ਜੋਂਗ ਉਨ

- ਲੇਖਕ, ਜ਼ੁਬੈਰ ਅਹਿਮਦ
- ਰੋਲ, ਪੱਤਰਕਾਰ, ਬੀਬੀਸੀ, ਸਿੰਗਾਪੁਰ ਤੋਂ
ਸਿੰਗਾਪੁਰ ਦਾ 'ਲਿਟਿਲ ਇੰਡੀਆ' ਦੋ ਕਿਲੋਮੀਟਰ ਵਿੱਚ ਵਸਿਆ ਹੈ। ਇਹ ਵਿਦੇਸ਼ ਵਿੱਚ ਭਾਰਤੀਆਂ ਦੀ ਰਿਹਾਇਸ਼ ਹੈ ਜਿੱਥੇ ਉਨ੍ਹਾਂ ਦੀਆਂ ਸੈਂਕੜੇ ਦੁਕਾਨਾਂ ਹਨ ਅਤੇ ਇਨ੍ਹਾਂ ਦੁਕਾਨਾਂ ਵਿੱਚ ਹਰ ਉਹ ਚੀਜ਼ ਵਿਕਦੀ ਹੈ ਜੋ ਭਾਰਤ ਦੇ ਬਾਜ਼ਾਰਾਂ ਵਿੱਚ ਤੁਹਾਨੂੰ ਮਿਲ ਸਕਦੀ ਹੈ।
ਇੱਥੇ ਤਾਮਿਲਨਾਡੂ ਤੋਂ ਆਏ ਲੋਕਾਂ ਦੀ ਗਿਣਤੀ ਵੱਧ ਹੈ। ਤਾਮਿਲ ਨਾਡੂ ਤੋਂ 15 ਸਾਲ ਪਹਿਲਾਂ ਆ ਕੇ ਵਸੇ ਪ੍ਰਕਾਸ਼ ਇੱਕ ਰੈਸਟੋਰੈਂਟ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਤਕਰੀਬਨ 300 ਭਾਰਤੀ ਰੈਸਟੋਰੈਂਟ ਹਨ।
ਉਨ੍ਹਾਂ ਮੁਤਾਬਕ ਭਾਰਤ ਤੋਂ ਬਾਹਰ ਇੱਕ ਛੋਟੀ ਜਿਹੀ ਥਾਂ 'ਤੇ ਇੰਨੇ ਰੈਸਟੋਰੈਂਟ ਕਿਸੇ ਹੋਰ ਦੇਸ ਵਿੱਚ ਨਹੀਂ ਮਿਲਣਗੇ।
ਭਾਰਤ ਦੇ ਬਾਜ਼ਾਰਾਂ ਵਾਂਗ ਇੱਥੇ ਵੀ ਭੀੜ ਇੰਨੀ ਹੁੰਦੀ ਹੈ ਕਿ ਤੁਰਨਾ ਔਖਾ ਹੋ ਜਾਂਦਾ ਹੈ। ਸੜਕਾਂ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਦੇ ਨਾਮ ਅਕਸਰ ਤਾਮਿਲ ਵਿੱਚ ਲਿਖੇ ਨਜ਼ਰ ਆਉਂਦੇ ਹਨ।
ਦੇਸ ਦੀ 55 ਲੱਖ ਆਬਾਦੀ ਦਾ ਇਹ ਸੱਤ ਫੀਸਦੀ ਹੈ।
ਸਿੰਗਾਪੁਰ ਵਿੱਚ ਭਾਰਤੀਆਂ ਦਾ ਯੋਗਦਾਨ
20ਵੀਂ ਸਦੀ ਦੀ ਸ਼ੁਰੂਆਤ ਵਿੱਚ ਸਿੰਗਾਪੁਰ ਦੀ ਉਸਾਰੀ ਵਿੱਚ ਚੀਨੀ ਅਤੇ ਮਲਏ ਮੂਲ ਦੇ ਲੋਕਾਂ ਤੋਂ ਇਲਾਵਾ ਤੀਜਾ ਵੱਡਾ ਭਾਈਚਾਰਾ ਤਾਮਿਲਨਾਡੂ ਤੋਂ ਆਏ ਲੋਕਾਂ ਦਾ ਸੀ।

ਉਹ ਪਰਿਵਾਰ ਹਾਲੇ ਵੀ ਇੱਥੇ ਰਹਿ ਰਹੇ ਹਨ। ਤਾਮਿਲ ਸਿੰਗਾਪੁਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਕੈਬਨਿਟ ਵਿੱਚ ਤਾਮਿਲ ਭਾਈਚਾਰੇ ਦੇ ਕਈ ਮੰਤਰੀ ਹਨ ਜਿਨ੍ਹਾਂ ਵਿੱਚ ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਨਨ ਮੁੱਖ ਹਨ।
ਹੁਣ ਵਧੇਰੇ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਤਾਮਿਲਨਾਡੂ ਤੋਂ ਦੋ-ਤਿੰਨ ਦਹਾਕੇ ਪਹਿਲਾਂ ਆਏ ਸਨ। ਤਾਮਿਲ ਭਾਈਚਾਰੇ ਤੋਂ ਇਲਾਵਾ ਭਾਰਤੀ ਮੂਲ ਦੇ ਤੇਲਗੂ ਅਤੇ ਪੰਜਾਬੀਆਂ ਦੀ ਗਿਣਤੀ ਇੱਥੇ ਸਭ ਤੋਂ ਵੱਧ ਹੈ।
ਐਤਵਾਰ ਨੂੰ ਛੁੱਟੀ ਵਾਲੇ ਦਿਨ 'ਲਿਟਲ ਇੰਡੀਆ' ਦਿੱਲੀ ਦੇ ਲਾਜਪਤ ਨਗਰ ਵਰਗਾ ਲੱਗਦਾ ਹੈ। ਸ਼ਾਪਿੰਗ ਮਾਲ ਅਤੇ ਦੁਕਾਨਾਂ ਗਾਹਕਾਂ ਨਾਲ ਭਰੀਆਂ ਰਹਿੰਦੀਆਂ ਹਨ। ਕੁਝ ਮਸ਼ਹੂਰ ਰੈਸਟੋਰੈਂਟਾਂ ਦੇ ਬਾਹਰ ਤਾਂ ਖਾਣਾ ਖਾਣ ਵਾਲਿਆਂ ਨੂੰ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ।
ਸਿੰਗਾਪੁਰ ਦੇ 'ਲਿਟਲ ਇੰਡੀਆ' ਦੇ ਲੋਕ ਇੱਥੇ ਰਹਿ ਰਹੇ ਦੂਜੇ ਭਾਈਚਾਰੇ ਨਾਲ ਘੁਲਮਿਲ ਗਏ ਹਨ। ਇਨ੍ਹਾਂ ਲੋਕਾਂ ਦੇ ਬਹੁਤ ਸਾਰੇ ਰਿਹਾਇਸ਼ੀ ਘਰ ਵੀ ਹਨ।
ਟਰੰਪ ਅਤੇ ਕਿਮ ਦੀ ਮੁਲਾਕਾਤ ਵਿੱਚ ਦਿਲਚਸਪੀ ਨਹੀਂ ਹੈ
ਕੈਬਨਿਟ ਵਿੱਚ ਭਾਰਤੀ ਮੂਲ ਦੇ ਮੰਤਰੀ ਵੀ ਹਨ ਪਰ ਸਿਆਸਤ ਵਿੱਚ ਉਨ੍ਹਾਂ ਦੀ ਦਿਲਚਸਪੀ ਘੱਟ ਲਗਦੀ ਹੈ। ਇਸ ਲਈ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਸੁਪਰੀਮ ਨੇਤਾ ਕਿਮ ਜੋਂਗ-ਉਨ ਵਿਚਾਲੇ ਹੋਣ ਵਾਲੀ ਇਤਿਹਾਸਕ ਸਿਖ਼ਰ ਵਾਰਤਾ ਪ੍ਰਤੀ ਉਨ੍ਹਾਂ ਨੂੰ ਕੋਈ ਉਤਸ਼ਾਹ ਨਹੀਂ ਹੈ।

ਇੱਕ ਡ੍ਰਾਈਵਰ ਨੇ ਮੈਨੂੰ ਦੱਸਿਆ ਕਿ ਇਸ ਮੁਲਾਕਾਤ ਕਾਰਨ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਕਈ ਸੜਕਾਂ 'ਤੇ ਨਾਕੇਬੰਦੀ ਕੀਤੀ ਗਈ ਹੈ। ਜਿਸ ਕਾਰਨ ਟੈਕਸੀ ਡ੍ਰਾਈਵਰਾਂ ਨੂੰ ਗਾਹਕ ਨਹੀਂ ਮਿਲ ਰਹੇ। ਮੈਨੂੰ ਅਹਿਸਾਸ ਹੋਇਆ ਕਿ ਆਮ ਲੋਕ ਇਸ ਮੁਲਾਕਾਤ ਤੋਂ ਵਧੇਰੇ ਉਤਸ਼ਾਹਿਤ ਨਹੀਂ ਹਨ।
ਦੇਸ ਦਾ ਆਰਥਿਕ ਕੇਂਦਰ 'ਲਿਟਲ ਇੰਡੀਆ' ਤੋਂ ਦਸ ਮਿੰਟ ਦੀ ਦੂਰੀ 'ਤੇ ਹੈ। ਇੱਥੇ ਉੱਚੀਆਂ ਇਮਾਰਤਾਂ ਵਿੱਚ ਦੁਨੀਆਂ ਦੇ ਵੱਡੇ-ਵੱਡੇ ਬੈਂਕਾਂ ਦੇ ਦਫ਼ਤਰ ਹਨ। ਇਹ ਇੱਕ ਸਮੁੰਦਰੀ ਖੇਤਰ ਹੈ ਜਿਸ ਦੇ ਆਲੇ-ਦੁਆਲੇ ਸੈਲਾਨੀਆਂ ਦੀ ਭੀੜ ਰਹਿੰਦੀ ਹੈ।
ਇੱਥੇ ਬੈਠਕ ਲਈ ਮਜ਼ਬੂਤ ਸੁਰੱਖਿਆ ਹੈ। ਕੁਝ ਲੋਕਾਂ ਨਾਲ ਗੱਲ ਕਰਕੇ ਲੱਗਿਆ ਕਿ ਬੈਠਕ 'ਤੇ ਉਨ੍ਹਾਂ ਨੂੰ ਮਾਣ ਹੈ। ਇੱਕ ਨੇ ਕਿਹਾ, " ਇਸ ਨਾਲ ਸਿੰਗਾਪੁਰ ਨੂੰ ਇੱਜ਼ਤ ਮਿਲੇਗੀ।"
'ਸੰਮੇਲਨ ਦੀ ਸਫ਼ਲਤਾ ਦਾ ਸਿਹਰਾ ਸਿੰਗਾਪੁਰ ਸਿਰ ਵੀ'
ਸ਼ਾਇਦ ਇਸੇ ਕਾਰਨ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇ ਇਹ ਮੁਲਾਕਾਤ ਸਫ਼ਲ ਰਹੀ ਤਾਂ ਇਸ ਦਾ ਸਿਹਰਾ ਸਿੰਗਾਪੁਰ ਦੇ ਸਿਰ ਸਜੇਗਾ।

ਸਿੰਗਾਪੁਰ ਵਿੱਚ ਇਸ ਬੈਠਕ ਲਈ ਪ੍ਰਤੀ ਉਤਸ਼ਾਹ ਵਿੱਚ ਕਮੀ ਹੋ ਸਕਦੀ ਹੈ ਪਰ ਇਹ ਮੰਨਣਾ ਹੋਵੇਗਾ ਕਿ ਸਰਕਾਰ ਨੇ ਚੰਗੇ ਪ੍ਰਬੰਧ ਕੀਤੇ ਹਨ।
ਪੁਲਿਸ ਹਰ ਥਾਂ ਮੌਜੂਦ ਹੈ। ਮੀਡੀਆ ਸੈਂਟਰ ਦੇ ਡਾਇਰੈਕਟਰ ਨੇ ਕਿਹਾ ਕਿ ਦੁਨੀਆਂ ਭਰ ਦੇ ਤਕਰੀਬਨ 2500 ਪੱਤਰਕਾਰ ਇਸ ਬੈਠਕ ਨੂੰ ਕਵਰ ਕਰਨ ਲਈ ਆਏ ਹਨ।
ਸਥਾਨਕ ਮੀਡੀਆ ਵਿੱਚ ਇਹ ਸੰਮੇਲਨ ਸੁਰਖੀਆਂ ਵਿੱਚ ਹੈ। ਅਖ਼ਬਾਰ ਪੜ੍ਹੋ ਜਾਂ ਨਿਊਜ਼ ਚੈਨਲ ਦੇਖੋ ਸੰਮੇਲਨ ਨਾਲ ਸਬੰਧਿਤ ਖ਼ਬਰਾਂ ਛਾਈਆਂ ਹੋਈਆਂ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਪੰਜ ਤਾਰਾ ਸ਼ਾਂਗਰੀਲਾ ਹੋਟਲ ਵਿੱਚ ਠਹਿਰੇ ਹੋਏ ਹਨ। ਇਸ ਤੋਂ ਅੱਧੇ ਕਿਲੋਮੀਟਰ ਦੇ ਫ਼ਾਸਲੇ 'ਤੇ ਉੱਤਰੀ ਕੋਰੀਆ ਦੇ ਆਗੂ 5-ਸਟਾਰ ਸੈਂਟ ਰੇਜਿਸ ਹੋਟਲ ਵਿੱਚ ਰੁਕੇ ਹੋਏ ਹਨ।
ਇਤਿਹਾਸਕ ਬੈਠਕ 'ਤੇ ਸੰਸਾਰ ਦੀਆਂ ਨਜ਼ਰਾਂ
12 ਮਈ ਨੂੰ ਸੰਤੋਸਾ ਦੇ ਰਿਜ਼ੋਰਟ ਟਾਪੂ 'ਤੇ ਦੋਵਾਂ ਆਗੂਆਂ ਵਿਚਾਲੇ ਪਹਿਲੀ ਵਾਰ ਮੁਲਾਕਾਤ ਹੋ ਰਹੀ ਹੈ। ਕਿਮ ਜੋਂਗ-ਉਨ ਤਿੰਨ ਪੀੜ੍ਹੀਆਂ ਵਿੱਚੋਂ ਉੱਤਰੀ ਕੋਰੀਆ ਦੇ ਪਹਿਲੇ ਆਗੂ ਹਨ ਜੋ ਅਮਰੀਕਾ ਦੇ ਰਸ਼ਟਰਪਤੀ ਨੂੰ ਮਿਲ ਰਹੇ ਹਨ। ਜੋ ਕੰਮ ਉਨ੍ਹਾਂ ਦੇ ਦਾਦਾ ਅਤੇ ਪਿਤਾ ਨਹੀਂ ਕਰ ਸਕੇ ਉਹ ਕੰਮ ਕਿਮ-ਜੋਂਗ ਉਨ ਕਰ ਰਹੇ ਹਨ।

ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਖੁਦ ਨੂੰ ਪੂਰੀ ਤਰ੍ਹਾਂ ਮਿਜ਼ਾਈਲ ਅਤੇ ਪਰਮਾਣੂ ਮੁਕਤ ਬਣਾਵੇ। ਉੱਤਰੀ ਅਤੇ ਦੱਖਣੀ ਕੋਰੀਆ ਵਿੱਚ 1952 ਵਿੱਚ ਜੰਗਬੰਦੀ ਹੋਈ ਸੀ ਪਰ ਹੁਣ ਤਕ ਕੋਈ ਸ਼ਾਂਤੀ ਸਮਝੌਤਾ ਨਹੀਂ ਹੋ ਸਕਿਆ ਹੈ।
ਇਹ ਸ਼ਾਂਤੀ ਸਮਝੌਤਾ ਦੋਵੇਂ ਆਗੂਆਂ ਵਿਚਾਲੇ ਗੱਲਬਾਤ ਦਾ ਵਿਸ਼ਾ ਤਾਂ ਹੈ ਪਰ ਹੋ ਸਕਦਾ ਹੈ ਕਿ ਇਸ ਮੀਟਿੰਗ ਵਿੱਚ ਸ਼ਾਇਦ ਸਮਝੌਤਾ ਸੰਭਵ ਨਾ ਹੋਵੇ।
ਜੇ ਇਹ ਸੰਮੇਲਨ ਕਾਮਯਾਬ ਰਿਹਾ ਤਾਂ ਇਹ ਉਨਾਂ ਹੀ ਕਾਮਯਾਬ ਹੋਵੇਗਾ ਜਿੰਨਾ ਇਜ਼ਰਾਈਲੀ ਪ੍ਰਧਾਨ ਮੰਤਰੀ ਇਤਜ਼ਾਕ ਰੌਬਿਨ ਅਤੇ ਫ਼ਲਸਤੀਨੀ ਨੇਤਾ ਯਾਸਿਰ ਅਰਾਫ਼ਾਤ ਵਿਚਾਲੇ ਸੰਮੇਲਨ ਕਾਮਯਾਬ ਹੋਇਆ ਸੀ। ਜਿਸ ਦਾ ਪ੍ਰਬੰਧ 1993 ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਦੀ ਨਿਗਰਾਨੀ ਹੇਠ ਹੋਇਆ ਸੀ।












